ਗ਼ਰੀਬ ਦੀ ਕਵਿਤਾ ਹਾਂ
ਰੋਟੀ ਦੇ ਸਿਰਲੇਖ ਹੇਠ
ਢਾਰਿਆਂ ਦੇ ਪਰਪੇਖ 'ਚ
ਅੰਤਰਾਸ਼ਟਰੀ ਕੈਨਵਸ 'ਤੇ ਵਿਚਰਦੀ ਹਾਂ
ਸ਼ਾਰੇ ਮੈਨੂ ਜਾਣਦੇ ਹਨ
ਮੇਰੀ ਫਿੱਗਰ ਦੀ ਲੰਬਾਈ, ਚੌੜਾਈ
ਮਾਪਦੇ 'ਤੇ ਆਂਕਦੇ ਹਨ
ਪਰ ਮੇਰਾ ਪਿਚਕਿਆ , ਭਦਾ ਚਿਹਰਾ
ਅਤੇ ਪਾਟੇ ਲੀੜੇ ਵੇਖ
ਪੱਛਾਨਣ ਤੋਂ ਇਨਕਾਰਦੇ ਹਨ
ਸੜਕਾਂ 'ਤੇ ਚਲਦੀਆਂ ਲਾਰੀਆਂ
ਭਾਂਵੇਂ ਮੈਨੂੰ ਮਿਲਣ ਨਹੀਂ ਆਉਂਦੀਆਂ
ਪਰ ਉਸਦੀ ਬੱਜਰੀ ਤੇ ਰੋੜੀ ਦੀ ਰੜਕ
ਮੇਰੇ ਸਾਹਾਂ 'ਚ ਰੜਕਦੀ ਹੈ
ਇਹ ਗਗਨਚੁੰਬੀ ਇਮਾਰਤਾਂ
ਭਾਵੇਂ ਮੇਰੇ ਨਾਲ ਵਾਕਫਿਅਤ ਨਾ ਕਰਨ
ਪਰ ਉਸਦੀਆਂ ਇੱਟਾਂ ਸੀਮੈਂਟ ਦੀ ਕਾਸ
ਮਰੀਆਂ ਬਾਂਹਾਂ ਦੇ ਜ਼ਖਮ ਉਕੱਰਦੀ ਹੈ
ਮੇਰੀ ਹਾਲਤ
ਹਾਸ਼ੀਏ 'ਚ ਧੌਣ ਸੁੱਟ ਕੇ ਬੈਠੀ
ਉਸ ਔਰਤ ਵਰਗੀ ਹੈ
ਜੋ ਸ਼ੋਸ਼ਿਤ ਹੈ
ਨਪੀੜੀ ਹੈ
ਲਤਾੜੀ ਹੈ
ਤੇ ਦਸ਼ਾ
ਕੁਪੋਸ਼ਣ ਨਾਲ ਲੜ ਰਹੇ
ਉਹਨਾਂ ਬੱਚਿਆਂ ਜਿਹੀ ਹੈ
ਜੋ ਫੈਕਟ੍ਰੀਆਂ 'ਚ
ਪੁਰਜਿਆਂ ਨਾਲ ਪੁਰਜੇ ਹੋ ਕੇ
ਘੜੀ ਭਰ ਵੀ ਆਰਾਮ ਨਹੀਂ ਪਾਉਂਦੇ…