ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਬੇਬੇ ਵਲੋਂ ਕਿਤਬ ਦਾ ਵਿਮੋਚਨ (ਲੇਖ )

    ਨਿਰੰਜਨ ਬੋਹਾ    

    Email: niranjanboha@yahoo.com
    Cell: +91 89682 82700
    Address: ਪਿੰਡ ਤੇ ਡਾਕ- ਬੋਹਾ
    ਮਾਨਸਾ India
    ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੀਰਾਂ ਫਕੀਰਾਂ ਦੀਆਂ ਸਮਾਧਾਂ ਨਾਲ ਜੁੜੀਆਂ ਲੋਕਾਂ ਦੀਆਂ ਸ਼ਰਧਾ ਭਾਵਨਾਵਾਂ ਨੂੰ ਆਪਣੇ ਨਿੱਜ਼ੀ ਹਿੱਤਾਂ ਲਈ ਵਰਤਣ ਵਾਲੇ ਲੋਕਾ ਦੀ ਇਸ ਦੇਸ਼ ਵਿਚ ਕਮੀ ਨਹੀਂ ਹੈ । ਬਥੇਰੇ ਲੋਕਾ ਦਾ ਹਲਵਾ- ਮਾਂਡਾ ਇਨ੍ਹਾਂ ਸਮਾਧਾ ਦੇ ਆਸਰੇ ਹੀ ਚਲਦਾ ਹੈ। ਪਰ ਪੰਜਾਬ ਵਿਚ ਕੁਝ ਪੀਰਾਂ ਫਕੀਰਾ ਦੀਆ ਸਮਾਧਾਂ  ਅਜਿਹੀਆ ਵੀ ਹਨ ਜੋ ਲੋਕਾਂ ਨੂੰ ਅੰਧ ਵਿਸਵਾਸ਼ ਦਾ ਪ੍ਰਸ਼ਾਦ ਵੰਡਣ ਦੀ ਬਜ਼ਾਇ ਉਨ੍ਹਾ 'ਚ ਚੇਤਨਾ ਦਾ ਪ੍ਰਕਾਸ਼  ਫੈਲਾ ਰਹੀਆਂ ਹਨ। ਮੇਰੇ ਇਸ ਆਰਥਿਕ ਤੌਰ 'ਤੇ ਪੱਛੜੇ ਬੋਹਾ- ਬੁਡਲਾਡਾ ਖੇਤਰ  ਵਿਚ ਵੀ ਬਾਬਾ ਜੋਗੀ ਪੀਰ ਦੀ ਇਕ ਅਜਿਹੀ ਸਮਾਧ ਸਥਾਪਿਤ ਹੈ ਜੋ ਨੌਜਵਾਨ ਪੀੜ੍ਹੀ ਨੂੰ ਸਿਰਜਨਾਤਮਕ ਕਾਰਜ਼ਾਂ ਨਾਲ ਜੁੜਣ ਦਾ ਸੁਨੇਹਾ ਉੱਚੀ ਸੁਰ ਵਿਚ ਦੇ ਰਹੀ ਹੈ। ਪਿੰਡ ਆਲਮ ਪੁਰ ਮੰਦਰਾਂ(ਮਾਨਸਾ) 'ਚ ਸਥਿਤ ਇਸ ਬਾਬਾ ਜੋਗੀ ਪੀਰ ਦੀ ਸਮਾਧ ਦਾ ਪ੍ਰਬੰਧ ਅਜਿਹੇ ਅਗਾਂਹ ਵੱਧੂ ਲੋਕਾਂ ਦੇ ਹੱਥਾਂ ਵਿਚ ਹੈ ਜੋ ਇਸ ਦੇ ਧਾਰਮਿਕ ਅਕੀਦੇ ਪੂਰੇ  ਵੀ ਲੋਕ ਜਾਗਰੂਕਤਾਂ ਪੈਦਾ ਕਰਨ ਵਿਚ ਸੁਚੇਤ ਤੇ ਸੰਗਠਿਤ ਯਤਨ ਕਰਨ ਵਿਚ ਵਿੱਚ ਵਿਸਵਾਸ਼ ਰੱਖਦੇ ਹਨ। ਇਹ ਕਮੇਟੀ ਹਰ ਸਾਲ ਪਿੰਡ ਵਿਚ ਖੇਡ ਮੇਲੇ ਵੀ ਕਰਾਉਂਦੀ ਹੈ ਤੇ ਅਗਾਂਹ ਵੱਧੂ ਨਾਟਕ ਮੇਲੇ ਵੀ । ਕਮੇਟੀ ਵੱਲੌਂ ਕਵੀਸ਼ਰੀ ਤੇ ਵਾਰ ਗਾਇਣ ਸਮੇਤ ਕਈ  ਪੁਰਾਤਨ ਲੋਕ ਕਲਾਵਾਂ ਦੇ ਮੁਕਾਬਲੇ ਵੀ ਕਰਵਾਏ ਜਾਦੇ ਹਨ ਤੇ ਅਗਾਂਹਵੱਧੂ ਗਾਇਕੀ ਦੇ ਅਖਾਂੜੇ ਵੀ ਲਵਾਏ ਜਾਂਦੇ  ਹਨ। ਖੇਤਰ ਦੇ ਸਮਾਜ ਸੇਵਕਾਂ , ਦੇਸ਼ ਭਗਤਾਂ, ਸਾਹਿਤਕਾਰਾਂ , ਸ਼ਹੀਦਾਂ ਦੇ ਵਾਰਸ਼ਾ ਤੇ  ਨਾਮਣਾ ਖੱਟਣ ਵਾਲੇ ਖਿਡਾਰੀਆਂ  ਦਾ ਵੱਡੇ ਇਕਠ ਵਿਚ ਸਨਮਾਨ ਕਰਨਾਂ ਕਮੇਟੀ ਦਾ ਮੁੱਖ ਏਜੰਡਾ ਹੈ। ਇਸ ਤਰਾਂ ਇਸ ਪਿੰਡ ਦਾ ਜੋਗੀ ਪੀਰ ਲੋਟੂ ਜਮਾਤ ਦੀ ਬਜ਼ਾਇ  ਮਿਹਨਤਕਸ਼ ਲੋਕਾਂ ਦੇ ਹੱਕਾਂ ਤੇ ਹਿੱਤਾਂ ਦਾ ਹੀ ਪੱਖ ਪੂਰਦਾ ਹੈ।
                              ਕੁਝ ਅਰਸਾ ਪਹਿਲਾਂ  ਇਸ ਸਮਾਧ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਸੇ ਪਿੰਡ ਦੇ ਜੰਮਪਲ ਪ੍ਰਵਾਸੀ ਲੇਖਕ ਹਰ ਮੋਹਿੰਦਰ ਸਿੰਘ ਚਾਹਲ ਦੇ ਕਹਾਣੀ ਸੰਗ੍ਰਹਿ 'ਅੰਨੀ ਗਲੀ ਦੇ ਬਸ਼ਿੰਦੇ ਤੇ ਇਕ ਸਫ਼ਲ ਸਾਹਿਤਕ ਗੋਸਟੀ ਦਾ ਆਯੋਜਨ ਕਰਕੇ ਆਪਣੀਆਂ ਨਵੀਆਂ ਸੋਚਾਂ ਅਨੁਸਾਰ ਨਵੀਆਂ ਲੀਹਾਂ ਪਾਉਣ ਦਾ ਇਕ ਹੋਰ ਸਬੂਤ ਪੇਸ਼ ਕੀਤਾ। ਇਹ ਗੋਸ਼ਟੀ ਬੰਦ ਕਮਰਿਆ ਵਿਚ ਹੋਣ ਵਾਲੀ ਆਮ ਸਾਹਿਤਕ ਗੋਸ਼ਟੀ ਨਹੀਂ ਸੀ  ਸਗੋਂ ਸੈਕੜਿਆਂ ਦੀ ਤਦਾਦ ਵਿਚ ਪਿੰਡ ਦੇ ਆਮ ਲੋਕਾਂ  ਵੀ ਲੇਖਕਾਂ ਦੇ ਵਿਚਾਰ ਸੁਨਣ ਤੇ ਮਾਨਣ ਲਈ ਪਹੁੰਚੇ ਹੋਏ ਸਨ।  ਗੋਸ਼ਟੀ ਦੇ ਸਰੋਤਿਆਂ ਵਿਚ 80 ਸਾਲ ਦੇ ਬਜ਼ੁਰਗਾਂ ਤੋਂ ਲੈ ਕੇ 15 ਸਾਲ ਦੇ ਬੱਚੇ ਤੱਕ ਸ਼ਾਮਿਲ ਸਨ। ਪੰਜਾਬੀ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ: ਸਤੀਸ ਕੁਮਾਰ ਵਰਮਾ ਦੀ ਨਿਗਰਾਨੀ ਹੇਠ ਹੋਈ ਇਹ ਗੋਸ਼ਟੀ ਸਾਰੇ ਲੇਖਕ ਨੂੰ ਸੁਨੇਹਾ ਦੇ ਰਹੀ ਸੀ ਕਿ ਮਾਂ ਬੋਲੀ  ਦੀ ਸੇਵਾ ਕਰਨ ਦਾ ਦਾਵਾ ਕਰਨ ਵਾਲਿੳ ! ਮੈਂ ਉਨ੍ਹਾ ਗੋਸਟੀਆਂ ਤੋਂ ਕਈ  ਗੁਣਾਂ  ਵੱਧ ਸਾਰਥਕ ਹਾਂ ਜਿਨਾ ਵਿਚ ਤੁਸੀਂ ਬੁਲਾਰੇ ਵੀ ਆਪ ਹੁੰਦੇ ਹੋ ਤੇ ਸਰੋਤੇ ਵੀ ਆਪ ਹੁੰਦੇ ਹੋ। 
                       ਇਸ ਗੋਸ਼ਟੀ ਨੇ ਤਿੰਨ ਹੋਰ ਪਰੰਪਰਾਵਾਦੀ ਰਵਾਇਤਾਂ ਨੂੰ ਤੋੜ ਕੇ ਨਵੀਆਂ ਲੋਕਾਇਤੀ ਰਸ਼ਮਾ ਦੀ ਸ਼ੁਰੁਆਤ ਕੀਤੀ।  ਆਪਣੀ ਮਿੱਟੀ ਨਾਲ ਜੁੜੇ ਹੋਏ ਕਹਾਣੀਕਾਰ ਹਰ ਮੋਹਿੰਦਰ ਚਾਹਲ ਨੇ ਅਮਰੀਕਾਂ ਦੇ ਕਿਸੇ ਵੱਡੇ ਸੈਮੀਨਾਰ ਹਾਲ  ਵਿਚ ਕਿਸੇ ਉੱਚੇ ਰੁਤਬੇ ਵਾਲੇ ਵਿਅਕਤੀ ਹੱਥੋਂ ਆਪਣੀ ਕਿਤਾਬ ਰਿਲੀਜ਼ ਕਰਾਉਣ ਦੀ ਬਜ਼ਾਇ ਆਪਣੇ ਪਿੰਡ.ਚ ਆਪਣੇ ਲੋਕਾ ਵਿਚਕਾਰ ਆਪਣੀ ਹੀ ਬੇਬੇ ਹੱਥੋਂ ਇਸ ਕਿਤਬ ਦਾ ਵਿਮੋਚਣ ਕਰਵਾਏ ਜਾਣਾ ਪਸੰਦ ਕੀਤਾ। ਭਲਾ ਬੇਬੇ ਤੋਂ ਉੱਚਾ ਰੁਤਬਾ ਕਿਸੇ ਹੋਰ ਦਾ ਹੋ ਵੀ ਕਿਵੇਂ ਸਕਦਾ ਹੈ। ਮਾਤਾ ਰਮਿੰਦਰ ਕੌਰ ਨੇ ਜਦੋਂ ਆਪਣੇ ਮਿੰਦੇ ਪੁੱਤ ਦੀ ਕਿਤਾਬ ਤੋਂ ਸੁਨਹਿਰੀ ਕਾਗਜ਼ ਹਟਾਇਆ ਤਾਂ ਉਸ ਤੋਂ ਖੁਸੀ ਸੰਭਾਲੀ ਨਹੀਂ ਸੀ  ਜਾ ਰਹੀ। ਉਸਦੇ ਚੇਹਰੇ ਤੇ ਆਏ ਜਲਾਲ ਤੋਂ ਲੱਗਦਾ ਸੀ, ਜਿਵੇਂ ਉਹ ਕਹਿ ਰਹੀ ਹੋਵੇ , ”ਵੇਖੋ ਪਿੰਡ ਵਾਲਿੳ ਇਹ! ਮੈਂ ਹੀ ਹਾ ਜਿਸ ਮਿੰਦੇ ਵਰਗੇ ਸਰਵਣ ਪੁੱਤ ਨੂੰ ਜਨਮ ਦਿੱਤਾ ਹੈ'।
                       ਇਸ ਗੋਸ਼ਟੀ ਵਿਚ ਡਾ: ਨਸੀਬ ਬਵੇਜਾ, ਡਾ: ਕੁਲਦੀਪ ਸਿੰਘ ਦੀਪ ,ਪ੍ਰੋ: ਗੁਰਸੇਵਕ ਸਿੰਘ ਲੰਬੀ, ਤੇ ਪ੍ਰੋ:ਬਲਦੇਵ ਸਿੰਘ ਦੋਦੜਾ ਨੇ ਆਪਣੇ ਪੇਪਰ ਪੜ੍ਹੇ। ਪਤਾ ਨਹੀਂ ਇਹਨਾਂ ਵਿਦਵਾਨ ਆਲੋਚਕਾਂ ਨੂੰ ਪਹਿਲਾਂ ਹੀ ਪਤਾ ਸੀ  ਕਿ ਉਹਨਾਂ ਨੂੰ ਪੇਂਡੂ  ਨਾਲ ਰੂ-ਬਰੂ ਹੋਣਾ ਪਵੇਗਾ ਜਾਂ ਮੌਕੇ ਦੀ ਸਥਿਤੀ  ਅਨੁਸਾਰ ਉਨ੍ਹਾਂ ਆਪਣੇ ਆਪ ਨੂੰ ਇਹਨਾਂ ਸਰੋਤਿਆਂ ਅਨੁਸਾਰ ਢਾਲ ਲਿਆ । ਸਾਰੇ ਪੇਪਰਾਂ  ਦੀ ਭਾਸ਼ਾ  ਆਮ ਲੋਕਾਂ  ਦੇ ਸਮਝ  ਵਿਚ ਆਉਣ ਵਾਲੀ ਸੀ। ਅਜਿਹੀ ਸਰਲ ਆਲੋਚਨਾਤਮਕ ਭਾਸ਼ਾ ਹੀ ਲੇਖਕਾਂ ਤੇ ਪਾਠਕਾ ਵਿਚਕਾਰ ਸਾਂਝ ਦਾ ਪੁਲ ਉਸਾਰਦੀ ਹੈ। ਡਾ: ਸਤੀਸ ਵਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ  ਚੁਣ ਚੁਣ ਕੇ  ਉਨ੍ਹਾਂ  ਸ਼ਬਦਾਂ ਦਾ ਇਸਤੇਮਾਲ ਕੀਤਾ ਜਿਨ੍ਹਾਂ ਰਾਹੀਂ ਪੇਂਡੂ ਲੋਕਾ ਨਾਲ ਉਨ੍ਹਾ ਦਾ ਭਾਵਨਾਤਮਕ ਰਿਸ਼ਤਾ ਜੁੜ ਸਕੇ। ਸਾਰੇ ਵਿਦਵਾਨ ਆਲੋਚਕਾਂ  ਵੱਲੋਂ ਆਪਣੇ ਆਪ ਨੂੰ ਪੇਂਡੂ ਮੁੰਹਾਦਰੇ ਅਨੁਸਾਰ ਢਾਲ ਲੈਣ ਕਰਕੇ ਹੀ ਸਰੋਤੇ ਪੂਰੇ ਤਿੰਨ ਘੰਟੇ ਉਹਨਾ ਨੂੰ ਇਸ ਤਰਾਂ ਮਾਨਸਿਕ ਇਕਾਗਰਤਾਂ ਨਾਲ ਸੁਣਦੇ ਰਹੇ ਜਿਵੇਂ ਉਹ ਕਿਸੇ ਧਾਰਮਿਕ ਪ੍ਰਵਕਤਾ ਦੇ ਪ੍ਰਵਚਨ ਸੁਣ ਰਹੇ ਹੋਣ। ਜਦੋਂ  ਲੇਖਕ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਆਮ ਲੋਕਾ  ਨਾਲ ਦੂਰੀ ਬਣਾ ਲੈਂਦੇ ਹਨ ਤਾਂ ਲੋਕ ਵੀ ਉਹਨਾ ਦੇ ਨੇੜੇ ਜਾਣਾ ਪਸੰਦ ਨਹੀਂ ਕਰਦੇ। 
                          ਇਸ ਗੋਸ਼ਟੀ ਦਾ ਇਕ ਦਿਲਚਸਪ ਪਹਿਲੂ ਇਹ ਵੀ ਸੀ ਕਿ ਜਦੋਂ ਆਲੋਚਕ ਵਿਦਵਾਨ ਹਰਮੋਹਿੰਦਰ  ਸਿੰਘ  ਚਾਹਲ ਦੇ ਕਹਾਣੀ ਸੰਗ੍ਰਹਿ 'ਤੇ  ਚਰਚਾ ਕਰ ਰਹੇ ਸਨ ਤਾਂ  ਉਹਨਾਂ ਦੇ ਮੂੰਹੋ ਆਪਣੇ ਪੁੱਤਰ ਦੀਆ ਕਹਾਣੀਆਂ ਦੀ  ਤਰੀਫ਼ ਸੁਣ ਕੇ ਬੁਢੀ ਮਾਂ ਤੋਂ ਰਹਿ ਨਾ ਹੁੰਦਾ ਤੇ ਉਹ  ਤੇ ਉਹ ਆਲੋਚਕਾਂ ਦੇ ਸਿਰ ਤੋਂ ਪੰਜਾਹ ਰੁਪਏ ਦਾ ਵਾਰਣਾ ਕਰਨ ਤੁਰ ਪੈਂਦੀ। ਜਦੋਂ ਪਿੰਡ ਵਿਚ ਅਖਾੜਾ ਲੱਗਿਆ ਹੋਵੇ ਤਾਂ ਗਾਉਣ ਵਾਲੀਆ ਬੀਬੀਆਂ ਤੋਂ ਨੋਟ ਵਾਰਦੇ ਲੋਕ ਆਮ ਵੇਖੇ ਜਾ ਸਕਦੇ ਹਨ ।  ਆਰਕੈਸਟਰਾ ਵਾਲੀਆਂ ਕੁੜੀਆਂ ਨਾਲ ਨੱਚਣ  ਤੇ ਉਹਨਾਂ 'ਤੇ ਪੈਸੇ ਵਾਰ ਕੇ ਸੁੱਟਣ ਵੇਲੇ ਤਾਂ ਕਈ ਸੱਤਰ ਸਾਲ ਦੇ ਬਾਬੇ ਵੀ ਆਪਣੀ ਦਾੜ੍ਹੀ ਦੀ ਸ਼ਰਮ  ਭੁਲ ਜਾਂਦੇ ਹਨ ਪਰ ਮੈ ਆਪਣੇ ਚਾਰ ਦਹਾਕਿਆ ਦੇ ਸਾਹਿਤਕ ਸਫ਼ਰ ਦੌਰਾਨ ਪਹਿਲੀ ਵਾਰ ਇਹ ਘਟਣਾ ਵਾਪਰਦੀ ਵੇਖੀ , ਜਦੋਂ ਪੰਜਾਬੀ ਸਾਹਿਤ ਦੇ ਕਿਸੇ ਆਲੋਚਕ ਨੂੰ ਕਿਸੇ ਬਜ਼ੁਰਗ ਸਰੋਤੇ ਨੇ ਇਸ ਤਰਾਂ ਸਨਮਾਨਿਤ ਕੀਤਾ ਹੋਵੇ।
                       ਲੇਖਕਾਂ ਤੇ ਪਾਠਕਾਂ ਵਿਚਕਾਰ ਸਾਂਝ ਵਧਾਉਣ ਵਾਲਾ ਤੇ ਸ਼ਬਦ ਸਭਿਆਚਾਰ ਦੀ ਮਹਤੱਤਾ ਨੂੰ ਉਜਾਗਰ ਕਰਨ ਵਾਲਾ ਆਲਮਪੁਰ ਮੰਦਰਾਂ ਦਾ ਜੋਗੀ ਪੀਰ ਸਾਡਾ ਆਪਣਾ ਹੈ, ਜੇ ਹੋਰ ਸਮਾਧਾਂ ਦੇ ਪ੍ਰਬੰਧਕ ਵੀ ਇਸ ਪੀਰ ਦੀ ਪ੍ਰਬੰਧਕ ਕਮੇਟੀ ਵਾਂਗ ਸੁਹਰਿਦ ਤੇ ਪ੍ਰਗਤੀਸ਼ੀਲ ਹੋਣ  ਦਾ ਸਬੂਤ ਦੇਣ ਤਾਂ  ਉਹਨਾਂ ਥਾਵਾਂ ਦੇ ਜੋਗੀ ਪੀਰ ਵੀ ਸਾਡੇ ਆਪਣੇ ਬਣ ਸਕਦੇ ਹਨ।