ਜ਼ਿੰਦਗੀ ਨੂੰ ਅਲਵਿਦਾ ਹੀ ਕਹਿ ਗਿਆ ਮੈਂ,
ਖ਼ਤ ਪੁਰਾਣੇ ਸਾੜ ਕੇ ਜਦ ਬਹਿ ਗਿਆ ਮੈਂ।
ਭੀੜ ਜਦ ਵੀ ਆ ਪਈ ਇਹ ਮੁਸ਼ਕਲਾ ਦੀ,
ਮੁਸ਼ਕਿਲਾ ਨੂੰ ਢਾਲ ਬਣਕੇ ਸਹਿ ਗਿਆ ਮੈਂ।
ਜਦ ਸਿਕੰਦਰ ਬਣਨ ਬਾਬਤ ਨਿਕਲਿਆ ਸਾਂ,
ਰਾਸਤੇ ਵਿੱਚ ਬੁੱਧ ਬਣਕੇ ਬਹਿ ਗਿਆ ਮੈਂ।
ਵਾਰ ਦਿੱਤੇ ਧਰਮ ਖ਼ਾਤਰ ਲਾਲ ਉਸਨੇ,
ਸਿਦਕ ਉਸਦਾ ਦੇਖਦਾ ਹੀ ਰਹਿ ਗਿਆ ਮੈਂ।
ਨੈਂਣ ਸੀ ਜਾਂ, ਸੀ ਸਮੁੰਦਰ, ਨੈਂਣ ਉਸਦੇ,
ਉਸ ਸਮੁੰਦਰ ਵਿੱਚ ਹੀ ਜੋ ਵਹਿ ਗਿਆ ਮੈਂ।
ਪਲ ਰਹੀ ਸੀ ਗ਼ਜ਼ਲ ਮੇਰੇ ਦਰਦ ਅੰਦਰ,
ਏਸ ਕਰਕੇ ਦਰਦ ਅੰਦਰ ਲਹਿ ਗਿਆ ਮੈਂ।