ਅਖਬਾਰ ਵਿੱਚ ਦਸ ਸਿਰਾਂ ਵਾਲੇ ਰਾਵਣ ਦੀ ਫੋਟੋ ਦੇਖ ਕੇ ਬੱਚੇ ਨੇ ਪਿਤਾ ਨੂੰ ਪੁੱਛਿਆ,"ਪਾਪਾ,ਦਸ ਸਿਰਾਂ ਵਾਲੇ ਰਾਵਣ ਹੁਣ ਕਿਉਂ ਨੀ ਪੈਦਾ ਹੁੰਦੇ?"
"ਹੁੰਦੇ ਐ ਬੇਟੇ,ਤੈਨੂੰ ਕਿਸ ਨੇ ਕਿਹਾ ਹੁਣ ਰਾਵਣ ਪੈਦਾ ਨੀ ਹੁੰਦੇ?"ਪਿਤਾ ਨੇ ਪੁੱਤਰ ਨੂੰ ਫਿਰ ਸਵਾਲ ਕਰ ਦਿੱਤਾ।
"ਪਰ ਪਾਪਾ,ਕਿਤੇ ਦੇਖੇ ਤਾਂ ਹੈਨੀ।"ਪੁੱਤਰ ਨੇ ਫਿਰ ਸਵਾਲ ਕੀਤਾ।
"ਬੇਟੇ,ਇਹ ਵੋਟਾਂ ਲੈ ਕੈ ਰਾਜਧਾਨੀ ਚਲੇ ਜਾਂਦੇ ਨੇ।ਫਿਰ ਇਨ੍ਹਾਂ ਉੱਥੇ ਹੀ ਪੰਜ ਸਾਲ ਰਾਵਣ ਲੀਲ੍ਹਾ ਖੇਡਣੀ ਹੁੰਦੀ ਐ।ਇਸ ਲਈ ਆਪਾਂ ਨੂੰ ਪਿੰਡਾਂ'ਚ ਦਿਖਾਈ ਨੀ ਦਿੰਦੇ।"
"ਪਰ ਪਾਪਾ ਜੀ,ਵੋਟਾਂ ਵੇਲੇ ਵੀ ਇਨ੍ਹਾਂ ਦੇ ਦਸ ਸਿਰ ਨਹੀਂ,ਸਗੋਂ ਇੱਕ ਈ ਹੁੰਦਾ ਐ?" ਬੇਟੇ ਨੇ ਫਿਰ ਸਵਾਲ ਦਾਗ ਦਿੱਤਾ।
"ਬੇਟੇ,ਉਦੋਂ ਇਹ ਰਾਮ ਜੀ ਦਾ ਸਿਰ ਲਾ ਕੇ ਆਉਂਦੇ ਨੇ।"