ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ: -- ਡਾ. ਜਸਵੰਤ ਸਿੰਘ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਮਿਨਹਾਸ ਭਵਨ, ਅਮਨ ਨਗਰ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਡਾ. ਜਸਵੰਤ ਸਿੰਘ ਕੰਵਲ, ਸ੍ਰੀਮਤੀ ਸੁਰਿੰਦਰ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਦਲਵੀਰ ਸਿੰਘ ਲੁਧਿਆਣਵੀ, ਗਿਆਨੀ ਦਲੇਰ ਸਿੰਘ, ਅਤੇ ਜਸਪਾਲ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਡਾ. ਜਸਵੰਤ ਸਿੰਘ ਕੰਵਲ ਨੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਉਹ ਬੇਹੱਦ ਧੰਨਵਾਦ ਕਰਦਾ ਹਾਂ ਜਿਹਨਾਂ ਦੇ ਸਵਾਲਾਂ ਦੀ ਪ੍ਰੇਰਣਾ ਸਦਕਾ ਹੀ 'ਪੰਜਾਬ ਦਾ ਹੱਕ ਸੱਚ' ਪੁਸਤਕ ਵਜੂਦ ਵਿਚ ਆਈ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬੀਆਂ ਦੀ ਭੁੱਲੀ ਵਿਸਰੀ ਅਕਲ ਤੇ ਅਣਖ ਇਕ ਦਿਨ ਜ਼ਰੂਰ ਆਪਣੇ ਖਿਲਰਦੇ ਪੰਜਾਬ ਨੂੰ ਇਕ ਮੁੱਠ ਕਰੇਗੀ।
ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਕਿਹਾ ਕਿ ਡਾ ਕੰਵਲ ਨੇ ਇਕ ਸਦੀ ਦੇ ਉਤਰਾਅ-ਚੜਾਅ ਦੇਖੇ ਹਨ, ਉਹ ਆਪਣੇ ਅੰਦਰ ਗਿਆਨ ਦਾ ਭੰਡਾਰ ਸਮੋਈ ਬੈਠੇ ਹਨ। ਇਨ੍ਹਾਂ ਪੁੱਛੇ ਗਏ ਸਵਾਲਾਂ ਰਾਹੀਂ ਉਸ ਗਿਆਨ ਨੂੰ ਹੋਰਨਾਂ ਤੀਕਰ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ 'ਪੰਜਾਬ ਦਾ ਹੱਕ ਸੱਚ' ਪੁਸਤਕ ਵਿਚ ਦੇਸ਼ ਦੀ ਵੰਡ, ਪੰਜਾਬ ਦੇ ਹਾਲਾਤ ਅਤੇ ਕੰਵਲ ਸਾਹਿਬ ਦੁ ਜੀਵਨ ਬਾਰੇ ਭਰਪੁਰ ਜਾਣਕਾਰੀ ਦਿੱਤੀ ਗਈ ਹੈ, ਪਾਠਕ ਇਸ ਤੋਂ ਭਰਪੂਰ ਲਾਭ ਉਠਾaਣਗੇ।
ਗਿਆਨੀ ਦਲੇਰ ਸਿੰਘ ਨੇ ਕਿਹਾ ਕਿ 'ਪੰਜਾਬ ਦਾ ਹੱਕ ਸੱਚ' ਵਿਚ ਪੁੱਛੇ ਗਏ ਸਵਾਲਾਂ ਵਿਚ ਡਾ. ਕੰਵਲ ਸਾਹਿਬ ਦੇ ਗਿਆਨ ਦੀਆਂ ਨਵੀਆਂ ਪਰਤਾਂ ਖੁੱਲੀਆਂ ਹਨ ਜਿਵੇਂ ਕਿ ਅੰਗਰੇਜ਼ਾਂ ਨੇ ਵੰਡ ਤੋਂ ਕੁਝ ਦਿਨ ਪਹਿਲਾਂ ਹੀ ਹਿੰਦੂਆਂ ਤੇ ਮੁਸਲਮਾਨਾਂ ਵਿਚ ਹਥਿਆਰ ਵੰਡੇ ਸਨ।
ਜਸਪਾਲ ਸਿੰਘ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਕੰਵਲ ਸਾਹਿਬ ਨੇ ਪੰਜਾਬ ਬਾਰੇ ਲਿਖੀਆਂ ਪੁਸਤਕਾਂ 'ਕੌਮੀ ਲਲਕਾਰ', 'ਪੰਜਾਬ ਤੇਰਾ ਕੀ ਬਣੂ', ਪੰਜਾਬੀਓ! ਜਿਊਣਾ ਕਿ ਮਰਨਾ', ਆਦਿ ਤਾਂ ਪੜ੍ਹੀਆਂ ਸਨ, ਪਰ ਹੱਥਲੀ ਪੁਸਤਕ ਵਿਚ ਡਾ. ਮਿਨਹਾਸ ਨੇ ਲਾ-ਮਿਸਾਲ ਪ੍ਰਸ਼ਨ ਪੁੱਛ ਕੇ ਡਾ. ਕੰਵਲ ਸਾਹਿਬ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ ਹੈ।
ਸ੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਬੇਟੀ ਡਾ ਕਲਵਿੰਦਰ ਦੁਆਰਾ ਕੰਵਲ ਸਾਹਿਬ ਨੂੰ ਪੁੱਛੇ ਗਏ ਸਵਾਲਾਂ ਨੇ ਪੁਸਤਕ 'ਪੰਜਾਬ ਦਾ ਹੱਕ ਸੱਚ' ਵਜੂਦ ਲੈ ਕੇ ਵਿਸ਼ਵ ਪ੍ਰਸਿੱਧ ਲੇਖਕ ਦੀਆਂ ਲਿਖਤਾਂ ਵਿਚ ਵਾਧਾ ਕੀਤਾ ਹੈ।
