ਬਿਲ ਗੇਟਸ !
ਸਮਝ ਸਕਦਾ ਹਾਂ ਗਰੀਬ ਖ਼ਿਲਾਫ਼ ਤੇਰੀ ਅਦਾਵਤ
ਜਾਣਦਾ ਹਾਂ !
ਸਫ਼ਲਤਾ ਦੀ ਬੁਲੰਦੀ
ਤੇਰੇ ਵਾਲ਼ੇ ਫ਼ੀਤੇ ਹੀ ਮਾਪ ਹੁੰਦੀ ਏ ..ਆਮ-ਤਰ
ਕਿ ਬੰਦਾ ਕਿੰਨਾ ਕੁ ਹੋ ਸਕਿਆ ਕਿਰਤੀ ਤੋਂ ਸਰਮਾਏਦਾਰ
ਚਾਹੇ ਕਿਸੇ ਹੀਲ਼ੇ
ਕਿਸੇ ਵਸੀਲੇ
ਬਿਲ ਗੇਟਸ!
ਪਰ ਮੈਂ ਇਹ ਵੀ ਜਾਣਦਾਂ
ਤੂੰ ਜੋ ਨਪੀੜੇ-ਲਤਾੜਿਆਂ ਦੀ 'ਹੋਣੀ' ਉਨ੍ਹਾਂ 'ਮੱਥੇ' ਮੜ੍ਹ ਰਿਹੈਂ
ਤੂੰ ਜਿਨ੍ਹਾਂ ਦਾ ਭਲਾ ਕਰ ਰਿਹੈਂ
ਇਹ ਕੋਈ ਨਵੀਂ ਗੱਲ ਨਹੀਂ
ਸਦੀਆਂ ਪੁਰਾਣੀ 'ਬਾਤ' ਏ
ਹੁਣ ਤੇ ਆਮ ਸਮਝ
ਸੰਸਕਾਰ
ਤੇਰੇ 'ਜਜ਼ਮਾਨਾਂ' ਦਾ ਕਾਰਗਰ ਹਥਿਆਰ
ਮੈਂ ਜਾਣਦਾ ਹਾਂ ਤੂੰ 'ਮੇਕਅੱਪ ਮੈਨ' ਬਣ
ਜਿਨ੍ਹਾਂ ਦੇ ਕੋਝ ਢੱਕ ਰਿਹੈਂ
ਜਿਨ੍ਹਾਂ ਨੂੰ ਸਾਊ ਦੱਸ ਰਿਹੈਂ
'ਅਵਿਵਸਥਾਵਾਂ' ਦੀ ਸੁਚਾਰੂ ਵਿਵਸਥਾ
ਜਿਸ ਨੇ ਤੈਨੂੰ 'ਸ਼ਾਹ-ਏ-ਜਹਾਂ' ਬਣਾਇਐ
ਕੁਝ ਤੇ ਹੱਕ ਅਦਾ ਕਰੇਂਗਾ ਹੀ ਤੂੰ ਇਸਦਾ
ਏਨਾ ਨਸ਼ੁਕਰਾ ਤੇ ਨ੍ਹੀ ਹੋ ਸਕਦਾ ਤੂੰ
ਹਾਂ! ਮੈਂ ਜਾਣਦਾ ਹਾਂ.. ਤੈਨੂੰ ਵੀ
ਤੇ ਮੇਰਾ ਜਾਣ ਜਾਣਾ
ਤੇਰੇ ਮੱਥੇ ਤੇ ਹਲਕੀ ਜਹੀ ਤਿਊੜੀ ਤੇ ਲਿਆਵੇਗਾ
ਜਿਸਨੂੰ ਤੂੰ ਆਪਣੀ 'ਸਭਿਅ ਮੁਸਕਾਨ' ਨਾਲ ਹਵਾ 'ਚ ਉਡਾ ਦੇਣ ਦਾ ਯਤਨ ਕਰੇਂਗਾ
ਕਹੇਂਗਾ!
ਤੇਰੇ ਜਾਣ ਲੈਣ ਨਾਲ ਕੀ ਹੁੰਦਾ..
ਗੇਟਸ !ਤੈਨੂੰ.. ਜਿਸਨੂੰ ਦੁਨੀਆਂ ਮੰਨਦੀ ਏ
ਕਿਉਂ ! ਤੂੰ ਨਹੀਂ ਜਾਣਦਾ !
ਮੇਰਾ ਦੋਸਤ ਤੇ ਜਾਣ ਗਿਐ
ਕਿ ਜਦ ਪੱਤੇ ਪੀਲੇ ਪੈਂਦੇ ਨੇ ਤਾਂ ਕਸੂਰ ਪੱਤਿਆਂ 'ਚ ਨਹੀਂ
ਜੜ੍ਹ 'ਚ ਹੁੰਦਾ
ਪੂਰੇ ਰੁੱਖ 'ਚ ਹੁੰਦਾ
ਮੌਸਮ ਦਾ ਹੁੰਦਾ
ਗੇਟਸ!
ਕਿਰਤੀ ਤਾਂ ਗਰੀਬ ਮਰਦੈ
ਕਿ ਉਸ ਦੇ ਹਿੱਸੇ ਦੀ ' ਸਰਸਵਤੀ' ਤੂੰ 'ਪੇਟੈਂਟ' ਕਰਵਾ ਲਈ ਏ
'ਲੱਛਮੀਂ' 'ਦੇਵ ਪੁਰਸ਼ਾਂ' ਹਥਿਆ ਲਈ ਏ
ਤੇ ਇਸ ਲਈ ਵੀ..
ਕਿ ਹੁਣ ਉਹ ਲੜਦਾ ਨਹੀਂ..ਹਾੜ੍ਹੇ ਕਰਦਾ ਏ
ਹੁਣ ਉਹ ਯੁੱਧ ਦਾ ਦਮ ਨਹੀਂ ਭਰਦਾ
ਯੁੱਧ ..ਜੋ ਉਹ ਹਰਦਾ ਆਇਐ
ਯੁੱਧ..ਜਿਸਤੋਂ ਮੋਹ-ਭੰਗ ਹੋ ਗਿਐ
ਯੁੱਧ..ਜੋ ਲੜਿਆ ਜਾਣਾ ਬਣਦਾ ..ਫਿਰ ਤੋਂ
ਯੁੱਧ..ਜੋ ਹੁਣ ਅਟੱਲ ਹੋ ਗਿਐ
ਯੁੱਧ..ਜਿਸਨੂੰ ਲੜੇ ਬਿਨਾਂ..
ਗਰੀਬ ਗਰੀਬ ਹੀ ਮਰਨੈਂ
ਬਿਲ ਗੇਟਸ!
ਜ਼ਿੰਦਗੀ ਦੀ ਬੁਲੰਦੀ ਨੂੰ ਮਾਪਣ ਦਾ ਇਕ ਫੀਤਾ ਹੋਰ ਵੀ ਏ..
ਕਿ ਕੁਰਖੇਤਰ ਵਿਚ
ਕੌਣ ਕਿੱਧਰ ਖੜਦਾ
ਕੌਣ ਕਿੰਨਾ ਲੜ੍ਹਦਾ..
ਕੌਣ ਕਿੰਝ ਜਿਊਂਦਾ ..ਕਿੰਝ ਮਰਦਾ !!