ਵਿਚਾਰ ਮੰਚ ਦੀ ਇਕੱਤਰਤਾ 'ਰੱਖੜੀ' ਨੂੰ ਰਹੀ ਸਮਰਪਿਤ (ਖ਼ਬਰਸਾਰ)


ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਜਨਮੇਜਾ ਸਿੰਘ ਜੌਹਲ ਅਤੇ ਪ੍ਰਿੰ: ਇੰਦਰਜੀਤਪਾਲ ਕੌਰ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ 'ਰੱਖੜੀ' ਦੇ ਪਵਿੱਤਰ ਤਿਉਹਾਰ 'ਤੇ ਵਧਾਈ ਦਿੰਦਿਆ ਕਿਹਾ ਕਿ ਮਹਿੰਗਾਈ ਦੇ ਦੌਰ 'ਚ ਰਿਸ਼ਤਿਆਂ ਵਿਚ ਵੱਧ ਰਹੀਆਂ ਤਰੇੜਾਂ ਕਾਰਣ ਹੀ ਦਿਨ-ਬ-ਦਿਨ ਤਿਉਹਾਰਾਂ ਦਾ ਲਾਲ ਸੂਹਾ ਰੰਗ ਫਿੱਕਾ ਪੈਂਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। 
ਸ. ਬਲਕੌਰ ਸਿੰੰਘ ਗਿੱਲ ਨੇ ਨਸ਼ਿਆਂ 'ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਹੁਣ ਤਾਂ ਔਰਤਾਂ ਵੀ ਅੱਧ ਵੰਡਾਉਂਦੀਆਂ ਨੇ।
ਰਚਨਾਵਾਂ ਦੇ ਦੌਰ ਵਿਚ ਮੈਡਮ ਗੁਰਚਰਨ ਕੌਰ ਕੋਚਰ ਨੇ ਗ਼ਜ਼ਲ 'ਕਲਮ ਮੇਰੀ ਦਾ ਕੰਮ ਹੈ ਕੁਝ ਨਾ ਕੁਝ ਬਸ ਬੋਲਦੇ ਰਹਿਣਾ, ਤੇ ਦਸਤਕ ਦੇ ਕੇ ਸਾਰੇ ਬੰਦ ਬੂਹੇ ਖੋਲ੍ਹਦੇ ਰਹਿਣਾ',  ਡਾ. ਪ੍ਰੀਤਮ ਸਿੰਘ ਨੇ 'ਤੈਨੂੰ  ਚਿੰਬੜਿਆਂ ਦੁੱਖ ਹੈ ਕਿਹੜਾ, ਕਦੇ ਨਾ ਮੁੱਖ ਤੇ ਆਇਆ ਖੇੜਾ', ਇੰਜ: ਸੁਰਜਨ ਸਿੰਘ ਨੇ 'ਦਸਤਾਰ ਦੀ ਸ਼ਾਨ', ਦਲਬੀਰ ਕਲੇਰ ਨੇ 'ਸੁਦਾਗਰ ਨਸ਼ਿਆਂ ਦੀ, ਸੁਣਦੀ ਨਾ ਸਰਕਾਰ', ਪ੍ਰਗਟ ਸਿੰਘ ਇਕੋਲਾਹਾ ਅਤੇ ਅਮਰਜੀਤ ਸ਼ੇਰਪੁਰੀ ਨੇ ਰੱਖੜੀ ਦੇ ਤਿਉਹਾਰ 'ਤੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਗੰਢ ਨੂੰ ਹੋਰ ਪੱਕਿਆ ਕੀਤਾ। ਤਰਲੋਚਨ ਝਾਂਡੇ ਨੇ ਤੇਰੇ ਮੇਰੇ ਰਿਸ਼ਤੇ ਦਾ ਕੋਈ ਤਾਂ ਨਾ ਹੋਵੇ', ਰਵਿੰਦਰ ਦੀਵਾਨਾ ਨੇ ਹੀਰ-ਰਾਂਝੇ ਦੀ ਗਾਥਾ ਸੁਣਾਈ। ਜਨਮੇਜਾ ਜੌਹਲ ਨੇ ਰੱਖੜੀ ਦੇ ਤਿਉਹਾਰ 'ਤੇ ਪੱਚਰ ਪੇਸ਼ ਕੀਤੀ। ਪ੍ਰੀਤਮ ਪੰਧੇਰ ਨੇ 'ਆਜ਼ਾਦ ਹਾਂ ਪਰ ਸੋਚ ਦੇ ਅੰਬਰ ਨਹੀਂ ਬਦਲੇ, ਰੂਹ ਵਿਚ ਰਚੀ ਗੁਲਾਮੀ ਦੇ ਅਜੇ ਮੰਜ਼ਰ ਨਹੀਂ ਬਦਲੇ', ਦਲੀਪ ਅਵਧ ਨੇ ਹਿੰਦੀ ਕਵਿਤਾ ਪੇਸ਼ ਕੀਤੀ। ਵੀਨਾ ਮੋਂਗਾ, ਦਿਲਬਾਰ, ਮੋਹਨ ਲਾਲ ਆਦਿ ਵੀ ਹਾਜ਼ਿਰ ਸਨ। ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਤਰਲੋਚਨ ਝਾਂਡੇ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਚਨਾਵਾਂ ਨੂੰ ਬਹਿਸ-ਰੂਪੀ ਭੱਠੀ 'ਚ ਪਾਉਣ ਨਾਲ ਇਹ ਹੋਰ ਨਿੱਖਰ ਜਾਂਦੀਆਂ ਨੇ।