ਕਿਸੇ ਕੰਮ ਲਈ ਘਰੋਂ ਤੁਰਨ ਲੱਗਿਆ ਸਰਪੰਚ ਕੇਹਰ ਸਿੰਘ, ਛੱਜੂ ਨਾਈ ਨੂੰ ਆਪਣੇ ਵਲ ਆਉਂਦਾ ਦੇਖ ਕੇ, ਸਕੂਟਰ ‘ਤੇ ਬੈਠਾ ਹੀ ਕਹਿਣ ਲੱਗਾ, “ਆ ਬਈ ਰਾਜਾ! ਬੜਾ ਨਿੱਖਰਿਆ ਫਿਰਦੈਂ?
“ਬਸ…ਆਹ ਚਾਰ ਕੁ ਦਿਨ ਵਿਆਹਾਂ ਦੇ ਆ ਸਰਪੰਚ ਸ੍ਹਾਬ!…ਸਬੱਬ ਨਾਲ ਸਾਨੂੰ ਵੀ ਥ੍ਹੋਡੇ ਆਸਰੇ, ਧੋਤੇ ਲੀੜੇ ਪਾਣ ਦਾ ਮੌਕਾ ਮਿਲ ਜਾਂਦੈ ਨਹੀ ਤਾਂ…” ਰਾਜਾ ਅਗਲੀ ਗੱਲ, ਮੋਕਲੀ ਹੋ ਚੁੱਕੀ ਨਕਲੀ ਦੰਦ-ਬੀੜ ਨੂੰ, ਜੀਭ ਦਾ ਸਹਾਰਾ ਦਿੰਦਾ ਹੋਇਆ ਅੰਦਰ ਹੀ ਨੱਪ ਗਿਆ। ਆਪਣੇ ਹੀ ਬੱਚਿਆਂ ਵਲੋਂ ਹੋ ਰਹੀ ਉਸ ਦੀ ਅਣਦੇਖੀ ਦਾ, ਉਹ ਪਹਿਲਾਂ ਹੀ ਸਰਪੰਚ ਕੋਲ ਜ਼ਿਕਰ ਕਰ ਚੁੱਕਿਆ ਸੀ।
ਪੂਰਾ ਨਾਂ ਤਾਂ ਪਤਾ ਨਹੀ ਉਸ ਦਾ ਕੀ ਸੀ? ਉਂਝ ਸਾਰੇ ਉਸ ਨੂੰ ਛੱਜੂ-ਰਾਜਾ ਹੀ ਆਖ ਕੇ ਬੁਲਾਉਂਦੇ ਸਨ। ਨਾਈਆਂ ਦਾ ਪਿੰਡ ’ਚ ਇਕੋ-ਇਕ ਘਰ ਸੀ। ਲੋਕ ਉਸ ਦਾ ਮਾਣ-ਸਤਿਕਾਰ ਕਰਦੇ ਸਨ ਅਤੇ ਦੁੱਖ-ਸੁੱਖ ਵੀ ਉਸ ਨਾਲ ਸਾਂਝਾ ਕਰ ਲੈਂਦੇ। ਪਿੰਡ ਦੇ ਹਰ ਘਰ ਨਾਲ ਉਸ ਦੀ ਇਕ ਖਾਸ ਸਾਂਝ ਸੀ। ਵਿਆਹਾਂ-ਸ਼ਾਦੀਆਂ ਮੌਕੇ ਉਸ ਦੀ ਅਹਿਮ ਭੂਮਕਾ ਹੁੰਦੀ ਸੀ। ਪਰ ਹੁਣ ਉਹ ਪਹਿਲਾਂ ਵਾਲੀ ਗੱਲ ਨਹੀ ਰਹੀ। ਉਸ ਦੀ ਭੂਮਕਾ ਹੁਣ ਬਸ, ਕੁੱਝ ਕੁ ਖ਼ਾਸ ਰਸਮਾ ਨਿਭਾਉਣ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਇਹ ਰਸਮਾ ਵੀ ਹੌਲੀ-ਹੌਲੀ ਉਸ ਤੋਂ ਖੁਸਦੀਆਂ ਜਾ ਰਹੀਆਂ ਹਨ। ਅੱਜ ਦੇ ਮਾਡਰਨ ਯੁਗ ਵਿਚ ਮਿਲਣੀ ਸਮੇ, ਨਾਈ ਦੀ ਭੂਮਕਾ ਵੀ ਕਈ ਵਾਰ ਕੁੱਝ ਹੋਰ ਲੋਕ ਹੀ ਨਿਭਾ ਦਿੰਦੇ ਹਨ। ਵਿਆਹ ਲਈ ਸੱਦੇ ਦੇਣ ਜਾਂ ਨਿਸ਼ਾਨੀ ਦੇ ਲੱਡੂ ਆਦਿ ਵੰਡਣ ਦਾ ਕੰਮ ਵੀ ਹੋਰ ਕੌਮਾ ਦੇ ਜੀਆਂ ਨੇ ਸ੍ਹਾਂਭ ਲਿਆ ਹੈ। ਪੁਰਾਣੇ ਲਾਗੀਆਂ ਦੇ ਬੱਚੇ ਪੜ੍ਹ ਲਿਖਕੇ ਹੁਣ ਹੋਰ-ਹੋਰ ਕੰਮਾ ਵਿਚ ਪੈ ਗਏ ਹਨ।
ਸਮੇ ਦੇ ਬਦਲਾ ਨਾਲ ਸਮਾਜਕ ਰਹੁ-ਰੀਤਾਂ ‘ਤੇ ਕਦਰਾਂ-ਕੀਮਤਾਂ ਵੀ ਬਦਲ ਗਈਆਂ ਨੇ। ਹੁਣ ਤਾਂ ਭੰਗੜੇ ਵਾਲੇ, ਸੁਹਾਗ ਘੋੜੀਆਂ ਗਾਉਣ ਵਾਲੇ, ਬਰਾਤੀਏ, ਮਿਲਣੀ ਵੇਲੇ ਲਈ ਚਾਚੇ-ਤਾਏ, ਮਾਮੇ ਆਦਿ ਸਭ ਜਿਤਨੇ ਚਾਹੋ ਬਾਹਰੋਂ-ਬਾਹਰ ਹੀ ਮਿਲ ਜਾਂਦੇ ਹਨ। ਵਿਆਹ ਦੇ ਸਮੇ ਪਹਿਨਣ ਲਈ ਸ਼ੇਰਵਾਨੀਆਂ, ਲਹਿੰਗੇ-ਦੁਪੱਟੇ ਅਤੇ ਹੋਰ ਨਿਕ-ਸੁਕ ਵੀ ਬਾਜ਼ਾਰੋਂ ਕਰਾਏ ‘ਤੇ ਮਿਲ ਜਾਂਦਾ ਹੈ।
ਛੱਜੂ ਰਾਜੇ ਵਰਗੇ ਕੁੱਝ ਪੁਰਾਣੇ ਬਜ਼ੁਰਗ ਲਾਗੀ ਹੀ ਰਹਿ ਗਏ ਹਨ, ਜੋ ਅਜੇ ਤਕ ਵੀ ਆਪਣਾ ਖਾਨਦਾਨੀ ਕਿਸਬ ਕਰੀ ਜਾ ਰਹੇ ਨੇ। ਇਹ ਪੁਰਾਣੇ ਲਾਗੀ ਹੁਣ ਵੀ ਬੜੀ ਵਫਾਦਾਰੀ ਨਾਲ ਆਪਣਾ ਫਰਜ਼ ਨਿਭਾ ਰਹੇ ਹਨ। ਇਕ ਤਾਂ ਲੋਕਾਂ ਨਾਲ ਪੁਰਾਣੀਆਂ ਸਾਝਾਂ ਹੋਣ ਕਰਕੇ, ਅਤੇ ਦੂਸਰੀ ਖਾਸ ਵਜ੍ਹਾ ਇਹ ਹੈ ਕਿ ਕਮਾਈ ਹੜੱਪਣ ਵਾਲੇ ਇਨ੍ਹਾਂ ਦੇ ਆਪਣੇ ਬੱਚੇ, ਸ਼ੌਕ ਨਾਲ ਧੋਤੇ ਸਾਫ ਕਪੜੇ ਪੁਆ ਕੇ ਆਪ ਹੀ ਵਿਆਹ ਵਾਲੇ ਘਰ ਇਨ੍ਹਾਂ ਨੂੰ ਛੱਡ ਆਉਂਦੇ ਹਨ।
ਹੁਣ ਦੇ ਵਿਆਹਾਂ ਵਿਚ ਪਹਿਲਾਂ ਵਾਲਾ ਪੰਜਾਬੀ ਸੱਭਿਆਚਾਰ ਕਿਧਰੇ ਵੀ ਨਜ਼ਰ ਨਹੀ ਆਉਂਦਾ। ਅੱਜ-ਕਲ੍ਹ ਦੀਆਂ ਨਵੀਆਂ ਰਸਮਾ ‘ਤੇ ਰਿਵਾਜਾਂ ਵਿਚ ਆਪਸੀ ਪ੍ਰੇਮ-ਭਾਵ ਦੀ ਜਗ੍ਹਾ ਖੁਦ-ਗਰਜ਼ੀ ਅਤੇ ਹਉਮੇ ਵਧੇਰੇ ਦਿਖਾਈ ਦਿੰਦੀ ਹੈ। ਸ਼ਗਨਾ ਸਮੇ ਵਰਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਲਲੇਰ, ਪਾਣੀ ਵਾਰਨ ਵਾਲੀ ਗੜਵੀ, ਮਾਈਏਂ ਵਾਲੀ ਚੌਂਕੀ, ਇੰਜੜੀ ਵਾਲਾ ਪੱਲਾ, ਅਤੇ ਸੁਰਮੇਦਾਨੀ ਆਦਿ ਨੂੰ ਸ਼ੰਗਾਰ ਕੇ ਵਰਤਣ ਨਾਲ, ਬਹੁਤੇ ਪਰਿਵਾਰਾਂ ਵਿਚ ਇਨ੍ਹਾਂ ਚੀਜ਼ਾਂ ਦੇ ਅਸਲੀ ਰੂਪ ਦੀ ਮਹੱਤਤਾ ਨੂੰ ਅੱਖੋਂ ਪ੍ਰੋਖੇ ਕਰ ਕੇ, ਝੂਠੇ ਮਾਣ-ਸ਼ਾਨ ਦਾ ਭਰਮ ਪਾਲਿਆ ਜਾਂਦਾ ਹੈ। ਵਿਆਹ-ਸ਼ਾਦੀਆਂ ਦੋ ਪਰਿਵਾਰਾਂ ਦਾ ਪਲੇਠਾ ਸੁਹਿਰਦ ਮਿਲਣ ਅਤੇ ਦੋ ਜਵਾਨ ਜੀਆਂ, ਮਰਦ ਤੇ ਔਰਤ ਦਾ ਜੀਵਨ ਭਰ ਦਾ ਪਵਿੱਤਰ ਬੰਧਨ ਹੁੰਦਾ ਹੈ। ਜਿਸ ਨੂੰ ਪੂਰਨ ਗੰਭੀਰਤਾ, ਬਜ਼ੁਰਗਾਂ ਦੇ ਅਸ਼ੀਰਵਾਦ ਅਤੇ ਪ੍ਰਮਾਤਮਾ ਦਾ ਓਟ-ਆਸਰਾ ਲੋਚਦੇ ਹੋਏ ਨਿਭਾਉਣਾ ਚਾਹੀਦਾ ਹੈ। ਪਰ ਹੁਣ ਇਨ੍ਹਾਂ ਵਿਆਹਾਂ ਦੀ ਅਸਲ ਅਹਿਮੀਅਤ ਫਾਲਤੂ ਦੇ ਅਡੰਬਰਾਂ ਤੇ ਸ਼ੋਰ-ਸ਼ਰਾਬੇ ਵਿਚ ਗ਼ੁੰਮ ਹੋ ਕੇ ਰਹਿ ਗਈ ਹੈ।
ਪੁਰਾਣੇ ਸਮਿਆਂ ਵਿਚ ਲੋਕਾਂ ਦੇ ਉਹ ਖੁਲ੍ਹੇ ਠਹਾਕੇ, ਭੋਲ਼ੀਆਂ ਮੁਸਕਾਨਾ, ਸਾਦੀਆਂ ਰਸਮਾ ਅਤੇ ਪਹਿਰਾਵੇ, ਪੌਸ਼ਟਿਕ ਅਹਾਰਾਂ, ਪਾਕ ਰਿਸ਼ਤਿਆਂ, ਨਿਰਛਲ ਮਨਾ ਅਤੇ ਖੁਲ੍ਹੇ-ਡੁਲ੍ਹੇ ਸੁਭਾਵਾਂ ਦੀ ਜਗ੍ਹਾ ਹੁਣ ਨਕਲੀ ਹਾਸੇ, ਖਚਰੀਆਂ ਮੁਸਕਾਨਾ, ਦਿਖਾਵੇ ਦੀਆਂ ਰਸਮਾ ‘ਤੇ ਪਹਿਰਾਵੇ, ਸਿਹਤ ਲਈ ਘਾਤਕ ਖਾਣੇ, ਤਿੜਕਦੇ ਰਿਸ਼ਤੇ, ਈਰਖਾਲੂ ਮਨਾ ਅਤੇ ਸੰਕੀਰਣ ਸੁਭਾਵਾਂ ਨੇ ਮਲ ਲਈ ਹੈ।
ਇਸ ਪਦਾਰਥ-ਵਾਦੀ ਯੁਗ ਵਿਚ ਬਾਕੀ ਰਸਮਾ ਦੇ ਨਾਲ ਹੀ ਆਪਸੀ ਰਿਸ਼ਤਿਆਂ ਦੀਆਂ ਪੀਡੀਆਂ ਗੰਢਾਂ ਵੀ ਖਿਸਕਣੀਆਂ ਸ਼ੁਰੂ ਹੋ ਗਈਆਂ ਨੇ। ਵੱਡਿਆਂ ਪ੍ਰਤੀ ਮਾਣ-ਸਤਿਕਾਰ, ਪਿਆਰ ਅਤੇ ਸਭਨਾ ਲਈ ਸਦ-ਭਾਵਨਾ ਰੱਖਣ ਵਾਲੇ ਜੀਅ ਹੁਣ ਵਿਰਲੇ ਹੀ ਰਹਿ ਗਏ ਹਨ। ਗਮੀ-ਖੁਸ਼ੀ ਸਮੇ ਦੁੱਖ-ਸੁੱਖ ਦੀ ਸਾਂਝ ਵੀ ਘਟਦੀ ਜਾ ਰਹੀ ਹੈ…ਜੇ ਹੈ ਵੀ ਬਸ, ਉੱਪਰੋਂ-ਉੱਪਰੋਂ ਹੀ। ਕਿਸੇ ਕੋਲ਼ ਟਾਈਮ ਹੀ ਨਹੀ ਰਿਹਾ ਦੁੱਖ ਸੁੱਖ ਵੰਡਾਉਣ ਦਾ! ਕੋਈ ਸਮਾ ਹੁੰਦਾ ਸੀ ਜਦੋਂ ਦੋ ਪੱਗ-ਵਟ ਭਰਾ ਵੀ ਤੋੜ ਉਮਰ ਤਕ ਇਸ ਤਹਿ ਕੀਤੇ ਰਿਸ਼ਤੇ ਨੂੰ ਸ਼ਿੱਦਤ ਨਾਲ ਨਿਭਾਉਂਦੇ ਸਨ। ਹੁਣ?-ਹੁਣ ਤਾਂ ਨਾਲ ਦੇ ਜਾਏ ਵੀ ਪਿੱਠ ਦੇਣ ਲੱਗੇ ਭੋਰਾ ਸੰਗ ਨ੍ਹੀਂ ਕਰਦੇ। ਦੂਸਰਿਆਂ ਦੇ ਮੌਰੀਂ ਚੜ੍ਹਕੇ ਖੁਸ਼ੀ ਭਾਲਦੇ ਇਹ ਲੋਕ ਆਪਣਿਆਂ ਤੋਂ ਬੇ-ਮੁੱਖ ਹੋਣ ਲੱਗੇ ਦੇਰ ਨਹੀ ਲਾਉਂਦੇ। ਜੇ ਕੋਈ ਭਲਾਮਾਣਸ ਵਿਚ ਪੈ ਕੇ, ਰਿਸ਼ਤਿਆਂ ਵਿਚ ਪੈ ਚੁੱਕੀਆਂ ਤਰੇੜਾਂ ਨੂੰ ਭਰਨ ਦੀ ਕੋਸ਼ਿਸ਼ ਕਰਦਾ ਵੀ ਹੈ, ਉਸ ਨੂੰ ਵੀ ਕੱਖੋਂ ਹੌਲਾ ਕਰ ਛੱਡਦੇ ਨੇ। ਅਪਣੱਤ ਦੀ ਭਾਵਨਾ ਦਿਨੋ-ਦਿਨ ਰਿਸ਼ਤਿਆਂ ਵਿਚੋਂ ਮਨਫੀ ਹੁੰਦੀ ਜਾ ਰਹੀ ਏ। ਜਹਾਲਤ ਏਨੀ ਵਧ ਗਈ ਏ ਕਿ ਅੱਜ ਹਰ ਪਾਸੇ ਕੂੜ ਦਾ ਪਸਾਰਾ ਹੀ ਨਜ਼ਰ ਆਉਂਦਾ ਹੈ। ਮਨ ਦੇ ਸਾਫ ਅਤੇ ਭਲੇਮਾਣਸ ਲੋਕ ਅੱਜ-ਕ੍ਹਲ ਚੁੱਪੀ ਵੱਟਕੇ, ਦਿਨ ਕਟੀ ਕਰਨ ਵਾਂਗ ਹੀ ਜ਼ਿੰਦਗੀ ਜੀਊ ਰਹੇ ਹਨ। ਸਰਪੰਚ ਦੇ ਮਸਤਕ ਨੂੰ, ਇਹ ਗੱਲਾਂ ਸੋਚ-ਸੋਚ ਕੇ ਗੁਬਾਰ ਚੜ੍ਹਿਆ ਹੋਇਆ ਸੀ।
ਰਾਜੇ ਨੂੰ ਆਪਣੇ ਸਾਹਮਣੇ ਚੁਪ ਖ੍ਹੜਾ ਦੇਖ ਕੇ ਗੱਲ ਨੂੰ ਅੱਗੇ ਤੋਰਦਿਆਂ ਸਰਪੰਚ ਕਹਿਣ ਲੱਗਾ, “ਰਾਜਾ ਜੀ! ਕਿੱਦਾਂ ਆਉਣੇ ਹੋਏ ਅੱਜ?
“ ਸਰਪੰਚ ਸ੍ਹਾਬ ਤੁਸੀਂ ਕਲ੍ਹ ਬਰਾਤੇ ਗਏ ਈ ਨ੍ਹੀਂ?...ਮੈਖਿਆ ਪਤਾ ਕਰਾਂ ਕਿਤੇ ਢਿੱਲੇ-ਮੱਠੇ ਨਾ ਹੋ ਗਏ ਹੋਣ!”
“ ਰਾਜਾ ਜੀ! ਕਾਰਡ ਤਾਂ ਆਇਆ ਹੋਇਆ ਸੀ, ਪਰ ਜੀ ਨ੍ਹੀਂ ਕੀਤਾ ਜਾਣ ਨੂੰ।”
“ ਕਾਹਤੋਂ ਭਲਾ…?” ਰਾਜੇ ਨੇ ਜ਼ਰਾ ਨਜ਼ਦੀਕ ਹੁੰਦੇ ਹੋਏ ਮੱਥੇ ਤੇ ਹੱਥ ਧਰਦਿਆਂ ਪੁੱਛਿਆ।
“ ਬੰਦੇ ਕੋਲ ਚਾਰ ਪੈਸੇ ਕੀ ਆ ਜਾਂਦੇ ਆ…ਆਪਣੇ ਆਪ ਨੂੰ ਖੁਦਾ ਈ ਸਮਝਣ ਲੱਗ ਜਾਂਦੈ-ਹੈਂਅ! ਜਦੋਂ ਦਾ ਨਸੀਬ ਸਿਓਂ ਕਨੇਡਾ ਗਿਆ…ਹਵਾ ਈ ਕੁੱਝ ਹੋਰ ਹੋ ਗਈ ਪਤੰਦਰਾਂ ਦੀ! ਸਾਰਾਈ ਜੋਰ ਲਾ ਲਿਆ ਪਰਸੋਂ ਰਾਤੀਂ… ਮੰਨਦੇ ਈ ਨ੍ਹੀਂ… ਇਕੋ ਨੰਨਾ ਫੜਿਆ ਹੋਇਆ ਸੀ… ਅਸੀਂ ਨ੍ਹੀਂ ਸੱਦਣਾ ਵਿਆਹ ‘ਤੇ ਮੁੰਡੇ ਦੇ ਚਾਚੇ-ਚਾਚੀ ਨੂੰ- ਹੈਂਅ! ਤੂੰ ਤਾਂ ਜਾਣਦਾ ਈ ਆਂ ਰਾਜਾ! ਪਈ ਕਿੱਦਾਂ ਮਿਹਨਤ ਕਰਕੇ ਛੋਟੇ ਕਰਮ ਸਿੰਘ ਨੇ ਸਾਰੀ ਕਬੀਲਦਾਰੀ ਸਾਂਭੀ ਹੋਈ ਸੀ- ਹੈਂਅ! ਵੱਡੇ ਦੀਆਂ ਦੋ ਕੁੜੀਆਂ ਵਿਆਹੀਆਂ… ਉਹਦੇ ਮੁੰਡੇ ਨੂੰ ਬੀ.ਏ. ਕਰਾਈ- ਹੈਂਅ! ਉਹਦੀ ਆਪਣੀ ਅਜੇ ਸਾਰੀ ਕਬੀਲਦਾਰੀ ਨਜਿੱਠਣ ਨੂੰ ਪਈ ਆ… ਦੋ ਜਵਾਨ ਕੁੜੀਆਂ ਬੂਹੇ ਤੇ ਬੈਠੀਆਂ ਤੋਰਨ ਵਾਲੀਆਂ… ਹੁਣ ਕੰਜਰਾਂ ਨੇ ਪਿਛਲੇ ਸਾਲ ਉਹਨੂੰ ਜੁਦਾ ਕਰ ਤਾ- ਹੈਂਅ! ਸਰਪੰਚ ਮਨੋ ਕਾਫੀ ਦੁਖੀ ਜਾਪਦਾ ਸੀ।
“ਨਾ ਮੁੰਡੇ ਦੀਆਂ ਭੂਆ ਨ੍ਹੀਂ ਬੋਲੀਆਂ…ਉਨ੍ਹਾਂ ਨੂੰ ਤਾਂ ਦੋਨੋ ਭਰਾ ਇੱਕੋ ਜਹੇ ਆ…।” ਰਾਜਾ ਠੋਡੀ ‘ਤੇ ਹੱਥ ਰੱਖਕੇ ਹੈਰਾਨੀ ਨਾਲ ਮੂੰਹ ਅੱਡੀ ਸਰਪੰਚ ਵਲ ਗਹੁ ਨਾਲ ਝਾਕ ਰਿਹਾ ਸੀ।
“ਤੂੰ ਰਹਿਣ ਦੇ ਰਾਜਾ! ਉਹ ਜਮਾਨੇ ਗਏ!! ਹੁਣ ਤਾਂ ਹਰ ਕੋਈ ਆਪਣਾ ਈ ਫਾਇਦਾ ਸੋਚਦੈ। ਕੁੜੀਆਂ ਦਾ ਕੀ ਆ?... ਜਿਹੜਾ ਭਰਾ ਦਿਨ-ਤਿਹਾਰ ਨੂੰ ਜਰਾ ਵਧੀਆ ਜਿਹਾ ਸੂਟ ਦੇ ਆਵੇ… ਉਹਦੇ ਕੰਨੀ ਦੀ ਗੱਲ ਕਰਨ ਲੱਗ ਜਾਂਦੀਆਂ ਉਹ ਵੀ- ਹੈਂਅ!
“ਇਹ ਤਾਂ ਗੱਲ ਤੇਰੀ ਠੀਕ ਆ।” ਰਾਜੇ ਨੇ ਹਾਂ ਮਿਲਾਉਂਦਿਆਂ ਆਖਿਆ।
“ਸ਼ਰੀਕੇ ਭਾਈਚਾਰੇ ਵਾਲੇ ਵੀ, ਦੱਬੀ ਜ਼ੁਬਾਨ ਨਾਲ ਈ ਗੱਲ ਕਰਦੇ ਸੀ। ਇਕ ਗੱਲ ਤੈਨੂੰ ਮੈਂ ਦੱਸਾਂ ਰਾਜਾ!…ਕਹਿੰਦੇ ਹੁੰਦੇ ਆ ਬਈ ‘ਘਰ ਦਾ ਭੇਤੀ ਲੰਕਾ ਢਾਏ’…ਜਿੰਨੀਆਂ ਜੜ੍ਹਾਂ ਸ਼ਰੀਕੇ ਵਾਲੇ ਵਢ੍ਹਦੇ ਆ ਹੁਣ… ਓਨਾ ਨੁਕਸਾਨ ਹੋਰ ਕੋਈ ਨ੍ਹੀਂ ਕਰ ਸਕਦਾ- ਹੈਂਅ! ਪਰ੍ਹੇ ਵਿਚ ਕੋਈ ਹੋਰ ਗੱਲ ਕਰਨੀ ’ਤੇ ਅੰਦਰੋਂ ਕੁਝ ਹੋਰ ਹੀ ਮਤੇ ਪਕਾਈ ਜਾਣੇ… ਫੈਸਲਾ ਏਹੋਈ ਲੋਕੀ ਨ੍ਹੀਂ ਹੋਣ ਦਿੰਦੇ…ਸਭ ਆਪਣਾ ਹੀ ਉੱਲੂ ਸਿੱਧਾ ਕਰਦੇ ਆ…ਗਰੀਬ ਦੀ ਅੱਜ-ਕਲ੍ਹ ਕੋਈ ਨ੍ਹੀਂ ਸੁਣਦਾ- ਹੈਂਅ!”
“ਕੋਈ ਗੱਲ ਤਾਂ ਹੋਈ ਹੋਊ ਸਰਪੰਚ ਸ੍ਹਾਬ?” ਰਾਜੇ ਨੇ ਹੈਰਾਨ ਹੁੰਦਿਆਂ ਪੁੱਛਿਆ।
“ਗੱਲ ਸੁਆਹ ਦੀ ਖੇਹ! ਹਾਅ ਜਿਹੜਾ ਮੁੰਡਾ--ਜਿਹਦਾ ਕਲ੍ਹ ਵਿਆਹ ਸੀ? ਪਿਛਲੇ ਸਾਲ ਸਦਾਈਆਂ ਵਰਗੀਆਂ ਹਰਕਤਾਂ ਕਰਨ ਲੱਗ ਪਿਆ। ਆਪਣੀ ਮਾਂ ਨੂੰ ਈ ਕੁੱਟ ਦਿਆ ਕਰੇ- ਹੈਂਅ! ਕਿਸੇ ਚੇਲੇ ਨੇ ਆਖ ਦਿੱਤਾ ਕਿ ਇਸ ਨੂੰ ਕਿਸੇ ਨੇ ਤਵੀਤ ਘੋਲ ਕੇ ਪਿਲਾਇਆ ਹੋਇਐ… ਉਦੋਂ ਦੀ ਹੀ ਬਚਨ ਕੌਰ ਆਪਣੀ ਦਰਾਣੀ ਤੇ ਈ ਸ਼ੱਕ ਕਰੀ ਜਾਂਦੀ ਐ ਕਿ ਇਹ ਕਾਰਾ ਬਸ ਮੁੰਡੇ ਦੀ ਚਾਚੀ ਦਾ-ਹੈਂਅ! ਉਹ ਤਾਂ ਵਿਚਾਰੀ ਆਪਣੇ ਇੱਕੋ-ਇਕ ਪੁੱਤ ਦੀਆਂ ਸੌਹਾਂ ਖਾਈ ਜਾਂਦੀ ਐ,… ਸਾਲ੍ਹੇ ਮੰਨਦੇ ਈ ਨ੍ਹੀਂ- ਹੈਂਅ! ‘ਤੇ ਇਕ ਆਹ ਚੇਲੇ!... ਜਿਹੜੇ ਪਿੰਡ-ਪਿੰਡ ਡੇਰੇ ਲਾਈ ਬੈਠੇ ਆ… ਬਹੁਤੇ ਜੰਡਾਂ ਨਾਲ ਬਨ੍ਹ ਕੇ ਫੂਕਣ ਆਲੇ ਆ- ਹੈਂਅ!
“ਮੈਂ ਤਾਂ ਸੁਣਿਆਂ ਮੁੰਡਾ ਨਸ਼ਾ-ਪੱਤਾ ਵੀ ਕਰਦੈ…।” ਸਰਪੰਚ ਦੇ ਨੇੜੇ ਨੂੰ ਹੋ ਕੇ ਰਾਜੇ ਨੇ ਹੌਲੀ ਦੇਣੀ ਅਖਿਆ।
“ਤੂੰ ਠੀਕ ਈ ਸੁਣਿਐਂ ਰਾਜਾ! ਹਾੲ੍ਹੀ ਤਾਂ ਗੱਲ ਆ ਵਿਚੋਂ। ਜਦ ਬੁੜੀ ਪੈਸੇ ਨ੍ਹੀਂ ਦਿੰਦੀ ਨਸ਼ੇ ਲਈ ਤਾਂ ਉਹਨੂੰ ਕੁੱਟਣ ਲੱਗ ਜਾਂਦੈ… ਹੁਣ ਆਪਣੇ ਮੁੰਡੇ ਦੇ ਐਬ ਲੁਕੋਣ ਲਈ ਚਾਚੀ ਵਿਚਾਰੀ ਨੂੰ ਐਵੇਂ ਬਦਨਾਮ ਕਰੀ ਜਾਂਦੇ ਐ- ਹੈਂਅ!
“ਪੁੱਛ ਨਾ ਤੂੰ ਮੁੰਡਿਆਂ ਦਾ ਅੱਜ-ਕਲ੍ਹ! ਹੁਣ ਤਾਂ ਆਵਾਈ ਊਤਿਆ ਹੋਇਐ!!” ਕਹਿਕੇ ਜਦੋਂ ਰਾਜਾ ਤੁਰਨ ਲੱਗਾ ਤਾਂ ਸਰਪੰਚ ਨੇ ਪਿਛੋਂ ਆਵਾਜ਼ ਮਾਰਕੇ ਰੋਕ ਲਿਆ। “ਰਾਜਾ!... ਕੋਈ ਵਿਆਹ ਦੀ ਨਵੀਂ-ਤਾਜ਼ੀ ਤਾਂ ਸੁਣਾ ਜਾ?”
“ ਨਵੀਆਂ-ਤਾਜੀਆਂ ਤਾਂ ਬਹੁਤ ਨੇ ਸਰਪੰਚ ਸ੍ਹਾਬ! ਮੈਂਖਿਆ ਤੁਸੀਂ ਛੈਦ ਕਿਸੇ ਕੰਮ ਲਈ ਬਾਹਰ ਚੱਲੇ ਸੀ?”
“ ਕੋਈ ਗੱਲ ਨ੍ਹੀਂ ਰਾਜਾ!” ਆਖ ਕੇ ਸਰਪੰਚ ਨੇ ਸਕੂਟਰ ਅੰਦਰ ਕਰ ਲਿਆ ਅਤੇ ਰਾਜੇ ਨੂੰ ਆਪਣੇ ਸਾਮ੍ਹਣੇ ਵਾਲੀ ਕੁਰਸੀ ਤੇ ਬੈਠਣ ਲਈ ਇਸ਼ਾਰਾ ਕਰਦਿਆਂ ਕਹਿਣ ਲੱਗਾ, “ਅੱਛਾ ਫੇਰ ਹੁਣ ਸੁਣਾ… ਕਿਹੋ ਜਿਹਾ ਹੋਇਆ ਵਿਆਹ?”
“ਵਿਆਹ ਵਿਚ ਤਾਂ ਬੜਾ ਕੁੱਝ ਹੋਇਆ ਸਰਪੰਚ ਸ੍ਹਾਬ! ਪਿਛਲੇ ਚਾਰ ਦਿਨਾ ਤੋਂ ਵਿਆਹ ਵਾਲੇ ਘਰ ਘਸਮਾਣ ਪਿਆ ਹੋਇਆ ਸੀ ਕਿ ਬਰਾਤ ਢੁੱਕਣ ਸਮੇ ਮਿਲਣੀਆਂ ਕਿਨ੍ਹਾਂ ਤੋਂ ਕਰਵਾਈਆਂ ਜਾਣ? ਮੁੰਡੇ ਦਾ ਪਿਓ ਤਾਂ ਕਨੇਡਾ ਤੋਂ ਆਇਆ ਈ ਨਈਂ! …ਉੱਧਰ ਮੁੰਡੇ ਦਾ ਮਾਮਾ ਵੀ ਕਿਸੇ ਗੱਲੋਂ ਰੁੱਸ ਗਿਆ। ਉਹ ਵੀ ਨਾਨਕੀ-ਸ਼ੱਕ ਦਾ ਸੁੱਕਾ-ਸਿੱਧਾ, ਜੋ ਦੇਣਾ ਸੀ, ਪਹਿਲਾਂ ਹੀ ਦੇ ਗਿਆ ਮੁੜ ਕੇ ਵਿਆਹ ‘ਚ ਬੜਿਆ ਈ ਨ੍ਹੀਂ।”
“ ਫੇਰ ਮਿਲਣੀਆਂ ਕਿਨ-ਕਿਨ ਨੇ ਕੀਤੀਆਂ?”
“ਬਾਪ ਦੇ ਥਾਂ ਮਿਲਣੀ ਕੀਤੀ ਛੋਟੇ ਮੁੰਡੇ ਨੇ…” ਵਿਚੋਂ ਹੀ ਟੋਕ ਕੇ ਸਰਪੰਚ ਹੈਰਾਨਗੀ ਨਾਲ ਪੁੱਛਣ ਲੱਗਿਆ, “ ਕਿਹੜਾ?...ਜਿਹੜਾ ਦਸਵੀਂ ‘ਚ ਪੜ੍ਹਦਾ ਓਹੋ?...ਹਰਦੂਲ੍ਹਾਨਤ ਐਹੋ ਜਹੇ ਕੁਣਬੇ ਦੇ…ਆਪਣੇ ਚਾਚੇ-ਤਾਇਆਂ ਨੂੰ ਛੱਡਕੇ… ਛੋਟੇ ਨੂੰ ਈ ਬੜੇ ਦਾ ਪਿਓ ਬਣਾ ਤਾ!”
“ਸਰਪੰਚ ਸ੍ਹਾਬ! ਦਰਅਸਲ ਗੱਲ ਤਾਂ ਕੁੱਝ ਹੋਰ ਹੀ ਸੀ। ਵਿਚੋਲਾ ਪਹਿਲਾਂ ਈ ਦੱਸ ਗਿਆ ਸੀ ਬਈ ਮਿਲਣੀਆਂ ਮੁੰਦਰੀਆਂ ਕੰਬਲਾਂ ਨਾਲ ਕਰਨੀਆਂ…ਬਸ ਏਹੋਈ ਚੀਜਾਂ ਲਾਂਭੇ ਜਾਂਦੀਆਂ ਝੱਲ ਨ੍ਹੀਂ ਹੋਈਆਂ ਉਨ੍ਹਾਂ ਤੋਂ।”
“ਤੇ ਫੇਰ ਮਾਮੇ ਦੇ ਥਾਂ ਕਿਨ ਕੀਤੀ ਮਿਲਣੀ?” ਸਰਪੰਚ ਮਿੰਨ੍ਹਾ-ਮਿਨ੍ਹਾਂ ਬੁਲ੍ਹਾਂ ‘ਚ ਮੁਸਕਰਾਈ ਵੀ ਜਾ ਰਿਹਾ ਸੀ।
“ਉਹ ਤਾਂ ਬੜਾ ਤਮਾਸ਼ਾ ਹੋਇਆ ਸਰਪੰਚ ਸਾਹਿਬ! ਮਾਮਾ ਤਾਂ ਬਰਾਤੇ ਗਿਆ ਈ ਨਈਂ ਸੀ… ਮੁੰਦਰੀ ਅਤੇ ਕੰਬਲ ਵੀ ਹੱਥੋਂ ਨਸੀਂ ਜਾਣ ਦੇਣੇ ਚਾਹੁੰਦੇ। ਆਪਸ ਵਿਚੀਂ ਘੁਸਰ-ਮੁਸਰ ਕਰਕੇ, ਫੋਟੋ ਖਿੱਚਣ ਵਾਲੇ ਭਾਈ ਨਾਲ ਜਿਹੜਾ ਮੁੰਡਾ ਹੁੰਦੈ… ਲੈਟਾਂ ਜਹੀਆਂ ਚੁੱਕੀ ਫਿਰਦਾ…ਉਹਨੂੰ ਮਾਮੇ ਦੇ ਥਾਂ ਮਿਲਣੀ ਕਰਨ ਲਈ ਰਾਜ਼ੀ ਕਰ ਲਿਆ।”
“ਹੋ ਗਈ ਫੇਰ ਮਿਲਣੀ?”
“ਲੈਅ ਹੋਣੀਓਂ ਈ ਸੀ? ਮੁੰਡਾ ਤਾਂ ਫਿਰੇ ਟ੍ਹੌਰ ਨਾਲ ਮੁੰਦਰੀ ਪੁਆ ਕੇ! ਜਦੋਂ ਲੱਗੇ ਉਹਤੋਂ ਮੁੰਦਰੀ ਮੰਗਣ… ਅਗਲਾ ਮੁੱਕਰ ਗਿਆ… ਅਖੇ ਕਿਹੜੀ ਮੁੰਦਰੀ ਬਈ? ਸਾਰੇ ਆਖਣ ਲੱਗੇ ਜਿੱਦਾਂ ਤੇਰੇ ਨਾਲ ਗੱਲ ਹੋਈ ਸੀ, ਹੁਣ ਤੂੰ ਮੁੰਦਰੀ ਮੋੜ ਦੇ। ਮੁੰਡਾ ਤਾਂ ਕੋਈ ਗੱਲ ਈ ਨਾ ਗ਼ੌਲੇ! ਕਹਿੰਦਾ ਬਈ ਪਹਿਲਾਂ ਗੱਲ ਸੁਣੋ ਮੇਰੀ ਇਕ ਧਿਆਨ ਨਾਲ! ਮੈਂ ਮੁੰਦਰੀ ਪੁਆਈ ਆ ਲਾੜੇ ਦਾ ਮਾਮਾ ਬਣਕੇ…ਜਦ ਮੇਰੇ ਮੁੰਡੇ ਦਾ ਵਿਆਹ ਹੋਊ, ਤੁਸੀਂ ਕੋਈ ਜਣਾ ਮਾਮੇ ਥਾਂ ਮਿਲਣੀ ਕਰ ਲਿਓ…ਤੁਸੀਂ ਪੁਆ ਲਿਓ ਮੁੰਦਰੀ…।”
“ਫੇਰ…?” ਸਰਪੰਚ ਅੱਗੇ ਕੀ ਹੋਇਆ? ਜਾਣਨ ਲਈ ਉਤਾਵਲਾ ਹੋ ਰਿਹਾ ਸੀ।
“ਫੇਰ ਕੀ? ਜੀਨੂੰ ਮੁਫਤ ਦੀ ਚਾਰ-ਪੰਜ ਹਜਾਰ ਦੀ ਮੁੰਦਰੀ ਮਿਲ ਜਾਏ ਹੋਰ ਕੀ ਚਾਹੀਦੈ ਭਲਾ?…ਓ੍ਹਨੇ ਤਾਂ ਮਾਰੀਆਂ ਚਾਰ ਛਾਲਾਂ… ‘ਤੇ ਚ੍ਹੜ ਗਿਆ ਬੱਸੇ… ਰਹਿ ਗਏ ਸਾਰੇ ਦੇਖਦੇ…!”
“ਸਰਪੰਚ ਹੱਥ ਤੇ ਹੱਥ ਮਾਰਕੇ ਉੱਚੀ ਦੇਣੀ ਹੱਸਦਾ ਹੋਇਆ ਕਹਿਣ ਲੱਗਾ, “ਲੈ ਲਿਓ ਪਤੰਦਰੋ ਹੁਣ ਮੁੰਦਰੀ- ਹੈਂਅ…!” ਹੁਣ ਦੋਹਾਂ ਦਾ ਹਾਸਾ ਬੰਦ ਨਹੀਂ ਸੀ ਹੋ ਰਿਹਾ।