ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਗਿਆਨੀ ਦਿੱਤ ਸਿੰਘ ਨੇ ਸਿੱਖ ਧਰਮ ਵਿਚ ਫ਼ੈਲੀਆਂ ਕੁਸੰਗਤੀਆਂ ਦੀ ਥੇਹ 'ਤੇ ਸਿੱਖੀ ਦੀ ਪੁਨਰ ਜਾਗ੍ਰਤੀ ਦਾ ਮੁੱਢ ਹੀ ਨਹੀਂ ਬੰਨ੍ਹਿਆ, ਬਲਕਿ ੭੨ ਕਿਤਾਬਾਂ ਦੀ ਸਿਰਜਣਾ ਕਰਕੇ ਪੰਜਾਬੀ ਸਾਹਿਤ ਦਾ ਖ਼ਜਾਨਾ ਵੀ ਭਰਪੂਰ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਹਰੀ ਸਿੰਘ ਢੁੱਡੀਕੇ ਦੁਆਰਾ ਰਚਿਤ ਇਤਿਹਾਸਕ ਨਾਵਲ ਭਾਈ ਦਿੱਤ ਸਿੰਘ ਗਿਅਨੀ 'ਮਹਿੰਗੇ ਮੁੱਲ ਦਾ ਮੋਤੀ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕੀਤਾ। ਪ੍ਰੋ: ਗਿੱਲ ਨੇ ਇਹ ਵੀ ਆਖਿਆ ਸੀ ਕਿ ਪ੍ਰੋ: ਦਿੱਤ ਸਿੰਘ ਜੀ ਇਕ ਵਿਅਕਤੀ ਹੀ ਨਹੀਂ, ਸਗੋਂ ਸੰਸਥਾ ਸੀ; ਉਹ ਜਿਹੜੇ ਕੰਮ ਨੂੰ ਇਕ ਵਾਰ ਹੱਥ ਪਾ ਲੈਂਦੇ, ਸਿਰੇ ਲਾ ਕੇ ਹੱਟਦੇ ਸਨ। ਉਨ੍ਹਾਂ ਦੀ ਵਿਦਵਤਾ ਦੀ ਦਾਤ ਦੇਣੀ ਪਵੇਗੀ। ਲੇਖਕ ਵਧਾਈ ਦਾ ਪਾਤਰ ਹੈ।
ਡਾ ਨਿਰਮਲ ਜੌੜਾ ਨੇ 'ਮਹਿੰਗੇ ਮੁੱਲ ਦਾ ਮੋਤੀ' ਨਾਵਲ ਤੇ ਵਿਚਾਰ ਰੱਖਦਿਆਂ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ ਪੰਜਾਬੀ ਦੇ ਪਹਿਲੇ ਪੱਤਰਕਾਰ ਹੋਏ ਸਨ ਜਿਨ੍ਹਾਂ ਨੇ ਖਾਲਸਾ ਅਖ਼ਬਾਰ ਦੇ ਸੰਪਾਦਕ ਵਜੋਂ ਕੰਮ ਕਰਦਿਆਂ ਸਮਾਜ ਦੀ ਬਿਹਤਰੀ ਲਈ ਸੈਂਕੜੇ ਹੀ ਸੰਪਾਦਕੀ ਲਿਖੇ, ਜਿਨ੍ਹਾਂ ਦੇ ਕਾਰਣ ਹੀ ਸਮਾਜ ਵਿਚ ਜਾਗ੍ਰਤੀ ਆਈ ਸੀ।
ਦਲਵੀਰ ਸਿੰਘ ਲੁਧਿਆਣਵੀ ਨੇ ਇਤਿਹਾਸਕ ਨਾਵਲ ਲਿਖਣ ਦੇ ਲਈ ਹਰੀ ਸਿੰਘ ਢੁੱਡੀਕੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਲੌਕਿਕ ਪ੍ਰਤੀਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਦੇ ਕੀਤੇ ਹੋਏ ਕਾਰਜਾਂ ਨੂੰ 'ਮਹਿੰਗੇ ਮੁੱਲ ਦਾ ਮੋਤੀ' ਨਾਵਲ ਰਾਹੀਂ ਲੋਕਾਂ ਦੇ ਸਨਮੁੱਖ ਕੀਤਾ ਹੈ ਤਾਂ ਜੁ ਲੋਕਾਈ ਵੀ ਇਸ ਤੋਂ ਸੇਧ ਲੈ ਸਕੇ, ਨਿੱਗਰ ਸਮਾਜ ਦੀ ਸਿਰਜਣਾ ਵਿਚ ਆਪੋ-ਆਪਣਾ ਯੋਗਦਾਨ ਪਾ ਸਕੇ।
ਡਾ. ਸੰਦੀਪ ਕੌਰ ਸੇਖੋ ਨੇ ਇਤਿਹਾਸਕ ਨਾਵਲ ਭਾਈ ਦਿੱਤ ਸਿੰਘ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਓਦੋਂ ਦੀ ਪੱਤਰਕਾਰੀ ਤੇ ਅੱਜ ਦੀ ਪੱਤਰਕਾਰੀ ਵਿਚ ਕਿੰਨਾ ਫ਼ਰਕ ਹੈ! ਅੱਜ ਦੇ ਪੱਤਰਕਾਰ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਣ ਦੇ ਕਾਰਣ ਹੀ ਉਹ ਨਿਰਪੱਖ ਹੋ ਕੇ ਲਿਖਣ ਦੇ ਅਸਮੱਰਥ ਹਨ; ਇਸ ਕਰਕੇ ਹੀ ਸਮਾਜਿਕ ਕੁਰੀਤੀਆਂ ਦਿਨ-ਪ੍ਰਤੀ-ਦਿਨ ਵੱਧ ਰਹੀਆਂ ਹਨ।
ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਵਿਦਵਾਨ ਤੇ ਹੋਰ ਸਰੋਤ ਹਾਜ਼ਿਰ ਸਨ।