ਬਰਜਿੰਦਰ ਢਿੱਲੋਂ ਦਾ ਕਹਾਣੀ ਸੰਗ੍ਰਹਿ 'ਮੇਰਾ ਟਰੰਕ' ਲੋਕ ਅਰਪਣ (ਖ਼ਬਰਸਾਰ)


ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਵੈਨਕੂਵਰ ਵੱਲੋਂ, ੧੬ ਅਗਸਤ ਨੂੰ, ਸਟਰਾਬੇਰੀ ਹਿੱਲ ਲਾਇਬ੍ਰੇਰੀ ਸਰ੍ਹੀ ਵਿਖੇ ਪੁਸਤਕ ਰੀਲੀਜ਼ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਲੋਅਰ ਮੇਨ ਲੈਂਡ ਦੀ ਨਾਮਵਰ ਲੇਖਕਾ ਸਰਦਾਰਨੀ ਬਰਜਿੰਦਰ ਢਿੱਲੋਂ ਦੇ ਨਵੇਂ ਕਹਾਣੀ ਸੰਗ੍ਰਹਿ 'ਮੇਰਾ ਟਰੰਕ' ਨੂੰ ਲੇਖਕਾਂ ਤੇ ਬੁੱਧੀਜੀਵੀਆਂ ਦੀ ਭਰਵੀਂ ਹਾਜ਼ਰੀ ਵਿਚ ਲੇਖਕਾ ਦੇ ਪਰਿਵਾਰ ਤੇ ਡਾ. ਰਘਬੀਰ ਸਿੰਘ ਸਿਰਜਣਾ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਨਦੀਮ ਪਰਮਾਰ, ਅਤੇ ਨਛੱਤਰ ਸਿੰਗ ਬਰਾੜ ਨੇ ਲੋਕ ਅਰਪਣ ਕੀਤਾ। 
  ਸਟੇਜ ਦੀ ਕਾਰਵਾਈ ਸ਼ਾਇਰ ਮੋਹਨ ਗਿੱਲ ਨੇ ਸੰਭਾਲੀ ਅਤੇ ਆਏ ਸਰੋਤਿਆਂ ਦੇ ਧੰਨਵਾਦ ਮਗਰੋਂ ਆਪਣੇ ਵੱਲੋਂ ਸਰਦਾਰਨੀ ਬਰਜਿੰਦਰ ਕੌਰ ਢਿੱਲੋਂ ਦੀ ਸ਼ਖਸੀਅਤ, ਉਸ ਦੀ ਲੇਖਣੀ ਤੇ ਉਸ ਦੀਆਂ ਛਪੀਆਂ ਪੰਜ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਫਿਰ ਪੁਸਤਕ ਉਪਰ ਵਿਚਾਰ ਚਰਚਾ ਦਾ ਅਰੰਭ ਕਰਨ ਲਈ ਇੰਦਰਜੀਤ ਕੌਰ ਸਿੱਧੂ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਸ੍ਰੀਮਤੀ ਸਿੱਧੂ ਨੇ ਆਪਣੇ ਪਰਚੇ ਵਿਚ ਢਿੱਲੋਂ ਦੇ ਪਹਿਲੇ ਕਹਾਣੀ ਸੰਗ੍ਰਹਿ 'ਸਰਦਾਰਨੀ' ਦੀਆਂ ਕਹਾਣੀਆਂ ਦੇ ਪਿਛੋਕੜ ਦੀ ਗੱਲ ਕਰਨ ਦੇ ਨਾਲ ਨਾਲ ਹੱਥਲੇ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਵਿਚਲੀ ਬੋਲੀ ਦੀ ਸਾਦਗੀ ਤੇ ਕਹਾਣੀਆਂ ਦੇ ਵਿਸ਼ੇ ਬਾਰੇ ਵੀ ਗੱਲ ਕੀਤੀ। 
  ਅੰਗ੍ਰੇਜ਼ੀ ਦੇ ਨਾਮਵਰ ਕਵੀ ਤੇ ਰਾਈਟਰਜ਼ ਇੰਟਰਨੈਸ਼ਨਲ ਨੈਟਵਰਕ (ਵਿਨ) ਦੇ ਪ੍ਰਧਾਨ ਸ੍ਰੀ ਅਸ਼ੋਕ ਭਾਰਗਵ ਨੇ ਸ੍ਰੀਮਤੀ ਢਿੱਲੋਂ ਦੀ ਅੰਗ੍ਰੇਜ਼ੀ ਵਿਚ ਲਿਖੀ ਗਈ ਪੁਸਤਕ 'ਡਸਕ ਟੂ ਡਾਨ' ਬਾਰੇ ਦੱਸਿਆ ਕਿ ਪੰਜਾਬ ਦੇ ਬਟਵਾਰੇ ਨਾਲ ਸਬੰਧਤ ਇਹ ਅਜੇਹੀ ਵਹਿਸ਼ਤ ਦੀ ਦਸਤਾਵੇਜ਼ ਹੈ, ਜਿਸ ਨੂੰ ਪੜ੍ਹਦਿਆਂ ਉਹ ਕਈ ਵਾਰ ਰੋਏ ਸਨ। ਉਸ ਪੁਸਤਕ ਦੀ ਸਾਰਥਿਕਤਾ ਨੂੰ ਮੁਖ ਰੱਖਦਿਆਂ ਹੀ ਵਿਨ ਸੰਸਥਾ ਵੱਲੋਂ ਪਿਛਲੇ ਸਾਲ ਬਰਜਿੰਦਰ ਢਿੱਲੋਂ ਨੂੰ ਸਨਮਾਨਤ ਕੀਤਾ ਗਿਆ ਸੀ। ਮੋਹਨ ਗਿੱਲ ਨੇ ਦੱਸਿਆ ਕਿ 'ਡਸਕ ਟੂ ਡਾਨ' ਸ੍ਰੀਮਤੀ ਢਿੱਲੋਂ ਦੀ ਪੁਸਤਕ 'ਦਹਿਸ਼ਤ ੧੯੪੭' ਦਾ ਸਰਲ ਅਨੁਵਾਦ ਨਹੀਂ ਸਗੋਂ ਇਸ ਨੂੰ ਇਹਨਾਂ ਨੇ ਵੱਖਰੇ ਰੂਪ ਵਿਚ ਅੰਗ੍ਰੇਜ਼ੀ ਵਿਚ ਲਿਖਿਆ ਹੈ।
  ਗ਼ਜ਼ਲਗੋ ਰਾਜਵੰਤ ਸਿੰਘ ਬਾਗੜੀ ਨੇ ਆਪਣੇ ਪਰਚੇ ਵਿਚ 'ਮੇਰਾ ਟਰੰਕ' ਦੀ ਹਰ ਕਹਾਣੀ ਦਾ ਵਿਸ਼ਲੇਸ਼ਣ ਕੀਤਾ ਤੇ ਢੁੱਕਵੇਂ ਥਾਵਾਂ ਉਪਰ ਸ਼ਿਅਰ ਬੋਲ ਕੇ ਪਰਚੇ ਨੂੰ ਕਾਵਿਮਈ ਬਣਾ ਦਿੱਤਾ। ਨਾਵਲਕਾਰ ਨਛਤਰ ਸਿੰਘ ਬਰਾੜ ਨੇ ਆਪਣੇ ਪਰਚੇ ਵਿਚ ਜਿੱਥੇ 'ਮੇਰਾ ਟਰੰਕ' ਦੀਆਂ ਕਹਾਣੀਆਂ ਦੀ ਪੁਣ ਛਾਣ ਕੀਤੀ ਉਥੇ ਕਹਾਣੀ ਦੀ ਬਣਤਰ, ਬੁਣਤਰ ਤੇ ਕਹਾਣੀ ਦੇ ਰੂਪ ਬਾਰੇ ਵੀ ਗੱਲ ਕੀਤੀ। ਸਰ੍ਹੀ ਨਿਊਟਨ ਦੀ ਮੈਂਬਰ ਪਾਰਲੀਮਿੰਟ ਮੈਂਬਰ ਜਿੰਨੀ ਸਿਮਜ਼ ਨੇ ਹਰ ਮਾਂ ਦੇ ਟਰੰਕ ਨਾਲ ਜੁੜੀਆਂ ਅਤੀਤ ਦੀਆਂ ਯਾਦਾਂ ਨੂੰ ਬਿਆਨਦਿਆਂ ਆਪਣੀ ਮਾਂ ਦੇ ਟਰੰਕ ਬਾਰੇ ਵੀ ਦੱਸਿਆ ਕਿ ਉਸ ਨੇ ਕਿਵੇਂ ਉਹਦੇ ਜਨਮ ਸਮੇਂ ਦਾ ਪਹਿਲਾ ਫਰਾਕ ਸੰਭਾਲ ਕੇ ਰੱਖਿਆ ਹੋਇਆ ਸੀ। ਨਦੀਮ ਪਰਮਾਰ ਨੇ ਢਿੱਲੋਂ ਦੀ ਪੁਸਤਕ 'ਦਹਿਸ਼ਤ ੧੯੪੭' ਇਕ ਦੋਵਰਕੀ ਲੇਖ ਤੋਂ ਦੋ ਸੌ ਸਫੇ ਦੀ ਪੁਸਤਕ ਬਣਾਉਣ ਵਿਚ ਕਿਵੇਂ ਯੋਗਦਾਨ ਪਾਇਆ ਬਾਰੇ ਜਾਣਕਾਰੀ ਦਿੱਤੀ। ਹਿੰਦ ਕੇਸਰੀ ਪਹਿਲਵਾਨ ਸੁਖਵੰਤ ਸਿੰਘ ਸਿੱਧੂ ਨੇ ਪੁਸਤਕ ਰੀਲੀਜ਼ ਦੀ ਵਧਾਈ ਦੇ ਨਾਲ ਇਸ ਪਰਿਵਾਰ ਨਾਲ ਨੇੜਲੇ ਸਬੰਧਾਂ ਦੀ ਗੱਲ ਕੀਤੀ। ਅਮਰੀਕ ਪਲਾਹੀ ਨੇ ਬਰਜਿੰਦਰ ਦੀਆਂ ਕਹਾਣੀਆਂ ਵਿਚ ਯਥਾਰਥਿਕ ਪਹੁੰਚ ਬਾਰੇ ਗੱਲ ਕਰਨ ਦੇ ਨਾਲ ਢਿੱਲੋਂ ਦੰਪਤੀ ਦੀ ਆਦਰਸ਼ ਜੋੜੀ ਦੀ ਦਿੱਖ ਤੇ ਉਹਨਾਂ ਦੇ ਮਿਲਵਰਤਨ ਵਾਲੇ ਸੁਭਾਅ ਬਾਰੇ ਵੀ ਗੱਲ ਕੀਤੀ। ਜੁਗਿੰਦਰ ਸ਼ਮਸ਼ੇਰ ਨੇ ਬਰਜਿੰਦਰ ਦੀਆਂ ਕਹਾਣੀਆਂ ਵਿਚ ਬੋਲੀ ਦੀ ਸਰਲਤਾ ਬਾਰੇ ਦੱਸਿਆ। ਪ੍ਰੋ. ਕਰਮਜੀਤ ਸਿੰਘ ਗਿੱਲ ਨੇ ਕੇਨੇਡਾ ਦੇ ਸਮੁੱਚੇ ਪੰਜਾਬੀ ਲੇਖਕਾਂ ਦੀ ਰਚਨਾ ਪ੍ਰਕਿਰਿਆ ਬਾਰੇ ਗੱਲ ਕੀਤੀ। ਹਰਚੰਦ ਸਿੰਘ ਬਾਗੜੀ ਨੇ ਬਰਜਿੰਦਰ ਜੀ ਦੇ ਸੁਭਾਅ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੇ ਉਸ ਨੂੰ ਕੰਪਿਊਟਰ ਉਪਰ ਪੰਜਾਬੀ ਲਿਖਣੀ ਸਖਾਈ। ਗੁਰਚਰਨ ਟੱਲੇਵਾਲੀਆ ਨੇ ਜਿੱਥੇ ਪੁਸਤਕ ਦੀਆਂ ਕਹਾਣੀਆਂ ਦੀ ਸ਼ਲਾਘਾ ਕੀਤੀ ਉੱਥੇ ਟਰੰਕ ਤੇ ਪੇਟੀ ਦੇ ਫਰਕ ਬਾਰੇ ਵੀ ਪੁੱਛਿਆ। ਬਰਜਿੰਦਰ ਢਿੱਲੋਂ ਦੇ ਅਰਧੰਗੀ, ਨਾਮਵਰ ਟਾਊਨ ਪਲੈਨਰ, ਸ. ਜਗਦੇਵ  ਸਿੰਘ ਢਿੱਲੋਂ ਨੇ ਆਪਣੇ ਸ਼ੁਗਲੀ ਸੁਭਾਅ ਰਾਹੀਂ ਬਰਜਿੰਦਰ ਜੀ ਦੇ ਸੁਭਾਅ ਦੀ ਤਾਰੀਫ ਕੀਤੀ ਤੇ ਉਹਨਾਂ ਦੀ ਦਿਨ ਚਰਿਆ ਤੇ ਲੇਖਣ ਪ੍ਰਕਿਰਿਆ ਬਾਰੇ ਦੱਸਿਆ। 
   ਬਰਜਿੰਦਰ ਢਿੱਲੋਂ ਦੀ ਕਹਾਣੀ 'ਸਰਦਾਰਨੀ' ਦੀ ਪਾਤਰ ਸਰਦਾਰਨੀ ਦੇ ਪੁੱਤਰ ਦੇਵਦਰਸ਼ਨ ਸਿੰਘ ਅਤੇ ਹਰਿਦਰਸ਼ਨ  ਸਿੰਘ ਸਪੈਸ਼ਲ ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਵਿਕਰਟੋਰੀਆ ਤੋਂ ਆਏ ਅਤੇ ਆਪਣੀ ਮਾਸੀ ਨੂੰ ਨਵੇਂ ਕਹਾਣੀ ਸੰਗ੍ਰਹਿ ਛਪਣ ਦੀ ਵਧਾਈ ਦਿੱਤੀ।  'ਮੇਰਾ ਟਰੰਕ' ਪੁਸਤਕ ਦੀ ਵਧਾਈ ਦੇਣ ਵਾਲਿਆਂ ਵਿਚ ਅੰਗ੍ਰੇਜ਼ੀ ਦੀ ਕਵਿੱਤਰੀ ਸ਼ੇਰੀ ਦੁੱਗਲ, ਹਿੰਦੀ ਲੇਖਕਾ ਤੇ ਟੀਵੀ ਹੋਸਟ ਅਰਚਨਾ, ਸੁਰਜੀਤ ਕਲਸੀ, ਸੁਰਿੰਦਰ ਸਹੋਤਾ, ਨਿਰਮਲ ਗਿੱਲ, ਅਮਰਜੀਤ ਕੌਰ ਸ਼ਾਂਤ, ਦਵਿੰਦਰ ਕੌਰ ਜੌਹਲ, ਅਮ੍ਰੀਕ ਸਿੰਘ ਲੇਹਲ, ਸ਼ਾਹਗੀਰ ਗਿੱਲ, ਨਰਿੰਦਰ ਬਾਹੀਆ, ਕਰਨਲ ਹਰਜੀਤ ਬਸੀ ਤੇ ਕਈ ਹੋਰ ਨਾਮਵਰ ਸਾਹਿਤਕ ਸ਼ਖਸੀਅਤਾਂ ਵੀ ਸ਼ਾਮਲ ਸਨ। 
  

ਸਮਾਰੋਹ ਵਿਚ ਮਨੋਰੰਜਨ ਦਾ ਰੰਗ ਭਰਨ ਲਈ ਰੁਪਿੰਦਰ ਰੂਪੀ ਨੇ ਆਪਣੀ ਮਧੁਰ ਅਵਾਜ਼ ਵਿਚ ਇਕ ਗੀਤ ਗਾਇਆ ਅਤੇ ਪਾਲ ਬਿਲਗਾ ਨੇ ਸੰਤ ਰਾਮ ਉਦਾਸੀ ਦੀ ਕਵਿਤਾ ਸੁਣਾਈ।
  'ਮੇਰਾ ਟਰੰਕ' ਦੀ ਲੇਖਕਾ, ਬਰਜਿੰਦਰ ਢਿੱਲੋਂ ਨੇ ਹਾਲ ਦੀਆਂ ਸਾਰੀਆਂ ਕੁਰਸੀਆਂ ਤੋਂ ਵੀ ਵੱਧ ਹਾਜ਼ਰ ਹੋਏ ਸਰੋਤਿਆਂ ਦਾ ਆ ਕੇ ਉਹਦਾ ਹੌਸਲਾ ਵਧਾਉਣ ਲਈ ਧੰਨਵਾਦ ਕੀਤਾ, ਫਿਰ ਸਾਰੇ ਬੁਲਾਰਿਆਂ ਵੱਲੋਂ 'ਮੇਰਾ ਟਰੰਕ' 'ਤੇ ਵਿਚਾਰ ਚਰਚਾ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ ਤੇ ਮੇਰਾ ਟਰੰਕ ਦੇ ਪਿਛੋਕੜ ਬਾਰੇ ਗੱਲ ਕਰਨ ਦੇ ਨਾਲ ਨਾਲ ਆਪਣੀਆਂ ਕੁਝ ਕਹਾਣੀਆਂ ਦੇ ਪਿਛੋਕੜ ਬਾਰੇ ਵੀ ਦੱਸਿਆ। ਉਹਨਾਂ ਆਪਣੀ ਜ਼ਿੰਦਗੀ ਦੇ ਕਈ ਅਨੁਭਵ ਵੀ ਸਰੋਤਿਆਂ ਨਾਲ ਸਾਂਝੇ ਕੀਤੇ। 
  ਜਰਨੈਲ ਸਿੰਘ ਸੇਖਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਰਾਹੀਂ ਆਪਣੀ ਪੁਸਤਕ ਰੀਲੀਜ਼ ਕਰਵਾਉਣ ਲਈ ਬਰਜਿੰਦਰ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਫਿਰ ਪੁਸਤਕ ਦੀਆਂ ਕਹਾਣੀਆਂ 'ਤੇ ਚਰਚਾ ਕਰਦਿਆਂ ਲੇਖਕਾ ਦੇ ਸਫਰੀ ਅਨੁਭਵ ਦੀਆਂ ਕਹਾਣੀਆਂ ਅਤੇ ਬੱਚਿਆਂ ਲਈ ਲਿਖੀਆਂ ਗਈਆਂ ਕਹਾਣੀਆਂ ਦੀ ਬਹੁਤ ਤਾਰੀਫ ਕੀਤੀ ਅਤੇ ਇਹ ਸੁਝਾ ਵੀ ਦਿੱਤਾ ਕਿ ਉਹ ਆਪਣੇ ਪਤੀ ਨਾਲ ਅਨੇਕ ਦੇਸ਼ਾਂ ਦੇ ਦੌਰਿਆਂ ਸਮੇਂ ਉਹਨਾਂ ਦੇ ਨਾਲ ਗਏ ਹਨ। ਉਥੋਂ ਮਿਲੇ ਅਨੁਭਵ ਦੇ ਅਧਾਰ 'ਤੇ ਵੱਧ ਤੋਂ ਵਧ ਕਹਾਣੀਆਂ ਲਿਖਣੀਆਂ ਚਾਹੀਦੀਆਂ ਹਨ। ਕੈਨੇਡਾ ਵਿਚ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਦੀ ਬਹੁਤ ਘਾਟ ਹੈ। ਲੇਖਕਾ ਕੋਲ ਕੈਨੇਡੀਅਨ ਬੱਚਿਆਂ ਵਿਚ ਵਿਚਰਨ ਤੇ ਪੜ੍ਹਾਉਣ ਦਾ ਪੰਜਾਹ ਸਾਲ ਦਾ ਤਜਰਬਾ ਹੈ। ਇਸ ਤਜਰਬੇ ਨੂੰ ਅਧਾਰ ਬਣਾ ਕੇ ਲੇਖਕਾ ਨੂੰ ਕੈਨੇਡੀਅਨ ਪੰਜਾਬੀ ਬੱਚਿਆਂ ਬਾਰੇ ਵੀ ਲਿਖਣਾ ਚਾਹੀਦਾ ਹੈ। ਅਖੀਰ ਵਿਚ ਪ੍ਰਧਾਨ ਵੱਲੋਂ ਸਟੇਜ ਦੀ ਸੇਵਾ ਨਿਭਾਉਣ ਲਈ ਮੋਹਨ ਗਿੱਲ, ਪੁਸਤਕ ਉਪਰ ਚਰਚਾ ਕਰਨ ਵਾਲੇ ਬੁਲਾਰਿਆਂ ਅਤੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।