ਉਹਨਾਂ ਦਾ ਰਹਿਣ ਸਹਿਣ ਤੇ ਖੁੱਲੀ ਜ਼ਮੀਨ ਜਾਇਦਾਦ ਕਰਕੇ ਪਿੰਡ ਵਿੱਚ ਉਹ ਸਰਦਾਰ ਕਰਕੇ ਜਾਣੇ ਜਾਂਦੇ ਸਨ। ਇਸ ਜਾਇਦਾਦ ਦਾ ਮਾਲਕ ਆਪਣੇ ਪਿਉ ਦਾ ਇੱਕੋ ਇੱਕ ਪੁੱਤਰ ਸੁੱਚਾ ਸਿੰਘ ਸੀ। ਪਿੰਡ ਦੇ ਚੜਦੇ ਪਾਸੇ ਸੁੱਚਾ ਸਿੰਘ ਦੀ ਸੋਹਣੀ ਹਵੇਲੀ, ਜਿਸ ਵਿੱਚ ਫੋਰਡ ਟਰੈਕਟਰ ਖੜਾ ਹੁੰਦਾ ਤੇ ਇੱਕ ਪਾਸੇ ਪੱਕੀ ਖੁਰਲੀ ਤੇ ਅੱਠ ਦਸ ਮੱਝਾਂ ਗਾਈਆਂ ਬੱਝੀਆਂ ਹੁੰਦੀਆਂ। ਦੋ ਬੱਗੇ ਬਲ਼ਦਾਂ ਜੋੜੀ ਤੇ ਇੱਕ ਘੋੜੀ ਸਿਰਫ਼ ਸ਼ੌਂਕ ਲਈ ਸੁੱਚਾ ਸਿੰਘ ਨੇ ਰੱਖੇ ਹੋਏ ਸੀ। ਹਵੇਲੀ ਦੇ ਅੰਦਰ ਹੀ ਲੱਗੀ ਹੋਈ ਮੋਟਰ ਸੀ ਜਿਸਦਾ ਪਾਣੀ ਹਵੇਲੀ ਦੀ ਕੰਧ ਦੇ ਬਾਹਰਲੇ ਪਾਸੇ ਬਣਾਏ ਹੋਏ ਲੰਬੇ ਸਾਰੇ ਚਲੇ ਵਿੱਚ ਦੀ ਹੋ ਕੇ ਖੇਤਾਂ ਨੂੰ ਜਾਂਦਾ ਸੀ। ਇਸ ਕੰਧ ਨਾਲ ਬਣਾਏ ਚਲੇ ਵਿੱਚੋਂ ਅੱਧੇ ਪਿੰਡ ਦੇ ਪਸ਼ੂ ਪਾਣੀ ਪੀਂਦੇ ਕਿਉਂਕਿ ਬਣਾਇਆ ਹੀ ਇਸ ਢੰਗ ਨਾਲ ਸੀ ਕਿ ਰਾਹ ਜਾਂਦਾ ਕੋਈ ਵੀ ਪਿੰਡ ਦਾ ਡੰਗਰ ਇੱਥੋਂ ਆਪਣੀ ਪਿਆਸ ਬੁਝਾ ਕੇ ਹੀ ਅੱਗੇ ਲੰਘੇ। ਇਸਦੇ ਨਾਲ ਇੱਕ ਨਲਕਾ ਵੀ ਲਗਾਇਆ ਹੋਇਆ ਸੀ ਤਾਂ ਕਿ ਰਾਹਗੀਰ ਮੋਟਰ ਬੰਦ ਹੋਣ ਤੇ ਨਲਕੇ ਤੋਂ ਪਾਣੀ ਪੀ ਸਕਣ। ਹਵੇਲੀ ਨਾਲ ਲੱਗਦੀ ਜ਼ਮੀਨ ਦਾ ਟੱਕ ਵੀ ਇੱਕ ਸਾਰ ਤੇ ਪੱਧਰਾ ਹੋਣ ਕਰਕੇ ਹਰ ਕਿਸੇ ਦਾ ਧਿਆਨ ਆਪਣੇ ਖਿੱਚਦਾ। ਹਵੇਲੀ ਵਿੱਚ ਦੋ ਚਾਰ ਬੰਦੇ ਆਮ ਹੀ ਹੋਣਾ ਇੱਕ ਸੁਭਾਵਿਕ ਗੱਲ ਸੀ। ਕਿਉਂਕਿ ਸੁੱਚਾ ਸਿੰਘ ਦੇ ਯਾਰਾਂ ਬੇਲੀਆਂ ਤੋਂ ਇਲਾਵਾ ਚਾਰ ਪੰਜ ਕਾਮੇ ਵੀ ਸਦਾ ਹੁੰਦੇ। ਬੇਸ਼ੱਕ ਕੁਝ ਕਾਮੇ ਬਾਹਰਲੇ ਖੇਤੀਂ ਹੁੰਦੇ ਪਰ ਇੱਕ ਜਾਂ ਦੋ ਕਾਮੇ ਪਸੂæਆਂ ਨੂੰ ਪੱਠਾ ਦੱਥਾ ਪਾਉਣ ਦਾ ਕੰਮ ਕਰਦੇ ਜਾਂ ਹਵੇਲੀ ਵਾਲੀ ਜਮੀਨ ਵਿੱਚ ਕੋਈ ਨਾ ਕੋਈ ਕੰਮ ਕਰਦੇ ਹੁੰਦੇ। ਸੁੱਚਾ ਸਿੰਘ ਆਪ ਤਾਂ ਕੰਮ ਕਾਰ ਘੱਟ ਕਰਦਾ ਪਰ ਆਪਣੇ ਸਾਰੇ ਕੰਮ ਕਾਰ ਤੇ ਨਿਗ੍ਹਾ ਉਸਦੀ ਪੂਰੀ ਹੁੰਦੀ। ਉਹ ਆਪ ਆਪਣੇ ਯਾਰਾਂ ਬੇਲੀਆਂ ਨਾਲ ਦੁਪਿਹਰੋਂ ਤੋਂ ਪੀਣੀ ਸ਼ੁਰੂ ਕਰ ਦਿੰਦਾ ਜਾਂ ਇੰਝ ਕਹਿ ਲਉ ਕਿ ਉਹ ਆਪਣੇ ਯਾਰਾਂ ਬੇਲੀਆਂ ਨੂੰ ਪਿਲਾਉਣੀ ਸ਼ੁਰੂ ਕਰ ਦਿੰਦਾ। ਕਿਉਂਕਿ ਸਾਰਾ ਖਰਚਾ ਉਸਦਾ ਹੁੰਦਾ, ਬਾਕੀ ਤਾਂ ਉਸ ਨਾਲ ਪਿਆਲਾ ਹੀ ਸਾਂਝਾ ਕਰਦੇ। ਉਹ ਹਰ ਰੋਜ਼ ਰਾਤ ਨੂੰ ਸ਼ਰਾਬੀ ਹੋ ਕੇ ਘਰ ਵੜਦਾ। ਉਸਦੀ ਘਰ ਵਾਲੀ ਨਸੀਬ ਕੌਰ ਬਥੇਰਾ ਆਖਦੀ ਕਿ 'ਜੇ ਪੀਣੀ ਹੁੰਦੀ ਆ ਤਾਂ ਰਾਤ ਦੀ ਰੋਟੀ ਵੇਲੇ ਪੀ ਲਿਆ ਕਰ ਦੋ ਹਾੜੇ' ਪਰ ਉਹ ਉਸਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੰਦਾ ਤੇ ਇਹ ਕਹਿ ਛੱਡਦਾ ਕਿ 'ਜ਼ਨਾਨੀ ਦਾ ਕੰਮ ਬੰਦੇ ਨੂੰ ਪੀਣ ਤੋਂ ਰੋਕਣਾ ਈ ਰੋਕਣਾ, ਪਰ ਉਹ ਬੰਦਾ ਕਾਹਦਾ ਜੋ ਤੀਂਵੀਆਂ ਦੇ ਰੋਕਿਆਂ ਸ਼ਰਾਬ ਪੀਣੀ ਛੱਡ ਦੇਵੇ।' ਇਸ ਤਰਾਂ ਸੁੱਚਾ ਸਿੰਘ ਆਪਣੇ ਆਪ ਨੂੰ ਖੁਦ ਹੀ ਹੱਲਾਸ਼ੇਰੀ ਦੇ ਲੈਂਦਾ।
ਸੁੱਚਾ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਨੇ ਉਸਦੀ ਔਲਾਦ ਨੂੰ ਇੱਕ ਤਰਾਂ ਕੁਝ ਆਜਾਦ ਤੇ ਵਿਹਲੜ ਬਣਾ ਦਿੱਤਾ। ਚਾਰੇ ਮੁੰਡੇ ਜਵਾਨੀ ਵਿੱਚ ਪੈਰ ਧਰਦਿਆ ਪੈੱਗ ਲਾ ਲਿਆ ਕਰਦੇ ਸਨ। ਪਰ ਮੁੰਡਿਆਂ ਵਿੱਚ ਪਿਉ ਵਾਲੀ ਕੰਡ ਨਹੀਂ ਸੀ, ਜਿਸ ਕਰਕੇ ਸੁੱਚਾ ਸਿੰਘ ਦੇ ਪਿੱਛੋਂ ਮੁੰਡੇ ਵਾਹੀ ਵੱਲ ਉਨਾਂ ਧਿਆਨ ਨਾ ਦਿੰਦੇ। ਸੁੱਚਾ ਸਿੰਘ ਪੀਣ ਦੀ ਆਦਤ ਕਾਰਨ ਹੀ ਇੱਕ ਦਿਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਉਹ ਉਸ ਦਿਨ ਵੀ ਦੁਪਿਹਰ ਦਾ ਪੀਂਦਾ ਸੀ ਤੇ ਜਦੋਂ ਰਾਤ ਨੂੰ ਘਰ ਜਾ ਰਿਹਾ ਸੀ ਤਾਂ ਤੁਰੇ ਜਾਂਦੇ ਦਾ ਕਿਤੇ ਪੈਰ ਦਾ ਠੇਡਾ ਲੱਗ ਗਿਆ ਤੇ ਉਹ ਧੌਣ ਪਰਨੇ ਡਿੱਗਣ ਕਾਰਨ ਸਾਰੀ ਰਾਤ ਡਿੱਗਾ ਰਿਹਾ। ਜਿਸ ਕਰਕੇ ਸੁੱਚਾ ਸਿੰਘ ਦੀ ਧੌਣ ਦਾ ਮਣਕਾ ਟੁੱਟਣ ਨਾਲ ਮੌਤ ਹੋ ਗਈ।
ਉਹ ਕਾਹਦਾ ਮਰਿਆ, ਸਗੋਂ ਕਈਆਂ ਦੇ ਵਾਰੇ ਨਿਆਰੇ ਹੋਣ ਲੱਗੇ। ਮੁੰਡੇ ਤਾਂ ਸੁੱਚਾ ਸਿੰਘ ਦੇ ਜਿਊਂਦੇ ਹੁੰਦੇ ਵੀ ਕੰਮ ਕਾਰ ਵੱਲ ਤਵੱਜੋ ਨਹੀਂ ਦਿੰਦੇ ਸਨ ਤੇ ਉਸਦੇ ਮਰਨ ਦੇ ਬਾਅਦ ਉਹ ਬਿਲਕੁਲ ਆਜ਼ਾਦ ਹੋ ਗਏ। ਨੌਕਰ ਵੀ ਹੁਣ ਕੰਮ ਮਰਜ਼ੀ ਨਾਲ ਕਰਦੇ ਤੇ ਹੱਥ ਆਈ ਚੀਜ਼ ਆਪਣੇ ਘਰਾਂ ਨੂੰ ਲਿਜਾਣੋਂ ਨਾ ਝਿਜਕਦੇ। ਜਿਸ ਕਰਕੇ ਸੁੱਚਾ ਸਿੰਘ ਵਾਲੀ ਨਾ ਤਾਂ ਖੇਤਾਂ ਵਿੱਚ ਹੀ ਬਹਾਰ ਰਹੀ, ਨਾ ਹੀ ਹਵੇਲੀ ਤੇ ਪਹਿਲਾਂ ਵਾਲੀ ਰੌਣਕ ਰਹੀ । ਪਰ ਸੁੱਚਾ ਸਿੰਘ ਦਾ ਛੋਟਾ ਮੁੰਡਾ ਦੀਪ ਥੋੜਾ ਥੋੜਾ ਸੁੱਚਾ ਸਿੰਘ ਦੇ ਸੁਭਾਅ ਦਾ ਭੁਲੇਖਾ ਪਾਉਂਦਾ ਤਾਂ ਕਈ ਵਾਰ ਤਾਇਆ ਭਾਨਾ ਕਹਿ ਛੱਡਦਾ 'ਆਹ ਦੀਪ ਲੱਗਦਾ ਸੁੱਚੇ ਦਾ ਦੂਜਾ ਰੂਪ ਈ ਆ । ਵੱਡੇ ਤਾਂ ਸਾਲੇ ਨਫੀਅਥੜ ਕਮਚੋਟੇ ਜਿਹੇ ਦੇਖਣ ਨੂੰ ਈ ਸਹੁਰੇ ਅੱਧ ਮਰੇ ਲੱਗਦੇ ਆ।'
'ਆਹੋ ਤਾਇਆ ਦੀਪ ਸਾਊ ਆ ਖਰੇ ਘਰ ਨੂੰ ਠੁੰਮਣਾ ਦੇ ਕੇ ਸਾਂਭ ਲਏ। ਨਹੀਂ ਤਾਂ ਖੈਰ ਆ ਸਰਦਾਰਾਂ ਦੀ ਸਰਦਾਰੀ ਦੀ।' ਤਾਏ ਭਾਨੇ ਦੀ ਗੱਲ ਦਾ ਜੁਆਬ ਦਿੰਦੇ ਹੋਏ ਅੱਗੋ ਮੰਗੂ ਅਮਲੀ ਬੋਲਦਾ।
'ਬਥੇਰਾ ਖਾਣ ਨੂੰ ਸਰਦਾਰਾਂ ਕੋਲ ਮੁੱਕਦਾ ਨੀ ਅੱਗ ਲਾਇਆ । ਮਾਂ ਈ ਕਿੱਦਾਂ ਦੇ ਟੱਕ ਆ ਪੈਲੀ ਦੇ ਬੰਦਾ ਬੀਜਿਆ ਹਰਾ ਹੁੰਦਾ । ਇਨਾਂ ਦੀ ਸਰਦਾਰੀ ਨੀ ਜਾਂਦੀ ਅਮਲੀਆ ਤੂੰ ਆਪਣੀ ਸ਼ਾਮ ਸਵੇਰ ਦਾ ਸੋਚ, ਸਰਦਾਰਾਂ ਨੂੰ ਛੱਡ ਪਰਾਂ, ਵੱਡਾ ਹੇਜੜਾ ਉਹਨਾਂ ਦਾ।' ਅਮਲੀ ਦੀ ਗੱਲ ਨੂੰ ਕੱਟਦਾ ਹੋਇਆ ਗਿੰਦੂ ਵੀ ਆਪਣੀ ਭੜਾਸ ਕੱਢ ਗਿਆ।
ਉਹ ਤਾਇਆ ਗੱਲ ਤੇਰੀ ਠੀਕ ਆ ਕਿ ਦੀਪ ਪਿਉ ਵਰਗਾ ਲੱਗਦਾ, ਪਰ ਸੁੱਚਾ ਸਿਹੁੰ ਨੇ ਕਿਹੜਾ ਕੰਮ ਕੀਤਾ ਕੋਈ। ਵਾਹੀ ਨੌਕਰ ਕਰਦੇ ਰਹੇ ਤੇ ਆਪ ਉਹਨੇ ਸ਼ਰਾਬ ਨੀ ਉੱਤਰਨ ਦਿੱਤੀ। ਤਾਏ ਭਾਨੇ ਦੀ ਹਾਂ ਵਿੱਚ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਮਿੰਦਰ੍ਹ ਮਾਹਟਰ ਨੇ ਸੁੱਚਾ ਸਿੰਘ ਦੇ ਸ਼ਰਾਬੀ ਹੋਣ ਦੀ ਗੱਲ ਨੂੰ ਵੀ ਚੇਤੇ ਕਰਵਾਇਆ।
ਤਾਇਆ ਭਾਨਾ ਸੁੱਚਾ ਸਿੰਘ ਨੂੰ ਮਾੜਾ ਨਹੀਂ ਸਮਝਦਾ ਸੀ ਇਸ ਕਰਕੇ ਉਸਦਾ ਪੱਖ ਕਰਦਿਆਂ ਕਹਿਣ ਲੱਗਾ 'ਮਾਹਟਰਾ ਤੂੰ ਉਦੋਂ ਨਿਆਣਾ ਸੀ ਜਦੋਂ ਸੁੱਚਾ ਸਾਰੀ ਵਾਹੀ ਖੁਦ ਕਰਿਆ ਕਰਦਾ ਸੀ। ਇਹ ਸਾਰਾ ਸਾਰਾ ਦਿਨ ਟਿਕਦਾ ਨਾ ਸੀ। ਆਹ ਸਾਲੇ ਘੁੱਦੇ ਹੋਣਾਂ ਐਸਾ ਸ਼ਰਾਬ ਤੇ ਲਾਇਆ, ਹੌਲੀ ਹੌਲੀ ਸਾਰਾ ਕੰਮ ਨੌਕਰਾਂ ਜੋਕਰੀ ਛੱਡਤਾ। ਪਰ ਫਿਰ ਵੀ ਵਾਹੀ ਚੰਗੀ ਕਰੀ ਜਾਂਦਾ ਸੀ।'
ਇਸ ਤਰਾਂ ਦੀਆਂ ਗੱਲਾਂ ਆਮ ਸਨ ਜੋ ਕਿ ਸੁੱਚਾ ਸਿੰਘ ਜਾਂ ਉਸਦੇ ਟੱਬਰ ਬਾਰੇ ਹੁੰਦੀਆਂ ਰਹਿੰਦੀਆਂ। ਪਰ ਅਸਲ ਵਿੱਚ ਉਸਦੇ ਦੇ ਟੱਬਰ ਵਿੱਚ ਪਹਿਲਾਂ ਵਾਲੀ ਗੱਲ ਬਾਕੀ ਨਹੀਂ ਸੀ ਰਹਿਗੀ। ਇਸ ਬਾਰੇ ਸਭ ਤੋਂ ਜਿਆਦਾ ਨਸੀਬ ਕੌਰ ਜਾਣਦੀ ਸੀ। ਕਿਉਂਕਿ ਉਹ ਆਪਣੀਆਂ ਨਣਦਾਂ ਦੀਆਂ ਕੁੜੀਆਂ ਦੇ ਵਿਆਹਾਂ ਮੌਕੇ ਸੁਨਿਆਰ ਕੋਲੋਂ, ਬਜਾਜਾਂ ਕੋਲੋਂ ਤੇ ਬਾਣੀਆਂ ਕੋਲੋਂ ਕਰਜ਼ਾ ਚੁੱਕ ਕੇ ਲੋੜੋਂ ਵੱਧ ਖਰਚਾ ਕਰਨ ਤੋਂ ਸੁੱਚਾ ਸਿੰਘ ਨੂੰ ਰੋਕ ਨਹੀਂ ਸਕੀ ਸੀ। ਇਸ ਤੋਂ ਇਲਾਵਾ ਸੁੱਚਾ ਸਿੰਘ ਦੀ ਨਿੱਤ ਦੀ ਢਾਣੀ ਬੰਨ ਕੇ ਪੀਤੀ ਜਾਂਦੀ ਸ਼ਰਾਬ ਨੇ ਘਰ ਦਾ ਹੋਰ ਵੀ ਲੱਕ ਤੋੜ ਦਿੱਤਾ । ਸੁੱਚਾ ਸਿੰਘ ਆਪਣੇ ਪਿੰਡ ਤੇ ਭੈਣਾਂ ਦੇ ਸਹੁਰੀਂ ਆਪਣਾ ਪੂਰਾ ਟੌਹਰ ਦਿਖਾਉਣ ਤੇ ਬਣਾਉਣ ਖਾਤਰ ਹਰ ਵਾਹ ਲਾ ਗਿਆ। ਪਰ ਮਰਦੇ ਸਮੇਂ ਆਪਣੇ ਮੁੰਡਿਆਂ ਸਿਰ ਕਰਜ਼ੇ ਦਾ ਬੋਝ ਪਾ ਗਿਆ। ਜਿਸਨੂੰ ਸੁੱਚਾ ਸਿੰਘ ਨੇ ਆਪਣੇ ਜਿਊਂਦੇ ਜੀਅ ਕਦੇ ਜ਼ਾਹਿਰ ਨਾ ਹੋਣ ਦਿੱਤਾ। ਪਰ ਅੱਗੋਂ ਮੁੰਡੇ ਕੰਮ ਕਾਰ ਨੂੰ ਢਿੱਲੇ ਹੋਣ ਕਰਕੇ ਬਹੁਤਾ ਚਿਰ ਇਹ ਗੱਲ ਛੁਪੀ ਨਾ ਰਹੀ ਤਾਂ ਨਸੀਬ ਕੌਰ ਨੇ ਕੋਈ ਵਾਹ ਪੇਸ਼ ਨਾ ਜਾਂਦੀ ਦੇਖ ਕੇ ਕਰਜੇ ਵਾਲੀ ਗੱਲ ਮੁੰਡਿਆਂ ਕੋਲ ਕੀਤੀ।
ਅੱਗੋਂ ਵੱਡਾ ਮੁੰਡਾ 'ਬੋਲਿਆ ਅਸੀਂ ਕੀ ਕਰੀਏ ਕਿੱਲੇ ਦੋ ਕਿੱਲੇ ਵੇਚ ਦਿੰਨੇ ਆ ਬਥੇਰੀ ਆ। ਨਾਲੇ ਭਾਪੇ ਨੂੰ ਕੀ ਲੋੜ ਪਈ ਸੀ ਅੱਡੀਆਂ ਚੁੱਕ ਕੇ ਫਾਹਾ ਲੈਣ ਦੀ।'
'ਹੈ ਹੈ ਵੇ ਸ਼ਰਮ ਕਰ ਕੁਛ, ਤੇਰਾ ਪਿਉ ਸੀ ਉਹ । ਚੰਗੀ ਤੂੰ ਉਹਦੀ ਇਜ਼ਤ ਬਣਾਉਣ ਲੱਗਿਆਂ ਟੁੱਟ ਪੈਣਿਆ। ਉਹਨੇ ਸਾਰੀ ਉਮਰ ਚਾਹੇ ਕੰਮ ਕੀਤਾ ਚਾਹੇ ਨਹੀਂ ਕੀਤਾ। ਪਰ ਅੱਜ ਤੱਕ ਜ਼ਮੀਨ ਵੱਲ ਕਦੇ ਵੇਖਿਆ ਤੱਕ ਨੀ ਸੀ। ਸਾਰਾ ਕੰਮ ਕਾਜ ਸਾਂਭਦਾ ਤੇ ਕਰਦਾ ਸੀ ਨਾਲੇ ਚਾਰ ਬੰਦਿਆਂ ਵਿੱਚ ਵੀ ਗੱਲ ਕਾਰ ਸੀ ਪਿਉ ਤੇਰਾ। ਖਬਰਦਾਰ ਜੇ ਜ਼ਮੀਨ ਵੇਚਣ ਦਾ ਨਾਂ ਵੀ ਲਿਆ ਤਾਂ।' ਨਸੀਬ ਕੌਰ ਨੇ ਜਿੱਥੇ ਮੁੰਡੇ ਨੂੰ ਗੁੱਸੇ ਨਾਲ ਝਾੜਿਆ ਉੱਥੇ ਆਪਣੇ ਮਰ ਚੁੱਕੇ ਪਤੀ ਦੀ ਦਿਲੋਂ ਸਿਫਤ ਕੀਤੀ।
ਮੈਂ ਕੀ ਕਹਿਤਾ ਬੀਬੀ ਐਂਵੇ ਗੱਲ ਪੈਗੀ ਮੇਰੇ। ਕਰਜ਼ਾ ਉਹਦਾ ਸਿਰ ਚੜਾਇਆ ਤੇ ਅਸੀਂ ਹੁਣ ਮਰਜੀਏ ਭਲਾ। ਵੱਡਾ ਮੁੰਡਾ ਪਿA ਦੇ ਸਿਰ ਚੜਾਏ ਕਰਜ਼ੇ ਕਰਕੇ ਤਾਂ ਦੁਖੀ ਸੀ ਹੀ ਨਾਲ ਇਹ ਵੀ ਆਖਦਾ ਸੀ ਕਿ 'ਸਾਡੇ ਲਈ ਕੀ ਛੱਡ ਗਿਆ। ਆਪ ਤਾਂ ਐਸ਼ ਕਰਦਾ ਰਿਹਾ ਸਾਰੀ ਉਮਰ, ਅਸੀਂ ਹੁਣ ਮੰਗਣ ਤੁਰ ਪਈਏ ਘਰੋ ਘਰੀ।'
'ਮਿਹਨਤ ਕਰੋ, ਰੱਜ ਕੇ ਖਾA ਘਰ ਕਾਹਦਾ ਘਾਟਾ, ਸੁੱਖ ਨਾਲ ਹਰ ਚੀਜ਼ ਬਣਾਈ ਆ ਮਰਨ ਵਾਲੇ ਨੇ। ਟਰੈਕਟ ਤੁਹਾਡੇ ਕੋਲ ਹੈਗਾ, ਲਵੇਰਾ ਵਾਧੂ ਆ ਘਰ। ਹੋਰ ਕੀ ਲੈਣਾ ਰੱਬ ਤੋਂ ਜੇ ਸਾਲ ਦੋ ਸਾਲ ਡੱਟ ਕੇ ਵਾਹੀ ਕਰਲੋ, ਕਰਜ਼ਾ ਤਾਂ ਔਹ ਜਾਊ। ਨਾਲੇ ਲੋਕਾਂ ਦਾ ਮੂੰਹ ਬੰਦ ਹੋਜੂ।' ਨਸੀਬ ਕੌਰ ਨੇ ਮੁੰਡੇ ਨੂੰ ਸਮਝਾਉਣਾ ਚਾਹਿਆ। ਪਰ ਉਹ ਸਮਝਣ ਨਾਲੋਂ ਸਮਝਾਉਣਾ ਚਾਹੁੰਦਾ ਸੀ ਕਿ ਕਰਜ਼ਾ ਕੰਮ ਕਰਕੇ ਨਹੀਂ ਜ਼ਮੀਨ ਵੇਚ ਕੇ ਲੱਥੂ।
ਸਮਾਂ ਬੀਤ ਰਿਹਾ ਸੀ ਤੇ ਕਰਜੇ ਵਾਲੇ ਘਰ ਦੇ ਬੂਹੇ ਤੇ ਆਉਣ ਲੱਗ ਪਏ। ਦੂਸਰਾ ਮੁੰਡੇ ਕੰਮ ਕਾਰ ਕਰ ਕੇ ਰਾਜ਼ੀ ਨਹੀਂ ਸਨ। ਸੋ ਨਸੀਬ ਕੌਰ ਨੇ ਆਪਣੇ ਵੱਡੇ ਮੁੰਡੇ ਨੂੰ ਜ਼ਿੰਮੇਵਾਰੀ ਵਿੱਚ ਬੰਨਣ ਲਈ ਉਸਦਾ ਵਿਆਹ ਕਰਨ ਬਾਰੇ ਸੋਚਿਆ, ਤਾਂ ਕਰਜ਼ਾ ਫਿਰ ਮੂਹਰੇ ਆ ਖੜਿਆ। ਅਖੀਰ ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਨਸੀਬ ਕੌਰ ਜ਼ਮੀਨ ਦਾ ਕੁਝ ਹਿੱਸਾ ਵੇਚਣ ਲਈ ਮਨੋ ਮਨੀ ਤਿਆਰ ਹੋ ਗਈ।
ਨਸੀਬ ਕੌਰ ਨੇ ਪੜਦੇ ਜਿਹੇ ਨਾਲ ਹੀ ਸ਼ਹਿਰ ਵਾਲੇ ਦੇਸਾ ਸਿਹੁੰ ਨਾਲ ਗੱਲ ਕੀਤੀ। ਉਸ ਕੋਲੋਂ ਉਹ ਘਰ ਦਾ ਸੌਦਾ ਵਗੈਰਾ ਲੈਂਦੇ ਸਨ ਜੋ ਬਹੁਤਾ ਉਧਾਰ ਹੀ ਆਉਂਦਾ ਸੀ । ਇਸ ਕਰਕੇ ਦੇਸਾ ਸਿੰਘ ਦਾ ਵੀ ਕਾਫੀæ ਸਾਰਾ ਪੈਸਾ ਸੁੱਚਾ ਸਿੰਘ ਦੇ ਪਰਿਵਾਰ ਵੱਲ ਫਸਿਆ ਪਿਆ ਸੀ। ਇਸ ਲਈ ਜਦੋਂ ਨਸੀਬ ਕੌਰ ਨੇ ਉਸ ਨਾਲ ਜ਼ਮੀਨ ਵੇਚਣ ਦੀ ਗੱਲ ਕੀਤੀ।
ਦੇਸਾ ਸਿੰਘ ਨੇ ਇਸ ਨਾਲੋਂ ਚੰਗਾ ਮੌਕਾ ਹੱਥ ਨਾ ਆਉਂਦਾ ਦੇਖ ਕਿਹਾ 'ਤੂੰ ਮੇਰੀਆਂ ਭੈਣਾਂ ਵਰਗੀ ਏ ਤੇ ਸੁੱਚਾ ਸਿਹੁੰ ਵੀ ਮੈਨੂੰ ਮੇਰੇ ਭਾਈਆਂ ਨਾਲੋਂ ਵੱਧ ਸੀ। ਅੱਜ ਤੈਨੂੰ ਲੋੜ ਹੈ ਤਾਂ ਮੈਂ ਕਿਸੇ ਗੱਲੋਂ ਪਿੱਛੇ ਨੀ ਹੱਟਦਾ ਪਰ ਜਾਣਨੀ ਏ ਕਿ ਕਰਜਾ ਦਿਨੋ ਦਿਨ ਵਧੀ ਜਾਂਦਾ ਏ। ਹੁਣ ਥੋੜੀ ਵੇਚ ਕੇ ਛੁੱਟ ਜੇਂ ਗੀ ਪਰ ਜੇ ਵੇਖਦੀ ਰਹੀ ਤਾਂ ਸਾਰੀ ਵਿਕ ਜਾਣੀ ਆ। ਬਾਕੀ ਤੇਰੀ ਮਰਜ਼ੀ, ਮੈਂ ਤੇਰੇ ਨਾਲ ਹਾਂ। ਜਿਵੇਂ ਤੂੰ ਚੰਗਾ ਸਮਝੇ ਭੈਣੇ ਮੇਰੀਏ।' ਇੰਨਾ ਆਖ ਦੇਸਾ ਸਿੰਘ ਨਸੀਬ ਕੌਰ ਦੇ ਚਿਹਰੇ ਨੂੰ ਪੜਨ ਲੱਗਾ ਕਿ ਉਸਦਾ ਤੀਰ ਕਿੱਥੇ ਤੱਕ ਤੱਕ ਲੱਗਾ ਹੈ।
'ਮੇਰੀ ਕਾਹਦੀ ਮਰਜ਼ੀ ਵੀਰਾ, ਮੈਂ ਕਰਮਾਂ ਦੀ ਮਾਰੀ ਮਰ ਜਾਂਦੀ ਚੰਗਾ ਸੀ, ਪਰ ਉਹ ਨਾ ਮਰਦਾ। ਆਪੇ ਨਜਿੱਠਦਾ, ਵੇਚਦਾ ਫੂਕਦਾ ਜਾਂ ਜੋ ਮਰਜ਼ੀ ਕਰਦਾ। ਚੰਦਰੀ ਸ਼ਰਾਬ ਨੇ ਘਰ ਰੋੜਤਾ ਮੇਰਾ।' ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਹੋਈ ਨਸੀਬ ਕੌਰ ਥੋੜਾ ਰੁਕ ਕੇ ਫਿਰ ਬੋਲੀ 'ਜੇ ਮੈਂ ਥਾਂ ਬੈਅ ਕਰਤਾ ਤਾਂ ਲੋਕ ਕੀ ਕਹਿਣਗੇ। ਜੱਟ ਦਾ ਸਿਵਾ ਠੰਡਾ ਨੀ ਹੋਇਆ ਤੇ ਪਿੱਛੋਂ ਟੱਬਰ ਨੇ ਜਮੀਨ ਨੂੰ ਹੱਥ ਲਾ ਲਿਆ। ਮੈਨੂੰ ਤਾਂ ਇਹੀ ਸ਼ਰਮ ਮਾਰੀ ਜਾਂਦੀ ਆ।' ਨਸੀਬ ਕੌਰ ਕਈ ਕੁਝ ਸੋਚ ਕੇ ਅੰਦਰੋ ਅੰਦਰੀ ਖੁਰਦੀ ਜਾ ਰਹੀ ਸੀ।
'ਹੈ ਕਮਲੀ, ਜੇ ਲੋਕਾਂ ਨੂੰ ਪਤਾ ਲੱਗੂਗਾ ਤਾਂ ਹੀ ਕੁਝ ਕਹਿਣਗੇ। ਜ਼ਮੀਨ ਤੁਸੀਂ ਬੈਅ ਕਰ ਦਿA ਤੇ ਵਾਹੀ ਵੀ ਤੁਸੀਂ ਜਾਇA। ਮੈਨੂੰ ਜੋ ਦੇਣਾ ਠੇਕਾ ਭਿਆਲੀ ਦੇਈ ਜਾਇA । ਮੈਂ ਕਿਹੜਾ ਭੱਜਦਾਂ ਕਿਸੇ ਗੱਲੋਂ। ਜ਼ਮੀਨ ਦੇ ਅਸਲੀ ਮਾਲਕ ਤੁਸੀਂ ਰਹਿਣਾ ਮੈਂ ਤਾਂ ਕਾਗਜ਼ਾਂ ਵਿੱਚ ਈ ਮਾਲਕ ਬਣਨਾ। ਉਹ ਵੀ ਆਹ ਸਾਬ੍ਹ ਕਤਾਬ ਬਰਾਬਰ ਕਰਨ ਨੂੰ।' ਉਸਨੇ ਪਈ ਵਹੀ ਵੱਲ ਇਸ਼ਾਰਾ ਕੀਤਾ। ਦੇਸਾ ਸਿੰਘ ਨੇ ਆਖਰੀ ਗੋਟੀ ਵੀ ਸੁੱਟ ਦਿੱਤੀ। ਉਹ ਕਿਸੇ ਵੀ ਹਾਲਤ ਵਿੱਚ ਮੌਕਾ ਗੁਆਉਣਾ ਨੀਂ ਸੀ ਚਾਹੁੰਦਾ।
ਅਖੀਰ ਕੋਈ ਹੋਰ ਰਾਹ ਨਾ ਲੱਭਦਾ ਦੇਖ ਕੇ ਨਸੀਬ ਕੌਰ ਨੇ ਉਸਨੂੰ ਹਾਂ ਕਰ ਦਿੱਤੀ। ਪਰ ਨਾਲ ਇਹ ਵੀ ਕਹਿ ਦਿੱਤਾ ਕਿ ਜਦੋਂ ਸਾਡੇ ਕੋਲ ਦੁਬਾਰਾ ਖਰੀਦਣ ਦੀ ਹਿੰਮਤ ਹੋਈ ਤਾਂ ਅਸੀਂ ਖਰੀਦ ਲਵਾਂਗੇ । ਜਿਸਨੂੰ ਦੇਸਾ ਸਿੰਘ ਨੇ ਝੱਟ ਮੰਨ ਲਿਆ। ਉਹ ਜਲਦ ਤੋਂ ਜਲਦ ਜ਼ਮੀਨ ਆਪਣੇ ਨਾਂ ਕਰਵਾਉਣ ਦਾ ਇਛੁੱਕ ਸੀ। ਇਹ ਗੱਲ ਜਾਣਦਾ ਸੀ ਕਿ ਜੱਟ ਜ਼ਮੀਨ ਵੇਚ ਕੇ ਖਰੀਦ ਨਹੀਂ ਸਕਦਾ। ਕਿਉਂਕਿ ਜੱਟਾਂ ਨੂੰ ਵਿਆਹਾਂ ਤੇ ਮਕਾਨਾਂ ਨੇ ਕਦੇ ਕਰਜ਼ੇ ਤੋਂ ਵਿਹਲੇ ਨੀ ਹੋਣ ਦੇਣਾ। ਚਮਤਕਾਰ ਜੱਟਾਂ ਦੇ ਘਰਾਂ ਵਿੱਚ ਹੁੰਦੇ ਨਹੀਂ ਜਿਸ ਨਾਲ ਕਰਜ਼ੇ ਦਆਿਂ ਪੰਡਾ ਹੌਲੀਆਂ ਹੋ ਜਾਣ।
ਇਸ ਤਰਾਂ ਦੇਸਾ ਸਿੰਘ ਨੇ ਸੜਕ ਦੇ ਕੰਡਿਉਂ ਚਾਰ ਕਿੱਲੇ ਜ਼ਮੀਨ ਬੈਅ ਕਰਵਾ ਲਈ। ਪਹਿਲੇ ਦੋ ਕੁ ਸਾਲ ਜ਼ਮੀਨ ਸੁੱਚਾ ਸਿੰਘ ਦੇ ਮੁੰਡਿਆਂ ਨੇ ਹੀ ਵਾਹੀ ਪਰ ਬਾਅਦ ਵਿੱਚ ਦੇਸਾ ਸਿੰਘ ਨੇ ਇਹ ਕਹਿ ਕੇ ਛੁਡਾ ਲਈ ਕਿ ਮੈਂ ਬਾਗ ਲਾਉਣਾ ਹੈ। ਉਸਨੇ ਬਾਗ ਦਾ ਬਹਾਨਾ ਲਾ ਕੇ ਜ਼ਮੀਨ 'ਤੇ ਆਪਣਾ ਕਬਜ਼ਾ ਕਰ ਲਿਆ। ਅਸਲ ਵਿੱਚ ਉਸਨੂੰ ਵਹਿਮ ਸੀ ਕਿ ਕਿਤੇ ਹੋਰ ਨਾ ਜੱਟ ਆਪਣੇ ਥੱਲੇ ਵਾਹੁੰਦੇ ਹੋਣ ਕਰਕੇ ਕਬਜ਼ਾ ਹੀ ਨਾ ਛੱਡਣ। ਇਹਨਾਂ ਦੋ ਸਾਲਾਂ ਦੇ ਸਮੇਂ ਵਿੱਚ ਨਸੀਬ ਕੌਰ ਨੇ ਆਪਣੇ ਛੋਟੇ ਮੁੰਡੇ ਤੋਂ ਇਲਾਵਾ ਬਾਕੀਆਂ ਦਾ ਵਿਆਹ ਕਰ ਦਿੱਤਾ। ਕਰਜ਼ਾ ਦੁਬਾਰਾ ਚੜਨ ਲੱਗ ਪਿਆ। ਜਿਸ ਵੱਲ ਦੇਖ ਕੇ ਨਸੀਬ ਕੌਰ ਨੇ ਆਪਣੇ ਭਰਾ ਨਾਲ ਗੱਲ ਕੀਤੀ ਕਿ 'ਕਿਸੇ ਤਰਾਂ ਛੋਟੇ ਮੁੰਡੇ ਦੀਪ ਨੂੰ ਕਿਸੇ ਬਾਹਰਲੇ ਮੁਲਕ ਭੇਜ ਦਿੱਤਾ ਜਾਵੇ।'
ਨਸੀਬ ਕੌਰ ਦੇ ਭਰਾ ਨੇ ਕਿਹਾ 'ਜਿੱਦਾਂ ਵੀ ਆ ਛੋਟੇ ਦਾ ਅਜੇ ਵਿਆਹ ਨਾ ਕਰੀਂ ਇਹਨੂੰ ਬਾਹਰ ਕੱਢਦੇ ਆਂ ਕਿਸੇ ਤਰਾਂ। ਮੁੰਡਾ ਮਿਹਨਤੀ ਆ ਨਾਲੇ ਉੰਝ ਵੀ ਸਾਊ ਆ।'
'ਆਹੋ ਮੈਂ ਵੀ ਇਹਦੇ ਮੂੰਹ ਵੱਲ ਦੇਖਦੀ ਆਂ। ਦੀਪ ਤੋਂ ਬਿਨਾ ਦੂਜੇ ਮੁੰਡੇ ਕੰਮ ਕਰਨਾ ਤਾਂ ਕੀ ਦੇਖ ਕੇ ਖੁਸ਼ ਨਹੀਂ। ਵੱਡਾ ਤਾਂ ਨਿੱਤ ਦਿਹਾੜੇ ਆਪਣੀ ਘਰਵਾਲੀ ਲੈ ਕੇ ਸਹੁਰੀਂ ਤੁਰਿਆ ਰਹਿੰਦਾ। ਮੈਨੂੰ ਸਮਝ ਨੀ ਆਉਂਦੀ ਕੀ ਕਰਾਂ? ਨਸੀਬ ਕੌਰ ਨੇ ਭਰਾ ਨੂੰ ਘਰ ਦੀ ਹਾਲਤ ਬਾਰੇ ਦੱਸਿਆ।
ਸੱਚ ਹੀ ਦੀਪ ਦੇ ਮਾਮੇ ਨੇ ਕਿਸੇ ਏਜੰਟ ਨਾਲ ਗੱਲ ਕਰਕੇ ਦੀਪ ਨੂੰ ਅਮਰੀਕਾ ਭੇਜ ਦਿੱਤਾ। ਦੀਪ ਜੋ ਕਿ ਮਿਹਨਤੀ ਹੋਣ ਦੇ ਨਾਲ ਨਾਲ ਸੁਭਾਅ ਦਾ ਵੀ ਚੰਗਾ ਮੁੰਡਾ ਸੀ। ਜਿਸ ਕਰਕੇ ਉਸਨੇ ਅਮਰੀਕਾ ਵਿੱਚ ਪਹੁੰਚਦਿਆਂ ਹੀ ਕੰਮ ਨੂੰ ਕੰਮ ਸਮਝ ਕੇ ਆਪਣੇ ਘਰ ਦਾ ਖਿਆਲ ਦਿਲੋਂ ਨਾ ਭੁੱਲਣ ਦਿੱਤਾ। ਉਸ ਨੇ ਘਰੋਂ ਤੁਰਨ ਵੇਲੇ ਆਪਣੀ ਮਾਂ ਨੂੰ ਕਿਹਾ ਸੀ ਬੇਬੇ ਦੇਸਾ ਸਿੰਘ ਨਾਲ ਸੌਦਾ ਮਾਰ ਛੱਡੀਂ ਬਾਕੀ ਮੇਰਾ ਕੰਮ ਆ। ਆਪਣੀ ਜ਼ਮੀਨ ਆਪਾਂ ਦੁਬਾਰਾ ਖਰੀਦਣੀ ਆ। ਤਾਂ ਨਸੀਬ ਕੌਰ ਨੇ ਦੀਪ ਨੂੰ ਛਾਤੀ ਨਾਲ ਘੁੱਟ ਦਿਆਂ ਕਿਹਾ ਸੀ 'ਪੁੱਤ ਤੂੰ ਹੀਂ ਆਂ ਹੁਣ ਇਹਨਾਂ ਨਖੱਟੂਆਂ ਕੋਲੋਂ ਮੈਨੂੰ ਕੋਈ ਆਸ ਨੀਂ। ਤੇਰੇ ਪਿA ਦੇ ਹੁੰਦੇ ਮੈਂ ਕਿਸੇ ਦੇ ਲਈਦੀ ਨੀ ਸੀ ਪਰ ਹੁਣ ਮੈਂ ਬੇਬੱਸ ਆਂ। ਜੇ ਦੇਸਾ ਸਿੰਘ ਕੋਲੋਂ ਜਮੀਨ ਵਾਪਸ ਲੈ ਲਵੇਂ ਤਾਂ ਮੈਂ ਸੌਖੀ ਮਰਜੂੰ, ਨਹੀਂ ਤਾਂ ਮੇਰੀ ਆਤਮਾ ਉਸੇ ਜ਼ਮੀਨ ਵਿੱਚ ਈ ਭੱਟਕਦੀ ਰਹੂ ਸਦਾ। ਇਸ ਦੇ ਨਾਲ ਨਸੀਬ ਕੌਰ ਦਾ ਗਲਾ ਭਰੜਾ ਗਿਆ ਤੇ ਅੱਖਾਂ ਵੀ ਨਮ ਹੋ ਗਈਆਂ।
ਮਾਂ ਦਾ ਚਿਹਰਾ ਤੇ ਦੇਸਾ ਸਿੰਘ ਨੂੰ ਵੇਚੀ ਹੋਈ ਜ਼ਮੀਨ ਦੀਪ ਨੂੰ ਕਦੇ ਨਾ ਭੁੱਲਦੇ। ਉਹ ਕਦੇ ਕਦੇ ਬੜਾ ਉਦਾਸ ਹੋ ਜਾਂਦਾ ਪਰ ਫਿਰ ਵੀ ਦਿਲ ਨਾ ਛੱਡਦਾ। ਉਹ ਕੰਮ 'ਤੇ ਸਦਾ ਇਮਾਨਦਾਰੀ ਤੇ ਮਿਹਨਤ ਨਾਲ ਆਪਣੀ ਡਿਊਟੀ ਪੂਰੀ ਕਰਦਾ । ਉਸਨੇ ਅਮਰੀਕਾ ਤੋਂ ਮੀਂਹ ਵਾਂਗ ਪੈਸਾ ਵਰਾਇਆ। ਘਰ ਦੇ ਵਿੱਚੋਂ ਦਲਿੱਦਰ ਕੱਢ ਕੇ ਉਸਨੇ ਸਾਹ ਲਿਆ। ਭਰਾਵਾਂ ਨੂੰ ਇੱਕ ਹੋਰ ਟਰੈਕਟਰ ਲੈ ਕੇ ਦਿੱਤਾ, ਘਰ ਬੇਸ਼ੱਕ ਸੋਹਣਾ ਸੀ ਪਰ ਕੋਠੀ ਵੀ ਪਾ ਦਿੱਤੀ। ਉਹਨਾਂ ਦੀ ਹਵੇਲੀ ਤੇ ਦੁਬਾਰਾ ਰੌਣਕ ਲੱਗ ਗਈ। ਬੇਸ਼ੱਕ ਭਰਾ ਪਹਿਲਾਂ ਵਾਂਗਰ ਵਿਹਲੜ ਹੀ ਸਨ ਪਰ ਪੈਸਾ ਆਉਣ ਨਾਲ ਉਹਨਾਂ ਦੀ ਕਮਜ਼ੋਰੀ ਢਕੀ ਗਈ ਤੇ ਉਹ ਕੁਝ ਹੱਦ ਤੱਕ ਚੰਗੇ ਬੰਦਿਆਂ ਵਿੱਚ ਬਹਿਣ ਜੋਗੇ ਹੋ ਗਏ। ਪਰ ਦੀਪ ਦੇ ਦਿਲ ਵਿੱਚ ਸਦਾ ਹੀ ਸੜਕ ਕੰਡੇ ਵਾਲੀ ਚਾਰ ਕਿਲੇ ਜ਼ਮੀਨ ਰੜਕਦੀ ਰਹਿੰਦੀ। ਜਿਸ ਨੂੰ ਦੇਸਾ ਸਿੰਘ ਦੇਣ ਲਈ ਤਿਆਰ ਨਹੀ ਸੀ। ਭਾਂਵੇ ਨਸੀਬ ਕੌਰ ਨਾਲ ਦੇਸਾ ਸਿੰਘ ਨੇ ਵਾਅਦਾ ਵੀ ਕੀਤਾ ਸੀ ਕਿ ਜਦੋਂ ਤੁਸੀਂ ਚਾਹੋ ਮੈਂ ਤੁਹਾਨੂੰ ਵੇਚ ਦਿਆਂਗਾ। ਪਰ ਉਹ ਕੀ ਜਾਣਦਾ ਸੀ ਕਿ ਸੱਚ ਹੀ ਇਹ ਦੁਬਾਰਾ ਖਰੀਦਣ ਦੇ ਕਾਬਲ ਹੋ ਜਾਣਗੇ।
ਦੀਪ ਹਰ ਵਾਰ ਮਾਂ ਨੂੰ ਟੈਲੀਫੋਨ ਤੇ ਪੁੱਛਦਾ ਕਿ ਬੇਬੇ ਕੀ ਬੋਲਿਆ ਦੇਸਾ ਸਿੰਘ? ਕਿੰਨੇ ਪੈਸੇ ਮੰਗਦਾ ਉਹ? ਉਹਦਾ ਅਸਲ ਇਰਾਦਾ ਕੀ ਆ? ਉਹ ਚਾਹੁੰਦਾ ਕੀ ਆ? ਉਹ ਇੱਕੋ ਵਾਰ ਕਈ ਸਵਾਲਾਂ ਦੀ ਝੜੀ ਲਾ ਦਿੰਦਾ।
ਅੱਗੋਂ ਮਾਂ ਦਾ ਉਹੀ ਜਵਾਬ ਹੁੰਦਾ ਜੋ ਉਹਨੇ ਪਹਿਲਾਂ ਵੀ ਕਈ ਵਾਰ ਦੀਪ ਨੂੰ ਦੱਸਿਆ ਸੀ ਕਿ ਦੇਸਾ ਸਿੰਘ ਗੱਲੀਂ ਬਾਤੀ ਟਾਲ ਮਟੋਲ ਕਰ ਦਿੰਦਾ ਹੈ। ਪਰ ਗੱਲ ਕਿਸੇ ਸਿਰੇ ਕੰਢੇ ਨਹੀਂ ਲਾਉਂਦਾ। ਨਸੀਬ ਕੌਰ ਦੀ ਵੀ ਦਿਲੀ ਇੱਛਾ ਜ਼ਮੀਨ ਜਲਦ ਤੋਂ ਜਲਦ ਖਰੀਦਣ ਦੀ ਸੀ। ਪਰ ਉਹ ਕਿਸੇ ਤਰਾਂ ਵੀ ਦੇਸਾ ਸਿੰਘ ਨੂੰ ਸ਼ੀਸ਼ੇ ਵਿੱਚ ਉਤਾਰ ਨਹੀਂ ਪਾ ਰਹੀ ਸੀ। ਉਸਨੇ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਵੀ ਵਿੱਚ ਪਾਇਆ ਪਰ ਦੇਸਾ ਸਿੰਘ ਅਜੇ ਅੜਿਆ ਖੜਾ ਸੀ।
ਇਸੇ ਦੌਰਾਨ ਦੀਪ ਅਮਰੀਕਾ ਤੋਂ ਵਿਆਹ ਕਰਵਾਉਣ ਆਇਆ ਤਾਂ ਉਹ ਆਉਂਦੇ ਸਾਰ ਸਵੇਰ ਨੂੰ ਸਾਜਰੇ ਹੀ ਆਪਣੀ ਜ਼ਮੀਨ ਦਾ ਗੇੜਾ ਮਾਰਨ ਗਿਆ। ਸਭ ਖੇਤਾਂ ਵਿੱਚ ਦੀ ਚੱਕਰ ਮਾਰਨ ਤੋਂ ਬਾਅਦ ਉਹ ਆ ਕੇ ਸੜਕ ਵਾਲੀ ਜ਼ਮੀਨ ਜੋ ਦੇਸਾ ਸਿੰਘ ਦੇ ਕੋਲ ਸੀ, ਉੱਥੇ ਰੁਕ ਗਿਆ। ਉਹ ਬੜੀ ਦੇਰ ਖੜਾ ਸੋਚਦਾ ਰਿਹਾ ਤੇ ਫਿਰ ਇੱਕ ਪਾਸੇ ਵੱਟ 'ਤੇ ਜਾ ਕੇ ਬੈਠ ਗਿਆ। ਉਸਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ ਆਪਣੀ ਮਾਂ ਦੀ ਗੋਦੀ ਵਿੱਚ ਬਹਿ ਗਿਆ ਹੋਵੇ। ਉਸਨੂੰ ਇੱਕ ਤਰਾਂ ਨਾਲ ਦਿਲੀ ਠੰਡਕ ਜਿਹੀ ਮਹਿਸੂਸ ਹੋਈ। ਫਰਵਰੀ ਮਹੀਨੇ ਦੀ ਕੋਸੀ ਕੋਸੀ ਧੁੱਪ ਵਿੱਚ ਦੀਪ ਨੂੰ ਪਤਾ ਨਾ ਲੱਗਾ ਕਿ ਕਦੋਂ ਘੜੀ ਨੇ ਇੱਕ ਦਸ ਵਜਾ ਦਿੱਤੇ। ਉਹ ਨਾ ਚਾਹੁੰਦੇ ਵੀ ਉੱਠ ਕੇ ਘਰ ਨੂੰ ਚੱਲ ਪਿਆ। ਪਰ ਉਸਦੀ ਸੋਚਾਂ ਦੀ ਲੜੀ ਉਸੇ ਜ਼ਮੀਨ ਨਾਲ ਜੁੜੀ ਹੋਈ ਸੀ। ਉਸਨੂੰ ਰਾਹ ਵਿੱਚ ਕਈ ਜਣੇ ਮਿਲੇ ਪਰ ਉਹ ਕਿਸੇ ਕੋਲ ਨਾ ਖੜਾ ਹੋਇਆ। ਘਰੇ ਆ ਕੇ ਉਸਨੇ ਆਪਣੀ ਮਾਂ ਨੂੰ ਕਿਹਾ ਬੇਬੇ ਤਿਆਰ ਹੋ ਆਪਾਂ ਸ਼ਹਿਰ ਨੂੰ ਜਾਣਾ। ਜ਼ਰਾ ਜਲਦੀ ਕਰ ਲੈ।
ਪੁੱਤ ਤੇਰੇ ਲਈ ਮੂਲੀਆਂ ਵਾਲੇ ਪਰੌਂਠੇ ਲੱਗੀ ਆਂ ਬਣਾਉਣ ਆਹ ਦੇਖ ਤੇਰੀ ਭਾਬੀ ਕੱਦੂ ਕਸ਼ ਕਰਨ ਲੱਗੀ ਆ। ਤੂੰ ਨਹਾ ਲੈ, ਤੇਰੇ ਨਾਉਂਦੇ ਨਾਉਂਦੇ ਬਣ ਜਾਣੇ ਆ। ਕੁੜੀਏ ਚੁੱਲੇ ਅੱਗ ਬਾਲ ਦੇ ਮੇਰੀ ਧੀ ਹਾਅ ਕਰਦੀ ਕਰਦੀ। ਨਸੀਬ ਕੌਰ ਨੇ ਪਹਿਲਾਂ ਦੀਪ ਤੇ ਫਿਰ ਆਪਣੀ ਨੂੰਹ ਨੂੰ ਸੰਬੋਧਨ ਕੀਤਾ।
ਦੀਪ ਕਹਿਣਾ ਚਾਹੁੰਦਾ ਸੀ, ਮਾਂ ਮੇਰੀ ਤਾਂ ਭੁੱਖ ਮਰੀ ਪਈ ਆ ਤੇ ਤੈਨੂੰ ਪਰੋਂਠੇ ਸੁੱਝ ਦੇ ਆ। ਪਰ ਉਹ ਕੁਝ ਨਾ ਬੋਲਿਆ ਤੇ ਤੌਲੀਆ ਲੈ ਕੇ ਗੁਸਲਖਾਨੇ ਜਾ ਵੜਿਆ। ਨਹਾਉਣ ਤੋਂ ਬਾਅਦ ਉਹ ਮੂਲੀਆਂ ਵਾਲੇ ਪਰੌਂਠੇ ਖਾਂਦਾ ਵੀ ਜ਼ਮੀਨ ਬਾਰੇ ਸੋਚ ਰਿਹਾ ਸੀ ਕਿ ਕਾਸ਼ ਉੱਥੇ ਆਚਾਰ ਨਾਲ ਹੀ ਖਾਦੀ ਹੁੰਦੀ ਜਾਂ ਇਹਨਾਂ ਮੂਲੀਆਂ ਨਾਲ ਸ਼ਾਮਾਂ ਨੂੰ ਿਘਰ ਦੀ ਕੱਢੀ ਦੇ ਇੱਕ ਦੋ ਲੰਡੂ ਜਿਹੇ ਲਾਏ ਹੋਣ ਤਾਂ ਕਿੰਨਾ ਸਵਾਦ ਆਉਂਦਾ। ਪਰ ਉਸਦੀ ਅੱਖਾਂ ਮੂਹਰੇ ਦੇਸਾ ਸਿੰਘ ਦਾ ਚਿਹਰਾ ਆ ਗਿਆ ਤੇ ਉਸਦੇ ਮੂੰਹ ਵਿਚਲੀ ਬੁਰਕੀ ਫੁੱਲਣ ਲੱਗੀ। ਉਸਨੇ ਔਖਾ ਸੌਖਾ ਇੱਕ ਪਰੋਂਠਾ ਖਾਧਾ ਤਾਂ ਵੱਡੀ ਭਰਜਾਈ ਨੇ ਚੌਂਕੇ ਵਿੱਚੋਂ ਹਾਕ ਮਾਰ ਕੇ ਕਿਹਾ 'ਖਾਹਲਾ ਖਾਹਲਾ ਦਿਉਰਾ ਅਮਰੀਕਾ 'ਚ ਤਰਸਦਾ ਹੋਣਾ ਇਹਨਾਂ ਨੂੰ। ਜਾਂ ਪੀਜ਼ੇ ਬਰਗਰ ਖਾ ਕੇ ਤੈਨੂੰ ਹੁਣ ਪਰੌਂਠੇ ਨੀ ਸਵਾਦ ਲੱਗਦੇ।'
ਪਰ ਦੀਪ ਕੁਝ ਨਾ ਬੋਲਿਆ ਸਗੋਂ ਬਨਾਉਟੀ ਜਿਹਾ ਹਾਸਾ ਹੱਸਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਕੋਲੋਂ ਉਹ ਵੀ ਹੱਸ ਨਾ ਹੋਇਆ। ਉਹ ਕਹਿਣਾ ਚਾਹੁੰਦਾ ਸੀ ਕਿ ਭਾਬੀ ਤੈਨੂੰ ਕੀ ਦੱਸਾਂ ਮੈਂ ਕਿੰਨਾ ਤਰਸਦਾ ਰਿਹਾ ਇਹਨਾਂ ਪਰੌਂਠਿਆਂ ਨੂੰ, ਘਰ ਦੀ ਲੱਸੀ ਨੂੰ, ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਨੂੰ । ਪਰ ਅੱਜ ਮੇਰੇ ਸੰਘੋ ਕੁਝ ਨੀ ਲੰਘਦਾ। ਬੱਸ ਮੈਨੂੰ ਆਪਣੀ ਮਾਂਵਾਂ ਵਰਗੀ ਜ਼ਮੀਨ ਨੂੰ ਆਪਣੇ ਹੱਥ ਕਰ ਲੈਣ ਦੇ ਫਿਰ ਜੋ ਕਹੇਂ ਉਹ ਖਾਊਂ। ਉਸ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰਕੇ ਭਾਬੀ ਨੇ ਵੀ ਕੋਈ ਹੋਰ ਗੱਲ ਦੀਪ ਨੂੰ ਨਾ ਕਹੀਂ।
ਦੀਪ ਚੁੱਪ ਚਾਪ ਹੱਥ ਧੋ ਕੇ ਕਾਰ ਦੀ ਚਾਬੀ ਲੈ ਕੇ ਕਾਰ ਵੱਲ ਨੂੰ ਹੋ ਤੁਰਿਆ। ਉਸਨੂੰ ਬਹੁਤ ਕਾਹਲੀ ਸੀ। ਇਸੇ ਲਈ ਉਹਨੇ ਆਪਣੀ ਮਾਂ ਨੂੰ ਵੀ ਜਲਦੀ ਕਰਨ ਲਈ ਕਿਹਾ ਤਾਂ ਨਸੀਬ ਕੌਰ ਬੋਲੀ ਪੁੱਤ ਦੋ ਬੁਰਕੀਆਂ ਰਹਿੰਦੀਆਂ ਖਾ ਲੈਣ ਦੇ। ਤੂੰ ਤਾਂ ਚੱਜ ਸਵਾਰ ਨਾ ਖਾਧੀ ਨਹੀਂ। ਇੰਨੇ ਮੋਹ ਨਾਲ ਕੁੜੀ ਨੇ ਮੂਲੀਆਂ ਲਿਆਕੇ ਪਰੋਂਠੇ ਬਣਾਏ ਆ।
ਦੀਪ ਨੇ ਜਦੋਂ ਗੈਰਜ ਵਿੱਚੋਂ ਕਾਰ ਕੱਢੀ ਤਾਂ ਆ ਕੇ ਨਸੀਬ ਕੌਰ ਵੀ ਬਹਿ ਗਈ ਤਾਂ ਦੀਪ ਨੇ ਕਾਰ ਸ਼ਹਿਰ ਵਾਲੀ ਸੜਕ 'ਤੇ ਪਾ ਲਈ। ਉਹ ਚੁੱਪ ਚਾਪ ਬੈਠਾ ਕਾਰ ਚਲਾਈ ਜਾ ਰਿਹਾ ਸੀ। ਉਹ ਆਪਣੀ ਅਕਲ ਦੇ ਘੋੜਿਆਂ ਨੂੰ ਦੌੜਾਉਂਦਾ ਹੋਇਆ ਸੱਤ ਸਮੁੰਦਰਾਂ ਦੇ ਗੋਤੇ ਲਾ ਰਿਹਾ ਸੀ। ਉਸਨੂੰ ਜਨਮ ਦੇਣ ਵਾਲੀ ਮਾਂ ਤਾਂ ਬੇਸ਼ੱਕ ਉਸਦੇ ਨਾਲ ਵਾਲੀ ਸੀਟ ਤੇ ਉਸ ਕੋਲ ਬੈਠੀ ਸੀ ਪਰ ਉਸਦੀ ਦੂਸਰੀ ਮਾਂ ਉਸਦੀ ਜ਼ਮੀਨ, ਉਸਦੀ ਜੰਮਣ ਭੋਂਇ ਦਾ ਇੱਕ ਅੰਗ ਸਮੇਂ ਤੇ ਹਲਾਤਾਂ ਨੇ ਕੱਟ ਦਿੱਤਾ ਸੀ । ਜਿਸ ਦੀ ਸਭ ਤੋਂ ਜਿਆਦਾ ਪੀੜ ਦੀਪ ਨੂੰ ਹੋ ਰਹੀ ਸੀ। ਜੋ ਪੀੜ ਕਈ ਵਰ੍ਹਿਆਂ ਤੋਂ ਆਪਣੇ ਅੰਦਰ ਛੁਪਾਈ ਬੈਠਾ ਸੀ। ਜਦੋਂ ਉਸ ਕੋਲ ਉਹ ਜ਼ਮੀਨ ਦਾ ਟੋਟਾ ਖਰੀਦਣ ਜੋਗੇ ਪੈਸੇ ਨਹੀਂ ਸਨ ਤਾਂ ਉਹ ਇੰਨਾ ਬੈਚੇਨ ਨਹੀਂ ਹੁੰਦਾ ਸੀ। ਪਰ ਅੱਜ ਉਸ ਕੋਲ ਉਸਦੀ ਕਮਾਈ ਹੋਈ ਦੌਲਤ ਸੀ, ਉਹ ਹੋਰ ਵੀ ਕਈ ਲੋਕਾਂ ਦੀ ਜ਼ਮੀਨ ਖਰੀਦ ਸਕਦਾ ਸੀ ਪਰ ਉਹ ਤਾਂ ਸਿਰਫ਼ ਆਪਣੀ ਵੇਚੀ ਜ਼ਮੀਨ ਹੀ ਖਰੀਦਣਾ ਚਾਹੁੰਦਾ ਸੀ। ਹੋਰ ਕਿਸੇ ਜ਼ਿਮੀਦਾਰ ਦੀ ਮਜਬੂਰੀ ਦਾ ਫਾਇਦਾ ਲੈ ਕੇ ਜ਼ਮੀਨ ਖਰੀਦਣ ਦਾ ਚਾਹਵਾਨ ਨਹੀਂ ਸੀ। ਸਗੋਂ ਕਿਸੇ ਨਾ ਕਿਸੇ ਤਰੀਕੇ ਨਾਲ ਅਗਲੇ ਦੀ ਬਣਦੀ ਸਰਦੀ ਮੱਦਦ ਕਰ ਦਿੰਦਾ।
ਦੀਪ ਦੀ ਚੁੱਪ ਤੋਂ ਉਸਦੀ ਮਾਂ ਨਸੀਬ ਕੌਰ ਨੂੰ ਕੁਝ ਅਜੀਬ ਜਿਹਾ ਲੱਗਾ ਤਾਂ ਉਸਨੇ ਪੁੱਛ ਹੀ ਲਿਆ, ਦੀਪ ਕੀ ਗੱਲ ਪੁੱਤਰਾ ਮਾਂ ਨਾਲ ਗੁੱਸੇ ਆਂ ਤੂੰ। ਨਾ ਕੋਈ ਗੱਲ ਨਾ ਕੋਈ ਬਾਤ। ਬਾਹਰ ਗੱਡੀਆਂ ਵਿੱਚ ਲੋਕ ਏਦਾਂ ਸਫ਼ਰ ਕਰਦੇ ਆ ਭਲਾ। ਨਸੀਬ ਕੌਰ ਨੇ ਦੀਪ ਨੂੰ ਹੈਰਾਨ ਤੇ ਪ੍ਰੇਸ਼ਾਨ ਹੁੰਦਿਆ ਪੁੱਛਿਆ।
ਨਹੀਂ ਬੇਬੇ ਐਸੀ ਕੋਈ ਗੱਲ ਨਹੀਂ। ਬੱਸ ਵੈਸੇ ਹੀ ਮੇਰਾ ਅੱਜ ਕੁਝ ਬੋਲਣ ਨੂੰ ਦਿਲ ਨੀ ਕਰਦਾ। ਦੇਸਾ ਸਿੰਘ ਬਾਰੇ ਸੋਚਦਾ ਸੀ ਖੌਰੇ ਉਸ ਮੰਨਣਾ ਵੀ ਕਿ ਨਹੀਂ। ਮੈਂ ਅੱਜ ਉਸ ਨਾਲ ਦੋ ਟੁੱਕ ਗੱਲ ਕਰਕੇ ਹੀ ਉੱਠਣਾ ਉੱਥੋਂ। ਦੀਪ ਨੇ ਆਪਣੇ ਦਿਲ ਦੀ ਗੱਲ ਮਾਂ ਨੂੰ ਦੱਸੀ ਤੇ ਨਾਲ ਇੱਕ ਲੰਮਾ ਸਾਰਾ ਹਉਕਾ ਵੀ ਲਿਆ।
ਪੁੱਤ ਤੂੰ ਤੇ ਬੜਾ ਹੌਂਸਲੇ ਵਾਲਾ ਮੇਰ ਸ਼ੇਰ ਪੁੱਤ ਏ। ਅੱਜ ਕਿਸ ਗੱਲੋਂ ਡੋਲਿਆ ਪਿਆ ਤੂੰ। ਇੰਝ ਦਿਲ ਨੀ ਢਾਹੀ ਦਾ, ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕਾਂ ਨੂੰ ਬੜੀਆਂ ਆਫਤਾਂ ਨਾਲ ਮੋਢਾ ਲਾਉਣਾ ਪੈਂਦਾ। ਚਾਹੇ ਉਹ ਮੀਂਹ, ਨੇਰੀ੍ਹਆਂ, ਝੱਖੜ ਜਾਂ ਸੋਕੇ ਡੋਬੇ ਹੋਣ, ਚਾਹੇ ਸ਼ਾਹੂਕਾਰਾਂ ਦਾ ਵਿਆਜ ਹੋਵੇ ਜਾਂ ਅਣਕਿਆਸੇ ਵਿਆਹ ਆ ਜਾਣ। ਦੇਸਾ ਸਿੰਘ ਨੇ ਤਾਂ ਫਿਰ ਵੀ ਆਪਾਂ ਨੂੰ ਬੜੇ ਔਖੇ ਸਮੇਂ ਸਹਾਰਾ ਦਿੱਤਾ ਸੀ। ਚਾਹੇ ਉਸ ਵਿੱਚ ਉਸਦੀ ਆਪਣੀ ਲਾਲਸਾ ਵੀ ਸੀ। ਨਸੀਬ ਕੌਰ ਨੇ ਬੜੀ ਦਲੀਲ ਨਾਲ ਦੀਪ ਨੂੰ ਸਮਝਾਉਣਾ ਕੀਤਾ ਕਿ ਜ਼ਮੀਨ ਵਾਹੁਣ ਜ਼ਿਮੀਦਾਰ ਜੋ ਆਪ ਭੁੱਖੇ ਰਹਿ ਬਾਕੀ ਦੇਸ਼ ਦੀ ਜਨਤਾ ਦਾ ਢਿੱਡ ਭਰਦੇ ਹਨ। ਅਜਿਹੇ ਲੋਕਾਂ ਨੂੰ ਹਰ ਮੋੜ ਤੇ ਕਿਸੇ ਨਾ ਕਿਸੇ ਸਮੱਸਿਆ ਨਾਲ ਮੱਥਾ ਲਾਉਣਾ ਹੀ ਪੈਂਦਾ ਹੈ।
ਇਸ ਤਰਾਂ ਉਹ ਗੱਲਾਂ ਗੱਲਾਂ ਵਿੱਚ ਦੇਸਾ ਸਿੰਘ ਦੀ ਦੁਕਾਨ ਤੇ ਪੁੱਜ ਗਏ। ਦੇਸਾ ਸਿੰਘ ਦੂਰੋਂ ਹੀ ਦੇਖ ਕੇ ਦਿਲ ਵਿੱਚ ਸੋਚਣ ਲੱਗਾ ਕਿ ਅੱਜ ਦਿਨ ਵਧੀਆ ਲਗਦਾ ਜੋ ਨਸੀਬ ਕੌਰ ਆਪਣੇ ਨਾਲ ਦੀਪ ਨੂੰ ਵੀ ਲੈ ਕੇ ਆਈ ਹੈ। ਮੁੰਡਾ ਨਵੀਂ ਉਮਰ ਦਾ ਤੇ ਆਇਆ ਵੀ ਅਮਰੀਕਾ ਤੋਂ ਚਾਰ ਪੈਸੇ ਵੱਟੇ ਜਾਣਗੇ, ਇਸਦੇ ਨਾਲ ਮੇਰਾ ਕੀਤਾ ਹੋਇਆ ਇਕਰਾਰ ਵੀ ਰਹਿਜੂ। ਦੂਜੀ ਗੱਲ ਮੈਂ ਵੀ ਹੁਣ ਰੋਜ਼ ਰੋਜ਼ ਗੇੜਾ ਨੀ ਮਾਰ ਸਕਦਾ, ਉੱਪਰੋਂ ਮੁੰਡੇ ਪਿੰਡਾਂ ਨੂੰ ਮੂੰਹ ਨੀ ਕਰਦੇ। ਉਹਨਾਂ ਦੇ ਅੰਦਰ ਵੜਦੇ ਵੜਦੇ ਦੇਸਾ ਸਿੰਘ ਕੁਝ ਕੁ ਪਲਾਂ ਵਿੱਚ ਹੀ ਕਈ ਗੱਲਾਂ ਸੋਚ ਗਿਆ। ਉਸ ਨੇ ਨਸੀਬ ਕੌਰ ਤੇ ਦੀਪ ਨੂੰ ਬੜੀ ਨਿੱਗੀ ਫਤਹਿ ਬੁਲਾ ਕੇ ਬਿਠਾਇਆ ਤੇ ਨਾਲ ਹੀ ਨੌਕਰ ਨੂੰ ਚਾਹ ਪਾਣੀ ਲਿਆਉਣ ਦਾ ਹੁਕਮ ਕਰ ਦਿੱਤਾ।
'ਹੋਰ ਸੁਣਾਉ ਸਰਦਾਰਨੀ ਜੀ ਕਦੋਂ ਆਇਆ ਆਪਣਾ ਦੀਪ। ਵਿਆਹ ਕਦੋਂ ਕਰਨਾ ਈ ਹੁਣ ਇਹਦਾ। ਸੁੱਖ ਨਾਲ ਰੱਬ ਨੇ ਬੜੀ ਕਿਰਪਾ ਕੀਤੀ ਸੁੱਚਾ ਸਿੰਘ ਦੇ ਪਰਿਵਾਰ ਉੱਤੇ। ਕਾਸ਼ ਕਿਤੇ ਅੱਜ ਸੁੱਚਾ ਸਿੰਘ ਆਪ ਦੇਖਦਾ ਸਾਰਾ ਕੁਝ। ਪਰ ਉੱਪਰ ਵਾਲੇ ਦੀਆ ਉਹੀ ਜਾਣੇ।' ਦੇਸਾ ਸਿੰਘ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ ਅਤੇ ਕੁਝ ਭਾਵੁਕ ਗੱਲਾਂ ਨਾਲ ਉਹਨਾਂ ਨੂੰ ਪ੍ਰਭਾਵਿਤ ਵੀ ਕੀਤਾ।
ਦੀਪ ਦੇ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ। ਜਿਸਨੂੰ ਉਹ ਜ਼ਮੀਨ ਦਾ ਸੌਦਾ ਕਰਕੇ ਸ਼ਾਂਤ ਕਰ ਸਕਦਾ ਸੀ। ਪਰ ਉਹ ਕਿਸੇ ਨਾ ਕਿਸੇ ਤਰਾਂ ਆਪਣੇ ਉੱਪਰ ਕਾਬੂ ਪਾਈ ਬੈਠਾ ਰਿਹਾ।
ਉਸਦੀ ਚੁੱਪ ਤੋਂ ਨਸੀਬ ਕੌਰ ਵੀ ਅਣਸੁਖਾਵਾਂ ਜਿਹਾ ਮਹਿਸੂਸ ਕਰ ਰਹੀ ਤੇ ਅੰਦਰੋ ਅੰਦਰੀ ਰੱਬ ਨੂੰ ਚੇਤੇ ਕਰ ਰਹੀ ਸੀ। ਉਹ ਦੇਸਾ ਸਿੰਘ ਨੂੰ ਕਹਿਣ ਲੱਗੀ 'ਤੂੰ ਕਦੇ ਮੈਨੂੰ ਆਪਣੀ ਭੈਣ ਕਿਹਾ ਸੀ ਤੇ ਤੇਰੀ ਉਹੀ ਭੈਣ ਤੇਰੇ ਕੋਲ ਭਰਾਵਾ ਕੁਝ ਮੰਗਣ ਆਈ ਆ, ਮੈਨੂੰ ਨਾਂਹ ਨਾ ਕਰੀਂ। ਨਾਲੇ ਤੈਨੂੰ ਮਰਨ ਵਾਲੇ ਦਾ ਵੀ ਵਾਸਤਾ ਈ। ਉਹਦੇ ਨਾਲ ਵੀ ਤੇਰੀ ਚੰਗੀ ਨਿਭਦੀ ਸੀ।' ਨਸੀਬ ਕੌਰ ਨੇ ਦੇਸਾ ਸਿੰਘ ਨੂੰ ਆਪਣੇ ਘੇਰੇ ਵਿੱਚ ਲੈਣ ਲਈ ਹਰ ਹੀਲਾ ਵਰਤਣਾ ਠੀਕ ਸਮਝਿਆ।
'ਭੈਣ ਮੇਰੀਏ ਮੈਂ ਤੁਹਾਡੇ ਕੋਲੋਂ ਕਿਸੇ ਗੱਲੋਂ ਭੱਜਾ ਹੋਇਆ ਨਹੀਂ। ਤੁਸੀਂ ਜਿਵੇਂ ਕਹੋ ਮੈਂ ਹਾਜ਼ਰ ਹਾਂ। ਪਰ ਇੱਕ ਗੱਲ ਜਰੂਰ ਆ ਕਿ ਹੁਣ ਜ਼ਮੀਨ ਦਾ ਰੇਟ ਉਹ ਨੀ ਲੱਗਣਾ, ਜੋ ਉਦੋਂ ਸੀ। ਤੁਸੀਂ ਵੀ ਜਾਣਦੇ ਈ ਹੋ ਕਿ ਭਾਅ ਕੀ ਆ ਅੱਜ ਕੱਲ ਸੁੱਖ ਨਾਲ।' ਦੇਸਾ ਸਿੰਘ ਨੇ ਦੀਪ ਦੇ ਚਿਹਰੇ ਨੂੰ ਬੜੀ ਬਾਰੀਕੀ ਨਾਲ ਪੜਦੇ ਹੋਏ ਇਹ ਗੱਲ ਆਖੀ।
ਫਿਰ ਆਪ ਹੀ ਕਹਿਣ ਲੱਗਾ 'ਮੈਂ ਸੁੱਚਾ ਸਿੰਘ ਨਾਲ ਬੜੇ ਸਾਲ ਵਿਹਾਰ ਕੀਤਾ। ਕਦੇ ਕਿਸੇ ਗੱਲ ਦੀ ਗੁੰਝਲ ਜਾਂ ਕਾਣ ਨੀ ਪੈਣ ਦਿੱਤੀ। ਉਹਨੂੰ ਰੱਬ ਸੁਰਗਾਂ 'ਚ ਵਾਸਾ ਦੇਵੇ ਨਸੀਬ ਕੌਰੇ ਸੁੱਚਾ ਸਿੰਘ ਕਿਸੇ ਹੋਰ ਨੇ ਬਣ ਜਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮੈਂ ਤੈਨੂੰ ਉਹਦੇ ਮੂੰਹ ਨੂੰ ਹੀ ਉਸ ਵਕਤ ਪੈਸੇ ਦੇ ਕੇ ਜ਼ਮੀਨ ਲਈ ਸੀ। ਜ਼ਮੀਨ ਉਦੋਂ ਵੀ ਤੁਹਾਡੀ ਸੀ ਤੇ ਹੁਣ ਵੀ ਤੁਹਾਡੀ ਆ। ਇੱਥੋਂ ਕਿਹੜਾ ਕੁਛ ਚੁੱਕ ਲੈ ਜਾਣਾ ਬੱਸ ਇੱਕ ਭੈਣ ਭਰਾਵਾਂ ਦਾ ਮੋਹ ਈ ਬਾਕੀ।'
ਦੀਪ ਨੂੰ ਦੇਸਾ ਸਿੰਘ ਦੀ ਗੱਲ ਸੁਣ ਕੇ ਇੱਕ ਧਰਵਾਸ ਜਿਹਾ ਬੱਝਾ ਤੇ ਕਹਿਣ ਲੱਗਾ 'ਅਸੀਂ ਜੋ ਰੇਟ ਹੁਣ ਹੈਗਾ, ਉਹੀ ਦੇਵਾਂਗੇ। ਤੁਸੀਂ ਉਸਦੀ ਚਿੰਤਾ ਨਾ ਕਰੋ। ਅਸੀਂ ਤਾਂ ਤੁਹਾਡੇ ਅਹਿਸਾਨ ਮੰਦ ਹਾਂ ਜੋ ਤੁਸੀਂ ਸਾਡਾ ਔਖੇ ਵੇਲੇ ਸਾਥ ਦਿੱਤਾ।'
'ਆਹੋ ਵੀਰਾ ਤੂੰ ਹੀ ਸੀ ਉਦੋਂ ਜੀਹਨੇ ਸਾਡੀ ਡੁੱਬਦੀ ਬੇੜੀ ਨੂੰ ਕੰਢੇ ਲਾਇਆ।' ਨਸੀਬ ਕੌਰ ਵੀ ਦੇਸਾ ਸਿੰਘ ਦੀ ਗੱਲ ਸੁਣ ਕੇ ਲੱਖਾਂ ਦੀ ਹੋ ਗਈ ਜਾਪਦੀ ਸੀ।
ਉਹਨਾਂ ਨੇ ਉਸੇ ਵਕਤ ਦੇਸਾ ਸਿੰਘ ਨਾਲ ਜਦੋਂ ਰੇਟ ਦੀ ਗੱਲ ਕੀਤੀ ਤਾਂ ਦੇਸਾ ਸਿੰਘ ਨੇ ਇਲਾਕੇ ਦੇ ਰੇਟ ਨਾਲੋਂ ਲੱਖ ਡੇਢ ਲੱਖ ਵਧਾ ਕੇ ਦੱਿਸਆ। ਉਹ ਜਾਣਦਾ ਸੀ ਹੁਣ ਜੋ ਵੀ ਮੰਗ ਲਿਆ ਮਿਲ ਜਾਣਾ। ਉਹ ਬੰਦੇ ਦੀ ਚਾਲ ਦੇਖ ਕੇ ਸਮਝ ਲੈਂਦਾ ਸੀ ਕਿ ਸਾਹਮਣੇ ਵਾਲਾ ਕੀ ਕਹਿਣਾ ਚਾਹੁੰਦਾ ਤੇ ਕੀ ਕਰਨਾ ਚਾਹੁੰਦਾ। ਉਹ ਦੀਪ ਦੇ ਚਿਹਰੇ ਨੂੰ ਪੜ ਚੁੱਕਾ ਸੀ ਕਿ ਦੀਪ ਹਰ ਹਾਲ ਵਿੱਚ ਜ਼ਮੀਨ ਲੈਣੀ ਚਾਹੁੰਦਾ। ਇਸੇ ਲਈ ਉਸਨੇ ਬਹੁਤੀਆਂ ਗੱਲਾਂ ਨਾਲੋਂ ਇੱਕੋ ਗੱਲ ਕਰਕੇ ਆਪਣੇ ਦਿਲ ਦੀ ਕਹਿ ਦਿੱਤੀ।
ਸੱਚ ਹੀ ਦੀਪ ਲਈ ਜ਼ਮੀਨ ਜਰੂਰੀ ਸੀ। ਉਸਨੇ ਨੋਟਾਂ ਦੀਆਂ ਤਿੰਨ ਚਾਰ ਦੱਥੀਆਂ ਕੱਢ ਕੇ ਨਸੀਬ ਕੌਰ ਨੂੰ ਪਕੜਾਉਂਦੇ ਹੋਏ ਕਿਹਾ 'ਬੇਬੇ ਆਹ ਲੈ ਦੇਹ ਸਾਈ। ਆਪਾਂ ਵਾਰੀਆਂ ਨੀ ਲੈਣੀਆ। ਜੋ ਇਹਨਾਂ ਮੰਗਿਆ ਉਹੀ ਠੀਕ ਆ। ਅੱਗੇ ਬੜਾ ਅਹਿਸਾਨ ਆ ਸਾਡੇ ਉੱਪਰ ਇਹਨਾਂ ਦਾ ਹੋਰ ਕਹਿੰਦਿਆਂ ਮੈਨੂੰ ਸ਼ਰਮ ਆਉਂਦੀ ਆ।' ਦੀਪ ਕਿਸੇ ਵੀ ਹਾਲਤ ਵਿੱਚ ਦੇਸਾ ਸਿੰਘ ਨੂੰ ਭੱਜਣ ਨਹੀਂ ਦੇਣਾ ਚਾਹੁੰਦਾ ਸੀ। ਕਿਉਂਕਿ ਉਹ ਜਾਣਦਾ ਸੀ ਜੇ ਇੱਕ ਵਾਰ ਦੇਸਾ ਸਿੰਘ ਨੇ ਸਾਈ ਫੜ ਲਈ ਫਿਰ ਸਭ ਠੀਕ ਈ ਠੀਕ ਆ। ਜ਼ਮੀਨ ਲੈਣੀ ਆ ਲੱਖ ਵੱਧ ਕੀ ਤੇ ਘੱਟ ਕੀ।
ਨਸੀਬ ਕੌਰ ਨੇ ਵਾਗਰੂ ਕਹਿ ਕੇ ਨੋਟ ਦੀਪ ਤੋਂ ਫੜੇ ਤੇ ਨਾਲ ਹੀ ਉਹਦੀ ਸੋਚ ਕਿਤੇ ਦੂਰ ਜਾ ਪੁੱਜੀ ਕਿ ਕਦੇ ਇੱਥੇ ਹੀ ਦੇਸਾ ਸਿੰਘ ਕੋਲੋਂ ਆਹੀ ਨੋਟ ਲੈ ਕੇ ਜ਼ਮੀਨ ਬੈਅ ਕੀਤੀ ਸੀ। ਅੱਜ ਬੜਾ ਭਾਗਾਂ ਵਾਲਾ ਦਿਨ ਜੋ ਫਿਰ ਉਹ ਜ਼ਮੀਨ ਅਸੀਂ ਖਰੀਦ ਰਹੇਂ ਹਾਂ। ਉਸ ਨੇ ਦੇਸਾ ਸਿੰਘ ਨੂੰ ਨੋਟਾਂ ਦੀਆਂ ਦੱਥੀਆਂ ਫੜਾਉਂਦੇ ਕਿਹਾ 'ਲੈ ਵੀਰਾ ਮੇਰੇ ਪੁੱਤ ਨੇ ਤੇਰੇ ਬੋਲਾਂ ਤੇ ਫੁੱਲ ਚਾੜਤੇ। ਤਸੀਲ ਵਾਲਾ ਦਿਨ ਤੂੰ ਹੀ ਦੱਸਦੀਂ ਜਿੱਦਣ ਕਹੇਂ ਅਸੀਂ ਆਜਾਂਗੇ। ਪਰ ਬਹੁਤੀ ਦੇਰ ਨਾ ਕਰੀਂ ਦੀਪ ਦਾ ਵਿਆਹ ਵੀ ਕਰਨਾ ਤੇ ਇਹਨੇ ਮੁੜਨਾ ਵੀ ਆ।'
'ਤੁਸੀਂ ਭਾਂਵੇ ਕੱਲ ਨੂੰ ਆਜੋ ਤੇ ਰਜਿਸਟਰੀ ਕਰਾ ਲਉ। ਬਿਆਨੇ ਦੀ ਵੀ ਲੋੜ ਨੀ, ਦੀਪ ਦੇ ਵਿਆਹ ਦੇ ਕਾਰਜ ਕਰੋ ਜਾ ਕੇ ਖੁਸ਼ੀਆਂ ਮਨਾਉ।' ਦੇਸਾ ਸਿੰਘ ਅੰਦਰੋ ਅੰਦਰੀ ਆਪ ਖੁਸ਼ੀ ਮਨਾ ਰਿਹਾ ਤੇ ਦਿਲ ਵਿੱਚ ਲੱਡੂ ਭੋਰ ਰਿਹਾ ਸੀ। ਉਸਨੂੰ ਉਸਦੀ ਸੋਚੀ ਹੋਈ ਕੀਮਤ ਨਾਲੋਂ ਵੀ ਵੱਧ ਭਾਅ ਮਿਲ ਗਿਆ। ਉਹ ਵੀ ਜਲਦੀ ਨਾਲ ਰਜਿਸਟਰੀ ਕਰਕੇ ਪੈਸੇ ਹੱਥ ਕਰਨਾ ਚਾਹੁੰਦਾ ਸੀ।
ਦੀਪ ਤੇ ਨਸੀਬ ਕੌਰ ਨੇ ਤੁਰਨ ਲੱਗਿਆਂ ਦੇਸਾ ਸਿੰਘ ਨੂੰ ਫਤਹਿ ਬੁਲਾਈ ਤੇ ਉਸਦੀ ਦੁਕਾਨੋਂ ਬਾਹਰ ਆ ਗਏ। ਫਿਰ ਨਸੀਬ ਕੌਰ ਨੇ ਲੱਡੂਆਂ ਦਾ ਡੱਬਾ ਲਿਆ ਜੋ ਉਹ ਗੁਰਦਵਾਰਾ ਸਾਹਿਬ ਜਾ ਕੇ ਮੱਥਾ ਟੇਕਣਾ ਤੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਸੀ। ਉਹ ਵਾਰ ਵਾਰ ਦੀਪ ਦੀ ਪਿੱਠ ਥਾਪੜਦੇ ਹੋਏ ਕਹਿ ਰਹੀ ਸੀ, 'ਪੁੱਤਰਾ ਅੱਜ ਮੈਨੂੰ ਸੁੱਖ ਨਾਲ ਮਰਨ ਜੋਗੀ ਕਰਤਾ, ਸ਼ਾਬਾਸ਼ੇ ਮੇਰੇ ਸ਼ੇਰ ਦੇ ਪੁੱਤ ਦੇ। ਤੇਰੇ ਪਿਉ ਨੂੰ ਮੈਂ ਹੁਣ ਮਰ ਕੇ ਮੂੰਹ ਦਿਖਾ ਸਕਦੀ ਆਂ। ਉਹ ਮੈਨੂੰ ਕਹਿ ਨੀ ਸਕਦਾ ਕਿ ਮੈਂ ਉਹਦੇ ਮਗਰੋਂ ਜ਼ਮੀਨ ਵੇਚਤੀ।'
ਦੀਪ ਸ਼ਹਿਰੋਂ ਸਿੱਧਾ ਆਪਣੀ ਸੜਕ ਵਾਲੀ ਜ਼ਮੀਨ ਵਿੱਚ ਆ ਕੇ ਰੁਕਿਆ। ਉਸਨੇ ਝੁਕ ਕੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਆ ਤੇ ਫਿਰ ਜ਼ਮੀਨ ਨੂੰ ਮੱਥਾ ਟੇਕਦੇ ਹੋਏ ਰੱਬ ਦਾ ਸ਼ੁਕਰ ਮਨਾਇਆ। ਫਿਰ ਉਹ ਜਾ ਕੇ ਸਵੇਰ ਵਾਲੀ ਵੱਟ ਤੇ ਬਹਿ ਗਿਆ। ਉਸਦੇ ਨਾਲ ਨਸੀਬ ਕੌਰ ਵੀ ਬਹਿ ਗਈ ਜੋ ਅਜੇ ਵੀ ਕਦੇ ਦੀਪ ਦੀ ਪਿੱਠ ਅਤੇ ਕਦੇ ਦੀਪ ਦਾ ਸਿਰ ਪਲੋਸ ਰਹੀ ਸੀ। ਦੀਪ ਆਪਣੇ ਆਪ ਨੂੰ ਦੁਨੀਆ ਸਭ ਤੋਂ ਖੁਸ਼ਕਿਸਮਤ ਪੁੱਤਰ ਸਮਝ ਰਿਹਾ ਸੀ। ਉਹ ਆਪਣੀ ਵਿਕ ਚੁੱਕੀ ਜ਼ਮੀਨ ਨੂੰ ਦੁਬਾਰਾ ਖਰੀਦ ਕੇ ਜਿੱਥੇ ਬਹੁਤ ਖੁਸ਼ ਸੀ। ਉੱਥੇ ਉਹ ਵੱਟ 'ਤੇ ਬੈਠਾ ਬੈਠਾ ਇੰਝ ਮਹਿਸੂਸ ਕਰਦਾ ਸੀ ਜਿਵੇਂ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਹੋਵੇ। ਉਹ ਆਪਣੇ ਆਪ ਨੂੰ ਕਹਿ ਰਿਹਾ ਸੀ 'ਦੀਪ ਤੂੰ ਕਿੰਨਾ ਖੁਸ਼ ਕਿਸਮਤ ਹੈਂ ਜੋ ਦੋ ਦੋ ਮਾਵਾਂ ਦਾ ਪੁੱਤਰ ਹੈ। ਇੱਕ ਮਾਂ ਦੀ ਗੋਦ ਵਿੱਚ ਬੈਠਾਂ ਤੇ ਦੂਜੀ ਤੇਰੇ ਸਿਰ ਤੇ ਹੱਥ ਫੇਰ ਰਹੀ ਹੈ। ਉਹ ਕਿਸੇ ਵਿਸਮਾਦ ਵਿੱਚ ਖੁੱਭਾ ਹੋਇਆ ਸਵਰਗਾਂ ਦੇ ਝੂਟੇ ਲੈ ਰਿਹਾ ਸੀ।'