ਵਿਦਿਆ ਪੜ੍ਹ ਕੇ ਬਣ ਜਾ ਵੇ ਪੁੱਤਰਾ ਪੁਰਖ ਮਹਾਨ |
ਤੇਰੀ ਮਾਂ ਦਾ ਇਹੋ ਵੇ ਬੱਚਾ ਵੱਡਾ ਅਰਮਾਨ |
ਵਿਦਿਆ ਪੜ੍ਹ ਕੇ ...........................
ਵਿਦਿਆ ਇਕ ਅਮੋਲਕ ਹੀਰਾ , ਸਿਫਤ ਕਰੀ ਨਾ ਜਾਵੈ ,
ਨਾਹੀਂ ਇਹ ਹੈ ਮੁਕਦਾ ਇਸਨੂ , ਨਾ ਕੋਈ ਚੋਰ ਚੁਰਾਵੇ |
ਜਿੰਨਾ ਵਰਤੋ ਵਧਦਾ ਹੈ ਹੁੰਦਾ ਨਹੀਂ ਨੁਕਸਾਨ.. .
ਵਿਦਿਆ ਪੜ੍ਹ ਕੇ ...........................
ਨਿੱਤ ਨਿੱਤ ਨਵੀਆਂ ਨਿਕਲਣ ਕਾਢਾਂ , ਕਰਦਾ ਜੱਗ ਤਰੱਕੀ ,
ਇਹ ਵਿਦਿਆ ਦੀ ਦੇਣ ਹੈ ਸਾਰੀ , ਗੁਰਬਾਣੀ ਹੈ ਸੱਚੀ
"ਲਿਖੀਅੈ ਸੁਣਿਅੈ ਪਾਵੈਜੀ ", ਪੜ੍ਹ ਪੜ੍ਹ ਕੇ ਮਾਨ ..
ਵਿਦਿਆ ਪੜ੍ਹ ਕੇ ...........................
ਉਚੀ ਸੁਚੀ ਸੋਚ ਸਿਖਾਵੇ , ਅੱਗੇ ਵਧਦੇ ਜਾਣਾ |
ਹੋਕੇ ਤਕੜੇ ਖੜਨਾ ਨਾਲੇ , ਡਿਗਿਆਂ ਤਾਈਂ ਉਠਾਣਾ ,
ਰਹਿਣਾ ਭਾਵੇਂ ਚਾਰ ਦਿਹਾੜੇ, ਰਹਿਣਾ ਬਣ ਬਲਵਾਨ। .
ਵਿਦਿਆ ਪੜ੍ਹ ਕੇ ...........................
ਅਨਪੜ ਧੱਕੇ ਖਾਂਦੇ ਫਿਰਦੇ , ਕੋਈ ਨਾ ਪੁਛਦਾ ਸਾਰਾਂ ,
ਹੋਵੇ ਇਕ ਪੜ੍ਹਾਉਣੀ ਚਿਠੀ, ਮਿੰਨਤਾਂ ਕਰਨ ਹਜ਼ਾਰਾਂ
ਕਰਦੇ ਆਦਰ , ਮੰਨਦੇ ਦੇ ਨਾਲੇ ਵੱਡਾ ਅਹਿਸਾਨ
ਵਿਦਿਆ ਪੜ੍ਹ ਕੇ ...........................
ਮਾਂ ਦੀਆਂ ਸ਼ੁਭ ਅਸੀਸਾਂ ਪੁਤਰਾ , ਸਾਡੀ ਸ਼ਾਨ ਵਧਾਵੀਂ
ਸਫਲ ਗੁਜ਼ਾਰੀੰ ਜੀਵਨ ਆਪਣਾ, ਕੰਮ ਦੇਸ਼ ਦੇ ਆਵੀਂ |
ਵਾਰੀਂ ਦੇਸ਼ ਦੇ ਉਤੋਂ ਆਪਣੀ "ਬਾਵਰੇ" ਜਾਨ
ਵਿਦਿਆ ਪੜ੍ਹ ਕੇ ...........................