ਪੰਜਾਬੀ ਲੋਕ ਕਾਵਿ ਬੋਲੀਆਂ - 2
(ਸਾਡਾ ਵਿਰਸਾ )
13
ਹਿੰਮਤਪੁਰੇ ਦੇ ਮੁੰਡੇ ਬੰਬਲੇ,
ਸੱਤਾਂ ਪੱਤਣਾਂ ਦੇ ਤਾਰੂ ।
ਸੂਇਆਂ ਕੱਸੀਆਂ 'ਤੇ ਕਣਕ ਬੀਜਦੇ,
ਛੋਲੇ ਬੀਜਦੇ ਮਾਰੂ ।
ਇਕ ਮੁੰਡੇ ਦਾ ਨਾਂ ਫਤਹਿ ਮੁਹੰਮਦ,
ਦੂਜੇ ਦਾ ਨਾਂ ਸਰਦਾਰੂ ।
ਗਾਮਾ, ਬਰਕਤ, ਸੌਣ, ਚੰਨਣ ਸਿੰਘ,
ਸਭ ਤੋਂ ਉੱਤੋਂ ਦੀ ਬਾਰੂ ।
ਸਾਰੇ ਮਿਲਕੇ ਮੇਲੇ ਜਾਂਦੇ,
ਨਾਲੇ ਜਾਂਦਾ ਨਾਹਰੂ ।
ਬਸੰਤੀ ਰੀਝਾਂ ਨੂੰ,
ਗਿੱਧੇ ਦਾ ਚਾਅ ਉਭਾਰੂ ।
14
ਹਾੜ ਮਹੀਨੇ ਬੋਲਣ ਚਿੜੀਆਂ,
ਸੌਣ ਮਹੀਨੇ ਕੋਇਲਾਂ ।
ਦਿਲ ਤੋਲੇ ਨੂੰ ਝੁਕਦੇ ਪਲੜੇ,
ਮੈਂ ਝੁਕਦੇ ਨਾ ਤੋਲਾਂ ।
ਗਿੱਧੇ ਵਿੱਚ ਤੈਂ ਲਾਈ ਛਹਿਬਰ,
ਕਿਵੇਂ ਮੈਂ ਤੈਨੂੰ ਮੋਹ ਲਾਂ ।
ਸੁਣ ਲੈ ਹੀਰੇ ਨੀ,
ਦਿਲ ਦੀਆਂ ਘੁੰਡੀਆਂ ਖੋਲ੍ਹਾਂ ।
15
ਹੁੰਮ ਹੁਮਾ ਕੇ ਕੁੜੀਆਂ ਆਈਆਂ
ਗਿਣਤੀ 'ਚ ਪੂਰੀਆਂ ਚਾਲੀ
ਚੰਦੀ, ਨਿਹਾਲੋ, ਬਚਨੀ, ਪ੍ਰੀਤੋ
ਸਭਨਾਂ ਦੀ ਵਰਦੀ ਕਾਲੀ
ਲੱਛੀ, ਬੇਗ਼ਮ, ਨੂਰੀ, ਫਾਤਾਂ
ਸਭਨਾਂ ਦੇ ਮੂੰਹ 'ਤੇ ਲਾਲੀ
ਸਭ ਨਾਲੋਂ ਸੋਹਣੀ ਦਿਸੇ ਪੰਜਾਬੋ
ਓਸ ਤੋਂ ਉਤਰ ਕੇ ਜੁਆਲੀ
ਗਿੱਧਾ ਪਾਓ ਕੁੜੀਓ
ਹੀਰ ਆ ਗਈ ਸਿਆਲਾਂ ਵਾਲੀ ।
16
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ ।
ਬਾਗ਼ਾਂ ਦੇ ਵਿੱਚ ਸਸਤੀ ਮਿਲਦੀ,
ਹੱਟੀਆਂ 'ਤੇ ਮਿਲਦੀ ਮਹਿੰਗੀ ।
ਹੇਠਾਂ ਕੂੰਡੀ ਉੱਤੇ ਸੋਟਾ,
ਚੋਟ ਦੋਹਾਂ ਦੀ ਸਹਿੰਦੀ ।
ਘੋਟ-ਘੋਟ ਮੈਂ ਹੱਥਾਂ 'ਤੇ ਲਾਈ,
ਬੱਤੀਆਂ ਬਣ-ਬਣ ਲਹਿੰਦੀ ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ ।
17
ਆ ਵਣਜਾਰਿਆ ਬਹਿ ਵਣਜਾਰਿਆ ਕਿੱਥੇ ਨੇ ਤੇਰੇ ਘਰ ਵੇ ।
ਪਿੰਡ ਦੀਆਂ ਕੁੜੀਆਂ, ਵਿੱਚ ਤੀਆਂ ਦੇ, ਕਿਉਂ ਫਿਰਨੈਂ ਦਰ ਦਰ ਵੇ ।
ਚਾੜ੍ਹ ਬਲੌਰੀ ਵੰਗਾਂ ਮੇਰੇ ਤੇਰੀ ਝੋਲੀ ਪਾਵਾਂ ਜਰ ਵੇ ।
ਭੀੜੀ ਵੰਗ ਬਚਾ ਕੇ ਚਾੜ੍ਹੀਂ ਮੈਂ ਜਾਊਂਗੀ ਮਰ ਵੇ ।
ਕੋਲੇ ਬੋਤਲ ਦੇ-ਮਘਦੇ ਚਿੰਗਾੜੇ ਧਰ ਵੇ ।
18
ਬਿਸ਼ਨ ਕੌਰ ਨੇ ਕੀਤੀ ਤਿਆਰੀ
ਹਾਰ ਸ਼ਿੰਗਾਰ ਲਗਾਇਆ ।
ਮੋਮ ਢਾਲ ਕੇ ਗੁੰਦੀਆਂ ਪੱਟੀਆਂ
ਅੱਖੀਂ ਕੱਜਲਾ ਪਾਇਆ ।
ਚੱਬ ਦੰਦਾਸਾ ਵੇਖਿਆ ਸ਼ੀਸ਼ਾ
ਚੜ੍ਹਿਆ ਰੂਪ ਸਵਾਇਆ
ਸਿਪਾਹੀਆ ਤੱਕ ਲੈ ਵੇਮੇਰੇ
ਜੋਬਨ ਦਾ ਹੜ੍ਹ ਆਇਆ ।
19
ਚੌਂਕ ਘੜਾ ਕੇ ਦੇ ਗਿਆ ਨੀ, ਫੁੱਲ ਤੇ ਹੈ ਨਹੀਂ ਪੱਲੇ ।
ਹਾਰ ਘੜਾ ਕੇ ਦੇ ਗਿਆ ਨੀ, ਜੁਗਨੀ ਹੈ ਨਹੀਂ ਪੱਲੇ ।
ਬਾਂਕਾਂ ਘੜਾ ਕੇ ਦੇ ਗਿਆ ਨੀ, ਮੁੰਦਰੀ ਹੈ ਨਹੀਂ ਪੱਲੇ ।
ਇਨ੍ਹਾਂ ਜੋਗੀਆਂ ਨੇ ਨੀ ਕੇਹੜੇ ਪੱਤਣ ਮੱਲੇ ।
20
ਸ਼ੌਕ ਨਾਲ ਗਿੱਧੇ ਵਿਚ ਆਵਾਂ ।
ਬੋਲੀ ਪਾਵਾਂ ਸ਼ਗਨ ਮਨਾਵਾਂ
ਸਾਉਣ ਦਿਆ ਬਦਲਾ ਵੇ
ਮੈਂ ਤੇਰਾ ਜਸ ਗਾਵਾਂ ।
21
ਸਾਉਣ ਮਹੀਨੇ ਘਾਹ ਹੋ ਚਲਿਆ
ਰੱਜਣ ਮੱਝੀਆਂ, ਗਾਈਂ,
ਗਿੱਧਿਆ ਪਿੰਡ ਵੜ ਵੇ
ਲਾਂਭ ਲਾਂਭ ਨਾ ਜਾਈਂ ।
22
ਚਿੱਟੀ ਕਣਕ ਦੇ ਮੰਡੇ ਪਕਾਵਾਂ
ਨਾਲੇ ਤੜਕਾਂ ਵੜੀਆਂ
ਗਿੱਧਾ ਸਾਉਣ ਦਾ ਹਾਕਾਂ ਮਾਰੇ,
ਮੈਂ ਵਗਾਰ ਵਿਚ ਫੜੀਆਂ
ਗਿੱਧੇ ਦੇ ਪਿੜ ਵਿੱਚ ਕੀਕਣ ਜਾਵਾਂ
ਘਰ ਧੰਦੇ ਵਿੱਚ ਮੜ੍ਹੀਆਂ
ਪੱਟ ਤੀ ਕਬੀਲਦਾਰੀ ਨੇ
ਤਾਹਨੇ ਦੇਂਦੀਆਂ ਖੜ੍ਹੀਆਂ
ਮੇਰੇ ਹਾਣ ਦੀਆਂ
ਗਿਧਾ ਪਾ ਘਰ ਮੁੜੀਆਂ ।
23
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ ।
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ ।
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਨੱਬਿਆਂ ਦੀ ਫੁਲਕਾਰੀ ।
ਹਰਨਾਮੀ ਦੀ ਸੁੱਥਣ ਭਿਜਗੀ
ਬਹੁਤੇ ਗੋਟੇ ਵਾਲੀ ।
ਜੰਨਤੇ ਦੀਆਂ ਭਿੱਜਗੀਆਂ ਮੇਢੀਆਂ
ਗਿਣਤੀ 'ਚ ਪੂਰੀਆਂ ਚਾਲੀ ।
ਭੱਜ ਕੇ ਕੁੜੀਆਂ ਪਿੰਡ ਜਾ ਵੜੀਆਂ
ਮੀਂਹ ਨੇ ਘੇਰ ਲਈਆਂ ਕਾਹਲੀ ।
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ ।
ਸ਼ਾਮੋ ਕੁੜੀ ਦੀ ਝਾਂਜਰ ਗੁਆਚੀ
ਆ ਰੱਖੀ ਨੇ ਭਾਲੀ ।
ਭਿੱਜ ਗਈ ਲਾਜੋ ਵੇ
ਬਹੁਤੇ ਹਰਖਾਂ ਵਾਲੀ ।
ਸਾਉਣ ਦਿਆ ਬੱਦਲਾ ਵੇ
ਹੀਰ ਭਿੱਜਗੀ ਸਿਆਲਾਂ ਵਾਲੀ ।
24
ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ ।
ਆਓ ਕੁੜੀਓ ਗਿੱਧਾ ਪਾਓ
ਸਾਨੂੰ ਸੌਣ ਸੈਨਤਾਂ ਮਾਰੇ ।
ਫੇਰ ਕਦੋਂ ਨੱਚੋਗੀਆਂ
ਜਦੋਂ ਤੀਆਂ ਦੇ ਲੰਘੇ ਦਿਹਾੜੇ ।