ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਆਈ ਫੋਨ (ਕਹਾਣੀ)

    ਸਤਿੰਦਰ ਸਿਧੂ   

    Email: satinder@baghapurana.com
    Address:
    ਮੋਰਿਸ ਪਲੇਨ, ਨਿਊ ਜਰਸੀ New Jersey United States 07950
    ਸਤਿੰਦਰ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆਪ-ਬੀਤੀ

    ਐਪਲ ਆਈ ਫੋਨ ਦੇ ਸੰਸਾਰ ਪ੍ਰਸਿਧ ਹੋਣ ਕਰਕੇ ਮੈਂ ਵੀ ਨਵਾਂ ਆਈ ਫੋਨ ਲੈਣ ਦੇ ਸੁਪਣੇ ਲੈਣ ਲੱਗਾ । 12 ਸਤੰਬਰ ਨੂੰ ਬੂਕਿੰਗ ਸ਼ੁਰੂ ਹੋ ਗਈ ਅਤੇ ਮੈਂ ਵੀ ਆਪਣਾ ਹਿਸਾਬ ਕਿਤਾਬ ਲਗਾ ਕੇ ਸਭ ਤੋ ਸਸਤਾ ਮਾਡਲ ਬੁੱਕ ਕਰਵਾ ਦਿੱਤਾ। ਬੁਕਿੰਗ ਕੰਪਨੀ ਨੇ ਮੈਨੂੰ ਦੋ ਮਹੀਨੇ ਬਾਅਦ ਫੋਨ ਦੇਣ ਦਾ ਵਾਅਦਾ ਕੀਤਾ, ਮੈਂ ਬੜਾ ਨਿਰਾਸ਼ ਹੋਇਆ ਅਤੇ ਉਨ੍ਹਾਂ ਨੂੰ ਪੁਛਿਆ ਕਿ ਕਿਸੇ ਤਰੀਕੇ ਨਾਲ ਮੈਨੂੰ ਫੋਨ ਜਲਦੀ ਨਹੀਂ ਮਿਲ ਸਕਦਾ? ਤਾਂ ਉਨਾਂ੍ਹ ਨੇ ਬੜੇ ਪਿਆਰ ਨਾਲ ਕਿਹਾ ਕਿ 19 ਸਤੰਬਰ ਨੂੰ ਫ਼ੋਨ ਸਟੋਰਾਂ ਵਿਚ ਆ ਜਾਣਗੇ ਤੁਸੀਂ ਉਥੋਂ ਲੈ ਸਕਦੇ ਹੋ। ਮੈਨੂੰ ਇਕ ਆਸ ਦੀ ਕਿਰਨ ਨਜ਼ਰ ਆਈ। ਇਕ ਹਫਤਾ ਮੈਂ ਫੋਨ ਦੇ ਸੁਪਨੇ ਲੈਂਦੇ ਔਖੇ ਸੌਖੇ ਹੀ ਕਢਿਆ । ਅਠਾਰਾਂ ਦੀ ਰਾਤ ਨੂੰ ਮੈਂ ਆਪਣੇ ਦੋਸਤ ਇੰਦਰ ਨਾਲ ਸਵੇਰੇ ਸਟੋਰ ਵਿਚ ਜਾਣ ਦੀ ਸਲਾਹ ਬਣਾ ਲਈ ।

    ਵੈਸੇ ਤਾਂ ਮੈਂ ਸਵੇਰੇ ਲੇਟ ਉਠਣ ਵਾਲਿਆਂ ਵਿਚ ਈ ਆਉਂਦਾ ਹਾਂ, ਪਰ 19 ਦੀ ਸਵੇਰ ਨੂੰ ਮੈਨੂੰ ਸਾਢੇ ਕੁ ਪੰਜ ਵਜੇ ਈ ਜਾਗ ਆ ਗਈ। ਮੈਂ ਸੋਚਿਆ ਅੱਜ ਤਾ ਫੋਨ ਮਿਲ ਹੀ ਜਾਣਾ ਹੈ, ਸੋ ਮੈਂ ਫੋਨ ਕਰਕੇ ਆਪਣੀ ਬੁਕਿੰਗ ਕੈਂਸਲ ਕਰਵਾ ਦਿੱਤੀ। ਸ਼ੁਕਰਵਾਰ ਦਾ ਦਿਨ ਸੀ, ਮੈਂ ਕੰਮ ਤੋਂ ਵੀ ਛੁੱਟੀ ਲੈ ਲਈ ਸੀ। ਮੈਂ ਸੋਚਿਆ ਅੱਜ ਨਵਾਂ ਫੋਨ ਲਿਆਵਾਂਗੇ ਅਤੇ ਪਰਿਵਾਰ ਨਾਲ ਦਿਨ ਬਿਤਾਵਾਂਗੇ। ਵੈਸੇ ਤਾਂ ਸਟੋਰ ਦਸ ਵਜੇ ਖੁਲ੍ਹਦੇ ਹਨ, ਪਰ ਅੱਜ ਸਟੋਰ ਅੱਠ ਵਜੇ ਖੁਲ੍ਹਣੇ ਸਨ।

     ਮੈਂ ਸੁਣਿਆਂ ਸੀ ਕਿ ਪਹਿਲੇ ਦਿਨ ਦੁਕਾਨਾਂ ਤੇ ਬੜੀ ਭੀੜ ਹੁੰਦੀ ਹੈ, ਇਸ ਕਰਕੇ ਮੈਂ ਤਿਆਰ ਹੋ ਕੇ ਜਲਦੀ ਹੀ ਉਥੇ ਪਹੁੰਚਣ ਦੀ ਤਿਆਰੀ ਕਰਨ ਲਗਾ। ਮੈਂ ਸਤ ਕੁ ਵਜੇ ਹੀ ਨਾਲ ਲਗਦੇ ਇਕ ਸਟੋਰ ਤੇ ਪਹੁੰਚ ਗਿਆ, ਉਥੇ ਪਹਿਲਾਂ ਈ ਲਾਈਨ ਵਿਚ ਕਾਫੀ ਬੰਦੇ ਖੜ੍ਹੇ ਸਨ। ਬੜੀ ਉਤਸੁਕਤਾ ਨਾਲ ਕੋਲੇ ਪਹੁੰਚਣ ਤੇ ਪਤਾ ਲੱਗਾ ਕਿ ਲੋਕ ਰਾਤ ਦਸ ਵਜੇ ਈ ਆ ਕੇ ਲਾਈਨ ਵਿਚ ਲੱਗ ਗਏ ਸਨ ਅਤੇ ਸਟੋਰ ਵਾਲਿਆਂ ਨੇ

                   ਸਟੋਰ ਦੇ ਬਾਹਰ ਫੋਨ ਲੈਣ ਲਈ ਲੱਗੀ ਹੋਈ ਲੰਬੀ ਲਾਈਨ
     ਸਵੇਰੇ ਚਾਰ ਵਜੇ ਟੋਕਨ ਦੇਣੇ ਸ਼ੁਰੂ ਕਰ ਦਿਤੇ ਸਨ। ਹੁਣ ਤਾਂ ਉਨ੍ਹਾਂ ਕੋਲ ਸਿਰਫ ਮਹਿੰਗੇ ਵਾਲੇ ਫੋਨ ਈ ਬਚੇ ਹਨ।ਅਜੇ ਸਾਢੇ ਸੱਤ ਈ ਵੱਜੇ ਸਨ। ਮੈਂ ਬਾਕੀ ਦੇ ਸਟੋਰਾਂ ਤੇ ਜਾ ਕੇ ਕਿਸਮਤ ਅਜਮਾਉਣ ਬਾਰੇ ਸੋਚਿਆ।ਇਕ ਛੋਟਾ ਸਟੋਰ ਤਾਂ ਬਿਲਕੁਲ ਨਾਲ ਈ ਸੀ, ਉਥੇ ਲਾਈਨ ਵੀ ਘੱਟ ਹੀ ਸੀ ਪਰ ਉਹ ਅਜੇ ਖੁਲ੍ਹਾ ਨਹੀਂ ਸੀ। ਮੇਰੇ ਵਰਗੇ ਕੁਝ ਹੋਰ ਵੀ ਲਾਈਨ ਵਿਚ ਠੰਡ ਨਾਲ ਠੁਰ ਠੁਰ ਕਰ ਰਹੇ ਸਨ। ਇਹ ਫੋਨ ਕੰਪਨੀ ਦਾ ਆਪਣਾ ਸਟੋਰ ਨਹੀਂ ਸੀ ਇਸ ਕਰਕੇ ਇਨ੍ਹਾਂ ਦਾ ਤਰੀਕਾ ਉਨ੍ਹਾਂ ਤੋਂ ਅਲੱਗ ਸੀ। ਕੋਈ ਟੋਕਨ ਨਹੀਂ ਅਤੇ ਨਾ ਹੀ ਕੋਈ ਲੰਬੀਆਂ ਲਾਈਨਾਂ। ਅਸੀਂ ਸਾਰੇ ਲਾਈਨ ਵਿਚ ਖੜ੍ਹੇ ਗੱਲਾਂ ਕਰ ਰਹੇ ਸਾਂ ਕਿ ਆਖਿਰ ਇਥੇ ਲਾਈਨ ਇੰਨੀ ਛੋਟੀ ਕਿਉਂ ਹੈ? ਸ਼ਾਇਦ ਜਿਆਦਾ ਲੋਕਾਂ ਨੂੰ ਇਸ ਸਟੋਰ ਬਾਰੇ ਪਤਾ ਨਾ ਹੋਵੇ। ਸ਼ਾਇਦ ਸਾਡੀ ਕਿਸਮਤ ਰਾਤ ਨੂੰ ਹੀ ਲਾਈਨਾਂ ਵਿਚ ਲੱਗਣ ਵਾਲਿਆਂ ਨਾਲੋਂ ਚੰਗੀ ਹੋਵੇ। ਆਖਿਰ ਪੂਰੇ ਅੱਠ ਵਜੇ ਸਟੋਰ ਦੇ ਬੰਦੇ ਆਏ ਅਤੇ ਕਹਿੰਦੇ ਸਾਡੇ ਕੋਲ ਤਾਂ ਬਹੁਤ ਹੀ ਥੋੜ੍ਹੇ ਫੋਨ ਹਨ, ਅਤੇ ਸਿਰਫ ਗਿਣੇ ਚੁਣੇ ਮਾਡਲ, ਅਤੇ ਉਹ ਵੀ ਮੇਰੀ ਔਕਾਤ ਤੋ ਬਾਹਰ।

    ਮੈਂ ਠੰਢਾ ਜਿਹਾ ਹੋ ਕੇ ਆਪਣੀ ਕਾਰ ਵੱਲ ਤੁਰ ਪਿਆ।  ਸਾਢੇ ਅੱਠ ਵੱਜ ਗਏ ਸਨ, ਅਤੇ ਹੁਣ ਤੱਕ ਤਾਂ ਬਾਕੀ ਦੇ ਸਟੋਰ ਵੀ ਖੁਲ੍ਹ ਗਏ ਸਨ। ਮੈਂ ਆਖਿਰੀ ਕੋਸ਼ਿਸ਼ ਕਰਨ ਬਾਰੇ ਸੋਚੀ ਅਤੇ ਇਕ ਵੱਡੇ ਸਟੋਰ ਵਾਲ ਕਾਰ ਪਾ ਲਈ। ਮੈਨੂੰ ਆਪਣੇ ਦਫਤਰ ਵਾਲੇ ਰਸਤੇ ਵੱਲ ਦੀ ਹੀ ਜਾਣਾ ਪੈਣਾ ਸੀ। ਇਸ ਸਮੇਂ ਤੱਕ ਮੈਂ ਤਿਆਰ ਹੋ ਕੇ ਦਫਤਰ ਨਿਕਲ ਜਾਂਦਾ ਹਾਂ, ਪਰ ਅੱਜ ਮੈਂ ਬਚਿਆਂ ਵਾਂਗ ਕਿਸੇ ਨਵੀਂ ਚੀਜ਼ ਲਈ ਉਤਸੁਕਤਾ ਵਿਚ ਫੋਨ ਦੀ ਦੁਕਾਨ ਤੇ ਜਾ ਰਿਹਾ ਸੀ। ਰਸਤੇ ਵਿਚ ਮੈਂ ਇੰਦਰ ਨੂੰ ਫੋਨ ਕਰਕੇ ਸਿੱਧਾ ਇਸੇ ਸਟੋਰ ਤੇ ਪਹੁੰਚਣ ਲਈ ਕਿਹਾ। ਲਗਭਗ ਨੌਂ ਕੁ ਵਜੇ ਮੈਂ ਸਟੋਰ ਤੇ ਪਹੁੰਚਿਆਂ।

            ਸਟੋਰ ਦੇ ਬਾਹਰ ਫੋਨ ਲੈਣ ਲਈ ਲੱਗੀ ਹੋਈ ਲੰਬੀ ਲਾਈਨ (ਵੀਡੀਓ )
    ਜਲਦੀ ਜਲਦੀ ਕਾਰ ਖੜ੍ਹੀ ਕਰਕੇ ਮੈਂ ਲਾਈਨ ਵਿਚ ਲੱਗਣ ਤੋ ਪਹਿਲਾਂ ਇਹ ਪਤਾ ਕੀਤਾ ਕੀ ਉਨ੍ਹਾਂ ਕੋਲ ਫੋਨ ਹੈਗੇ ਨੇ ? ਕਿਸਮਤ ਕੁਝ ਕੁ ਮੇਰੇ ਨਾਲ ਸੀ। ਉਨ੍ਹਾਂ ਕੋਲ ਫੋਨ ਦਾ ਬਹੁਤ ਜਿਆਦਾ ਸਟਾਕ ਸੀ। ਅਤੇ ਉਨ੍ਹਾਂ ਨੇ ਮੈਨੂੰ ਆਪਣੀ ਵਾਰੀ ਉਡੀਕਣ ਲਈ ਕਿਹਾ, ਸਟੋਰ ਇਕ ਗੋਲ ਘਤੇਰੇ ਵਿਚ ਬਣਿਆਂ ਹੋਣ ਕਰਕੇ ਮੈਨੂੰ ਲਾਈਨ ਦਾ ਸਿਰਾ ਨਹੀਂ ਦਿਸ ਰਿਹਾ ਸੀ। ਸੋ ਮੈਂ ਲਾਈਨ ਦਾ ਸਿਰਾ ਲੱਭਣ ਲਈ ਉਸ ਦੇ ਪੁਠੇ ਪਾਸੇ ਨੂੰ ਤੁਰ ਪਿਆ। ਬਜੁਰਗ, ਔਰਤਾਂ , ਜਵਾਨ ਸਭ ਤਰ੍ਹਾਂ ਦੇ ਲੋਕ ਲਾਈਨ ਵਿਚ ਖੜ੍ਹੇ ਸਨ। ਆਖਿਰ ਸੱਪ ਦੀ ਪੂਛ ਲਭ ਗਈ ਅਤੇ ਮੈਂ ਲਾਈਨ ਦੇ ਆਖਿਰ ਤੇ ਖੜ੍ਹ ਗਿਆ। ਕੁਲ ਮਿਲਾ ਕੇ ਅਠ ਕੁ ਸੌ ਬੰਦਾ ਮੇਰੇ ਅੱਗੇ ਖੜ੍ਹਾ ਸੀ। ਮੇਰੇ ਮਗਰ ਖੜ੍ਹੀ ਕੁੜੀ ਨੇ ਦਸਿਆ ਕਿ ਉਹ ਦਫਤਰ ਵਿਚ ਦੰਦਾ ਦੇ ਡਾਕਟਰ ਕੋਲੇ ਜਾਣ ਦਾ ਬਹਾਨਾ ਲਾ ਕੇ ਆਈ ਹੈ। ਇੰਨੇ ਨੂੰ ਇੰਦਰ ਵੀ ਆਪਣੇ ਪਾਪਾ ਨੂੰ ਮਾਹੌਲ ਦਿਖਾਉਣ ਲਈ ਨਾਲ ਲੈ ਕੇ ਪਹੁੰਚ ਗਿਆ। ਮੈਂ ਇੰਦਰ ਨੂੰ ਸਵੇਰ ਵਾਲੀ ਹੱਡ ਬੀਤੀ ਦਸਣ ਲੱਗਾ। ਵਿਚ ਵਿਚ ਦੀ ਸਟੋਰ ਵਾਲੇ ਬੰਦੇ ਫੋਨ ਦੀ ਉਪਲਭਤਾ ਬਾਰੇ ਦੱਸ ਰਹੇ ਸਨ। ਸਾਡੇ ਪਿਛੇ ਵੀ ਕਾਫੀ ਲੰਬੀ ਲਾਈਨ ਲੱਗ ਚੁੱਕੀ ਸੀ। ਆਖਿਰ ਖਬਰ ਆਈ ਕਿ ਸਿਲਵਰ ਰੰਗ ਦੇ ਫੋਨ ਖਤਮ ਹੋ ਗਏ। ਸਾਡਾ ਦਿਲ ਟੁਟਦਾ ਟੁਟਦਾ ਬਚਿਆ ਕਿਉਂਕਿ ਅਸੀਂ ਸਿਲਵਰ ਜਾਂ ਸੁਨਹਿਰੀ ਰੰਗ ਲੈਣ ਬਾਰੇ ਸੋਚ ਰਹੇ ਸੀ। ਪਰ ਜਿਸਦਾ ਡਰ ਸੀ ਉਹ ਖਬਰ ਵੀ ਆ ਗਈ। ਅਸੀਂ ਢਿਲੇ ਜਿਹੇ ਹੋ ਕੇ ਲਾਈਨ ਵਿਚੋਂ ਨਿਕਲੇ ਅਤੇ ਅਗਲੇ ਦਿਨ ਬਹੁਤ ਜਲਦੀ ਆਉਣ ਦਾ ਵਿਚਾਰ ਬਣਾਇਆ।

    ਅਗਲੇ ਦਿਨ ਅਸੀਂ ਦੋਨੋਂ ਸਵੇਰੇ ਪੰਜ ਵਜੇ ਈ ਬਿਨਾਂ ਕੁਝ ਖਾਤੇ ਪੀਤੇ ਅਤੇ ਨਹਾਤੇ ਘਰੋਂ ਨਿਕਲ ਗਏ। ਅਸੀਂ ਸਮਾਂ ਬਚਾਉਣ ਖਾਤਿਰ ਨਾਲ ਵਾਲੇ ਸਟੋਰ ਹੀ ਗਏ। ਇੰਦਰ ਨੂੰ ਮੈਂ ਲਾਈਨ ਵਿਚ ਖੜ੍ਹਾ ਹੋਣ ਲਈ ਉਤਾਰ ਕੇ ਕੌਫੀ ਲੈਣ ਚਲਾ ਗਿਆ। ਜਦ ਨੂੰ ਮੈਂ ਵਾਪਿਸ ਆਇਆ ਤਾਂ ਲਾਈਨ ਹੋਰ ਲੰਬੀ ਹੋ ਗਈ ਸੀ ਅਤੇ ਇੰਦਰ ਦੇ ਪਿਛੇ ਖੜ੍ਹੀ ਕੁੜੀ ਨੇ ਰੌਲਾ ਪਾ ਲਿਆ। ਅਖੇ ਮੈਨੂੰ ਲਾਈਨ ਵਿਚ ਨਹੀਂ ਖੜ੍ਹਣ ਦੇਣਾ। ਆਖਿਰ ਅੱਗੇ ਖੜ੍ਹੇ ਲੋਕਾਂ ਨੇ ਮੇਰੀ ਗਵਾਹੀ ਦਿੱਤੀ ਅਤੇ ਮੈਂ ਲਾਈਨ ਵਿਚ ਫਸ ਗਿਆ। ਅਜੇ ਅਸੀਂ ਕੌਫ਼ੀ ਪੀਣੀ ਸ਼ੁਰੂ ਹੀ ਕੀਤੀ ਸੀ ਕਿ ਉਚੀ ਉਚੀ ਰੌਲਾ ਸਣੁਨ ਲੱਗਾ। ਪਤਾ ਲੱਗਾ ਕਿ ਕਿਸੇ ਨੇ ਲਾਈਨ ਵਿਚ ਮੂਹਰੇ ਜਾਣ ਦੀ ਕੋਸ਼ਿਸ਼ ਕੀਤੀ ਸੀ ਅਤੇ ਲੜਾਈ ਹੋ ਗਈ ਸੀ। ਲੜਣ ਵਾਲੇ ਸਾਰੇ ਚੀਨੇ ਸਨ, ਇਸ ਕਰਕੇ ਸਾਨੂੰ ਉਨ੍ਹਾਂ ਦੀ ਭਾਸ਼ਾ ਸਮਝ ਨਹੀਂ ਆ ਰਹੀ ਸੀ ਪਰ ਮਜ਼ਾ ਬਹੁਤ ਆ ਰਿਹਾ ਸੀ। ਇੰਨੇ ਨੂੰ ਇਕ ਇੰਡੀਅਨ ਬੰਦਾ ਸਾਡੇ ਕੋਲ ਦੀ ਫੁਸਫੁਸਾ ਕੇ ਲੰਘਿਆ, ਸ਼ਾਇਦ ਉਹ ਲਾਈਨ ਵਿਚ ਫਿੱਟ ਹੋਣਾ ਚਾਹੁੰਦਾ ਸੀ। ਅਸੀਂ ਕਿਹਾ ਭਰਾਵਾ ਆ ਤਾਂ ਜਾ ਪਰ ਜੂਤ ਪਤਾਂਗ ਦੇ ਆਸਾਰ ਕਾਫੀ ਨੇ। ਉਹ ਵੀ ਹੰਢਿਆ ਹੋਇਆ ਖਿਡਾਰੀ ਸੀ, ਕਹਿੰਦਾ ਮੈਂ ਤੁਹਾਡੇ ਕੋਲੇ ਖੜ੍ਹ ਕੇ ਗੱਲਾਂ ਕਰਨ ਲੱਗ ਜਾਨਾਂ ਫੇਰ ਦੇਖਦੇ ਹਾਂ। ਅਜੇ ਉਸ ਨੇ ਆਪਣਾ ਮਾਇਆ ਜਾਲ ਬੁਣਨਾ ਸ਼ੁਰੂ ਹੀ ਕੀਤਾ ਸੀ ਕਿ ਜਿਹੜੀ ਪਿਛਲੀ ਕੁੜੀ ਨੇ ਪਹਿਲਾਂ ਰਫੜ ਪਾਇਆ ਸੀ ਚੁਪ ਚਾਪ ਪਿਛੇ ਜਾ ਕੇ ਪੰਜ ਛੇ ਬੰਦਿਆਂ ਨੂੰ ਲੈ ਆਈ। ਉੰਨਾ ਨੂੰ ਆਉਂਦਾ ਦੇਖ ਕੇ ਭਾਈ ਸਾਹਿਬ ਕਹਿੰਦੇ ਮੈਂ ਨਹੀਂ ਲੈਣਾ ਫੋਨ, ਮੈਂ ਤਾ ਚੱਲਾ। ਸਾਡਾ ਹਾਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਇੰਨੇ ਨੂੰ ਸਟੋਰ ਵਾਲਿਆਂ ਨੇ ਟੋਕਨ ਵੰਡਣੇ ਸ਼ੁਰੂ ਕਰ ਦਿੱਤੇ। ਪਰ ਸਾਡੀ ਵਾਰੀ ਆਉਣ ਤੋ ਪਹਿਲਾਂ ਹੀ ਉਨਾਂ ਨੇ ਸਾਨੂੰ ਹੋਰ ਸਮਾਂ ਖਰਾਬ ਨਾ ਕਰਨ ਦੀ ਸਲਾਹ ਦਿੱਤੀ ਕਿਉਂ ਕਿ ਫੋਨ ਫਿਰ ਮੁੱਕ ਚੁੱਕੇ ਸਨ। ਮੈਂ ਅਤੇ ਇੰਦਰ ਇਥੇ ਆਉਣ ਬਾਰੇ ਕੀਤੀ ਗਲਤੀ ਤੇ ਪਛਤਾ ਰਹੇ ਸੀ  ਅਤੇ ਅਸੀਂ ਬਿਨਾਂ ਕਿਸੇ ਦੇਰੀ ਵੱਡੇ ਸਟੋਰ ਵੱਲ ਕਾਰ ਖਿਚ ਦਿੱਤੀ। ਆਈ ਫੋਨ ਖਰੀਦਣਾ ਕਿਸੇ ਜੰਗ ਜਿਤਣ ਦੇ ਬ੍ਰਰਾਬਰ ਹੋ ਗਿਆ ਸੀ। ਉਥੇ ਪਹੁੰਚੇ ਤਾਂ ਪਤਾ ਲੱਗਾ ਕਿ ਜੇ ਅਸੀਂ ਦਸ ਪੰਦਰਾਂ ਮਿੰਟ ਪਹਿਲਾਂ ਆ ਜਾਂਦੇ ਤਾਂ ਫੋਨ ਮਿਲ ਜਾਣਾ ਸੀ। ਅਸੀਂ ਦੋ ਤਿੰਨ ਸਟੋਰਾਂ ਤੇ ਹੋਰ ਗਏ ਪਰ ਹਰ ਥਾਂ ਤੇ ਇਕੋ ਜਵਾਬ। ਦੁਪਹਿਰ ਦੇ ਬਾਰਾਂ ਵਜੇ ਜਦ ਅਸੀਂ ਘਰੇ ਵਾਪਿਸ ਆਏ ਤਾਂ ਸਾਡੇ ਢਿਲੇ ਜਿਹੇ ਮੂੰਹ ਦੇਖ ਕੇ ਪਰਿਵਾਰ ਵਾਲਿਆਂ ਨੂੰ ਕੁਝ ਪੁੱਛਣ ਦੀ ਲੋੜ ਨਾ ਪਈ।

    ਅਗਲਾ ਦਿਨ ਐਤਵਾਰ ਸੀ, ਦੂਕਾਨਾਂ ਤੇ ਨਵਾਂ ਸਟਾਕ ਨਹੀਂ ਆਉਣਾ ਸੀ। ਮੈਂ ਦੁਬਾਰਾ ਫੋਨ ਕਰਕੇ ਬੁਕਿੰਗ ਕਰਵਾਈ ਤਾ ਹੁਣ ਤਿੰਨ ਮਹੀਨੇ ਦਾ ਸਮਾਂ ਮਿਲਿਆ। ਹਫਤਾ ਇੰਨ੍ਹਾ ਸੋਚਾਂ ਵਿਚ ਹੀ ਨਿਕਲਿਆ ਕਿ ਸਾਨੂੰ ਇਥੇ ਨਹੀਂ, ਉਥੇ ਜਾਣਾ ਚਾਹੀਦਾ ਸੀ, ਬੁਕਿੰਗ ਕੈਂਸਲ ਨਹੀਂ ਕਰਵਾਉਣੀ ਚਾਹੀਦੀ ਸੀ, ਜਲਦੀ ਉਠਣਾ ਚਾਹੀਦਾ ਸੀ। ਫਿਰ ਇਹੋ ਜਿਹੇ ਸਮੇਂ ਪੰਜਾਬੀ ਦੇ ਮੁਹਾਵਰਿਆਂ ਨੇ ਕਾਫੀ ਸਾਥ ਦਿੱਤਾ ਕਿ ਵਕਤ ਤੋ ਪਹਿਲਾਂ ਕੁਛ ਨਹੀਂ ਮਿਲਦਾ, ਜੋ ਕਿਸਮਤ ਵਿਚ ਹੈ ਉਹੀ ਮਿਲੇਗਾ।

    ਅਗਲੇ ਹਫਤੇ ਦਫਤਰ ਵਿਚ ਬੈਠਾ ਮੈਂ ਸਟੋਰਾਂ ਤੇ ਫੋਨ ਕਰਦਾ ਰਿਹਾ। ਸਾਰੇ ਇਹੀ ਕਹਿੰਦੇ ਕਿ ਚੈਕ ਕਰਦੇ ਰਹੋ, ਸਾਡੇ ਕੋਲੇ ਜਦੋਂ ਵੀ ਆਉਂਦੇ ਹਨ ਅਸੀਂ ਪਹਿਲ ਦੇ ਅਧਾਰ ਤੇ ਦੇ ਦਿੰਦੇ ਹਾਂ। ਵੀਰਵਾਰ ਨੂੰ ਪਤਾ ਲੱਗਾ ਕਿ ਇਸ ਸ਼ੁਕਰਵਾਰ ਵੱਡੇ ਵਾਲਾ ਸਟੋਰ ਜਲਦੀ ਖੁਲ੍ਹਣਾ ਹੈ। ਮੈਂ ਫਿਰ ਆਸਵਾਨ ਹੋ ਗਿਆ। ਦਫਤਰ ਜਾਣ ਤੋ ਪਹਿਲਾਂ ਮੈਂ ਉਥੇ ਜਾਣ ਦੀ ਸਲਾਹ ਬਣਾ ਲਈ। ਛੱਬੀ ਤਰੀਕ ਸ਼ੁਕਰਵਾਰ ਨੂੰ ਸਵੇਰੇ ਛੇ ਵਜੇ ਮੈਂ ਸਟੋਰ ਵਿਚ ਪਹੁੰਚ ਗਿਆ। ਉਥੇ ਕੁਛ ਕਾਰਾਂ ਖੜ੍ਹੀਆਂ ਸਨ, ਪਰ ਲਾਈਨ ਨਹੀਂ ਸੀ। ਮੈਂ ਜਲਦੀ ਨਾਲ ਸਟੋਰ ਵੱਲ ਨੂੰ ਭੱਜਿਆ ਤਾਂ ਗਾਰਡ ਕਹਿੰਦਾ ਭਾਈ ਸਾਹਿਬ ਅਜੇ ਸਟੋਰ ਖੁਲ੍ਹਣ ਵਿਚ ਚਾਰ ਘੰਟੇ ਪਏ ਨੇ ਅਤੇ ਤੁਹਾਡੇ ਤੋ ਪਹਿਲਾਂ ਲੋਕ ਆਏ ਹੋਏ ਹਨ ਅਤੇ ਕਾਰਾਂ ਵਿਚ ਹੀ ਬੈਠੇ ਹਨ। ਗਾਰਡ ਨੇ ਸਾਨੂੰ ਲਾਈਨ ਲਗਾਉਣ ਲਈ ਕਿਹਾ ਅਤੇ ਆਪ ਸਟੋਰ ਵਿਚ ਫੋਨ ਕਰਕੇ ਪੁਛਣ ਲਗ ਪਿਆ। ਮੈਨੂੰ ਲਾਈਨ ਵਿਚ ਪੰਜਵੇਂ ਨੰਬਰ ਤੇ ਖੜ੍ਹ ਕੇ ਇੰਝ ਲੱਗ ਰਿਹਾ ਸੀ ਜਿਵੇਂ ਲਾਈਨ ਵਿਚ ਮੂਹਰੇ ਖੜ੍ਹਨਾ ਵੀ ਬਹੁਤ ਵੱਡੀ ਪ੍ਰਾਪਤੀ ਹੋਵੇ। ਫੋਨ ਮਿਲਣ ਦੀ ਖੁਸ਼ੀ ਨਾਲੋਂ ਜਿਆਦਾ ਖੁਸ਼ੀ ਮੈਨੂੰ ਮੂਹਰੇ ਖੜ੍ਹਨ ਦੀ ਹੋ ਰਹੀ ਸੀ। ਆਖਿਰ ਸਟੋਰ ਵਾਲੇ ਬੰਦੇ ਆਏ ਅਤੇ ਕਹਿੰਦੇ ਸਾਡੇ ਕੋਲੇ ਅਜੇ ਤੱਕ ਨਵਾਂ ਸਟਾਕ ਨਹੀਂ ਆਇਆ, ਜੇ ਤੁਸੀਂ ਦੁਪਹਿਰ ਤਕ ਇੰਤਜ਼ਾਰ ਕਰ ਸਕਦੇ ਹੋ ਤਾਂ ਅੰਦਰ ਆ ਜਾਵੋ। ਅਠ ਵਜ ਗਏ ਸਨ ਅਤੇ ਮੈਂ ਨੌਂ ਵਜੇ ਤੱਕ ਦਫਤਰ ਵੀ ਜਾਣਾ ਸੀ। ਕਈ ਲੋਕ ਤਾਂ ਉਥੇ ਰੁਕ ਗਏ ਪਰ ਮੈਂ ਫਿਰ ਇਸਨੂੰ ਰੱਬ ਦਾ ਭਾਣਾ ਮੰਨ ਲਿਆ।

    ਦੋ ਹਫਤੇ ਦੀ ਭੱਜ ਦੌੜ ਬਾਅਦ ਮੈਂ ਅਤੇ ਇੰਦਰ ਨੇ ਇੰਤਜ਼ਾਰ ਕਰਨਾ ਹੀ ਬਿਹਤਰ ਸਮਝਿਆ, ਪਰ ਅੰਦਰੋਂ ਅੰਦਰ ਇਕ ਤਲਬ ਜ਼ਰੂਰ ਲੱਗੀ ਹੋਈ ਸੀ। ਸ਼ਨਿਚਰਵਾਰ ਮੈਂ ਬੜੇ ਆਰਾਮ ਨਾਲ ਉਠਿਆ। ਦੁਪਹਿਰ ਬਾਰਾਂ ਕੁ ਵਜੇ ਮੈਂ ਵੈਸੇ ਹੀ ਇਕ ਸਟੋਰ ਤੇ ਫੋਨ ਕੀਤਾ ਤੇ ਪਤਾ ਲੱਗਾ ਕਿ ਉਨ੍ਹਾਂ ਕੋਲ ਅਜੇ ਹੁਣੇ ਹੀ ਸਟਾਕ ਆਇਆ ਹੈ ਅਤੇ ਅਜੇ ਉਹ ਖੋਲ੍ਹ ਰਹੇ ਹਨ। ਮੈਂ ਇੰਦਰ ਨੂੰ ਫੋਨ ਕੀਤਾ ਅਤੇ ਕਾਰ ਪੂਰੀ ਸਪੀਡ ਤੇ ਸਟੋਰ ਵੱਲ ਭਜਾ ਦਿੱਤੀ। ਸ਼ਾਇਦ ਮਿਰਜੇ ਨੇ ਵੀ ਸਾਹਿਬਾਂ ਨੂੰ ਕਢਣ ਵੇਲੇ ਘੋੜੀ ਇੰਨੀ ਹੀ ਭਜਾਈ ਹੋਣੀ ਹੈ।ਅਸੀਂ ਸਟੋਰ ਤੇ ਪਹੁੰਚ ਗਏ। ਅੱਜ ਕੋਈ ਲਾਈਨ ਨਹੀਂ ਸੀ। ਸੇਲਜ਼ਮੈਨ ਸਾਡੇ ਵਾਸਤੇ ਦੋ ਫ਼ੋਨ ਕਢ ਕੇ ਲੈ ਆਇਆ। ਸਾਨੂੰ ਇਹ ਸਭ ਕੁਝ ਇਕ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਸੀ। ਜਿਸ ਖਾਤਿਰ ਅਸੀਂ ਇੰਨੀ ਜਦੋ ਜਹਿਦ ਕੀਤੀ ਅੱਜ ਉਹ ਸਾਡੇ ਸਾਹਮਣੇ ਸੀ। ਅਸੀਂ ਦੋਨੇ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ ਸੀ।ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਸੀ। ਅਤੇ ਉਹੀ ਹੋਇਆ, ਮੇਰਾ ਅਕਾਉੰਟ ਖੋਲ੍ਹਣ ਤੇ ਸੇਲਜ਼ਮੈਨ ਦੇ ਦਸਿਆ ਕਿ ਮੇਰੀ ਔਨਲੇਨ ਬੁਕਿੰਗ ਕਰਵਾਈ ਹੋਣ ਕਰਕੇ ਮੈਨੂੰ ਫੋਨ ਨਹੀਂ ਮਿਲ ਸਕਦਾ। ਮੈਨੂੰ ਪਹਿਲਾਂ ਉਹ ਬੁਕਿੰਗ ਕੈਂਸਲ ਕਰਵਾਉਣੀ ਪੈਣੀ ਸੀ। ਮੈਂ ਔਨਲੇਨ ਬੁਕਿੰਗ ਵਾਲਿਆਂ ਨੂੰ ਫੋਨ ਮਿਲਾ ਲਿਆ ਅਤੇ ਸੇਲਜ਼ਮੈਨ ਨੇ ਇੰਦਰ ਨੂੰ ਨਵਾਂ ਫੋਨ ਦੇਣ ਦਾ ਕੰਮ ਸ਼ੁਰੂ ਕਰ ਦਿਤਾ। ਕਹਿੰਦੇ ਨੇ ਜੀਹਦਾ ਲੰਘ ਜਾਵੇ ਤਾਂ ਹਾਥੀ ਵੀ ਲੰਘ ਜਾਂਦਾ ਤੇ ਜੀਹਦੀ ਫਸਣੀ ਹੋਵੇ ਪੂਛ ਵੀ ਫਸ ਜਾਂਦੀ ਹੈ।ਮੇਰੇ ਨਾਲ ਵੀ ਕੁਝ ਇੱਦਾਂ ਹੀ ਹੋਇਆ। ਬੁਕਿੰਗ ਵਾਲੇ ਕਹਿੰਦੇ ਤੁਸੀਂ ਪਹਿਲਾਂ ਵੀ ਕੈਂਸਲ ਕਰਵਾ ਚੁਕੇ ਹੋ , ਦੁਬਾਰਾ ਫਿਰ ਬੁਕ ਕਰਵਾਇਆ ਅਤੇ ਹੁਣ ਫੇਰ ਕੈਂਸਲ ਕਰਵਾਉਣਾ ਚਾਹੁੰਦੇ ਹੋ। ਹੁਣ ਇੰਨੀ ਜਲਦੀ ਕੈਂਸਲ ਨਹੀਂ ਹੋ ਸਕਦਾ। ਦੂਜੀ ਵਾਰ ਕੈਂਸਲ ਕਰਵਾਉਣ ਤੇ ਮੈਨੂੰ ਚੌਵੀ ਘੰਟੇ ਦਾ ਇੰਤਜ਼ਾਰ ਕਰਨਾ ਪੈਣਾ ਸੀ ਜਾਂ ਉਨ੍ਹਾਂ ਨੂੰ ਆਪਣੇ ਮੈਨੇਜਰ ਦੇ ਮਨਜੂਰੀ ਲੈਣੀ ਪੈਣੀ ਸੀ। ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਸੀ ਇਸ ਕਰਕੇ ਮੈਂ ਉਨ੍ਹਾਂ ਨੂੰ ਆਪਣੇ ਮੈਨੇਜਰ ਦੇ ਮਨਜੂਰੀ ਲੈਣ ਦੀ ਬੇਨਤੀ ਕੀਤੀ। ਅੱਗੋਂ ਉਨ੍ਹਾਂ ਦਾ ਮੈਨੇਜਰ ਛੁਟੀ ਤੇ ਸੀ। ਹੁਣ ਤੱਕ ਇੰਦਰ ਨੂੰ ਫੋਨ ਮਿਲ ਚੁੱਕਾ ਸੀ  ਅਤੇ ਸੇਲਜ਼ਮੈਨ ਮੇਰੇ ਆਪਣੇ ਹਥ ਵਿਚ ਮੈਨੂੰ ਦੇਣ ਵਾਲਾ ਨਵਾਂ ਫੋਨ ਫੜ੍ਹ ਕੇ ਮੇਰੇ ਵੱਲ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। 

     

    ਆਖਿਰ ਇੰਦਰ ਨੇ ਮੇਰੇ ਤੋ ਫੋਨ ਫੜ੍ਹ ਕੇ ਬੁਕਿੰਗ ਵਾਲਿਆਂ ਨਾਲ ਗੱਲ ਕੀਤੀ। ਇੰਦਰ ਨੂੰ ਗੱਲਬਾਤ ਕਰਨ ਦਾ ਬਹੁਤ ਤਰੀਕਾ ਹੋਣ ਕਰਕੇ ਉਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਨਾਲਿਆ। ਅਧੇ ਘੰਟੇ ਦੀ ਜਦੋ ਜਹਿਦ ਬਾਅਦ ਮੇਰੀ ਪਹਿਲਾਂ ਵਾਲੀ ਬੁਕਿੰਗ ਕੈਂਸਲ ਹੋ ਗਈ ਅਤੇ ਸੇਲਜ਼ਮੈਨ ਨੇ ਮੈਨੂੰ ਨਵਾਂ ਫੋਨ ਦੇਣ ਦਾ ਕੰਮ ਸ਼ੁਰੂ ਕੀਤਾ। ਚੰਦ ਹੀ ਸਮੇਂ ਵਿਚ ਫੋਨ ਲੈ ਕੇ ਕਾਰ ਵਿਚ ਬੈਠ ਕੇ ਘਰ ਨੂੰ ਚਲ ਪਏ। ਅੱਜ ਅਸੀਂ ਮਹਿਸੂਸ ਕਰ ਰਹੇ ਸਾਂ ਜਿਵੇਂ ਕਿਸੇ ਰਾਜੇ ਦੀ ਤਰ੍ਹਾਂ ਵੱਡੀ ਜੰਗ ਜਿੱਤ ਕੇ ਵਾਪਿਸ ਜਾ ਰਹੇ ਹੋਈਏ।

    ਸੇਲਜ਼ਮੈਨ, ਲਿਖਾਰੀ ਅਤੇ ਇੰਦਰ ਫੋਨ ਮਿਲਣ ਤੋ ਬਾਅਦ ਖੁਸ਼ੀ ਜਾਹਰ ਕਰਦੇ ਹੋਏ