ਇੱਕ ਦਿਨ ਮੈਂ ਤੇ ਮੇਰੇ ਦੋ ਹੋਰ ਦੋਸਤ ਸਾਡੇ ਪਿੰਡ ਤੁਰੇ ਜਾ ਰਹੇ ਸਾਂ ਕਿ ਪੰਡਤਾਂ ਵਾਲੀ ਗਲੀ 'ਚ ਤਾਈ ਨਿਹਾਲੀ ਆਪਣੇ ਬੂਹੇ ਮੂਹਰੇ ਖੜ੍ਹੀ ਸੀ। ਅਸੀਂ ਦੋਵਾਂ ਨੇ ਨਿਮਰਤਾ ਸਹਿਤ ਤਾਈ ਨੂੰ ਬੁਲਾਈ ਫਤਹਿ ਦੇ ਜਵਾਬ ਉਪਰੰਤ ਤਾਈ ਨੇ ਸਾਨੂੰ ਚਾਹ ਪਾਣੀ ਦੀ ਸੁਲ੍ਹਾ ਮਾਰੀ…, ਤਾਂ ਮੇਰੀ ਆਮ ਜਿਹੀ ਆਦਤ ਵਾਂਗ ਮੂੰਹੋਂ ਸ਼ਬਦ ਨਿਕਲ ਗਏ ਕਿ, "ਤਾਈ ਚਾਹ-ਪਾਣੀ ਨੂੰ ਕੀ ਐ, ਥੋਡਾ ਹੀ ਦਿੱਤਾ ਖਾਂਦੇ ਹਾਂ, ਬੱਸ ਤੁਹਾਡੇ ਵੱਡਿਆਂ ਦੇ ਤਾਂ ਇਕ ਦਰਸ਼ਨ ਹੀ ਦੁੱਧ ਵਰਗੇ ਹੁੰਦੇ ਹਨ।"
ਦੁੱਧ ਵਰਗੇ ਦਰਸ਼ਨਾਂ ਦਾ ਸ਼ਬਦ ਸੁਣਨ ਸਾਰ ਹੀ ਤਾਈ ਨੇ ਮੇਰੇ ਤੇ ਸਵਾਲ ਖੜ੍ਹਾ ਕਰ ਦਿੱਤਾ ਕਿ, "ਪੁੱਤ ਜ਼ਰਾ ਆਹ ਦੱਸੀਂ ਕਿ ਦਰਸ਼ਨ ਦੁੱਧ ਵਰਗੇ ਕਿਮੇਂ…?"
ਤਾਂ ਮੈਂ ਝਿਜਕਦੇ ਜਿਹੇ ਨੇ ਕਿਹਾ, "ਤਾਈ ਦੁੱਧ ਵਰਗੇ ਚਿੱਟੇ।" ਤੇ ਫਿਰ ਮੈਨੂੰ ਅੱਗੋਂ ਕੋਈ ਹੋਰ ਸ਼ਬਦ ਨਾ ਔੜਿਆ।
ਤਾਈ ਫਿਰ ਇਨ੍ਹਾਂ ਸ਼ਬਦਾਂ ਦੀ ਉਦਾਹਰਨ ਦਿੰਦੀ ਹੋਈ ਕਹਿਣ ਲੱਗੀ ਕਿ, "ਪੁੱਤ ਮੈਥੋਂ ਸੁਣ, ਤੇਰੀ ਜ਼ਿੰਦਗੀ 'ਚ ਫਿਰ ਵੀ ਸਾਡਾ ਆਖਿਆ ਕਿਤੇ ਕੰਮ ਆਊਗਾ। 'ਦਰਸ਼ਨ ਦੁੱਧ ਵਰਗੇ' ਦਾ ਮਤਲਬ ਇਹ ਹੈ ਕਿ ਦੁੱਧ ਇਕ ਤਾਂ ਤੇਰਵਾਂ ਰਤਨ ਮੰਨਿਆ ਜਾਂਦਾ ਐ…, ਤੇ ਦੁੱਧ ਤੇ ਪੁੱਤ ਦੀ ਹਰੇਕ ਇਨਸਾਨ ਨੂੰ ਭੁੱਖ ਹੁੰਦੀ ਹੈ ਅਤੇ ਪਹਿਲੇ ਜ਼ਮਾਨੇ 'ਚ ਕੋਈ ਗੱਲਬਾਤ ਝੂਠੀ ਹੁੰਦੀ ਸੀ ਤਾਂ ਦੁੱਧ ਜਾਂ ਪੁੱਤ ਦੀ ਸਹੁੰ ਚੁਕਾਈ ਜਾਂਦੀ ਸੀ, ਪਰ ਪੁੱਤ, ਅੱਜਕਲ੍ਹ ਨਾ ਤਾਂ ਦੁੱਧ ਤੇ ਨਾ ਪੁੱਤ ਹੀ… ਕਿਉਂਕਿ ਦੁੱਧ ਜਿਥੋਂ ਮਰਜ਼ੀ ਦੁਕਾਨਾਂ, ਡੇਅਰੀਆਂ ਜਾਂ ਘਰਾਂ ਚੋਂ ਲੈ ਲਵੋ, ਜੈ ਖਾਣਾ ਸਪਰੇਟਾ ਜਾਂ ਨਕਲੀ ਹੀ ਮਿਲਦੈ… ਭਾਵੇਂ ਮੱਝ, ਗਾਂ ਜਾਂ ਬੱਕਰੀ ਦਾ ਹੋਵੇ। ਤੇ ਪੁੱਤ ਬਾਰੇ ਰੋਜ਼ਾਨਾ ਆਪਾਂ ਪੜ੍ਹਦੇ-ਸੁਣਦੇ ਐਂ, ਕਿ ਅੱਜ ਪੁੱਤ ਨੇ ਮਾਂ, ਕਿਤੇ ਪੁੱਤ ਨੇ ਜ਼ਮੀਨ ਲਾਲਚ ਪਿੱਛੇ ਪਿਓ ਵੱਢ ਤਾ… ਅੱਜ ਦੇ ਜ਼ਮਾਨੇ ਵਿਚ ਕੋਈ ਕਿਸੇ ਦਾ ਭੈਣ-ਭਰਾ ਨਹੀਂ ਰਿਹਾ ਸਿਰਫ ਮਤਲਬ ਮਿੱਠਾ ਐ, ਤੇ ਪੁੱਤ ਹੁਣ ਤਾਂ ਸਿਰਫ ਚਿੱਟਾ ਖੱਫਣ ਜਾਂ ਇੱਕ ਚਿੱਟਾ ਹੋਰ ਐ,ਜੀਹਨੂੰ ਵਰਤ ਕੇ ਸਾਡੀ ਨੌਜਵਾਨ ਪੀੜ੍ਹੀ ਤਬਾਹੀ ਦੇ ਕੰਢੇ ਪੁੱਜਦੀ ਜਾ ਰਹੀ ਹੈ । ਹੁਣ ਪੁੱਤ ਤੂੰ ਅਗਾਂਹ ਨੂੰ ਕਿਹਾ ਕਰ… ਬੱਸ ਦਰਸ਼ਨ ਚਿੱਟੇ ਪਾਊਡਰ (ਹੈਰੋਇਨ) ਵਰਗੇ ਜਾਂ ਖੱਫਣ ਵਰਗੇ ਨੇ…।"