ਮੇਰੇ ਵਿਹੜੇ ਆਈਆਂ ਰੁੱਤਾਂ ਸੋਗ ਦੀਆਂ ।
ਪੋਣਾਂ ਨੇ ਗਰਮਾਈਆਂ ਰੁੱਤਾਂ ਸੋਗ ਦੀਆਂ । ।

ਯਾਦਾਂ ਦਾ ਸਮੁੰਦਰ ਸ਼ੋਰ ਮਚਾਉਂਦਾ ਹੈ ।
ਛੱਲਾਂ ਨੇ ਤ੍ਰਿਹਾਈਆਂ ਰੁੱਤਾਂ ਸੋਗ ਦੀਆਂ । ।

ਫੁੱਲ,ਕਲੀਆਂ ਤੋਂ ਅੱਕ ਧਤੂਰਾ ਪੀ ਬੈਠਾ ।
ਪੱਲੇ ਨੇ ਰੁਸਬਾਈਆਂ ਰੁੱਤਾਂ ਸੋਗ ਦੀਆਂ । ।

ਯਾਦ ਤੇਰੀ ਦਾ ਸੱਲ ਕਲਾਵੇ ਭਰਦਾ ਹੈ । 
ਕਿਥੋਂ ਯਾਰੋ ਆਈਆਂ ਰੁੱਤਾਂ ਸੋਗ ਦੀਆਂ । ।

ਜਿੰਦੜੀ ਝੱਲੀ ਹੋਈ ਸੱਧਰਾਂ ਵੈਣ ਕਰਨ ।
ਮੌਤੋ ਵੱਧ ਜੁਦਾਈਆਂ ਰੁੱਤਾਂ ਸੋਗ ਦੀਆਂ । ।

ਪੈੜ ਤੇਰੀ ਨੂੰ ਲੱਭਦੇ,ਅਸੀਂ ਗੁਆਚੇ ਹਾਂ ।
ਲੋਕੋ ਜੱਗ ਹਸਾਈਆਂ ਰੁੱਤਾਂ ਸੋਗ ਦੀਆਂ । ।

ਦੇਖ,ਸੁਰਿੰਦਰ ਸੁੱਖਾਂ ਨੇ ਮੁੱਖ ਮੋੜ ਲਿਆ ।
ਸੱਜਣੋ,ਬੇਪਰਵਾਹੀਆਂ ਰੁੱਤਾਂ ਸੋਗ ਦੀਆਂ । ।