ਇੱਕ ਦਿਨ ਇੱਕ ਘੋੜੇ ਦਾ ਮਾਲਕ ਉਸ ਲਈ ਹਰਾ ਘਾਹ ਨਾ ਲਿਆ ਸਕਿਆ। ਸੋ ਉਸ ਨੇ ਪਹਿਲੇ ਦਿਨ ਦਾ ਬਚਿਆ ਹੋਇਆ ਸੁੱਕਾ ਘਾਹ ਹੀ ਉਸ ਅੱਗੇ ਰੱਖ ਦਿੱਤਾ। ਪਰ ਘੋੜੇ ਨੂੰ ਤਾਂ ਹਰ ਰੋਜ਼ ਹਰਾ ਘਾਹ ਖਾਣ ਦੀ ਆਦਤ ਪੈ ਚੁੱਕੀ ਸੀ। ਉਹ ਘਾਹ ਦੇਖ ਕੇ ਪਰ੍ਹੇ ਹੋ ਕੇ ਖੜ੍ਹੋ ਗਿਆ। ਮਾਲਕ ਬੜਾ ਦੁਖੀ ਹੋਇਆ, ਉਸ ਨੂੰ ਘੋੜੇ ਦੇ ਭੁੱਖੇ ਢਿੱਡ ਦਾ ਫਿਕਰ ਸੀ। ਉਹ ਸੋਚਣ ਲੱਗਾ- "ਕਦੇ ਹਰੇ ਘਾਹ ਦਾ ਇੰਤਜ਼ਾਮ ਨਹੀਂ ਵੀ ਹੁੰਦਾ- ਤਾਂ ਕੀ ਉਸ ਦਿਨ ਮੇਰਾ ਘੋੜਾ ਭੁੱਖਾ ਹੀ ਰਿਹਾ ਕਰੇਗਾ?" ਉਸ ਨੂੰ ਇੱਕ ਤਰਕੀਬ ਸੁੱਝੀ। ਉਸ ਨੇ ਸ਼ਹਿਰ ਤੋਂ ਘੋੜੇ ਦੇ ਨਾਪ ਦੀਆਂ ਹਰੀਆਂ ਐਨਕਾਂ ਲੈ ਆਂਦੀਆਂ ਤੇ ਘੋੜੇ ਦੇ ਲਾ ਦਿੱਤੀਆਂ। ਹੁਣ ਘੋੜਾ ਉਸੇ ਸੁੱਕੇ ਘਾਹ ਨੂੰ ਖੁਸ਼ੀ ਨਾਲ ਖਾਣ ਲੱਗਾ। ਸੋ ਦੇਖਿਆ ਹਰੀਆਂ ਐਨਕਾਂ ਦਾ ਕਮਾਲ! ਮਾਲਕ ਵੀ ਖੁਸ਼ ਤੇ ਘੋੜਾ ਵੀ!
ਇਹ ਹਰੀਆਂ ਐਨਕਾਂ ਵਾਲਾ ਫਾਰਮੂਲਾ, ਅੱਜਕਲ ਸਿਆਸਤਦਾਨਾਂ ਲਈ ਬੜਾ ਕਾਰਗਰ ਸਿੱਧ ਹੁੰਦਾ ਹੈ। ਚੋਣਾਂ ਵੇਲੇ ਉਹ ਆਪੋ ਆਪਣੇ ਚੋਣ ਮੈਨੀਫੈਸਟੋ ਵਿੱਚ ਨਵੇਂ ਨਵੇਂ ਵਾਅਦੇ ਕਰਕੇ- ਜਨਤਾ ਦੇ ਹਰੀਆਂ ਐਨਕਾਂ ਲਾ ਦਿੰਦੇ ਹਨ। ਉਸ ਘੋੜੇ ਵਰਗੀ ਭੋਲੀ ਭਾਲੀ ਜਨਤਾ ਨੂੰ ਇਹਨਾਂ ਐਨਕਾਂ ਵਿੱਚੋਂ, ਸਾਹਮਣੇ ਦੇਸ਼ ਦੇ ਸੁੰਦਰ ਭਵਿੱਖ ਦੀ ਤਸਵੀਰ ਨਜ਼ਰ ਆਉਣ ਲੱਗ ਜਾਂਦੀ ਹੈ- ਜਿਸ ਵਿੱਚ ਮਹਿੰਗਾਈ ਨੂੰ ਠੱਲ੍ਹ ਪਈ ਹੁੰਦੀ ਹੈ, ਬੇਰੁਜ਼ਗਾਰੀ ਨੱਸੀ ਜਾਂਦੀ ਹੈ, ਟੈਕਸ ਘੱਟ ਰਹੇ ਹੁੰਦੇ ਹਨ, ਗਰੀਬਾਂ ਨੂੰ ਵੀ ਇਨਸਾਫ ਮਿਲਦਾ ਹੈ, ਲਿਆਕਤ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ- ਗੱਲ ਕੀ ਨਵੀਂ ਬਨਣ ਵਾਲੀ ਸਰਕਾਰ- ਲੋਕਾਂ ਦੁਆਰਾ, ਲੋਕਾਂ ਦੀ ਤੇ ਲੋਕਾਂ ਲਈ ਹੀ ਦਿਸਦੀ ਹੈ। ਹਰੇਕ ਪਾਰਟੀ ਇਸ ਫਾਰਮੂਲੇ ਤੇ ਅਮਲ ਕਰਦੀ ਹੈ ਤੇ ਤਰ੍ਹਾਂ ਤਰ੍ਹਾਂ ਦੇ ਵਾਅਦੇ ਤੇ ਪਲੈਨ ਲੋਕਾਂ ਅੱਗੇ ਪਰੋਸੇ ਜਾਂਦੇ ਹਨ। ਜਨਤਾ ਨੂੰ ਸੁੱਕੇ ਵਾਅਦਿਆਂ ਨਾਲ ਖੁਸ਼ ਕਰਕੇ ਵੋਟਾਂ ਲਈਆਂ ਜਾਂਦੀਆਂ ਹਨ ਤੇ ਨਵੀਂ ਸਰਕਾਰ ਬਣ ਜਾਂਦੀ ਹੈ। ਤੇ ਫਿਰ ਮਹਿੰਗਾਈ ਹੋਰ ਵੱਧ ਜਾਂਦੀ ਹੈ- ਕਿਉਂਕਿ ਵਪਾਰੀਆਂ ਨੇ ਦਿੱਤੇ ਹੋਏ ਪਾਰਟੀ ਫੰਡ ਵੀ ਤਾਂ ਜਨਤਾ ਦੇ ਸਿਰੋਂ ਹੀ ਪੂਰੇ ਕਰਨੇ ਹੁੰਦੇ ਹਨ। ਸਰਕਾਰ ਵਿਚਾਰੀ ਕਿਵੇਂ ਰੋਕ ਸਕਦੀ ਹੈ ਇਸ ਮਹਿੰਗਾਈ ਨੂੰ- ਉਸ ਨੇ ਤਾਂ ਸਰਮਾਏਦਾਰਾਂ ਤੋਂ ਇਲੈਕਸ਼ਨ ਵੇਲੇ ਮੋਟੀਆਂ ਰਕਮਾਂ ਲਈਆਂ ਹੁੰਦੀਆਂ ਹਨ। ਪਰ ਵਿਚਾਰੀ ਜਨਤਾ ਨੂੰ ਹਰੀਆਂ ਐਨਕਾਂ ਵਿੱਚੋਂ ਸਭ ਹਰਾ ਹੀ ਨਜ਼ਰ ਆਉਂਦਾ ਹੈ- ਇਹ ਸੁੱਕੇ ਤੇ ਝੂਠੇ ਵਾਅਦੇ ਦਿਸਦੇ ਹੀ ਨਹੀਂ। ਇਹ ਐਨਕਾਂ aੁਦੋਂ ਲੱਥ ਕੇ ਡਿਗਦੀਆਂ ਹਨ- ਜਦੋਂ ਰੋਜ਼ਗਾਰ ਮੰਗਣ ਵਾਲਿਆਂ ਦੇ ਪੁਲਿਸ ਦੀਆਂ ਡਾਂਗਾਂ ਵਰ੍ਹਦੀਆਂ ਹਨ, ਧਰਮ ਦੇ ਨਾਂ ਤੇ ਦੰਗੇ ਕਰਵਾਏ ਜਾਂਦੇ ਹਨ, ਜੁਰਮਾਂ ਦੀ ਗਿਣਤੀ ਪਹਿਲਾਂ ਤੋਂ ਵੀ ਦੁਗਣੀ ਹੋ ਜਾਂਦੀ ਹੈ ਤੇ ਮਹਿੰਗਾਈ ਅਸਮਾਨ ਛੂਹ ਲੈਂਦੀ ਹੈ। ਪਰ ਸਾਨੂੰ ਕੀ- ਸਾਨੂੰ ਤਾਂ ਇਹਨਾਂ ਐਨਕਾਂ ਨੇ ਕੁਰਸੀ ਤੇ ਬਿਠਾ 'ਤਾ, ਹੁਣ ਅਸੀਂ ਪੰਜ ਸਾਲ ਤਾਂ ਇਹਨੂੰ ਘੁੱਟ ਕੇ ਫੜ ਹੀ ਰੱਖਾਂਗੇ। ਜੇ ਸਾਡਾ ਇਹ ਫਾਰਮੂਲਾ ਕੰਮ ਕਰਦਾ ਰਿਹਾ ਤਾਂ ਹੋ ਸਕਦਾ ਹੋਰ ਪੰਜ ਸਾਲ ਵੀ ਕੁਰਸੀ ਹੇਠੋਂ ਨਾ ਖਿਸਕੇ। ਵੈਸੇ ਸਾਡਾ ਪਲੈਨ ਇਹੀ ਹੈ ਕਿ ਜਨਤਾ ਨੂੰ ਨਸ਼ਿਆਂ ਦੇ ਹੜ੍ਹ ਵਿੱਚ ਡੋਬ ਕੇ, ਇੰਨਾਂ ਨਕਾਰਾ ਕਰ ਦੇਈਏ ਕਿ ਉਹ ਇਹਨਾਂ ਐਨਕਾਂ ਨੂੰ ਲਾਹੁਣ ਜੋਗੀ ਵੀ ਨਾ ਰਹੇ। ਸੋ ਅਸੀਂ ਆਪਣੀ ਮਰਜ਼ੀ ਨਾਲ ਪਾਰਟੀ ਦੇ ਸ਼ੀਸ਼ੇ ਬਦਲ ਦਿਆ ਕਰਾਂਗੇ- ਸੁੱਕਾ ਘਾਹ ਨ੍ਹੀ ਨਜ਼ਰ ਆਉਣ ਦਿੰਦੇ।
ਲਓ ਆਪਾਂ ਇੱਕ ਸਾਹਿਤਕਾਰ ਹੁੰਦੇ ਆਂ ਜੀ- ਤੇ ਆਪਾਂ ਤਾਂ ਆਪਣੀ ਸਾਹਿਤ ਸਭਾ ਵੀ ਬਣਾਈ ਹੋਈ ਹੈ। ਸੋ ਅਸੀਂ ਕਿਉਂ ਨਾ ਇਹਨਾਂ ਐਨਕਾਂ ਦਾ ਲਾਭ ਉਠਾਈਏ। ਮੈਂ ਤੈਨੂੰ ਆਪਣਾ ਸਮਝ ਕੇ ਇਹ ਭੇਦ ਦੱਸਣ ਲੱਗਾਂ- ਕਿ ਆਹ ਜਿਹੜਾ ਮੈਂ ਐਤਕੀਂ ਐਨਾ ਵੱਡਾ ਸਮਾਗਮ ਕੀਤਾ- ਤੇ ਇਸ ਵਿੱਚ ਜਿਹੜੇ ਆਹ ਚਾਰ ਜਣੇ ਸਨਮਾਨਿਤ ਕੀਤੇ ਆ- ਇਹਨਾਂ ਦੇ ਮੈਂ ਪਿਛਲੇ ਸਾਲ ਹੀ ਹਰੀਆਂ ਐਨਕਾਂ ਲਾ ਦਿੱਤੀਆਂ ਸੀ। ਮੈਂ ਸਾਲ ਡੇੜ ਪਹਿਲਾਂ ਹੀ ਕਹਿ ਦਿੰਨਾਂ ਹੁੰਨਾ- ਪਈ ਅਗਲੇ ਸਾਲ ਇੱਕ ਵੱਡਾ ਸਮਾਗਮ ਕਰਕੇ ਤੈਂਨੂੰ ਸਨਮਾਨਿਤ ਕਰਨਾ। ਅਗਲਾ ਸਾਲ ਭਰ ਮੇਰੇ ਅੱਗੇ ਪਿੱਛੇ ਫਿਰੂ, ਜਿਹੜੀ ਮਰਜ਼ੀ ਬੁੱਤੀ ਵਗਾਰ ਕਰਾ ਲਵਾਂ- ਅਗਲਾ ਨਾਂਹ ਨ੍ਹੀ ਕਰ ਸਕਦਾ। ਨਾਂਹ ਕਰੂ ਵੀ ਕਿੱਦਾਂ- ਅਗਲੇ ਨੂੰ ਵੀ ਪਤਾ- ਬਈ ਜੇ ਮੈਂ ਨਾਂਹ ਕੀਤੀ ਤਾਂ ਮੈਂਨੂੰ ਛੱਡ, ਕਿਸੇ ਹੋਰ ਦਾ ਸਨਮਾਨ ਕਰ ਦੇਊ- ਸਨਮਾਨ ਕਰਾਉਣ ਵਾਲਿਆਂ ਦਾ ਕੋਈ ਘਾਟਾ ਥੋੜ੍ਹਾ- ਅੱਜਕਲ੍ਹ ਮਾਂ ਬੋਲੀ ਦੀ ਸੇਵਾ ਵਿੱਚ ਤਾਂ ਬਥੇਰੇ ਲੋਕ ਲੱਗੇ ਹੋਏ ਨੇ। ਬਾਕੀ ਸਨਮਾਨ ਵਾਲਿਆਂ ਆਪੇ ਹੀ 'ਕੱਠ ਬਥੇਰਾ ਲੈਣਾ। ਭਾਈ ਜਿਸਦਾ ਸਨਮਾਨ ਹੋਣਾ ਹੋਵੇ ਉਹਨੂੰ ਆਪੇ ਫਿਕਰ ਹੁੰਦਾ ਬਈ ਚਾਰ ਬੰਦੇ ਮੈਂਨੂੰ ਦੇਖਣ ਵੀ। ਇਹੀ ਚਾਰ ਐਨਕਾਂ ਅਗਲੇ ਸਾਲ ਵਾਲਿਆਂ ਦੇ ਵੀ ਹੁਣੇ ਹੀ ਲਾ ਦਿੱਤੀਆਂ- ਉਹ ਵੀ ਖੁਸ਼ ਤੇ ਮੈਂ ਵੀ। ਤੇਰੇ ਨਾਲ ਇਸ ਕਰਕੇ ਦਿੱਲ ਦੀ ਗੱਲ ਕਰ ਲੈਨਾਂ- ਬਈ ਤੂੰ ਕਿਹੜਾ ਅੱਗੇ ਕਿਤੇ ਗੱਲ ਕਰਨੀ ਆਂ!
"ਤੁਸੀਂ ਕੀ ਕਰਦੇ ਹੋ ਜੀ?.. ਹਾਂ ਮੇਰਾ ਮਤਲਬ ਤੁਹਾਡਾ ਕਾਰੋਬਾਰ ਕੀ ਏ?" ਚਲੋ- ਕੁੱਝ ਵੀ ਹੋਵੇ, ਹਰੇਕ ਕਾਰੋਬਾਰ ਵਿੱਚ ਲੋਕਾਂ ਨੂੰ ਬੁੱਧੂ ਬਨਾਉਣ ਵਿੱਚ ਇਹ ਹਰੀਆਂ ਐਨਕਾਂ ਬਹੁਤ ਹੀ ਫਾਇਦੇਮੰਦ ਸਿੱਧ ਹੁੰਦੀਆਂ ਹਨ। ਤੁਹਾਡਾ ਮਕਸਦ ਤਾਂ ਲੋਕਾਂ ਨੂੰ ਆਪਣੇ ਮਗਰ ਲਾਉਣਾ ਹੀ ਹੈ ਨਾ? ਕੀ ਕਹਿੰਦੇ ਹੋ- ਲੋਕ ਹੁਣ ਪੜ੍ਹ ਲਿਖ ਗਏ ਹਨ- ਹੁਣ ਸਿਆਣੇ ਹੋ ਗਏ ਹਨ? ਨਹੀਂ ਜੀ ਨਹੀਂ..ਮੇਰਾ ਤਾਂ ਖਿਆਲ ਹੈ ਕਿ ਅਜੇ ਤੁਹਾਡੇ ਮਗਰ ਲੱਗਣ ਵਾਲਿਆਂ ਦਾ ਕੋਈ ਘਾਟਾ ਨਹੀਂ..ਬੱਸ ਤਰੀਕਾ ਆਉਣਾ ਚਾਹੀਦਾ। ਦੇਖੋ ਇਸ ਤਰ੍ਹਾਂ ਦੇ ਕਾਰੋਬਾਰ ਚਲਾਉਣ ਲਈ ਕੁੱਝ ਏਜੰਟਾਂ ਦੀ ਲੋੜ ਪੈਂਦੀ ਆ। ਕੋਈ ਗੱਲ ਨਹੀਂ- ਕੁੱਝ ਬੰਦੇ ਤਨਖਾਹ ਤੇ ਰੱਖ ਲਵੋ, ਪ੍ਰਚਾਰ ਕਰਨ ਲਈ। ਜੋ ਤੁਹਾਡੇ ਝੂਠ ਨੂੰ ਸੱਚ ਸਾਬਤ ਕਰਨ ਲਈ ਲੋਕਾਂ ਦੇ ਹਰੀਆਂ ਐਨਕਾਂ ਲਾਉਂਦੇ ਰਹਿਣ। ਭਾਈ ਜੇ ਕੁੱਝ ਖਰਚਾ ਕਰਕੇ ਹਜ਼ਾਰਾਂ ਬੰਦੇ ਤੁਹਾਡੇ ਪਿੱਛੇ ਲੱਗ ਜਾਣ- ਤੇ ਲੱਖਾਂ ਦਾ ਹੀ ਨਹੀਂ ਸਗੋਂ ਕਰੋੜਾਂ ਦਾ ਫਾਇਦਾ ਹੋ ਜਾਏ ਤਾਂ ਇਹ ਕੋਈ ਘਾਟੇ ਦਾ ਸੌਦਾ ਨਹੀਂ। ਕੋਈ ਗੱਲ ਨਹੀਂ- ਬਾਅਦ ਵਿੱਚ ਉਹਨਾਂ ਨਾਲ ਹਿੱਸੇਦਾਰੀ ਕਰ ਲੈਣਾ। ਪਰ ਇੱਕ ਹੋਰ ਪਤੇ ਦੀ ਗੱਲ ਦੱਸ ਦਿਆਂ ਕਿ ਇਹ ਏਜੰਟ ਭਰੋਸੇ ਵਾਲੇ ਹੋਣੇ ਚਾਹੀਦੇ ਹਨ ਤੇ ਇਹਨਾਂ ਨੂੰ ਹਰ ਹਾਲਤ ਵਿੱਚ ਹੱਥਾਂ ਵਿੱਚ ਰੱਖਣਾ ਜ਼ਰੂਰੀ ਹੈ। ਜੇ ਕਿਤੇ ਇਹ ਵਿਟਰ ਜਾਣ ਤਾਂ ਇਹ ਤੁਹਾਥੋਂ ਸਿਖਿਆ ਕਾਰੋਬਾਰ, ਆਪਣੇ ਨਾਮ ਤੇ ਵੀ ਚਲਾ ਸਕਦੇ ਹਨ ਤੇ ਤੁਹਾਡੇ ਸ਼ਰੀਕ ਬਣ ਕੇ, ਤੁਹਾਡੇ ਗਾਹਕ ਭੰਨ ਵੀ ਸਕਦੇ ਹਨ। ਇਹਨਾਂ ਲੋਕਾਂ ਨੇ ਹੀ ਤਾਂ, ਤੁਹਾਡੇ ਵਰਗੇ ਕਈਆਂ ਦੀ ਗੁੱਡੀ ਚੜ੍ਹਾਈ ਵੀ ਤੇ ਕਈਆਂ ਦੀ ਡੋਬੀ ਵੀ। ਜਦ ਤੱਕ ਲੋਕ ਸੁਚੇਤ ਨਹੀਂ ਹੁੰਦੇ, ਉਦੋਂ ਤੱਕ ਤੁਸੀਂ, ਇੰਨੀ ਕੁ ਜਾਇਦਾਦ ਜਰੂਰ ਬਣਾ ਲਵੋ ਕਿ ਤੁਹਾਡੀਆਂ ਚਾਰ ਪੰਜ ਪੁਸ਼ਤਾਂ ਆਰਾਮ ਨਾਲ ਬੈਠ ਕੇ ਖਾ ਸਕਣ। ਦੇਖੋ ਜੀ- ਅਗਲਾ ਸਫਰ ਤਾਂ ਇਕੱਲਿਆਂ ਹੀ ਕਰਨਾ ਪੈਣਾ- ਇਸ ਜੱਗ 'ਚ ਤਾਂ ਕੋਈ ਖੱਟੀ ਕਮਾਈ ਕਰ ਲਓ। ਨਾਲੇ ਜਦੋਂ ਰੱਬ ਨੂੰ ਜਾ ਕੇ ਦੱਸਿਆ ਕਿ ਇੰਨੀ ਲੋਕਾਈ ਮੇਰੇ ਪਿੱਛੇ ਹੈ ਤਾਂ ਖੌਰੇ ਉਹ ਵੀ ਡਰਦਾ ਹਿਸਾਬ ਕਿਤਾਬ ਨਾ ਹੀ ਪੁੱਛੇ!
ਕੀ ਕਿਹਾ..? ਤੁਸੀਂ ਇੱਕ ਕਲਾਕਾਰ ਹੋ? ਲਓ- ਤੇ ਤੁਹਾਡੇ ਤਾਂ ਇਹ ਬੜੇ ਹੀ ਕੰਮ ਦੀ ਚੀਜ਼ ਹੈ ਜੀ। ਲੋਕਾਂ ਦੇ ਪੰਜਾਬੀ ਸਭਿਆਚਾਰ ਦੀਆਂ ਹਰੀਆਂ ਐਨਕਾਂ ਲਾ ਦਿਓ- ਤੇ ਜੋ ਮਰਜ਼ੀ ਗਾਈ ਵਜਾਈ ਜਾਓ। ਜਿੰਨੇ ਮਰਜ਼ੀ ਲੱਚਰ ਗਾਣੇ ਗਾਓ...ਲੋਕਾਂ ਨੂੰ ਤਾਂ ਸਭਿਆਚਾਰ ਹੀ ਦਿਸਣਾ। ਜੋ ਤੁਹਾਡਾ ਦਿੱਲ ਕਰਦਾ ਇਹਨਾਂ ਦੇ ਅੱਗੇ ਪਰੋਸ ਦਿਓ- ਬੱਸ ਸਭਿਆਚਾਰ ਦਾ ਨਾਮ ਬਾਰ ਬਾਰ ਲੈਣਾ ਨਾ ਭੁੱਲਣਾ। ਕਦੇ ਹੀਰ, ਸੱਸੀ ਜਾਂ ਮਿਰਜ਼ੇ ਦੀ ਹੇਕ ਵੀ ਲਾ ਦੇਣਾ। ਦੇਖਣਾ, ਕਿਵੇਂ ਇਹ ਲੋਕ ਤੁਹਾਡੇ ਦੀਵਾਨੇ ਬਣਕੇ ਤੁਹਾਡੇ ਅੱਗੇ ਮਾਇਆ ਦੇ ਢੇਰ ਲਾਉਂਦੇ ਨੇ। ਹੈ ਨਾ ਐਨਕਾਂ ਦਾ ਕਮਾਲ!
"ਪਰ ਜੀ ਮੈਂ ਤਾਂ ਇੱਕ ਸਿੱਧਾ ਸਾਧਾ ਬੰਦਾ ਹਾਂ- ਅਰਾਮ ਨਾਲ ਜ਼ਿੰਦਗੀ ਕੱਟ ਰਿਹਾ ਹਾਂ।" ਲਓ ਇਹ ਵੀ ਕੋਈ ਗੱਲ ਹੋਈ ਭਲਾ- ਤੁਹਾਨੂੰ ਤਾਂ ਜੀ ਜ਼ਿੰਦਗੀ ਜੀਉਣ ਦਾ ਢੰਗ ਹੀ ਨਹੀਂ ਆਉਂਦਾ। ਤੁਸੀਂ ਸਾਡੇ ਗੁਰੂ ਜੀ ਕੋਲ ਆਓ- ਉਹ ਤੁਹਾਨੂੰ "ਜੀਉਣ ਦਾ ਢੰਗ" ਸਿਖਾਉਣਗੇ। ਉਹਨਾਂ ਪਾਸ ਵੀ ਇੱਕ ਐਨਕਾਂ ਹਨ- ਜਿਸ ਵਿੱਚੋਂ ਦੁਨੀਆਂ ਤੁਹਾਨੂੰ ਰੰਗੀਨ ਜਾਪੇਗੀ। ਕੀ ਪੁੱਛਦੇ ਹੋ- ਫੀਸ ਕਿੰਨੀ ਹੈ ਇਸ ਕੋਰਸ ਦੀ? ਫਰੀ ਐਂਟਰੀ ਹੈ ਜੀ। ਵੈਸੇ ਜਿਸ ਹਾਲ ਵਿੱਚ ਇਹ ਕੋਰਸ ਕਰਾਇਆ ਜਾਂਦਾ ਹੈ- ਉਸ ਦਾ ਕਿਰਾਇਆ ਆਪੇ ਸ਼ਰਧਾਵਾਨ ਰਲ ਕੇ ਦੇ ਦਿੰਦੇ ਹਨ। ਪਰ ਗੁਰੂ ਜੀ ਸਿਖਾਣ ਦਾ ਕੋਈ ਪੈਸਾ ਨਹੀਂ ਲੈਂਦੇ। ਵੈਸੇ ਜੇ ਕੋਈ ਖੁਸ਼ੀ ਨਾਲ ਪ੍ਰੇਮ ਭੇਟਾ ਦੇਵੇ ਤਾਂ ਗੁਰੂ ਜੀ ਨਾਂਹ ਵੀ ਨਹੀਂ ਕਰਦੇ।
"ਹਾਂ- ਤੇ ਤੁਸੀਂ ਕੀ ਕਹਿ ਰਹੇ ਸੀ- ਕਿ ਤੁਸੀਂ ਧਾਰਮਿਕ ਖਿਆਲਾਂ ਦੇ ਮਾਲਕ ਹੋ ਤੇ ਸਿਮਰਨ ਬੰਦਗੀ ਕਰਨ ਵਾਲੇ ਹੋ?" ਤੇ ਕੋਈ ਗੱਲ ਨਹੀਂ- ਤੁਹਾਡੇ ਲਈ, ਸਾਡੇ ਕੋਲ ਧਾਰਮਿਕ ਆਗੂ ਵੀ ਬਥੇਰੇ ਹਨ। ਤੁਸੀਂ ਸਾਡੇ ਬਾਬਾ ਕਿਰਪਾ ਜੀ ਕੋਲ ਆਓ- ਉਹ ਤੁਹਾਨੂੰ ਧਰਮ ਦੀਆਂ ਹਰੀਆਂ ਐਨਕਾਂ ਲਾ ਦੇਣਗੇ- ਜਿਸ ਵਿੱਚੋਂ ਮੁਕਤੀ ਦਾ ਦੁਆਰ ਸਾਫ਼ ਨਜ਼ਰ ਆਏਗਾ। ਤੁਸੀਂ ਤਾਂ ਐਵੇਂ ਹੀ ਜਮਦੂਤਾਂ ਤੋਂ ਡਰੀ ਜਾਂਦੇ ਹੋ- ਸਾਡੇ ਬਾਬਾ ਜੀ ਆਪ ਤੁਹਾਨੂੰ ਉਂਗਲ ਲਾ ਕੇ ਲਿਜਾਣਗੇ ਤੇ ਬੈਕੁੰਡ ਵਿੱਚ ਬਿਠਾ ਕੇ ਆਉਣਗੇ। ਤੁਸੀਂ ਕਿਤੇ ਆ ਕੇ ਦੇਖੋ ਤਾਂ ਸਹੀ- ਬਾਬਾ ਜੀ ਦੇ ਸਮਾਗਮਾਂ ਵਿੱਚ ਤਾਂ ਤਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਹੁੰਦੀ। ਉਹਨਾਂ ਦੇ ਅਸ਼ੀਰਵਾਦ ਲੈਣ ਲਈ ਤਾਂ ਸਾਡੇ ਲੀਡਰ ਵੀ ਤਰਸਦੇ ਰਹਿੰਦੇ ਆ। ਹਰ ਰੋਜ਼ ਉਹਨਾਂ ਦੀ ਰੱਬ ਨਾਲ ਸਿੱਧੀ ਮੁਲਾਕਾਤ ਹੁੰਦੀ ਆ- ਇਸੇ ਕਰਕੇ ਰਾਤ ਨੂੰ ਉਹਨਾਂ ਦੀ ਕੁਟੀਆ ਦੇ ਅੰਦਰ ਤਾਂ ਕੀ- ਕੋਲ ਜਾਣ ਦੀ ਵੀ ਕਿਸੇ ਨੂੰ ਇਜ਼ਾਜਤ ਨਹੀਂ ਹੁੰਦੀ।
ਕੀ ਕਹਿੰਦੇ ਹੋ..? ਤੁਸੀਂ ਕਿਸੇ ਕੋਲ ਨਹੀਂ ਜਾਣਾ? ਕੋਈ ਗੱਲ ਨਹੀਂ- ਸਾਡੇ ਕੋਲ ਹੋਮ ਡਲਿਵਰੀ ਦਾ ਵੀ ਪ੍ਰਬੰਧ ਹੈ। ਸਾਡੇ ਬੰਦੇ ਤੁਹਾਡੇ ਘਰ ਬੈਠਿਆਂ ਦੇ ਵੀ ਹਰੀਆਂ ਐਨਕਾਂ ਲਾ ਸਕਦੇ ਆ- ਤਾਂ ਕਿ ਤੁਹਾਨੂੰ ਬਾਹਰ ਦੀ ਦੁਨੀਆਂ ਵਿੱਚ ਹੋ ਰਹੇ ਗਲਤ ਕੰਮ ਡਿਸਟਰਬ ਨਾ ਕਰਨ- ਤੇ ਨਾ ਹੀ ਤੁਹਾਨੂੰ ਇਹਨਾਂ ਬਾਰੇ ਰੌਲ਼ਾ ਪਾਉਣ ਦੀ ਖੇਚਲ ਕਰਨੀ ਪਵੇ। ਤੁਹਾਨੂੰ ਇਹਨਾਂ ਐਨਕਾਂ ਵਿੱਚੋਂ 'ਸਭ ਅੱਛਾ' ਹੀ ਦਿਸੇਗਾ ਤੇ ਤੁਸੀਂ ਸ਼ਾਂਤ ਅਵਸਥਾ ਵਿੱਚ ਚਲੇ ਜਾਓਗੇ।
ਅੱਜ ਹੀ ਆਰਡਰ ਬੁੱਕ ਕਰਾਓ- ਬੜੇ ਕੰਮ ਦੀ ਚੀਜ਼ ਨੇ- ਇਹ ਸਰਵ ਕਲਾ ਸਮਰੱਥ ਹਰੀਆਂ ਐਨਕਾਂ!