ਰੋਜ਼ ਹਵਾ ਵਿੱਚ ਉੱਡਦੀ ਖਬਰ ਹੈ
ਕੋਹੀ ਗਈ ਕੋਈ ਕੂਲੀ ਲਗਰ ਹੈ
ਇਨਾ ਸੁਣ ਉਗਲਾਂ ਮੂੰਹ 'ਚ ਲੈਂਦੇ
ਹਾਇ!ਇਹ ਬਹੁਤ ਬੁਰੀ ਖਬਰ ਹੈ
ਕੋਈ ਬਾਪ ਨਾ ਇਸ ਤੇ ਛਟਪਟਾਏ
ਨਾ ਮਾ ਸ਼ੀਹਣੀ ਵਾਂਗ ਗਰੁਗੁਰਾਏ
ਕਿੰਨਾ ਕੁ ਚਿਰ ਖਾਮੋਸ਼ ਰਹਿਣਾ
ਕੀ ਪਤਾ ਕਦ ਟੁੱਟਣਾ ਸਬਰ ਹੈ
ਗੁਆਚੇ ਜੇ ਕਟਰੂ ਪੈਂਦਾ ਹੈ ਰੌਲਾ
ਭੱਜਦੇ ਉਧਰ, ਜਿਧਰ ਪੈਂਦਾ ਝੌਲਾ
ਗਾਹ ਦਿੰਦੇ ਜੂਹਾਂ ਵਾਹਰ ਨਾਲ ਲੈ ਕੇ
ਦੋਹਾਂ ਘਟਨਾ ਦਾ ਦੇਖੋ ਕੀ ਅਸਰ ਹੈ
ਜਿੰਨਾਂ ਜਣੀਆਂ ਤਿੰਨਾਂ ਹੀ ਬਣੀਆਂ
ਕਹੌਤਾਂ ਅਜੇਹੀਆਂ ਕਿਸ ਨੇ ਘੜੀਆਂ
ਇਹ ਸਿਰਜਣਹਾਰੀ ਜੱਗ ਦੀ ਜਨਣੀ
ਫਿਰ ਕਿਉਂ ਉਸ ਲਈ ਇਹ ਸਤਰ ਹੈ
ਜੋਬਨ 'ਚ ਆ ਕੇ ਜਦ ਇਹ ਫਲਦੀ
ਪਿਆਰ ਗੜੁਚੀ ਮੋਮ ਵਾਂਗ ਢਲਦੀ
ਮਹਿਕਾਂ ਖਿਲਾਰੇ ਇਹ ਚਾਰ ਚੁਫੇਰੇ
ਰੱਖਿਆ ਨਾ ਕਿਉਂ ਇਹਦਾ ਪੱਥਰ ਹੈ।
ਫੁੱਲ ਨੂੰ ਸੰਭਾਲੋ ਜੇ ਫਲ ਹੋ ਚਾਹੁੰਦੇ
ਕਿਉਂ ਆਬਰੂ ਖਾਕ 'ਚ ਮਿਲੌਂਦੇ
ਕਰੋ ਰਾਖੀ ਦਾਨਸੋ ਬਾਜਾਂ ਦੇ ਕੋਲੋਂ
ਛੱਡ ਕੇ ਸਾਰਾ ਅਗਰ ਤੇ ਮਗਰ ਹੈ