ਇੱਕ ਬਦਲੀ ਤੇਰੇ ਦੇਸ਼ ਤੋ ਚੱਲ ਕੇ
ਪਰਦੇਸਾਂ ਤੱਕ ਆਈ ।
ਦੂਰ ਦਾ ਰਸਤਾ ਪੁਛ ਪੁਛਾੰਦੀ
ਤੈਨੂੰ ਲਭ ਉਹ ਪਾਈ |
ਛਾਂ ਕੀਤੀ ਤੇਰੇ ਸਿਰ ਤੇ ਆਕੇ
ਤੱਕ ਤੈਨੂੰ ਮੁਸਕਰਾਈ ।
ਖੁਸ਼ੀ 'ਚ ਆਕੇ ਵਸ ਗਈ ਉਹਥੇ...
ਖੁਦ ਨੂੰ ਸਾਂਭ ਨਾ ਪਾਈ ।
ਬੂੰਦਾਂ ਨੇ ਤੇਰਾ ਮੁਖੜਾ ਚੁੱਮਿਆ
ਤੇਰੀ ਅੰਤਰ ਪਿਆਸ ਬੁਝਾਈ ।
ਸਚ ਦੱਸੀਂ ਕੁਝ ਕੰਣੀਆਂ ਵੱਸ ਕੇ
ਤੇਰੀ ਕਿਹੜੀ ਭੁਖ ਜਗਾਈ ।
ਮੂੰਹ ਕਰਕੇ ਤੂੰ ਵੱਲ ਵਤਨਾਂ ਦੇ
ਭਰ ਹੰਝੂ ,ਨਜ਼ਰ ਝੁਕਾਈ |
ਜਿਸ ਮਿੱਟੀ ਦੇ ਧੀਆਂ ਪੁਤੱਰ
ਉਸ ਖਿਚ ਕਲੇਜੇ ਪਾਈ ।
ਦੂਰ ਦੇਸ਼ ਵੱਲ ਪੰਛੀ ਉੱਡ ਗਏ
ਮਾਰ ਕੇ ਲੱਮੀਂ ਉਡਾਰੀ |
ਔਖਾ ਪੈਂਡਾ , ਮਾਰ ਮੌਸਮ ਦੀ
ਹੋਈ ਖੂਬ ਖਵਾਰੀ ।
ਕਈੰ ਪਹੁੰਚ ਗਏ ਧਰਤ ਬਿਗਾਨੀ
ਕਈਆਂ ਜ਼ਿੰਦਗੀ ਹਾਰੀ ।
ਚੋਗਾ ਚੁਗਦੇ ਸਮਾਂ ਬੀਤਿਆ
ਚੋਗੇ ਨੇ ਮੱਤ ਮਾਰੀ |
ਜਿੰਨਾ ਚੁਗਦੇ ਢਿਡ ਨਾ ਭਰਦਾ
ਭੁਖ ਦੀ ਰਹੇ ਖੁਮਾਰੀ |
ਧਰਤ ਬਿਗਾਨੀ ਤੰਨ ਮੰਨ ਵੱਸ ਗਈ
ਮੁੜਣ ਦੀ ਗੱਲ ਵਿਸਾਰੀ ।
ਵਤਨ ਦੇ ਰਿਸ਼ਤੇ ਫਿੱਕੇ ਪੈ ਗਏ
ਨਵਿਆਂ ਦੇ ਸੰਗ ਯਾਰੀ ।
ਹੋਰ ਕਦੀ ਕੋਈ ਵਤਨੋਂ ਪੰਛੀ
ਆਵੇ ਮਾਰ ਉਡਾਰੀ ।
ਕੀ ਕੁਝ ਵਤਨੀਂ ਸਮਾਂ ਖਾ ਗਿਆ
ਦਸਦਾ ਏ ਗੱਲ ਸਾਰੀ ।
ਸਿਰ ਨੀਵਾਂ ਕਰ ,ਹੌਕਾ ਭਰ ਕੇ
ਲੱਮੀਂ ਚੁੱਪੀ ਧਾਰੀ ।