ਕਨੇਡਾ ਵੀਜਾ
ਕਨੇਡਾ ਦਾ ਦੂਤਘਰ ਨਿਊਯਾਰਕ ਵਿਚ ਹੈ।ਸਾਨੂੰ ਦੋ ਵਾਰ ਵੀਜੇ ਵਾਸਤੇ ਨਿਊਯਾਰਕ ਜਾਣਾ ਪਿਆ।ਰੋਜੀ ਵੱਲੋਂ ਸਾਨੂੰ ਇਕ ਐਫੀਡੇਵਿਟ ਦੀ ਲੋੜ ਸੀ ਜਿਸਦਾ ਖਾਕਾ ਬਣਾ ਕੇ ਸੱਤੀ ਨੇ ਮੇਲ ਭੇਜ ਦਿੱਤੀ ਸੀ।ਗੁਰਸੇਵਕ ਨੇ ਉਸੇ ਦਿਨ ਹੀ ਐਫੀਡੇਵਿਟ ਤਿਆਰ ਕਰਵਾ ਕੇ ਸਾਨੂੰ ਕੋਰੀਅਰ ਕਰਵਾ ਦਿੱਤਾ।ਇਕ ਹਫ਼ਤਾ ਬੀਤ ਜਾਣ ਤੇ ਵੀ ਸਾਨੂੰ ਡਾਕ ਨਹੀਂ ਸੀ ਮਿਲੀ।ਪਹਿਲਾਂ ਤਾਂ ਅਸੀਂ ਤੀਜੇ ਦਿਨ ਹੀ ਵੀਜ਼ੇ ਲਈ ਜਾਣ ਦੀ ਸਲਾਹ ਬਣਾਈ ਸੀ ਪਰ ਮਨਿੰਦਰ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਘੱਟੋ ਘੱਟ ਪੰਦਰਾਂ ਦਿਨ ਬਾਅਦ ਵੀਜਾ ਲੈਣ ਜਾਈਏ।ਨਹੀਂ ਤਾਂ ਅੰਬੈਸੀ ਵਾਲੇ ਪੁਛਦੇ ਹਨ ਕਿ ਅਜੇ ਤੁਸੀਂ ਅਮਰੀਕਾ ਤਾਂ ਘੁੰਮੇ ਨਹੀਂ, ਜੇ ਕਨੇਡਾ ਹੀ ਜਾਣਾ ਸੀ ਤਾਂ ਆਪਣੇ ਦੇਸ ਤੋਂ ਵੀਜਾ ਕਿਉਂ ਨੀਂ ਲਿਆ ? ਗੱਲ ਸਾਡੇ ਮਨ ਲੱਗੀ, ਇਸ ਤਰ੍ਹਾਂ ਅਸੀਂ ਇਕ ਹਫਤਾ ਹੋਰ ਅੱਗੇ ਕਰ ਲਿਆ।ਪਰ ਕਨੇਡਾ ਦਾ ਡਾਕ ਮਹਿਕਮਾ ਐਨੀ ਦੇਰ ਕਰੂਗਾ ਇਹ ਸਾਡੀ ਸਮਝ ਤੋਂ ਬਾਹਰ ਸੀ।ਸੱਤੀ ਨੇ ਰੋਜੀ ਤੋਂ ਉਸ ਡਾਕੂਮੈਂਟ ਦੀ ਫੈਕਸ ਮੰਗਵਾ ਲਈ ਤੇ ਅਸੀਂ ਨਿਊਯਾਰਕ ਵੱਲ ਚੱਲ ਪਏ।ਅੰਬੈਸੀ ਦੇ ਖੁਲ੍ਹਣ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦਸ ਵਜੇ ਤਕ ਹੀ ਹੈ।ਅਸੀਂ ਘਰੋਂ ਸੱਤ ਵਜੇ ਹੀ ਚੱਲ ਪਏ ਪਰ ਜਰਸੀ ਸਿਟੀ ਤੋਂ ਅੱਗੇ ਤਕੜਾ ਜਾਮ ਲੱਗਾ ਹੋਇਆ ਸੀ।ਕਾਰਾਂ ਕੀੜੀ ਦੀ ਤੋਰ ਤੁਰ ਰਹੀਆਂ ਸਨ।ਬੱਸਾਂ ਦੀ ਇਕ ਵਖਰੀ ਲੇਨ ਸੀ ਜਿਸ ਕਾਰਣ ਬੱਸਾਂ ਮਿਥੀ ਰਫਤਾਰ ਨਾਲ ਚੱਲ ਰਹੀਆਂ ਸਨ।ਅਸੀਂ ਸੋਚ ਰਹੇ ਸੀ ਕਿ ਚੰਗਾ ਹੁੰਦਾ ਜੇ ਅਸੀਂ ਵੀ ਬੱਸ ਤੇ ਆ ਜਾਂਦੇ।
ਪੌਣੇ ਦਸ ਵਜੇ ਅਸੀਂ ਅੰਬੈਸੀ ਪਹੁੰਚੇ ਤਾਂ ਪਤਾ ਲਗਿਆ ਕਿ ਉਹ ਪੈਸੇ ਨਕਦ ਨਹੀਂ ਸਗੋਂ ਡਰਾਫਟ ਲੈਂਦੇ ਹਨ।ਐਨੀ ਛੇਤੀ ਕਿਹੜਾ ਬੈਂਕ ਸਾਨੂੰ ਡਰਾਫਟ ਬਣਾ ਕੇ ਦੇਵੇਗਾ।ਸੋ ਅਸੀਂ ਸਮਝ ਗਏ ਕਿ ਅੱਜ ਦਾ ਗੇੜਾ ਸਾਡਾ ਬੇਕਾਰ ਹੀ ਜਾਵੇਗਾ।ਪਰ ਸੱਤੀ ਹਿੰਮਤ ਹਾਰਨ ਵਾਲਿਆਂ ਵਿਚੋਂ ਨਹੀਂ ਸੀ।ਉਹ ਫੁਰਤੀ ਨਾਲ ਬਿਲਡਿੰਗ ਦੇ ਨਾਲ ਲਗਦੀ ਚੇਜ ਬੈਂਕ ਵਿਚ ਗਿਆ ਤੇ ਮਨੇਜਰ ਨੂੰ ਆਪਣੀ ਦਿੱਕਤ ਦੱਸੀ।ਮਨੇਜਰ ਨੇ ਮੁਸਕੁਰਾ ਕੇ ਕਿਹਾ, ਨੋ ਟੈਂਸ਼ਨ।ਉਸਨੇ ਸੱਤੀ ਨੂੰ ਸਾਹਮਣੇ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਫਾਰਮ ਭਰਨ ਲਗਿਆ।ਮੁਸ਼ਕਲ ਫੇਰ ਆ ਗਈ ਕਿਉਂਕਿ ਡਰਾਫਟ ਸਿਰਫ ਖਾਤੇ ਵਿਚੋਂ ਹੀ ਬਣਨਾ ਸੀ ਪਰ ਉਸ ਬਰਾਂਚ ਵਿਚ ਸੱਤੀ ਦਾ ਖਾਤਾ ਨਹੀਂ ਸੀ।ਸੱਤੀ ਨੇ ਮਨੇਜਰ ਨੂੰ ਖਾਤਾ ਖੋਲ੍ਹਣ ਦੀ ਬੇਨਤੀ ਕੀਤੀ।ਮਨੇਜਰ ਨੇ ਘੜੀ ਦੇਖ ਕੇ ਪੁਛਿਆ,ਕੀ ਮੈਨੂੰ ਦਸ ਮਿੰਟ ਦੇ ਸਕਦੇ ਹੋ।ਸੱਤੀ ਦੇ ਹਾਂ ਕਹਿਣ ਤੇ ਉਸ ਨੇ ਦੋ ਕਰਮਚਾਰੀਆਂ ਨੂੰ ਬੁਲਾਇਆ ਤੇ ਕੰਮ ਸਮਝਾ ਕੇ ਸੱਤੀ ਨੂੰ ਰਿਲੈਕਸ ਹੋ ਜਾਣ ਲਈ ਕਿਹਾ।ਪੂਰੇ ਅੱਠ ਮਿੰਟ ਵਿਚ ਉਸਨੇ ਖਾਤਾ ਖੋਲ੍ਹ ਕੇ ਅਤੇ ਡਰਾਫਟ ਬਣਾ ਕੇ ਸਾਨੂੰ ਦੇ ਦਿੱਤਾ।ਸੱਤੀ ਦੌੜਦਾ ਹੋਇਆ ਅੰਬੈਸੀ ਪਹੁੰਚਿਆ ਤਾਂ ਉਹ ਗੇਟ ਬੰਦ ਕਰ ਰਹੇ ਸਨ।ਸੱਤੀ ਨੇ ਬੇਨਤੀ ਕੀਤੀ ਕਿ ਅਸੀਂ ਪਹਿਲਾਂ ਇਥੋਂ ਹੋ ਕੇ ਗਏ ਹਾਂ ਸਾਡੇ ਕੋਲ ਡਰਾਫਟ ਨਹੀਂ ਸੀ ਹੁਣ ਪੂਰੇ ਸਮੇਂ ਤੇ ਅਸੀਂ ਪਹੁੰਚ ਗਏ ਇਸ ਲਈ ਸਾਨੂੰ ਅੰਦਰ ਜਾਣ ਦਿੱਤਾ ਜਾਵੇ।ਪਰ ਸਕਿਉਰਟੀ ਵਾਲੇ ਨੇ ਸੌਰੀ ਕਹਿ ਕੇ ਗੇਟ ਬੰਦ ਕਰ ਦਿੱਤਾ।ਪਰ ਸਾਡੇ ਮਨ ਨੂੰ ਤਸੱਲੀ ਸੀ ਕਿ ਕਲ੍ਹ ਨੂੰ ਕੋਈ ਦਿੱਕਤ ਨਹੀਂ ਆਵੇਗੀ।
ਅਗਲੇ ਦਿਨ ਅਸੀਂ ਨਿਊਯਾਰਕ ਤਕ ਬਸ ਰਾਹੀਂ ਸਫਰ ਕੀਤਾ।ਐਨ.ਜੇ ਟਰਾਂਜ਼ਿਟ ਦੀ ਏ.ਸੀ. ਬਸ ਵਿਚ ਸਫਰ ਕਰਨ ਦਾ ਆਪਣਾ ਹੀ ਮਜ਼ਾ ਸੀ।ਠੀਕ ਸਾਢੇ ਅੱਠ ਵਜੇ ਬਸ ਨਿਊਯਾਰਕ ਦੇ ਤਿੰਨ ਮੰਜ਼ਿਲਾ ਵਿਸ਼ਾਲ ਬਸ ਅਡੇ ਦੀ ਤੀਜੀ ਮੰਜ਼ਿਲ ਤੇ ਜਾ ਖੜ੍ਹੀ ਹੋਈ।ਬਸ ਵਿਚ ਕੋਈ ਕੰਡਕਟਰ ਨਹੀਂ ਸੀ ਸਿਰਫ ਡਰਾਇਵਰ ਹੀ ਸੀ।ਮੂਹਰਲੀ ਤਾਕੀ ਵਿਚੋਂ ਸਵਾਰੀ ਬਸ ਵਿਚ ਚੜ੍ਹਦੀ ਤੇ ਡਰਾਇਵਰ ਨੂੰ ਟਿਕਟ ਦੇ ਕੇ ਅੱਗੇ ਵਧ ਜਾਂਦੀ।ਬਸ ਜਿਸ ਵੀ ਸਟਾਪ ਤੇ ਰੁਕਦੀ, ਬਿਲਕੁਲ ਸਹੀ ਸਮੇਂ ਤੇ ਰੁਕਦੀ ਤੇ ਚਲਦੀ।ਅਸੀਂ ਅਰਾਮ ਨਾਲ ਬਸ ਵਿਚੋਂ ਉਤਰੇ ਤੇ ਅੰਬੈਸੀ ਪਹੁੰਚ ਗਏ।ਸੱਤੀ ਸਾਡੇ ਨਾਲ ਅੰਦਰ ਜਾ ਸਕਦਾ ਸੀ।ਇੰਟਰਵਿਊ ਲੈਣ ਵਾਲੀ ਇਕ ਗੋਰੀ ਅਫਸਰ ਸੀ।ਉਸ ਨੇ ਸੱਤੀ ਨੂੰ ਸਰਸਰੀ ਜਿਹੇ ਸਵਾਲ ਕੀਤੇ ਤੇ ਸਾਨੂੰ ਵੀਜੇ ਲਈ ਹਾਂ ਕਰ ਦਿੱਤੀ।ਸਾਨੂੰ ਪਾਸਪੋਰਟ ਪੰਦਰਾਂ ਵੀਹ ਮਿੰਟ ਮਗਰੋਂ ਮਿਲਣੇ ਸਨ ਇਸ ਲਈ ਅਸੀਂ ਕੁਰਸੀਆਂ ਤੇ ਆ ਕੇ ਬੈਠ ਗਏ।ਇਸੇ ਦੌਰਾਨ ਸਾਨੂੰ ਆਸ਼ਾ ਤੇ ਨਿਰਾਸ਼ਾ ਵਿਚ ਲਟਕੇ ਮਨੁਖ ਦੀ ਮਾਨਸਿਕਤਾ ਦੇਖਣ ਦਾ ਮੌਕਾ ਮਿਲਿਆ।ਇਕ ਸਰਦਾਰ ਜੀ ਆਪਣੀ ਪਤਨੀ ਅਤੇ ਬੇਟੇ ਨਾਲ ਆਏ।ਉਹ ਜਿਵੇਂ ਨੀਂਵੀਂ ਪਾ ਕੇ ਆਏ ਸਨ ਉਵੇਂ ਨੀਂਵੀਂ ਪਾ ਕੇ ਕੁਰਸੀ ਤੇ ਬੈਠ ਗਏ।ਬਾਹਰ ਕੋਈ ਪੱਗ ਵਾਲਾ ਆਦਮੀ ਨਜ਼ਰ ਆ ਜਾਵੇ ਤਾਂ ਚਿਹਰੇ ਤੇ ਆਪੇ ਹੀ ਮੁਸਕੁਰਾਹਟ ਆ ਜਾਂਦੀ ਹੈ।ਮੂੰਹ ਵਿਚੋਂ ਸਾਸਰੀ ਕਾਲ ਵੀ ਆਪੇ ਹੀ ਨਿਕਲ ਜਾਂਦੀ ਹੈ।ਅਸੀਂ ਉਨ੍ਹਾਂ ਵੱਲ ਦੇਖ ਰਹੇ ਸੀ ਕਿ ਜੇ ਇਹ ਮੂੰਹ ਇਧਰ ਘੁੰਮਾਉਣ ਤਾਂ ਅਸੀਂ ਇਕ ਮੁਸਕੁਰਾਹਟ ਦੇ ਸਕੀਏ।ਪਰ ਉਸ ਆਦਮੀ ਦੇ ਚਿਹਰੇ ਦਾ ਰੰਗ ਇਉਂ ਉਡਿਆ ਸੀ ਜਿਵੇਂ ਕੋਈ ਕਤਲ ਕੀਤਾ ਹੋਵੇ।ਸੱਤੀ ਉਠ ਕੇ ਉਨ੍ਹਾਂ ਕੋਲ ਗਿਆ ਪਰ ਉਸ ਸਖਸ਼ ਨੇ ਸਿਰ ਹੀ ਨਹੀਂ ਚੁਕਿਆ।ਸੱਤੀ ਉਸਦੇ ਬੇਟੇ ਨਾਲ ਗੱਲਾਂ ਕਰਨ ਲੱਗ ਪਿਆ।ਬਾਅਦ ਵਿਚ ਸੱਤੀ ਨੇ ਦੱਸਿਆ ਇਹ ਪਤੀ ਪਤਨੀ ਪਟਿਆਲੇ ਤੋਂ ਆਏ ਹਨ।ਨਾਲ ਇਨ੍ਹਾਂ ਦਾ ਬੇਟਾ ਹੈ ਜੋ ਕਿਸੇ ਕੰਪਨੀ ਵਿਚ ਕੰਪਿਊਟਰ ਦਾ ਕੰਮ ਕਰਦਾ ਹੈ।ਇਕ ਬੇਟਾ ਇਨ੍ਹਾਂ ਦਾ ਕਨੇਡਾ ਪੜ੍ਹਾਈ ਦੇ ਬਹਾਨੇ ਆਇਆ ਹੋਇਆ ਹੈ।ਇਹ ਉਸਨੂੰ ਮਿਲਣ ਜਾਣਾ ਚਾਹੁੰਦੇ ਹਨ ਪਰ ਇਨ੍ਹਾਂ ਨੂੰ ਇਕੋ ਫਿਕਰ ਖਾਈ ਜਾ ਰਿਹਾ ਹੈ ਕਿ ਕਿਤੇ ਵੀਜੇ ਤੋਂ ਨਾਂਹ ਹੀ ਨਾ ਹੋ ਜਾਵੇ।ਉਨ੍ਹਾਂ ਦੀ ਵਾਰੀ ਆ ਗਈ।ਸਾਡਾ ਧਿਆਨ ਉਨ੍ਹਾਂ ਵੱਲ ਹੀ ਸੀ।ਸਰਦਾਰ ਜੀ ਦੇ ਚਿਹਰੇ ਤੇ ਘਬਰਾਹਟ ਸਾਫ ਨਜ਼ਰ ਆ ਰਹੀ ਸੀ।ਜਦੋਂ ਗੋਰੀ ਅਫਸਰ ਕੋਈ ਸਵਾਲ ਪੁਛਦੀ ਤਾਂ ਉਹ ਉਪਰ ਨੂੰ ਦੇਖਣ ਲਗਦੇ ਜਿਵੇਂ ਮਨ ਵਿਚ ਅਰਦਾਸ ਕਰਦੇ ਹੋਣ।ਉਨ੍ਹਾਂ ਦਾ ਬੇਟਾ ਇੰਟਰਵਿਊ ਦੇ ਰਿਹਾ ਸੀ ਜਿਵੇਂ ਸਾਡੀ ਥਾਂ ਸੱਤੀ ਨੇ ਇੰਟਰਵਿਊ ਦਿੱਤੀ ਸੀ।ਗੋਰੀ ਨੇ ਪੁਛਿਆ ਤੁਸੀਂ ਪੰਦਰਾਂ ਦਿਨ ਤੋਂ ਇਥੇ ਹੋ ਤੁਹਾਡਾ ਬੇਟਾ ਮਿਲਣ ਕਿਉਂ ਨੀ ਆਇਆ।ਤਾਂ ਉਸਦਾ ਹੱਥ ਆਪ ਮੁਹਾਰੇ ਹੀ ਨਾਂਹ ਦੀ ਮੁਦਰਾ ਵਿਚ ਹਿੱਲਣ ਲਗਿਆ।ਆਖਰ ਅਫਸਰ ਨੇ ਹਾਂ ਕਰ ਦਿੱਤੀ।ਉਸ ਨੇ ਇਕ ਲੰਬਾ ਸਾਹ ਲੈ ਕੇ ਛਡਿਆ।ਇਕ ਸਕਿੰਟ ਵਿਚ ਉਸਦੇ ਚਿਹਰੇ ਦੀ ਰੰਗਤ ਬਦਲ ਗਈ।ਹਾਸਾ ਉਸਦੇ ਚਿਹਰੇ ਤੇ ਇਉਂ ਛਾਲਾਂ ਮਾਰਨ ਲਗਿਆ ਜਿਵੇਂ ਕਾਟੋ ਇਕ ਥਾਂ ਤੋਂ ਦੂਜੀ ਥਾਂ ਵਲ ਭਜਦੀ ਹੈ।ਉਹ ਮਸਤ ਚਾਲ ਵਿਚ ਚਲਦੇ ਹੋਏ ਸਿਧਾ ਸਾਡੇ ਕੋਲ ਆਏ ਤੇ ਆਪਣਾ ਹੱਥ ਮੇਰੇ ਵੱਲ ਵਧਾਇਆ।
‘ਹੋਰ ਭਾਅ ਜੀ! ਕੀ ਹਾਲ ਐ ?......ਓ ਮੈਂ ਸੋਚਿਆ ਬਈ ਕਨੇਡਾ ਵੀ ਜਾ ਈ ਆਈਏ।ਕਿਤੇ ਰੋਜ਼ ਰੋਜ਼ ਘਰੋਂ ਨਿਕਲ ਹੁੰਦੈ……ਛੋਟਾ ਕਹਿੰਦਾ ਸੀ ਡੈਡੀ ਮੈਨੂੰ ਵੀ ਮਿਲ ਕੇ ਜਾਇਉ।ਮੈਂ ਕਿਹਾ ਯਾਰ ਫਿਕਰ ਕਿਉਂ ਕਰਦੈਂ, ਅਸੀਂ ਬਸ ਆਏ ਕਿ ਆਏ।ਐਂ ਥੋੜ੍ਹਾ ਬਈ ਏਥੇ ਕੋਲੋਂ ਮੁੜ ਜਾਵਾਂਗੇ……ਸਚ ਥੋਨੂੰ ਕਿਤੇ ਵੀਜੇ ਨੂੰ ਨਾਂਹ ਤਾਂ ਨੀਂ ਕਰਤੀ…ਉਹ ਇਕੋ ਸਾਹੇ ਬੋਲੀ ਜਾ ਰਿਹਾ ਸੀ।ਸੱਤੀ ਦਾ ਹਾਸਾ ਨਿਕਲ ਗਿਆ।ਉਸ ਤੋਂ ਮਗਰੋਂ ਅਸੀਂ ਜਿੰਨੇ ਦਿਨ ਵੀ ਅਮਰੀਕਾ ਰਹੇ ਤਾਂ ਮਖੌਲ ਵਾਲੀ ਗੱਲ ਕਰਨ ਵੇਲੇ ‘ਓ ਮੈਂ ਕਿਹਾ’ ਸਾਡੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ।ਅਜੇ ਉਸ ਨੇ ਹੋਰ ਪਤਾ ਨਹੀਂ ਕਿੰਨਾ ਕੁਝ ਦਸਣਾ ਸੀ ਪਰ ਸਾਡੇ ਪਾਸਪੋਰਟ ਆ ਗਏ।
ਅਟਲਾਂਟਿਕ ਸਿਟੀ
ਲਾਸ ਵੇਗਾਸ ਅਤੇ ਅਟਲਾਂਟਿਕ ਸਿਟੀ ਅਮਰੀਕਾ ਦੇ ਦੋ ਅਜਿਹੇ ਸ਼ਹਿਰ ਹਨ ਜਿਹੜੇ ਕਸੀਨੋ (ਜੂਆ ਘਰ) ਕਰ ਕੇ ਅੰਤਰਰਾਸ਼ਟਰੀ ਤੌਰ ਤੇ ਪ੍ਰਸਿਧ ਹਨ।ਇਕ ਨੰਬਰ ਤੇ ਲਾਸ ਵੇਗਾਸ ਹੈ ਅਤੇ ਦੂਜੇ ਨੰਬਰ ਤੇ ਅਟਲਾਂਟਿਕ ਸਿਟੀ।ਸ਼ਾਂਤ ਮਹਾਂਸਾਗਰ ਦੇ ਕਿਨਾਰੇ ਤੇ ਸਰਕਾਰ ਵੱਲੋਂ ਯਾਤਰੀਆਂ ਦੇ ਮਨੋਰੰਜਨ ਲਈ ਇਹ ਸ਼ਹਿਰ ਵਸਾਇਆ ਗਿਆ ਹੈ।ਸਤਾਈ ਮਾਰਚ ਨੂੰ ਅਸੀਂ ਅਟਲਾਂਟਿਕ ਸਿਟੀ ਦੇਖਣ ਦਾ ਪ੍ਰੋਗਰਾਮ ਬਣਾਇਆ।ਸੱਤੀ ਨੇ ਆਪਣੇ ਦੋਸਤ ਮਨਿੰਦਰ ਨੂੰ ਵੀ ਨਾਲ ਲਿਜਾਣ ਲਈ ਤਿਆਰ ਕਰ ਲਿਆ ਸੀ।ਧੁਪ ਪੂਰੀ ਚਮਕ ਰਹੀ ਸੀ।ਇਕਹਿਰੇ ਕਪੜਿਆਂ ਵਿਚ ਵੀ ਗਰਮੀ ਲੱਗ ਰਹੀ ਸੀ ਪਰ ਸੱਤੀ ਦੇ ਕਹਿਣ ਤੇ ਅਸੀਂ ਜਾਕਟਾਂ ਵੀ ਨਾਲ ਲੈ ਲਈਆਂ ਸਨ।ਅਮਰੀਕੀ ਲੋਕਾਂ ਦੀ ਕਹਾਵਤ ਹੈ ਕਿ ਤਿੰਨ ਡਬਲਿਊ ਦਾ ਕਦੇ ਇਤਬਾਰ ਨਾ ਕਰੋ ਭਾਵ ਵਰਕ, ਵੈਦਰ ਤੇ ਵੁਮੈਨ।ਮੌਸਮ ਦਾ ਪਤਾ ਨਹੀਂ ਲਗਦਾ ਕਦੋਂ ਗਰਮ ਤੇ ਕਦੋਂ ਬਰਸਾਤ।ਅੱਜ ਤਿੰਨ ਡਬਲਿਊ ਭਾਵ ਵਲਡ ਵਾਈਡ ਵੈਬ (www) ਪੂਰੀ ਦੁਨੀਆਂ ਤੇ ਛਾ ਗਏ ਹਨ ਅਤੇ ਇਨ੍ਹਾਂ ਨੇ ਤਰੱਕੀ ਦੇ ਕਈ ਨਵੇਂ ਰਾਹ ਖੋਲ੍ਹੇ ਹਨ।
ਮਨਿੰਦਰ ਅਤੇ ਉਸਦੇ ਦੋਸਤਾਂ ਨੇ ਇਕ ਕ੍ਰਿਕਟ ਕਲੱਬ ਬਣਾਈ ਹੋਈ ਹੈ।ਅੱਜ ਉਨ੍ਹਾਂ ਦਾ ਮੈਚ ਸੀ।ਤਕਰੀਬਨ ਵੀਹ ਕਿਲੋਮੀਟਰ ਦੂਰ ਉਹ ਮੈਚ ਖੇਡਣ ਗਿਆ ਹੋਇਆ ਸੀ।ਮਨਿੰਦਰ ਆਪਣੀ ਟੀਮ ਦਾ ਕੈਪਟਨ ਹੈ।ਟੀਮ ਦਾ ਨਾਂ ਨਿਊ ਜਰਸੀ ਕ੍ਰਿਕਟ ਟੀਮ ਹੈ ਜਿਸ ਦੇ ਵੀਹ ਮੈਂਬਰ ਹਨ।ਇਸ ਵਿਚ ਭਾਰਤੀ ਅਤੇ ਪਾਕਿਸਤਾਨੀ ਦੋਵੇਂ ਹੀ ਹਨ।ਹਰ ਸਾਲ ਇਨ੍ਹਾਂ ਦੇ ਮੁਕਾਬਲੇ ਹੁੰਦੇ ਹਨ।ਪ੍ਰੈਕਟਿਸ ਲਈ ਇਨ੍ਹਾਂ ਨੇ ਇਕ ਸਕੂਲ ਦੀ ਗਰਾਊਂਡ ਵਰਤਣ ਦੀ ਆਗਿਆ ਲਈ ਹੋਈ ਹੈ ਅਤੇ ਕਰੀਬ ਤਿੰਨ ਹਜ਼ਾਰ ਡਾਲਰ ਸਾਲਾਨਾ ਸਕੂਲ ਨੂੰ ਕਿਰਾਇਆ ਦਿੱਤਾ ਜਾਂਦਾ ਹੈ।ਹਰ ਐਤਵਾਰ ਸਾਰੇ ਮੈਂਬਰ ਪ੍ਰੈਕਟਿਸ ਕਰਦੇ ਹਨ।ਹਰ ਸਾਲ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ।
ਮਿੰਨੀ ਅਤੇ ਉਸਦੀ ਮੰਮੀ ਨੂੰ ਅਸੀਂ ਘਰੋਂ ਲੈ ਲਿਆ ਜਦਕਿ ਮਨਿੰਦਰ ਨੂੰ ਉਸਦੀ ਪ੍ਰੈਕਟਿਸ ਵਾਲੀ ਥਾਂ ਤੋਂ ਲੈਣਾ ਸੀ।ਬੱਚਿਆਂ ਨੂੰ ਕਾਰ ਸੀਟ ਵਿਚ ਬਿਠਾਉਣਾ ਜ਼ਰੂਰੀ ਹੈ।ਜਸਲੀਨ ਪਹਿਲਾਂ ਤਾਂ ਚੁੱਪ ਕਰ ਕੇ ਸੀਟ ਵਿਚ ਬੈਠ ਜਾਂਦੀ ਪਰ ਛੇਤੀ ਹੀ ਕਾਹਲੀ ਪੈ ਜਾਂਦੀ।ਉਹ ਖਹਿੜਾ ਕਰਦੀ ਕਿ ਮੈਨੂੰ ਬਾਹਰ ਕਢੋ।ਅੱਜ ਦੋ ਬਚਿਆਂ ਲਈ ਦੋ ਕਾਰ ਸੀਟਾਂ ਸਨ।ਸਾਨੂੰ ਡਰ ਸੀ ਕਿ ਅੱਜ ਚੰਗਾ ਚੀਕ ਚਿਹਾੜਾ ਪਵੇਗਾ ਪਰ ਬੱਚਿਆਂ ਨੇ ਤਕਰੀਬਨ ਸਾਰਾ ਸਫਰ ਸੌਂ ਕੇ ਹੀ ਕਢਿਆ।ਮਨਿੰਦਰ ਦੀ ਬੇਟੀ ਸੁਹਾਨਾ ਵੀ ਅੱਠ ਮਹੀਨੇ ਦੀ ਸੀ।ਇਨ੍ਹਾਂ ਨੇ ਇਸਦੇ ਜਨਮ ਤੋਂ ਦੋ ਮਹੀਨੇ ਪਹਿਲਾਂ ਇਕ ਫੰਕਸ਼ਨ ਕੀਤਾ ਸੀ ਜਿਸਨੂੰ ਬੇਬੀ ਸ਼ਾਵਰ ਕਿਹਾ ਜਾਂਦਾ ਹੈ।ਆਉਣ ਵਾਲੇ ਬੱਚੇ ਦੇ ਸ਼ੁਭ ਆਗਮਨ ਲਈ ਇਹ ਸਮਾਰੋਹ ਰਚਾਇਆ ਜਾਂਦਾ ਹੈ।ਇਨ੍ਹਾਂ ਦੇ ਪੂਰੇ ਫੰਕਸ਼ਨ ਦੀ ਵੀਡੀਉ ਅਸੀਂ ਦੇਖੀ ਹੋਈ ਸੀ ਜੋ ਸਾਡੇ ਲਈ ਉਦੋਂ ਨਵੀਂ ਗੱਲ ਸੀ।ਪੰਜਾਬ ਵਿਚ ਭਰੂਣ ਟੈਸਟ ਦੀ ਪਾਬੰਦੀ ਹੈ ਪਰ ਉਧਰ ਡਾਕਟਰ ਆਪ ਹੀ ਦੱਸ ਦਿੰਦੇ ਹਨ।ਉਧਰ ਮੁੰਡੇ ਕੁੜੀ ਵਿਚ ਕੋਈ ਫਰਕ ਨਹੀਂ ਸਮਝਿਆ ਜਾਂਦਾ।ਸਿਰਫ ਇਧਰੋਂ ਗਈ ਪੁਰਾਣੀ ਪੀੜ੍ਹੀ ਹੀ ਆਪਣੀਆਂ ਵਿਰਾਸਤੀ ਸੋਚਾਂ ਕਾਰਣ ਅਜੇ ਵੀ ਇਹੋ ਜਿਹਾ ਫਰਕ ਮਹਿਸੂਸ ਕਰਦੀ ਹੈ ਪਰ ਨਵੀਂ ਪੀੜ੍ਹੀ ਨਹੀਂ।
ਜਦੋਂ ਅਸੀਂ ਗਰਾਊਂਡ ਵਿਚ ਪਹੁੰਚੇ ਤਾਂ ਮੈਚ ਆਪਣੇ ਅੰਤਿਮ ਪੜਾਅ ਵਿਚ ਚੱਲ ਰਿਹਾ ਸੀ।ਸਾਰੇ ਖਿਡਾਰੀ ਆਪਸ ਵਿਚ ਹਾਸਾ ਠੱਠਾ ਵੀ ਕਰ ਰਹੇ ਸਨ ਤੇ ਖੇਡ ਵੀ ਰਹੇ ਸਨ।ਮੈਚ ਦੋਸਤਾਨਾ ਸੀ ਜਿਸ ਕਰ ਕੇ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ।ਉਧਰ ਦੇ ਲੋਕ ਫੁਟਬਾਲ ਜਾਂ ਰਗਬੀ ਦੇ ਦੀਵਾਨੇ ਹਨ।ਭਾਰਤ ਵਿਚ ਕ੍ਰਿਕਟ ਦਾ ਜਨੂੰਨ ਹੈ।ਲੋਕੀਂ ਗਲੀਆਂ ਸੜਕਾਂ ਤੇ ਵੀ ਖੇਡਦੇ ਹਨ ਤਾਂ ਉਥੇ ਵੀ ਦੇਖਣ ਵਾਲਿਆਂ ਦੀ ਭੀੜ ਜੁੜ ਜਾਂਦੀ ਹੈ।ਪਰ ਉਥੇ ਕੋਈ ਦਰਸ਼ਕ ਨਹੀਂ ਸੀ।ਚਾਹ ਦਾ ਇੰਤਜ਼ਾਮ ਇਕ ਪਾਕਿਸਤਾਨੀ ਮੈਂਬਰ ਵੱਲੋਂ ਸੀ।ਅਸੀਂ ਵੀ ਪਾਕਿਸਤਾਨੀ ਚਾਹ ਪੀਤੀ।ਅਟਲਾਂਟਿਕ ਸਿਟੀ ਤਕਰੀਬਨ ਤਿੰਨ ਕੁ ਘੰਟੇ ਦੀ ਡਰਾਈਵ ਸੀ ਇਸ ਲਈ ਮਨਿੰਦਰ ਬਿਨਾਂ ਵਕਤ ਗਵਾਏ ਸਾਡੇ ਨਾਲ ਆ ਬੈਠਿਆ।ਹਾਈਵੇ ਤੇ ਕਾਰ ਇਕ ਸੌ ਵੀਹ ਕਿਲੋਮੀਟਰ ਦੀ ਸਪੀਡ ਨਾਲ ਚੱਲ ਰਹੀ ਸੀ।ਬਾਹਰ ਦਰਖਤਾਂ ਤੇ ਹਰਿਆਵਲ ਆਉਣੀ ਸ਼ੁਰੂ ਹੋ ਗਈ ਸੀ।ਸੰਗੀਤ ਦੀਆਂ ਮਧੁਰ ਧੁਨਾਂ ਵਿਚ ਮਸਤ ਅਸੀਂ ਚਲਦੇ ਜਾ ਰਹੇ ਸੀ।
ਰਸਤੇ ਵਿਚ ਅਸੀਂ ਇਕ ਜਗ੍ਹਾ ਨਾਸ਼ਤਾ ਕਰਨ ਲਈ ਰੁਕੇ।ਬਰਗਰ ਕਿੰਗ ਨਾਂ ਦਾ ਇਹ ਰੈਸਟੋਰੈਂਟ ਬਿਲਕੁਲ ਉਜਾੜ ਜਗ੍ਹਾ ਤੇ ਇਕੱਲਾ ਹੀ ਖੜ੍ਹਾ ਹੈ।ਬਰਗਰ ਅਮਰੀਕੀਆਂ ਦੇ ਪਸੰਦੀਦਾ ਖਾਣਿਆਂ ਵਿਚੋਂ ਇਕ ਹੈ।ਦਸਦੇ ਹਨ ਕਿ ਬਰਗਰ ਕਿੰਗ ਦੀਆਂ ਸਾਰੀ ਦੁਨੀਆਂ ਵਿਚ ਗਿਆਰਾਂ ਹਜ਼ਾਰ ਬਰਾਚਾਂ ਹਨ।ਬਹੁਤ ਹੀ ਸਾਫ ਸੁਥਰਾ ਬਣਿਆ ਇਹ ਰੈਸਟੋਰੈਂਟ ਯਾਤਰੀਆਂ ਦੇ ਅਰਾਮ ਲਈ ਇਕ ਵਧੀਆ ਪੜਾਅ ਹੈ।ਅਮਰੀਕਾ ਵਿਚ ਤਕਰੀਬਨ ਹਰ ਜਗ੍ਹਾ ਹੀ ਸਵੈ ਸੇਵਾ ਚਲਦੀ ਹੈ।ਜਿਹੜੀ ਚੀਜ਼ ਖਾਣੀ ਹੈ, ਇਕ ਕਤਾਰ ਵਿਚ ਖੜ੍ਹ ਕੇ ਉਸਦੇ ਪੈਸੇ ਜਮ੍ਹਾਂ ਕਰਵਾਉ। ਦੂਜੀ ਥਾਂ ਤੋਂ ਇਕ ਟਰੇਅ ਚੁੱਕ ਕੇ ਆਪਣਾ ਸਮਾਨ ਪਰਚੀ ਦਿਖਾ ਕੇ ਲੈ ਲਵੋ ਤੇ ਆਪਣੇ ਪਸੰਦ ਦੀ ਥਾਂ ਤੇ ਬੈਠ ਕੇ ਖਾ ਲਵੋ। ਖਾ ਪੀ ਕੇ ਆਪਣੇ ਆਪਣੇ ਡਿਸਪੋਜਲ ਬਰਤਨ ਚੁੱਕ ਕੇ ਕੂੜੇਦਾਨ ਵਿਚ ਪਾ ਦਿਉ।ਜਗ੍ਹਾ ਸਾਫ ਸੁਥਰੀ ਹੀ ਰਹਿੰਦੀ ਹੈ।ਅਸੀਂ ਖਾ ਪੀ ਕੇ ਬਾਹਰ ਨਿਕਲੇ ਤਾਂ ਹਲਕੀ ਜਿਹੀ ਫੁਹਾਰ ਸ਼ੁਰੂ ਹੋ ਗਈ ਸੀ।
ਰਾਤ ਅਜੇ ਪੂਰੀ ਉਤਰੀ ਨਹੀਂ ਸੀ ਜਦੋਂ ਅਸੀਂ ਅਟਲਾਂਟਿਕ ਸਿਟੀ ਵਿਚ ਦਾਖਲ ਹੋਏ।ਰਸਤੇ ਵਿਚ ਅਣਗਿਣਤ ਥਾਵਾਂ ਤੇ ਸਾਨੂੰ ਟੋਲ ਟੈਕਸ ਦੇਣਾ ਪਿਆ।ਸੱਤੀ ਦੱਸ ਰਿਹਾ ਸੀ ਕਿ ਕਸੀਨੋ ਵਿਚ ਰਾਤ ਦਸ ਵਜੇ ਤੋਂ ਮਗਰੋਂ ਜ਼ਿਆਦਾ ਭੀੜ ਹੁੰਦੀ ਹੈ।ਉਸਨੇ ਕਾਰ ਦੀ ਗਤੀ ਵੀ ਘੱਟ ਕਰ ਦਿੱਤੀ ਸੀ।ਸ਼ਹਿਰ ਦੀਆਂ ਉਚੀਆਂ ਅਤੇ ਖੂਬਸੂਰਤ ਬਿਲਡਿੰਗਾਂ ਸ਼ੁਰੂ ਹੋ ਗਈਆਂ ਸਨ।ਰਸਤੇ ਦੇ ਇਕ ਪਾਸੇ ਸ਼ਾਂਤ ਮਹਾਂਸਾਗਰ ਦਾ ਕਿਨਾਰਾ ਦਿਸ ਰਿਹਾ ਸੀ। ਰਸਤੇ ਵਿਚ ਸੱਤੀ ਨੇ ਇਕ ਕਈ ਮੰਜ਼ਿਲਾ ੳੁੱਚੀ ਬਿਲਡਿੰਗ ਦਿਖਾਈ ਜੋ ਪੂੁਰੀ ਦੀ ਪੂਰੀ ਰੰਗ ਬਦਲ ਜਾਂਦੀ ਹੈ।ਪੂਰੀ ਇਮਾਰਤ ਇਕ ਟੀ.ਵੀ ਸਕਰੀਨ ਵਾਂਗ ਸੀ ਜਿਸ ਤੇ ਕਦੇ ਫੁੱਲ ਬਣ ਜਾਂਦਾ ਤੇ ਕਦੇ ਅਮਰੀਕੀ ਝੰਡਾ।ਕਦੇ ਕਿਸੇ ਰੰਗ ਦੀ ਸਕਰੀਨ ਹੋ ਜਾਂਦੀ ਤੇ ਦੋ ਮਿੰਟ ਬਾਅਦ ਕਿਸੇ ਹੋਰ ਰੰਗ ਦੀ।ਇਹ ਦੇਖਣ ਦਾ ਨਜ਼ਾਰਾ ਭਰਵੀਂ ਰਾਤ ਵਿਚ ਹੀ ਸੀ।ਸੋ ਵਾਪਸੀ ਤੇ ਕੁਝ ਦੇਰ ਰੁਕ ਕੇ ਅਸੀਂ ਇਹ ਨਜ਼ਾਰਾ ਦੇਖਿਆ।
ਸ਼ਹਿਰ ਦੇ ਪ੍ਰਵੇਸ਼ ਦਵਾਰ ਤੇ ਵੈਲਕਮ ਟੂ ਅਟਲਾਂਟਾ ਸਿਟੀ ਦੇਖ ਕੇ ਮਨਿੰਦਰ ਨੂੰ ਚਾਅ ਚੜ੍ਹ ਗਿਆ।ਉਹ ਇਥੇ ਪਹਿਲਾਂ ਵੀ ਕਈ ਵਾਰ ਆ ਚੁਕਿਆ ਸੀ।ਦੁਕਾਨਾਂ ਦੇ ਸਾਈਨ ਬੋਰਡ ਚਮਕਣ ਲੱਗੇ ਸਨ।ਬਹੁਤੀਆਂ ਦੁਕਾਨਾਂ ‘ਹੀਰੇ ਸੋਨੇ ਬਦਲੇ ਨਕਦ’ ਦੀਆਂ ਸਨ।ਜਦੋਂ ਜੂਏ ਦੇ ਸ਼ੁਕੀਨ ਸਾਰੇ ਪੈਸੇ ਹਾਰ ਜਾਂਦੇ ਹਨ ਤਾਂ ਉਹ ਆਪਣੇ ਗਹਿਣੇ ਵੇਚ ਜਾਂ ਗਿਰਵੀ ਰੱਖ ਕੇ ਇਨ੍ਹਾਂ ਦੁਕਾਨਾਂ ਤੋਂ ਪੈਸੇ ਲੈ ਲੈਂਦੇ ਹਨ।ਇਨ੍ਹਾਂ ਦੁਕਾਨਦਾਰਾਂ ਦਾ ਵੀ ਚੰਗਾ ਰੁਜ਼ਗਾਰ ਹੈ।ਸੱਤੀ ਕਾਰ ਨੂੰ ਸਮੁੰਦਰ ਦੇ ਕਿਨਾਰੇ ਤੇ ਲੈ ਗਿਆ।ਅਸੀਂ ਕਾਰ ਵਿਚੋਂ ਉਤਰੇ ਤਾਂ ਸੀਤ ਲਹਿਰ ਨਾਲ ਸਾਡੇ ਦੰਦ ਵੱਜਣ ਲੱਗੇ।ਦੁਪਹਿਰੇ ਜਦੋਂ ਘਰੋਂ ਚੱਲੇ ਤਾਂ ਪੂਰੀ ਗਰਮੀ ਸੀ ਤੇ ਹੁਣ ਐਨੀ ਸਰਦੀ ?ਅਸੀਂ ਜਾਕਟਾਂ ਪਾ ਲਈਆਂ ਪਰ ਐਨੀ ਹਿੰਮਤ ਨਹੀਂ ਸੀ ਕਿ ਦੋ ਮਿੰਟ ਵੀ ਬਾਹਰ ਖੜ੍ਹੇ ਰਹਿ ਸਕਦੇ।ਸਤਵਿੰਦਰ ਅਤੇ ਮਿੰਨੀ ਨੇ ਤਾਂ ਐਲਾਨ ਹੀ ਕਰ ਦਿੱਤਾ ਕਿ ਉਹ ਕਾਰ ਵਿਚ ਹੀ ਬੈਠਣਗੀਆਂ।ਸੱਤੀ ਲਗਾਤਾਰ ਤਿੰਨ ਘੰਟੇ ਕਾਰ ਚਲਾ ਕੇ ਲਿਆਇਆ ਸੀ।ਜੇ ਕੁਝ ਵੇਖਿਆ ਹੀ ਨਾ ਤਾਂ ਸਭ ਵਿਅਰਥ।ਦਸ ਪੰਦਰਾਂ ਮਿੰਟ ਇਹੀ ਸੋਚਦੇ ਕਾਰ ਵਿਚ ਬੈਠੇ ਰਹੇ ਕਿ ਕੀ ਕਰੀਏ।ਆਖਰ ਮਨਿੰਦਰ ਨੇ ਸਲਾਹ ਦਿੱਤੀ ਕਿ ਸਾਰੇ ਕਸੀਨੋ ਅੰਦਰੋਂ ਪੂਰੇ ਗਰਮ ਹਨ।ਆਪਾਂ ਤੇਜ਼ ਤੁਰ ਕੇ ਕਸੀਨੋ ਦੇ ਅੰਦਰ ਪਹੁੰਚ ਜਾਈਏ।ਪਰ ਕਾਰ ਦੀ ਬਾਰੀ ਖੋਲ੍ਹਦਿਆਂ ਹੀ ਉਸਦੀ ਸਕੀਮ ਤੇ ਪਾਣੀ ਫਿਰ ਗਿਆ।ਮਨਿੰਦਰ ਦੇ ਦੁਬਾਰਾ ਇਸਰਾਰ ਕਰਨ ਤੇ ਮਿੰਨੀ ਨੇ ਹਿੰਮਤ ਫੜ੍ਹੀ।ਬੱਚਿਆਂ ਨੂੰ ਚੰਗੀ ਤਰ੍ਹਾਂ ਢਕ ਕੇ ਬੱਗੀਆਂ ਵਿਚ ਪਾ ਲਿਆ।ਕਾਰ ਵਿਚੋਂ ਬਾਹਰ ਨਿਕਲੇ ਤਾਂ ਸਮੁੰਦਰ ਵੱਲੋਂ ਆ ਰਹੀ ਸੀਤ ਲਹਿਰ ਸਰੀਰਾਂ ਨਾਲ ਟਕਰਾਈ।ਇਹੋ ਜਿਹੀ ਸਰਦ ਰਾਤ ਅਸੀਂ ਪਹਿਲਾਂ ਕਦੇ ਨਹੀਂ ਸੀ ਦੇਖੀ।ਪਾਰਾ ਮਨਫੀ ਡਿਗਰੀ ਸੀ ਹਵਾ ਦੀ ਗਤੀ ਸੱਤਰ ਮੀਲ।ਅਸੀਂ ਸਾਰੇ ਕੰਬ ਰਹੇ ਸੀ।ਸੋਚ ਰਹੇ ਸੀ ਕਿ ਜੇ ਸੱਤੀ ਦਾ ਕਿਹਾ ਮੰਨ ਕੇ ਜਾਕਟਾਂ ਵੀ ਨਾ ਲਈਆਂ ਹੁੰਦੀਆਂ ਤਾਂ ਕੀ ਹਾਲ ਹੁੰਦਾ ?ਅਸੀਂ ਮੂੰਹੋਂ ਬੋਲਦੇ ਕੁਝ ਹੋਰ ਸੀ ਤੇ ਲਫ਼ਜ਼ ਕੋਈ ਹੋਰ ਈ ਨਿਕਲਦਾ।ਅਸੀਂ ਹਿੰਮਤ ਕਰ ਕੇ ਤੁਰੇ ਤੇ ਸੌ ਕੁ ਗਜ ਦੀ ਵਿਥ ਤੇ ਬਣੇ ਬੈਲੀ ਕਸੀਨੋ ਵਿਚ ਜਾ ਵੜੇ।ਅੰਦਰ ਵੜ ਕੇ ਸਾਡੀ ਜਾਨ ਵਿਚ ਜਾਨ ਆਈ।
ਲੇਖਕ ਅਤੇ ਸਤਵਿੰਦਰ ਟਾਫੀਆਂ ਦੀ ਦੁਕਾਨ ਦੇ ਸਾਹਮਣੇ
ਪੰਦਰਾਂ ਕੁ ਮਿੰਟ ਬਾਅਦ ਸੱਤੀ ਤੇ ਮਨਿੰਦਰ ਕਾਰ ਪਾਰਕ ਕਰ ਕੇ ਪਹੁੰਚ ਗਏ।ਅਸੀਂ ਕਸੀਨੋ ਦੇ ਅੰਦਰ ਇਕ ਗੇੜਾ ਮਾਰਿਆ।ਜਿਵੇਂ ਕਿਸੇ ਪੁਰਾਣੀ ਗੁਫਾ ਵਿਚ ਵੜ ਗਏ ਹੋਈਏ।ਮਨਿੰਦਰ ਨੇ ਦੱਸਿਆ ਕਿ ਤਾਜ ਮਹੱਲ ਕਸੀਨੋ ਸਭ ਤੋਂ ਵਧੀਆ ਹੈ।ਆਪਾਂ ਉਥੇ ਜਾਣਾ ਹੈ ਪਰ ਉਸ ਤੋਂ ਪਹਿਲਾਂ ਇਕ ਮਾਲ ਦੇਖਣਾ ਹੈ।ਅਸੀਂ ਬਾਹਰ ਜਾਣ ਤੋਂ ਕਤਰਾ ਰਹੇ ਸੀ।ਸੱਤੀ ਨੇ ਦੱਸਿਆ ਕਿ ਬਾਹਰ ਠੰਡ ਦਾ ਜ਼ੋਰ ਘਟ ਗਿਆ ਹੈ।ਨਲੇ ਜੋ ਪਹਿਲਾਂ ਠੰਡ ਲਗਦੀ ਹੈ ਉਸ ਲਈ ਸਾਡਾ ਸਰੀਰ ਤੇ ਦਿਮਾਗ ਤਿਆਰ ਨਹੀਂ ਹੁੰਦੇ।ਇਸ ਲਈ ਜ਼ਿਆਦਾ ਮਹਿਸੂਸ ਹੁੰਦੀ ਹੈ।ਜਦੋਂ ਅਸੀਂ ਬਾਹਰ ਨਿਕਲੇ ਤਾਂ ਇਹ ਗੱਲ ਸੱਚ ਜਾਪੀ।ਬਾਹਰ ਠੰਡ ਤਾਂ ਪੂਰੀ ਸੀ ਪਰ ਹੁਣ ਸਾਡੇ ਸਰੀਰ ਕੰਬ ਨਹੀਂ ਸੀ ਰਹੇ।ਥੋੜ੍ਹੀ ਦੂਰ ਚੱਲ ਕੇ ਅਸੀਂ ਇਕ ਵਿਸ਼ਾਲ ਮਾਲ ਬਨਾਨਾ ਰਿਪਬਲਿਕ ਦੇ ਅੰਦਰ ਦਾਖਲ ਹੋ ਗਏ।ਮਾਲ ਵਿਚ ਪਹਿਲੀ ਦੁਕਾਨ ਕਨਫੈਕਸ਼ਨਰੀ ਦੀ ਸੀ।ਉਸ ਵਿਚ ਸੈਂਕੜੇ ਤਰ੍ਹਾਂ ਦੀਆਂ ਟਾਫੀਆਂ ਗੋਲ਼ੀਆਂ ਪਈਆਂ ਸਨ।ਜਿਸਦਾ ਜੋ ਦਿਲ ਕਰਦਾ ਹੈ ਸਵਾਦ ਦੇਖੇ ਕੋਈ ਰੋਕ ਨਹੀਂ।ਜੇ ਕਿਸੇ ਦਾ ਦਿਲ ਕਰਦਾ ਹੈ ਕੁਝ ਖਰੀਦ ਲਵੇ ਨਹੀਂ ਤਾਂ ਬਾਹਰ ਨਿਕਲ ਜਾਵੇ।ਸਾਡਾ ਟਾਫੀਆਂ ਖਾਣ ਦਾ ਮਨ ਨਹੀਂ ਸੀ।ਅਸੀਂ ਅੰਦਰ ਇਕ ਗੇੜਾ ਦਿੱਤਾ ਤੇ ਅੱਗੇ ਚਲੇ ਗਏ।ਵਖ ਵਖ ਦੁਕਾਨਾਂ ਵਿਚ ਘੁੰਮਦੇ ਹੋਏ ਅਸੀਂ ਇਕ ਮਸਾਜਰਾਂ ਦੀ ਦੁਕਾਨ ਵਿਚ ਦਾਖਲ ਹੋਏ।ਇਥੇ ਕਈ ਤਰ੍ਹਾਂ ਦੀਆਂ ਕੁਰਸੀਆਂ ਪਈਆਂ ਸਨ ਜਿਹੜੀਆਂ ਲੱਤਾਂ ਘੁੱਟਣ, ਪਿੱਠ ਦੀ ਮਾਲਸ਼ ਕਰਨ ਜਾਂ ਪੈਰ ਦੱਬਣ ਦਾ ਕੰਮ ਕਰਦੀਆਂ ਸਨ।ਕੋਈ ਵੀ ਦੋ ਮਿੰਟ ਲਈ ਬੈਠ ਕੇ ਦੇਖ ਸਕਦਾ ਸੀ।ਅਸੀਂ ਵਾਰੀ ਵਾਰੀ ਦੋ ਮਿੰਟ ਲਈ ਇਨ੍ਹਾਂ ਕੁਰਸੀਆਂ ਤੇ ਬੈਠੇ।ਮਿੰਨੀ ਦੀ ਮੰਮੀ ਜਦ ਪਿਠ ਮਾਲਸ਼ ਕਰਨ ਵਾਲੀ ਕੁਰਸੀ ਤੇ ਬੈਠੀ ਤਾਂ ਉਹ ਉਠਣ ਦਾ ਨਾਂ ਹੀ ਨਾ ਲਵੇ।ਕਹਿੰਦੀ ਮੈਨੂੰ ਤਾਂ ਭਾਵੇਂ ਸਾਰੀ ਰਾਤ ਐਸ ਕੁਰਸੀ ਤੇ ਬੈਠੀ ਰਹਿਣ ਦਿਉ।ਮਨਿੰਦਰ ਬੋਲਿਆ, ਮੰਮੀ ਮੈਂ ਤੁਹਾਨੂੰ ਇਹ ਕੁਰਸੀ ਗਿਫਟ ਕਰ ਦਿਆਂਗਾ ਜੇ ਤੁਸੀਂ ਇੰਡੀਆ ਲਿਜਾ ਸਕਦੇ ਹੋ ਪਰ ਆਉ ਹੁਣ ਚੱਲੀਏ।ਇਸ ਕੁਰਸੀ ਦੀ ਕੀਮਤ ਸੀ ਤਿੰਨ ਹਜ਼ਾਰ ਡਾਲਰ। ਅਸੀਂ ਅੱਗੇ ਵਧੇ ਤਾਂ ਨੱਚਣ ਵਾਲੇ ਫੁਹਾਰਿਆਂ (ਡਾਂਸਿੰਗ ਫਾਊਂਟੇਨਜ਼) ਦੇ ਸ਼ੋਅ ਦਾ ਸਮਾਂ ਹੋ ਚੁਕਿਆ ਸੀ।ਪੰਦਰਾਂ ਮਿੰਟ ਦਾ ਸ਼ੋਅ ਦੇਖਣ ਲਈ ਅਸੀਂ ਵੀ ਕੁਰਸੀਆਂ ਤੇ ਬੈਠ ਗਏ।ਇਕ ਗੁਲਾਈ ਵਿਚ ਬਹੁਤ ਸਾਰੇ ਫੁਹਾਰੇ ਲੱਗੇ ਹਨ ਜਿਨ੍ਹਾਂ ਵਿਚ ਅਲੱਗ ਰੰਗਾਂ ਦੀਆਂ ਰੋਸ਼ਨੀਆਂ ਫਿੱਟ ਹਨ।ਹਾਲ ਦੀਆਂ ਰੋਸ਼ਨੀਆਂ ਬੰਦ ਹੋ ਗਈਆਂ ਤੇ ਹਲਕਾ ਸੰਗੀਤ ਚਾਲੂ ਹੋ ਗਿਆ।ਹੌਲ਼ੀ ਹੌਲ਼ੀ ਫੁਹਾਰੇ ਇਕ ਲੈਅ ਵਿਚ ਨੱਚਣ ਲੱਗੇ।ਕਦੇ ਤੇਜ਼ ਗਤੀ ਅਤੇ ਕਦੇ ਧੀਮੀ।ਕਦੇ ਸੱਜੇ ਤੋਂ ਖਬੇ ਅਤੇ ਕਦੇ ਇਕ ਦਮ ਉਚਾਈ ਤੱਕ ਜਾ ਕੇ ਬਿਲਕੁਲ ਸ਼ਾਂਤ।ਇਸੇ ਤਰ੍ਹਾਂ ਛੱਤ ਵੱਲੋਂ ਵੀ ਪਾਣੀ ਡਿਗਦਾ ਜੋ ਵਰ੍ਹਦੇ ਤੇਜ਼ ਮੀਂਹ ਦਾ ਭੁਲੇਖਾ ਪਾਉਂਦਾ।ਇਹ ਪੰਦਰਾਂ ਮਿੰਟ ਕਦ ਬੀਤ ਗਏ ਸਾਨੂੰ ਪਤਾ ਵੀ ਨਾ ਲੱਗਿਆ।ਜਦੋਂ ਸ਼ੋਅ ਖ਼ਤਮ ਹੋਇਆ ਤਾਂ ਇਉਂ ਲੱਗਿਆ ਜਿਵੇਂ ਕਿਸੇ ਵਿਸਮਾਦ ’ਚੋਂ ਉਠੇ ਹੋਈਏ।ਇਹੋ ਜਿਹਾ ਫੁਹਾਰਾ ਲੁਧਿਆਣੇ ਦੇ ਰੋਜ਼ ਗਾਰਡਨ ਵਿਚ ਵੀ ਲਗਾਇਆ ਗਿਆ ਹੈ ਪਰ ਉਹ
ਬਹੁਤ ਹੀ ਛੋਟਾ ਹੈ ਅਤੇ ਚਲਦਾ ਵੀ ਕਦੇ ਲੰਙੇ ਡੰਗ ਹੀ ਹੈ।
ਲੇਖਕ, ਸਤਵਿੰਦਰ ਅਤੇ ਜਸਲੀਨ ਡਾਂਸਿੰਗ ਫਾਊਂਟੇਨਜ਼ ਦੇ ਸਾਹਮਣੇ
ਮਨਿੰਦਰ ਕਸੀਨੋ ਜਾਣ ਲਈ ਕਾਹਲਾ ਪੈ ਰਿਹਾ ਸੀ।ਅਸੀਂ ਮਾਲ ਤੋਂ ਬਾਹਰ ਨਿਕਲੇ ਤਾਂ ਠੰਡ ਦਾ ਜ਼ੋਰ ਪਹਿਲਾਂ ਵਾਂਗ ਹੀ ਸੀ।ਸਾਡੇ ਸਰੀਰ ਕੰਬ ਰਹੇ ਸਨ।ਅਸੀਂ ਤਾਜ ਮਹੱਲ ਕਸੀਨੋ ਜਾਣਾ ਸੀ ਜੋ ਉਥੋਂ ਅੱਧਾ ਕਿਲੋਮੀਟਰ ਦੂਰ ਸੀ।ਅਸੀਂ ਪੈਦਲ ਸਮੁੰਦਰ ਦੇ ਨਾਲ ਨਾਲ ਤਾਜ ਵੱਲ ਵਧਦੇ ਰਹੇ।ਰਾਤ ਹਨੇਰੀ ਸੀ ਜਿਸ ਕਾਰਣ ਸਮੁੰਦਰ ਸਿਵਾਏ ਕਾਲਖ ਤੋਂ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ।ਸੱਤੀ ਇਕ ਰਾਤ ਉਥੇ ਹੀ ਰੁਕਣ ਲਈ ਜ਼ੋਰ ਪਾ ਰਿਹਾ ਸੀ ਤਾਂ ਜੋ ਸਮੁੰਦਰੀ ਛੱਲਾਂ ਦਾ ਨਜ਼ਾਰਾ ਵੀ ਲਿਆ ਜਾ ਸਕੇ ਪਰ ਸਾਡੇ ਵਿਚੋਂ ਹੋਰ ਕੋਈ ਵੀ ਨਹੀਂ ਸੀ ਮੰਨ ਰਿਹਾ।ਆਖਰ ਸੱਤੀ ਨੇ ਇਹੀ ਸੋਚ ਕੇ ਮਨ ਸਮਝਾ ਲਿਆ ਕਿ ਚਲੋ ਜਿੰਨਾਂ ਨਹਾਤੀ ਉਨਾ ਹੀ ਪੁੰਨ।ਮੈਂ ਤੇ ਮਨਿੰਦਰ ਗੱਲਾਂ ਵਿਚ ਐਨੇ ਮਸਤ ਸਾਂ ਕਿ ਸਾਨੂੰ ਆਪਣੇ ਨਾਲ ਆ ਰਹੇ ਬਾਕੀ ਜਣਿਆਂ ਦੀ ਸੋਝੀ ਹੀ ਨਾ ਰਹੀ।ਤਾਜ ਦੇ ਗੇਟ ਅਗੇ ਜਾ ਕੇ ਪਿਛੇ ਮੁੜ ਕੇ ਦੇਖਿਆ ਤਾਂ ਸਤਵਿੰਦਰ ਤੇ ਕਮਲ ਜਸਲੀਨ ਨੂੰ ਲਈ ਇਕ ਬੱਘੀ ਨੁਮਾ ਰਿਕਸ਼ੇ ਵਿਚ ਬੈਠੀਆਂ ਆ ਰਹੀਆਂ ਸਨ।ਠੰਡ ਤੋਂ ਬਚਣ ਦਾ ਇਹ ਚੰਗਾ ਤਰੀਕਾ ਸੀ।ਸਮੁੰਦਰ ਦੇ ਕਿਨਾਰੇ ਪੈਰਾਂ ਵਾਲੇ ਰਿਕਸ਼ੇ ਚੱਲ ਰਹੇ ਸਨ ਜੋ ਆਸੇ ਪਾਸੇ ਤੋਂ ਪਲਾਸਟਿਕ ਦੀ ਸ਼ੀਟ ਨਾਲ ਢਕੇ ਹੋਏ ਸਨ।ਉਹ ਥੋੜ੍ਹੀ ਜਿਹੀ ਵਾਟ ਦਾ ਦਸ ਡਾਲਰ ਕਿਰਾਇਆ ਵਸੂਲ ਰਹੇ ਸਨ।
ਕਸੀਨੋ ਦੇ ਮੱਥੇ ਤੇ ਟਰੰਪ ਤਾਜ ਮਹੱਲ ਲਿਖਿਆ ਹੋਇਆ ਸੀ।ਮੈਂ ਸੋਚ ਰਿਹਾ ਸੀ ਸ਼ਾਇਦ ਇਹ ਟਾਟਾ ਗਰੁੱਪ ਨੇ ਤਾਮੀਰ ਕਰਵਾਇਆ ਹੋਵੇਗਾ ਜਿਸਦੇ ਭਾਰਤ ਵਿਚ ਤਾਜ ਮਹੱਲ ਹੋਟਲ ਹਨ ਕਿਉਂਕਿ ਇਸ ਦੀ ਭਵਨ ਕਲਾ ਵੀ ਉਨ੍ਹਾਂ ਨਾਲ ਮਿਲਦੀ ਜੁਲਦੀ ਹੈ।ਛੱਤਾਂ ਉਪਰ ਬੁਰਜੀਆਂ ਬਣੀਆਂ ਹੋਈਆਂ ਹਨ।ਪਰ ਸੱਤੀ ਨੇ ਦਸਿਆ ਕਿ ਇਹ ਕਸੀਨੋ ਅਮਰੀਕਨ ਅਰਬਾਂਪਤੀ ਮਿਸਟਰ ਟਰੰਪ ਨੇ ਆਗਰੇ ਦੇ ਤਾਜ ਮਹੱਲ ਤੋਂ ਪ੍ਰਭਾਵਿਤ ਹੋ ਕੇ ਬਣਵਾਇਆ ਹੈ।ਜਿਵੇਂ ਤਾਜ ਮਹੱਲ ਦੇ ਕੋਲ ਪਹੁੰਚਣ ਤੋਂ ਪਹਿਲਾਂ ਇਕ ਲੜੀ ਵਿਚ ਫੁਹਾਰੇ ਚਲਦੇ ਹਨ ਬਿਲਕੁਲ ਉਸੇ ਤਰ੍ਹਾਂ ਇਥੇ ਵੀ ਫੁਹਾਰਿਆਂ ਦੀ ਇਕ ਲੜੀ ਹੈ।ਹਾਲ ਦੇ ਅੰਦਰ ਦਾਖਲ ਹੋਏ ਤਾਂ ਮਹੌਲ ਬੜਾ ਹੀ ਰੁਮਾਂਚਿਤ ਕਰਨ ਵਾਲਾ ਸੀ।ਹਜਾਰਾਂ ਫੁੱਟ ਲੰਬੇ ਤੇ ਛੌੜੇ ਹਾਲ ਦੀ ਫਰਸ਼ ਨੂੰ ਪੂਰੀ ਤਰ੍ਹਾਂ ਕਾਰਪੈਟ ਨਾਲ ਢਕਿਆ ਹੋਇਆ ਸੀ।ਛੱਤਾਂ ਨਾਲ ਕਾਫੀ ਵਜ਼ਨੀਂ ਫਾਨੂਸ ਲਟਕ ਰਹੇ ਸਨ।ਸਾਈਡਾਂ ਤੇ ਦੁਕਾਨਾਂ ਬਣੀਆਂ ਹੋਈਆਂ ਹਨ।ਅੰਦਰ ਹੀ ਬੈਂਕਾਂ ਦੀਆਂ ਏ ਟੀ ਐਮ ਮਸ਼ੀਨਾਂ ਹਨ।ਕਿਉਂਕਿ ਅਮਰੀਕਾ ਵਿਚ ਕਰੈਡਿਟ ਕਾਰਡ ਦਾ ਪ੍ਰਚਲਨ ਜ਼ਿਆਦਾ ਹੈ ਇਸ ਲਈ ਲੋਕ ਜੇਬਾਂ ਵਿਚ ਕਰੰਸੀ ਨੋਟ ਘੱਟ ਹੀ ਰਖਦੇ ਹਨ।
ਲੇਖਕ ਆਪਣੇ ਅਤੇ ਮਨਿੰਦਰ ਦੇ ਪਰਿਵਾਰ ਨਾਲ
ਸਭ ਤੋਂ ਪਹਿਲਾਂ ਅਸੀਂ ਸਿੱਕਿਆਂ ਵਾਲੀਆਂ ਮਸ਼ੀਨਾਂ ਵੱਲ ਹੋਏ।ਮਸ਼ੀਨ ਵਿਚ ਸਿੱਕਾ ਪਾਉ, ਜੇ ਮਸ਼ੀਨ ਤੇ ਤਿੰਨ ਨੰਬਰ ਇਕੋ ਜਿਹੇ ਆ ਜਾਣ ਤਾਂ ਢੇਰ ਸਾਰੇ ਸਿੱਕੇ ਮਸ਼ੀਨ ਤੋਂ ਬਾਹਰ ਆ ਜਾਂਦੇ ਹਨ ਨਹੀਂ ਤਾਂ ਪਾਇਆ ਸਿੱਕਾ ਵੀ ਮਸ਼ੀਨ ਹਜ਼ਮ ਕਰ ਲੈਂਦੀ ਹੈ।ਕਈ ਤਾਂ ਸਾਰੀ ਸਾਰੀ ਰਾਤ ਕਿਸਮਤ ਅਜਮਾਉਂਦੇ ਬੈਠੇ ਰਹਿੰਦੇ ਹਨ।ਇਸ ਤੋਂ ਅੱਗੇ ਟੇਬਲ ਟੈਨਿਸ ਵਰਗੇ ਫੱਟਿਆਂ ਵਰਗੀਆਂ ਮਸ਼ੀਨਾਂ ਹਨ ਜਿਨ੍ਹਾਂ ਉਪਰ ਨੰਬਰ ਲਿਖੇ ਹੋਏ ਹਨ।ਇਕ ਆਦਮੀ ਮਸ਼ੀਨ ਨੂੰ ਚਲਾਉਣ ਲਈ ਖੜ੍ਹਾ ਹੈ।ਪਿਛੇ ਇਕ ਗੋਲ ਅਕਾਰ ਦੀ ਚਕਰੀ ਹੈ ਜਿਸ ਉਪਰ ਹਿੰਦਸੇ ਲਿਖੇ ਹੋਏ ਹਨ।ਜਿਸ ਨੇ ਖੇਡਣਾ ਹੁੰਦਾ ਉਹ ਡਾਲਰ ਦੇ ਕੇ ਉਸ ਆਦਮੀ ਤੋਂ ਗੋਲ ਅਕਾਰ ਦੀਆਂ ਠੀਕਰੀਆਂ ਲੈ ਲੈਂਦਾ ਤੇ ਆਪਣੇ ਮਨਪਸੰਦ ਨੰਬਰ ਤੇ ਰਖ ਦਿੰਦਾ।ਜਿਸਦਾ ਨੰਬਰ ਆ ਜਾਂਦਾ ਉਸਨੂੰ ਤੀਹ ਗੁਣਾ ਪੈਸੇ ਮਿਲ ਜਾਂਦੇ।ਪਰ ਹਾਰਨ ਵਾਲੇ ਜ਼ਿਆਦਾ ਸਨ।ਸੱਤੀ ਮੈਨੂੰ ਵੀ ਖੇਡਣ ਲਈ ਕਹਿ ਰਿਹਾ ਸੀ ਪਰ ਮੇਰੀ ਦਿਲਚਸਪੀ ਖੇਡਣ ਨਾਲੋਂ ਦੇਖਣ ਵਿਚ ਜ਼ਿਆਦਾ ਸੀ।ਇਹ ਤਾਂ ਪਤਾ ਹੀ ਸੀ ਕਿ ਇਥੋਂ ਕੋਈ ਜਿੱਤ ਕੇ ਨਹੀਂ ਗਿਆ।ਹਿੰਦੀ ਦੀ ਕਹਾਵਤ ਹੈ ਕਿ ਜੂਆ ਕਿਸੀ ਕਾ ਨਾ ਹੂਆ।
ਸਤਵਿੰਦਰ ਅਤੇ ਜਸਲੀਨ ਤਾਜ ਮਹੱਲ ਕੈਸੀਨੋ ਦੇ ਸਾਹਮਣੇ
ਇਥੋਂ ਅਸੀਂ ਦੂਜੇ ਹਾਲ ਵੱਲ ਗਏ ਤਾਂ ਐਨੀ ਭੀੜ ਕਿ ਪੈਰ ਰੱਖਣ ਲਈ ਜਗ੍ਹਾ ਵੀ ਮੁਸ਼ਕਿਲ ਸੀ।ਹਰ ਤਰ੍ਹਾਂ ਦੇ ਮਨੁਖ ਜਵਾਨ ਬੁਢੇ ਕਾਲੇ ਗੋਰੇ ਇਥੇ ਨਜ਼ਰ ਆ ਰਹੇ ਸਨ।ਮਨਿੰਦਰ ਨੇ ਦਸਿਆ ਕਿ ਇਥੇ ਬਜੁਰਗ ਜ਼ਿਆਦਾ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਅਤੇ ਪੂਰੀ ਵਿਹਲ ਵੀ ਹੁੰਦੀ ਹੈ।ਮੈਂ ਹਾਲ ਵਿਚ ਨਿਗ੍ਹਾ ਦੁੜਾਈ ਤਾਂ ਇਹ ਗੱਲ ਸਚ ਜਾਪੀ।ਇਥੇ ਤਾਸ਼ ਦੀਆਂ ਬਾਜ਼ੀਆਂ ਲੱਗ ਰਹੀਆਂ ਸਨ।ਇਕ ਪਾਸੇ ਸਟੇਜ ਲੱਗੀ ਸੀ ਜਿਥੇ ਅਰਧ ਨਗਨ ਕੁੜੀਆਂ ਡਾਂਸ ਕਰ ਰਹੀਆਂ ਸਨ।ਕੁਝ ਕੁੜੀਆਂ ਸ਼ਰਾਬ ਦੇ ਗਿਲਾਸ ਰੱਖੀ ਟਰੇਆਂ ਚੁੱਕੀ ਫਿਰਦੀਆਂ ਸਨ।ਇਥੇ ਖੇਡਣ ਵਾਲਿਆਂ ਲਈ ਸ਼ਰਾਬ ਮੁਫਤ ਸੀ।ਜਿੰਨੀ ਕੋਈ ਪੀ ਸਕਦਾ ਹੈ ਪੀ ਲਵੇ।ਇਹ ਪ੍ਰਬੰਧਕਾਂ ਦੀ ਨੀਤੀ ਹੈ ਕਿ ਕੋਈ ਜਿੰਨੀ ਵਧ ਪੀਵੇਗਾ ਉਨਾ ਵੱਧ ਖੇਡੇਗਾ ਅਤੇ ਉਸਦੇ ਹਾਰਣ ਦੇ ਮੌਕੇ ਉਨੇ ਹੀ ਵੱਧ।ਇਥੇ ਮਨਿੰਦਰ ਨੇ ਵੀ ਕਿਸਮਤ ਅਜਮਾਈ।ਜੇ ਉਹ ਦੋ ਡਾਲਰ ਜਿੱਤਦਾ ਤਾਂ ਪੰਜ ਹਾਰ ਜਾਂਦਾ।ਇਨ੍ਹਾਂ ਜੂਆ ਘਰਾਂ ਵਿਚ ਸਾਰੀ ਰਾਤ ਹੀ ਲੋਕ ਖੇਡਦੇ ਰਹਿੰਦੇ ਹਨ।ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਦਿਨ ਹੀ ਰਾਤ ਨੂੰ ਚੜ੍ਹਦਾ ਹੈ।
ਬੱਚਿਆਂ ਨੂੰ ਹਾਲ ਅੰਦਰ ਲਿਜਾਣ ਦੀ ਇਜਾਜਤ ਨਹੀਂ ਇਸ ਲਈ ਉਹ ਆਪਣੀਆਂ ਮਾਵਾਂ ਨਾਲ ਇਕ ਰੈਸਟੋਰੈਂਟ ਵਿਚ ਬੈਠੇ ਸਨ।ਅਸੀਂ ਭਾਵੇਂ ਸਾਰੀ ਰਾਤ ਹੀ ਏਥੇ ਬੈਠੇ ਰਹਿੰਦੇ ਤਾਂ ਵੀ ਮਨ ਨਹੀਂ ਸੀ ਭਰਨਾ ਪਰ ਬੱਚੇ ਕਾਹਲੇ ਪੈ ਗਏ ਸਨ।ਇਸ ਲਈ ਅਸੀਂ ਵਾਪਸੀ ਦੀ ਤਿਆਰੀ ਕਰ ਲਈ।ਬਾਹਰ ਨਿਕਲੇ ਤਾਂ ਮੇਨ ਗੇਟ ਕੋਲ ਛੇ ਸੱਤ ਲਿਮੋਜੀਨ ਕਾਰਾਂ ਖੜ੍ਹੀਆਂ ਸਨ।ਮਨਿੰਦਰ ਨੇ ਦੱਸਿਆ ਕਿ ਇਹ ਹੋਟਲ ਵਾਲਿਆਂ ਵੱਲੋਂ ਜੋ ਤਕੜੇ ਜੁਆਰੀ ਹਨ ਉਨ੍ਹਾਂ ਨੂੰ ਘਰੋਂ ਲਿਆਉਣ ਲਈ ਰੱਖੀਆਂ ਹੋਈਆਂ ਹਨ।ਬਸ ਉਨ੍ਹਾਂ ਨੇ ਕਸੀਨੋ ਇਕ ਫੋਨ ਕਰਨਾ ਹੈ।ਕਈ ਵਾਰ ਵੀਕਐਂਡ ਤੇ ਕਸੀਨੋ ਵਾਲੇ ਆਪ ਹੀ ਫੋਨ ਕਰ ਕੇ ਗਾਹਕ ਨੂੰ ਪੁਛਦੇ ਹਨ।ਜੋ ਕਸੀਨੋ ਦੇ ਮੈਂਬਰ ਬਣ ਜਾਂਦੇ ਹਨ ਉਨ੍ਹਾਂ ਨੂੰ ਹੋਟਲ ਵਿਚ ਰਹਿਣ ਲਈ ਮੁਫਤ ਕਮਰਾ ਵੀ ਦਿੱਤਾ ਜਾਂਦਾ ਹੈ।ਰਾਤ ਦੇ ਤਕਰੀਬਨ ਇਕ ਵਜੇ ਅਸੀਂ ਵਾਪਸੀ ਕੀਤੀ।ਤਿੰਨ ਸਾਢੇ ਤਿੰਨ ਘੰਟੇ ਸੱਤੀ ਨੇ ਅਜੇ ਕਾਰ ਚਲਾਉਣੀ ਸੀ ਪਰ ਉਸਦੇ ਚਿਹਰੇ ਤੇ ਕੋਈ ਥਕਾਵਟ ਨਜ਼ਰ ਨਹੀਂ ਸੀ ਆ ਰਹੀ।ਸਾਡਾ ਇਹ ਦਿਨ ਬਹੁਤ ਹੀ ਯਾਦਗਾਰੀ ਰਿਹਾ।ਰੋਸ਼ਨੀਆਂ ਵਿਚ ਨਹਾਤੇ ਅਤੇ ਸਦਾ ਹੀ ਜਾਗਦੇ ਰਹਿਣ ਵਾਲੇ ਸ਼ਹਿਰ ਨੂੰ ਅਸੀਂ ਪਿਛੇ ਛਡਦੇ ਜਾ ਰਹੇ ਸੀ।