ਇਸ਼ਾਰੇ (ਕਵਿਤਾ)

ਗੁਰਮੀਤ ਸਿੰਘ 'ਬਰਸਾਲ'   

Email: gsbarsal@gmail.com
Address:
ਕੈਲੇਫੋਰਨੀਆਂ California United States
ਗੁਰਮੀਤ ਸਿੰਘ 'ਬਰਸਾਲ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੰਦਰ ਖੋਜੇਂ ,ਬਾਹਰ ਖੋਜੇਂ, ਖੋਜੇਂ ਧਰਤੀ ਸਾਰੀ ।
ਕੁਦਰਤ ਦਾ ਕੋਈ ਅੰਤ ਨਹੀਂ ਹੈ ,ਰੱਬੀ ਖੇਡ ਨਿਆਰੀ ।।

ਜੀਵ ਸੋਚਦਾ ਖੁਦ ਨੂੰ ਇੱਥੇ ,ਇੱਕੋ ਜਿੰਦ ਨਿਮਾਣੀ ।
ਪਰ ਨਾ ਸੋਚੇ ਦੇਹ ਵਿੱਚ ਲੱਖਾਂ ਜੀਵ ਨੇ ਬਹੁ-ਪਰਕਾਰੀ ।।

ਪਾਣੀ ਅੰਦਰ ਅੱਗ ਹੈ ਵਸਦੀ, ਅੱਗ ਅੰਦਰ ਹੈ ਪਾਣੀ ।
ਇੱਕ ਦੂਜੇ ਦੀ ਬਣੀ ਵਿਰੋਧੀ , ਸਾਂਝੇ ਤੱਤ ਦੀ ਯਾਰੀ ।।

ਨਰ ਤੇ ਮਾਦਾ ਭਾਵੇਂ ਵੱਖ ਵੱਖ ,ਮੂਲ ਜੀਵ ਤਾਂ ਇੱਕੋ ,
ਹਰ ਨਾਰੀ ਵਿੱਚ ਪੁਰਖ ਹੈ ਵਸਦਾ ,ਹਰ ਪੁਰਖ ਵਿੱਚ ਨਾਰੀ ।।

ਬੰਦੇ ਅੰਦਰ ਰਾਮ ਹੈ ਰਮਿਆਂ, ਧਰਮੀ ਲੋਕੀਂ ਕਹਿੰਦੇ ,
ਲੇਕਨ ਰਾਮ ਅੰਦਰ ਸਭ ਰਹਿੰਦੇ , ਇਹ ਨਾ ਕਦੇ ਵਿਚਾਰੀ ।।

ਹਰ ਬੰਦੇ ਦੇ ਅੰਦਰ ਕਹਿੰਦੇ , ਕੋਈ ਆਤਮਾ ਹੁੰਦੀ ।
ਬੰਦਾ ਵਸੇ ਆਤਮਾ ਅੰਦਰ , ਵਿਰਲੇ ਗੱਲ ਚਿਤਾਰੀ ।।

ਇੱਕੋਂ ਜਦੋਂ ਅਨੇਕ ਸੀ ਹੋਇਆ, ਨਿਰਗੁਣ ਰੂਪ ਨੂੰ ਛੱਡਕੇ ।
ਹਸਦੀ ਵਸਦੀ ਦੁਨੀਆਂ ਸਜ ਗਈ, ਨਿਰਾਕਾਰੋਂ ਆਕਾਰੀ ।।