ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ (ਖ਼ਬਰਸਾਰ)


    ਡੈਲਟਾ: ਹਰ ਮਹੀਨੇ ਦੇ ਤੀਜੇ ਮੰਗਲਵਾਰ, ਜਾਰਜ ਮੈਕੀ ਲਾਇਬ੍ਰੇਰੀ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਹਿਯੋਗ ਨਾਲ ਮਨਾਈ ਜਾਣ ਵਾਲੀ ਕਾਵਿ ਸ਼ਾਮ, ੧੬ ਸਤੰਬਰ ਨੂੰ ਗਾਇਕ ਤੇ ਸ਼ਾਇਰ ਪਲਵਿੰਦਰ ਸਿੰਘ ਰੰਧਾਵਾ ਅਤੇ ਗ਼ਜ਼ਲਗੋ ਹਰਦਮ ਸਿੰਘ ਮਾਨ ਸੰਗ ਮਨਾਈ ਗਈ। ਕਾਵਿ ਸ਼ਾਮ ਦੇ ਸੰਯੋਜਕ ਮੋਹਨ ਗਿੱਲ ਨੇ ਕਵੀਆਂ ਦਾ ਕਲਾਮ ਸੁਣਨ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਲੋਅਰ ਮੇਨ ਲੈਂਡ ਦੀਆਂ ਸਮੂਹ ਲੇਖਕ ਸਭਾਵਾਂ ਤੇ ਕਾਵਿ-ਸਰੋਤਿਆਂ ਦੀ ਮਿਲਵਰਤਨ ਸਦਕਾ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਤ ਇਹ ਕਾਵਿ ਸ਼ਾਮ ਆਪਣੇ ਪੰਜ ਸਾਲ ਪੂਰੇ ਕਰ ਚੁਕੀ ਹੈ। ਅਗਲੇ ਸਾਲ, ੨੦੧੫ ਲਈ ਵੀ ਹੁਣੇ ਤੋਂ ਪੰਜਾਬੀ ਕਾਵਿ ਸ਼ਾਮ ਮਨਾਉਣ ਦਾ ਜਾਰਜ ਮੈਕੀ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਵੱਲੋਂ ਪੱਕਾ ਹੁੰਗਾਰਾ ਮਿਲ ਗਿਆ ਹੈ। ਹੁਣ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਸਿਲਸਿਲਾ ਅਗਾਂਹ ਵੀ ਨਿਰੰਤਰ ਚਲਦਾ ਰਹੇਗਾ। ਸੁਆਗਤੀ ਸ਼ਬਦ ਕਹਿਣ ਮਗਰੋਂ ਮੋਹਨ ਗਿੱਲ ਨੇ ਅੱਜ ਦੇ ਪਹਿਲੇ ਕਵੀ ਪਲਵਿੰਦਰ ਸਿੰਘ ਰੰਧਾਵਾ ਦੇ ਕਾਵਿ ਪਿਛੋਕੜ ਬਾਰੇ ਗੱਲ ਕਰ ਕੇ ਉਹਨਾਂ ਨੂੰ ਸਰੋਤਿਆ ਦੇ ਰੂ ਬ ਰੂ ਕੀਤਾ। 
      ਪਲਵਿੰਦਰ ਸਿੰਘ ਰੰਧਾਵਾ ਨੇ ਆਪਣੀ ਲੇਖਣ ਪਰਕ੍ਰਿਆ ਦੀ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦਾ ਜਨਮ ਸਥਾਨ ਜ਼ਿਲਾ ਅਮ੍ਰਿਤਸਰ ਹੈ, ਜਿੱਥੇ ਗੁਰਬਾਣੀ ਦੀ ਮਹਿਮਾ ਦਾ ਬਖਾਣ ਹੁੰਦਾ ਰਹਿੰਦਾ ਹੈ। ਘਰ ਦਾ ਮਾਹੌਲ ਧਾਰਮਿਕ ਸੀ। ਦਾਦਾ ਤੇ ਬਾਪ ਕੀਰਤਨ ਦੇ ਰਸੀਏ ਸਨ ਅਤੇ ਉਹ ਆਪ ਵੀ ਕੀਰਤਨ ਕਰਦੇ ਸਨ। ਇਸ ਲਈ ਗਾਉਣ ਦੀ ਦਾਤ ਵੀ ਘਰ ਵਿਚੋਂ ਹੀ ਮਿਲੀ। ਕਵਿਤਾ ਕਾਲਜ ਦੇ ਸਮੇਂ ਲਿਖਣੀ ਸ਼ੁਰੂ ਕੀਤੀ। ਉਚ ਵਿਦਿਆ ਖੇਤੀ ਬਾੜੀ ਵਿਚ ਪ੍ਰਾਪਤ ਕੀਤੀ। ਪਹਿਲੀ ਕਾਵਿ ਪੁਸਤਕ 'ਦਿਲ ਵਿਚੋਂ ਨਿਕਲੀ ਹੂਕ ਹੈ। ਆਪਣੇ ਬਾਰੇ ਗੱਲ ਕਰਨ ਮਗਰੋਂ ਪਲਵਿੰਦਰ ਸਿੰਘ ਰੰਧਾਵਾ ਨੇ ਪਹਿਲਾ ਗੀਤ ਪਰਦੇਸੀ ਪੁੱਤ ਲਈ ਮਾਂ ਦੀ ਅਰਜੋਈ ਗਾਇਆ। ਦੂਸਰਾ ਗੀਤ 'ਬਲਦਾਂ ਦੀਆਂ ਟੱਲੀਆਂ' ਕਿਸਾਨ ਦੀ ਮਿਹਨਤ ਦੀ ਬਾਤ ਪਾਉਂਦਾ ਖੇਤਾਂ ਦੀ ਰੂਹ ਨੂੰ  ਰੁਸ਼ਨਾਉਣਦਾ ਸੀ। 'ਅਰਦਾਸ' ਕਵਿਤਾ ਵਿਚ ਪਰਿਵਾਰ, ਪਿੰਡ ਤੋਂ ਲੈ ਕੇ ਬ੍ਰਹਿਮੰਡ ਤਕ ਦੀ ਸੁਖ ਤੇ ਸ਼ਾਤੀ ਮੰਗੀ ਗਈ ਸੀ। ਇਕ ਵਿਅੰਗਾਤਮਿਕ ਗੀਤ ਘਰੇਲੂ ਕਲੇਸ਼ ਉਪਰ ਸੀ। ਰੰਧਾਵਾ ਨੇ ਕੁਝ ਬੋਲੀਆਂ ਸਬਜ਼ੀਆਂ, ਜਿਵੇਂ; ਹਲਦੀ, ਕਰੇਲੇ, ਸ਼ਿਮਲਾ ਮਿਰਚ ਆਦਿ ਉਪਰ ਸੁਣਾਈਆਂ। ਜਿੱਥੇ ਬੋਲੀਆਂ ਵਿਚ ਕਾਵਿ ਰਸ ਸੀ ਉੱਥੇ ਸਬਜ਼ੀਆਂ ਦੇ ਗੁਣਾ ਬਾਰੇ ਵੀ ਦੱਸਿਆ ਗਿਆ ਸੀ। 'ਗਾਨੀ ਵਾਲਾ ਤੋਤਾ' ਗੀਤ ਵਿਚ ਧਰਤੀ ਉਪਰ ਵਧ ਰਹੇ ਪ੍ਰਦੂਸ਼ਣ ਵੱਲ ਧਿਆਨ ਦੁਆ ਕੇ ਪੰਛੀਆਂ ਦੀ ਹੋਂਦ ਨੂੰ ਖਤਰੇ ਬਾਰੇ ਆਗਾਹ ਕੀਤਾ ਗਿਆ ਸੀ। ਇਕ ਗੀਤ ਮਿਰਜ਼ੇ ਦੀ ਸੱਦ ਉਪਰ ਗਾਇਆ ਜਿਸ ਵਿਚ ਪੰਜਾਬ ਦੀ ਤਰਾਸਦੀ ਨੂੰ ਬਿਆਨ ਕੀਤਾ ਗਿਆ ਸੀ। ਇਕ ਰੁਮਾਂਟਿਕ ਗੀਤ ਵਿਚ ਪ੍ਰੇਮੀ ਦੀ ਚੰਨ ਨਾਲ ਤੁੱਲਨਾ ਕੀਤੀ ਗਈ ਸੀ। ਰੰਧਾਵੇ ਦੀ ਸੋਜ਼ ਭਰੀ ਅਵਾਜ਼ ਨੇ ਸਰੋਤਿਆਂ ਨੂੰ ਕੀਲ ਕੇ ਬਠਾਈ ਰੱਖਿਆ।
       ਜਰਨੈਲ ਸਿੰਘ ਆਰਟਿਸਟ ਨੇ ਨਾਮਵਰ ਗ਼ਜ਼ਲਗੋ ਹਰਦਮ ਸਿੰਘ ਮਾਨ ਨੂੰ ਸਰੋਤਿਆਂ ਦੇ ਰੂ ਬ ਰੂ ਕਰਦਿਆਂ ਦੱਸਿਆ ਕਿ ਹਰਦਮ ਸਿੰਘ ਮਾਨ ਪਿਛਲੇ ਤੀਹ ਸਾਲ ਤੋਂ ਪੰਜਾਬੀ ਸਾਹਿਤ ਦੇ ਪਿੜ ਹਨ। ਇਹਨਾਂ ਦੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ ਵਿਚ ਛਪਦੀਆਂ ਆ ਰਹੀਆਂ ਹਨ ਪਰ ਆਪਣੀ ਪਹਿਲੀ ਗ਼ਜ਼ਲਾਂ ਦੀ ਪੁਸਤਕ 'ਅੰਬਰਾਂ ਦੀ ਭਾਲ਼ ਵਿਚ' ਹੁਣ ਛਪਵਾਈ ਹੈ। ਇਹਨਾਂ ਨੇ ਭਾਵੇਂ ਗ਼ਜ਼ਲ ਦੀ ਤਕਨੀਕ ਆਪਣੇ ਪੇਂਡੂ, ਉਸਤਾਦ ਗ਼ਜ਼ਲਗੋ, ਜਨਾਬ ਦੀਪਕ ਜੈਤੋਈ ਕੋਲੋਂ ਸਿੱਖੀ ਪਰ ਆਪਣੀ ਗ਼ਜ਼ਲ ਨੂੰ ਉਹਨਾਂ ਵਾਂਗ ਰਵਾਇਤੀ ਬੰਧਨਾਂ ਵਿਚ ਬੱਝਣ ਦਿੱਤਾ।   


     ਹਰਦਮ ਸਿੰਘ ਮਾਨ ਨੇ ਆਪਣੇ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਹਿਤ ਪੜ੍ਹਨ ਰੁਚੀ ਮੈਨੂੰ ਘਰ ਵਿਚੋਂ ਹੀ ਮਿਲੀ। ਮੇਰੇ ਪਿਤਾ ਜੀ ਜੈਤੋ ਮੰਡੀ ਵਿਚੋਂ ਕਿੱਸੇ ਖਰੀਦ ਕੇ ਲੈ ਆਉਂਦੇ ਤੇ ਮੇਰੇ ਕੋਲੋਂ ਪੜ੍ਹਵਾਉਂਦੇ। ਕਿੱਸੇ ਪੜ੍ਹਦਿਆਂ ਹੋਰ ਸਾਹਿਤ ਪੜ੍ਹਨ ਵਚ ਰੁਚੀ ਪੈਦਾ ਹੋ ਗਈ। ਸਾਹਿਤਕ ਰੁਚੀ ਕਾਰਨ ਹੀ ਐਮ.ਏ. ਪੰਜਾਬੀ ਕੀਤੀ। ਰੋਜ਼ੀ ਦਾ ਸਾਧਨ ਬੈਂਕ ਦੀ ਨੌਕਰੀ ਸੀ। ਗੁਰਚਰਨ ਸਿੰਘ ਦੀਪਕ ਜੈਤੋਈ ਅਤੇ ਗਿਆਨਪੀਠ ਅਵਾਰਡੀ, ਪ੍ਰੋ. ਗੁਰਦਿਆਲ ਸਿੰਘ ਦੀ ਸੰਗਤ ਨੇ ਸਾਹਿਤਕ ਮਾਹੌਲ ਬਣਾਈ ਰੱਖਿਆ। ਪਹਿਲਾਂ ਕਹਾਣੀਆਂ ਲਿਖੀਆਂ ਤੇ ਮੁੜ ਗ਼ਜ਼ਲ ਵੱਲ ਰੁਚਿਤ ਹੋਇਆ। ਦੀਪਕ ਜੈਤੋਈ, ਦੀਪ ਜ਼ੀਰਵੀ ਨਾਲ ਸਾਂਝੀ ਗ਼ਜ਼ਲਾਂ ਦੀ ਇਕ ਪੁਸਤਕ 'ਕਤਰਾ ਕਤਰਾ ਮੌਤ' ਛਪੀ ਹੈ। ਨਵੀਂ ਛਪੀ ਪੁਸਤਕ ਨਾਮਵਰ ਗ਼ਜ਼ਲਗੋ ਜਸਵਿੰਦਰ ਦੀ ਪ੍ਰੇਰਣਾ ਨਾਲ ਛਪੀ। 
    ਮਾਨ ਨੇ ਪਹਿਲਾਂ ਸੰਪਾਦਿਤ ਪੁਸਤਕ ਵਿਚੋਂ ਇਕ ਗ਼ਜ਼ਲਾਂ ਸੁਣਾਈ। ਉਸ ਗ਼ਜ਼ਲ ਦਾ ਮਤਲਾ ਸੀ; 
    ਦਰਦ ਵਧਦਾ ਜਾ ਰਿਹੈ ਪਰ ਦਵਾ ਕੋਈ ਨਹੀਂ
    ਲੋਕ  ਸਭ ਖਾਮੋਸ਼ ਨੇ  ਬੋਲਦਾ  ਕੋਈ ਨਹੀਂ
     
    ਗ਼ਜ਼ਲ ਮਗਰੋਂ ਮਾਨ ਨੇ ਮਹਿਬੂਬ ਦੇ ਨਾਂ ਇਕ ਕਾਵਿ ਵਿਅੰਗ ਸੁਣਾਇਆ। ਮਰੀਆਂ ਜ਼ਮੀਰਾਂ ਉਪਰ ਕਟਾਕਸ਼ ਕਰਦੀ ਕਵਿਤਾ 'ਜ਼ਮੀਰ' ਸੁਣਾਉਣ ਮਗਰੋਂ ਆਪਣੀ ਨਵੀਂ ਛਪੀ ਪੁਸਤਕ 'ਅਮਬਰਾਂ ਦੀ ਭਾਲ਼' ਵਿਚੋਂ ਕੁਝ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਮਾਨ ਦੀਆਂ ਗ਼ਜ਼ਲਾਂ ਵਿਚ ਵਿਚਾਰਾਂ ਦੀ ਪੁਖਤਗੀ, ਖਿਅਲਾਂ ਦੀ ਉਡਾਣ, ਗ਼ਜ਼ਲ ਦੀ ਬੰਦਸ਼ ਤੇ ਸ਼ਬਦਾਂ ਦੀ ਚੋਣ ਕਮਾਲ ਦੀ ਸੀ। ਉਪਮਾ, ਅਲੰਕਾਰ ਤੇ ਪ੍ਰਤੀਕਾਂ ਨਾਲ ਸ਼ਿੰਗਾਰੀਆਂ ਗ਼ਜ਼ਲਾਂ ਵਿਚੋਂ ਵੰਨਗੀ ਲਈ ਕੁਝ ਸ਼ਿਅਰ ਹਾਜ਼ਰ ਹਨ;

    ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ
    ਦੂਰ ਤਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿਚ
    ਤੁਸੀਂ ਫੁੱਲਾਂ ਦੀ ਵਰਖਾ ਲੱਖ ਵਾਰ ਕਰ ਲਵੋ ਇਹਨਾਂ 'ਤੇ
    ਭਲਾ ਪੱਥਰ ਕੀ ਸਮਝਣਗੇ ਕਿਸੇ ਅਹਿਸਾਸ ਦੀ ਕੀਮਤ 
    ਹਰ  ਕਦਮ  'ਤੇ  ਲਟਕਦੇ  ਨੇ ਖੁਬਸੂਰਤ ਪਿੰਜਰੇ
    ਭੁੱਲ ਗਿਆ ਪੰਛੀ ਵਿਚਾਰਾ ਆਲ੍ਹਣਾ ਇਸ ਦੌਰ ਵਿਚ
    ਹੱਥਾਂ ਵਿਚ ਗੁਲਦਸਤੇ, ਸੋਚਾਂ ਵਿਚ ਪੱਥਰ ਨੇ
    ਕੀ ਪੁਛਦੇ ਹੋ ਯਾਰੋ, ਇਹ ਸਾਡੇ ਰਹਿਬਰ ਨੇ
    ਰੋਜ਼ ਸਵੇਰੇ  ਉਗ ਪੈਂਦੇ ਨੇ ਦਸ ਸਿਰ ਹੋਰ ਨਵੇਂ
    ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ

     ਇਸ ਕਾਵਿ ਮਹਿਫਲ ਵਿਚ ਪੰਜਾਬ ਤੋਂ ਆਏ ਇਕ ਸ਼ਾਇਰ ਸੁਖਿੰਦਰ ਢਿੱਲੋਂ ਨੂੰ ਜੀ ਆਇਆਂ ਕਹਿੰਦਿਆ ਉਹਨਾਂ ਕੋਲੋਂ ਵੀ ਇਕ ਕਵਿਤਾ ਸੁਣੀ ਗਈ, ਜਿਹੜੀ ਕਿ ਪੰਜਾਬ ਦੇ ਸੰਤਾਪ ਦੀ ਤਸਵੀਰਕਸ਼ੀ ਕਰਦੀ ਸੀ। ਇਸ ਕਾਵਿ ਸ਼ਾਮ ਦਾ ਸਰੋਤਿਆਂ ਨੇ ਭਰਪੂਰ ਅਨੰਦ ਮਾਣਿਆ। ਸਰੋਤਿਆਂ ਵਿਚ ਲੋਅਰਮੇਨ ਲੈਂਡ ਦੇ ਨਾਮਵਰ ਲੇਖਕ, ਬਰਜਿੰਦਰ ਕੌਰ ਢਿੱਲੋਂ, ਦਵਿੰਦਰ ਕੌਰ ਜੌਹਲ, ਰੁਪਿੰਦਰ ਕੌਰ ਰੂਪੀ, ਜਰਨੈਲ ਸਿੰਘ ਸੇਖਾ, ਨਛਤੱਰ ਸਿੰਘ ਬਰਾੜ, ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਰਾਜਵੰਤ ਸਿੰਘ ਬਾਗੜੀ, ਗੁਰਚਰਨ ਟੱਲੇਵਾਲੀਆ, ਜਗਦੇਵ ਸਿੰਘ ਸੰਧੂ, ਜਗਦੇਵ ਸਿੰਘ ਢਿੱਲੋਂ ਤੇ ਕਈ ਹੋਰ ਹਾਜ਼ਰ ਸਨ। ਅਗਲੇ ਮਹੀਨੇ ਦੇ ਤੀਜੇ ਮੰਗਲਵਾਰ ਨੂੰ ਮੁੜ ਮਿਲਣ ਦੇ ਇਕਰਾਰ ਨਾਲ ਮਹਿਫਲ ਉਠ ਗਈ।

    ਮੋਹਨ ਗਿੱਲ