ਦਿਲ ਮੇਰਾ ਤੜਫ਼ਾਇਆ ਨਾ ਕਰ।
ਸੁਪਨੇ ਦੇ ਵਿੱਚ ਆਇਆ ਨਾ ਕਰ।
ਝੂਠੀ ਮੂਠੀ ਰੁੱਸ ਕੇ ਐਵੇਂ,
ਨੈਣੋਂ ਨੀਰ ਵਹਾਇਆ ਨਾ ਕਰ।
ਰੋਗ ਅਵੱਲੇ ਦੇ ਕੇ ਦਿਲ ਨੂੰ,
ਮਗਰੋਂ ਦਰਦ ਵੰਡਾਇਆ ਨਾ ਕਰ।
ਹਿਜਰ ਤਿਰੇ ਨੇ ਮਰ ਮੁਕਾਇਆ,
ਹੁਣ ਤੂੰ ਹੋਰ ਸਤਾਇਆ ਨਾ ਕਰ।
ਮੇਰੀ ਨਿੱਕੀ ਜਿੰਨੀ ਗੱਲ ਨੂੰ,
ਐਵੇਂ ਹੋਰ ਵਧਾਇਆ ਨਾ ਕਰ।
ਗ਼ਮ ਦੇ ਮਾਰੇ "ਸੂਫ਼ੀ" ਨੂੰ ਹੁਣ,
ਝੂਠੇ ਖ਼ਾਬ ਦਿਖਾਇਆ ਨਾ ਕਰ।