ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
ਇਸ ਹੈਲੋਵੀਨ ਤੋਂ ਪਹਿਲਾਂ ਬੌਬੀ ਨਾ ਹੀ ਰਮੋਲੋ ਨੂੰ ਕਦੀ ਮਿਲਿਆ ਸੀ ਅਤੇ ਨਾ ਹੀ ਉਹ ਉਸ ਦੇ ਬਾਰੇ ਬਹੁਤਾ ਕੁਝ ਜਾਣਦਾ ਸੀ | ਨਿਕੋਲ ਨੇ ਉਸ ਨੂੰ ਉਹਦੇ ਬਾਰੇ ਬਸ ਇੰਨਾ ਹੀ ਦੱਸਿਆ ਸੀ ਕਿ 'ਮੇਰਾ ਦੋਸਤ ਰਮੋਲੋ ਬੜਾ ਦਲੇਰ ਤੇ ਸਕੀਮੀ ਹੈ'| ਉਸ ਦੇ ਦਲੇਰ ਅਤੇ ਸਕੀਮੀ ਹੋਣ ਦਾ ਅਹਿਸਾਸ ਤਾਂ ਬੌਬੀ ਨੂੰ ਉਸ ਦਿਨ ਹੀ ਹੋ ਗਿਆ ਸੀ ਜਦੋਂ ਉਹ ਹੈਲੋਵੀਨ ਵਾਲੇ ਦਿਨ ਉਸ ਦੇ ਨਾਲ ਗਿਆ ਸੀ | ਉਸ ਤੋਂ ਮਗਰੋਂ ਵੀ ਰਮੋਲੋ, ਬੋਬੀ ਨੂੰ ਕਈ ਵਾਰ ਇਸ ਤਰ੍ਹਾਂ ਮਿਲਿਆ ਜਿਵੇਂ ਕਿ ਉਸਦਾ ਉਹਦੇ ਨਾਲ ਅਚਨਚੇਤ ਹੀ ਮੇਲ ਹੋ ਗਿਆ ਹੋਵੇ ਤੇ ਹਰ ਵਾਰ ਹੀ ਉਹ ਉਸ ਨੂੰ ਕਿਸੇ ਕਾਫ਼ੀ-ਸ਼ਾਪ 'ਤੇ ਲੈ ਜਾਂਦਾ ਅਤੇ ਉਹਦੇ ਨਾਲ ਇਧਰਲੀਆਂ ਉਧਰਲੀਆਂ ਮਾਰ ਕੇ ਚਲਿਆ ਜਾਂਦਾ | ਬੌਬੀ ਦੀ ਰਮੋਲੋ ਨਾਲ ਨੇੜਤਾ ਤਾਂ ਹੋ ਗਈ ਪਰ ਉਹ ਉਸ ਬਾਰੇ ਬਹੁਤਾ ਜਾਣ ਨਾ ਸਕਿਆ |
ਕ੍ਰਿਸਮਸ ਦੀਆਂ ਛੁੱਟੀਆਂ ਹੋਣ ਤੋਂ ਇਕ ਦਿਨ ਪਹਿਲਾਂ ਉਹ ਫਿਰ ਨਿਕੋਲ ਤੇ ਬੌਬੀ ਨੂੰ ਸਕੂਲ ਵਿਚ ਉਚੇਚਾ ਮਿਲਨ ਆਇਆ ਤੇ ਕ੍ਰਿਸਮਸ ਗਿਫਟ ਦੇ ਗਿਆ | ਉਸ ਦਿਨ ਸਾਈਕਲਾਂ 'ਤੇ ਘਰ ਨੂੰ ਜਾਂਦੇ ਸਮੇਂ ਬੌਬੀ ਨੇ ਨਿਕੋਲ ਤੋਂ ਪੁੱਛ ਹੀ ਲਿਆ, "ਨਿਕੋਲ, ਤੇਰੇ ਦੋਸਤ ਰਮੋਲੋ ਨੇ ਮੈਨੂੰ ਦੱਸਿਆ ਸੀ ਕਿ ਉਹ ਸਕੂਲ ਨਹੀਂ ਜਾਂਦਾ ਅਤੇ ਨਾ ਹੀ ਕੋਈ ਕੰਮ ਕਰਦਾ ਹੈ | ਫਿਰ ਇਹ ਇੰਨਾ ਖਰਚ ਕਿੱਥੋਂ ਕਰਦਾ ਹੈ?"
"ਇਸ ਦੇ ਬਾਪ ਦੀ ਫਿਸ਼-ਕੈਨਰੀ ਹੈ | ਇਹ ਉੱਥੇ ਬਾਪ ਦੀ ਸਹਾਇਤਾ ਕਰਨ ਚਲਿਆ ਜਾਂਦਾ ਹੈ, ਉੱਥੋਂ ਜਿਹੜੇ ਪੈਸੇ ਮਿਲਦੇ ਹਨ ਉਹ ਖਰਚ ਛਡਦਾ ਹੈ |"
"ਮੈਨੂੰ ਯਕੀਨ ਨਹੀਂ ਆਉਂਦਾ ਕਿ ਬਾਪ ਕੋਲੋਂ ਮਿਲੇ ਜੇਬ ਖਰਚ ਨਾਲ ਇਸ ਦਾ ਇੰਨਾ ਖਰਚ ਚੱਲ ਸਕਦਾ ਹੋਵੇਗਾ |"
"ਮੈਂ ਨਹੀਂ ਕਦੇ ਪੁੱਛਿਆ ਕਿ ਇੰਨੇ ਪੈਸੇ ਤੇਰੇ ਕੋਲ ਕਿੱਥੋਂ ਆਉਂਦੇ ਹਨ |"
"ਆਪਾਂ ਕੀ ਲੈਣਾ ਪੁੱਛਕੇ | ਤੂੰ ਇਹ ਦੱਸ ਕਿ ਤੇਰੀ ਇਸ ਨਾਲ ਦੋਸਤੀ ਕਿਵੇਂ ਪਈ?"
"ਪਹਿਲਾਂ ਮੇਰੇ ਮਾਂ ਬਾਪ ਉਸੇ ਫਿਸ਼ਕੈਨਰੀ ਵਿਚ ਕੰਮ ਕਰਦੇ ਸੀ ਅਤੇ ਅਸੀਂ ਇਧਰ ਤੁਹਾਡੇ ਪਾਸੇ, ਸਰ੍ਹੀ ਵਿਚ ਆਉਣ ਤੋਂ ਪਹਿਲਾਂ, ਇਹਨਾਂ ਦੇ ਘਰ ਦੇ ਨੇੜੇ ਕਰਾਏ ਦੇ ਮਕਾਨ ਵਿਚ ਰਹਿੰਦੇ ਸੀ | ਅਸੀਂ ਇਕੋ ਸਕੂਲ ਵਿਚ ਪੜ੍ਹਦੇ ਸੀ ਅਤੇ ਇਹ ਮੇਰੇ ਨਾਲੋਂ ਦੋ ਜਮਾਤਾਂ ਅੱਗੇ ਸੀ | ਇਕੋ ਦੇਸ਼ ਦੇ ਹੋਣ ਕਰਕੇ ਸਭ ਤੋਂ ਪਹਿਲਾਂ ਮੇਰੀ ਜਾਣ ਪਹਿਚਾਣ ਇਸੇ ਨਾਲ ਹੋਈ ਸੀ, ਜਿਹੜੀ ਹੌਲ਼ੀ ਹੌਲ਼ੀ ਦੋਸਤੀ ਵਿਚ ਬਦਲ ਗਈ |"
"ਇਸ ਦੇ ਸਕੂਲ ਨਾ ਜਾਣ ਦੀ ਗੱਲ ਤਾਂ ਤੂੰ ਦੱਸੀ ਨਹੀਂ?"
"ਇਹ ਸਕੂਲ ਵਿਚੋਂ ਇਕ ਸਾਲ ਲਈ ਕੱਢਿਆ ਹੋਇਆ ਹੈ ਅਤੇ ਦੋ ਦਿਨ ਜਿਹਲ ਵਿਚ ਵੀ ਰਹਿ ਆਇਆ ਹੈ |" ਨਿਕੋਲ ਨੇ ਇਧਰ ਉਧਰ ਦੇਖ ਕੇ ਭੇਦ ਭਰੇ ਢੰਗ ਨਾਲ ਦੱਸਿਆ |
"ਕਿਉਂ!" ਬੌਬੀ ਨੇ ਹੈਰਾਨੀ ਨਾਲ ਪੁੱਛਿਆ |
"ਸਕੂਲ ਵਿਚ ਮੁੰਡਿਆਂ ਦੀ ਆਪੋ ਵਿਚ ਲੜਾਈ ਹੋ ਗਈ ਸੀ ਅਤੇ ਇਸ ਨੇ ਇਕ ਮੁੰਡੇ ਦੇ ਚਾਕੂ ਮਾਰ ਦਿੱਤਾ | ਉਸ ਦਿਨ ਬਿਮਾਰ ਹੋਣ ਕਾਰਨ ਮੈਂ ਸਕੂਲ ਨਹੀਂ ਸੀ ਆਇਆ, ਨਹੀਂ ਤਾਂ ਮੈਂ ਵੀ ਸ਼ਾਇਦ ਸਕੂਲ ਵਿਚੋਂ ਕੱਢਿਆ ਗਿਆ ਹੋਣਾ ਸੀ |" ਨਿਕੋਲ ਨੇ ਹੱਥ ਮਲਦਿਆਂ ਕਿਹਾ |
'ਤਦ ਹੀ!' ਕਹਿ ਕੇ ਬੌਬੀ ਚੁੱਪ ਕਰ ਗਿਆ | ਉਸ ਦੇ 'ਤਦ ਹੀ' ਕਹੇ ਦੇ ਭਾਵ ਤੋਂ ਸਮਝ ਨਹੀਂ ਲੱਗ ਰਿਹਾ ਸੀ ਕਿ ਉਸ ਦਾ ਉਹਦੇ ਸ਼ਾਹ-ਖਰਚ ਹੋਣ ਵੱਲ ਸੰਕੇਤ ਸੀ ਜਾਂ ਉਹਦੀ ਨਿਡਰਤਾ ਵੱਲ | ਜਦੋਂ ਕੁਝ ਚਿਰ ਚੁੱਪ ਕੀਤਾ ਬੌਬੀ ਸਾਈਕਲ ਚਲਾਈ ਗਿਆ ਤਾਂ ਨਿਕੋਲ ਨੇ ਪੁੱਛਿਆ, "ਕੀ ਸੋਚ ਰਿਹਾ ਹੈਂ?"
"ਮੈਂ ਸੋਚਦਾਂ ਜੇ ਕਿਤੇ ਉਹ ਆਪਣੇ ਸਕੂਲ ਵਿਚ ਦਾਖਲ ਹੋ ਜਾਵੇ |"
"ਇਹ ਕਿਵੇਂ ਹੋ ਸਕਦਾ ਹੈ! ਉਹ ਜਿਸ ਸਕੂਲ ਵਿਚੋਂ ਕੱਢਿਆ ਗਿਆ ਹੈ, ਉਸੇ ਵਿਚ ਹੀ ਦਾਖਲ ਹੋਵੇਗਾ |"
"ਮੈਂ ਜਾਣਦਾਂ, ਮੈਂ ਤਾਂ ਉਂਝ ਹੀ ਕਿਹਾ ਸੀ |" ਇਹ ਕਹਿ ਕੇ ਬੌਬੀ ਫਿਰ ਚੁੱਪ ਕਰ ਗਿਆ | ਉਧਰ ਉਹਨਾਂ ਦੇ ਨਿਖੜਨ ਵਾਲਾ ਮੋੜ ਆ ਗਿਆ ਸੀ | 'ਅੱਛਾ, ਸਵੇਰੇ ਮਿਲਾਂਗੇ, ਬਾਅਈ |' ਕਹਿ ਕੇ ਬੌਬੀ ਮੋੜ ਮੁੜ ਗਿਆ |
ਕ੍ਰਿਸਮਸ ਲੰਘੀ ਨੂੰ ਡੇਢ ਮਹੀਨਾ ਹੋ ਗਿਆ ਸੀ ਪਰ ਬੌਬੀ ਨੂੰ ਰਮੋਲੋ ਫਿਰ ਕਦੀ ਨਹੀਂ ਸੀ ਮਿਲਿਆ | ਜਿਹੜਾ ਉਸ ਨੇ ਕ੍ਰਿਸਮਸ-ਗਿਫਟ ਦਿੱਤਾ ਸੀ, ਉਹ ਇਕ ਊਨੀ ਕਾਲੀ ਜੈਕਟ ਸੀ | ਬੌਬੀ ਉਸ ਜੈਕਟ ਨੂੰ ਹਰ ਰੋਜ਼ ਸਕੂਲ ਵਿਚ ਪਾ ਕੇ ਆਉਂਦਾ | ਉਸ ਦਾ ਖਿਆਲ ਸੀ ਕਿ ਜੇ ਕਿਸੇ ਦਿਨ ਉਹ ਮਿਲਨ ਆ ਗਿਆ ਤਾਂ ਜੈਕਟ ਦਿਖਾ ਕੇ ਉਸ ਦਾ ਧੰਨਵਾਦ ਕਰ ਸਕੇਗਾ | ਜਦੋਂ ਕਈ ਦਿਨ ਉਹ ਨਾ ਮਿਲਿਆ ਤਾਂ ਬੌਬੀ ਨੇ ਨਿਕੋਲ ਕੋਲੋਂ ਪੁੱਛ ਹੀ ਲਿਆ, "ਹੁਣ ਕਦੀ ਰਮੋਲੋ ਨਹੀਂ ਮਿਲਿਆ?"
"ਨਹੀਂ, ਕਿਉਂ ਉਸ ਤਾਈਂ ਕੋਈ ਖਾਸ ਕੰਮ ਆਣ ਪਿਆ? ਜੇ ਕੋਈ ਕੰਮ ਹੈ ਤਾਂ ਆਪਾਂ ਉਸ ਨੂੰ ਕਿਸੇ ਦਿਨ ਆਪ ਮਿਲ ਅਵਾਂਗੇ |" ਨਿਕੋਲ ਨੇ ਵਿਅੰਗ ਨਾਲ ਪੁੱਛਿਆ |
"ਕੰਮ ਤਾਂ ਕੋਈ ਨਹੀਂ, ਇਸ ਗਿਫਟ ਲਈ ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਸੀ |" ਬੌਬੀ ਨੇ ਆਪਣੀ ਜੈਕਟ ਨੂੰ ਹੱਥ ਲਾਉਂਦਿਆਂ ਕਿਹਾ |
"ਤੈਨੂੰ ਉਸ ਨੇ ਬਹੁਤ ਸੁਹਣੀ ਜੈਕਟ ਦਿੱਤੀ ਹੈ ਤੇ ਤੇਰੇ ਰੰਗ ਉਪਰ ਫਬਦੀ ਵੀ ਖੂਬ ਹੈ |" ਨਿਕੋਲ ਨੇ ਜੈਕਟ ਦੀ ਤਾਰੀਫ ਕੀਤੀ |
"ਜੇ ਕਦੀ ਉਹ ਤੈਨੂੰ ਮਿਲੇ ਤਾਂ ਮੇਰੇ ਵੱਲੋਂ ਉਸ ਦਾ ਧੰਨਵਾਦ ਕਰ ਦੇਵੀਂ |"
"ਤੂੰ ਹੌਸਲਾ ਰੱਖ, ਉਹ ਤੈਨੂੰ ਛੇਤੀ ਮਿਲ ਪਵੇਗਾ |" ਨਕੋਲ ਨੇ ਬੜੇ ਭਰੋਸੇ ਨਾਲ ਕਿਹਾ |
ਅਤੇ ਸੱਚ ਮੁੱਚ ਅਗਲੇ ਦਿਨ ਹੀ, ਛੁੱਟੀ ਹੋਣ ਮਗਰੋਂ, ਜਦੋਂ ਉਹ ਆਪਣੇ ਸਾਈਕਲ ਲੈ ਕੇ ਸਕੂਲੋਂ ਬਾਹਰ ਨਿਕਲੇ ਹੀ ਸਨ ਕਿ ਮੋੜ 'ਤੇ ਖੜ੍ਹਾ ਰਮੋਲੋ ਮਿਲ ਪਿਆ |
"ਇਸ ਵੇਲ਼ੇ ਤੂੰ ਕਿਧਰੋਂ?" ਨਿਕੋਲ ਨੇ ਹੈਰਾਨੀ ਨਾਲ ਉਸ ਨੂੰ ਪੁੱਛਿਆ |
"ਲੈਂਗਲੀ ਤੋਂ ਆ ਰਿਹਾ ਸੀ, ਇਧਰ ਸਕੂਲ ਵਿਚ ਛੁੱਟੀ ਹੋਣ ਵਾਲੀ ਸੀ, ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਮਿਲਦਾ ਜਾਵਾਂ |" ਰਮੋਲੋ ਨੇ ਉਹਨਾਂ ਨਾਲ ਹੱਥ ਮਿਲਾਉਂਦਿਆਂ ਦੱਸਿਆ |
"ਸਾਨੂੰ ਮਿਲਨ ਲਈ ਤਾਂ ਤੈਨੂੰ ਬਹੁਤ ਵਿੰਗ ਪਾ ਕੇ ਆਉਣਾ ਪਿਆ ਹੋਵੇਗਾ, 72 ਐਵਨਿਊ ਤਾਂ ਲੈਂਗਲੀ ਤੋਂ ਸਿੱਧਾ ਆਉਂਦਾ ਹੀ ਨਹੀਂ |" ਨਿਕੋਲ ਨੇ ਮੁਸਕਰਾਉਂਦਿਆ ਕਿਹਾ |
"ਯਾਰਾਂ ਨੂੰ ਮਿਲਨ ਖਾਤਰ ਤਾਂ ਸਮੁੰਦਰ ਵੀ ਚੀਰ ਜਾਈਏ, ਇਹ ਤਾਂ ਕਿਲੋਮੀਟਰ ਦਾ ਵਿੰਗ ਹੋਵੇਗਾ | ਰੱਖੋ ਇੱਥੇ ਸਕੂਲ ਵਿਚ ਸਾਈਕਲ ਤੇ ਬੈਠੋ ਮੇਰੇ ਨਾਲ, ਮੈਂ ਤੁਹਾਨੂੰ ਮਕਡਾਨਲਡਜ਼ 'ਤੇ ਲੈ ਕੇ ਚਲਦਾ ਹਾਂ |" ਰਮੋਲੋ ਨੇ ਬੜੇ ਮਾਣ ਨਾਲ ਉਹਨਾਂ ਨੂੰ ਸੱਦਾ ਦਿੱਤਾ |
"ਤੇਰੇ ਵੱਲੋਂ ਦਿੱਤੀ ਅਹਿ ਜੈਕਟ ਬਹੁਤ ਸੁਹਣੀ ਤੇ ਕੀਮਤੀ ਹੈ | ਤੇਰਾ ਬਹੁਤ ਬਹੁਤ ਸ਼ੁਕਰੀਆ |" ਬੌਬੀ ਨੇ ਰਮੋਲੋ ਵੱਲੱੋਂ ਮਕਡਾਨਲਡਜ਼ ਦੇ ਸੱਦੇ ਵੱਲ ਧਿਆਨ ਨਾ ਦਿੰਦਿਆਂ ਕਿਹਾ |
"ਜੈਕਟ ਪਸੰਦ ਕਰਨ ਲਈ ਸ਼ੁਕਰੀਆ, ਹੁਣ ਕੀ ਸਲਾਹ ਹੈ? ਚਲੋ ਮੇਰੇ ਨਾਲ |" ਰਮੋਲੋ ਫਿਰ ਮਕਡਾਨਲਡਜ਼ ਜਾਣ ਦਾ ਸੱਦਾ ਦਿੱਤਾ |
"ਮੈਕਡਾਨਲਡਜ਼ ਇੱਥੋਂ ਬਹੁਤ ਦੂਰ ਹੈ, ਉੱਥੋਂ ਮੁੜ ਕੇ ਸਾਈਕਲ ਲੈਣ ਆਉਂਦਿਆਂ ਨੂੰ ਕੁਵੇਲ਼ਾ ਤੇ ਹਨੇਰਾ ਹੋ ਜਾਣਾ ਹੈ, ਕਿਸੇ ਦਿਨ ਫੇਰ ਸਹੀ |" ਬੌਬੀ ਨੇ ਬਹਾਨਾ ਲਾਇਆ |
"ਬੌਬੀ, ਤੂੰ ਹਨੇਰੇ ਤੋਂ ਡਰਦੈਂ! ਉਸ ਦਿਨ ਤਾਂ ਨਹੀਂ ਸੀ ਡਰਿਆ ਹਨੇਰੇ ਤੋਂ |" ਰਮੋਲੋ ਨੇ ਹੈਰਾਨੀ ਨਾਲ ਕਿਹਾ |
"ਮੈਂ ਹਨੇਰੇ ਤੋਂ ਨਹੀਂ ਡਰਦਾ | ਮਾਂ ਦੇ ਘਰ ਮੁੜਨ ਤੋਂ ਪਹਿਲਾਂ ਪਹਿਲਾਂ ਘਰ ਪਹੁੰਚਣਾ ਚਾਹੁੰਦਾ ਹਾਂ | ਮੈਂ ਨਹੀਂ ਚਾਹੁੰਦਾ ਕਿ ਮਾਂ ਐਵੇਂ ਹੀ ਮੇਰੇ ਉਪਰ ਸ਼ੱਕ ਕਰਦੀ ਫਿਰੇ ਕਿ ਮੈਂ ਅਵਾਰਾ ਹੋ ਗਿਆ ਹਾਂ |" ਬੌਬੀ ਨੇ ਅਸਲ ਗੱਲ ਦੱਸ ਦਿੱਤੀ |
'ਹੂੰਅ!' ਕਹਿ ਕੇ ਰਮੋਲੋ ਨੇ ਬੌਬੀ ਵੱਲ ਦੇਖਿਆ ਅਤੇ ਮਿੰਨ੍ਹਾ ਜਿਹਾ ਮੁਸਕਰਾਇਆ |
"ਮਕਡਾਨਲਡਜ਼ ਨੂੰ ਛੱਡੋ, ਇੱਥੋਂ ਕਾਰਨਰ ਸਟੋਰ ਤੋਂ ਕੌਫ਼ੀ ਪੀ ਲੈਂਦੇ ਹਾਂ |" ਨਿਕੋਲ ਨੇ ਫੈਸਲਾ ਸੁਣਾ ਦਿੱਤਾ |
"ਜਿਵੇਂ ਤੁਹਾਡੀ ਇੱਛਾ |" ਕਹਿ ਕੇ ਰਮੋਲੋ ਉਹਨਾਂ ਦੇ ਨਾਲ ਤੁਰ ਪਿਆ ਤੇ ਉਹ ਕਾਰਨਰ ਸਟੋਰ ਵਿਚ ਆ ਗਏ | ਇਸ ਸਟੋਰ ਵਿਚ ਹੋਰ ਲੋੜੀਂਦੇ ਸਮਾਨ ਦੇ ਨਾਲ ਕੌਫ਼ੀ-ਸ਼ਾਪ ਵੀ ਸੀ | ਉੱਥੇ ਸਕੂਲ ਦੇ ਮੁੰਡੇ ਕੁੜੀਆਂ ਖਾਣ ਪੀਣ ਦਾ ਸਮਾਨ ਲੈ ਲੈ ਜਾ ਰਹੇ ਸਨ | ਇਕ ਪਾਸੇ ਦੇ ਮੇਜ਼ ਦੁਆਲੇ ਬੈਠੀਆਂ ਚਾਰ ਕੁੜੀਆਂ ਖਾ ਪੀ ਰਹੀਆਂ ਸਨ | ਨਿਕੋਲ ਅਤੇ ਰਮੋਲੋ ਕਾਊਂਟਰ ਵੱਲ ਚਲੇ ਗਏ ਅਤੇ ਬੌਬੀ ਇਕ ਖੂੰਜੇ ਵਾਲੇ ਮੇਜ਼ ਦੁਆਲੇ ਪਈਆਂ ਕੁਰਸੀਆਂ ਵਿਚੋਂ ਇਕ ਉਪਰ ਆ ਬੈਠਾ | ਜਦੋਂ ਉਹ ਕੌਫ਼ੀ ਤੇ ਡੋਨਟ ਲੈ ਕੇ ਬੌਬੀ ਕੋਲ ਆਏ ਤਾਂ ਉਹ ਨੀਵੀਂ ਪਾਈ ਬੈਠਾ ਸੀ, ਜਿਵੇਂ ਕੁਝ ਸੋਚੀ ਜਾ ਰਿਹਾ ਹੋਵੇ | "ਅਹੁ ਮੇਜ਼ ਖਾਲੀ ਪਿਆ ਸੀ ਤੇ ਤੂੰ ਇਸ ਖੂੰਜੇ ਵਿਚ ਆ ਬੈਠਾ |" ਰਮੋਲੋ ਨੇ ਕੌਫ਼ੀ ਦੇ ਕੱਪ ਮੇਜ਼ ਉਪਰ ਰੱਖ ਕੇ ਕੁਰਸੀ 'ਤੇ ਬੈਠਦਿਆਂ ਕੁੜੀਆਂ ਵਾਲੇ ਮੇਜ਼ ਵੱਲ ਇਸ਼ਾਰਾ ਕੀਤਾ |
"ਉੱਥੇ ਕੁੜੀਆਂ ਬੈਠੀਆਂ ਸਨ |" ਬੌਬੀ ਨੇ ਸੰਖੇਪ ਜਿਹਾ ਉੱਤਰ ਦਿੱਤਾ |
"ਉੱਥੇ ਬੈਠ ਕੇ ਤਾਂ ਕੌਫ਼ੀ ਪੀਣ ਦਾ ਮਜ਼ਾ ਆਉਣਾ ਸੀ | ਉਨ੍ਹਾਂ ਨਾਲ ਗੱਪ ਸ਼ੱਪ ਮਾਰਦੇ |" ਰਮੋਲੋ ਨੇ ਡੋਨਟ 'ਤੇ ਦੰਦੀ ਵੱਡਦਿਆਂ ਕਿਹਾ |
"ਬੌਬੀ ਨੂੰ ਕੁੜੀਆਂ ਨਾਲ ਪਤਾ ਨਹੀਂ ਕਿਉਂ ਨਫਰਤ ਹੈ, ਇਹ ਸਦਾ ਕੁੜੀਆਂ ਤੋਂ ਦੂਰ ਦੂਰ ਹੀ ਰਹਿੰਦਾ ਹੈ | ਜੇ ਕੋਈ ਕੁੜੀ ਇਸ ਨਾਲ ਗੱਲ ਵੀ ਕਰੂ ਤਾਂ ਇਹ ਉਸ ਨੂੰ ਝਾੜ ਕੇ ਬਿਠਾ ਦਿੰਦੈ |" ਨਿਕੋਲ ਨੇ ਬੌਬੀ ਦੇ ਸੁਭਾਅ ਬਾਰੇ ਜੋ ਹੁਣ ਤੱਕ ਜਾਣਿਆ ਸੀ ਦੱਸ ਦਿੱਤਾ |
"ਬੌਬੀ! ਕੁੜੀਆਂ ਦੀ ਦੋਸਤੀ ਤੋਂ ਬਿਨਾਂ ਤਾਂ ਜ਼ਿੰਦਗੀ ਦਾ ਮਜ਼ਾ ਹੀ ਕੋਈ ਨਹੀਂ ਤੇ ਤੂੰ ਇਨ੍ਹਾਂ ਕੋਲੋਂ ਦੂਰ ਭਜਦਾ ਹੈਂ | ਸੱਚ ਦੱਸ ਅਸਲੀਅਤ ਕੀ ਹੈ? ਕਿਤੇ ਤੂੰ?" ਗੱਲ ਨੂੰ ਅਧੂਰੀ ਛੱਡ, ਰਮੋਲੋ ਨੇ ਹੈਰਾਨੀ ਨਾਲ ਬੌਬੀ ਵੱਲ ਦੇਖਿਆ |
"ਜੋ ਤੂੰ ਸੋਚਦਾ ਹੈਂ, ਇਹ ਗੱਲ ਨਹੀਂ ਹੈ ਅਤੇ ਇਹ ਗੱਲ ਵੀ ਨਹੀਂ ਹੈ ਕਿ ਮੈਂ ਕੁੜੀਆਂ ਤੋਂ ਦੂਰ ਭਜਦਾ ਹਾਂ | ਮੇਰੀ ਇਕ ਕਜ਼ਨ ਹੈ, ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ | ਆਂਢ ਗੁਆਂਢ ਦੀਆਂ ਕੁੜੀਆਂ ਨਾਲ ਵੀ ਨਿੱਕੇ ਹੁੰਦੇ ਤੋਂ ਹੀ ਖੇਡਦਾ ਰਿਹਾ ਹਾਂ | ਪਰ ਅਸਲੀਅਤ ਦੱਸਣ ਤੋਂ ਮੈਂ ਝਿਜਕਦਾ ਹਾਂ ਕਿ ਕਿਤੇ ਤੁਸੀਂ ਇਸ ਗੱਲ ਦਾ ਬੁਰਾ ਨਾ ਮਨਾਉਂ |" ਬੌਬੀ ਨੇ ਕੌਫ਼ੀ ਦਾ ਘੁੱਟ ਭਰਦਿਆਂ ਕਿਹਾ |
"ਤੂੰ ਬੇਝਿਜਕ ਹੋ ਕੇ ਗੱਲ ਕਰ | ਅਸੀਂ ਤੇਰੀ ਕਸੇ ਗੱਲ ਦਾ ਵੀ ਬੁਰਾ ਨਹੀਂ ਮਨਵਾਂਗੇ |" ਇਕ ਵੱਡਾ ਸਾਰਾ ਡੋਨਟ ਦਾ ਟੁਕੜਾ ਮੂੰਹ ਵਿਚ ਪਾਉਂਦਿਆਂ ਰਮੋਲੋ ਨੇ ਯਕੀਨ ਦੁਆਇਆ |
ਬੌਬੀ ਕੌਫ਼ੀ ਦਾ ਕੱਪ ਹੱਥ ਵਿਚ ਫੜੀ ਕੁਝ ਚਿਰ ਸੋਚਦਾ ਰਿਹਾ ਅਤੇ ਫਿਰ ਬੋਲਿਆ, "ਮੈਂ ਚਾਰ ਪੰਜ ਸਾਲ ਦਾ ਸੀ ਜਦੋਂ ਸਾਡੇ ਘਰ ਚੋਰੀ ਕਰਨ ਆਈ ਇਕ ਸੁਨਹਿਰੇ ਵਾਲ਼ਾਂ ਵਾਲੀ ਕਾਕੇਸ਼ੀਅਨ ਕੁੜੀ, ਮੇਰੀ ਦਾਦੀ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਫਟੜ ਕਰ ਗਈ ਅਤੇ ਉਸ ਨੇ ਮੇਰੇ ਵੀ ਢਿੱਡ ਵਿਚ ਲੱਤ ਮਾਰ ਕੇ ਮੈਨੂੰ ਸੋਫੇ ਨਾਲ ਪਟਕਾ ਮਾਰਿਆ ਸੀ | ਮੇਰੀ ਦਾਦੀ ਦੀ ਤਾਂ ਹਸਪਤਾਲ ਵਿਚ ਮੌਤ ਹੋ ਗਈ ਸੀ ਅਤੇ ਮੇਰੀ ਆਵਾਜ਼ ਜਾਂਦੀ ਰਹੀ ਸੀ | ਫਿਰ ਮੇਰਾ ਗਲ਼ੇ ਦਾ ਉੁਪਰੇਸ਼ਨ ਹੋਇਆ, ਮੇਰੀ ਆਵਾਜ਼ ਤਾਂ ਠੀਕ ਹੋ ਗਈ ਪਰ ਥੋੜਾ ਜਿਹਾ ਨੁਕਸ ਫਿਰ ਵੀ ਰਹਿ ਗਿਆ | ਛੋਟੇ ਹੁੰਦਿਆਂ ਉਸ ਵਰਗੀਆਂ ਕੁੜੀਆਂ ਤੋਂ ਮੈਨੂੰ ਡਰ ਲਗਦਾ ਸੀ ਅਤੇ ਹੌਲ਼ੀ ਹੌਲ਼ੀ ਇਹ ਡਰ ਨਫਰਤ ਵਿਚ ਬਦਲ ਗਿਆ |" ਸੰਖੇਪ ਵਿਚ ਆਪਣੀ ਗੱਲ ਸੁਣਾ ਕੇ ਬੌਬੀ ਕੌਫ਼ੀ ਦੀਆਂ ਚੁਸਕੀਆਂ ਭਰਨ ਲੱਗਾ |
"ਤੇਰੀ ਅਵਾਜ਼ ਹੀ ਵਿਲਖਣ ਹੈ, ਇਹ ਕੋਈ ਨੁਕਸ ਨਹੀਂ | ਤੂੰ ਰਗ਼ਾਂ ਜਿਹੀਆਂ ਵਿਚੋਂ ਬੋਲਦਾ ਚੰਗਾ ਲਗਦਾ ਹੈਂ |" ਨਕੋਲ ਨੇ ਉਸ ਦੀ ਅਵਾਜ਼ ਨੂੰ ਸਲਾਹਿਆ |
"ਤੂੰ ਸਮਝਦਾ ਹੋਵੇਂਗਾ ਕਿ ਕਾਕੇਸ਼ੀਅਨ ਕੁੜੀਆਂ ਨਾਲ ਤੇਰੀ ਨਫਰਤ ਵਾਲੀ ਗੱਲ ਸੁਣ ਕੇ ਅਸੀਂ ਨਰਾਜ਼ ਹੋ ਜਾਵਾਂਗੇ | ਇਸ ਵਿਚ ਨਰਾਜ਼ ਹੋਣ ਵਾਲੀ ਕਿਹੜੀ ਗੱਲ | ਇਹ ਚੰਗੀ ਗੱਲ ਹੋਈ ਕਿ ਮੈਨੂੰ ਇਕ ਨਵੀਂ ਗੱਲ ਦਾ ਪਤਾ ਲੱਗ ਗਿਆ | ਇਹ ਨਫਰਤ ਨਹੀਂ ਸਗੋਂ ਮੈਂ ਸਮਝਦਾਂ ਕਿ ਉਹੀ ਪਰਾਣਾ ਡਰ, ਤੇਰੇ ਅੰਦਰੋਂ ਨਹੀਂ ਗਿਆ | ਹੁਣ ਤੇਰੇ ਅੰਦਰੋਂ ਇਹ ਡਰ ਕਢਣਾ ਪੈਣਾ ਹੈ |" ਰਮੋਲੋ ਨੇ ਬੌਬੀ ਦੇ ਅਵਾਜ਼ ਦੀ ਗੱਲ ਵਾਲੇ ਪਾਸੇ ਧਿਆਨ ਨਾ ਦਿੰਦਿਆਂ, ਸ਼ਰਾਰਤੀ ਲਹਿਜੇ ਵਿਚ ਕਿਹਾ |
"ਇਸ ਦੇ ਅੰਦਰੋਂ ਇਹ ਡਰ ਕੱਢਾਂਗੇ ਕਿਵੇਂ?" ਨਿਕੋਲ ਨੇ ਸਵਾਲ ਕਰ ਦਿੱਤਾ |
"ਅਗਲੇ ਹਫਤੇ 14 ਫਰਵਰੀ, ਸ਼ਨਿਚਰਵਾਰ ਨੂੰ, ਵੈਲਨਟਾਈਨ ਦਿਨ ਆ ਰਿਹਾ ਹੈ | ਉਸ ਦਿਨ ਮੇਰੇ ਵੱਲੋਂ ਪਾਰਟੀ | ਤੁਸੀਂ ਦੋਹਾਂ ਨੇ ਤਿਆਰ ਰਹਿਣਾ, ਮੈਂ ਤੁਹਾਨੂੰ ਆ ਕੇ ਲੈ ਜਵਾਂਗਾ | ਕੋਈ ਬਹਾਨਾ ਨਹੀਂ ਚੱਲੇਗਾ | ਬਾਕੀ ਡਰ ਕੱਢਣ ਵਾਲੀਆਂ ਗੱਲਾਂ ਉੱਥੇ ਹੀ ਕਰਾਂਗੇ |" ਰਮੋਲੋ ਹੁਕਮ ਸੁਣਾ ਕੇ ਕੁਰਸੀ ਤੋਂ ਉਠਿਆ ਅਤੇ ਚਾਬੀ ਘੁਮਾਉਂਦਾ ਹੋਇਆ ਕੌਫ਼ੀ-ਸ਼ਾਪ ਵਿਚੋਂ ਬਾਹਰ ਹੋ ਗਿਆ |
**************
ਸਰਬਜੀਤ ਦੀ ਸ਼ੁੱਕਰਵਾਰ ਵਾਲੀ ਰਾਤ ਪਾਸੇ ਮਾਰਦਿਆਂ ਲੰਘੀ | ਆਪਣੇ ਬਿਸਤਰ 'ਤੇ ਪਿਆਂ ਉਸ ਦੇ ਮਨ ਵਿਚ ਬਾਰ ਬਾਰ ਇਹ ਵਿਚਾਰ ਆ ਰਿਹਾ ਸੀ, "ਮੈਂ ਹੈਰੀ ਨੂੰ ਕੀ ਜਵਾਬ ਦੇਵਾਂ | ਇਸ ਬਾਰੇ ਮੈਨੂੰ ਸੁਖ ਭਾਅ ਜੀ ਤੇ ਦਰਸ਼ਨਾ ਨਾਲ ਗੱਲ ਕਰਨੀ ਚਾਹੀਦੀ ਹੈ | ਪਹਿਲਾਂ ਤਾਂ ਮੈਂ ਨਿੱਕੀ ਨਿੱਕੀ ਗੱਲ ਵੀ ਉਹਨਾਂ ਨਾਲ ਸਾਂਝੀ ਕਰ ਲਿਆ ਕਰਦੀ ਸਾਂ ਪਰ ਉਸ ਦਿਨ ਬਿਨਾਂ ਉਹਨਾਂ ਦੀ ਸਲਾਹ ਲਏ ਹੀ ਮੂਹੋਂ ਗੱਲ ਕੱਢ ਦਿੱਤੀ | ਅਸਲ ਵਿਚ ਮੈਂ ਪੂਰੀ ਤਰ੍ਹਾਂ ਨਿਰਭਰ ਹੀ ਹੈਰੀ ਉਪਰ ਹੋ ਗਈ ਹਾਂ | ਉਸ ਨੂੰ ਸਾਰੇ ਸਟੋਰ ਦਾ ਕਾਰ ਮੁਖਤਿਆਰ ਬਣਾ ਕੇ ਮੈਂ ਬਹੁਤ ਗਲਤੀ ਕੀਤੀ | ਹੋਰ ਮੈਂ ਕਰਦੀ ਵੀ ਕੀ? ਮੈਨੂੰ ਵਿਉਪਾਰ ਕਰਨ ਦੀ ਸੋਝੀ ਵੀ ਤਾਂ ਨਹੀਂ ਸੀ |" ਫਿਰ ਉਸ ਨੂੰ ਖਿਆਲ ਆਇਆ, ਕਿ ਸੁਖਦੇਵ ਨੇ ਵੀ ਤਾਂ ਇਹੋ ਕਿਹਾ ਸੀ, 'ਬਸ ਤੂੰ ਸਾਰਾ ਹਿਸਾਬ ਕਿਤਾਬ ਆਪਣੇ ਕੋਲ ਰੱਖੀਂ, ਬਾਕੀ ਬਾਹਰੋਂ ਅੰਦਰੋਂ ਫਰਨੀਚਰ ਲਿਆਉਣ ਤੇ ਖਰੀਦ ਵੇਚ ਦੀ ਸਾਰੀ ਜਿੰਮੇਦਾਰੀ ਹੈਰੀ ਦੀ ਹੋਵੇਗੀ | ਇਸ ਦੇ ਹੁੰਦਿਆਂ ਤੈਨੂੰ ਕਿਸੇ ਕਿਸਮ ਦਾ ਫਿਕਰ ਕਰਨ ਦੀ ਲੋੜ ਨਹੀਂ'| ਉਸ ਸੋਚਿਆ, 'ਉਸ ਦੇ ਕਹਿਣ 'ਤੇ ਹੀ ਜਦੋਂ ਬਾਹਰੋਂ ਬਦੇਸ਼ੀ ਫਰਨੀਚਰ ਫੈਕਟਰੀਆਂ ਦੇ ਸੇਲਜ਼ਪਰਸਨ ਆਉਂਦੇ ਤਾਂ ਮੈਂ ਗੱਲ ਕਰਨ ਲਈ ਇਸ ਨੂੰ ਹੀ ਅੱਗੇ ਕਰ ਦਿੰਦੀ | ਭਾਵੇਂ ਕਿ ਸਾਰੀ ਗੱਲ ਬਾਤ ਮੇਰੇ ਸਾਹਮਣੇ ਹੀ ਹੁੰਦੀ ਪਰ ਉਹ ਤਾਂ ਇਸ ਨੂੰ ਮੇਰਾ ਪਾਰਟਨਰ ਹੀ ਸਮਝਦੇ ਹੋਣਗੇ | ਕਈ ਵਾਰ ਤਾਂ ਇਹ ਬਾਹਰੋ ਬਾਹਰ ਹੀ ਸੌਦਾ ਕਰ ਕੇ ਮੈਨੂੰ ਆ ਦਸਦਾ ਅਤੇ ਮੈਂ 'ਠੀਕ ਐ' ਕਹਿ ਦਿੰਦੀ |' ਫਿਰ ਉਸ ਦੇ ਮਨ ਵਿਚ ਉਹ ਵਿਚਾਰ ਵੀ ਆ ੁਗਆ, 'ਪਤਾ ਨਹੀਂ ਕਿਉਂ, ਜਦੋਂ ਉਹ ਖੜ੍ਹਾ ਕਿਸੇ ਗਾਹਕ ਨਾਲ ਗੱਲ ਕਰ ਰਿਹਾ ਹੁੰਦਾ ਹੈ ਤਾਂ ਕਈ ਵਾਰ ਮੈਨੂੰ ਜੈਰੀ ਦਾ ਭੁਲੇਖਾ ਪੈ ਜਾਂਦਾ ਹੈ | ਉਸ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਮੈਂ ਉਸ ਨੂੰ 'ਹੈਰੀ' ਦੀ ਥਾਂ 'ਜੈਰੀ' ਕਹਿ ਕੇ ਆਵਾਜ਼ ਮਾਰ ਲਈ | ਪਤਾ ਨਹੀਂ ਉਸ ਨੂੰ ਮੇਰੀ ਆਵਾਜ਼ ਸੁਣੀ ਨਹੀਂ ਸੀ ਜਾਂ ਉਸ ਨੇ ਜਾਣ ਕੇ ਹੀ ਹੁੰਗਾਰਾ ਨਹੀਂ ਸੀ ਭਰਿਆ | ਚੰਗਾ ਹੈ ਜੇ ਉਸ ਨੇ ਮੇਰੀ ਆਵਾਜ਼ ਨਾ ਹੀ ਸੁਣੀ ਹੋਵੇ ਪਰ ਉਸ ਤੋਂ ਮਗਰੋਂ ਹੀ ਉਹ ਮੈਨੂੰ ਸਰਬਜੀਤ ਕਹਿ ਕੇ ਬਲਾਉਣ ਲੱਗਾ ਹੈ |' ਉਸ ਨੂੰ ਯਾਦ ਆਇਆ, 'ਇਹ ਵੀ ਤਾਂ ਉਸ ਨੂੰ, ਬਹੁਤ ਪਹਿਲਾਂ, ਮੈਂ ਹੀ ਕਿਹਾ ਸੀ ਕਿ ਮੈਡਮ ਕਹਿਣ ਦੀ ਥਾਂ ਮੈਨੂੰ ਸਰਬਜੀਤ ਕਹਿ ਕੇ ਬੁਲਾਇਆ ਕਰ | ਫਿਰ ਜੇ ਉਹ ਨਾਂ ਲੈਣ ਲੱਗ ਪਿਆ ਤਾਂ ਇਹ ਉਸ ਦਾ ਕਸੂਰ ਤਾਂ ਨਹੀਂ | ਪਰ ਮੇਰਾ ਕਸੂਰ ਵੀ ਕੀ ਹੈ ਜੇ ਮੈਂ ਉਸ ਨੂੰ ਹੱਸ ਕੇ ਬੁਲਾ ਲੈਨੀ ਆਂ | ਉਹ ਇੱਥੇ ਮੇਰੇ ਨਾਲ ਕੰਮ ਕਰਦਾ ਹੈ | ਗੱਲਾਂ ਬਾਤਾਂ ਵਿਚ ਹੱਸਣਾ ਖੇਡਣ ਦੀ ਗੱਲ ਤਾਂ ਹੋ ਹੀ ਜਾਂਦੀ ਹੈ | ਸਾਰੀ ਦਿਹਾੜੀ ਸਟੋਰ ਵਿਚ ਗਾਹਕ ਵੀ ਤਾਂ ਨਹੀਂ ਹੁੰਦੇ, ਜਿਨ੍ਹਾਂ ਨਾਲ ਕੰਮ ਵਿਚ ਰੁੱਝੇ ਹੋਏ ਗੱਲ ਬਾਤ ਕਰਦੇ ਰਹੀਏ | ਇਹ ਨਿੰਦਰ ਤੇ ਹੈਰੀ ਹੀ ਤਾਂ ਹਨ, ਜਿਨ੍ਹਾਂ ਨਾਲ ਗੱਲ ਬਾਤ ਕਰ ਸਕਦੀ ਹਾਂ |' ਫਿਰ ਉਸ ਦੀ ਸੋਚ ਮੁੜ ਉਸੇ ਗੱਲ 'ਤੇ ਆ ਗਈ, 'ਪਰ ਉਹਨੇ ਉਸ ਦਿਨ ਹਸਦਿਆਂ ਹਸਦਿਆਂ ਹੀ ਸਟੋਰ ਵਿਚ ਹਿੱਸੇਦਾਰੀ ਦੀ ਗੱਲ ਕਹਿ ਦਿੱਤੀ ਸੀ ਅਤੇ ਮੇਰੇ ਕੋਲੋਂ ਵੀ ਐਵੇਂ ਹੀ 'ਗੱਲ ਤਾਂ ਤੇਰੀ ਠੀਕ ਐ, ਮੈਂ ਸੋਚ ਲਵਾਂਗੀ' ਕਹਿ ਹੋ ਗਿਆ | ਇਹ ਕਹਿ ਕੇ ਮੈਂ ਤਾਂ ਭੁੱਲ ਭੁਲਾ ਗਈ ਸੀ ਪਰ ਅੱਜ ਉਸ ਨੇ ਆਪਣਾ ਅਕਾਊਂਟੈਂਸੀ ਦਾ ਡਿਪਲੋਮਾ ਪਾਸ ਕਰ ਲੈਣ ਦੀ ਖੁਸ਼ਖ਼ਬਰੀ ਸੁਣਾ ਕੇ ਫਿਰ ਪੁੱਛ ਲਿਆ, 'ਸਰਬਜੀਤ, ਉਸ ਦਿਨ ਆਪਣੀ ਪਾਰਟਨਰਸ਼ਿਪ ਬਾਰੇ ਗੱਲ ਹੋਈ ਸੀ, ਫਿਰ ਕੀ ਸੋਚਿਆ?'
'ਕਿਹੜੀ ਪਾਰਟਨਰਸ਼ਿਪ? ਮੈਨੂੰ ਤਾਂ ਕੁਝ ਯਾਦ ਨਹੀਂ |'
'ਤੈਨੂੰ ਨਾ ਯਾਦ ਹੋਵੇ ਪਰ ਮੈਂ ਤਾਂ ਉਸ ਗੱਲ ਨੂੰ ਭੁੱਲਿਆ ਨਹੀਂ | ਪਾਰਟਨਰਸ਼ਿਪ ਵਿਚ ਆਪਣਾ ਦੋਹਾਂ ਦਾ ਹੀ ਫਾਇਦਾ ਹੈ |' ਇਹ ਕਹਿ ਕੇ ਉਹ ਚੁੱਪ ਹੋ ਗਿਆ ਸੀ |
'ਮੈਂ ਤਾਂ ਪਹਿਲਾਂ ਹੀ ਆਪਣੀ ਆਮਦਨ ਦੀ ਸਮਰੱਥਾ ਤੋਂ ਵੱਧ ਤੈਨੂੰ ਪੇਅ ਕਰ ਰਹੀ ਹਾਂ | ਮੈਂ ਤਾਂ ਤੇਰਾ ਹੱਕ ਰੱਖਿਆ ਹੀ ਨਹੀਂ, ਫਿਰ ਵੀ ਤੈਨੂੰ ਕੀ ਗਿਲਾ ਹੈ?'
'ਮੈਨੂੰ ਗਿਲਾ ਕੋਈ ਨਹੀਂ ਪਰ ਮੈਂ ਇਹ ਡਿਸਾਈਡ ਕਰ ਲਿਆ ਹੈ ਕਿ ਹੁਣ ਪੇਅ 'ਤੇ ਕੰਮ ਨਹੀਂ ਕਰਨਾ | ਜੇ ਤੁਸੀਂ ਹਿੱਸੇਦਾਰੀ ਨਾ ਪੁਵਾਈ ਤਾਂ ਮੈਂ ਆਪਣਾ ਅੱਡ ਕਾਰੋਬਾਰ ਸ਼ੁਰੂ ਕਰ ਲਵਾਂਗਾ |' ਉਸ ਦੇ ਬੋਲਾਂ ਵਿਚ ਗੁੱਝੀ ਧਮਕੀ ਸੀ |
ਜਦੋਂ ਮੈਂ ਕਿਹਾ, 'ਇਸ ਬਾਰੇ ਤੂੰ ਸੁਖ ਭਾਅ ਜੀ ਨਾਲ ਗੱਲ ਕਰਨੀ ਸੀ' ਤਾਂ ਇਹ ਕਹਿ ਕੇ ਤੁਰ ਗਿਆ, 'ਇਹ ਗੱਲ ਤੁਸੀਂ ਹੀ ਉਸ ਨਾਲ ਕਰਨੀ | ਮੈਂ ਤਾਂ ਆਪਣਾ ਫੈਸਲਾ ਸੁਣਾ ਦਿੱਤਾ ਹੈ | ਹਾਂ ਸੱਚ! ਮੈਂ ਕਲੱ੍ਹ ਨੂੰ ਕੰਮ 'ਤੇ ਨਹੀਂ ਆ ਸਕਾਂਗਾ | ਮੈਂ ਐਬਸਫੋਰਡ ਇਕ ਵਿਆਹ 'ਤੇ ਜਾਣਾ ਹੈ |'
ਹੈਰੀ ਦੇ ਚਲੇ ਜਾਣ ਮਗਰੋਂ ਸਰਬਜੀਤ ਨੇ ਸੋਚਿਆ, ' ਹੈਰੀ ਤਾਂ ਬੁੱਕਲ ਦਾ ਸੱਪ ਨਿਕਲਿਆ | ਮੈਂ ਇਸ ਉਪਰ ਕਿੰਨਾ ਵਿਸ਼ਵਾਸ ਕੀਤਾ ਪਰ ਇਹ ਵਿਸ਼ਵਾਸ-ਘਾਤੀ ਨਿਕਲਿਆ | ਇੱਥੋਂ ਹੇਰਾ ਫੇਰੀ ਨਾਲ ਚੰਗੀ ਰਕਮ ਜੋੜ ਲਈ ਹੋਵੇਗੀ | ਤਦ ਹੀ ਤਾਂ ਮੁਕਾਬਲੇ ਵਿਚ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਹੌਸਲਾ ਕਰ ਰਿਹਾ ਹੈ | ਬੇਈਮਾਨ ਕਿਸੇ ਜਹਾਨ ਦਾ |' ਫਿਰ ਉਸ ਦੇ ਖਮਡਿਤ ਮਨ ਨੇ ਕਿਹਾ, 'ਨਹੀਂ, ਮੈਨੂੰ ਐਵੇਂ ਹੀ ਉਸ ਉਪਰ ਬੇਈਮਾਨੀ ਤੇ ਹੇਰਾ ਫੇਰੀ ਕਰਨ ਦਾ ਦੋਸ਼ ਨਹੀਂ ਲਾਉਣਾ ਚਾਹੀਦਾ | ਮੈਨੂੰ ਤਾਂ ਇਸ ਬਾਰੇ ਸੋਚਣਾ ਵੀ ਨਹੀਂ ਚਾਹੀਦਾ | ਹੋਰ ਭਾਵੇਂ ਉਹ ਕੁਝ ਵੀ ਹੋ ਸਕਦਾ ਹੈ ਪਰ ਬੇਈਮਾਨ ਨਹੀਂ ਹੈ | ਹੁਣ ਤੱਕ ਕਦੀ ਵੀ ਉਸ ਨੇ ਮੌਕਾ ਹੀ ਨਹੀਂ ਦਿੱਤਾ ਕਿ ਉਸ ਉਪਰ ਹੇਰਾ ਫੇਰੀ ਦਾ ਰਤਾ ਕੁ ਵੀ ਸ਼ੱਕ ਕੀਤਾ ਜਾ ਸਕੇ | ਉਸ ਨੇ ਹਰ ਦੁੱਖ ਸੁਖ ਵਿਚ ਮੇਰਾ ਸਾਥ ਦਿੱਤਾ ਹੈ |' ਅੁਸ ਨੂੰ ਖਿਆਲ ਆਇਆ ਕਿ ਹਰ ਇਕ ਮਨੁੱਖ ਵਿਚ ਅੱਗੇ ਵਧਣ ਦੀ ਲਾਲਸਾ ਹੁੰਦੀ ਹੈ | ਉਸ ਦੇ ਮਨ ਦੀ ਵੀ ਇਹੋ ਚਾਹਨਾ ਹੋਵੇਗੀ ਕਿ ਮੈਂ ਵੀ ਇਸ ਸਮਾਜ ਵਿਚ ਇਕ ਬਿਜਨਸਮੈਨ ਦੇ ਤੌਰ 'ਤੇ ਹਿੱਕ ਕੱਢ ਕੇ ਤੁਰਾਂ | ਜੇ ਸੋਚਿਆ ਜਾਵੇ ਤਾਂ ਇਸ ਵਿਚ ਗਲਤ ਵੀ ਕੀ ਹੈ?'
ਫਿਰ ਉਸ ਨੂੰ ਖਿਆਲ ਆਇਆ, 'ਇਸ ਵਿਚ ਗੱਲਤ ਇਹ ਹੈ ਕਿ ਉਸ ਦੇ ਇੱਥੋਂ ਜਾਣ ਨਾਲ ਮੇਰਾ ਸਾਰਾ ਕਾਰੋਬਾਰ ਚੌਪੱਟ ਹੋ ਜਾਵੇਗਾ | ਮੈਨੂੰ ਉਸ ਦੀ ਨੀਤ ਵਿਚ ਵੀ ਮੈਨੂੰ ਖੋਟ ਜਾਪਦਾ ਹੈ | ਕੱਲ੍ਹ ਕਲੋਤਰ ਨੂੰ ਉਹ ਮੇਰੇ ਅੱਗੇ ਵਿਆਹ ਦਾ ਪ੍ਰਸਤਾਵ ਵੀ ਰੱਖ ਸਕਦਾ ਹੈ | ਇਕ ਦਿਨ ਉਸ ਨੇ ਦੱਸਿਆ ਸੀ, "ਮੈਂ ਆਪਣੀ ਵਾਈਫ ਤੋਂ ਤਲਾਕ ਲੈ ਰਿਹਾ ਹਾਂ |" ਭਲਾ, ਇਹ ਗੱਲ ਮੈਨੂੰ ਦੱਸਣ ਦੀ ਕੀ ਲੋੜ ਸੀ | ਇਸ ਹਿੱਸੇਦਾਰੀ ਪਿੱਛੇ ਜਿਹੜੀ ਭਾਵਨਾ ਕੰਮ ਕਰ ਰਹੀ ਹੈ, ਉਸ ਨੂੰ ਮੈਂ ਚੰਗੀ ਤਰ੍ਹਾ ਸਮਝਦੀ ਹਾਂ |' ਫਿਰ ਉਸ ਆਪਣਆਂ ਪੁੜਪੁੜੀਆਂ ਨੂੰ ਦੋ ਤਿੰਨ ਵਾਰ ਘੁੱਟਿਆ ਤੇ ਮਨ ਵਿਚ ਕਿਹਾ, 'ਪਰ ਮੈਂ ਇਹੋ ਜਿਹੀਆਂ ਸੋਚਾਂ ਕਿਉਂ ਸੋਚ ਰਹੀ ਹਾਂ | ਉਸ ਨੇ ਤਾਂ ਮੇਰੇ ਨਾਲ ਹਿੱਸੇਦਾਰੀ ਦੀ ਗੱਲ ਕੀਤੀ ਸੀ ਤੇ ਮੇਰਾ ਮਨ ਕਿਧਰ ਭਟਕਦਾ ਫਿਰ ਰਿਹਾ ਹੈ | ਮੈਨੂੰ ਇਹੋ ਜਿਹੀਆਂ ਸੋਚਾਂ ਦਮਾਗ ਵਿਚੋਂ ਕੱਢ ਕੇ ਪਹਿਲਾਂ ਸੁਖ ਭਾਅ ਜੀ ਨਾਲ ਗੱਲ ਕਰਨੀ ਚਾਹੀਦੀ ਹੈ | ਹਾਂ, ਸਵੇਰੇ ਉਠਣ ਸਾਰ ਹੀ ਪਹਿਲਾਂ ਮੈਂ ਉਹਨਾਂ ਦੇ ਕੋਲ ਜਾ ਕੇ ਸਲਾਹ ਕਰਾਂਗੀ | ਹੁਣ ਮੈਨੂੰ ਸੌਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ | ਪਰ ਮੈਂ ਇਸ ਮਨ ਦਾ ਕੀ ਕਰਾਂ! ਇਸ ਨੂੰ ਟਿਕਾ ਹੀ ਨਹੀਂ ਤੇ ਅੱਚਵੀ ਜਿਹੀ ਲੱਗੀ ਹੋਈ ਹੈ, ਜਿਵੇਂ ਸਾਰਾ ਸਰੀਰ ਹੀ ਅੱਗ ਵਿਚ ਸੜ ਰਿਹਾ ਹੋਵੇ | ਉਠ ਕੇ ਹੀਟ ਵੀ ਘੱਟ ਕਰ ਆਈ ਹਾਂ ਪਰ ਇਹ ਸਰੀਰ ਦੀ ਭੜਕਣ ਜਾਂਦੀ ਹੀ ਨਹੀਂ |'
ਉਸ ਦਾ ਦਿਲ ਚਾਹਿਆ ਕਿ ਉਠ ਕੇ ਨਹਾ ਹੀ ਲਵੇ, ਤਾਂ ਜੋ ਇਹ ਮਨ ਦੀ ਭੜਕਣ ਜਾਂਦੀ ਰਹੇ ਮਨ ਨੂੰ ਕੁਝ ਚੇਨ ਆ ਜਾਵੇ | ਪਰ ਉਹ ਇਹ ਸੋਚ ਕੇ ਪਈ ਰਹੀ, 'ਸ਼ਾਵਰ ਛੱਡਣ ਨਾਲ ਪਾਣੀ ਦਾ ਖੜਾਕ ਹੋਣੈ ਤੇ ਨਾਲ ਦੇ ਕਮਰੇ ਵਿਚ ਪਏ ਬੌਬੀ ਨੂੰ ਜਾਗ ਆ ਜਾਣੀ ਹੈ ਤੇ ਫਿਰ ਉਸ ਨੇ ਉਠ ਕੇ ਖਰੂਦ ਕਰਨਾ |' ਉਸ ਦੇ ਮਨ ਨੇ ਕਿਹਾ, 'ਇਹ ਖਰੂਦ ਕਦੋਂ ਨਹੀਂ ਕਰਦਾ! ਨਿੱਕੀ ਨਿੱਕੀ ਗੱਲ 'ਤੇ ਤਾਂ ਖਰੂਦ ਕਰਨ ਲੱਗ ਪੈਂਦਾ ਹੈ | ਹੁਣ ਕਾਰ ਸਿੱਖਣ ਲਈ ਨਿੱਤ ਖਰੂਦ ਕਰਦੈ | ਇਸ ਨੂੰ ਕਿੰਨੀ ਵਾਰ ਕਿਹੈ, ਅਜੇ ਸਾਲ ਕੁ ਹੋਰ ਸਬਰ ਕਰ ਲੈ, ਸੋਲਾਂ ਸਾਲ ਤੋਂ ਪਹਿਲਾਂ ਤੂੰ ਕਾਰ ਨਹੀਂ ਚਲਾ ਸਕਦਾ ਪਰ ਇਹ ਕਿਸੇ ਦੀ ਸੁਣਦਾ ਹੀ ਨਹੀਂ | ਕਹਿੰਦੈ, 'ਜਦੋਂ ਲਾਈਸੰਸ ਮਿਲ ਗਿਆ ਕਾਰ ਉਦੋਂ ਚਲਾ ਲਿਆ ਕਰੂੰ, ਪਹਿਲਾਂ ਸਿੱਖ ਲੈਣ ਵਿਚ ਕੀ ਹਰਜ ਹੈ |' ਭਲਾਂ, ਹਰਜ ਕਿਉਂ ਨਹੀਂ? ਜਦੋਂ ਇਹ ਕਾਰ ਸਿੱਖ ਗਿਆ ਤਾਂ ਚਲਾਵੇਗਾ ਵੀ ਜਰੂਰ ਤੇ ਜੇ ਫੜਿਆ ਗਿਆ ਤਾਂ ਇਸ ਦੇ ਨਾਲ ਮੈਂ ਵੀ ਤ੍ਰੀਕਾਂ ਭੁਗਤਦੀ ਫਿਰੂੰ | ਜੇ ਕਿਤੇ ਐਕਸੀਡੈਂਟ ਕਰਾ ਬੈਠਾ ਤਾਂ ਮੈਂ ਕਿਸੇ ਪਾਸੇ ਜੋਗੀ ਨਹੀਂ ਰਹਿਣਾ | ਭਾਵੇਂ ਇਹ ਕਿੰਨਾ ਵੀ ਕਲੇਸ਼ ਕਰੇ, ਮੈਂ ਨਹੀਂ ਇਸ ਨੂੰ ਕਾਰ ਸਿੱਖਣ ਦਿੰਦੀ --- |"
ਜਦੋਂ ਮਨ ਦੇ ਵਿਚਾਰ ਹੈਰੀ ਤੋਂ ਬਦਲ ਕੇ ਬੌਬੀ ਵੱਲ ਪਰਤ ਗਏ ਤਾਂ ਹੌਲ਼ੀ ਹੌਲ਼ੀ ਉਸ 'ਤੇ ਨੀਂਦ ਨੇ ਵੀ ਜੋਰ ਪਾ ਲਿਆ ਤੇ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਨੀਂਦ ਦੀ ਗੋਦ ਵਿਚ ਚਲੀ ਗਈ | ਸਵੇਰੇ ਛੇ ਵਜੇ ਦੀ ਥਾਂ ਅੱਠ ਵਜੇ ਉਸ ਦੀ ਅੱਖ ਖੁੱਲ੍ਹੀ | ਉਸ ਨੇ ਉਠ ਕੇ ਜਲਦੀ ਜਲਦੀ ਘਰ ਦੀ ਸਫਾਈ ਕੀਤੀ ਤੇ ਫਿਰ ਵਾਸ਼ਰੂਮ ਵਿਚ ਵੜ ਗਈ | ਜਦੋਂ ਉਹ ਨਹਾ ਕੇ ਬਾਹਰ ਨਿਕਲੀ ਤਾਂ ਬੌਬੀ ਅਜੇ ਤੱਕ ਵੀ ਆਪਣੇ ਬਿਸਤਰੇ ਵਿਚ ਹੀ ਸੁੱਤਾ ਪਿਆ ਸੀ | ਉਸ ਨੇ ਬੌਬੀ ਨੂੰ ਉਠਾ ਕੇ ਵਾਸ਼ਰੂਮ ਵੱਲ ਤੋਰਿਆ ਤੇ ਆਪ ਨਾਸ਼ਤਾ ਤਿਆਰ ਕਰਨ ਵਿਚ ਜੁਟ ਗਈ | ਬੌਬੀ ਨਹਾ ਕੇ ਜਦੋਂ ਰਸੋਈ ਵਿਚ ਆਇਆ ਤਾਂ ਉਹ ਨਾਸ਼ਤੇ ਨੂੰ ਖਾਣੇ ਦੇ ਮੇਜ਼ ਉਪਰ ਰੱਖੀ ਬੈਠੀ ਸੀ | ਉਸ ਨੇ ਬੌਬੀ ਦੀ ਪਿਆਲੀ ਵਿਚ ਚਾਹ ਪਾਉਂਦਿਆਂ ਕਿਹਾ, "ਚਾਹ ਪੀ ਕੇ ਛੇਤੀ ਛੇਤੀ ਤਿਆਰ ਹੋ ਜਾ, ਪਹਿਲਾਂ ਤੇਰੀ ਮਾਸੀ ਵੱਲ ਜਾਣਾ ਤੇ ਫਿਰ ਉੱਥੋਂ ਹੀ ਸਟੋਰ 'ਤੇ ਚਲੇ ਜਾਵਾਂਗੇ | ਅੱਜ ਹੈਰੀ ਨੇ ਨਹੀਂ ਆਉਣਾ | ਤੂੰ ਸਾਰਾ ਦਿਨ ਮੇਰੇ ਨਾਲ ਰਹਿਣਾ ਹੈ |"
"ਮੈਂ ਕਿਤੇ ਨਾਂਈ ਜਾਣਾ ਤੇਰੇ ਨਾਲ | ਮੈਂ ਆਪਣੇ ਫਰੈਂਡਜ਼ ਨਾਲ ਜਾਣਾ, ਅੱਜ ਵੈਲਿਨਟਾਈਨ ਡੇ ਆ |" ਬੌਬੀ ਨੇ ਮਠਾਰ ਮਠਾਰ ਕੇ ਪੰਜਾਬੀ ਬੋਲੀ |
"ਵੈਲਿਨਟਾਇਨ ਡੇ ਦਿਆ ਲੱਗਦਿਆ, ਸਟੋਰ ਵੱਲ ਵੀ ਧਿਆਨ ਦਿਆ ਕਰ | ਹੁਣ ਤੂੰ ਛੋਟਾ ਨਹੀਂ | ਮੈਂ ਕਿੰਨਾ ਕੁ ਚਿਰ ਇਹ ਕੰਮ ਸੰਭਾਲੀ ਰੱਖਾਂਗੀ |" ਮਾਂ ਨੇ ਮਿੱਠੀ ਜਿਹੀ ਝਿੜਕ ਦਿੱਤੀ |
"ਜਦੋਂ ਮੈਂ ਕਾਰ ਸਿੱਖਣ ਲਈ ਆਖਦਾਂ ਤਾਂ ਕਹਿੰਦੀ, 'ਤੂੰ ਛੋਟਾ ਏਂ' ਤੇ ਹੁਣ ਕਹਿੰਦੀ 'ਮੈਂ ਛੋਟਾ ਨਹੀਂ' |" ਬੌਬੀ ਨੇ ਉਲਟਾ ਹੀ ਜਵਾਬ ਦਿੱਤਾ |
"ਕਿਹੜੀਆਂ ਫਰੈਂਡਜ਼ ਨਾਲ ਤੂੰ ਵੈਲਿਨਟਾਈਨ ਡੇ ਮਨਾਉਣ ਜਾਣੈ?" ਮਾਂ ਨੇ ਬੌਬੀ ਦੇ ਚਿਹਰੇ ਵੱਲ ਧਿਆਨ ਨਾਲ ਦੇਖਿਦਿਆਂ ਪੁੱਛਿਆ |
"ਮੇਰੀ ਕੋਈ ਫਰੈਂਡ ਨਹੀਂ ਹੈਗੀ | ਸਾਡਾ ਆਪਣਾ ਪਰੋਗਰਾਮ ਆ | ਮੈਂ ਓਥੇ ਜਰੂਰ ਜਾਣਾ | ਤੇਰੇ ਨਾਲ ਨਾਈਂ ਜਾ ਸਕਦਾ |" ਬੌਬੀ ਨੇ ਕੋਰਾ ਜਵਾਬ ਦੇ ਦਿੱਤਾ |
ਮਾਂ ਦੇ ਬਹੁਤ ਕਹਿਣ 'ਤੇ ਵੀ ਬੌਬੀ ਉਸ ਦੇ ਨਾਲ ਨਹੀਂ ਗਿਆ ਤੇ ਉਹ ਇਕੱਲੀ ਹੀ ਦਰਸ਼ਨਾ ਦੇ ਘਰ ਨੂੰ ਚਲੀ ਗਈ | ਬੌਬੀ ਘਰ ਬੈਠ ਕੇ ਰਮੋਲੋ ਹੁਰਾਂ ਦੀ ਉਡੀਕ ਕਰਨ ਲੱਗਾ |
ਦੁਪਹਿਰ ਦੇ ਦੋ ਕੁ ਵਜੇ ਰਮੋਲੋ ਬੌਬੀ ਨੂੰ ਲੈਣ ਆ ਗਿਆ | ਵੀਹ ਪੰਝੀ ਸਾਲ ਦਾ ਇਕ ਓਪਰਾ ਗਭਰੂ, ਜਿਸ ਨੂੰ ਬੌਬੀ ਨੇ ਪਹਿਲਾਂ ਕਦੀ ਨਹੀਂ ਸੀ ਦੇਖਿਆ, ਉਸ ਦੇ ਨਾਲ ਬੈਠਾ ਹੋਇਆ ਸੀ | ਰਮੋਲੋ ਨੇ ਉਸ ਦੀ 'ਮਾਰੀਓ' ਦੇ ਨਾਮ ਨਾਲ ਜਾਣ ਪਹਿਚਾਨ ਕਰਵਾਈ | ਬੌਬੀ ਕਾਰ ਦੀ ਖਿੜਕੀ ਖੋਲ੍ਹ ਕੇ ਮਗਰਲੀ ਸੀਟ ਉਪਰ ਬੈਠਣ ਲੱਗਾ ਤਾਂ ਉਸ ਨੇ ਦੇਖਿਆ ਕਿ ਨਿਕੋਲ ਵੀ ਕਾਰ ਵਿਚ ਬੈਠਾ ਹੋਇਆ ਸੀ | ਉਹ ਨਿਕੋਲ ਨਾਲ ਹੱਥ ਮਿਲਾ, ਉਸ ਦੇ ਨਾਲ ਲੱਗ ਕੇ ਬੈਠ ਗਿਆ | ਰਮੋਲੋ ਨੇ ਕਾਰ ਨੂੰ ਮੋੜ ਕੇ ਸਕਾਟਰੋਡ 'ਤੇ ਪਾ ਲਿਆ ਤੇ ਫਿਰ ਪਟੁੱਲੋ ਪੁਲ਼ ਨੂੰ ਪਾਰ ਕਰ, ਫਰੇਜਰ ਦਰਿਆ ਦੇ ਨਾਲ ਨਾਲ ਕਾਰ ਲੈ ਜਾਂਦਿਆਂ, ਨਿਊਵੈਸਟਮਿਨਸਟਰ ਦੀ ਇਕ ਬਹੁ-ਮੰਜ਼ਲੀ ਇਮਾਰਤ ਕੋਲ ਜਾ ਰੋਕੀ | ਮਾਰੀਓ ਨੇ ਇਸ ਇਮਾਰਤ ਦੀ ਤੀਜੀ ਮੰਜ਼ਲ ਦੇ ਇਕ ਫਲੈਟ ਦਾ ਬੂਹਾ ਖੋਲ੍ਹਿਆ ਤੇ ਉਹ ਦੜ ਦੜਾਂਦੇ ਲਿਵਿੰਗਰੂਮ ਵਿਚ ਆ ਗਏ | ਅੱਗੇ ਉਹਨਾਂ ਦੇ ਸੁਆਗਤ ਲਈ, ਚਾਰ ਹੁਸੀਨਾਵਾਂ ਫੁੱਲਾਂ ਦੇ ਗੁਲਦਸਤੇ ਲਈ ਸੋਫਿਆਂ ਉਪਰ ਬੈਠੀਆਂ ਮੁਸਕਰਾ ਰਹੀਆਂ ਸਨ | ਕੁੜੀਆਂ ਨੂੰ ਦੇਖ ਕੇ ਬੌਬੀ ਠਠੰਬਰ ਗਿਆ ਤੇ ਪਿਛਾਂਹ ਮੁੜਨ ਲੱਗਾ | ਰਮੋਲੋ ਨੇ ਉਸ ਨੂੰ ਰੋਕਦਿਆਂ ਕਿਹਾ, "ਵੈਨਿਟਾਇਨ ਦਿਨ 'ਤੇ ਇਹ ਸਾਰਾ ਪ੍ਰਬੰਧ ਤੇਰੇ ਸੁਆਗਤ ਲਈ ਹੀ ਕੀਤਾ ਗਿਆ ਹੈ | ਬੇਝਿਜਕ ਹੋ ਕੇ ਦੱਸ ਕਿ ਇਹਨਾਂ ਵਿਚੋਂ ਤੂੰ ਕਿਸ ਹੁਸੀਨਾ ਦਾ ਗੁਲਦਸਤਾ ਸਵੀਕਾਰ ਕਰਕੇ ਉਸ ਨੂੰ ਆਪਣੀ ਮਿੱਤਰ ਬਣਾਉਣੀ ਚਾਹੁੰਦਾ ਹੈਂ?"
"ਮੈਨੂੰ ਕਿਸੇ ਦੀ ਵੀ ਮਿੱਤਰਤਾ ਦੀ ਲੋੜ ਨਹੀਂ, ਮੈਂ ਵਾਪਸ ਜਾਣਾ ਚਾਹੁੰਦਾ ਹਾਂ |" ਬੌਬੀ ਨੇ ਰਮੋਲੋ ਕੋਲੋਂ ਆਪਣਾ ਹੱਥ ਛਡਵਾਉਂਦਿਆਂ ਕਿਹਾ |
"ਆਪਣੇ ਮਿੱਤਰ ਪਿਆਰਿਆਂ ਦਾ ਪਿਆਰ ਪਾਉਣ ਲਈ ਤੇ ਨਵੇ ਮਿੱਤਰ ਬਣਾਉਣ ਲਈ, 14 ਫਰਵਰੀ ਦਾ ਦਿਨ ਉਡੀਕਦਿਆਂ ਨੂੰ ਮਸਾਂ ਆਉਂਦੈ ਤੇ ਤੂੰ ਕਹਿਨੈ, 'ਮੈਨੂੰ ਕਿਸੇ ਦੀ ਮਿੱਤਰਤਾ ਦੀ ਲੋੜ ਨਹੀਂ |' ਵਾਹ!" ਮਾਰੀਓ ਨੇ ਵੈਲਿਨਟਾਈਨ ਦਿਨ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਕਿਹਾ, ਜਿਹੜਾ ਕਿ ਅਜੇ ਤੱਕ ਬੌਬੀ ਨਾਲ ਪੂਰਾ ਖੁੱਲ੍ਹਿਆ ਨਹੀਂ ਸੀ |
"ਮੇਰੀ ਦੋਸਤੀ ਦੀ ਖਾਤਰ ਹੀ ਤੈਨੂੰ ਅੱਜ ਦੇ ਦਿਨ ਲਈ ਸਾਡਾ ਸਾਥ ਨਿਭਾਉਣਾ ਪਵੇਗਾ | ਇਹ ਪਾਰਟੀ ਸਿਰਫ ਤੇ ਸਿਰਫ ਤੇਰੇ ਲਈ ਹੀ ਰੱਖੀ ਗਈ ਹੈ |" ਨਿਕੋਲ ਨੇ ਵੀ ਆਪਣੀ ਮਿੱਤਰਤਾ ਦਾ ਵਾਸਤਾ ਪਾਇਆ |
ਬੌਬੀ ਅਜੇ ਦੋਚਿੱਤੀ ਵਿਚ ਹੀ ਸੀ ਕਿ ਚਾਰਾਂ ਕੁੜੀਆਂ ਵਿਚੋਂ, ਜਿਸ ਦਾ ਸਾਰੀਆਂ ਕੁੜੀਆਂ ਨਾਲੋਂ ਵੱਧ ਸਫੇਦ ਰੰਗ, ਸੁਨਹਿਰੀ ਵਾਲ਼ ਅਤੇ ਹਰੀਆਂ ਬਦਾਮੀ ਅੱਖਾਂ ਸਨ, ਗੁਲਦਸਤਾ ਲੈ ਕੇ ਬੌਬੀ ਕੋਲ ਆਈ ਅਤੇ ਉਸ ਨੂੰ ਗੁਲਦਸਤਾ ਪੇਸ਼ ਕਰਦੀ ਹੋਈ ਬੋਲੀ, "ਪਿਆਰੇ, ਮੇਰਾ ਨਾਂ ਕ੍ਰਿਸਟੀਨਾ ਹੈ | ਮੈਂ ਤੈਨੂੰ ਪਹਿਲਾਂ ਕਦੀ ਨਹੀਂ ਦੇਖਿਆ ਪਰ ਪਹਿਲੀ ਤੱਕਣੀ ਵਿਚ ਹੀ ਤੂੰ ਮੈਨੂੰ ਪਿਆਰਾ ਲੱਗਾ ਹੈਂ ਅਤੇ ਮੈਂ ਤੇਰੇ ਲਈ ਆਪਣਾ ਦੋਸਤੀ ਦਾ ਹੱਥ ਵਧਾਉਂਦੀ ਹਾਂ |" ਉਸ ਨੇ ਆਪਣੇ ਹੱਥ ਵਿਚਲਾ ਗੁਲਦਸਤਾ ਬੌਬੀ ਦੇ ਹੱਥ ਵਿਚ ਫੜਾ ਕੇ ਉਸ ਦਾ ਮੂੰਹ ਚੁੰਮ ਲਿਆ ਅਤੇ ਉਸ ਦੇ ਲੱਕ ਦੁਆਲੇ ਬਾਂਹ ਵਲ਼ਾ ਕੇ ਆਪਣੇ ਨਾਲ ਤੋਰ ਲਿਆਈ ਤੇ ਲਵਸੀਟ ਉਪਰ ਲਿਆ ਬਿਠਾਇਆ | ਆਪ ਵੀ ਉਸ ਦੇ ਨਾਲ ਲੱਗ ਕੇ ਬੈਠ ਗਈ | ਸਾਰਿਆਂ ਨੇ ਤਾੜੀ ਮਾਰ ਦਿੱਤੀ |
ਬੌਬੀ ਦੇ ਮੱਥੇ 'ਤੇ ਇਕ ਦਮ ਤਿਉੜੀਆਂ ਉਭਰ ਆਈਆਂ | ਉਸ ਨੂੰ ਜਾਪਿਆ ਜਿਵੇਂ ਕਿ ਉਸ ਦਾ ਮੌਜੂ ਬਣਾਉਣ ਲਈ ਹੀ ਇਹ ਡਰਾਮਾ ਰਚਿਆ ਗਿਆ ਹੋਵੇ ਅਤੇ ਉਸ ਨੇ ਉੱਥੋਂ ਨਿਕਲ ਜਾਣ ਦਾ ਮਨ ਬਣਾ ਲਿਆ ਪਰ ਫਿਰ ਝੱਟ ਹੀ ਉਸ ਨੂੰ ਸੋਚ ਫੁਰੀ ਕਿ ਇੱਥੋਂ ਜਾਣ ਦੀ ਥਾਂ ਕਿਉਂ ਨਾ ਹੁਣ ਇਸ ਡਰਾਮੇ ਦਾ ਇਕ ਪਾਤਰ ਬਣ ਕੇ ਹੀ ਇਸ ਨੂੰ ਖੇਡਿਆ ਜਾਵੇ | ਇਹ ਸੋਚ ਕੇ ਉਹ ਕੁੜੀ ਦੇ ਨਾਲ ਲੱਗ ਕੇ ਬੈਠਾ ਰਿਹਾ | ਰਮੋਲੋ ਤੇ ਨਿਕੋਲ ਵੀ ਇਕ ਇਕ ਕੁੜੀ ਨੂੰ ਆਪਣੇ ਨਾਲ ਲੈ ਕੇ ਨਾਲ ਲੱਗਵੇਂ ਸੋਫੇ ਉਪਰ, ਜੋੜੀਆਂ ਬਣ ਕੇ ,ਬੈਠੇ ਗਏ | ਚੌਥੀ ਕੁੜੀ, ਜਿਸ ਦੇ ਕਾਲ਼ੇ-ਸ਼ਾਹ ਵਾਲ਼ ਮੋਢਿਆਂ ਤਕ ਪਲਮਦੇ ਸਨ, ਰਸੋਈ ਵਿਚ ਗਈ ਤੇ ਕੁਝ ਪਲਾਂ ਮਗਰੋਂ ਅੱਠ ਵਾਈਨ-ਗਲਾਸ ਟਰੇ ਵਿਚ ਲਿਆ ਕੇ ਕੌਫੀ-ਟੇਬਲ ਉਪਰ ਰੱਖ ਦਿੱਤੇ ਅਤੇ ਦੂਸਰੀ ਲਵਸੀਟ ਉਪਰ ਮਾਰੀਓ ਦੇ ਨਾਲ ਲੱਗ ਕੇ ਬੈਠ ਗਈ | ਮਾਰੀਓ ਨੇ ਉਸ ਕੁੜੀ ਨੂੰ ਆਪਣੀ ਜੱਫੀ ਵਿਚ ਲੈਂਦਿਆਂ ਕਿਹਾ, "ਇਹ ਹੈ ਮੇਰੀ ਮਿੱਤਰ 'ਲਿਡੀਆ' | ਤੁਹਾਡੀ ਦੋਸਤੀ ਲਈ ਇਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਆਈ ਹੈ ਤਾਂ ਜੋ ਆਪਾਂ ਮਿਲ ਕੇ ਜਸ਼ਨ ਮਨਾਈਏ ਤੇ ਵੈਲਿਨਟਾਈਨ ਦਿਨ ਦਾ ਭਰਪੂਰ ਆਨੰਦ ਮਾਣ ਸਕੀਏ | ਅੱਜ ਦਾ ਦਿਨ ਬੌਬੀ ਦੇ ਨਾਮ | ਚਲੋ ਆਪਣੇ ਆਪਣੇ ਜਾਮ ਚੁੱਕੋ ਤੇ ਮਜ਼ੇ ਕਰੋ |"
ਬੌਬੀ ਨੇ ਘਰਦਿਆਂ ਤੋਂ ਚੋਰੀ ਬੀਅਰ ਤਾਂ ਕਈ ਵਾਰ ਪੀਤੀ ਸੀ ਪਰ ਵਾਈਨ ਜਾਂ ਕੋਈ ਹੋਰ ਸ਼ਰਾਬ ਅਜੇ ਤੱਕ ਉਸ ਨੇ ਬੁੱਲਾਂ ਨੂੰ ਨਹੀਂ ਸੀ ਛੁਹਾਈ | ਅੱਜ ਉਸ ਦੇ ਸਾਹਮਣੇ ਵਾਈਨ ਦਾ ਗਲਾਸ ਭਰਿਆ ਪਿਆ ਸੀ ਤੇ ਉਹ ਪੀਣੋ ਝਿਜਕ ਰਿਹਾ ਸੀ | ਜਦੋਂ ਸਾਰਿਆ ਨੇ ਆਪੋ ਆਪਣੇ ਗਲਾਸ ਚੁਕ ਕੇ 'ਬੌਬੀ ਦੇ ਨਾਮ', 'ਚੀਅਰਜ਼' ਕਿਹਾ ਤਾਂ ਉਸ ਨੇ ਵੀ ਆਪਣਾ ਗਲਾਸ ਚੁਕ ਕੇ ਵਾਈਨ ਦਾ ਇਕ ਘੁੱਟ ਭਰ ਲਿਆ | ਖਟਾਸ ਵਾਲੀ ਬਕਬਕੀ ਜਿਹੀ ਵਾਈਨ ਨੇ ਉਸ ਦਾ ਮੂੰਹ ਬੇਸੁਆਦੀ ਕਰ ਦਿੱਤਾ | ਉਸ ਨੂੰ ਧੁੜਧੁੜੀ ਜਿਹੀ ਵੀ ਆਈ ਪਰ ਉਸ ਨੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਅਤੇ ਚੁਸਕੀਆਂ ਲੈ ਲੈ ਪੀਂਦਾ ਰਿਹਾ | ਅੱਧਾ ਕੁ ਗਲਾਸ ਪੀਣ ਮਗਰੋਂ ਉਸ ਨੂੰ ਸਰੂਰ ਆਉਣ ਲੱਗਾ ਅਤੇ ਉਸ ਦਾ ਝਾਕਾ ਵੀ ਖੁੱਲ੍ਹ ਗਿਆ ਅਤੇ Aੁਹ ਵੀ ਬੇਝਿਜਕ ਹੋ ਗੱਲਾਂ ਕਰਨ ਲੱਗਾ |
ਇਕ ਇਕ ਵਾਈਨ ਦਾ ਗਲਾਸ ਉਹਨਾਂ ਬਿਨਾਂ ਕੁਝ ਖਾਧੇ, ਪੀਤਾ ਤੇ ਫੇਰ ਲਿਡੀਆ, ਰਸੋਈ ਵਿਚ ਗਈ ਤੇ ਉੱਥੋਂ ਇਟਾਲੀਅਨ ਢੰਗ ਨਾਲ ਬਣੇ ਮੁਰਗੇ ਤੇ ਮੱਛੀ ਦੀਆਂ ਪਲੇਟਾਂ ਲੈ ਆਈ, ਜਿਸ ਦਾ ਨਾਂ ਉਸ ਨੇ 'ਚਿਕਨ-ਸਕਾਰਪੈਰੀੱਲੋ' ਤੇ 'ਸ਼ਰਿੰਪ-ਸਕੈਂਪੀ' ਦੱਸਿਆ | ਦੂਜੇ ਫੇਰੇ ਉਹ ਨਿੰਬੂ ਦੇ ਰਸ ਵਾਲੀ ਪੈਂਜ਼ਿਰੋਟੀ ਅਤੇ ਸਪੈਗਿਟੀ ਦੀਆਂ ਪਲੇਟਾਂ ਚੁੱਕ ਲਿਆਈ | ਮਾਰੀਓ ਨੇ ਇਹ ਖਾਣਾ ਪਹਿਲਾਂ ਹੀ ਇਟਾਲੀਅਨ ਰੈਸਟੋਰਾਂਟ ਤੋਂ ਲਿਆ ਕੇ ਰੱਖਿਆ ਹੋਇਆ ਸੀ | ਉਹ ਖਾ ਪੀ ਕੇ ਸਰੂਰ ਵਿਚ ਆਏ ਅੰਗ੍ਰੇਜ਼ੀ ਧੁਨਾਂ ਉਪਰ ਨੱਚਣ ਲੱਗੇ | ਨਚਦਿਆਂ ਨਚਦਿਆਂ ਉਹ ਅਰਧ-ਨਗਨ ਹੋ ਗਏ | ਨੱਚਦਿਆਂ ਤੇ ਮੌਜ-ਮੇਲਾ ਕਰਦਿਆਂ ਨੂੰ ਜਦੋਂ ਆਥਣ ਹੋ ਗਈ ਤਾਂ ਸਾਰੇ ਹੱਫ ਕੇ ਸੋਫਿਆਂ ਉਪਰ ਬੈਠ ਗਏ | ਮਾਰੀਓ ਨੇ ਕਾਗਜ਼ ਵਿਚ ਲਪੇਟਿਆ ਹੋਇਆ ਇਕ ਇਕ ਪੈਕਟ ਕੁੜੀਆਂ ਦੇ ਹੱਥ ਫੜਾ ਦਿੱਤਾ ਅਤੇ ਉਹ ਅਲਵਿਦਾਈ ਚੁੰਮਣਾਂ ਦਾ ਵਟਾਂਦਰਾ ਕਰਦੀਆਂ ਹੋਈਆਂ ਉੱਥੋਂ ਤੁਰ ਗਈਆਂ | ਬੂਹੇ ਕੋਲ ਖੜ੍ਹ, ਕ੍ਰਿਸਟੀਨਾ ਨੇ ਗਰਦਨ ਘੁਮਾ ਕੇ ਬੌਬੀ ਵੱਲ ਦੇਖਿਆ ਅਤੇ ਮੁਸਕਾਨਾਂ ਬਖੇਰਦੀ ਹੋਈ ਬੂਹਿਉਂ ਬਾਹਰ ਹੋ ਗਈ | ਕੁੜੀਆਂ ਦੇ ਚਲੇ ਜਾਣ ਮਗਰੋਂ ਮਾਰੀਓ ਨੇ ਮੁੜ ਕੇ ਫਿਰ ਗਲਾਸਾਂ ਨੂੰ ਵਾਈਨ ਨਾਲ ਭਰ ਦਿੱਤਾ | ਬਾਕੀ ਤਿੰਨੋਂ ਤਾਂ ਵਾਈਨ ਦੀਆਂ ਘੁੱਟਾਂ ਭਰਨ ਲੱਗੇ ਪਰ ਬੌਬੀ ਘੁੱਟ ਭਰਨ ਦੀ ਥਾਂ ਹੱਥ ਉਪਰ ਹੀ ਗਲਾਸ ਨੂੰ ਘੁਮਾਉਂਦਾ ਰਿਹਾ |
"ਮਾਰੀਓ ਮਿੱਤਰਾ, ਅੱਜ ਦੀ ਪਾਰਟੀ ਦਾ ਤਾਂ ਆਨੰਦ ਲਿਆ ਦਿੱਤਾ | ਤੇਰਾ ਬਹੁਤ ਬਹੁਤ ਧੰਨਵਾਦ |" ਨਿਕੋਲ ਨੇ ਸ਼ੁਕਰਾਨੇ ਵਿਚ ਕਿਹਾ |
"ਇਹ ਪਾਰਟੀ ਤਾਂ ਬੌਬੀ ਦੀ ਸੰਗ ਲਾਹੁਣ ਲਈ ਕੀਤੀ ਗਈ ਸੀ | ਕਿਉਂ ਬੌਬੀ, ਲਹਿ ਗਈ ਸੰਗ? ਹੁਣ ਕੁੜੀਆਂ ਨਾਲ ਦੋਸਤੀ ਕਰਨ ਤੋਂ ਝਿਜਕ ਤਾਂ ਨਹੀਂ ਹੋਊਗੀ?" ਰਮੋਲੋ ਨੇ ਚਿਹਰੇ 'ਤੇ ਸ਼ਰਾਰਤੀ ਮੁਸਕਾਨ ਲਿਆਉਂਦਿਆਂ ਬੌਬੀ ਕੋਲੋਂ ਪੁੱਛਿਆ |
"-----|" ਸੰਗ ਨਾਲ ਬੌਬੀ ਦਾ ਚਿਹਰਾ ਲਾਲ ਹੋ ਗਿਆ ਪਰ ਉਹ ਬੋਲਿਆ ਨਹੀਂ |
"ਇਹੋ ਜਿਹੀ ਪਾਰਟੀ ਤਾਂ ਮਹੀਨੇ ਵਿਚ ਘੱਟੋ ਘੱਟ ਇਕ ਵਾਰ ਜਰੂਰ ਕਰਨੀ ਚਾਹੀਦੀ ਹੈ |" ਸਰੂਰ ਵਿਚ ਆਏ ਨਿਕੋਲ ਨੇ ਵੀ ਇਹ ਗੱਲ ਕਹਿ ਦਿੱਤੀ |
"ਇਹੋ ਜਿਹੀਆਂ ਪਾਰਟੀਆਂ ਮਹੀਨੇ ਵਿਚ ਇਕ ਨਹੀਂ ਚਾਰ ਚਾਰ ਵੀ ਹੋ ਸਕਦੀਆਂ ਪਰ ਪਾਰਟੀਆਂ ਲਈ ਡਾਲਰ ਚਾਹੀਦੇ ਹਨ | ਇਹ ਸਾਰਾ ਮੁੱਲ ਦਾ ਮਾਲ ਹੀ ਸੀ | ਤੁਸੀਂ ਅਜੇ ਸਕੂਲ ਵਿਚ ਪੜ੍ਹਦੇ ਹੋ, ਮਾਪਿਆਂ ਨੇ ਤੁਹਾਨੂੰ ਇਸ ਕੰਮ ਲਈ ਖਰਚਾ ਨਹੀਂ ਦੇਣਾ | ਇਹੋ ਜਿਹੇ ਥਾਂ 'ਤੇ ਖਰਚ ਕਰਨ ਲਈ ਤੁਹਾਨੂੰ ਆਪ ਹੀ ਹੱਥ ਪੈਰ ਮਾਰਨੇ ਪੈਣਗੇ |" ਮਾਰੀਓ ਦੇ ਕਹਿਣ ਵਿਚ ਇਕ ਗੁਝੀ ਰਮਜ਼ ਸੀ |
"ਹੁਣ ਘਰਾਂ ਨੂੰ ਚਲਣਾ ਚਾਹੀਦਾ ਹੈ |" ਬੌਬੀ ਨੇ ਉੱਸਲ ਵੱਟੇ ਜਿਹੇ ਲੈਂਦਿਆਂ ਆਖਿਆ |
"ਬੱਸ, ਦਸ ਮਿੰਟ ਹੋਰ ਠਹਿਰੋ, ਫਿਰ ਚਲੇ ਜਾਣਾ | ਆਪਣੀ ਖਾਸ ਗੱਲ ਕਰਨ ਵਾਲੀ ਤਾਂ ਅਜੇ ਰਹਿ ਹੀ ਗਈ | ਬੌਬੀ, ਤੂੰ ਗਲਾਸ ਨੂੰ ਤਲੀ ਉਪਰ ਹੀ ਘੁਮਾਈ ਜਾ ਰਿਹਾ ਹੈਂ, ਇਸ ਨੂੰ ਬੁੱਲ੍ਹਾਂ ਨਾਲ ਵੀ ਲਾ ਲੈ |" ਮਾਰੀਓ ਬੋਲਿਆ |
ਬੌਬੀ ਨੇ ਇਕ ਘੁੱਟ ਭਰ ਕੇ ਗਲਾਸ ਨੂੰ ਕੌਫੀ-ਟੇਬਲ ਉਪਰ ਰਖ ਦਿੱਤਾ ਤੇ ਕਾਹਲੀ ਨਾਲ ਵਾਸ਼ਰੂਮ ਵੱਲ ਤੁਰ ਗਿਆ | ਵਾਸ਼ਰੂਮ ਵਿਚ ਜਾਂਦਿਆਂ ਹੀ ਉਸ ਨੇ ਉਛਾਲੀ ਕਰ ਦਿੱਤੀ | ਦੂਸਰੇ ਤਿੰਨੇ ਹੈਰਾਨੀ ਨਾਲ ਵਾਸ਼ਰੂਮ ਵੱਲ ਦੇਖ ਰਹੇ ਸਨ | ਉਹ ਕੁਝ ਚਿਰ ਮਗਰੋਂ ਬਾਹਰ ਨਿਕਲਿਆ ਤੇ ਨਿਢਾਲ ਜਿਹਾ ਹੋ ਕੇ ਸੋਫੇ ਉਪਰ ਬੈਠ ਗਿਆ |
"ਕਿਉਂ ਬੌਬੀ, ਤੇਰੀ ਤਬੀਅਤ ਤਾਂ ਠੀਕ ਹੈ?" ਰਮੋਲੋ ਨੇ ਫਿਕਰਮੰਦ ਹੁੰਦਿਆਂ ਪੁੱਛਿਆ |
"ਪੇਟ ਵਿਚ ਕੁਝ ਗੜਬੜ ਹੋ ਗਈ ਸੀ, ਹੁਣ ਠੀਕ ਹੈ ਪਰ ਮੈਂ ਘਰ ਜਾਣਾ ਚਾਹੁੰਦਾ ਹਾਂ |" ਬੌਬੀ ਅਜੇ ਵੀ ਅੱਚਵੀ ਜਿਹੀ ਮਹਿਸੂਸ ਕਰ ਰਿਹਾ ਸੀ |
"ਬੌਬੀ, ਤੂੰ ਤਾਂ ਥੋੜੀ ਜਿਹੀ ਵਾਈਨ ਪੀਣ ਨਾਲ ਹੀ ਉਲਟ ਗਿਆ | ਕੁਝ ਚਿਰ ਇੱਥੇ ਲੇਟ ਜਾ ਫਿਰ ਠੀਕ ਹੋ ਜਾਵੇਂਗਾ | ਮੈਂ ਤੁਹਾਡੇ ਨਾਲ ਬੜੀਆਂ ਕੰਮ ਦੀਆਂ ਗੱਲਾਂ ਕਰਨੀਆਂ ਹਨ |" ਮਾਰੀਓ ਨੇ ਕਿਹਾ |
"ਮੈਂ ਪਹਿਲਾਂ ਕਦੀ ਵਾਈਨ ਨਹੀਂ ਪੀਤੀ ਸੀ, ਜਿਸ ਕਾਰਨ ਉਲਟੀ ਆ ਗਈ | ਉਂਝ ਤਾਂ ਹੁਣ ਠੀਕ ਹਾਂ ਪਰ ਚੱਕਰ ਜਿਹੇ ਆਉਂਦੇ ਹਨ, ਇਸ ਕਰਕੇ ਮੈਂ ਹੁਣ ਘਰ ਜਾਵਾਂਗਾ |" ਬੌਬੀ ਨੇ ਦ੍ਰਿੜਤਾ ਨਾਲ ਕਿਹਾ ਤੇ ਉਠ ਕੇ ਖੜ੍ਹਾ ਹੋ ਗਿਆ
"ਅਸੀਂ ਹੁਣ ਚਲਦੇ ਹਾਂ, ਗੱਲਾਂ ਕਦੀ ਫਿਰ ਸਹੀ |" ਰਮੋਲੋ ਨੇ ਮਾਰੀਓ ਦੀ ਅੱਖ ਨਾਲ ਅੱਖ ਮਿਲਾਉਂਦਿਆਂ ਕਿਹਾ |
"ਚਲੋ, ਤੁਹਾਡੀ ਮਰਜ਼ੀ! ਪਰ ਮੈਂ ਦੱਸਣਾ ਚਹੁੰਦਾ ਸੀ ਕਿ ਸਕੂਲ ਵਿਚ ਪੜ੍ਹਦਿਆਂ ਵੀ ਤੁਸੀਂ ਧਨ ਕਿਵੇਂ ਕਮਾ ਸਕਦੇ ਹੋ |" ਮਾਰੀਓ ਨੇ ਉਹਨਾਂ ਨਾਲ ਹੱਥ ਮਿਲਾਉਂਦਿਆਂ ਮਤਲਬ ਦੀ ਗੱਲ ਕਹਿ ਦਿੱਤੀ ਅਤੇ ਉਹ ਧੰਨਵਾਦ ਕਹਿੰਦਿਆਂ ਪੌੜੀਆਂ ਉਤਰ ਗਏ |
"ਆਪਾਂ ਨੂੰ ਮਾਰੀਓ ਦੀ ਗੱਲ ਸੁਣ ਲੈਣੀ ਚਾਹੀਦੀ ਸੀ |" ਨਿਕੋਲ ਨੇ ਕਾਰ ਵਿਚ ਬੈਠਦਿਆਂ ਕਿਹਾ | ਕਿਸੇ ਨੇ ਵੀ ਉਸ ਦੀ ਗੱਲ ਦਾ ਹੁੰਗਾਰਾ ਨਾ ਭਰਿਆ ਤੇ ਰਮੋਲੋ ਨੇ ਕਾਰ ਸਟਾਰਟ ਕਰ ਲਈ |
ਜਦੋਂ ਕਾਰ ਪਟੁੱਲੋ ਪੁਲ਼ ਲੰਘ ਕੇ ਸਕਾਟ ਰੋਡ ਵੱਲ ਮੁੜੀ ਤਾਂ ਮਗਰਲੀ ਸੀਟ ਉਪਰ ਅੱਖਾਂ ਮੀਟੀ ਬੈਠੇ ਬੌਬੀ ਕੋਲੋਂ ਨਿਕੋਲ ਨੇ ਪੁੱਛਿਆ, "ਮੈਂ ਤਾਂ ਅਜੇ ਘਰ ਨਹੀਂ ਜਾਣਾ, ਤੇਰੀ ਕੀ ਸਲਾਹ ਹੈ?"
"ਮੈਨੂੰ ਘਰ ਪਹੁੰਚਾ ਕੇ ਫਿਰ ਤੁਸੀਂ ਜਿਧਰ ਮਰਜ਼ੀ ਚਲੇ ਜਾਣਾ |" ਇਹ ਕਹਿ ਕੇ ਬੌਬੀ ਨੇ ਮੁੜ ਅੱਖਾਂ ਮੀਟ ਲਈਆਂ |
ਜਦੋਂ ਬੌਬੀ ਘਰ ਪਹੁੰਚਿਆ ਤਾਂ ਸਰਬਜੀਤ ਅਜੇ ਸਟੋਰ ਤੋਂ ਵਾਪਸ ਨਹੀਂ ਸੀ ਆਈ | ਉਸ ਨੂੰ ਆਪਣਾ ਸਿਰ ਭਾਰਾ ਭਾਰਾ ਜਿਹਾ ਜਾਪਿਆ | ਉਹ ਸ਼ਾਵਰ ਛੱਡ ਕੇ ਕੁਝ ਦੇਰ ਨਿੱਘੇ ਪਾਣੀ ਨਾਲ ਨਹਾਉਂਦਾ ਰਿਹਾ ਅਤੇ ਫਿਰ ਆਪਣੇ ਕਮਰੇ ਵਿਚ ਜਾ ਕੇ ਬਿਸਤਰ ਉਪਰ ਲੇਟ ਗਿਆ | ਜਦੋ ਸਰਬਜੀਤ ਸਟੋਰ ਤੋਂ ਵਾਪਸ ਆਈ ਤਾਂ ਉਹ ਘੂਕ ਸੁੱਤਾ ਪਿਆ ਸੀ | ਉਸ ਨੇ ਰਾਤ ਦਾ ਖਾਣਾ ਤਿਆਰ ਕਰਕੇ ਬੌਬੀ ਨੂੰ ਜਗਾਇਆ ਤੇ ਰੋਟੀ ਖਾਣ ਲਈ ਕਿਹਾ ਵੀ ਪਰ ਉਸ ਨੇ ਬਿਨਾਂ ਰਜਾਈ ਵਿਚੋਂ ਮੂੰਹ ਬਾਹਰ ਕੱਢਿਆਂ ਕਹਿ ਦਿੱਤਾ, 'ਮੈਂ ਖਾ ਲਈ ਸੀ' | ਮਾਂ ਨੇ ਉਸ ਨੂੰ ਬਿਸਤਰੇ ਵਿਚ ਪਿਆ ਰਹਿਣ ਦਿੱਤਾ | ਉਹ ਆਪ ਵੀ ਮਾਨਸਿਕ ਤੇ ਸਰੀਰਕ ਤੌਰ 'ਤੇ ਥਕੇਵੇਂ ਨਾਲ ਚੂਰ ਚੂਰ ਹੋਈ ਪਈ ਸੀ | ਅੱਜ ਹੈਰੀ ਆਇਆ ਨਹੀਂ ਸੀ ਤੇ ਸ਼ਨਿੱਚਰਵਾਰ ਹੋਣ ਕਰਕੇ ਕੰਮ ਦਾ ਬਹੁਤਾ ਬੋਝ ਵੀ ਉਸ ਉਪਰ ਹੀ ਰਿਹਾ ਸੀ | ਸਵੇਰੇ ਸਟੋਰ ਨੂੰ ਜਾਂਦੀ ਹੋਈ ਉਹ ਸੁਖਦੇਵ ਤੇ ਦਰਸ਼ਨਾ ਨੂੰ ਮਿਲ ਕੇ ਗਈ ਸੀ ਅਤੇ ਉਹਨਾਂ ਨੇ ਉਸ ਨੂੰ ਕਹਿ ਦਿੱਤਾ ਸੀ, 'ਜੇ ਹੈਰੀ ਕੰਮ ਛੱਡ ਕੇ ਜਾਂਦਾ ਹੈ ਤਾਂ ਚਲਾ ਜਾਵੇ ਪਰ ਉਸ ਦੀ ਸਟੋਰ ਵਿਚ ਹਿੱਸੇਦਾਰੀ ਪਵਾਉਣ ਬਾਰੇ ਸੋਚਣਾ ਵੀ ਨਹੀਂ |' ਸੁਖਦੇਵ ਨੇ ਉਸ ਨੂੰ ਸਮਝਾਇਆ ਸੀ, "ਸਰਬੀ, ਤੂੰ ਇਹ ਨਾ ਸੋਚੀਂ ਕਿ ਹੈਰੀ ਤੋਂ ਬਿਨਾਂ ਸਟੋਰ ਚਲਣਾ ਨਹੀਂ | ਜਿੰਨੀ ਤਨਖਾਹ ਉਸ ਨੂੰ ਮਿਲਦੀ ਹੈ, ਉਨੀ ਨਾਲ ਤਾਂ ਉਸ ਨਾਲੋਂ ਵੀ ਵਧੀਆ ਕਰਿੰਦਾ ਮਿਲ ਸਕਦਾ ਹੈ | ਫਰਨੀਚਰ ਦੀ ਜਾਣਕਾਰੀ ਰੱਖਣ ਵਾਲਾ ਕੋਈ ਕਰਮਚਾਰੀ ਮੈਂ ਭਾਲ ਲਵਾਂਗਾ | ਮੈਨੂੰ ਉਸ ਦੇ ਦਿਲ ਵਿਚ ਖੋਟ ਆ ਗਿਆ ਜਾਪਦਾ ਹੈ | ਹੁਣ ਉਹ ਸਟੋਰ ਵਿਚ ਹਿੱਸੇਦਾਰੀ ਪਵਾਉਣ ਨੂੰ ਕਹਿੰਦਾ ਹੈ, ਕੱਲ੍ਹ ਕਲੋਤਰ ਨੂੰ ਸਾਰੇ ਸਟੋਰ ਉਪਰ ਹੀ ਕਬਜ਼ਾ ਕਰਕੇ ਬੈਠ ਜਾਵੇਗਾ | ਉਸ ਦੀ ਨੀਤ ਨੂੰ ਸਮਝਣ ਦੀ ਲੋੜ ਹੈ |"
ਪਰ ਉਹ ਸੋਚਣ 'ਤੇ ਮਜਬੂਰ ਸੀ ਕਿ 'ਸਟੋਰ ਦਾ ਸਾਰਾ ਬੋਝ ਤਾਂ ਮੈਂ ਹੈਰੀ ਉੁਪਰ ਹੀ ਸੁਟ ਛੱਡਿਆ ਸੀ, ਹੁਣ ਉਸ ਤੋਂ ਬਿਨਾਂ ਮੈਂ ਸਟੋਰ ਨੂੰ ਕਿਵੇਂ ਸੰਭਾਲਾਂਗੀ? ਤੇ ਕੀ ਸੱਚ ਮੁੱਚ ਹੀ ਉਸ ਦੀ ਨੀਤ ਵਿਚ ਖੋਟ ਆ ਗਈ ਹੋਵੇਗੀ?' ਉਸ ਨੇ ਸਾਰੀ ਦਿਹਾੜੀ ਇਸ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਲੰਘਾਈ ਸੀ ਤੇ ਘਰ ਆ ਕੇ ਵੀ ਉਹ ਇਹੋ ਜਿਹੀਆਂ ਸੋਚਾਂ ਦੀ ਘੁਮਣ ਘੇਰੀ ਵਿਚ ਫਾਥੀ ਰਹੀ | ਸੋਚਾਂ ਸੋਚਦਿਆਂ ਹੀ ਉਹ ਰੋਟੀ ਖਾ ਕੇ ਆਪਣੇ ਬਿਸਤਰੇ ਵਿਚ ਲੇਟ ਗਈ ਪਰ ਪਿਛਲੀ ਰਾਤ ਵਾਂਗ ਬਹੁਤਾ ਚਿਰ ਉਸ ਨੂੰ ਪਲਸੇਟੇ ਮਾਰਦਿਆਂ ਨਹੀਂ ਲੰਘਾਉਣੇ ਪਏ | ਥਕੇਵੇਂ ਕਾਰਨ ਛੇਤੀ ਹੀ ਨੀਂਦ ਨੇ ਉਸ ਉਪਰ ਕਾਬੂ ਪਾ ਲਿਆ |
*************
ਇਕ ਦਿਨ ਸਮਾਜ ਵਿਗਿਆਨ ਦੇ ਅਧਿਆਪਕ, ਮਿਸਟਰ ਸਮਿੱਥ ਨੇ ਦਸਵੇਂ ਗ੍ਰੇਡ ਨੂੰ ਲਿਖਣ ਲਈ ਇਕ ਪਰਾਜੈਕਟ ਦਿੱਤਾ, 'ਕੈਨੇਡਾ ਬਹੁ-ਸਭਿਆਚਾਰੀ ਦੇਸ ਕਿਉਂ, ਕਿਵੇਂ ਤੇ ਕਦੋਂ ਬਣਿਆ'| ਪਰਾਜੈਕਟ ਦੀ ਰੂਪ ਰੇਖਾ ਦੱਸਣ ਮਗਰੋਂ ਉਸ ਨੇ ਕੈਨੇਡਾ ਦੇ ਬਹੁ-ਸਭਿਆਚਾਰੀ ਦੇਸ ਬਣਨ ਦੇ ਪਛੋਕੜ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ,
"ਸੰਨ 1450-1600 ਦੇ ਸਮੇਂ ਨੂੰ ਯੋਰਪ ਦਾ ਪੁਨਰ ਜਾਗ੍ਰਿਤੀ ਕਾਲ ਕਿਹਾ ਜਾਂਦਾ ਹੈ | ---ਇਸ ਸਮੇਂ ਵਿਚ ਯੌਰਪ ਨੇ ਹਰ ਪੱਖੋਂ ਬਹੁਤ ਤਰੱਕੀ ਕੀਤੀ | ਇਸ ਤਰੱਕੀ ਨੂੰ ਬਰਕਰਾਰ ਰੱਖਣ ਲਈ ਕੱਚੇ ਮਾਲ ਦੀ ਲੋੜ ਸੀ | ਕੱਚੇ ਮਾਲ ਦੀ ਭਾਲ ਲਈ ਯੋਰਪ ਦੇ ਜਹਾਜੀ ਯੋਧੇ ਵਿਸ਼ਾਲ ਸਾਗਰਾਂ ਦੀਆਂ ਹਿੱਕਾਂ ਚੀਰਦੇ ਅਗਾਂਹ ਹੀ ਅਗਾਂਹ ਠਿਲਦੇ ਗਏ | ਉਹਨਾਂ ਨੂੰ ਯੋਰਪੀਅਨ ਦੇਸਾਂ ਦੇ ਰਾਜੇ ਰਾਣੀਆਂ ਦੀ ਪੁਸ਼ਤ-ਪਨਾਹੀ ਹਾਸਲ ਸੀ | ਭਾਰਤ ਦੀ ਭਾਲ ਵਿਚ ਨਿਕਲੇ ਕੁਲੰਬਸ ਨੇ 'ਨਵੀਂ ਦੁਨੀਆਂ' ਐਮ੍ਰੀਕਾ ਨੂੰ ਭਾਲ ਲਿਆ | ---ਹੌਲ਼ੀ ਹੌਲ਼ੀ ਲੱਗ ਭੱਗ ਸਮੁੱਚਾ ਸੰਸਾਰ ਹੀ ਯੋਰਪੀਅਨ ਦੇਸਾਂ, ਖਾਸ ਕਰਕੇ ਬਰਤਾਨੀਆ, ਫਰਾਂਸ, ਪੁਰਤਗਾਲ ਤੇ ਸਪੇਨ, ਦੀਆਂ ਕਲੋਨੀਆਂ ਬਣ ਗਿਆ | ---ਕੈਨੇਡਾ ਵਿਚ ਕੁਦਰਤੀ ਖਜ਼ਾਨਿਆਂ ਦੀ ਬਹੁਤਾਤ ਸੀ ਪਰ ਇੱਥੋਂ ਦੇ ਮੂਲਵਾਸੀਆਂ ਨੂੰ, ਇੱਥੋਂ ਦੀਆਂ ਕੁਦਰਤੀ ਦਾਤਾਂ ਦਾ ਬਹੁਤਾ ਗਿਆਨ ਨਹੀਂ ਸੀ | ਉਹ ਅਸਭਿਅਕ ਅਤੇ ਗਰੀਬ ਸਨ | ---ਯੋਰਪੀਅਨਾਂ ਦੇ ਇੱਥੇ ਆਉਣ ਨਾਲ ਹੀ ਇਸ ਦੇਸ਼ ਦੀ ਖੁਸ਼ਹਾਲੀ ਦਾ ਦੌਰ ਅਰੰਭ ਹੋਇਆ | ---ਜੇ ਯੋਰਪੀਅਨ ਇੱਥੇ ਨਾ ਆਏ ਹੁੰਦੇ ਤਾਂ ਲੋਕਾਂ ਨੇ ਧਰਤੀ ਦੀਆਂ ਇਹਨਾਂ ਕੁਦਰਤੀ ਨਿਆਮਤਾਂ ਤੋਂ ਕੋਰੇ ਰਹਿਣਾ ਸੀ | ਅਤੇ ਦੇਸ ਗਰੀਬ ਹੀ ਰਹਿੰਦਾ |"
"ਇਸ ਇਤਹਾਸ ਬਾਰੇ ਤਾਂ ਸਾਨੂੰ ਬਹੁਤ ਵਾਰ ਪੜ੍ਹਾਇਆ ਗਿਆ ਹੈ | ਸਾਨੂੰ ਇਸ ਪਰਾਜੈਕਟ ਬਾਰੇ ਕੁਝ ਦੱਸੋ ਕਿ ਇਹ ਕਿਵੇਂ ਤਿਆਰ ਕਰਨਾ ਹੈ?" ਬੌਬੀ ਨੇ ਖੜ੍ਹਾ ਹੋ ਕੇ ਅਧਿਆਪਕ ਨੂੰ ਵਿਚੋਂ ਹੀ ਟੋਕ ਦਿੱਤਾ |
"ਕੈਨੇਡਾ ਦੇ ਬਹੁ-ਸਭਿਆਚਾਰੀ ਦੇਸ ਬਣਨ ਦੇ ਪਛੋਕੜ ਨੂੰ ਦੱਸਣ ਲਈ ਇਸ ਦੇ ਇਤਹਾਸ ਨੂੰ ਦੁਹਰਾਉਣਾ ਜਰੂਰੀ ਹੈ |" ਮਿ: ਸਮਿੱਥ ਨੇ ਮੱਥੇ ਉਪਰ ਤਿਉੜੀ ਅਤੇ ਬੁੱਲਾਂ 'ਤੇ ਮੁਸਕਾਨ ਲਿਆਉਂਦਿਆਂ ਆਖਿਆ |
ਬੌਬੀ ਦੇ ਇਤਰਾਜ ਦੀ ਪਰਵਾਹ ਨਾ ਕਰਦਿਆਂ ਉਸ ਨੇ ਕੈਨੇਡਾ ਦੇ ਯੋਰਪੀਅਨ ਦੇਸਾਂ ਦਾ ਮੂਲ ਵਾਸੀਆ ਨਾਲ ਵਪਾਰ ਕਰਨਾ, ਫਿਰ ਉਹਨਾਂ ਨਾਲ ਲੜਨ ਦੇ ਨਾਲ ਨਾਲ ਯੌਰਪੀਅਨ ਦੇਸਾਂ ਦਾ ਆਪੋ ਵਿਚ ਲੜਨਾ ਅਤੇ ਕੈਨੇਡਾ ਨੂੰ ਆਪਣੀਆਂ ਕਾਲੋਨੀਆਂ ਬਣਾ ਲੈਣ ਤੋਂ ਲੈ ਕੇ ਪਹਿਲੀ 1765 ਤੱਕ, ਜਦੋਂ ਕੈਨੇਡਾ ਇਕ ਰਾਜ ਦੇ ਰੂਪ ਵਿਚ ਸੰਗਠਤ ਹੋ ਗਿਆ ਸੀ, ਦੇ ਇਤਹਾਸ ਨੂੰ ਦੁਹਰਾਉਣਾ ਜਾਰੀ ਰੱਖਿਆ |
ਫਿਰ ਕੁਝ ਪਲ ਰੁਕ ਕੇ ਉਸ ਨੇ ਸੰਨ 1765 ਤੋਂ ਅਗਾਂਹ ਗੱਲ ਸ਼ੁਰੂ ਕੀਤੀ, "ਜਦੋਂ ਕੈਨੇਡਾ ਇਕ ਰਾਜ ਦੇ ਰੂਪ ਵਿਚ ਸੰਗਠਤ ਹੋ ਗਿਆ ਤਾਂ ਇਕ ਸਿਰੇ ਤੋਂ ਦੂਸਰੇ ਸਿਰੇ ਜਾਣ ਲਈ ਰੇਲ ਪਟੜੀ ਬਣਨ ਲੱਗੀ | ਪਟੜੀ ਵਿਛਾਉਣ ਅਤੇ ਕਾਰਖਾਨਿਆਂ ਲਈ ਮਜ਼ਦੂਰਾਂ ਦੀ ਲੋੜ ਸੀ | ਇੱਥੋਂ ਦੇ ਮੂਲਵਾਸੀ ਕੰਮਚੋਰ ਸਨ | ਉਹ ਤਾਂ ਵਿਹਲੇ ਰਹਿਣਾ ਹੀ ਗਿੱਝੇ ਹੋਏ ਸਨ ਤੇ ਵਿਹਲੇ ਨਸ਼ਿਆਂ ਵਿਚ ਟੁੱਨ ਰਹਿੰਦੇ | ਇਸ ਕਰਕੇ ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚੋਂ, ਖਾਸ ਕਰਕੇ ਜਿੱਥੇ ਬਰਤਾਨੀਆ ਦਾ ਰਾਜ ਸੀ, ਮਜ਼ਦੂਰ ਮਜ਼ਦੂਰੀ ਕਰਨ ਲਈ ਇੱਥੇ ਆਉਣ ਲੱਗੇ | ਮਜ਼ਦੂਰੀ ਕਰਨ ਆਏ ਉਹ ਇੱਥੋਂ ਦੇ ਹੀ ਵਸਨੀਕ ਬਣ ਗਏ | ਇਨ੍ਹਾਂ ਮਜ਼ਦੂਰ ਪਰਵਾਸੀਆਂ ਨੇ ਆਪੋ ਆਪਣੇ ਧਰਮ ਤੇ ਸਭਿਆਚਾਰ ਨੂੰ ਵੀ ਆਪਣੇ ਗਲ਼ੇ ਨਾਲ ਲਾਈ ਰੱਖਿਆ | ਇੱਥੇ ਦੀ ਸਰਕਾਰ ਬਹੁਤ ਸਹਿਣਸ਼ੀਲ ਸੀ | ਸਰਕਾਰ ਨੇ ਇਨ੍ਹਾਂ ਪਰਵਾਸੀਆਂ ਨੂੰ ਆਪਣੇ ਧਰਮ ਤੇ ਸਭਿਆਚਾਰ ਅਨੁਸਾਰ ਵਿਚਰਨ ਦੀ ਖੁੱਲ੍ਹ ਦਿੱਤੀ ਹੋਈ ਸੀ | ਭਾਵੇਂ ਕਿ ਉਹਨਾਂ ਕੋਲ ਬਹੁਤ ਸਾਰੇ ਅਧਿਕਾਰ ਪਹਿਲਾਂ ਵੀ ਸਨ ਪਰ ਫਿਰ ਵੀ ਪਰੀਮਅਰ ਮਿ: ਟਰੂਡੋ ਨੇ ਸਵਿਧਾਨ ਵਿਚ ਸੋਧ ਕਰਾ ਕੇ ਕੈਨੇਡਾ ਨੂੰ ਬਹੁ-ਸਭਿਆਚਾਰੀ ਦੇਸ ਬਣਾ ਦਿੱਤਾ, ਜਿਸ ਨਾਲ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਮਿਲ ਗਏ | ਹੁਣ ਹਰ ਕੋਈ ਬਿਨਾਂ ਕਿਸੇ ਭਿੰਨ ਭੇਦ ਦੇ ਆਪਣੇ ਧਰਮ ਤੇ ਸਭਿਆਚਾਰ ਵਿਚ ਰਹਿ ਕੇ ਰਾਜ ਦੇ ਕਿਸੇ ਵੀ ਉੱਚੇ ਤੋਂ ਉੱਚੇ ਅਹੁਦੇ 'ਤੇ ਬਰਾਜਮਾਨ ਹੋ ਸਕਦਾ ਹੈ | ਇਕ ਗੱਲ ਹੋਰ ਦੱਸਣੋ ਰਹਿ ਗਈ ਸੀ, ਉਹ ਇਹ ਹੈ ਕਿ ਇਕ ਅਜੇਹਾ ਸਮਾਂ ਵੀ ਸੀ ਕਿ ਬਰਤਾਨੀਆ ਦਾ ਰਾਜ ਧਰਤੀ ਦੇ ਹਰ ਕੋਨੇ ਵਿਚ ਫੈਲ ਗਿਆ ਸੀ ਤੇ ਉਸ ਦੇ ਰਾਜ ਵਿਚ ਕਦੀ ਸੂਰਜ ਨਹੀਂ ਸੀ ਡੁਬਦਾ | ਦੂਸਰੀ ਸੰਸਾਰ ਜੰਗ ਮਗਰੋਂ ਬਰਤਾਨੀਆ ਨੇ ਉਹਨਾਂ ਮੁਲਕਾਂ ਨੂੰ ਅਜ਼ਾਦੀ ਦੇ ਕੇ ਹਕੂਮਤ ਦੀ ਵਾਗ ਡੋਰ ਉੱਥੋਂ ਦੇ ਲੀਡਰਾਂ ਹੱਥ ਫੜਾ ਦਿੱਤੀ ਸੀ ਪਰ ਉਹ ਜੰਗਾਂ ਯੁੱਧਾਂ ਤੇ ਘਰੇਲੂ ਸਮੱਸਿਆਵਾਂ ਵਿਚ ਫਸੇ ਹੋਏ, ਬਰਤਾਨਵੀ ਸਰਕਾਰ ਵਾਲੀਆਂ ਸੁਖ ਸਹੂਲਤਾਂ ਆਪਣੇ ਵਸਨੀਕਾਂ ਨੂੰ ਨਾ ਦੇ ਸਕੇ | ਉਹੋ ਜਿਹੀਆਂ ਸੁਖ ਸਹੂਲਤਾਂ ਦਾ ਸਵਾਦ ਮਾਣਨ ਲਈ ਉੱਥੋਂ ਦੇ ਨਾਗਰਿਕ ਅਜੇ ਵੀ ਇਧਰ ਨੂੰ ਪਰਵਾਸ ਕਰਨ ਲਈ ਉੁਤਾਵਲੇ ਹਨ ਤੇ ਸਰਕਾਰ ਨੇ ਕੁਝ ਸ਼ਰਤਾਂ ਤਹਿਤ ਉਹਨਾਂ ਨੂੰ ਇੱਥੇ ਆਉਣ ਦੀ ਖੁੱਲ੍ਹ ਦਿੱਤੀ ਹੋਈ ਹੈ |"
ਆਪਣੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦੇਣ ਮਗਰੋਂ ਉਸ ਨੇ ਉਹਨਾਂ ਨੂੰ ਸਾਈਕਲੋਸਟਾਈਲ ਕੀਤੇ ਕਾਗਜ਼ਾਂ ਦੀ ਇਕ ਇਕ ਫਾਈਲ ਦੇ ਕੇ ਕਿਹਾ, "ਇਸ ਫਾਈਲ ਵਿਚ ਇਕ ਸਵਾਲਨਾਮਾ, ਦੋ ਸੰਸਾਰ ਦੇ ਨਕਸ਼ੇ ਅਤੇ ਇਕ 'ਬਹੁ-ਸਭਿਆਚਾਰੀ ਦੇਸ ਕੈਨੇਡਾ' ਸਿਰਲੇਖ ਵਾਲਾ ਨਿਬੰਧ ਹੈ | ਇਸ ਨੂੰ ਪੜ੍ਹ ਕੇ ਇਨ੍ਹਾਂ ਸਵਾਲਾਂ ਦੇ ਉੱਤਰ ਦੇਣੇ ਹਨ ਅਤੇ ਇਸ ਪਰਾਜੈਕਟ ਨੂੰ ਦੋ ਹਫਤਿਆਂ ਵਿਚ ਮਕੱਮਲ ਕਰਕੇ ਲਿਆਉਣਾ ਹੈ |
ਘਰ ਆ ਕੇ ਬੌਬੀ, ਫਾਈਲ ਵਿਚਲਾ ਲੇਖ ਪੜ੍ਹਨ ਲੱਗ ਪਿਆ | ਪਹਿਲਾ ਵਰਕਾ ਪੜ੍ਹ ਕੇ ਹੀ ਉਸ ਦਾ ਮਨ ਉਚਾਟ ਹੋ ਗਿਆ ਤੇ ਉਹ ਪੜ੍ਹਨਾ ਛੱਡ, ਸਾਈਕਲ ਲੈ ਕੇ ਪਾਰਕ ਵੱਲ ਚਲਾ ਗਿਆ | ਜਦੋਂ ਉਹ ਵਾਪਸ ਮੁੜਿਆ ਤਾਂ ਉਸ ਦੀ ਮਾਂ ਵੀ ਸਟੋਰ ਤੋਂ ਘਰ ਆ ਗਈ ਸੀ | ਉਸ ਨੂੰ ਦੇਖਦਿਆਂ ਹੀ ਉਹ ਗੁੱਸੇ ਵਿਚ ਬੋਲੀ, "ਕਦੀ ਘਰ ਵੀ ਟਿਕ ਕੇ ਬੈਠ ਜਾਇਆ ਕਰ, ਸਕੂਲੋਂ ਆਉਂਦਾ ਹੀ ਬਾਹਰ ਨੂੰ ਨਿਕਲ ਜਾਨਾ ਏਂ | ਆਪਣਾ ਹੋਮ ਵਰਕ ਨਹੀਂ ਸੀ ਕਰਨਾ?"
"ਮੌਮ, ਮੈਂ ਹੋਮ ਵਰਕ ਕਰਦਾ ਸੀ | ਮਿ: ਸਮਿੱਥ ਨੇ ਇਕ ਪਰਾਜੈਕਟ ਦਿੱਤਾ, ਉਹ ਬਹੁਤ ਬੋਰਿੰਗ ਆ | ਅਹਿ ਫਾਈਲ ਪੜ੍ਹ ਕੇ ਤੂੰ ਮੇਰੀ ਹੈਲਪ ਕਰਨੀ ਆ |" ਬੌਬੀ ਨੇ ਮਾਂ ਨੂੰ ਸਵਾਲ ਪਾ ਦਿੱਤਾ |
"ਪਹਿਲਾਂ ਮਰਦੀ ਖਪਦੀ ਸਟੋਰ ਤੋਂ ਆਈ ਆਂ ਤੇ ਹੁਣ ਤੇਰੀ ਇਹ ਫਾਈਲ ਪੜ੍ਹਨ ਬੈਠ ਜਾਵਾਂ | ਮੈਨੂੰ ਨਹੀਂ ਅਰਾਮ ਦੀ ਲੋੜ?"
"ਪਲੀਜ਼, ਮੌਮ |"
"ਦੇਖ ਕਿਵੇਂ ਲਾਡੀਆਂ ਜਿਹੀਆਂ ਕਰਦਾ, ਮਤਲਬੀ ਕਿਸੇ ਥਾਂ ਦਾ | ਛੱਡ ਮੇਰੇ ਗਲ਼ ਨੂੰ, ਰਾਤ ਨੂੰ ਕਰਾ ਦਿਊਂ ਹੈਲਪ, ਹੁਣ ਰੋਟੀ ਟੁੱਕ ਦਾ ਆਹਰ ਕਰਾਂ |" ਇਹ ਕਹਿ ਕੇ ਉਹ ਰਸੋਈ ਵਿਚ ਚਲੀ ਗਈ |
ਰਾਤ ਦਾ ਖਾਣਾ ਖਾ ਕੇ ਉਹ ਮਿ: ਸਮਿੱਥ ਵਾਲੀ ਫਾਈਲ ਪੜ੍ਹਨ ਬੈਠ ਗਈ | ਜਿਵੇਂ ਜਿਵੇਂ ਉਹ ਪੜ੍ਹਦੀ ਜਾ ਰਹੀ ਸੀ ਉਸ ਦੇ ਮੱਥੇ ਉਪਰ ਤਿਉੜੀਆਂ ਉਭਰਦੀਆਂ ਆ ਰਹੀਆਂ ਸਨ | ਸਾਰੀ ਫਾਈਲ ਪੜ੍ਹ ਕੇ ਉਹ ਆਪਣੇ ਮਨ ਵਿਚ ਹੀ ਬੁੜਬੜਾਈ, 'ਕਿਵੇਂ ਇਤਿਹਾਸ ਨੂੰ ਤਰੋੜ ਮਰੋੜ ਕੇ ਲਿਖਿਆ ਹੈ! ਸਾਰੇ ਲੇਖ ਵਿਚ ਗੋਰਿਆਂ ਦੀ ਹੀ ਬੱਲੇ ਬੱਲੇ ਕਰਵਾਈ ਹੋਈ ਐ |' ਤੇ ਫਿਰ ਫਾਈਲ ਨੂੰ ਪਾਸੇ ਰੱਖ ਕੇ ਬੌਬੀ ਨੂੰ ਕਿਹਾ, "ਹਾਂ! ਪੁੱਛ, ਕੀ ਪੁੱਛਣਾ ਹੈ?"
"ਮੌਮ, ਕੀ ਮੂਲਵਾਸੀ ਪਹਿਲਾਂ ਤੋਂ ਹੀ ਕਮਚੋਰ, ਅਸੱਭਿਅਕ ਤੇ ਨਸ਼ੇੜੀ ਹਨ?" ਬੌਬੀ ਨੇ ਪੁੱਛਿਆ |
"ਨਾ ਹੀ ਮੂਲਵਾਸੀ ਕਮਚੋਰ ਤੇ ਨਸ਼ੇੜੀ ਸਨ ਅਤੇ ਨਾ ਹੀ ਅਸੱਭਿਅਕ | ਉਹਨਾਂ ਦਾ ਆਪਣਾ ਸਭਿਆਚਾਰ ਸੀ | ਹਰ ਸਮਾਜ ਦਾ ਆਪਣਾ ਸਭਿਆਚਾਰ ਹੁੰਦਾ ਹੈ | ---ਉਹ ਕਮਚੋਰ ਨਹੀਂ ਸਗੋਂ ਬੜੇ ਹੁਨਰਮੰਦ ਕਾਮੇ ਸਨ | ਤਾਂਹੀ ਤਾਂ ਪਹਿਲੀਆਂ ਵਿਚ ਗੋਰੇ ਵਪਾਰਕ ਕੰਪਨੀਆਂ ਰਾਹੀਂ ਉਹਨਾਂ ਨਾਲ ਵਪਾਰ ਕਰਦੇ ਰਹੇ ਸੀ | ---'ਨਾਲੇ ਕੁੱਟਿਆ, ਨਾਲੇ ਲੁੱਟਿਆ' ਦੀ ਅਖਾਉਤ ਵਾਂਗ ਗੋਰਿਆਂ ਨੇ ਬੜੀ ਚਤਰਾਈ ਨਾਲ ਮੂਲਵਾਸੀਆਂ ਦੇ ਸਭਿਆਚਾਰ, ਧਰਮ, ਬੋਲੀ ਤੇ ਕਿੱਤਿਆਂ ਨੂੰ ਤਬਾਹ ਕੀਤਾ | ---ਗੋਰਿਆਂ ਦੇ ਇਕ ਹੱਥ ਬਾਈਬਲ ਸੀ ਤੇ ਦੂਜੇ ਹੱਥ ਤਲਵਾਰ, ਜਿਸ ਨਾਲ ਉਹ ਹੌਲ਼ੀ ਹੌਲ਼ੀ ਸਾਰੇ ਦੇਸ 'ਤੇ ਕਾਬਜ਼ ਹੋ ਗਏ ਤੇ ਮੂਲਵਾਸੀਆਂ ਲਈ ਰਾਖਵੀਆਂ ਥਾਵਾਂ ਬਣਾ ਕੇ ਉਹਨਾਂ ਨੂੰ ਉਧਰ ਧੱਕ ਦਿੱਤਾ | ਉਹਨਾਂ ਨੂੰ ਨਸ਼ੇੜੀ ਬਣਾਉਣ ਵਾਲੇ ਵੀ ਇਹੀ ਲੋਕ ਹਨ | ਜਿਹੜੇ ਇਸ ਦੇਸ ਦੇ ਅਸਲ ਮਾਲਕ ਸੀ ਉਹ ਅੱਜ ਖੂੰਜੇ ਲੱਗੇ ਹੋਏ ਹਨ |" ਮਾਂ ਨੇ ਕੁਝ ਕੁ ਸ਼ਬਦਾਂ ਵਿਚ ਹੀ ਮੂਲਵਾਸੀਆਂ ਦਾ ਇਤਿਹਾਸ ਬਿਆਨ ਕਰ ਦਿੱਤਾ |
"ਮੌਮ, ਮੈਨੂੰ ਇਨ੍ਹਾ ਬਾਰੇ ਹੋਰ ਦੱਸ?" ਬੌਬੀ ਨੇ ਮੂਲਵਾਸੀਆਂ ਬਾਰੇ ਨਵੀਂ ਜਾਣਕਾਰੀ ਮਿਲ ਰਹੀ ਸੀ |
"ਹੁਣ ਤੂੰ ਸੌਂ ਜਾ | ਮੈਂ ਵੀ ਥੱਕੀ ਹੋਈ ਆਂ ਤੇ ਸਵੇਰੇ ਫੇਰ ਕੰਮ 'ਤੇ ਜਾਣਾ ਏ | ਇਹ ਪਰਾਜੈਕਟ ਪੂਰਾ ਕਰਨ ਲਈ ਤੇਰੇ ਕੋਲ ਦੋ ਵੀਕ ਹੈਨ, ਪਰਸੋਂ ਐਤਵਾਰ ਨੂੰ ਮੈਂ ਵਿਹਲੀ ਆਂ | ਜੋ ਪੁੱਛੇਂਗਾ ਸਭ ਦੱਸ ਦਿਆਂਗੀ, ਇਹ ਮੇਰਾ ਤੇਰੇ ਨਾਲ ਪਰਮਿਸ ਰਿਹਾ |" ਇਹ ਕਹਿ ਕੇ ਉਹ ਆਪਣੇ ਬੈਡਰੂਮ ਵਿਚ ਚਲੀ ਗਈ |
ਕੀਤੇ ਵਾਅਦੇ ਅਨੁਸਾਰ ਐਤਵਾਰ ਨੂੰ ਮਾਂ ਨੇ ਬੌਬੀ ਨੂੰ ਆਪਣੇ ਕੋਲ ਬਿਠਾ ਲਿਆ | ਉਹ ਸਵਾਲ ਪੁੱਛਦਾ ਰਿਹਾ ਤੇ ਮਾਂ ਵਿਸਥਾਰ ਨਾਲ ਉਸ ਨੂੰ ਉੱਤਰ ਦਿੰਦੀ ਰਹੀ | ਮਿ: ਸਮਿੱਥ ਦੇ ਨਿਬੰਧ ਵਿਚ ਜਿਹੜੀਆਂ ਗੱਲਾਂ ਨਹੀਂ ਲਿਖੀਆਂ ਸਨ, ਮਾਂ ਨੇ ਉਹਨਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ | ਅਖੀਰ ਵਿਚ ਖੁਸ਼ ਹੋ ਕੇ ਬੌਬੀ ਨੇ ਅੰਗ੍ਰੇਜ਼ੀ ਵਿਚ ਕਿਹਾ, "ਧਨਵਾਦ ਮਾਂ, ਅੱਜ ਮੈਂ ਤੇਰੇ ਕੋਲੋਂ ਬਹੁਤ ਕੁਝ ਨਵਾਂ ਸਿੱਖਿਆ ਹੈ |"
ਮਾਂ ਵੀ ਖੁਸ਼ ਸੀ ਕਿ ਉਸ ਨੇ ਕੈਨੇਡਾ ਦਾ ਸਹੀ ਇਤਿਹਾਸ ਦੱਸ ਕੇ ਬੌਬੀ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ | ਪਰ ਅਗਲੇ ਦਿਨ ਹੀ ਮਾਂ ਦੀ ਖੁਸ਼ੀ ਕਿਰਕਰੀ ਹੋ ਗਈ ਜਦੋਂ ਉਸ ਨੂੰ ਇਹ ਸੁਨੇਹਾ ਮਿਲਿਆ, 'ਬੌਬੀ ਨੂੰ ਪੁਲੀਸ ਫੜ ਕੇ ਲੈ ਗਈ ਹੈ |'
ਉਹ ਸਾਰੇ ਕੰਮ ਛੱਡ ਕੇ ਸਕੂਲ ਗਈ ਤੇ ਪ੍ਰਿੰਸੀਪਲ ਕੋਲੋਂ ਬੌਬੀ ਦੇ ਗ੍ਰਿਫਤਾਰ ਹੋਣ ਦਾ ਕਾਰਨ ਪੁੱਛਿਆ | ਪ੍ਰਿੰਸੀਪਲ ਨੇ ਉਸ ਨੂੰ ਅਰਾਮ ਨਾਲ ਕੁਰਸੀ ਉਪਰ ਬਿਠਾਇਆ ਤੇ ਤਹੱਮਲ ਨਾਲ ਬੋਲੀ, "ਮੈਡਮ ਸਿੱਧੂ, ਇਸ ਸਾਲ, ਸਕੂਲ ਵਿਚ ਇਹ ਤੁਹਾਡਾ ਚੌਥਾ ਗੇੜਾ ਹੈ | ਤਿੰਨ ਵਾਰ ਮੈਂ ਤੁਹਾਨੂੰ ਬੁਲਾਇਆ ਸੀ ਤੇ ਤਿੰਨ ਵਾਰੀਂ ਹੀ ਤੁਸੀਂ ਬੌਬੀ ਦੀਆਂ ਗਲਤੀਆਂ ਲਈ ਮੁਆਫੀ ਮੰਗੀ ਸੀ ਤੇ ਤੁਹਾਡੇ ਕਹਿਣ 'ਤੇ ਬੌਬੀ ਵੀ ਮੁਆਫੀ ਮੰਗ ਲੈਂਦਾ ਸੀ ਪਰ ਉਹ ਸੁਧਰਿਆ ਨਹੀਂ | ਉਹ ਸਾਡੇ ਸਕੂਲ ਲਈ ਇਕ ਸਮੱਸਿਆ ਬਣਿਆ ਹੋਇਆ ਹੈ |"
"ਮੈਨੂੰ ਮੁਆਫ ਕਰਨਾ, ਮੈਡਮ ਪ੍ਰਿੰਸੀਪਲ, ਤਿੰਨੋ ਵਾਰ ਪਹਿਲਾ ਕਸੂਰ ਉਹਨਾਂ ਮੁੰਡਿਆਂ ਦਾ ਹੀ ਨਿਕਲਦਾ ਰਿਹਾ ਹੈ ਜਿਨ੍ਹਾਂ ਨਾਲ ਉਸ ਦਾ ਲੜਾਈ ਝਗੜਾ ਹੁੰਦਾ ਸੀ | ਮੈਂ ਫਿਰ ਵੀ ਉਸ ਕੋਲੋਂ ਮੁਆਫੀ ਮੰਗਵਾਈ ਹੈ | ਪਰ ਅੱਜ ਕਿਸ ਕਸੂਰ ਬਦਲੇ ਉਸ ਨੂੰ ਪੁਲੀਸ ਕੋਲ ਫੜਵਾ ਦਿੱਤਾ?" ਸਰਬਜੀਤ ਸ਼ਾਂਤ ਚਿੱਤ ਰਹਿ ਕੇ ਬੋਲੀ |
"ਉਸ ਨੇ ਤਾਂ ਇੱਥੇ, ਮੁੰਡਿਆਂ ਦੀ ਇਕ ਆਪਣੀ ਜੁੰਡਲੀ ਬਣਾਈ ਹੋਈ ਹੈ | ਉਹਨਾਂ ਨੂੰ ਨਾਲ ਲੈ ਕੇ ਉਹ ਨਿੱਤ ਦਿਹਾੜੇ ਕੋਈ ਨਾ ਕੋਈ ਖਰੂਦ ਕਰਦਾ ਰਹਿੰਦਾ ਹੈ | ਅੱਜ ਉਸ ਨੇ ਫਿਰ ਸਕੂਲ ਦੇ ਮੁੰਡਿਆਂ ਨਾਲ ਲੜਾਈ ਕੀਤੀ ਹੈ, ਇਕ ਮੁੰਡਾ ਤਾਂ ਸੱਟ ਲੱਗਣ ਕਾਰਨ ਬੇਹੋਸ਼ ਹੀ ਹੋ ਗਿਆ ਸੀ |"
"ਲੜਾਈ ਝਗੜੇ ਦਾ ਕਾਰਨ ਤਾਂ ਕੋਈ ਹੋਇਆ ਹੀ ਹੋਵੇਗਾ?"
"ਕਾਰਨ ਦਾ ਤਾਂ ਪੁਲੀਸ ਨੂੰ ਹੀ ਪਤਾ ਹੋਵੇਗਾ ਪਰ ਮੈਨੂੰ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਉਸ ਦੇ ਸਕੂਲ ਆਉਣ 'ਤੇ ਇਕ ਹਫਤੇ ਲਈ ਬੰਦਸ਼ ਹੈ | ਹੁਣ ਤੁਸੀਂ ਪੁਲੀਸ ਨਾਲ ਸੰਪਰਕ ਕਰ ਸਕਦੇ ਹੋ |" ਇਹ ਕਹਿ ਕੇ ਪ੍ਰਿੰਸੀਪਲ ਨੇ ਉਸ ਨਾਲ ਹੱਥ ਮਿਲਾਇਆ | ਉਸ ਦੇ ਬੋਲਾਂ ਵਿਚ ਉੱਥੋਂ ਚਲੇ ਜਾਣ ਦਾ ਸੰਕੇਤ ਸੀ |
ਗੁੱਸੇ ਤੇ ਫਿਕਰ ਵਿਚ ਭਰੀ ਪੀਤੀ ਸਰਬਜੀਤ ਸਕੂਲੋਂ ਬਾਹਰ ਆ ਗਈ | ਉਸ ਨੂੰ ਪ੍ਰਿੰਸੀਪਲ ਦੇ ਅਸਹਿਯੋਗੀ ਵਤੀਰੇ ਨੇ ਬਹੁਤ ਪ੍ਰੇਸ਼ਾਨ ਕੀਤਾ ਪਰ ਉਸ ਕੋਲ ਸਮਾਂ ਹੀ ਨਹੀਂ ਸੀ ਕਿ ਉਹ ਪ੍ਰਿੰਸੀਪਲ ਦੇ ਅੱਖੜ ਵਤੀਰੇ ਬਾਰੇ ਹੀ ਸੋਚੀ ਜਾਵੇ, ਉਹ ਤਾਂ ਬੌਬੀ ਬਾਰੇ ਸੋਚ ਰਹੀ ਸੀ ਕਿ ਉਸ ਦਾ ਕੀ ਹਾਲ ਹੋਵੇਗਾ ਅਤੇ ਉਸ ਨੂੰ ਪੁਲੀਸ ਕੋਲੋਂ ਕਿਵੇਂ ਛਡਵਾਉਣਾ ਹੈ | ਆਪਣੇ ਫਰਨੀਚਰ ਸਟੋਰ 'ਤੇ ਆ ਕੇ ਉਸ ਨੇ ਦਰਸ਼ਨਾ ਦੇ ਸਕੂਲ ਵਿਚ ਫੋਨ ਕੀਤਾ, "ਦੀਦੀ, ਬੌਬੀ ਨੂੰ ਪੁਲਿਸ ਫੜ ਕੇ ਲੈ ਗਈ ਏ | ਤੁਸੀਂ ਛੇਤੀ ਘਰ ਆ ਜਾਵੋ ਤੇ ਭਾਅ ਜੀ ਨੂੰ ਵੀ ਬੁਲਾ ਲਵੋ |"
"ਪੁਲਿਸ ਉਸ ਨੂੰ ਕਿਹੜੇ ਕਸੂਰ ਵਿਚ ਫੜ ਕੈ ਲੈ ਗਈ?" ਦਰਸ਼ਨਾ ਨੇ ਜਾਣਨਾ ਚਾਹਿਆ |
"ਉਸ ਦਾ ਸਕੂਲ ਦੇ ਮੁੰਡਿਆਂ ਨਾਲ ਕਿਸੇ ਗੱਲੋਂ ਲੜਾਈ ਝਗੜਾ ਹੋ ਗਿਆ ਸੀ | ਮੈਂ ਸਕੂਲ ਪਤਾ ਕਰਨ ਗਈ ਸੀ ਪਰ ਪ੍ਰਿੰਸੀਪਲ ਨੇ ਮੇਰੇ ਨਾਲ ਕੋਈ ਚੰਗਾ ਵਿਵਹਾਰ ਨਹੀਂ ਕੀਤਾ |" ਸਰਬਜੀਤ ਨੇ ਰੋਂਦੇ ਹੋਏ ਦੱਸਿਆ |
"ਤੂੰ ਰੋ ਨਾ, ਹੌਸਲਾ ਰੱਖ, ਮੈਂ ਪੰਦਰਾਂ ਮਿੰਟਾਂ ਵਿਚ ਆ ਰਹੀ ਹਾਂ |" ਦਰਸ਼ਨਾ ਨੇ ਇੰਨਾ ਆਖ ਫੋਨ ਬੰਦ ਕਰ ਦਿੱਤਾ |
ਸਰਬਜੀਤ ਨੇ ਚੋਂਗੇ ਨੂੰ ਕਰੈਡਲ 'ਤੇ ਰੱਖ ਕੇ ਨਿੰਦਰ ਨੂੰ ਅਵਾਜ਼ ਮਾਰ ਕੇ ਕਿਹਾ, "ਨਿੰਦਰ, ਮੈਂ ਘਰ ਨੂੰ ਜਾ ਰਹੀ ਹਾਂ, ਮੇਰੇ ਕੋਲੋਂ ਸ਼ਾਇਦ ਫੇਰ ਵਾਪਸ ਨਾ ਮੁੜਿਆ ਜਾਵੇ | ਤੂੰ ਸਮੇਂ ਸਿਰ ਸਟੋਰ ਬੰਦ ਕਰਕੇ ਚਲਿਆ ਜਾਈਂ |"
"ਓ।ਕੇ। ਮੈਡਮ |" ਹੈਰੀ ਦੇ ਕੰਮ ਛੱਡ ਕੇ ਚਲੇ ਜਾਣ ਮਗਰੋਂ ਨਿੰਦਰ ਨੇ ਹੈਰੀ ਵਾਲੇ ਕੰਮ ਸੰਭਾਲ ਲਏ ਸਨ |
ਸਰਬਜੀਤ ਦੇ ਘਰ ਪਹੁੰਚਣ ਤੋਂ ਕੋਈ ਅੱਧਾ ਘੰਟਾ ਮਗਰੋਂ ਦਰਸ਼ਨਾ ਉਸ ਦੇ ਘਰ ਦੀਆਂ ਪੌੜੀਆਂ ਚੜ੍ਹੀ | ਸਰਬਜੀਤ ਭੱਜ ਕੇ ਉਸ ਦੇ ਗਲ਼ ਨੂੰ ਚੁੰਬੜ ਗਈ ਤੇ ਧਾਹਾਂ ਮਾਰਦੀ ਹੋਈ ਬੋਲੀ, "ਕੀ ਕਰਾਂ ਮੈਂ ਇਸ ਮੁੰਡੇ ਦਾ, ਦੀਦੀ! ਇਸ ਨੇ ਇਹ ਦਿਨ ਵੀ ਦਿਖਾਉਣਾ ਸੀ!"
"ਤੂੰ ਐਵੇਂ ਫਿਕਰ ਨਾ ਕਰ | ਚੱਲ ਕੇ ਪਤਾ ਕਰਦੇ ਆਂ |" ਦਰਸ਼ਨਾ ਦੇ ਪਿੱਛੇ ਪੌੜੀਆਂ ਚੜ੍ਹਦੇ ਸੁਖਦੇਵ ਨੇ ਕਿਹਾ |
"ਉਹ ਤਾਂ ਆਏ ਦਿਨ ਕੋਈ ਨਾ ਕੋਈ ਟੈਂਟਾ ਖੜ੍ਹਾ ਕਰੀ ਰਖਦਾ | ਮੈਂ ਕੰਮ ਸੰਭਾਲਾਂ ਕਿ ਉਸ ਦੇ ਮਗਰ ਮਗਰ ਤੁਰੀ ਫਿਰਾਂ!" ਦੁਖੀ ਹੋਈ ਸਰਬਜੀਤ ਨੇ ਕਿਹਾ |
"ਉਹ ਬਿਨਾਂ ਕਾਰਨ ਨਹੀਂ ਲੜਦਾ | ਜਰੂਰ ਪਹਿਲਾਂ ਕਿਸੇ ਵੱਲੋਂ ਸ਼ਰਾਰਤ ਹੋਈ ਹੋਵੇਗੀ |" ਸੁਖਦੇਵ ਨੇ ਬੌਬੀ ਦਾ ਪੱਖ ਲੈਂਦਿਆਂ ਕਿਹਾ |
"ਇਹ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ, ਪਹਿਲਾਂ ਉਸ ਦੇ ਛਡਵਾਉਣ ਦਾ ਫਿਕਰ ਕਰੋ |" ਦਰਸ਼ਨਾ ਸੁਖਦੇਵ ਵੱਲ ਘੂਰੀ ਵਟਦਿਆਂ ਬੋਲੀ |
"ਕੀ ਕੋਈੇ ਵਕੀਲ ਵੀ ਕਰਨਾ ਪਵੇਗਾ?" ਸਰਬਜੀਤ ਨੇ ਅੱਖਾਂ ਪੂੰਝਦਿਆਂ ਕਿਹਾ |
"ਪਹਿਲਾਂ ਪੁਲੀਸ ਸਟੇਸ਼ਨ ਚਲਦੇ ਹਾਂ | ਉੱਥੇ ਜਾ ਕੇ ਹੀ ਅਸਲੀ ਕੇਸ ਦਾ ਪਤਾ ਲਗਣੈ |" ਇਹ ਕਹਿ ਕੇ ਸੁਖਦੇਵ ਪੌੜੀਆਂ ਉਤਰ ਗਿਆ, ਦਰਸ਼ਨਾ ਤੇ ਸਰਬਜੀਤ ਵੀ ਉਸ ਦੇ ਮਗਰ ਆ ਗਈਆਂ | ਘਰੋਂ ਉਹ ਸਿੱਧੇ ਪੁਲੀਸ ਸਟੇਸ਼ਨ ਗਏ | ਪੁਲੀਸ ਵੱਲੋਂ ਬੌਬੀ ਦੀ ਪੁੱਛ ਗਿੱਛ ਪੂਰੀ ਹੋ ਗਈ ਸੀ | ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਉਹ ਉਸ ਨੂੰ ਘਰ ਲੈ ਆਏ |
"ਇਹਨਾਂ ਮੁੰਡਿਆਂ ਨਾਲ ਤੂੰ ਕਿਉਂ ਲੜਿਆ ਸੀ?" ਸੁਖਦੇਵ ਨੇ ਘਰ ਆ ਕੇ ਬੌਬੀ ਨੂੰ ਪੁੱਛਿਆ |
"ਮੈਂ ਨਹੀਂ ਲੜਿਆ | ਉਹ ਲੜੇ ਸੀ ਮੇਰੇ ਨਾਲ |"
"ਮੈਂ ਨਹੀਂ ਲੜਿਆ, ਉਹ ਲੜੇ ਸੀ, ਇਹ ਕੀ ਗੱਲ ਬਣੀ? ਕਿਉਂ ਲੜੇ ਸੀ ਉਹ?" ਸੁਖਦੇਵ ਨੇ ਬੌਬੀ ਦੀ ਸਾਂਗ ਲਾਉਂਦਿਆਂ ਕਿਹਾ |
"ਜਦੋਂ ਦਾ ਮਿ। ਸਮਿੱਥ ਨੇ ਸਾਨੂੰ ਪਰੋਜੈਕਟ ਦਿੱਤਾ ਹੈ ਉਸ ਦਿਨ ਤੋਂ ਹੀ ਕੁਝ ਮੁੰਡੇ ਸਾਨੂੰ ਟੀਜ਼ ਕਰਦੇ ਸਨ | ਅੱਜ ਲੰਚ ਬ੍ਰੇਕ ਵੇਲੇ ਮੈਂ ਗਰਾਊਂਡ ਵਿਚ ਖੜ੍ਹਾ ਦੀਪ ਨੂੰ ਉਡੀਕ ਰਿਹਾ ਸੀ, ਤਿੰਨ ਕਲਾਸਮੇਟ ਮੇਰੇ ਕੋਲ ਆ ਗਏ ਤੇ ਲਾਰੰਸ ਨੇ ਮੈਨੂੰ ਟੀਜ਼ ਕਰਦਿਆਂ ਕਿਹਾ, 'ਤੁਸੀਂ ਸਾਡੇ ਗ਼ੁਲਾਮ ਰਹੇ ਹੋ | ਅਸੀਂ ਤੁਹਾਡੇ ਦੇਸ ਉਪਰ ਦੋ ਸੌ ਸਾਲ ਰਾਜ ਕੀਤਾ ਹੈ|'
ਦੂਜਾ ਮੁੰਡਾ ਕਹਿਣ ਲੱਗਾ, 'ਅਸੀਂ ਇਨ੍ਹਾਂ ਨੂੰ ਅਜਾਦ ਕਰ ਆਏ ਸੀ ਪਰ ਇਹ ਗ਼ੁਲਾਮ ਰਹਿਣਾ ਪਸੰਦ ਕਰਦੇ ਹਨ ਤੇ ਇਨ੍ਹਾਂ ਨੂੰ ਗ਼ੁਲਾਮੀ ਵਿਚੋਂ ਹੀ ਸਵਾਦ ਮਿਲਦਾ ਹੈ, ਤਾਂਹੀ ਸਾਡੇ ਮਗਰੇ ਮਗਰ ਏਥੇ ਭੱਜੇ ਆਏ ਹਨ |'
ਮੈਂ ਉਸ ਕੋਲੋਂ ਪੁੱਛ ਲਿਆ, 'ਤੇਰਾ ਵੱਡ ਵਡੇਰਾ ਕੈਨੇਡਾ ਵਿਚ ਕਦੋਂ ਆਇਆ ਸੀ?'
ਉਸ ਕਿਹਾ, 'ਪਹਿਲੀ ਸੰਸਾਰ ਜੰਗ ਤੋਂ ਮਗਰੋਂ 1925 ਵਿਚ ਮੇਰਾ ਦਾਦਾ ਇੱਥੇ ਆਇਆ ਸੀ |'
ਮੈਂ ਕਿਹਾ, 'ਮੇਰਾ ਪੜਦਾਦਾ 1905 ਵਿਚ ਇੱਥੇ ਆਇਆ ਸੀ ਤੇਰੇ ਦਾਦੇ ਤੋਂ ਵੀਹ ਸਾਲ ਪਹਿਲਾਂ | ਫਿਰ ਤੂੰ ਕਿਵੇਂ ਕਹਿ ਦਿੱਤਾ ਕਿ ਅਸੀਂ ਤੁਹਾਡੇ ਮਗਰ ਮਗਰ ਭੱਜੇ ਆਏ ਹਾਂ?'
ਉਸ ਮੁੰਡੇ ਦੀ ਥਾਂ ਲਾਰੰਸ ਬੋਲ ਪਿਆ, 'ਇਹ ਸਾਡਾ ਦੇਸ ਹੈ ਅਸੀਂ ਇੱਥੇ ਜਦੋਂ ਮਰਜੀ ਆ ਜਾ ਸਕਦੇ ਹਾਂ ਪਰ ਤੁਸੀਂ ਤਾਂ ਸਾਡੇ ਗ਼ੁਲਾਮ ਸੀ | ਕੀ ਨਹੀਂ ਸੀ?"
ਉਹ ਇਸ ਤਰ੍ਹਾਂ ਕਹਿ ਰਿਹਾ ਸੀ ਜਿਵੇਂ ਇੰਗਲੈਂਡ ਦੀ ਰਾਣੀ ਦਾ ਮੁੰਡਾ ਹੋਵੇ | ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਆਪਣੇ ਗੁੱਸੇ ਉਪਰ ਕਾਬੂ ਪਾ ਕੇ, ਜਿਵੇਂ ਮੈਨੂੰ ਮੌਮ ਨੇ ਦੱਸਿਆ, ਕਿਹਾ, 'ਨਾ ਅਸੀਂ ਕਿਸੇ ਦੇ ਗ਼ੁਲਾਮ ਸੀ, ਨਾ ਹੁਣ ਹਾਂ ਤੇ ਨਾ ਹੀ ਅਸੀਂ ਕਿਸੇ ਦੇ ਗ਼ੁਲਾਮ ਬਣ ਕੇ ਰਹਿਣਾ ਹੈ | ਤੁਸੀਂ ਧੋਖੇ ਤੇ ਮੱਕਾਰੀ ਨਾਲ ਭਾਰਤ 'ਤੇ ਕਬਜ਼ਾ ਕੀਤਾ ਸੀ ਤੇ ਇਸ ਦੇਸ਼ ਨੂੰ ਵੀ ਧੋਖੇ ਨਾਲ ਹੀ ਹੱਥਿਆਇਆ ਹੈ | ਤੁਸੀਂ ਧੋਖੇਬਾਜ ਹੋ |' ਮੈਂ ਜਦੋਂ ਧੋਖੇਬਾਜ ਕਿਹਾ ਤਾਂ ਲਾਰੰਸ ਨੇ ਮੇਰੇ ਮੂੰਹ 'ਤੇ ਮੁੱਕਾ ਮਾਰਿਆ, ਮੇਰੇ ਨੱਕ ਵਿਚੋਂ ਥੋੜਾ ਜਿਹਾ ਲਹੂ ਵੀ ਨਿਕਲ ਆਇਆ | ਮੈਨੂੰ ਬਹੁਤ ਗੁੱਸਾ ਆ ਗਿਆ, ਮੈਂ ਵੀ ਮੁੜ ਕੇ ਉਸ ਦੇ ਚੱਡਿਆਂ 'ਚ ਲੱਤ ਮਾਰੀ ਤੇ ਉਹ ਘੁਮਾਟਨੀ ਖਾ ਕੇ ਧਰਤੀ 'ਤੇ ਡਿਗ ਪਿਆ | ਜਦੋਂ ਦੂਜਾ ਮੁੰਡਾ ਮੈਨੂੰ ਮਾਰਨ ਆਇਆ ਤਾਂ ਮੈਂ ਉਸ ਦੇ ਵੀ ਇਕ ਘਸੁੱਨ ਜੜ ਦਿੱਤਾ | ਤੀਜੇ ਮੁੰਡੇ ਨੇ 'ਲਾਰੰਸ ਮਾਰਤਾ' 'ਲਾਰੰਸ ਮਾਰਤਾ' ਦਾ ਰੌਲਾ ਪਾ ਦਿੱਤਾ | ਲੱਤ ਵੱਜਣ ਨਾਲ ਲਾਰੰਸ ਬੇਹੋਸ਼ ਹੋ ਗਿਆ ਸੀ ਪਰ ਛੇਤੀ ਹੀ ਉਸ ਨੂੰ ਹੋਸ਼ ਆ ਗਈ | ਪ੍ਰਿੰਸੀਪਲ ਨੇ ਜਾਣ ਬੁੱਝ ਕੇ ਪੁਲੀਸ ਸੱਦ ਕੇ ਮੈਨੂੰ ਫੜਵਾਇਆ ਹੈ | ਉਹਨਾਂ ਬਾਰੇ ਉਸ ਨੇ ਪਲੀਸ ਨੂੰ ਕੁੱਝ ਵੀ ਨਹੀਂ ਦੱਸਿਆ | " ਬੌਬੀ ਨੇ ਹੋਈ ਬੀਤੀ ਸੁਣਾ ਦਿੱਤੀ |
"ਹੁਣ ਤੂੰ ਪੁਲੀਸ ਦੀਆਂ ਨਜ਼ਰਾਂ ਵਿਚ ਆ ਗਿਆ ਐਂ, ਅਗਾਂਹ ਤੋਂ ਚੁਕੱਨਾ ਰਹੀਂ | ਮੇਰੇ ਕੰਨੀਂ ਕਨਸੋਆਂ ਪੈਂਦੀਆਂ ਰਹਿੰਦੀਆਂ ਨੇ ਕਿ ਤੇਰੀ ਭੈੜੇ ਮੁੰਡਿਆਂ ਨਾਲ ਦੋਸਤੀ ਐ | ਉਹਨਾਂ ਦਾ ਖਹਿੜਾ ਛੱਡ |" ਸੁਖਦੇਵ ਨੇ ਤਾੜਨਾ ਕੀਤੀ |
"ਮੇਰੀ ਕਿਸੇ ਭੈੜੇ ਮੁੰਡੇ ਨਾਲ ਦੋਸਤੀ ਨਹੀਂ |" ਬੌਬੀ ਨੇ ਝੱਟ ਕਹਿ ਦਿੱਤਾ |
"ਹੁਣ ਅਸੀਂ ਚਲਦੇ ਹਾਂ | ਘਰੇ ਪੰਮ ਤੇ ਕਿੰਦ ਉਡੀਕ ਰਹੇ ਹੋਣਗੇ |" ਦਰਸ਼ਨਾ ਸੋਫੇ ਤੋਂ ਉਠਦੀ ਹੋਈ ਬੋਲੀ |
ਸੁਖਦੇਵ ਵੀ ਸੋਫੇ ਤੋਂ ਉਠਦਾ ਹੋਇਆ ਬੌਬੀ ਨੂੰ ਸੰਬੋਧਨ ਹੋਇਆ, "ਬੌਬੀ, ਜਿੰਨੇ ਦਿਨ ਤੂੰ ਸਕੂਲ ਨਹੀਂ ਜਾਣਾ ਉਂਨੇ ਦਿਨ ਆਪਣੀ ਮਾਂ ਨਾਲ ਸਟੋਰ ਉਪਰ ਜਾਇਆ ਕਰੀਂ |"
"ਓ।ਕੇ।|" ਉਸ ਨੇ ਝੱਟ ਮਾਂ ਨਾਲ ਫਰਨੀਚਰ ਸਟੋਰ 'ਤੇ ਜਾਣ ਦੀ ਹਾਮ੍ਹੀ ਭਰ ਦਿੱਤੀ | ਪਰ ਜਿਉਂ ਹੀ ਸੁਖਦੇਵ ਤੇ ਦਰਸ਼ਨਾ ਆਪਣੇ ਘਰ ਜਾਣ ਲਈ ਪੌੜੀਆਂ ਉਤਰੇ ਤੇ ਸਰਬਜੀਤ ਵੀ ਉਹਨਾਂ ਨੂੰ ਤੋਰਨ ਲਈ ਨਾਲ ਹੀ ਥੱਲੇ ਉਤਰ ਗਈ ਤਾਂ ਬੌਬੀ ਝੱਟ ਫੋਨ ਦੇ ਦੁਆਲੇ ਹੋ ਗਿਆ |
ਅਗਲੇ ਦਿਨ ਜਦੋਂ ਮਾਂ ਨੇ ਬੌਬੀ ਨੂੰ ਫਰਨੀਚਰ ਸਟੋਰ 'ਤੇ ਚੱਲਣ ਲਈ ਕਿਹਾ ਤਾਂ ਉਹ ਚੁੱਪ ਕਰ ਕੇ ਮਾਂ ਦੇ ਨਾਲ ਕਾਰ ਵਿਚ ਬੈਠ ਗਿਆ | ਸਟੋਰ ਵਿਚ ਆ ਕੇ ਵੀ ਉਹ ਵਿਹਲਾ ਨਹੀਂ ਬੈਠਾ | ਨਿੰਦਰ ਨਾਲ ਮਿਲ ਕੇ ਫਰਨੀਚਰ ਦੀ ਸਾਂਭ ਸੰਭਾਲ ਕਰਵਾਉਂਦਾ ਰਿਹਾ | ਤਿੰਨ ਕੁ ਵਜੇ ਉਹ ਮਾਂ ਦੇ ਕੋਲ ਬੈਠ ਕੇ ਆਪਣੇ ਕੋਰਸ ਦੀ ਕਿਤਾਬ ਪੜ੍ਹਨ ਲੱਗਾ | ਅਜੇ ਉਸ ਨੂੰ ਕਿਤਾਬ ਪੜ੍ਹਦਿਆਂ ਦਸ ਕੁ ਮਿੰਟ ਹੀ ਹੋਏ ਹੋਣਗੇ ਕਿ ਫੋਨ ਦੀ ਘੰਟੀ ਖੜਕੀ | ਮਾਂ ਦੇ ਫੋਨ ਚੁਕਣ ਤੋਂ ਪਹਿਲਾਂ ਹੀ ਉਸ ਨੇ ਫੋਨ ਚੁੱਕ ਲਿਆ ਅਤੇ ਫੋਨ ਸੁਣ ਕੇ ਮਾਂ ਨੂੰ ਕਿਹਾ, "ਮੌਮ, ਮੈਂ ਸਾਕਰ ਖੇਡਣ ਚੱਲਿਆਂ |"
"ਇਕ ਵੀਕ ਤਾਂ ਤੂੰ ਸਕੂਲ ਦੇ ਨੇੜੇ ਵੀ ਨਹੀਂ ਜਾ ਸਕਦਾ, ਫੇਰ ਤੂੰ ਸਾਕਰ ਖੇਡਣ ਕਿੱਥੇ ਜਾਣੈ?" ਮਾਂ ਨੇ ਪੁੱਛਿਆ |
"ਪਾਰਕ ਵਿਚ |" ਬੌਬੀ ਨੇ ਦੋ ਸ਼ਬਦਾ ਜਵਾਬ ਦਿੱਤਾ |
"ਚੱਲ, ਤੈਨੂੰ ਮੈੰਂ ਛੱਡ ਆਉਂਦੀ ਹਾਂ"
"ਨਹੀਂ, ਮੈਂ ਬੱਸ 'ਤੇ ਚਲਿਆ ਜਾਵਾਂਗਾ | ਬੱਸ ਪਾਰਕ ਦੇ ਕੋਲ ਦੀ ਜਾਂਦੀ ਹੈ |"
"ਕੋਈ ਲੋੜ ਨਹੀਂ ਬੱਸ 'ਤੇ ਜਾਣ ਦੀ, ਦੋ ਮਿੰਟ ਠਹਿਰ, ਮੈਂ ਹੀ ਤੈਨੂੰ ਛੱਡ ਕੇ ਆਊਂਗੀ |" ਮਾਂ ਨੇ ਸ਼ੱਕੀ ਨਜ਼ਰ ਨਾਲ ਬੌਬੀ ਵੱਲ ਦੇਖਿਆ |
'ਓ।ਕੇ।' ਕਹਿ, ਉਸ ਨੇ ਮੁੜ ਕਿਤਾਬ ਚੁੱਕ ਲਈ | ਮਾਂ ਨੇ ਡਲਿਵਰੀ ਦੇ ਕਾਗਜ਼ ਭਰ ਕੇ ਕਾਰ ਦੀਆਂ ਚਾਬੀਆਂ ਚੁੱਕੀਆ ਤੇ ਨਿੰਦਰ ਨੂੰ 'ਦੋ ਮਿੰਟ ਵਿਚ ਆਈ' ਕਹਿ, ਸਟੋਰ 'ਚੋਂ ਬਾਹਰ ਆ ਗਈ | ਬੌਬੀ ਵੀ ਉਸ ਦੇ ਪਿੱਛੇ ਆ ਕੇ ਕਾਰ ਵਿਚ ਬੈਠ ਗਿਆ | ਮਾਂ ਨੇ ਪਾਰਕ ਦੇ ਕੋਨੇ ਵਿਚ ਕਾਰ ਲਿਆ ਖੜ੍ਹੀ ਕੀਤੀ ਜਿੱਥੇ ਸਾਕਰ ਗਰਾਊਂਡ ਸੀ | ਉਸ ਨੇ ਗਰਾਊਂਡ ਵੱਲ ਨਜ਼ਰ ਘੁਮਾਈ ਤਾਂ ਉੱਥੇ ਦੀਪ ਅਤੇ ਨਿਕੋਲ ਸਾਕਰ ਬਾਲ ਨੂੰ ਕਿੱਕਾ ਮਾਰਦੇ ਦਿਸੇ | ਉਸ ਨੂੰ ਯਕੀਨ ਹੋ ਗਿਆ ਕਿ ਬੌਬੀ ਸਾਕਰ ਖੇਡਣ ਹੀ ਆਇਆ ਹੈ | ਉਸ ਨੂੰ ਉੱਥੇ ਉਤਾਰ ਕੇ ਮੁੜਦੀ ਹੋਈ ਉਹ ਬੋਲੀ, "ਵੇਲ਼ੇ ਸਿਰ ਘਰ ਚਲਿਆ ਜਾਵੀਂ |"
'ਓ।ਕੇ।' ਕਹਿ, ਉਹ ਕਾਰ ਵਿਚੋਂ ਉਤਰ ਗਿਆ | ਉਸ ਨੂੰ ਕਾਰ ਵਿਚੋਂ ਉਤਰਦਾ ਦੇਖ, ਉਸ ਦੇ ਦੋਸਤ ਭੱਜ ਕੇ ਉਸ ਕੋਲ ਆ ਗਏ | ਰਾਤੀਂ ਬੌਬੀ ਨੇ ਫੋਨ ਕਰਕੇ ਉਹਨਾਂ ਨੂੰ ਸਿੱਧੇ ਸਕੂਲੋਂ ਪਾਰਕ ਵਿਚ ਆਉਣ ਲਈ ਕਿਹਾ ਸੀ |
"ਇਹ ਅਚਨਚੇਤ ਘਟਨਾ ਕਿਵੇਂ ਵਾਪਰ ਗਈ? ਸਾਨੂੰ ਤਾਂ ਪਤਾ ਹੀ ਮਗਰੋਂ ਲੱਗਾ |" ਨਿਕੋਲ ਨੇ ਬੌਬੀ ਨਾਲ ਹੱਥ ਮਿਲਾਉਂਦਿਆਂ ਪੁੱਛਿਆ |
"ਆਓ, ਕਿਸੇ ਨਵੇਕਲੀ ਥਾਂ ਬੈਠ ਕੇ ਸਾਰੀਆਂ ਗੱਲਾਂ ਕਰਦੇ ਹਾਂ |" ਤੁਰਿਆ ਜਾਂਦਾ ਬੌਬੀ ਬੋਲਿਆ |
ਮਈ ਦੀ ਸੁਹਣੀ ਧੁੱਪ ਖਿੜੀ ਹੋਣ ਕਾਰਨ ਪਾਰਕ ਵਿਚ ਬਹੁਤ ਰੌਣਕ ਸੀ | ਉਹ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ, ਪਾਰਕ ਦੇ ਇਕ ਖੂੰਜੇ, ਦਰਖਤਾਂ ਦੀ ਇਕ ਝੰਗੀ ਵਿਚ ਜਾ ਬੈਠੇ | ਘਾਹ ਉਪਰ ਲੱਤਾਂ ਨਿਸਾਲ ਕੇ ਬੈਠਦਿਆਂ ਬੌਬੀ ਨੇ ਸਾਰੀ ਘਟਨਾ ਦੁਹਰਾ ਦਿੱਤੀ |
"ਜਦੋਂ ਤੁਹਾਡੀ ਲੜਾਈ ਹੋਈ, ਸਾਨੂੰ ਟੀਚਰ ਨੇ ਕਮਰੇ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ |" ਦੀਪ ਨੇ ਦੱਸਿਆ |
"ਜਦੋਂ ਮੈਨੂੰ ਪਤਾ ਲੱਗਾ ਕਿ ਤੈਨੂੰ ਪੁਲੀਸ ਨੇ ਫੜ ਲਿਆ ਹੈ ਤਾਂ ਮੈਂ ਉਸੇ ਵੇਲ਼ੇ ਆਪਣਾ ਸਾਈਕਲ ਚੁੱਕਿਆ ਤੇ ਸਟੋਰ 'ਤੇ ਤੇਰੀ ਮਾਂ ਨੂੰ ਦੱਸਣ ਚਲਾ ਗਿਆ ਸੀ ਪਰ ਉੱਥੇ ਜਾਣਤੋਂ ਪਹਿਲਾਂ ਹੀ ਸਕੁਲ ਤੋਂ ਫੋਨ ਚਲਾ ਗਿਆ ਸੀ |" ਨਿਕੋਲ ਨੇ ਆਪਣੀ ਕੀਤੀ ਕਾਰਵਾਈ ਦੀ ਸੂਚਨਾ ਬੌਬੀ ਨੂੰ ਦਿੱਤੀ |
"ਪੁਲੀਸ ਵਾਲਿਆਂ ਨੇ ਤੈਨੂੰ ਕੁਝ ਕਿਹਾ ਤਾਂ ਨਹੀਂ?" ਦੀਪ ਨੇ ਪੁੱਛਿਆ, ਉਸ ਨੂੰ ਡਰ ਸੀ ਕਿ ਕਿਤੇ ਪੁਲੀਸ ਨੇ ਉਸ ਨੂੰ ਕੁੱਟਿਆ ਨਾ ਹੋਵੇ |
"ਨਹੀਂ, ਉਹਨਾਂ ਮੈਨੂੰ ਹੋਰ ਕੁਝ ਨਹੀਂ ਕਿਹਾ, ਬਸ ਉਹ ਲੜਾਈ ਝਗੜੇ ਦੇ ਕਾਰਨ ਪੁੱਛਦੇ ਰਹੇ ਤੇ ਮੈਨੂੰ ਸਕੂਲ ਦਾ ਵਿਗੜਿਆ ਮੁੰਡਾ ਕਹਿ ਕਹਿ ਸੁਧਰ ਜਾਣ ਦੀਆਂ ਚਿਤਾਵਨੀਆਂ ਦਿੰਦੇ ਰਹੇ |" ਬੌਬੀ ਨੇ ਅਸਲ ਗੱਲ ਦੱਸ ਦਿੱਤੀ |
"ਹੁਣ ਦੱਸ, ਸਾਨੂੰ ਕੀ ਕਰਨਾ ਚਾਹੀਦਾ ਹੈ?" ਨਿਕੋਲ ਨੇ ਪੁੱਛਿਆ |
"ਅੱਜ ਲਾਰੰਸ ਹੁਰਾਂ ਦੀ ਖੜਕਾਈ ਨਾ ਕਰ ਦੇਈਏ?" ਬੌਬੀ ਦੇ ਬੋਲਣ ਤੋਂ ਪਹਿਲਾਂ ਹੀ ਦੀਪ ਬੋਲ ਪਿਆ |
"ਨਹੀਂ, ਲਾਰੰਸ ਹੁਰਾਂ ਨਾਲ ਤਾਂ ਫੇਰ ਸਿਝਾਂਗੇ, ਪਹਿਲਾਂ ਪ੍ਰਿੰਸੀਪਲ ਨੂੰ ਸਬਕ ਸਿਖਾਈਏ | ਉਹ ਬਹੁਤ ਵਿਤਕਰਾ ਕਰਦੀ ਹੈ |" ਬੌਬੀ ਨੇ ਦੰਦ ਕਰੀਚਦੇ ਹੋਏ ਕਿਹਾ |
"ਅੱਜ ਰਾਤ ਨੂੰ ਹੀ ਉਸ ਦੀ ਕਾਰ ਦੇ ਸ਼ੀਸੇ ਭੰਨ ਆਉਂਦੇ ਹਾਂ?" ਦੀਪ ਨੇ ਹੁੱਬ ਕੇ ਕਿਹਾ |
"ਸ਼ੀਸ਼ੇ ਭੰਨਣ ਨਾਲ ਉਸ ਦਾ ਕੁਝ ਨੁਕਸਾਨ ਨਹੀਂ ਹੋਣਾ | ਮੈਂ ਚਾਹੁੰਦਾ ਹਾਂ ਕਿ ਉਹਦੇ ਘਰ ਨੂੰ ਅੱਗ ਲਾ ਦਿੱਤੀ ਜਾਵੇ | ਕੀ ਇਸ ਕੰਮ ਲਈ ਤੁਸੀਂ ਤਿਆਰ ਹੋ?" ਬੌਬੀ ਨੇ ਵੰਗਾਰਿਆ |
ਉਸ ਦੇ ਇਹ ਬੋਲ ਸੁਣਕੇ ਦੋਵੇਂ ਚੁੱਪ ਹੋ ਗਏ | ਕੁਝ ਦੇਰ ਚੁੱਪ ਰਹਿਣ ਮਗਰੋਂ, ਜਦੋਂ ਕੋਈ ਵੀ ਨਾ ਬੋਲਿਆ ਤਾਂ ਬੌਬੀ ਨੇ ਮੱਥੇ ਉਪਰ ਤਿਉੜੀ ਪਾ ਕੇ ਕਿਹਾ, "ਜੇ ਤੁਸੀਂ ਡਰਦੇ ਹੋ ਤਾਂ ਮੈਂ ਇਕੱਲਾ ਹੀ ਇਹ ਕੰਮ ਕਰ ਸਕਦਾ ਹਾਂ |"
"ਮੈਂ ਨਹੀਂ ਡਰਦਾ, ਚਲ ਤੁਰ, ਮੈਂ ਤੇਰੇ ਨਾਲ ਚਲਦਾ ਹਾਂ |" ਦੀਪ ਨੇ ਫੜ੍ਹ ਮਾਰੀ |
"ਡਰਦਾ ਮੈਂ ਵੀ ਨਹੀਂ ਪਰ ਮੈਂ ਸੋਚਦਾ ਹਾਂ ਕਿ ਪ੍ਰਿੰਸੀਪਲ ਦੇ ਘਰ ਨੂੰ ਅੱਗ ਲਾਉਣ ਨਾਲ ਹੋਰ ਘਰਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਜੇ ਫੜੇ ਗਏ ਤਾਂ ਸਲਾਨਾ ਟੈਸਟ ਵਿੱਚੇ ਹੀ ਰਹਿ ਜਾਣਗੇ ਤੇ ਸਕੂਲ ਵਿੱਚੋਂ ਸਦਾ ਲਈ ਕੱਢ ਦਿੱਤੇ ਜਾਵਾਂਗੇ | ਕਿਉਂ ਨਾ ਪਹਿਲਾਂ ਰਮੋਲੋ ਨਾਲ ਸਲਾਹ ਕਰ ਲਈ ਜਾਵੇ, ਉਹ ਬਹੁਤ ਸਕੀਮੀ ਹੈ?" ਨਿਕੋਲ ਨੇ ਆਪਣੇ ਦਿਲ ਦੀ ਗੱਲ ਦੱਸ ਦਿੱਤੀ |
"ਹਾਂ! ਆਪਾਂ ਨੂੰ ਪਹਿਲਾਂ ਰਮੋਲੋ ਨਾਲ ਜਰੂਰ ਸਲਾਹ ਕਰ ਲੈਣੀ ਚਾਹੀਦੀ ਹੈ |" ਦੀਪ ਵੀ ਝੱਟ ਬੋਲ ਪਿਆ |
ਰਮੋਲੋ ਨਾਲ ਸਲਾਹ ਕਰ ਲੈਣ ਬਾਰੇ ਕਹੇ ਜਾਣ 'ਤੇ ਬੌਬੀ ਸੋਚੀਂ ਪੈ ਗਿਆ | ਉਹ ਤਾਂ ਆਪਣੇ ਦਿਲ ਵਿਚ ਧਾਰੀ ਬੈਠਾ ਸੀ ਕਿ ਅੱਜ ਹੀ ਪ੍ਰਿੰਸੀਪਲ ਦਾ ਘਰ ਸਾੜ ਕੇ ਸੁਆਹ ਕਰ ਦੇਣਾ ਹੈ | ਹੁਣ ਉਸ ਨੂੰ ਨਿਕੋਲ ਦੀ ਕਹੀ ਗੱਲ ਠੀਕ ਲੱਗ ਰਹੀ ਸੀ | ਇਸ ਤਰ੍ਹਾਂ ਅੱਗ ਲਾਉਣ ਨਾਲ, ਹੋਰ ਨਾਲ ਲਗਦੇ ਘਰਾਂ ਦਾ ਨੁਕਸਾਨ ਵੀ ਹੋ ਸਕਦਾ ਹੈ | ਕੁਝ ਪਲ ਸੋਚਣ ਮਗਰੋਂ ਬੌਬੀ ਨੇ ਕਿਹਾ, "ਓ।ਕੇ।, ਚਲੋ ਹੁਣ ਸਾਕਰ ਖੇਡੀਏ |"
ਅਗਲੇ ਦਿਨ, ਪਾਰਕ ਦੇ ਉਹਨਾਂ ਦਰਖਤਾਂ ਦੀ ਝੰਗੀ ਵਿਚ ਬੈਠਾ ਬੌਬੀ, ਰਮੋਲੋ ਨਾਲ ਸਲਾਹਾਂ ਕਰ ਰਿਹਾ ਸੀ |
**************************
ਜਾਲ਼
ਕੱਲ੍ਹ ਬੱਦਲਾਂ ਰਹਿਤ ਅਸਮਾਨ ਵਿਚ, ਸਾਰੀ ਦਿਹਾੜੀ ਸੂਰਜ ਚਮਕਦਾ ਰਿਹਾ ਸੀ | ਦਿਨ ਦਾ ਤਾਪਮਾਨ ਤੇਤੀ ਡਿਗਰੀ ਤੱਕ ਚਲਾ ਗਿਆ ਸੀ ਪਰ ਅੱਜ ਸਵੇਰੇ ਜਦੋਂ ਸਰਬਜੀਤ ਨੇ ਉਠ ਕੇ ਬਾਹਰ ਦੇਖਿਆ ਤਾਂ ਕਣੀਆਂ ਪੈ ਰਹੀਆਂ ਸਨ | ਉਸ ਨੇ ਟੀਵੀ ਤੋਂ ਮੌਸਮ ਦਾ ਹਾਲ ਦੇਖਿਆ | ਇਹ ਸਾਰਾ ਹਫਤਾ ਬਾਰਸ਼ ਦੀ ਭਵਿਖਬਾਣੀ ਕੀਤੀ ਹੋਈ ਸੀ | ਹੁਣ ਤਾਪਮਾਨ ਘਟ ਕੇ ਗਿਆਰਾਂ ਡਿਗਰੀ 'ਤੇ ਆ ਗਿਆ ਸੀ ਤੇ ਵੱਧ ਤੋਂ ਵੱਧ ਸਤਾਰਾਂ ਡਿਗਰੀ ਹੋ ਜਾਣ ਦੀ ਸੰਭਾਵਨਾ ਦਰਸਾਈ ਗਈ ਸੀ | ਉਸ ਨੇ ਇਕ ਹਉਕਾ ਜਿਹਾ ਲੈ ਕੇ ਟੀਵੀ ਬੰਦ ਕਰ ਦਿੱਤਾ | ਉਸ ਦੇ ਮਨ ਵਿਚ ਜੈਰੀ ਦੀ ਯਾਦ ਤਾਜਾ ਹੋ ਗਈ ਸੀ | ਉਸ ਸੋਚਿਆ, 'ਜੇ ਉਹ ਅੱਜ ਇੱਥੇ ਹੁੰਦਾ ਤਾਂ ਇਸ ਤਰ੍ਹਾਂ ਬਦਲਦੇ ਮੌਸਮ ਨੂੰ ਦੇਖ ਕੇ ਉਸ ਨੇ ਝੱਟ ਤਿੰਨ ਡਬਲਯੂਆਂ ਦੇ ਬਦਲਦੇ ਸੁਭਾਅ ਵਾਲੀ ਅਖਾਉਤ ਦੁਹਰਾ ਦੇਣੀ ਸੀ |' ਫਿਰ ਉਹ ਸੋਫੇ ਤੋਂ ਉਠਦੀ ਹੋਈ ਬੁੜ ਬੜਾਈ, 'ਉਠ ਮਨਾ ਧੰਦੇ ਲਗ | ਤੁਰ ਗਿਆਂ ਨੂੰ ਹੁਣ ਯਾਦ ਕਰਕੇ ਵੀ ਕੀ ਕਰਨਾ' | ਸੋਫੇ ਤੋਂ ਉਠ ਕੇ ਉਸ ਨੇ ਟੇਪਰਿਕਾਰਡਰ ਦਾ ਬਟਨ ਦਬਾ ਦਿੱਤਾ ਤਾਂ ਟੇਪਰਿਕਾਰਡ ਵਿਚੋਂ ਧੀਮੀ ਅਵਾਜ਼ ਵਿਚ ਜਪੁਜੀ ਸਾਹਿਬ ਦਾ ਪਾਠ ਅਰੰਭ ਹੋ ਗਿਆ | ਉਸ ਨੇ ਝਾੜੂ ਚੁੱਕਿਆ ਤੇ ਘਰ ਦੀ ਸਫਾਈ ਕਰਨ ਲੱਗੀ | ਅੱਠ ਕੁ ਵਜੇ ਤੱਕ ਉਹ ਘਰ ਦੀ ਸਫਾਈ ਕਰਨ ਵਿਚ ਰੁੱਝੀ ਰਹੀ ਤੇ ਉਸ ਤੋਂ ਮਗਰੋਂ ਰਸੋਈ ਵਿਚ ਜਾ ਕੇ ਸਵੇਰ ਦਾ ਖਾਣਾ ਤਿਆਰ ਕਰਨ ਜਾ ਲੱਗੀ | ਨੌਂ ਕੁ ਵਜੇ ਰਸੋਈ ਵਿਚ ਆ ਕੇ ਬੌਬੀ ਨੇ ਮਾਂ ਨੂੰ ਕਿਹਾ, "ਹਾਇ ਮਮ! ਕੀ ਹਲ ਆ"
"ਰਾਤੀਂ ਤੂੰ ਫਿਰ ਲੇਟ ਆਇਆ ਏਂ | ਕਿੱਥੇ ਰਿਹਾ ਏਂ ਇੰਨੀ ਦੇਰ?" ਉਸ ਦੀ 'ਹਾਇ' ਦਾ ਉੱਤਰ ਦੇਣ ਦੀ ਥਾਂ, ਮਾਂ ਨੇ ਉਸ ਕੋਲੋਂ ਪੁੱਛਿਆ |
"ਮੈਂ ਆਪਣੇ ਫਰੈਂਡਜ਼ ਨਾਲ ਸੀਗਾ, ਇੱਥੇ ਸਕੂਲ ਪਾਰਕ ਵਿਚ |" ਕੁਰਸੀ ਉਪਰ ਬੈਠਦਾ ਹੋਇਆ ਬੌਬੀ ਬੋਲਿਆ |
"ਵੇਲੇ ਸਿਰ ਘਰ ਮੁੜ ਆਈਦਾ ਹੈ | ਚਲ ਹੁਣ ਕੁਝ ਖਾ ਪੀ ਕੇ ਤਿਆਰ ਹੋ ਜਾ, ਫਿਰ ਮੇਰੇ ਨਾਲ ਸਟੋਰ 'ਤੇ ਜਾਣੈ | ਅੱਜ ਨਿੰਦਰ ਛੁੱਟੀ 'ਤੇ ਆ |" ਮਾਂ ਨੇ ਚਾਹ ਦੀ ਪਿਆਲੀ ਤੇ ਮਿੱਸੇ ਪਰਾਉਂਠੇ ਵਾਲੀ ਪਲੇਟ ਉਸ ਅੱਗੇ ਰਖਦਿਆਂ ਕਿਹਾ |
"ਮੈਂ ਸਟੋਰ 'ਤੇ ਨਹੀਂ ਜਾ ਸਕਦਾ, ਮੈਂ ਸਾਕਰ ਖੇਡਣ ਜਾਣਾ ਹੈ |" ਉਸ ਨੇ ਝੱਟ ਕਹਿ ਦਿੱਤਾ |
"ਸਾਕਰ ਖੇਡਣ ਤਾਂ ਆਥਣੇ ਜਾਣਾ ਹੋਊ | ਸਟੋਰ ਤੋਂ ਹੀ ਚਲਿਆ ਜਾਈਂ |" ਮਾਂ ਨੇ ਤਰਲੇ ਜਿਹੇ ਨਾਲ ਕਿਹਾ ਪਰ ਉਹ ਚੁੱਪ ਕਰਕੇ ਨੀਵੀਂ ਪਾਈ ਰੋਟੀ ਖਾਂਦਾ ਰਿਹਾ | ਮਾਂ ਨੇ ਉਸ ਦੀ ਚੁੱਪ ਨੂੰ ਰਜ਼ਾਮੰਦੀ ਸਮਝ ਲਿਆ ਅਤੇ ਉਹ ਵੀ ਚੁੱਪ ਕਰਕੇ ਰੋਟੀ ਖਾਣ ਲੱਗੀ | ਖਾਣਾ ਖਾ ਕੇ ਬੌਬੀ ਮੁੜ ਆਪਣੇ ਕਮਰੇ ਵਿਚ ਵੜ ਗਿਆ | ਉਹ ਬਹੁਤ ਚੰਟ ਹੋ ਗਿਆ ਸੀ | ਉਸ ਨੇ ਮਾਂ ਕੋਲ ਝੂਠ ਬੋਲਿਆ ਕਿ 'ਮੈਂ ਆਪਣੇ ਫਰੈਂਡਜ਼ ਨਾਲ ਸਕੂਲ ਪਾਰਕ ਵਿਚ ਸੀ' | ਪਰ ਉਹ ਉਸ ਸਮੇਂ, ਪੀਸ-ਆਰਚ ਬਾਰਡਰ ਦੇ ਨੇੜੇ ਰਮੋਲੋ ਨਾਲ ਸੈਰਾਂ 'ਤੇ ਨਿਕਲਿਆ ਹੋਇਆ ਸੀ | ਉਹ ਉੱਥੇ ਬੜੀ ਦੇਰ, ਕਿਸੇ ਦੀ ਉਡੀਕ ਵਿਚ ਘੁੰਮਦੇ ਰਹੇ ਸਨ | ਜਦੋਂ ਥੋੜਾ ਜਿਹਾ ਹਨੇਰਾ ਗੂੜ੍ਹਾ ਹੋ ਗਿਆ ਤਾਂ ਬੌਬੀ ਨੇ ਰਮੋਲੋ ਨੂੰ ਕਿਹਾ ਸੀ, "ਆਪਾਂ ਨੂੰ ਮੁੜਨਾ ਚਾਹੀਦਾ ਹੈ, ਉਹ ਹੁਣ ਸ਼ਾਇਦ ਹੀ ਆਵੇ |"
"ਉਹ ਅਵੱਸ਼ ਆਵੇਗਾ | ਸਾਡਾ ਇਕ ਦੂਜੇ ਨੂੰ ਮਿਲਨਾ ਬਹੁਤ ਜਰੂਰੀ ਹੈ |" ਰਮੋਲੋ ਨੇ ਬੜੇ ਭਰੋਸੇ ਨਾਲ ਕਿਹਾ ਸੀ |
ਰਮੋਲੋ ਨੇ ਅਜੇ ਆਪਣੀ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਹ ਆਦਮੀ ਉਹਨਾਂ ਕੋਲ ਆ ਖੜ੍ਹਾ ਹੋਇਆ | ਰਮੋਲੋ ਨੇ ਉਸ ਆਦਮੀ ਨਾਲ ਬੌਬੀ ਦੀ ਜਾਣ ਪਹਿਚਾਣ ਕਰਵਾਈ ਅਤੇ ਫਿਰ ਉਹ ਦੋਨੋ ਲਾਤੀਨੀ ਭਾਸ਼ਾ ਵਿਚ ਗੱਲਾਂ ਕਰਦੇ ਹੋਏ ਕਾਰ ਵੱਲ ਤੁਰਨ ਲੱਗੇ | ਬੌਬੀ ਵੀ ਹੌਲ਼ੀ ਹੌਲ਼ੀ, ਚਹਿਲ ਕਦਮੀ ਕਰਦਾ ਹੋਇਆ, ਉਹਨਾਂ ਦੇ ਮਗਰ ਤੁਰਿਆ ਆਇਆ | ਕਾਰ ਕੋਲ ਆ ਕੇ ਰਮੋਲੋ ਨੇ ਉਸ ਆਦਮੀ ਨੂੰ ਇਕ ਬੈਗ ਫੜਾ ਦਿੱਤਾ ਅਤੇ ਉਸ ਨੇ ਵੀ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਪੈਕਟ ਕੱਢ ਕੇ ਫੜਾਇਆ ਤੇ ਉੱਥੋਂ ਚਲਾ ਗਿਆ | ਉਸ ਦੇ ਤੁਰ ਜਾਣ ਮਗਰੋਂ ਰਮੋਲੋ ਨੇ ਵੀ ਕਾਰ ਤੋਰ ਲਈ | ਰਾਹ ਵਿਚ ਰਮੋਲੋ ਨੇ ਬੌਬੀ ਨੂੰ ਖੁਸ਼ ਹੋ ਕੇ ਦੱਸਿਆ ਸੀ, "ਇਸੇ ਚੀਜ਼ ਦੀ ਘਾਟ ਸੀ, ਇਹ ਪੂਰੀ ਹੋ ਗਈ ਹੈ | ਹੁਣ ਨਹੀਂ ਕਿਸੇ ਦੀ ਪ੍ਰਵਾਹ | ਕੱਲ੍ਹ ਨੂੰ ਮੈਂ ਤੈਨੂੰ ਇਕ ਸਨਸਨੀਖੇਜ਼ ਕਾਰਜ ਕਰ ਕੇ ਦਿਖਾਵਾਂਗਾ ਅਤੇ ਤੈਨੂੰ ਸਿਖਾਵਾਂਗਾ ਵੀ ਜਿਹੜਾ ਸਾਰੀ ਉਮਰ ਤੇਰੇ ਕੰਮ ਆਵੇਗਾ | ਦੁਪਹਿਰ ਮਗਰੋਂ ਤਿਆਰ ਰਹੀਂ ਪਰ ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ ਅਜੇ ਦੀਪ ਨੂੰ ਵੀ ਨਹੀਂ |"
ਬੌਬੀ ਬੈਡ ਉਪਰ ਪਿਆ, ਉਸ ਅਨੋਖੇ ਕਾਰਜ ਬਾਰੇ ਸੋਚ ਰਿਹਾ ਸੀ ਅਤੇ ਮਾਂ ਆਪਣੇ ਕੰਮ ਵਿਚ ਰੁੱਝੀ ਸੋਚ ਰਹੀ ਸੀ ਕਿ ਬੌਬੀ ਛੁੱਟੀਆਂ ਵਿਚ ਉਸ ਦੀ ਸਹਾਇਤਾ ਕਰਾਵੇਗਾ | ਰਸੋਈ ਦਾ ਕੰਮ ਨਿਬੇੜ ਕੇ ਸਟੋਰ 'ਤੇ ਜਾਣ ਲੱਗੀ ਤਾਂ ਉਸ ਨੇ ਬੌਬੀ ਨੂੰ ਕਿਹਾ, "ਬੌਬੀ, ਆ ਚੱਲੀਏ!"
"ਮੈਂ ਠਹਿਰ ਕੇ ਆਊਂਗਾ |" ਬੌਬੀ ਆਪਣੇ ਬੈਡਰੂਮ ਵਿਚੋਂ ਬੋਲਿਆ |
'ਛੇਤੀ ਆ ਜਾਈਂ ਫਿਰ' ਕਹਿ ਕੇ ਮਾਂ ਪੌੜੀਆਂ ਉਤਰ ਗਈ | ਉਸ ਨੂੰ ਆਸ ਸੀ ਕਿ ਬੌਬੀ ਛੇਤੀ ਹੀ ਉਸ ਦੇ ਕੋਲ ਪਹੁੰਚ ਜਾਵੇਗਾ | ਸਟੋਰ 'ਤੇ ਆ ਕੇ ਉਸ ਨੇ ਸਭ ਤੋਂ ਪਹਿਲਾਂ ਆਪਣੇ ਕਾਰੋਬਾਰ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਫਿਰ ਸ਼ੋਅਰੂਮ ਦੀ ਸਫਾਈ ਕਰਨ ਵਿਚ ਜੁਟ ਗਈ | ਸਫਾਈ ਕਰਨ ਮਗਰੋਂ ਉਹ ਕਾਊਂਟਰ 'ਤੇ ਆ ਬੈਠੀ | ਉਹ ਇਕ ਫਾਈਲ ਕੱਢ ਕੇ ਪਿਛਲੇ ਮਹੀਨੇ ਦੀ ਆਮਦਨ ਖਰਚ ਦਾ ਜੋੜ ਕਰ ਰਹੀ ਸੀ ਕਿ ਸ਼ੋਅਰੂਮ ਦਾ ਬੂਹਾ ਖੁੱਲ੍ਹਿਆ | ਉਸ ਨੇ ਆਪਣਾ ਸਿਰ ਉਠਾ ਕੇ ਬੂਹੇ ਵੱਲ ਦੇਖਿਆ | ਸਾਮ੍ਹਣੇ ਲੰਗਾਦਾ ਹੋਇਆ ਹੈਰੀ ਉਸ ਵੱਲ ਆ ਰਿਹਾ ਸੀ | ਉਸ ਨੇ ਫਾਈਲ ਬੰਦ ਕਰਕੇ ਦਰਾਜ਼ ਵਿਚ ਰਖ ਦਿੱਤੀ ਤੇ ਆਪ ਕੁਰਸੀ 'ਤੇ ਸਾਵਧਾਨ ਹੋ ਕੇ ਬੈਠ ਗਈ | "ਸੱਤਿ ਸ੍ਰੀ ਅਕਾਲ, ਸਰਬਜੀਤ?" ਕਾਊਂਟਰ ਉਪਰ ਮਿਠਿਆਈ ਦਾ ਡੱਬਾ ਰੱਖ ਕੇ ਹੈਰੀ ਨੇ ਕਿਹਾ |
"ਸੱਤਿ ਸ੍ਰੀ ਅਕਾਲ, ਇਹ ਡੱਬਾ?"
"ਕਾਕੇ ਨੇ ਜਨਮ ਲਿਆ ਏ, ਆਪਣੇ ਘਰ |"
"ਅੱਛਾ! ਵਧਾਈਆਂ, ਇੰਡੀਆ ਵਾਲੀ ਨੂੰ ਤਾਂ ਤਲਾਕ ਦੇਣ ਨੂੰ ਕਹਿੰਦਾ ਸੀ ਫਿਰ ਕਿਤੇ ਹੋਰ ਵਿਆਹ ਕਰਵਾ ਲਿਆ ਸੀ?"
"ਨਹੀਂ, ਉਸੇ ਨੂੰ ਲੈ ਆਇਆ ਸੀ |"
"ਹੋਰ ਕੋਈ ਬੱਚਾ ਵੀ ਹੈ?"
"ਹਾਂ, ਕੁੜੀ ਏ ਡੇਢ ਕੁ ਸਾਲ ਦੀ |"
"ਅੱਛਾ! ਕੁੜੀ ਦੇ ਲੱਡੂ ਤਾਂ ਲੈ ਕੇ ਆਇਆ ਨਾ |"
"ਬੱਸ, ਆ ਹੀ ਨਹੀਂ ਹੋਇਆ | ਕੀ ਹਾਲ ਏ ਕੰਮ ਕਾਰ ਦਾ?"
"ਕੰਮ ਕਾਰ ਦਾ ਹਾਲ ਮੰਦਾ ਹੀ ਹੈ | ਵਿਹਲੇ ਬੈਠੇ ਆਂ | ਛੁੱਟੀਆਂ ਕਾਰਨ ਲੋਕ ਸੈਰਾਂ ਨੂੰ ਨਿਕਲੇ ਹੋਏ ਐ, ਮਾਰਕੀਟ ਵਿਚ ਗਾਹਕ ਤਾਂ ਕੋਈ ਆਉਂਦਾ ਨਹੀਂ | ਅੱਜ ਪਤਾ ਨਹੀਂ ਤੂੰ ਕਿਵੇਂ ਰਾਹ ਭੁੱਲ ਕੇ ਆ ਗਿਆ, ਢਾਈ ਤਿੰਨ ਸਾਲ ਲੰਘ ਗਏ, ਤੂੰ ਕਦੀ ਇਧਰ ਗੇੜਾ ਹੀ ਨਹੀਂ ਮਾਰਿਆ? ਤੇਰੇ ਕੰਮ ਦਾ ਕੀ ਹਾਲ ਏ? ਆ, ਸਾਮ੍ਹਣੇ ਸੋਫੇ 'ਤੇ ਬੈਠਦੇ ਹਾਂ |" ਸਰਬਜੀਤ ਕਾਊਂਟਰ ਤੋਂ ਬਾਹਰ ਆਉਂਦੀ ਹੋਈ ਬੋਲੀ |
"ਮੈਂ ਤਾਂ ਆਪਣਾ ਕੰਮ ਅਜੇ ਹੁਣੇ ਸ਼ੁਰੂ ਕੀਤਾ ਹੈ |" ਸਰਬਜੀਤ ਦੇ ਸਾਹਮਣੇ ਸੋਫੇ ਉਪਰ ਬੈਠਦੇ ਹੋਏ ਹੈਰੀ ਨੇ ਕਿਹਾ |
"ਹੁਣ ਕਿੱਥੇ ਖੋਲ੍ਹਿਆ ਸਟੋਰ? ਫੈਨਸੀ ਫਰਨੀਚਰ ਵਾਲਿਆਂ ਨਾਲੋਂ ਵੱਖ ਕਰ ਲਿਆ?" ਸਰਬਜੀਤ ਨੇ ਹੈਰੀ ਵੱਲ ਦੇਖ ਕੇ ਪੁੱਛਿਆ |
"ਕਿਹੜਾ ਸਟੋਰ! ਮੈਂ ਕੋਈ ਨਵਾਂ ਫਰਨੀਚਰ ਸਟੋਰ ਨਹੀਂ ਖੋਲ੍ਹਿਆ ਤੇ ਨਾ ਹੀ ਮੇਰੀ ਫੈਨਸੀ ਫਰਨੀਚਰ ਵਾਲਿਆਂ ਨਾਲ ਕੋਈ ਸਾਂਝ ਭਿਆਲੀ ਸੀ | ਤੁਹਾਨੂੰ ਇਹ ਭੁਲੇਖਾ ਕਿਵੇਂ ਪੈ ਗਿਆ?" ਹੈਰੀ ਨੇ ਹੈਰਾਨੀ ਨਾਲ ਸਰਬਜੀਤ ਵੱਲ ਦੇਖਿਆ |
"ਤੂੰ ਤਾਂ ਇਹ ਕਹਿ ਕੇ ਇੱਥੋਂ ਗਿਆ ਸੀ ਕਿ 'ਮੈਂ ਨੌਕਰੀ ਨਹੀਂ ਕਰਨੀ' ਫਿਰ ਫੈਨਸੀ ਫਰਨੀਚਰ ਸਟੋਰ 'ਤੇ ਕੀ ਕਰਨ ਜਾਂਦਾ ਰਿਹਾ ਸੀ?" ਸਰਬਜੀਤ ਨੇ ਗੁੱਝੀ ਟਕੋਰ ਲਾਈ |
"ਇੱਥੋਂ ਕੰਮ ਛੱਡਣ ਮਗਰੋਂ, ਵਾਈਫ ਨੂੰ ਲੈਣ ਵਾਸਤੇ ਮੈਂ ਇੰਡੀਆ ਚਲਾ ਗਿਆ ਸੀ ਤੇ ਜਦੋਂ ਮੁੜ ਕੇ ਆਇਆ ਤਾਂ ਜਿਹੜੇ ਪਲਾਜ਼ੇ ਵਿਚ ਮੈਂ ਫਰਨੀਚਰ ਸਟੋਰ ਖੋਲ੍ਹਣ ਬਾਰੇ ਸੋਚਿਆ ਸੀ, ਉਸ ਥਾਂ 'ਤੇ ਨਰਵਾਲ ਨੇ ਆਪਣਾ ਫਰਨੀਚਰ ਸਟੋਰ ਖੋਲ੍ਹ ਲਿਆ ਸੀ | ਸਰ੍ਹੀ ਵਿਚ ਸਟੋਰ ਖੋਲ੍ਹਣ ਦੀ ਮੇਰੀ ਪਹਿਲਾਂ ਹੀ ਸਲਾਹ ਨਹੀਂ ਸੀ, ਇਸ ਕਰਕੇ ਮੈਂ ਆਪਣਾ ਇਰਾਦਾ ਬਦਲ ਲਿਆ | ਨਰਵਾਲ ਦੇ ਕਹਿਣ 'ਤੇ ਮੈਂ ਤਿੰਨ ਚਾਰ ਮਹੀਨੇ ਉਹਨਾਂ ਨਾਲ ਜਰੂਰ ਲਾਏ ਸੀ | ਫਿਰ ਕੰਮ ਦੀਆਂ ਬਰੀਕੀਆਂ ਜਾਨਣ ਲਈ, ਸਾਲ ਕੁ ਇਕ ਅਕਾਊਂਟਿੰਗ ਫਰਮ ਨਾਲ ਕੰਮ ਕੀਤਾ ਅਤੇ ਹੁਣ ਮੈਂ ਆਪਣਾ ਅਕਾਊਂਟਿੰਗ ਦਾ ਕੰਮ ਚਾਲੂ ਕੀਤਾ ਹੈ |" ਹੈਰੀ ਨੇ ਸਰਬਜੀਤ ਦਾ ਭੁਲੇਖਾ ਦੂਰ ਕੀਤਾ |
"ਮੈਂ ਸਮਝਿਆ ਸੀ ਕਿ ਤੇਰੀ ਉਹਨਾਂ ਨਾਲ ਹਿੱਸੇਦਾਰੀ ਹੈ | ਕੀ ਨਾਂ ਰੱਖਿਐ ਫਰਮ ਦਾ?" ਸਰਬਜੀਤ ਨੇ ਪੁੱਛਿਆ |
"ਫਰਮ ਦਾ ਨਾਮ ਹੈ 'ਐੱਚ ਐਂਡ ਆਰ ਅਕਾਊਂਟਿੰਗ ਸਰਵਿਸ' | ਪਰ ਇਸ ਫਰਮ ਨੇ ਚੱਲਣਾ ਆਪਣੇ ਭਾਈਚਾਰੇ ਦੇ ਸਿਰ 'ਤੇ ਹੀ ਹੈ | ਸੋ ਨਵੇਂ ਸਾਲ ਤੋਂ ਤੁਹਾਡੇ ਟੈਕਸ ਤੇ ਬੁੱਕਕੀਪਿੰਗ ਦਾ ਸਾਰਾ ਕੰਮ ਮੈਂ ਸੰਭਾਲਾਂਗਾ |" ਹੈਰੀ ਨੇ ਬੜੇ ਭਰੋਸੇ ਨਾਲ ਕਿਹਾ |
"ਹੁਣ ਤਾਂ ਬੜੀ ਹਮ੍ਹੇ ਨਾਲ ਗੱਲ ਕਰ ਰਿਹਾ ਏਂ, ਉਦੋਂ ਕੰਮ ਛੱਡ ਕੇ ਤੁਰ ਗਿਆ ਸੀ ਕਿ 'ਮੈਂ ਹਿੱਸੇਦਾਰੀ ਤੋਂ ਬਿਨਾਂ ਕੰਮ ਨਹੀਂ ਕਰਨਾ' |" ਸਰਬਜੀਤ ਨੇ ਪਿਛਲੀ ਗੱਲ ਰੜਕਾਈ |
"ਉਦੋਂ ਵੀ ਬਹੁਤ ਸੋਚ ਸਮਝ ਕੇ ਹਮ੍ਹੇ ਨਾਲ ਹੀ ਮੈਂ ਹਿੱਸੇਦਾਰ ਬਣਨ ਨੂੰ ਕਿਹਾ ਸੀ ਤੇ ਉਸ ਵਿਚ ਆਪਣਾ ਦੋਹਾਂ ਦਾ ਹੀ ਭਲਾ ਸੀ |" ਹੈਰੀ ਨੇ ਮੁੜ ਪੁਰਾਣੀ ਗੱਲ ਦੁਹਰਾ ਦਿੱਤੀ |
"ਉਸ ਭਲੇ ਦੇ ਪਿੱਛੇ ਜਿਹੜੀ ਤੇਰੀ ਸੋਚ ਕੰਮ ਕਰ ਰਹੀ ਸੀ, ਉਸ ਨੂੰ ਵੀ ਮੈਂ ਚੰਗੀ ਤਰ੍ਹਾ ਸਮਝਦੀ ਸੀ |" ਸਰਬਜੀਤ ਨੇ ਉਸ ਦੀ ਅੱਖ ਨਾਲ ਅੱਖ ਮਿਲਾ ਕੇ ਕਿਹਾ |
"ਚਲੋ, ਛੱਡੋ ਉਹ ਗੱਲਾਂ, ਹੁਣ ਉਸ ਬਹਿਸ ਵਿਚ ਪੈਣ ਦਾ ਕੀ ਫਾਇਦਾ! ਮੈਂ ਤਾਂ ਤੁਹਾਡੇ ਵੱਲੋਂ ਸਹਿਯੋਗ ਮਿਲਨ ਦੀ ਆਸ ਲੈ ਕੇ ਆਇਆ ਹਾਂ |" ਹੈਰੀ ਨੇ ਨੀਵੀਂ ਪਾ ਕੇ ਕਿਹਾ |
"ਸੁਖ ਭਾਅ ਜੀ ਨਾਲ ਸਲਾਹ ਕਰ ਕੇ ਦੱਸਾਂਗੀ | ਪਹਿਲਾ ਅਕਾਊਟੈਂਟ ਉਹਨਾਂ ਨੇ ਹੀ ਲਵਾਇਆ ਸੀ |" ਸਰਬਜੀਤ ਨੇ ਕੋਈ ਲੜ ਨਾ ਫੜਾਇਆ |
"ਸੁਖ ਹੁਰਾਂ ਨਾਲ ਸਲਾਹ ਕਰਕੇ ਤਾਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਹੈ |" ਹੈਰੀ ਨੇ ਹੁੱਬ ਕੇ ਕਿਹਾ |
"ਫਿਰ ਵੀ ਮੈਂ ਉਹਨਾਂ ਦੇ ਕਹੇ ਤੋਂ ਬਿਨਾਂ 'ਹਾਂ' ਨਹੀਂ ਕਹਿ ਸਕਦੀ |" ਸਰਬਜੀਤ ਨੇ ਸਪਸ਼ਟ ਕਰ ਦਿੱਤਾ |
"ਠੀਕ ਹੈ, ਮੈਂ ਫਿਰ ਅਵਾਂਗਾ |" ਇਹ ਕਹਿ ਕੇ ਹੈਰੀ ਸੋਫੇ ਤੋਂ ਉਠ ਖੜ੍ਹਾ ਹੋਇਆ |
"ਬੈਠ ਜਾ! ਚਾਹ ਪੀ ਕੇ ਚਲਿਆ ਜਾਈਂ, ਇੰਨੀ ਵੀ ਕੀ ਕਾਲ੍ਹੀ ਹੈ |" ਸਰਬਜੀਤ ਨੇ ਰਸਮੀ ਸੁਲਾਹ ਮਾਰੀ |
"ਕਾਹਲ ਤਾਂ ਕੋਈ ਨਹੀਂ | ਇਕ ਦੋ ਥਾਈਂ ਹੋਰ ਜਾਣਾ ਹੈ ਤੇ ਫਿਰ ਸੁਖ ਨੂੰ ਮਿਲ ਕੇ ਘਰ ਨੂੰ ਮੁੜਾਂਗਾ | ਨਿੰਦਰ ਨਹੀਂ ਦਿਸ ਰਿਹਾ, ਕੀ ਉਹ ਕੰਮ ਛੱਡ ਕੇ ਕਿਤੇ ਹੋਰ ਚਲਾ ਗਿਆ?" ਮੁੜ ਸੋਫੇ ਉਪਰ ਬੈਠਦਾ ਹੈਰੀ ਬੋਲਿਆ | ਉਹ ਸਰਬਜੀਤ ਕੋਲੋਂ 'ਹਾਂ' ਅਖਵਾ ਕੇ ਹੀ ਜਾਣਾ ਚਾਹੁੰਦਾ ਸੀ |
"ਜੇ ਉਸ ਨੇ ਕੰਮ ਛੱਡ ਕੇ ਜਾਣਾ ਹੋਇਆ ਤਾਂ ਮੈਂ ਕਿਹੜਾ ਉਸ ਨੂੰ ਰੋਕ ਸਕਦੀ ਹਾਂ ਪਰ ਉਹ ਗਿਆ ਕਿਤੇ ਨਹੀਂ, ਇੱਥੇ ਹੀ ਕੰਮ ਕਰਦਾ | ਅੱਜ ਛੁੱਟੀ 'ਤੇ ਹੈ | ਕੰਮ ਮੰਦਾ ਸੀ, ਮੈਂ ਕਿਹਾ, 'ਇਕ ਦਿਨ ਦੀ ਥਾਂ ਭਾਵੇਂ ਦੋ ਦਿਨ ਲਾ ਆਵੀਂ |' ਇਕ ਮਿੰਟ! ਮੈਂ ਥਰਮਸ ਚੁੱਕ ਲਿਆਵਾਂ |" ਇਹ ਕਹਿ ਕੇ ਉਹ ਆਫਿਸ ਵੱਲ ਚਲੀ ਗਈ |
ਸਰਬਜੀਤ ਦੇ ਜਾਣ ਮਗਰੋਂ ਹੈਰੀ ਨੇ ਸਾਰੇ ਸ਼ੋਅ-ਰੂਮ ਵਿਚ ਸਰਸਰੀ ਨਜ਼ਰ ਘੁਮਾਈ | ਸ਼ੋਅ-ਰੂਮ ਵਿਚ ਬਹੁਤ ਸਾਰਾ ਨਵਾਂ ਫਰਨੀਚਰ ਪਿਆ ਸੀ | ਜਿਹੜਾ ਕਿ ਬੜੀ ਵਿਉਂਤ ਨਾਲ ਸਜਾਇਆ ਹੋਇਆ ਸੀ | ਉਸ ਨੇ ਮਨ ਵਿਚ ਸੋਚਿਆ, 'ਚੰਗੀ ਬਿਕਰੀ ਹੁੰਦੀ ਹੋਵੇਗੀ ਜਿਹੜੇ ਨਵੇਂ ਤੋਂ ਨਵੇਂ ਡਜ਼ਾਇਨ ਲਿਆ ਲਿਆ ਰੱਖੀ ਜਾਂਦੀ ਏ | ਮੇਰੇ ਵੇਲੇ ਤਾਂ ਅਜੇਹੇ ਡਜ਼ਾਇਨ ਨਹੀਂ ਸੀ ਮੰਗਵਾਏ |'
"ਚੰਗਾ ਹੋਇਆ ਤੂੰ ਆ ਗਿਆ! ਅਹਿ ਤੇਰੇ ਅੰਕਲ ਆਏ ਹੋਏ ਨੇ ਇਨ੍ਹਾਂ ਨੂੰ ਮਿਲ |" ਸਰਬਜੀਤ ਆਫਿਸ ਦੇ ਅੰਦਰੋਂ ਨਿਕਲਦੀ ਕਿਸੇ ਨੂੰ ਕਹਿ ਰਹੀ ਸੀ | ਹੈਰੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਬੌਬੀ ਇਧਰ ਨੂੰ ਤੁਰਿਆ ਆ ਰਿਹਾ ਸੀ | ਉਸ ਨੇ ਕੋਲ ਆ ਕੇ 'ਹਾਇ ਅੰਕਲ' ਕਿਹਾ ਤੇ ਫਿਰ ਆਪਣੀ ਮਾਂ ਨੂੰ ਸੰਬੋਧਨ ਹੋਇਆ, "ਮੌਮ, ਮੈਂ ਆਪਣੇ ਫਰੈਂਡਜ਼ ਨਾਲ ਬਾਹਰ ਚੱਲਿਆਂ |"
"ਮੈਂ ਨਹੀਂ ਜਾਣ ਦੇਣਾ ਤੈਨੂੰ ਕਿਤੇ ਬਾਹਰ | ਚੁੱਪ ਕਰਕੇ ਇੱਥੇ ਮੇਰੇ ਕੋਲ ਬੈਠ |" ਮਾਂ ਨੇ ਦਬਕਾ ਮਾਰਿਆ |
"ਬਾਹਰ ਮੇਰੇ ਫਰੈਂਡਜ਼ ਮੈਨੂੰ ਉਡੀਕਦੇ ਆ, ਮੈਂ ਚੱਲਿਆਂ |" ਵਾਪਸ ਮੁੜਿਆ ਜਾਂਦਾ ਬੌਬੀ ਬੋਲਿਆ |
"ਤੂੰ ਮੇਰੀ ਗੱਲ ਤਾਂ ਸੁਣਦਾ ਜਾ!" ਮਾਂ ਨੇ ਪਿੱਛੋਂ ਅਵਾਜ਼ ਮਾਰੀ ਪਰ ਬਿਨਾਂ ਕੋਈ ਮਾਂ ਦੀ ਗੱਲ ਸੁਣੇ, ਉਹ ਸ਼ੋਅ-ਰੂਮ 'ਚੋਂ ਬਾਹਰ ਨਿਕਲ ਗਿਆ | ਜਿੰਨੀ ਦੇਰ ਉਹ ਬਾਹਰ ਨਹੀਂ ਚਲਿਆ ਗਿਆ, ਹੈਰੀ ਉਸ ਦੇ ਵੱਲ ਹੀ ਦੇਖਦਾ ਰਿਹਾ |
"ਬਹੁਤਾ ਈ ਆਪ-ਹੁਦਰਾ ਹੋ ਗਿਐ | ਮੇਰੇ ਤਾਂ ਆਖੇ ਹੀ ਨਹੀਂ ਲਗਦਾ |" ਪਿਆਲੀਆਂ ਵਿਚ ਚਾਹ ਪਾਉਂਦਿਆਂ, ਸਰਬਜੀਤ ਨੇ ਕਿਹਾ |
"ਬਿਲਕੁਲ ਹੀ ਜੈਰੀ ਦੀ ਡੁਪਲੀਕੇਟ ਕਾਪੀ! ਰੰਗ ਉਸ ਤੋਂ ਵੀ ਗੋਰਾ | ਕੱਦ ਵੀ ਉਸ ਤੋਂ ਵੱਧ ਕਰ ਜਾਣਾ ਏਸ ਨੇ |" ਬੌਬੀ ਦੇ ਸੁਭਾਅ 'ਤੇ ਟਿਪਣੀ ਕਰਨ ਦੀ ਥਾਂ, ਹੈਰੀ ਨੇ ਬੌਬੀ ਦੇ ਕੱਦ-ਕਾਠ ਦੀ ਸਿਫਤ ਕੀਤੀ |
"ਪਰ ਆਦਤਾਂ ਨਹੀਂ ਉਸ ਵਰਗੀਆਂ |" ਸਰਬਜੀਤ ਨੇ ਗਿਲਾ ਕੀਤਾ |
"ਚਿਹਰੇ 'ਤੇ ਲੂਈਂ ਆ ਗਈ ਏ ਤੇ ਗਲ਼ ਦੀ ਘੰਡੀ ਫੁਟ ਕੇ ਅਵਾਜ਼ ਵੀ ਭਾਰੀ ਹੋ ਗਈ ਏ | ਇਸ ਅਵਸਥਾ ਨੂੰ ਮੁੱਛ-ਫੁਟ ਗਭਰੂ ਵਾਲੀ ਉਮਰ ਕਹਿੰਦੇ ਨੇ ਤੇ ਏਸ ਉਮਰ ਵਿਚ ਚੰਚਲਤਾ ਆ ਹੀ ਜਾਂਦੀ ਏ, ਫਿਕਰ ਕਰਨ ਦੀ ਲੋੜ ਨਹੀਂ | ਇਸ ਉਮਰ ਵਿਚ ਬੱਚੇ ਬਹੁਤੀਆਂ ਬੰਦਸ਼ਾਂ ਬਰਦਾਸ਼ਤ ਨਹੀਂ ਕਰਦੇ ਹੁੰਦੇ | ਤੁਸੀਂ ਵੀ ਇਸ ਨੂੰ ਰੋਅਬ ਨਾਲ ਨਹੀਂ ਸਗੋਂ ਪਿਆਰ ਨਾਲ ਸਮਝਾਇਆ ਕਰੋ | ਕਿਹੜੇ ਗ੍ਰੇਡ ਵਿਚ ਹੋ ਗਿਆ ਏ ਬੌਬੀ ਤੇ ਇਹ ਪੜ੍ਹਾਈ ਵਿਚ ਕਿਹੋ ਜਿਹਾ ਚਲ ਰਿਹਾ ਏ?" ਬੌਬੀ ਦੇ ਅੱਥਰੇ ਸੁਭਾਅ ਨੂੰ ਸੁਭਾਵਕ ਦਸਦਿਆਂ ਹੈਰੀ ਨੇ ਉਸ ਦੀ ਪੜ੍ਹਾਈ ਬਾਰੇ ਪੁੱਛਿਆ |
"ਬਾਰ੍ਹਵੇਂ ਗ੍ਰੇਡ ਵਿਚ ਜਾਣੈ, ਛੁੱਟੀਆਂ ਤੋਂ ਮਗਰੋਂ | ਪੜ੍ਹਾਈ ਵਿਚ ਤਾਂ ਠੀਕ ਚਲ ਰਿਹੈ ਪਰ ਉਲਾਹਮੇ ਬਹੁਤ ਆਉਂਦੇ ਨੇ ਸਕੂਲ ਵੱਲੋਂ ਏਸ ਦੇ |" ਚਾਹ ਦੀ ਘੁੱਟ ਭਰਦਿਆਂ ਸਰਬਜੀਤ ਬੋਲੀ |
"ਇਸ ਨੂੰ ਆਪਣੇ ਨਾਲ ਇੱਥੇ ਲੈ ਆਇਆ ਕਰੋ ਤੇ ਹੌਲੀ ਹੌਲੀ ਸਟੋਰ ਦੇ ਕੰਮ ਦੀ ਜਿੰਮੇਵਾਰੀ ਇਸ ਉਪਰ ਸੁੱਟੋ ਤਾਂ ਆਪੇ ਸੁਧਰ ਜਾਵੇਗਾ | ਅੱਛਾ! ਹੁਣ ਮੈਂ ਚਲਦਾਂ, ਸੁਖ ਨੂੰ ਨਾਲ ਲੈ ਕੇ, ਅੱਜ ਹੀ ਤੁਹਾਡੇ ਕੋਲ ਫਿਰ ਆਵਾਂਗਾ | ਉਹ ਮੈਨੂੰ ਨਾਂਹ ਨਹੀਂ ਕਹਿਣ ਲੱਗਾ |" ਆਪਣਾ ਬਰੀਫਕੇਸ ਚੁਕਦਾ ਹੋਇਆ ਹੈਰੀ ਬੋਲਿਆ ਪਰ ਸਰਬਜੀਤ ਨੇ ਕੋਈ ਹੁੰਗਾਰਾ ਨਹੀਂ ਭਰਿਆ | ਉਹ ਪਿੱਛੋਂ ਤੁਰੇ ਜਾਂਦੇ ਨੂੰ ਦੇਖਦੀ ਰਹੀ ਤੇ 'ਹੂੰਅ! ਮਤਲਬੀ' ਕਹਿ ਕੇ ਕਾਊਂਟਰ ਦੇ ਪਿੱਛੇ ਜਾ ਬੈਠੀ | ਜੇ ਹੋਰ ਕੋਈ ਸਮਾਂ ਹੁੰਦਾ ਤਾਂ ਉਸ ਨੇ ਹੈਰੀ ਦੀ ਮਤਲਬ ਪ੍ਰਸਤੀ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਸੀ ਪਰ ਉਸ ਦੀਆਂ ਸੋਚਾਂ 'ਤੇ ਬੌਬੀ ਦਾ ਫਿਕਰ ਭਾਰੂ ਹੋ ਗਿਆ ਸੀ ਤੇ ਉਹ ਸੋਚ ਰਹੀ ਸੀ, 'ਇਹ ਆਪ ਹੁਦਰਾ ਕਿਉਂ ਹੋਈ ਜਾ ਰਿਹਾ ਹੈ | ਹੈਰੀ ਨਾਲ ਵੀ ਕੋਈ ਗੱਲ ਨਹੀਂ ਕੀਤੀ | ਜੇ ਉਸ ਕੋਲ ਬੈਠ ਕੇ ਦੋ ਸ਼ਬਦ ਹੀ ਸਾਂਝੇ ਕਰ ਲੈਂਦਾ ਤੇ ਉਸ ਦੇ ਚਲੇ ਜਾਣ ਤੋਂ ਮਗਰੋਂ ਮੈਨੂੰ ਆਪਣਾ ਸਾਰਾ ਪ੍ਰੋਗਰਾਮ ਦੱਸ ਕੇ ਚਲਿਆ ਜਾਂਦਾ ਤਾਂ ਮੈਂ ਕਿਹੜਾ ਉਸ ਨੂੰ ਰੋਕਣਾ ਸੀ | ਪਤਾ ਨਹੀਂ ਕਿਹੜੇ ਦੋਸਤਾਂ ਨਾਲ ਗਿਆ ਹੈ | ਕਿਤੇ ਕਿਸੇ ਝੀਲ 'ਤੇ ਜਾ ਕੇ ਬੋਟਿੰਗ ਹੀ ਨਾ ਕਰਨ ਲੱਗ ਜਾਣ | ਪਹਿਲਾਂ ਇਸ ਬੋਟਿੰਗ ਨੇ ਜੈਰੀ ਦੀ ਜਾਨ ਲੈ ਲਈ ਸੀ, ਕਿਤੇ ਇਹ ਵੀ!' ਇਹ ਸੋਚਦਿਆਂ ਹੀ ਉਸ ਦੇ ਸਰੀਰ ਨੂੰ ਕਾਂਬਾ ਜਿਹਾ ਚੜ੍ਹਿਆ ਤੇ ਉਹ ਆਪਣੇ ਮਨ ਨੂੰ ਹੋਰ ਪਾਸੇ ਪਾਉਣ ਲਈ, ਇਕ ਫਾਈਲ ਚੁੱਕ ਕੇ ਜਮ੍ਹਾ ਜੋੜ ਕਰਨ ਲੱਗੀ |
ਇਧਰ ਮਾਂ ਬੌਬੀ ਦੇ ਫਿਕਰ ਵਿਚ ਕਲਪ ਰਹੀ ਸੀ ਤੇ ਉਧਰ ਬੌਬੀ ਰਮੋਲੋ ਨਾਲ ਕਾਰ ਵਿਚ ਬੈਠਾ, ਸ਼ਹਿਰੋਂ ਬਾਹਰ ਜੰਗਲ ਵੱਲ ਜਾ ਰਿਹਾ ਸੀ | ਦੂਰ ਜੰਗਲ ਵਿਚ ਜਾ ਕੇ, ਜਿੱਥੇ ਨੇੜੇ ਤੇੜੇ ਕੋਈ ਵਸੋਂ ਨਹੀਂ ਸੀ, ਇਕ ਪਹਾੜੀ ਦੇ ਪੈਰਾਂ ਵਿਚ, ਖਾਲੀ ਥਾਂ 'ਤੇ ਕਾਰ ਨੂੰ ਰੋਕਦਿਆਂ ਰਮੋਲੋ ਨੇ ਬੌਬੀ ਨੂੰ ਕਿਹਾ, "ਇਹ ਹੈ ਆਪਣੀ ਸਿਖਲਾਈ ਵਾਲੀ ਥਾਂ | ਮਾਰੀਓ ਮੈਨੂੰ ਇੱਥੇ ਹੀ ਲੈ ਕੇ ਆਇਆ ਸੀ |"
ਬੌਬੀ ਨੇ ਕਾਰ ਵਿਚੋਂ ਉਤਰ ਕੇ ਦੇਖਿਆ, ਆਲੇ ਦੁਆਲੇ ਉੱਚੇ ਉੱਚੇ ਹਰਿਆਲੇ ਪਹਾੜ ਸਨ | ਪੂਰਬ ਵਾਲੇ ਪਸਿਉਂ ਇਕ ਕੂਲ੍ਹ ਵਹਿੰਦੀ ਹੋਈ ਇੱਥੋਂ ਦੱਖਣ ਵੱਲ ਨੂੰ ਮੋੜ ਕੱਟ ਗਈ ਸੀ ਅਤੇ ਇਸ ਥਾਂ 'ਤੇ ਛੋਟੀ ਜਿਹੀ ਝੀਲ ਬਣ ਗਈ ਸੀ | ਇਸ ਝੀਲ ਵਿਚ ਮੱਛੀਆਂ ਤੈਰ ਰਹੀਆਂ ਸਨ | ਉਹ ਮੱਛੀਆਂ ਵੱਲ ਦੇਖ ਰਿਹਾ ਸੀ ਕਿ ਰਮੋਲੋ ਵੀ ਉਸ ਕੋਲ ਆ ਕੇ ਖੜਾ ਹੋ ਗਿਆ | ਬੌਬੀ ਨੂੰ ਉਸ ਦਾ ਪਰਛਾਵਾਂ ਪਾਣੀ ਵਿਚ ਦਿਸਿਆ ਤਾਂ ਉਸ ਉਹਦੇ ਵੱਲ ਮੂੰਹ ਕਰਕੇ ਵਿਅੰਗ ਨਾਲ ਪੁੱਛਿਆ, "ਤੂੰ ਮੈਨੂੰ ਮੱਛੀਆਂ ਫੜਨ ਦਾ ਅਨੋਖਾ ਕਾਰਜ ਸਿਖਾਉਣ ਲਈ ਇੱਥੇ ਲੈ ਕੇ ਆਇਆ ਹੈਂ?"
"ਅਹਿ ਦੇਖ! ਤੈਨੂੰ ਇਹ ਸਿਖਾਉਣ ਲਈ ਇੱਥੇ ਲੈ ਕੇ ਆਇਆ ਹਾਂ |" ਰਮੋਲੋ ਨੇ ਇਕ ਛੋਟੇ ਜਿਹੇ ਰਿਵਾਲਵਰ ਨੂੰ ਉਸ ਦੇ ਹੱਥ ਫੜਾਉਂਦਿਆਂ ਕਿਹਾ |
ਬੌਬੀ ਨੇ ਉਸ ਨੂੰ ਉਲਟਾ ਪਲਟਾ ਕੇ ਦੇਖਿਆ | ਇਹ ਕਾਲ਼ਾ ਜਿਹਾ ਖਿਡਾਉਣਾ ਉਸ ਨੂੰ ਸੁਹਣਾ ਲੱਗਾ | ਪਰ ਨਾ ਹੀ ਇਹ ਉਸ ਨੂੰ ਖੋਲ੍ਹਣਾ ਆਇਆ ਅਤੇ ਨਾ ਹੀ ਚਲਾਉਣਾ | ਫਿਰ ਰਮੋਲੋ ਨੇ ਰਿਵਾਲਵਰ ਖੋਲ੍ਹ ਕੇ, ਬੌਬੀ ਨੂੰ, ਉਸ ਦੇ ਅੱਡ ਅੱਡ ਪੁਰਜਿਆਂ ਦੇ ਨਾਮ ਦੱਸੇ | ਉਸ ਤੋਂ ਮਗਰੋਂ ਰਿਵਾਲਵਰ ਨੂੰ ਖੋਲ੍ਹਣਾ ਤੇ ਬੰਦ ਕਰਨਾ ਸਿਖਾਇਆ | ਫਿਰ ਖਾਲੀ ਰਿਵਾਲਵਰ ਨੂੰ ਸ਼ਿਸਤ ਬੰਨ੍ਹ ਕੇ ਚਲਾਉਣ ਦੀ ਸਿਖਲਾਈ ਦੇ ਕੇ ਆਪ ਇਕ ਗੋਲ਼ੀ ਪਾਣੀ ਵਿਚ ਫਿਰਦੀ ਮੱਛੀ ਦੇ ਮਾਰੀ | ਇਕ ਪਟਾਕਾ ਚੱਲਿਆ, ਮੱਛੀ ਪਾਣੀ ਵਿਚ ਹੀ ਲਹੂ ਲੁਹਾਣ ਹੋ ਤੜਪੀ ਤੇ ਮਰ ਗਈ | ਅਖੀਰ ਵਿਚ ਉਸ ਨੇ ਬੌਬੀ ਕੋਲੋਂ, ਉੱਚੀ ਥਾਂ 'ਤੇ ਛੋਟਾ ਜਿਹਾ ਪੱਥਰ ਰੱਖ ਕੇ, ਤਿੰਨ ਗੋਲ਼ੀਆਂ ਚਲਵਾਈਆਂ, ਜਿਹੜੀਆਂ ਠੀਕ ਨਿਸ਼ਾਨੇ 'ਤੇ ਲੱਗੀਆਂ | ਰਮੋਲੋ ਖੁਸ਼ ਹੋ ਕੇ ਬੋਲਿਆ, "ਤੂੰ ਤਾਂ ਬਹੁਤ ਛੇਤੀ ਵੱਧੀਆ ਨਿਸ਼ਾਨਚੀ ਬਣ ਜਾਵੇਂਗਾ |"
"ਮੈਂ ਵੀ ਇਹੋ ਜਿਹਾ ਹੀ ਇਕ ਲੈਣਾ ਚਾਹੁਨਾ |" ਹੁਲਾਸ ਵਿਚ ਆ ਕੇ ਬੌਬੀ ਨੇ ਕਿਹਾ |
"ਕਿਉਂ ਨਹੀਂ, ਜਰੂਰ ਮਿਲ ਜਾਵੇਗਾ | ਪਰ ਇਸ ਨੂੰ ਖਰੀਦਣ ਲਈ ਨਾਵਾਂ ਵੀ ਚਾਹੀਦਾ ਹੈ ਜਿਹੜਾ ਮਾਪਿਆਂ ਕੋਲੋਂ ਨਹੀਂ ਲਿਆ ਜਾ ਸਕਦਾ |" ਰਮੋਲੋ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ |
"ਤੇਰੇ ਸਾਥ ਵਿਚ ਨਾਵੇਂ ਦਾ ਫਿਕਰ ਕੇਹਾ! ਇਸ ਦਾ ਪ੍ਰਬੰਧ ਤਾਂ ਸੌਖਿਆਂ ਹੀ ਹੋ ਜਾਵੇਗਾ |" ਬੌਬੀ ਰਮੋਲੋ ਦੀ ਰਮਜ਼ ਨੂੰ ਸਮਝ ਗਿਆ ਸੀ |
"ਇਸ ਨੂੰ ਰੱਖਣ ਤੇ ਚਲਾਉਣ ਲਈ ਵੀ ਬਹੁਤ ਸਾਵਧਾਨੀ ਦੀ ਲੋੜ ਹੈ |" ਰਿਵਾਲਵਰ ਨੂੰ ਆਪਣੀ ਹਾਫ-ਪੈਂਟ ਦੀ ਜੇਬ ਵਿਚ ਪਾਉਂਦਿਆਂ ਰਮੋਲੋ ਨੇ ਕਿਹਾ |
"ਇਹ ਖਿਡਾਉਣਾ ਜਿਹਾ ਤਾਂ ਹੈ | ਇਸ ਨੂੰ ਕਿਤੇ ਵੀ ਲਕੋਇਆ ਜਾ ਸਕਦਾ ਹੈ |" ਬੌਬੀ ਨੇ ਲਾਪ੍ਰਵਾਹੀ ਨਾਲ ਕਿਹਾ |
"ਇਹ ਖਿਡਾਉਣਾ ਨਹੀਂ ਹੈ, ਬਹੁਤ ਖਤਰਨਾਕ ਹਥਿਆਰ ਹੈ, ਇਕ ਗੋਲ਼ੀ ਬੰਦੇ ਦੀ ਜਾਨ ਲੈ ਲੈਂਦੀ ਹੈ ਤੇ ਇਸ ਦੇ ਚੱਲਣ ਨਾਲ ਆਪਣੀ ਜਾਨ ਵੀ ਜਾ ਸਕਦੀ ਹੈ | ਤੇਰੇ ਵਰਗੇ ਜੋਸ਼ੀਲੇ ਮੁੰਡੇ ਲਈ ਤਾਂ ਹੋਰ ਵੀ ਖਤਰਨਾਕ ਹੈ |" ਰਮੋਲੋ ਨੇ ਬੌਬੀ ਦੇ ਸੁਭਾਅ 'ਤੇ ਉਂਗਲ ਰੱਖ ਦਿੱਤੀ |
"ਕੀ ਖਤਰਨਾਕ ਹੈ?" ਬੌਬੀ ਨੇ ਗੁੱਸੇ ਵਿਚ ਤੜਪ ਕੇ ਕਿਹਾ |
"ਬੱਸ ਇਹੋ ਹੀ |" ਰਮੋਲੋ ਹੱਸ ਕੇ ਬੋਲਿਆ |
"ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ | 'ਬੱਸ ਇਹੋ ਹੀ' ਕਹਿਣ ਦਾ ਕੀ ਮਤਲਬ ਹੈ ਤੇਰਾ?" ਬੌਬੀ ਨੇ ਪੁੱਛਿਆ |
"ਜੇ ਮੇਰੀ ਗੱਲ ਨੂੰ ਗੰਭੀਰਤਾ ਨਾਲ ਸੁਣੇਂਗਾ ਤਾਂ ਮੈਂ ਤੈਨੂੰ ਦੱਸ ਵੀ ਸਕਦਾ ਹਾਂ |"
"ਮੈਂ ਪਹਿਲਾਂ ਵੀ ਤੇਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਹੀ ਸੁਣਦਾ ਰਿਹਾ ਹਾਂ, ਤੂੰ ਗੱਲ ਦੱਸ |"
"ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਤੂੰ ਬਹੁਤ ਛੇਤੀ ਗੁੱਸੇ ਵਿਚ ਆ ਜਾਂਦਾ ਹੈਂ ਅਤੇ ਗੁੱਸੇ ਵਿਚ ਆ ਕੇ ਨਿੱਕੀ ਨਿੱਕੀ ਗੱਲ 'ਤੇ ਲੜਨ ਲਈ ਤਿਆਰ ਹੋ ਜਾਂਦਾ ਹੈਂ | ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਤੇਰੇ ਵਿਚ ਦਲੇਰੀ, ਦ੍ਰਿੜਤਾ ਤੇ ਜੋਸ਼ ਬਹੁਤ ਹੈ ਪਰ ਜੋਸ਼ ਵਿਚ ਆ ਕੇ ਹੋਸ਼ ਨੂੰ ਕਦੇ ਨਹੀਂ ਗੁਆ ਬੈਠੀਦਾ |" ਰਮੋਲੋ ਨੇ ਤਹੱਮਲ ਨਾਲ ਉਸ ਨੂੰ ਸਮਝਾਇਆ |
"ਮੈਨੂੰ ਦੱਸ, ਮੈਂ ਕਦੋਂ ਕੋਈ ਅਜੇਹੀ ਗੱਲ ਕੀਤੀ ਹੈ?" ਬੌਬੀ ਨੇ ਹੈਰਾਨੀ ਨਾਲ ਪੁੱਛਿਆ |
"ਪਿਛਲੇ ਸਾਲ ਜਦੋਂ ਲਾਰੰਸ ਹੁਰਾਂ ਨਾਲ ਤੇਰੀ ਲੜਾਈ ਹੋਈ ਸੀ ਤਾਂ ਤੇਰਾ ਕੋਈ ਦੋਸਤ ਤੇਰੇ ਨਾਲ ਨਹੀਂ ਸੀ, ਤੂੰ ਉਸ ਵੇਲੇ ਉਹਨਾਂ ਕੋਲੋਂ ਚੁਸਤੀ ਨਾਲ ਖਹਿੜਾ ਛਡਾ ਸਕਦਾ ਸੀ, ਪਿੱਛੋਂ ਆਪਾਂ ਉਹਨਾਂ ਦਾ ਮੱਕੂ ਠੱਪ ਦਿੰਦੇ ਪਰ ਤੂੰ ਇਕੱਲਾ ਹੀ ਉਹਨਾਂ ਦੇ ਗਲ਼ ਪੈ ਗਿਆ, ਜਿਸ ਕਰਕੇ ਤੂੰ ਕੁੱਟ ਵੀ ਖਾਧੀ ਤੇ ਪੁਲੀਸ ਨੇ ਵੀ ਤੈਨੂੰ ਹੀ ਗ੍ਰਿਫਤਾਰ ਕੀਤਾ | ਫਿਰ ਤੂੰ ਗੁੱਸੇ ਵਿਚ ਆ ਕੇ ਬਿਨਾਂ ਸੋਚੇ ਸਮਝੇ ਪ੍ਰਿੰਸੀਪਲ ਦੇ ਘਰ ਨੂੰ ਅੱਗ ਲਾਉਣ ਨੂੰ ਫਿਰਦਾ ਸੀ |" ਰਮੋਲੋ ਨੇ ਉਸ ਨੂੰ ਯਾਦ ਕਰਵਾਇਆ |
"ਮਗਰੋਂ ਲਾਰੰਸ ਨੇ ਮੇਰੇ ਕੋਲੋਂ ਮੁਆਫੀ ਵੀ ਮੰਗੀ ਸੀ | ਇਸੇ ਕਰਕੇ ਤਾਂ ਹੁਣ ਕੋਈ ਸਕੂਲ ਵਿਚ ਡਰਦਾ, ਮੇਰੇ ਸਾਹਮਣੇ ਅੱਖ ਚੁੱਕ ਕੇ ਨਹੀਂ ਦੇਖ ਸਕਦਾ |" ਬੌਬੀ ਨੇ ਹਿੱਕ ਚੌੜੀ ਕਰਕੇ ਕਿਹਾ |
"ਮੁਆਫੀ ਮੰਗਵਾਉਣ ਦੀ ਸਾਰੀ ਕਹਾਣੀ ਦਾ ਤੈਨੂੰ ਪਤਾ ਹੀ ਹੈ ਕਿ ਮੈਂ ਲਾਰੰਸ ਨੂੰ ਕਿਵੇਂ ਡਰਾਇਆ, ਧਮਕਾਇਆ ਤੇ ਸਮਝਾਇਆ ਸੀ |" ਰਮੋਲੋ ਨੇ ਕਿਹਾ |
"ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ ?" ਬੋਬੀ ਨੇ ਪੁੱਛਿਆ, ਜਿਵੇਂ ਉਸ ਨੂੰ ਆਪਣੇ ਗੁਸੈਲੇ ਸੁਭਾਅ ਦਾ ਅਹਿਸਾਸ ਹੋ ਗਿਆ ਹੋਵੇ |
"ਇਸ ਬਾਰੇ ਤੂੰ ਵਿਹਲੇ ਸਮੇਂ, ਇਕਾਂਤ ਵਿਚ ਬੈਠ ਕੇ, ਸ਼ਾਂਤੀ ਨਾਲ ਸੋਚੀਂ ਤੇ ਸਵੈਪੜਚੋਲ ਕਰੀਂ, ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਜਦੋਂ ਵੀ ਕਦੇ ਤੂੰ ਗੁੱਸੇ ਵਿਚ ਆ ਕੇ, ਬਿਨਾਂ ਸੋਚੇ, ਕੋਈ ਕਦਮ ਚੁੱਕਿਆ ਤਾਂ ਉਸ ਦਾ ਕੀ ਸਿੱਟਾ ਨਿਕਲਿਆ ਸੀ?" ਰਮੋਲੋ ਨੇ ਬੜੀ ਗੰਭੀਰਤਾ ਨਾਲ ਕਿਹਾ |
"ਇਸ ਬਾਰੇ ਜਰੂਰ ਸੋਚਾਂਗਾ ਪਰ ਇਹ ਦੱਸ ਕਿ ਮੈਨੂੰ ਹੋਰ ਕੀ ਸਵਾਧਾਨੀਆਂ ਵਰਤਣ ਦੀ ਲੋੜ ਹੈ?" ਬੌਬੀ ਨੇ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਪੁੱਛਿਆ |
"ਰਿਵਾਲਵਰ ਦੀ ਸੰਭਾਲ ਬਾਰੇ ਸਵਧਾਨੀਆਂ ਦੀ ਗੱਲ ਫੇਰ ਕਦੀ ਕਰਾਂਗੇ ਜਦੋਂ ਤੂੰ 'ਇਹ' ਲੈ ਲਿਆ ਪਰ ਮੈਂ ਤੇਰੇ ਨਾਲ ਕੋਈ ਹੋਰ ਗੱਲ ਕਰਨ ਬਾਰੇ ਸੋਚ ਰਿਹਾ ਸੀ |" ਰਮੋਲੋ ਨੇ ਬੌਬੀ ਦੇ ਚਿਹਰੇ ਦੇ ਪ੍ਰਭਾਵਾਂ ਨੂੰ ਜਾਚਦਿਆਂ ਕਿਹਾ |
"ਅਵੱਸ਼! ਜੇ ਕੋਈ ਭੇਦ ਵਾਲੀ ਗੱਲ ਵੀ ਹੈ ਤਾਂ ਵੀ ਤੂੰ ਮੇਰੇ ਉਪਰ ਭਰੋਸਾ ਕਰ ਕੇ ਸਾਂਝੀ ਕਰ ਸਕਦਾ ਹੈਂ |" ਬੌਬੀ ਨੇ ਸੋਚਿਆ ਕਿ ਉਹ ਕੋਈ ਭੇਦ ਵਾਲੀ ਗੱਲ ਕਰਨ ਤੋਂ ਝਿਜਕ ਰਿਹਾ ਹੈ |
"ਤੇਰੇ ਉਪਰ ਭਰੋਸਾ ਤੇ ਵਿਸ਼ਵਾਸ ਸੀ, ਤਾਹੀਂ ਤੈਨੂੰ ਆਪਣਾ ਹਮਰਾਜ਼ ਬਣਾਇਆ ਹੈ | ਮੈਂ ਤਾਂ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਤੂੰ ਪੜ੍ਹਾਈ ਦਾ ਖਿਆਲ ਛੱਡ ਕੇ ਆਪਣੀ ਮਾਂ ਦੇ ਫਰਨੀਚਰ ਸਟੋਰ 'ਤੇ ਕੰਮ ਕਰਿਆ ਕਰੇਂ |" ਰਮੋਲੋ ਨੇ ਝਿਜਕਦਿਆਂ ਆਪਣੀ ਗੱਲ ਕਹਿ ਦਿੱਤੀ |
"ਪੜ੍ਹਾਈ ਦਾ ਤਾਂ ਅਹਿ ਸਾਲ ਪੂਰਾ ਕਰਨਾ ਪਵੇਗਾ, ਅਗਾਂਹ ਮੈਂ ਪੜ੍ਹਨਾ ਨਹੀਂ, ਮਾਂ ਭਾਵੇਂ ਕਿੰਨਾ ਜੋਰ ਲਾ ਲਵੇ ਪਰ ਸਟੋਰ 'ਤੇ ਕੰਮ ਕਰਨ ਵਾਲੀ ਗੱਲ ਦੀ ਮੈਨੂੰ ਸਮਝ ਨਹੀਂ ਆਈ |" ਬੌਬੀ ਨੇ ਰਮੋਲੋ ਦੇ ਚਿਹਰੇ ਵੱਲ ਦੇਖ ਕੇ ਕਿਹਾ |
"ਇਹ ਵੀ ਤੈਨੂੰ ਦਸਦਾਂ, ਪਹਿਲਾਂ ਹੋਰ ਗੱਲ ਮੇਰੇ ਯਾਦ ਆ ਗਈ ਉਹ ਸੁਣ | ਮਾਰੀਓ ਨੇ ਵੀ ਆਪਣੇ ਨਾਲ ਇੱਥੇ ਆਉਣਾ ਸੀ ਪਰ ਉਸ ਨੂੰ ਰਾਤੀਂ ਹੀ, ਕਿਸੇ ਖਾਸ ਕੰਮ, ਕਿਤੇ ਬਾਹਰ ਜਾਣਾ ਪੈ ਗਿਆ, ਜਿਸ ਕਰਕੇ ਉਹ ਨਹੀਂ ਆ ਸਕਿਆ ਪਰ ਜਦੋਂ ਉਹ ਮੈਨੂੰ ਹੱਥਿਆਰ ਸਿਖਾਉਣ ਲਈ ਇੱਥੇ ਲੈ ਕੇ ਆਇਆ ਸੀ ਤਾਂ ਉਸ ਨੇ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਦੱਸੀਆ ਸਨ | ਜਿਵੇਂ ਕਿ ਆਪਣੇ ਘਰਦਿਆਂ ਨੂੰ ਕਦੀ ਸ਼ੱਕ ਨਹੀਂ ਪੈਣ ਦੇਣੀ ਚਾਹੀਦੀ ਕਿ ਖਰਚ ਕਰਨ ਲਈ ਇਹ ਵਾਧੂ ਦਾ ਨਾਵਾਂ, ਸਾਡੇ ਕੋਲ ਕਿੱਥੋਂ ਆ ਜਾਂਦਾ ਹੈ | ਇਸ ਲਈ ਸਾਨੂੰ ਕਿਸੇ ਨਾ ਕਿਸੇ ਕੰਮ ਦਾ ਦਿਖਾਵਾ ਕਰਨਾ ਜਰੂਰੀ ਹੈ, ਤੇਰੀ ਮਾਂ ਦਾ ਆਪਣਾ ਸਟੋਰ ਹੈ, ਤੂੰ ਜੇ ਉੱਥੇ ਕੰਮ ਕਰੇਂਗਾ ਤਾਂ ਉਸ ਨੂੰ ਤੇਰੇ ਕੋਲ ਵਾਧੂ ਪੈਸੇ ਹੋਣ ਦਾ ਸ਼ੱਕ ਵੀ ਨਹੀਂ ਪਵੇਗਾ ਅਤੇ ਬਾਅਦ ਵਿਚ ਤੂੰ, ਇਸ ਕੰਮ ਤੋਂ ਜਾਣੂ ਹੋਣ ਕਰਕੇ, ਆਪਣਾ ਸਟੋਰ ਵੀ ਖੋਲ੍ਹ ਸਕਦਾ ਹੈਂ | ਇਸ ਕੰਮ ਵਿਚ ਆਪਣੇ ਕਾਰੋਬਾਰ ਦਾ ਹੋਣਾ ਬਹੁਤ ਜਰੂਰੀ ਹੈ | ਨਿਕੋਲ ਦੀ ਬਦਕਿਸਮਤੀ ਸੀ ਕਿ ਉਸ ਦੇ ਬਾਪ ਦਾ ਆਪਣਾ ਕਾਰੋਬਾਰ ਨਹੀਂ ਸੀ | ਮੈਂ ਨਿਕੋਲ ਨੂੰ ਸਲਾਹ ਵੀ ਦਿੱਤੀ ਸੀ ਕਿ ਉਹ ਕੋਈ ਅੰਸ਼-ਕਾਲ ਨੌਕਰੀ ਕਰ ਲਵੇ ਪਰ ਉਹ ਨਾ ਮੰਨਿਆ ਤੇ ਉਸ ਦੇ ਬਾਪ ਨੂੰ ਉਸ ਕੋਲ ਵਾਧੂ ਪੈਸੇ ਹੋਣ ਦਾ ਛੇਤੀ ਹੀ ਪਤਾ ਲੱਗ ਗਿਆ | ਉਸ ਨੇ ਸੋਚਿਆ ਹੋਵੇਗਾ ਕਿ ਇੱਥੇ ਰਹਿ ਕੇ ਮੁੰਡਾ ਵਿਗੜ ਜਾਵੇਗਾ, ਜਿਸ ਕਾਰਨ ਉਹ ਇਹ ਸ਼ਹਿਰ ਛੱਡ ਕੇ ਟੁਰਾਂਟੋ ਚਲੇ ਗਏ | ਹੁਣ ਮੈਂ ਆਪਣੀ ਗੱਲ ਦਸਦਾਂ, ਜਦੋਂ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ ਤਾਂ ਫਿਰ ਮੈਂ ਜਾਣ ਬੁੱਝ ਕੇ ਮੁੜ ਸਕੂਲ ਵਿਚ ਦਾਖਲਾ ਨਹੀਂ ਸੀ ਲਿਆ ਅਤੇ ਆਪਣੇ ਬਾਪ ਦੀ ਫਿਸ਼-ਕੈਨਰੀ ਵਿਚ ਕੰਮ ਕਰਨ ਲੱਗ ਪਿਆ ਸੀ | ਉਸ ਸਮੇਂ ਜਿਹੜਾ ਮੈਂ ਖਰਚ ਕਰਦਾ ਸੀ ਉਸ ਦਾ ਤੁਹਾਨੂੰ ਪਤਾ ਹੀ ਹੈ ਅਤੇ ਹੁਣ ਮੇਰੀ ਵੱਖਰੀ ਫਿਸ਼-ਕੈਨਰੀ ਹੈ, ਇਸੇ ਲਈ ਮੈਂ ਕਿਹਾ ਹੈ ਕਿ ਹੁਣੇ ਤੋਂ ਸਟੋਰ ਵਾਲੇ ਪਾਸੇ ਧਿਆਨ ਲਾ |" ਝੀਲ ਦੇ ਕਿਨਾਰੇ ਚਹਿਲ-ਕਦਮੀ ਕਰਦਿਆਂ ਰਮੋਲੋ ਬੌਬੀ ਨਾਲ ਗੱਲਾਂ ਕਰਦਾ ਗਿਆ | ਕੁਝ ਚਿਰ ਚੁੱਪ ਰਹਿਣ ਮਗਰੋਂ ਉਹ ਫਿਰ ਬੌਬੀ ਨੂੰ ਦੱਸਣ ਲੱਗਾ, "ਮੈਂ ਸਮਝਦਾ ਹਾਂ ਕਿ ਦੀਪ ਆਪਣਾ ਦੋਸਤ ਹੈ ਪਰ ਰਿਵਾਲਵਰ ਵਾਲੀ ਗੱਲ ਅਜੇ ਉਸ ਨੂੰ ਨਹੀਂ ਦੱਸਣੀ | ਸਮਾਂ ਆਉਣ 'ਤੇ ਉਸ ਨੂੰ ਵੀ ਗੰਨ ਚਲਾਉਣੀ ਸਿਖਾ ਦਿਆਂਗੇ | ਹੁਣ ਆਪਾਂ ਨੂੰ ਵਾਪਸ ਮੁੜਨਾ ਚਾਹੀਦਾ ਹੈ |" ਇਹ ਕਹਿ ਕੇ ਰਮੋਲੋ ਕਾਰ ਵੱਲ ਤੁਰ ਪਿਆ ਅਤੇ ਬੌਬੀ ਵੀ ਉਸ ਦੇ ਨਾਲ ਨਾਲ ਤੁਰਨ ਲੱਗਾ |
"ਤੂੰ ਮੈਨੂੰ ਫਰਨੀਚਰ ਸਟੋਰ 'ਤੇ ਹੀ ਛੱਡ ਦੇਵੀਂ |" ਬੌਬੀ ਨੇ ਕਾਰ ਵਿਚ ਬੈਠਦਿਆਂ ਕਿਹਾ |
"ਹੁਣੇ ਫਰਨੀਚਰ ਸਟੋਰ 'ਤੇ ਜਾ ਕੇ ਕੀ ਕਰਨਾ ਹੈ? ਕਿਤੇ ਬਾਹਰ ਜਾ ਕੇ ਮੌਜ ਮਸਤੀ ਕਰਾਂਗੇ | ਆਥਣ ਨੂੰ ਮੈਂ ਤੈਨੂੰ ਘਰ ਛੱਡ ਦਿਆਂਗਾ |" ਰਮੋਲੋ ਨੇ ਮੁਸਕਰਾ ਕੇ ਉਸ ਵੱਲ ਦੇਖਿਆ |
"ਤੂੰ ਆਪ ਹੀ ਤਾਂ ਕਿਹਾ ਸੀ ਕਿ 'ਕਦੇ ਵੀ ਘਰਦਿਆਂ ਨੂੰ ਸ਼ੱਕ ਨਹੀਂ ਪੈਣ ਦੇਣੀ ਚਾਹੀਦੀ ਅਤੇ ਮੈਂ ਫਰਨੀਚਰ ਸਟੋਰ 'ਤੇ ਮਾਂ ਨਾਲ ਕੰਮ ਕਰਾਇਆ ਕਰਾਂ' | ਇਹ ਗੱਲ ਮੇਰੇ ਵੀ ਦਿਲ ਲਗਦੀ ਹੈ | ਸੋ ਅੱਜ ਤੂੰ ਮੈਨੂੰ ਸਟੋਰ 'ਤੇ ਹੀ ਛੱਡ ਦੇਵੀਂ | ਮੌਜ ਮਸਤੀ ਵਾਲਾ ਪ੍ਰੋਗ੍ਰਾਮ ਕਿਸੇ ਦਿਨ ਫਿਰ ਸਹੀ |" ਬੌਬੀ ਨੇ ਸੋਚ ਸੋਚ ਕੇ ਕਿਹਾ |
'ਜਿਵੇਂ ਤੇਰੀ ਇੱਛਾ!' ਕਹਿ ਕੇ ਰਮੋਲੋ ਨੇ ਕਾਰ ਸ਼ਹਿਰ ਵੱਲ ਮੋੜ ਲਈ | ਬੌਬੀ ਨੂੰ ਫਰਨੀਚਰ ਸਟੋਰ ਕੋਲ ਉਤਾਰ ਕੇ ਉਹ ਆਪ ਆਪਣੀ ਫਿਸ਼ਕੈਨਰੀ ਵੱਲ ਚਲਾ ਗਿਆ |
ਬੌਬੀ ਹਰ ਰੋਜ਼ ਫਰਨੀਚਰ ਸਟੋਰ 'ਤੇ ਜਾਣ ਲੱਗ ਪਿਆ ਪਰ ਜਦੋਂ ਵੀ ਰਮੋਲੋ ਉਸ ਨੂੰ ਕੋਈ ਸੁਨੇਹਾ ਘਲਦਾ ਉਹ ਝਟ ਮਾਂ ਕੋਲ ਕੋਈ ਨਾ ਕੋਈ ਬਹਾਨਾ ਲਾ ਕੇ ਸਟੋਰ ਵਿਚੋਂ ਖਿਸਕ ਜਾਂਦਾ | ਡਰਾਈਵਿੰਗ ਲਸੰਸ ਲੈ ਲਿਆ ਹੋਣ ਕਰਕੇ ਕਈ ਵਾਰ ਤਾਂ ਉਹ ਆਪਣੀ ਮਾਂ ਦੀ ਕਾਰ ਵੀ ਲੈ ਜਾਂਦਾ | ਮਾਂ ਨੂੰ ਕੋਈ ਪਤਾ ਨਾ ਲਗਦਾ ਕਿ ਉਹ ਕਿਧਰ ਜਾਂਦਾ ਹੈ ਤੇ ਕੀ ਕਰਦਾ ਹੈ ਪਰ ਉਹ ਇਸ ਗੱਲ ਤੋਂ ਖੁਸ਼ ਸੀ ਕਿ ਬੌਬੀ ਸਟੋਰ ਦੇ ਕੰਮ ਵਿਚ ਦਿਲਚਸਪੀ ਲੈਣ ਲੱਗ ਪਿਆ ਹੈ | ਛੁੱਟੀਆਂ ਖਤਮ ਹੋਣ 'ਤੇ ਬੌਬੀ ਨੇ ਮਾਂ ਨੂੰ ਕਿਹਾ, "ਮੌਮ, ਮੈਂ ਅੱਗੇ ਨਹੀਂ ਪੜ੍ਹਨਾ | ਸਟੋਰ 'ਤੇ ਕੰਮ ਕਰਿਆ ਕਰਾਂਗਾ|"
"ਮੈਂ ਤਾਂ ਰੀਝਾਂ ਪਾਲੀ ਬੈਠੀ ਸੀ ਕਿ ਤੈਨੂੰ ਉੱਚੀ ਤੋਂ ਉੱਚੀ ਵਿਦਿਆ ਦਿਵਾਉਣੀ ਹੈ ਤੇ ਤੂੰ ਸਕੂਲ ਦੀ ਪੜ੍ਹਾਈ ਵੀ ਪੂਰੀ ਨਾ ਕਰੇਂ! ਇਹ ਨਹੀਂ ਹੋ ਸਕਦਾ | ਮੈਂ ਭਾਵੇਂ ਕਿੰਨੀ ਵੀ ਔਖੀ ਹੋ ਲਵਾਂ ਪਰ ਤੈਨੂੰ ਪੜ੍ਹਾਉਣਾ ਹੈ |" ਮਾਂ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਅਤੇ ਅਗਲੇ ਦਿਨ ਉਸ ਨੂੰ ਸਕੂਲ ਵਿਚ ਦਾਖਲ ਹੋਣਾ ਪੈ ਗਿਆ |
ਬੌਬੀ ਦੇ ਸਕੂਲ ਵਿਚ ਦਾਖਲ ਹੋਣ ਤੋਂ ਅਗਲੇ ਦਿਨ ਹੀ ਮਾਰੀਓ ਨੇ ਰਮੋਲੋ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ, "ਤੇਰੇ ਦੋਸਤ ਬੌਬੀ ਕਿਵੇਂ ਚੱਲ ਰਿਹਾ ਹੈ?"
"ਉਹ ਮੈਨੂੰ ਆਪਣਾ ਜਿਗਰੀ ਯਾਰ ਸਮਝਣ ਲੱਗ ਪਿਆ ਹੈ ਤੇ ਮੇਰੀ ਹਰ ਗੱਲ ਮੰਨਦਾ ਹੈ |"
"ਫਿਰ ਉਹ ਸਕੂਲ ਵਿਚ ਮੁੜ ਦਾਖਲ ਕਿਉਂ ਹੋ ਗਿਆ?"
"ਅਜੇ ਉਹ ਪੜ੍ਹਾਈ ਛੱਡਣ ਲਈ ਮਨ ਨਹੀਂ ਬਣਾ ਸਕਿਆ ਅਤੇ ਉਸ ਦੀ ਮਾਂ ਵੀ ਉਸ ਨੂੰ ਅਗਾਂਹ ਪੜ੍ਹਨ ਲਈ ਮਜਬੂਰ ਕਰ ਰਹੀ ਹੈ, ਜਿਸ ਦਾ ਉਹ ਵਿਰੋਧ ਨਹੀਂ ਕਰ ਸਕਦਾ, ਉਂਝ ਉਹ ਜਾਲ ਵਿਚ ਪੂਰੀ ਤਰ੍ਹਾਂ ਆ ਚੁੱਕਾ ਹੈ |"
"ਜਾਲ ਵਿਚ ਫਸਿਆ ਮੈਂ ਤਦ ਸਮਝਦਾ ਜੇ ਉਹ ਆਪਣੇ ਸਟੋਰ ਨੂੰ ਸੰਭਾਲਦਾ |"
"ਬੇਫਿਕਰ ਹੋ ਜਾ ਤੂੰ ਮਾਰੀਓ, ਧਨੀ ਬਣਨ ਦੀ ਲਾਲਸਾ ਉਸ ਵਿਚ ਪੈਦਾ ਹੋ ਚੁੱਕੀ ਹੈ |" ਰਮੋਲੋ ਨੇ ਮਾਰੀਓ ਨੂੰ ਯਕੀਨ ਦਵਾਇਆ ਤੇ ਫਿਰ ਉਹ ਬੌਬੀ ਦੀ ਗੱਲ ਛੱਡ ਕੇ ਹੋਰ ਗੱਲਾਂ ਕਰਨ ਲੱਗੇ