ਤੀਲਾ-ਤੀਲਾ ਹੋਇਆ ਆਲ੍ਹਣਾ
(ਲੇਖ )
ਅੱਜ ਸਾਡਾ ਆਲਾ ਦੁਆਲਾ ਚੌਗਿਰਦਾ ਬੇਸ਼ੱਕ ਅਤਿਅੰਤ ਸਾਫ ਹੋ ਗਿਆ ਹੈ, ਪਰ ਕਈ ਪੱਖਾਂ ਤੋਂ ਇਹ ਸਾਫ ਸਫਾਈ ਨੇ ਸਾਡੇ ਵਾਤਾਵਰਨ ਤੇ ਕੁਦਰਤੀ ਪ੍ਰਣਾਲੀ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਇਸ ਆਲੇ ਦੁਆਲੇ ਵਿੱਚ ਸਾਡੇ ਮਿੱਤਰ ਪਸ਼ੂ-ਪੰਛੀ ਆਦਿ ਲੋਪ ਜਿਹੇ ਹੋ ਰਹੇ ਹਨ ਜਾਂ ਹੁੰਦੇ ਜਾ ਰਹੇ ਹਨ। ਵੱਡੇ-ਵੱਡੇ ਘਰ, ਮਕਾਨ, ਕੋਠੀਆਂ ਆਦਿ ਅਸੀਂ ਜ਼ਰੂਰ ਉਸਾਰ ਲਏ ਹਨ। ਫੁੱਲ ਬੂਟਿਆਂ ਤੇ ਦਰੱਖ਼ਤਾਂ ਦਾ ਸਫਾਇਆ ਜਿਹਾ ਹੁੰਦਾ ਜਾ ਰਿਹਾ ਹੈ। ਘਰਾਂ ਵਿੱਚ ਡਬਲ ਜਾਲੀਆਂ, ਰੋਸ਼ਨਦਾਨ ਤੇ ਲੋਹੇ ਦੇ ਗੇਟ ਗਰਿੱਲ ਤੇ ਲੱਕੜੀ ਦੇ ਦਰਵਾਜ਼ੇ ਖਿੜਕੀਆਂ ਇਸ ਤਰ੍ਹਾਂ ਫਿੱਟ ਕਰ ਲਏ ਹਨ ਕਿ ਅੱਜ ਸਾਡੇ ਘਰਾਂ ਵਿੱਚ ਚਿੜੀਆਂ, ਘੁੱਗੀਆਂ ਗੁਟਾਰਾਂ, ਕਾਟੋਆਂ ਤੇ ਕਬੂਤਰ ਆਦਿ ਘਰਾਂ 'ਚ ਦਾਖ਼ਲ ਨਹੀਂ ਹੋ ਸਕਦੇ। ਪੰਛੀਆਂ ਨੇ ਆਲ੍ਹਣੇ ਆਦਿ ਪਾਉਣ ਤਾਂ ਦੂਰ ਦੀ ਗੱਲ ਰਹੀ।
ਸਾਡੇ ਘਰ ਵਿਚਲੇ ਵਰਾਂਡੇ ਨਾਲ ਇੱਕ ਟਾਕੀ ਵਿੱਚ ਇੱਕ ਦਿਨ ਘੁੱਗੀਆਂ ਦੇ ਜੋੜੇ ਨੇ ਆਣ ਦਸਤਕ ਦਿੱਤੀ। ਦੋਵੇਂ ਹੀ ਆਪਣਾ ਆਲ੍ਹਣਾਂ ਬਣਾਉਂਣ ਲਈ ਕਿਸੇ ਚੰਗੇ ਥਾਂ ਦੀ ਭਾਲ਼ ਵਿੱਚ ਜਾਪ ਰਹੇ ਸਨ। ਘੁੱਗੀਆਂ ਦੇ ਜੋੜੇ ਦੀਆਂ ਚੁੰਝਾਂ ਦੇ ਵਿੱਚ ਤੀਲੇ ਜਿਹੇ ਪਾਈ ਟਾਕੀ ਦੀ ਇੱਟ ਵਿੱਚ ਫਸਾਉਣ ਲੱਗੇ। ਦੋ ਚਾਰ ਤੀਲੇ ਵਿੱਚ ਫਸ ਗਏ ਤੇ ਕੁਝ ਕੁ ਥੱਲੇ ਡਿੱਗ ਪਏ। ਮੇਰੀ ਪਤਨੀ ਨੇ ਝਾੜੂ ਮਾਰ ਇਹ ਤੀਲੇ ਔਹ ਮਾਰੇ ਪਰ ਘੁੱਗੀਆਂ ਨੇ ਕੰਮ ਜਾਰੀ ਰੱਖਿਆ ਉਨ੍ਹਾਂ ਤੋਂ ਗੱਲ ਨਹੀਂ ਸੀ ਬਣ ਰਹੀ। ਅਖੀਰ ਮੈਂ ਸਭ ਕੁਝ ਤੱਕ ਰਾਤ ਸਮੇਂ ਘਾਹ ਫੂਸ ਇਕੱਠਾ ਕਰ ਪੱਕੇ ਧਾਗੇ ਨਾਲ ਪਰੋਅ ਕੇ ਆਲ੍ਹਣਾ ਜਿਹਾ ਬਣਾ ਫਿੱਟ ਕਰ ਦਿੱਤਾ। ਦਿਨ ਵੇਲੇ ਚਾਅ ਜਿਹੇ ਨਾਲ ਘੁੱਗੀਆਂ ਨੇ ਉਸ ਆਲ੍ਹਣੇ ਨੂੰ ਆਪਣਾ ਸਮਝ ਕੇ ਹੋਰ ਤੀਲੇ ਜਿਹੇ ਵਿੱਚ ਫਸਾ ਕੇ ਆਪਣਾ ਪੱਕਾ ਟਿਕਾਣਾ ਬਣਾ ਲਿਆ।
ਫਿਰ ਪੰਜ ਚਾਰ ਦਿਨ ਬਾਅਦ ਘੁੱਗੀ ਨੇ ਘੂੰਅ-ਘੂੰਅ ਦੀ ਆਵਾਜ਼ ਲਗਾਤਾਰ ਜਾਰੀ ਰੱਖੀ ਤੇ ਉਸਨੇ ਇੱਕ ਇੱਕ ਕਰਕੇ ਦੋ ਅੰਡੇ ਦਿੱਤੇ। ਇੱਕ ਮਾਦਾ ਘੁੱਗੀ ਹਰ ਸਮੇਂ ਅੰਡਿਆਂ ਤੇ ਬੈਠਦੀ ਤੇ ਨਰ ਘੁੱਗੀ ਆਲੇ ਦੁਆਲੇ ਉਸਦੀ ਹਰ ਸਮੇਂ ਹਿਫ਼ਾਜ਼ਤ ਕਰਦੀ। ਮੈਂ ਇਸ ਕੁਦਰਤੀ ਨਜ਼ਾਰੇ ਉੱਤੇ ਤੇ ਉਸ ਪਰਬਰਦਗਾਰ ਦੀਆਂ ਖੇਡਾਂ ਦੇ ਵਾਰੇ-ਵਾਰੇ ਜਾਂਦਾ ਤੇ ਦੋਵਾਂ ਘੁੱਗੀਆਂ ਦੀ ਗੈਰ ਹਾਜ਼ਰੀ 'ਚ ਆਲ੍ਹਣੇ ਦੀ ਦੇਖ-ਭਾਲ ਵੀ ਕਰਦਾ। ਹਫਤੇ ਕੁ ਦੇ ਵਕਫ਼ੇ ਪਿੱਛੋਂ ਅੰਡਿਆਂ ਚੋਂ ਬਹੁਤ ਹੀ ਖੂਬਸੂਰਤ ਦੋ ਬਿਲਕੁਲ ਹੀ ਨਿੱਕੇ ਬੱਚੇ ਪੰਖੇਰੂ ਤੱਕੇ ਜੋ ਕੁਦਰਤ ਦੀ ਅਨਮੋਲ ਦਾਤ ਕਹੇ ਜਾ ਸਕਦੇ ਸਨ। ਮੇਰਾ ਬੇਟਾ ਅੰਮ੍ਰਿਤ ਤੇ ਬੇਟੀ ਸੰਦੀਪ ਕੌਰ ਬੱਚੇ ਦੇਖਣ ਲਈ ਆਲ੍ਹਣੇ ਵੱਲ ਜਾਂਦੇ ਤਾਂ ਘੁੱਗੀ ਬਹੁਤ ਹੀ ਰੌਲਾ ਜਿਹਾ ਪਾ ਘੂਰਦੀ ਜਾਪਦੀ।
ਘੁੱਗੀ ਦੇ ਬੱਚੇ ਵੀ ਖੰਭ ਮਾਰਨ ਲੱਗ ਪਏ ਤੇ ਆਲ੍ਹਣੇ 'ਚ ਹਲਚਲ ਜਿਹੀ ਕਰਦੇ ਤੇ ਬਾਹਰੋਂ ਘੁੱਗੀ ਬਹੁਤ ਹੀ ਪਿਆਰ ਨਾਲ ਚੋਗਾ ਲਿਆ ਉਨ੍ਹਾਂ ਬੱਚਿਆਂ ਦੇ ਮੂੰਹ ਵਿੱਚ ਪਾਉਂਦੀ ਤੇ ਮਮਤਾ ਦਾ ਭੇਤ ਖੁੱਲਦਾ। ਜਿਵੇਂ ਕਹਿੰਦੇ ਨੇ ਕਿ ਪਸ਼ੂ-ਪੰਛੀ ਦਾ ਵੀ ਵੈਰ ਚੱਲਦਾ ਹੈ। ਉਹੀ ਗੱਲ ਹੋਈ, ਇੱਕ ਰਾਤ ਬਿੱਲੀ ਆਈ ਤੇ ਸੌਖਿਆ ਹੀ ਟਾਕੀ ਵਿੱਚੋਂ ਚੜ ਆਲ੍ਹਣੇ ਤੇ ਪੁੱਜ ਗਈ। ਘੁੱਗੀ ਤੇ ਦੋਵੇਂ ਨਿੱਕੇ ਪੰਖੇਰੂ ਪੰਛੀਆਂ ਨੂੰ ਹਜ਼ਮ ਕਰ ਗਈ। ਘੁੱਗੀ ਦੇ ਖੰਭਾਂ ਦਾ ਰੌਲਾ ਪਿਆ। ਪਤਨੀ ਨੇ ਉਠ ਕੇ ਵਰਾਂਡੇ ਵਿਚਲੀ ਲਾਈਟ ਜਗਾਈ, ਪਾਲਤੂ ਰੱਖੀ ਕੁੱਤੀ ਸੈਵੀ ਵੀ ਭੌਂਕੀ। ਜਦੋਂ ਤੱਕਿਆ ਤਾਂ ਕੀ ਸੀ ਘੁੱਗੀ ਦੇ ਵਰਾਂਡੇ 'ਚ ਖਿਲਰੇ ਖੰਭ ਤੇ ਹੇਠਾਂ ਡਿੱਗਿਆ ਆਲ੍ਹਣਾ। ਸਵੇਰ ਵੇਲੇ ਬੱਚੇ ਉੱਠੇ ਜੋ ਹਰ ਰੋਜ਼ ਚਾਅ ਨਾਲ ਆਲ੍ਹਣਾ ਤੱਕਦੇ ਸਨ, ਸਭ ਦੇਖ ਉਹ ਵੀ ਭੈ ਭੀਤ ਜਿਹੇ ਹੋ ਗਏ। ਮੇਰੀ ਪਤਨੀ ਨੇ ਝਾੜੂ ਨਾਲ ਟੁੱਟਾ ਫੁੱਟਾ ਆਲ੍ਹਣਾ ਤੇ ਘੁੱਗੀ ਦੇ ਖੰਭ ਇਕੱਠੇ ਕਰ ਦਿੱਤੇ। ਮੈਂ ਪੰਦਰ੍ਹਾਂ ਵੀਹ ਦਿਨ ਦੀ ਆਲ੍ਹਣੇ ਰਾਹੀ ਘੁੱਗੀਆਂ ਨਾਲ ਪਾਈ ਸਾਂਝ ਤੇ ਤੀਲਾ-ਤੀਲਾ ਹੋਇਆ ਆਲ੍ਹਣਾ ਤੱਕ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਹੁਣ ਬੰਦਿਆਂ ਵਾਂਗ ਪਸ਼ੂ-ਪੰਛੀ ਵੀ ਆਪ ਤੋਂ ਛੋਟੇ ਦੀ ਘੰਡੀ ਮਰੋੜਨਾ ਸਿੱਖ ਗਏ ਹਨ।