ਪਿਓ ਦਾਦੇ ਤੋਂ ਵਿਰਸੇ ਵਿੱਚ, ਅਣਮੋਲ ਖਜਾਨੇ ਪਾਏ ।
ਜਿਓਂ ਜਿਓਂ ਅੱਗੇ ਵੰਡਦਾ ਬੰਦਾ, ਵਧਦੇ ਦੂਣ ਸਵਾਏ ।।
ਕਿਸੇ ਨੂੰ ਲੱਭਣ ਰਤਨ ਜਵਾਹਰ, ਕਿਸੇ ਨੂੰ ਕੁਝ ਨਾ ਥਿਆਏ ।
ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਗਿਆਨ ਗੁਰੂ ਰੁਸ਼ਨਾਏ ।।
ਜੇਕਰ ਜੱਗ ਨੂੰ ਸ਼ਬਦ ਖਜਾਨਾ, ਵਰਤਣ ਦੀ ਵਿਧ ਆਏ ।
ਰਲ-ਮਿਲ ਸਾਰੇ ਖਰਚਣ-ਖਾਵਣ, ਤੋਟ ਕਦੇ ਨਾ ਭਾਏ ।।
ਸਤ ਸੰਤੋਖ ਦੇ ਸੁੱਚੇ ਮੋਤੀ, ਥਾਲੀ ਵਿੱਚ ਸਜਾਏ ।
ਕਿਰਤ ਕਰਨ ਤੇ ਵੰਡ ਛਕਣ ਵੀ, ਨਿਰਸਵਾਰਥ ਪ੍ਰਣਾਏ ।।
ਦਿਆ, ਧਰਮ ਤੇ ਧੀਰਜ ਲੱਭਦੇ, ਨਾਮ ਨਾਲ ਨਸ਼ਿਆਏ ।
ਪ੍ਰੇਮ-ਮਾਰਗ ਦਾ ਗਿਆਨ ਕਰਾਉਂਦੇ, ਸ਼ਬਦ-ਵਿਚਾਰ ਟਿਕਾਏ ।।
ਮਿੱਠਤ, ਨੀਵੀਂ, ਸਹਿਣਸ਼ੀਲਤਾ, ਜੋ ਜੋ ਪ੍ਰਾਣੀ ਖਾਏ ।
ਵਸ ਕਰ ਕੰਤ-ਪ੍ਰਭੂ ਨੂੰ ਉਹ ਤਾਂ, ਆਪਣੇ ਨਾਲ ਬਹਾਏ ।।
ਜੋ ਵੀ ਏਸ ਖਜਾਨੇ ਦੇ ਵਲ, ਆਪਣੇ ਹੱਥ ਵਧਾਏ ।
ਸਾਗਰ ਚੋਂ ਦੋ ਘੁੱਟਾਂ ਭਰਕੇ, ਜੀਵਨ ਸਫਲ ਕਰਾਏ ।।