ਤਿੰਨੇਂ ਦੋਸਤ, ਕੰਮ ਤੋਂ ਛੁੱਟੀ ਕਰ ਨੇੜਲੇ ਮੈਕਡੌਨਲਡ ਵਿੱਚ ਹੀ ਲੰਚ ਅਤੇ ਸ਼ਾਮ ਦਾ ਖਾਣਾ ਖਾ ਲੈਂਦੇ। ਟੈਂਟ ਵਿੱਚ ਆ ਅਪਣੇ ਬਿਸਤਰ ਦੀ ਸ਼ਰਨ ਵਿੱਚ ਆਰਾਮ ਫੁਰਮਾਉਂਦੇ ਅਤੇ ਆਪੋ ਅਪਣੀਆਂ ਖਬਰਾਂ ਸਾਂਝੀਆਂ ਕਰਦੇ। ਦਿਨ ਦਾ ਸਮਾਂ ਖੇਤ ਚ ਕੰਮ ਕਰਦਿਆਂ ਅਤੇ ਰਾਤ ਖੇਤ ਵਿੱਚ ਹੀ ਲਗਾਏ ਤੰਬੂ ਵਿੱਚ ਗੁਜ਼ਾਰਦੇ। ਘਰ ਚਿੱਠੀ ਪੱਤਰ ਲਈ ਪੋਸਟਆਫਸ ਵਿੱਚ ਆਪੋ ਅਪਣੇ ਮੇਲ ਬੌਕਸ ਕਿਰਾਏ ਤੇ ਲੈ ਲਏ ਪਰ ਖੋਹਲਣੇ ਹਫਤੇ ਬਾਅਦ ਹੀ ਨਸੀਬ ਹੁੰਦੇ। ਸ਼ਹਿਰ ਦੂਰ ਹੋਣ ਦਾ ਇਹ ਵੀ ਨੁਕਸਾਨ ਸੀ।
" ਕਦੇ ਸੋਚਿਆ ਨਹੀਂ ਸੀ ਕਿ ਅਮਰੀਕਾ ਆ ਕੇ ਅਸੀਂ ਅਪਣੀ ਸੁਆਣੀਆਂ ਵਾਂਗ ਨਰਮੇ ਦੀਆਂ ਫੁੱਟੀਆਂ ਚੁਗਾਂਗੇ। ਕਿਸੇ ਰੈਸਟੋਰੈਂਟ ਜਾਂ ਗੈਸ ਸਟੇਸ਼ਨ ਵਿੱਚ ਰਗੜੇ ਖਾਣੇ ਪੈਣਗੇ ਇਹ ਤਾਂ ਪਤਾ ਸੀ ਪਰ ਕਪਾਹ ਚੁਗਣ ਵਾਲੀ ਗੱਲ ਤਾਂ ਕਿਸੇ ਨੇ ਨਹੀਂ ਸੀ ਦੱਸੀ।" ਕੁਲਵੰਤ ਨੇ ਅਪਣੇ ਮਿੱਤਰ ਨੂੰ ਕਿਹਾ।
" ਬਾਈ ਇਹ ਅਮਰੀਕਾ ਐ। ਸ਼ੁਕਰ ਕਰ ਕੰਮ ਮਿਲ ਗਿਆ। ਰੋਟੀ ਦਾ ਹੀਲਾ ਤਾਂ ਹੋ ਗਿਆ। ਹੋਰ ਫੇਰ ਵੇਖਾਂਗੇ। ਨਾਲ਼ੇ ਪਿੰਡ ਵਾਲ਼ੇ ਯਾਰਾਂ ਨੂੰ ਦੱਸਿਆ ਕਰ ਕਿ ਅਸੀਂ ਕੌਟਨ ਪਿੱਕਿੰਗ ਦਾ ਧੰਦਾ ਕਰਦੇ ਆਂ। ਥੋੜ੍ਹੀ ਇੱਜ਼ਤ ਬੱਝ ਜਾਂਦੀ ਐ ਅੰਗ੍ਰੇਜੀ ਬੋਲਣ ਨਾਲ਼। ਕਪਾਹ ਦੇ ਗੁੱਛਿਆਂ ਨੂੰ ਡਾਲਰਾਂ ਦੇ ਥੱਬੇ ਸਮਝ ਖਿੱਚੀੱ ਚਲ। ਅਮਰੀਕਾ ਵਿੱਚ ਕੋਈ ਕੰਮ ਭੈੜਾ ਨਹੀਂ, ਅਜੇਹਾ ਹੀ ਤੇ ਦੱਸਦੇ ਸਨ ਰਹਿਬਰ ਮਿੱਤਰ।" ਅਜੀਤ ਨੇ ਉੱਤਰ ਦਿੱਤਾ।
ਦਿਹਾੜੀ ਲਗਦੀ ਗਈ। ਮਾਇਆ ਮਿਲਦੀ ਰਹੀ। ਇੱਕ ਦਿਨ ਕੁਲਵੰਤ ਨੇ ਅਪਣੇ ਮਨ ਦੀ ਪ੍ਰੇਸ਼ਾਨੀ ਦਾ ਵੇਰਵਾ ਅਜੀਤ ਕੋਲ਼ ਪਾ ਹੀ ਦਿੱਤਾ," ਬਾਈ ਅਪਣਾਂ ਸਾਥੀ ਨਿਰਮਲ ਇੱਕ ਦੋ ਮੈਕਸੀਕਨਾਂ ਨਾਲ਼ ਜ਼ਿਆਦਾ ਹੀ ਮੇਲ ਜੋਲ ਵਧਾ ਰਿਹਾ ਹੈ। ਮੈਂ ਸੁਣਿਆਂ ਹੈ ਕਿ ਇਹ ਖੇਤਾਂ ਦੇ ਕਾਮੇ ਸਾਡੇ ਨਾਲ਼ ਕਾਫੀ ਖੁੰਧਕ ਖਾਂਦੇ ਨੇ, ਸਮਝਦੇ ਨੇ ਅਸੀਂ ਇਹਨਾਂ ਦੇ ਰੋਜ਼ਗਾਰ ਖੋਹ ਰਹੇ ਹਾਂ। ਇਹਨਾਂ ਵਿੱਚ ਕਈ ਤਾਂ ਦਸ ਨੰਬਰੀਏ ਆ ਜਾਂਦੇ ਨੇ, ਕਾਗਜ਼ ਪੱਤਰ ਇਹਨਾਂ ਕੋਲ਼ ਵੀ ਕੋਈ ਨਹੀਂ ਹੁੰਦਾ। ਇਹ ਚੋਰੀ ਕਰਕੇ ਵੀ ਭੱਜ ਜਾਂਦੇ ਨੇ। ਰਿਕਾਰਡ ਤੌਂ ਬਿਨਾਂ ਫੜੇ ਜਾਣੇ ਵੀ ਮੁਸ਼ਕਿਲ ਨੇ। ਕਈ ਤਾਂ ਡਰੱਗ ਦਾ ਧੰਦਾ ਹੀ ਕਰਨ ਆਉਂਦੇ ਨੇ। ਮੈਂ ਕੱਈਆਂ ਪਾਸੋਂ ਸੁਣਿਆਂ ਹੈ। ਤੂੰ ਨਿਰਮਲ ਨੂੰ ਚੇਤਾਵਨੀ ਤਾਂ ਦੇ ਹੀ ਦੇ। ਜਾਨ ਜੋਖੋਂ ਚ ਪਾਉਣ ਦਾ ਲਾਭ ਨਹੀਂ।"
ਅਜੀਤ ਨੇ ਥੋੜਾ ਸੋਚਿਆ ਫੇਰ ਕਿਹਾ," ਅੱਜ ਜਦੋਂ ਅਪਣੇ ਤੰਬੂ ਚ ਸ਼ਾਮੀਂ ਇਕੱਠੇ ਹੋਵਾਂਗੇ ਉਸ ਨਾਲ਼ ਗੱਲ ਜ਼ਰੂਰ ਕਰਾਂਗੇ। ਹੁਣ ਆਪਾਂ ਨੂੰ ਬਰਾਬਰ ਬਰਾਬਰ ਪੈਸੇ ਪਾ ਕੇ ਕੋਈ ਸਸਤੀ ਜਿਹੀ ਕਾਰ ਵੀ ਖਰੀਦ ਹੀ ਲੈਣੀ ਚਾਹੀਦੀ ਐ, ਇਹ ਵੀ ਸਲਾਹ ਕਰ ਲਵਾਂਗੇ। ਤੁਨਖਾਹ ਤੰਬੂ ਚ ਰੱਖਣੀ ਖਤਰੇ ਤੋਂ ਖਾਲੀ ਨਹੀਂ। ਕਈ ਤੁਨਖਾਹਾਂ ਮਿਲ ਚੁਕੀਆਂ ਨੇ। ਦੋ ਵੀਕਾਂ ਤੌਂ ਸ਼ਹਿਰ ਵੀ ਨਹੀਂ ਜਾ ਸਕੇ। ਥੋੜ੍ਹੇ ਪੈਸੇ ਘਰ ਵੀ ਭੇਜ ਹੀ ਦੇਣੇ ਚਾਹੀਦੇ ਨੇ। ਕਾਰ ਤੋਂ ਬਿਨਾਂ ਸ਼ਹਿਰ ਜਾਣਾ ਵੀ ਔਖਾ ਹੈ।"
" ਬਾਈ ਕਪਾਹ ਦਾ ਸੀਜ਼ਨ ਕੁੱਝ ਹਫਤਿਆਂ ਵਿੱਚ ਹੀ ਖ਼ਤਮ ਹੋਣ ਵਾਲਾ ਐ। ਅਗਾਹਾਂ ਦੀ ਵੀ ਕੋਈ ਵਿਊਂਤ ਸੋਚਣੀ ਪਵੇਗੀ।" ਅਜੀਤ ਨੇ ਨਾਲ਼ ਹੀ ਕਪਾਹ ਚੁਗਦੇ ਮਿੱਤਰ ਨੂੰ ਇੱਕ ਦਿਨ ਸੁਚੇਤ ਕੀਤਾ।
ਅੱਜ ਟੈਂਟ ਵਿੱਚ ਕਾਰ ਵਾਰੇ ਫੇਰ ਚਰਚਾ ਹੋਈ। ਨਿਰਮਲ ਨੇ ਦੱਸਿਆ ਕਿ ਉਸ ਨੇ ਡਰਾਈਵਰਜ਼ ਲਾਈਸੈਂਸ ਤਾਂ ਲੈ ਲਿਆ ਹੈ ਪਰ ਕਾਰ ਖਰੀਦਣ ਦੀ ਅਜੇ ਸਮਰੱਥਾ ਨਹੀਂ। ਉਸਨੇ ਸੁਝਾਓ, ਇੱਕ ਸਾਂਝੀ, ਕਾਰ ਲੈਣ ਦਾ ਵੀ ਸਹੀ ਦੱਸਿਆ। ਸਹਿਮਤੀ ਨਾਲ਼ ਇੱਕ ਸਸਤੀ ਜਿਹੀ ਪੁਰਾਣੀ ਵਾਹਨ ਖਰੀਦ ਲਈ। ਉਪਰਲੇ ਕੰਮ ਕਰਨੇ ਸੌਖੇ ਹੋ ਗਏ। ਸਮਾਂ ਪਾ ਕੇ ਮਾਇਆ ਵਿੱਚ ਵੀ ਬਰਕਤ ਹੋ ਗਈ। ਹੁਣ ਰਿਹਾਇਸ਼ ਦੀ ਗੱਲ ਬਾਤ, ਖੇਤਾਂ ਵਿਚਲੇ ਤੰਬੂ ਤੋਂ, ਅਪਾਰਟਮੈਂਟ ਦਾ ਰੁਖ ਵੀ ਲੈਣ ਲਗੀ। ਤਿੰਨਾਂ ਕੋਲ਼ ਡਰਾਇਵਰ ਲਾਈਸੈਂਸ ਵੀ ਆ ਗਏ। ਕਪਾਹ ਤੋਂ ਮਗਰੋਂ ਕਿਹੜੀ ਫਸਲ ਵੱਲ ਵਾਗਾਂ ਮੋੜਨੀਆਂ ਨੇ ਉਸ ਦੀ ਚਰਚਾ ਵੀ ਹੋਣ ਲਗੀ।
ਉਸ ਦਿਨ ਤੁਨਖਾਹਾਂ ਮਿਲੀਆਂ ਤਾਂ ਤਿੰਨੇ ਦੋਸਤ ਵਿਸਕੀ ਦੀ ਬੋਤਲ ਖਰੀਦ ਕੇ ਢਿੱਡ ਭਰਨ ਲਈ ਕੈਂਟਕੀ ਫਰਾਈਡ ਚਿਕਨ ਦੀ ਬਾਲਟੀ ਖਰੀਦ ਨਾਲ਼ ਹੀ ਲੈ ਆਏ।
ਅਜੇ ਵਿਸਕੀ ਨੇ ਪੂਰਾ ਅਸਰ ਵੀ ਨਹੀਂ ਸੀ ਕੀਤਾ। ਅਚਾਨਕ ਅਜੀਤ ਦੇ ਦਿਲ ਵਿੱਚ ਫਿਕਰ ਨੇ ਘਰ ਕਰ ਲਿਆ। ਉਸਨੇ ਨਿਰਮਲ ਵੱਲ ਵੇਖਿਆ ਅਤੇ ਫਿਕਰਮੰਦ ਵਾਣੀ ਵਿੱਚ ਕਿਹਾ," ਬਾਈ ਤੂੰ ਮੈਕਸੀਕਨਾਂ ਨਾਲ਼ ਬਹੁਤਾ ਮੇਲ ਜੋਲ ਨਾਂ ਹੀ ਵਧਾਏਂ ਤਾਂ ਸਿਆਣਪ ਕਰੇਂਗਾ। ਇਹ ਸਾਲ਼ੇ ਬਹੁਤ ਖਤਰਨਾਕ ਲੋਗ ਨੇ। ਛੰਟੇ ਬਦਮਾਸ਼ ਵੀ ਇਹਨਾਂ ਚ ਬਹੁਤ ਨੇ। ਕਿਸੇ ਦੇ ਚਿਹਰੇ ਤੇ ਤਾਂ ਲਿਖਿਆ ਨਹੀਂ ਹੁੰਦਾ, ਕਿਸੇ ਦੇ ਪਛੋਕੜ ਦਾ ਵੇਰਵਾ। ਬਚਾ ਚ ਹੀ ਬਚਾ ਲੱਭਣਾ ਠੀਕ ਹੈ। ਉਹਨਾਂ ਦੀ ਪੂਰੀ ਗੱਲ ਵੀ ਸਾਡੇ ਪੱਲੇ ਨਹੀਂ ਪੈਂਦੀ ਇਸ ਕਰਕੇ ਵਿੱਥ ਰੱਖਣ ਚ ਹੀ ਸਾਡੀ ਭਲਾਈ ਹੈ। ਖਬਰਾਂ ਮਿਲਦੀਆਂ ਨੇ ਕਿ ਇਹ ਖੇਤਾਂ ਦੇ ਕਾਮਿਆਂ ਨੂੰ ਲੁੱਟ ਕਸੁੱਟ ਕੇ ਫਰਾਰ ਹੋ ਜਾਂਦੇ ਨੇ। ਕਤਲ ਵੀ ਕਰਨੋਂ ਜਰਕਦੇ ਨਹੀਂ।"
" ਅਜੀਤ, ਸਾਰੇ ਲੋਗ ਤਾਂ ਬਦਮਾਸ਼ ਨਹੀਂ ਹੁੰਦੇ। ਸਹੀ ਗੱਲ ਤਾਂ ਇਹ ਹੈ ਕਿ ਮੈਕਸੀਕਨਾਂ ਦੇ ਇਸ ਟੋਲੇ ਵਿੱਚ ਇੱਕ ਕੁੜੀ ਜੋ ਮੇਰੇ ਵੱਲ ਥੋੜਾ ਝੁਕਾ ਰੱਖਦੀ ਹੈ ਗਰੀਨ ਕਾਰਡ ਹੋਲਡਰ ਹੈ। ਉਸ ਨੇ ਕਾਰਡ ਵਖਾਇਆ ਵੀ ਹੈ। ਉਹ ਕਹਿੰਦੀ ਸੀ ਕਿ ਮੈਨੂੰ ਵੀ ਗਰੀਨ ਕਾਰਡ ਮਿਲ ਸਕਦਾ ਹੈ ਜੇ ਮੈਂ ਉਸ ਨਾਲ਼ ਵਿਆਹ ਲਈ ਰਾਜੀ ਹੋ ਜਾਵਾਂ। ਬੱਸ ਇਸੇ ਆਸ ਕਾਰਨ ਮੇਲ ਜੋਲ ਕਰਦਾ ਹਾਂ। ਹੋਰ ਮੈਂ ਇਹਨਾਂ ਤੋਂ ਕੀ ਲੈਣਾ!" ਨਿਰਮਲ ਨੇ ਗੁੱਝਾ ਭੇਦ ਖੋਹਲਿਆ ਅਤੇ ਚੁੱਪ ਧਾਰ ਲਈ।
" ਮੈਨੂੰ ਤਾਂ ਤੇਰੇ ਨਾਲ਼ ਕੋਈ ਧੋਖਾ ਹੁੰਦਾ ਨਜ਼ਰ ਆ ਰਿਹਾ ਹੈ। ਤੂੰ ਸੋਚ ਜ਼ਰਾ ਇੱਕ ਗਰੀਨ ਕਾਰਡ ਹੋਲਡਰ ਕਪਾਹ ਨਾਲ਼ ਮੱਥਾ ਕਿਉਂ ਮਾਰੇਗੀ। ਤੈਨੂੰ ਕਿਵੇਂ ਪਤਾ ਐ ਜਿਹੜਾ ਕਾਰਡ ਉਸ ਵਖਾਇਆ ਸੀ ਉਹ ਅਸਲੀ ਗਰੀਨ ਕਾਰਡ ਹੀ ਸੀ? ਮੈਂ ਤਾਂ ਅਜੇ ਤੱਕ ਕਾਰਡ ਦੇ ਦਰਸ਼ਨ ਵੀ ਨਹੀਂ ਕੀਤੇ ਕਿਸੇ ਭਰੋਸੇਜਨਕ ਬੰਦੇ ਕੋਲ਼।" ਅਜੀਤ ਨੂੰ ਯਕੀਨ ਨਾਂ ਆਇਆ। ਸਿਆਣੀ ਗੱਲ, ਜੋ ਮਨ ਵਿੱਚ ਸੀ, ਕਹਿ ਕੇ ਚੁੱਪ ਹੋ ਗਿਆ।
" ਗੱਲ ਤੇਰੀ ਵੀ ਸਹੀ ਹੋ ਸਕਦੀ ਐ। ਪਰ ਕਿਸੇ ਤੇ ਯਕੀਨ ਤਾਂ ਕਰਨਾਂ ਪਵੇਗਾ ਹੀ। ਮੈਨੂੰ ਐਦਾਂ ਦੀ ਢੱਗ ਹੀ ਤਾਂ ਫਸਾਉਣੀ ਪਵੇਗੀ ਪੱਕਾ ਹੋਣ ਲਈ। ਤੈਨੂੰ ਤੇ ਪਤਾ ਹੈ ਮੇਰੀਆਂ ਤਿੰਨ ਜੁਆਨ ਭੈਣਾ ਨੇ ਜਿਨਹਾਂ ਦੇ ਵਿਆਹ ਛੇਤੀ ਕਰ ਦੇਣੇ ਚਾਹੀਦੇ ਨੇ। ਬਿਨਾਂ ਗਰੀਨ ਕਾਰਡ ਦੇ ਚੰਗੀ ਕਮਾਈ ਨਹੀਂ ਹੋ ਸਕਦੀ। ਘਰਦੇ ਉਲਝੇ ਕੰਮ ਕਿਵੇਂ ਸਿਰੇ ਲੱਗ ਸਕਦੇ ਨੇ ਖੇਤਾਂ ਵਿੱਚ ਹੋ ਰਹੀ ਆਈ ਚਲਾਈ ਨਾਲ਼।" ਨਿਰਮਲ ਨੇ ਅਪਣੀ ਘਰੇਲੂ ਸਮੱਸਿਆ ਦਾ ਹਾਲ ਵੀ ਦੋਸਤਾਂ ਨੂੰ ਦੱਸ ਦਿੱਤਾ।
" ਇਹਦੇ ਨਾਲੋਂ ਤਾਂ ਚੰਗਾ ਐ ਕਿਸੇ ਪੱਬ ਚੋਂ ਹੀ ਲੱਭ ਲੈ ਕੋਈ ਸਾਫ ਸੁਥਰੀ ਗਰੀਬ ਜਿਹੀ ਗੋਰੀ। ਖੇਤਾਂ ਚ ਤਾਂ ਵਧੀਆ ਥਾਂ ਹੱਥ ਮਾਰਨਾਂ ਔਖਾ ਐ ਯਾਰਾ।" ਕੁਲਵੰਤ ਨੇ ਵੀ ਜ਼ੋਰਦਾਰ ਦਲੀਲ ਦਿੱਤੀ।
ਨਿਰਮਲ ਨੇ ਕੁੜੀ ਨਾਲ਼ ਮੇਲ ਜੋਲ ਚਾਲੂ ਰੱਖਿਆ ਪਰ ਹੁਣ ਡਰ ਦੀ ਭਾਵਨਾਂ ਵੀ ਮਨ ਵਿੱਚ ਘਰ ਕਰ ਗਈ। ਛੱਡਾਂ ਜਾਂ ਨਾ ਛੱਡਾਂ ਦੀ ਸ਼ਸ਼ੋਪੰਜ ਵਿੱਚ ਫਸਿਆ ਮਨ ਦ੍ਰਿੜ ਫੈਸਲਾ ਕਰਨਂੋ ਅਸਮਰੱਥ ਹੀ ਰਿਹਾ।
ਜਦੋਂ ਅੱਜ ਉਹ ਮੈਕਸੀਕਨ ਕੁੜੀ ਤੰਬੂ ਵਿੱਚ ਹੀ ਆ ਟਪਕੀ ਤਾਂ ਮਿੱਤਰ ਬਹੁਤ ਅਚੰਭਿਤ ਹੋਏ। ਨਿਰਮਲ ਨੇ ਸਭ ਦੀ ਜਾਣ ਪਹਿਚਾਣ ਕਰਵਾਈ। ਕੁੜੀ ਨੂੰ ਵੀ ਸ਼ਰਾਬ ਦੀ ਘੁੱਟ ਪਿਆਈ। ਗੱਲ ਬਾਤ ਬਹੁਤ ਸਮਾਂ ਚਲਦੀ ਰਹੀ। ਕੁੜੀ ਨੇ ਵਿਦਾ ਮੰਗੀ। ਅਜੀਤ ਨੇ ਪੂਰਾ ਸਮਾਂ ਸ਼ੱਕੀ ਨਿਗਾਹਾਂ ਨਾਲ ਹੀ ਕੁੜੀ ਨੂੰ ਪਰਖਿਆ।
" ਓਏ ਅਜੀਤ, ਹੁਣ ਬਹਿ ਜਾ, ਕਿੱਥੇ ਚੱਲਿਆਂ ਏਂ? ਕਿਤੇ ਕੁੜੀ ਪਸੰਦ ਤਾਂ ਨਹੀਂ ਆ ਗਈ ਤੈਨੂੰ। ਓਹਦੇ ਮਗਰ ਹੀ ਤੁਰ ਪਿਆ ਏਂ!" ਅਜੀਤ ਨੂੰ ਟੈਂਟ ਤੋਂ ਬਾਹਰ ਜਾਂਦਿਆਂ ਵੇਖ, ਇੱਕ ਦੋਸਤ ਨੂੰ ਮਜ਼ਾਕ ਸੁਝਿਆ।
" ਖੁਲ੍ਹੀ ਹਵਾ ਚ ਜ਼ਰਾ ਟਹਿਲ ਹੀ ਆਵਾਂ। ਦੇਰ ਹੋ ਗਈ ਬੈਠਿਆਂ। ਲੱਤਾਂ ਜੁੜ ਗੱਈਆਂ।" ਅਜੀਤ ਬੋਲ ਕੇ ਬਾਹਰ ਚਲਾ ਗਿਆ।
ਸੂਰਜ ਚੜ੍ਹਿਆ, ਸੂਰਜ ਉਤਰਿਆ। ਐਦਾਂ ਹੀ ਸਮਾਂ ਚਲਦਾ ਗਿਆ। ਤੁਨਖਾਹਾਂ ਮਿਲਦੀਆਂ ਗੱਈਆਂ। ਕਪਾਹ ਦੀਆਂ ਫੁੱਟੀਆਂ ਚੋਂ ਡਾਲਰਾਂ ਦੀਆਂ ਮੁੱਠੀਆਂ ਮਿਲਦੀਆਂ ਰਹੀਆਂ। ਮੈਕਸੀਕਨ ਦੀ ਵੀ ਹੁਣ ਕੋਈ ਗੱਲ ਨਹੀਂ ਸੀ ਕਰਦਾ, ਸ਼ਾਇਦ ਸਮਾਂ ਪਾ ਕੇ ਸ਼ੱਕ ਦੀ ਭਾਵਨਾਂ ਨਰਮ ਪੈ ਗਈ। ਇੱਕ ਦੋ ਹਫਤੇ ਵਿੱਚ ਆਖਰੀ ਤੁਨਖਾਹ ਵੀ ਮਿਲਣ ਵਾਲੀ ਹੀ ਸੀ। ਫਸਲ ਮੁੱਕੀ ਕੰਮ ਮੁੱਕਿਆ। ਅਜੇਹਾ ਹੀ ਹੁੰਦਾ ਐ ਖੇਤਾਂ ਚ ਤਾਂ। ਕਿਤੇ ਹੋਰ ਜਾ ਕੇ ਕੋਈ ਹੋਰ ਫਸਲ, ਫਲ਼ ਫਰੂਟ ਆਦਿ ਤੋੜਨ ਦੀ ਵਿਊਂਤ ਕਦੇ ਜਗਦੀ ਕਦੇ ਬੁਝਦੀ।
ਮੈਕਡੌਨਲਡ ਵਿੱਚ ਖਾਣਾ ਖਾਣ ਵੇਲੇ ਜਦੋਂ ਕਦੇ ਮੈਕਸੀਕਨ ਕੁੜੀਆਂ ਵਰਗਾ ਝੁੰਡ ਆ ਵੜਦਾ ਤਾਂ ਅਜੀਤ ਸਹਿਜ ਸੁਭਾ ਹੀ ਤੰਬੂ ਦੇ ਬਾਹਰ ਵਾਲੇ ਉਸ ਦਿਨ ਦੇ, ਜਿਸ ਦਿਨ ਕੁੜੀ ਤੰਬੂ ਵਿੱਚ ਆਈ ਸੀ, ਨਜ਼ਾਰੇ ਦਾ ਕਿੱਸਾ ਛੋਹ ਹੀ ਲੈਂਦਾ। ਨਿਰਮਲ ਨੂੰ ਯਾਦ ਕਰਵਾਉਂਦਾ ਤੇ ਕਹਿੰਦਾ," ਕੁੜੀ ਇਕੱਲੀ ਤਾਂ ਨਹੀਂ ਸੀ। ਉਸ ਨਾਲ਼ ਟਰੱਕ ਵਿੱਚ ਕੋਈ ਹੋਰ ਵੀ ਬੈਠਾ ਸੀ। ਉਹ ਬੰਦਾ ਉਸ ਨਾਲ਼ ਟੈਂਟ ਚ ਕਿਉਂ ਨਹੀਂ ਆਇਆ? ਇਹਨਾਂ ਵੱਲੋਂ ਸਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ।"
" ਬਾਈ ਡਰਨ ਦਾ ਲਾਭ ਨਹੀਂ। ਅਸੀਂ ਵੀ ਤੇ ਐਥੋਂ ਕਿਤੇ ਹੋਰ ਜਾ ਕੰਮ ਲੱਭਣਾ ਹੈ। ਚਲੇ ਹੀ ਜਾਣਾ ਹੈ ਇਹਨਾਂ ਤੋਂ ਪਰੇ। ਕੰਮ ਤਾਂ ਬਣਦਾ ਵੀ ਨਜ਼ਰ ਨਹੀਂ ਆ ਰਿਹਾ। ਮੈਨੂੰ ਵੀ ਲਗਦਾ ਹੈ ਸਾਲ਼ੀ ਝੁਠਲਾ ਹੀ ਰਹੀ ਐ।" ਨਿਰਮਲ ਉਦਾਸ ਮਨ ਨਾਲ਼ ਕਹਿ ਛੱਡਦਾ।
ਆਖ਼ਰੀ ਤੁਨਖਾਹਾਂ ਮਿਲ ਚੁਕੀਆਂ ਸਨ। ਅਮ੍ਰਿਤ ਵੇਲਾ, ਮੂੰਹ ਹਨੇਰਾ ਦੋਸਤ ਘੂਕ ਸੁੱਤੇ ਪਏ ਸਨ। ਅਜੀਤ ਦਾ ਸਿਰ ਦਰਦ ਵਿਚਾਰੇ ਨੂੰ ਸੌਣ ਨਹੀਂ ਸੀ ਦੇ ਰਿਹਾ। ਉਹ ਕਰਵਟ ਕਦੇ ਸੱਜੇ ਪੱਖ ਤੇ ਕਦੇ ਖੱਬੇ ਪੱਖ ਲੈਂਦਾ ਅਤੇ ਵਾਹਿਗੁਰੂ ਵਾਹਿਗੁਰੂ ਬੋਲ ਪਹੁ ਫੁਟਾਲੇ ਦਾ ਇੰਤਜ਼ਾਰ ਕਰਨ ਲਗਦਾ।
ਅਚਾਨਕ ਹੀ ਤੰਬੂ ਦੇ ਦਰ ਤੇ ਊਚੀ ਊਚੀ ਟੁੱਟੀ ਫੁੱਟੀ ਅੰਗ੍ਰੇਜ਼ੀ ਵਿੱਚ ਭਿਆਨਕ ਲਲਕਾਰੇ ਸੁਣਾਈ ਦਿੱਤੇ," ਡਿਨਾਰ, ਡਿਨਾਰ, ਡਿਨਾਰ --। ਡੋਂਟ ਮੂਵ। ਵੀ ਸ਼ੂਟ।"
ਅਜੀਤ ਆਈ ਬਿਪਤਾ ਵਾਰੇ ਸਮਝ ਗਿਆ। ਬੋਲਿਆ," ਯਾਰੋ ਆ ਗਏ ਮੈਕਸੀਕੇ ਡਾਕਾ ਮਾਰਨ। ਆਪੋ ਅਪਣੇ ਡਾਲਰ ਤੰਬੂ ਦੇ ਦਰ ਵੱਲ ਸੁੱਟ ਮਾਰੋ ਜੇ ਜਾਨ ਪਿਆਰੀ ਐ।" ਅਜੀਤ ਨੇ ਪਹਿਲਾਂ ਸੁੱਟੇ ਤੇ ਪਿਛਵਾੜਿਓਂ ਟੈਂਟ ਤੋਂ ਬਾਹਰ ਭੱਜ ਗਿਆ। ਕੁਲਵੰਤ ਨੇ ਅਪਣਾ ਲਿਫਾਫਾ ਚੁੱਕਣ ਲਈ ਲੱਤ ਦਾ ਸਹਾਰਾ ਲਿਆ ਪਰ ਲੱਤ ਚ ਗੋਲੀ ਹੀ ਆ ਵੱਜੀ। ਲਿਫਾਫਾ ਸੁੱਟ ਉਹ ਥਾਂਏ ਹੀ ਪਿਆ ਰਿਹਾ। ਨਿਰਮਲ ਜ਼ਰਾ ਉਠਿਆ, ਪੈਸੇ ਸੁੱਟੇ, ਪਰ ਸਿਰ ਚ ਲੱਗੀ ਗੋਲੀ ਕਾਰਨ ਤੁਰਤ ਹੀ ਡਿਗ ਪਿਆ। ਮਾਇਆ ਬਟੋਰ ਕੇ ਡਾਕੂ ਜਾਂਦੇ ਹੋਏ ਕਾਰ ਦੇ ਟਾਇਰਾਂ ਵਿੱਚ ਵੀ ਗੋਲੀਆਂ ਮਾਰ ਗਏ।
ਹੁਣ ਪਹੁ ਫੁਟਾਲਾ ਹੋ ਰਿਹਾ ਸੀ। ਅਜੀਤ ਵਾਪਸ ਟੈਂਟ ਵਿੱਚ ਆਇਆ। ਹਾਲਾਤ ਦਾ ਜਾਇਜ਼ਾ ਲਿਆ। ਕੁਲਵੰਤ ਕੁਰਲਾ ਰਿਹਾ ਸੀ। ਲਹੂ ਲੁਹਾਨ ਹੋਇਆ ਨਿਰਮਲ ਅਹਿੱਲ ਪਿਆ ਸੀ। ਅਜੀਤ ਨੂੰ ਵੇਖ ਕੁਲਵੰਤ ਨੇ ਬੋਲਿਆ," ਅਜੀਤ, ਮੈਨੂੰ ਫਟਾ ਫਟ ਕਾਰ ਚ ਸੁੱਟ ਅਤੇ ਪਹੁੰਚਾ ਹਸਪਤਾਲ। ਮੈਂ ਹੁਣ ਜ਼ਿਆਦਾ ਦੇਰ ਸਾਹ ਨਹੀਂ ਲੈ ਸਕਦਾ। ਖੂਨ ਬਹੁਤ ਨੁੱਚੜ ਗਿਆ ਹੈ। ਜਲਦੀ ਕਰ ਕਾਰ ਸਟਾਰਟ ਕਰ।"
ਅਜੀਤ ਨੇ ਸਾਥੀ ਨੂੰ ਕਾਰ ਚ ਲੰਮਾ ਪਾ, ਕਾਰ ਸਟਾਰਟ ਕੀਤੀ ਅਤੇ ਲੈ ਤੁਰਿਆ ਹਵਾ ਰਹਿਤ ਟਾਇਰਾਂ ਵਾਲੀ ਕਾਰ। ਮੀਲ ਕੁ ਤੇ ਗੈਸ ਸਟੇਸ਼ਨ ਵਿੱਚ ਜਾ ਕੇ ਐਂਬੁਲੈਂਸ ਸੱਦੀ। ਘਾਇਲ ਨੂੰ ਹਸਪਤਾਲ ਦੀ ਐਮਰਜੈਂਸੀ ਵਿੱਚ ਪਹੁੰਚਦਾ ਕੀਤਾ। ਅਜੀਤ ਵਾਪਸ ਤੰਬੂ ਚ ਆਇਆ ਅਤੇ ਅਪਣੇ ਵਿੱਛੜ ਚੁਕੇ ਸਾਥੀ ਦਾ ਸ਼ਰੀਰ ਚੰਗੀ ਤਰ੍ਹਾਂ ਹਿਫਾਜ਼ਤ ਨਾਲ ਸਾਂਭ, ਟੈਂਟ ਵਿੱਚ ਛੱਡ ਹਸਪਤਾਲ ਪਹੁੰਚਿਆ। ਕੋਈ ਪੁੱਛ ਗਿੱਛ ਨਹੀਂ ਹੋਈ। ਫਰਾਰ ਕਾਤਲ ਫੜੇ ਨਹੀਂ ਗਏ। ਬਿਨਾਂ ਕਾਗਜ਼ ਪੱਤਰ ਦੇ ਲੋਕਾਂ ਦਾ ਮਰਦਮ ਸ਼ੁਮਾਰੀ ਵਿੱਚ ਨਾਂ ਹੀ ਨਹੀਂ ਹੁੰਦਾ। ਮਰੀਜ਼ ਨੂੰ ਇੱਕ ਦਿਨ ਹਸਪਤਾਲ਼ ਚ ਹੀ ਰੱਖਿਆ। ਅਗਲੇ ਦਿਨ ਕੁਲਵੰਤ ਅਤੇ ਅਜੀਤ ਮੁੜ ਟੈਂਟ ਵਿੱਚ ਆਏ। ਅਜੀਤ ਨੇ ਨਿਰਮਲ ਦਾ ਚਿਹਰਾ ਨੰਗਾ ਕਰ ਵੇਖਿਆ ਤੇ ਆਖਿਆ," ਕੁਲਵੰਤ, ਮੇਰਾ ਖ਼ਿਆਲ ਹੈ, ਸਾਨੂੰ ਨਿਰਮਲ ਦਾ ਸ਼ਵ ਪੰਜਾਬ ਭੇਜ ਦੇਣਾ ਚਾਹੀਦਾ ਹੈ। ਪੁਲਿਸ ਕੋਲ਼ ਰਿਪੋਰਟ ਵੀ ਕਰਨੀ ਚਾਹੀਦੀ ਹੈ।" ਉਦਾਸ ਪਾਣੀ ਭਰੇ ਨੇਤਰਾਂ ਨਾਲ਼ ਅਜੀਤ ਨੇ ਕੁਲਵੰਤ ਵੱਲ ਵੇਖਿਆ।
ਕੁਲਵੰਤ ਹੰਝੂ ਕੇਰਦਾ ਰਿਹਾ। ਫੇਰ ਲੰਗੜਾ ਕੇ ਦੋਸਤ ਨੂੰ ਮੂੰਹੋਂ ਅਲਵਿਦਾ ਆਖ ਦੋਸਤ ਦਾ ਮੂੰਹ ਕੱਜ ਬੋਲਿਆ," ਮਿਰਤਕ ਸ਼ਰੀਰ ਭੇਜਣ ਲਈ ਸਾਡੇ ਕੋਲ਼ ਮਾਇਆ ਹੈ ਹੀ ਨਹੀਂ। ਲੁੱਟੇ ਤਾਂ ਗਏ ਹੀ ਹਾਂ। ਸ਼ੁਕਰ ਹੈ ਕਰਤਾਰ ਦਾ, ਸਾਡੀ ਜਾਨ ਬਖ਼ਸ਼ੀ ਗਈ। ਪੁਲਿਸ ਕੋਲ਼ ਜਾਣ ਦਾ ਮਤਲਬ ਸਾਫ ਹੈ। ਦੋਵੇਂ ਡਿਪੋਰਟ ਵੀ ਹੋ ਸਕਦੇ ਹਾਂ। ਚੰਗਾ ਹੈ ਨਾਲ਼ ਵਾਲੇ ਗੁਰੂਘਰ ਤੋਂ ਮਦਦ ਲੈ ਕੇ ਸੰਸਕਾਰ ਕਰਨ ਦਾ ਯਤਨ ਕਰੀਏ। ਕੰਮ ਜਲਦੀ ਸਿਰੇ ਚੜ੍ਹਾਉਣਾ ਅਤੀ ਜ਼ਰੂਰੀ ਹੈ ਨਹੀਂ ਤਾਂ ਸ਼ਰੀਰ ਚੋਂ ਹਮਕ ਆਉਣੀ ਅਰੰਭ ਹੋ ਜਾਏਗੀ।" ਕੁਲਵੰਤ ਦੀ ਗੱਲ ਅਜੀਤ ਨੂੰ ਵੀ ਸਿਆਣੀ ਲਗੀ। ਉਹ ਆਪ ਕੰਮ ਪੂਰਾ ਕਰਨ ਵਿੱਚ ਰੁੱਝ ਗਿਆ।
ਸੰਸਕਾਰ ਮਗਰੋਂ, ਅਸਤੀਆਂ ਸੰਭਾਲ, ਦੋਵੇਂ ਕਾਰ ਦੀ ਉਘ ਸੁੱਘ ਲੈਣ ਗੈਸ ਸਟੇਸ਼ਨ ਤੇ ਗਏ। ਕਾਰ ਸਟੇਸ਼ਨ ਵਾਲਿਆਂ ਜੰਕ ਯਾਰਡ ਭੇਜ ਦਿੱਤੀ ਸੀ। ਟੈਂਟ ਚੋਰੀ ਹੋ ਚੁਕਿਆ ਸੀ। ਭਵਿਖਤ ਦੀ ਸਮੱਸਿਆ ਹੋਰ ਦੁਖਦਾਈ ਹੋ ਗਈ। ਕਈ ਦਿਨਾਂ ਦੀ ਖੱਜਲ਼ ਖੁਆਰੀ ਮਗਰੋਂ ਹੁਣ ਕਿਤੇ ਨਵਾਂ ਕੰਮ ਲੱਭਣਾ ਵੀ ਢਿੱਡ ਲਈ ਐਮਰਜੈਂਸੀ ਬਣ ਗਿਆ।
" ਬਾਈ ਛੱਡ ਖੇਤਾਂ ਦਾ ਖਹਿੜਾ। ਕਿਸੇ ਫੈਕਟਰੀ ਜਾਂ ਗੈਸ ਸਟੇਸ਼ਨ ਵੱਲ ਰੁਖ ਮੋੜਦੇ ਆਂ। ਕਿਉਂ ਨਾ ਕਿਸੇ ਅਪਣੇ ਪੰਜਾਬੀ ਭਰਾ ਦੀ ਮਿੱਨਤ ਕਰ ਲੱਈਏ। ਗੁਰੂ ਘਰ ਦੀ ਸੰਗਤ ਚ ਕੱਈਆਂ ਦੇ ਗੈਸ ਸਟੇਸ਼ਨ ਹਨ ਤੇ ਕੱਈਆਂ ਦੇ ਰੈਸਟੋਰੈਂਟ ਆਦਿ ਵੀ ਨੇ। ਅਪਣੇ ਵੀਰੇ ਸਾਡੀ ਮਦਦ ਜ਼ਰੂਰ ਕਰਨਗੇ।" ਕੁਲਵੰਤ ਨੇ ਅਪਣੀ ਜ਼ਖ਼ਮੀ ਲੱਤ ਵੱਲ ਵੇਖਿਆ ਤੇ ਬੋਲਿਆ।
" ਹਾਂ ਵੀਰੇ, ਵਿਚਾਰ ਸਹੀ ਐ। ਔਖੇ ਵੇਲੇ ਅਪਣੇ ਹੀ ਕੰਮ ਆਉਂਦੇ ਨੇ।" ਦੋਸਤ ਨੁੰ ਸਲਾਹ ਠੀਕ ਜਚੀ।
ਰੱਬ ਦੀ ਮਿਹਰ ਹੋਈ। ਇੱਕ ਨੂੰ ਇੱਕ ਗੁਜਰਾਤੀ ਵੀਰ ਨੇ ਅਪਣੀ ਕਰਿਆਣੇ ਦੀ ਦੁਕਾਨ ਤੇ ਰਾਸ਼ਣ ਠਿਕਾਣੇ ਰੱਖਣ ਦੀ ਅਤੇ ਗ੍ਰਾਹਕਾਂ ਦਾ ਸਾਮਾਨ ਕਾਰਾਂ ਚ ਰੱਖਣ ਦਾ ਕੰਮ ਦੇ ਦਿੱਤਾ। ਦੁਜਾ ਗੈਸ ਸਟੇਸ਼ਨ ਤੇ ਜਾ ਕਾਰਾਂ ਚ ਤੇਲ ਭਰਨ ਲਗ ਪਿਆ। ਕੰਮ ਸਫਾਈ ਦਾ ਮਿਲ ਗਿਆ। ਖੇਤਾਂ ਨੂੰ ਅਲਵਿਦਾ ਆਖ ਦੋਵੇਂ ਖੁਸ਼ ਹੋਏ। ਅਪਾਰਟਮੈਂਟ ਚ ਰਹਿਣ ਲਗੇ।
" ਕੁਲਵੰਤ, ਸਾਨੂੰ ਨਿਰਮਲ ਦੀ ਖਬਰ ਉਸਦੀਆਂ ਭੈਣਾ ਤੱਕ ਪਹੁੰਚਾ ਹੀ ਦੇਣੀ ਚਾਹੀਦੀ ਐ। ਹਿੰਮਤ ਤਾਂ ਨਹੀਂ ਪੈ ਰਹੀ ਪਰ ਆਖਰ ਕਿੰਨਾਂ ਕੁ ਚਿਰ ਚੁੱਪ ਰਹਿ ਸਕਦੇ ਆਂ। ਉਸਦੇ ਘਰਦਿਆ ਨੂੰ ਸਦਮਾ ਤਾਂ ਸਹਿਣਾ ਹੀ ਪਏਗਾ, ਅੱਜ ਨਹੀਂ ਤਾਂ ਕੱਲ੍ਹ। " ਅਜੀਤ ਨੇ ਅਪਣੀ ਪ੍ਰੇਸ਼ਾਨੀ ਇੱਕ ਦਿਨ ਕੁਲਵੰਤ ਨਾਲ਼ ਸਾਂਝੀ ਕੀਤੀ।
" ਪਹਿਲਾਂ ਥੋੜ੍ਹੇ ਪੈਸੇ, ਨਿਰਮਲ ਦੇ ਘਰੇ ਭੇਜ ਦੇਂਦੇ ਆਂ। ਫੇਰ ਚਿੱਠੀ ਲਿਖ ਦਿਆਂਗੇ ਨਾਲ਼ੇ ਉਹਨਾਂ ਦੀ ਪੂਰੀ ਮਦਦ ਕਰਨ ਦਾ ਪ੍ਰਣ ਵੀ ਲਿਖ ਭੇਜਾਂਗੇ। ਵਿਆਹਾਂ ਤੇ ਮਦਦ ਕਰਾਂਗੇ। ਸਾਡੀਆਂ ਵੀ ਤੇ ਭੈਣਾ ਹੀ ਨੇ ਵਿਚਾਰੀਆਂ। ਮਾਇਆ ਕੋਈ ਸਾਥ ਲੈ ਕੇ ਤਾਂ ਅੱਜ ਤੀਕ ਗਿਆ ਨਹੀਂ ਦੁਨੀਆਂ ਚੋਂ। ਪੈਸੇ ਬਿਨ ਸਰਦਾ ਵੀ ਨਹੀਂ ਪਰ ਮਾਇਆ ਵਰਗੀ ਮੌਤ ਕੜੱਕੀ ਵੀ ਕੋਈ ਨਹੀਂ। ਇਸ ਦੇ ਸਦਕੇ ਕਿੰਨੇ ਮੌਤ ਦੇ ਘਾਟ ਉਤਾਰੇ ਜਾਂਦੇ ਨੇ। ਨਿਰਮਲ ਦੀ ਉਹ ਬਦ ਦੋਸਤ ਉਸ ਦਿਨ ਟੈਂਟ ਦਾ ਪੂਰਾ ਭੇਦ ਲੈ ਕੇ ਗਈ ਸੀ ਅਤੇ ਮੈਨੂੰ ਯਕੀਨ ਹੈ ਉਹ ਆਈ ਇਸੇ ਮੁੱਦੇ ਨਾਲ਼ ਸੀ। ਨਿਰਮਲ ਦੇ ਸਿਰ ਚ ਗੋਲੀ ਉਸ ਨੂੰ ਖਤਮ ਕਰਨ ਦੇ ਇਰਾਦੇ ਨਾਲ਼ ਹੀ ਮਾਰੀ ਗਈ ਹੋਣੀ ਐਂ ਕਿਉਂਕੇ ਉਹੋ ਹੀ ਸੀ ਜੋ ਉਹਨਾਂ ਨੂੰ ਜਾਣਦਾ ਸੀ।" ਕੁਲਵੰਤ ਨੀਰ ਭਰ ਬੋਲਿਆ।
" ਦਾਤੇ ਦੀ ਰਜ਼ਾ ਸ਼ਾਇਦ ਇਹੋ ਹੀ ਸੀ, ਦੋਸਤ।" ਅਜੀਤ ਦੀ ਸਿਸਕਦੀ ਵਾਣੀ ਚੋਂ ਐਨਾਂ ਹੀ ਨਿਕਲਿਆ।