ਮੈਨੂੰ ਬੱਸ ਸਟੈਂਡ ਤੇ ਬੱਸ ਦੀ ਉਡੀਕ ਕਰਦੇ ਨੂੰ ਅੱਧੇ ਘੰਟੇ ਤੋਂ ਵੱਧ ਸਮਾਂ ਹੋ ਗਿਆ ਸੀ। ਮੈਂ ਪਹਾੜਗੰਜ ਦੇ ਇਸ ਬੱਸ ਸਟੈਂਡ ਤੋਂ ਦੋ ਨੰਬਰ ਜਾਂ ਤੇਰ੍ਹਾਂ ਨੰਬਰ ਵਾਲੀ ਬੱਸ ਫੜਕੇ ਰਜੌਰੀ ਗਾਰਡਨ ਜਾਣਾ ਸੀ। ਬੱਸ ਸੀ ਕੀ ਆ ਹੀ ਨਹੀਂ ਸੀ ਰਹੀ। ਇਨ੍ਹਾਂ ਦੋਹਵਾਂ ਬੱਸਾਂ ਵਿੱਚ ਅੱਧੇ ਅੱਧੇ ਘੰਟੇ ਦੀ ਸਰਵਿਸ ਹੈ ਅਤੇ ਪੰਦਰਾਂ ਮਿੰਟਾਂ ਦੇ ਵਿਚ ਵਿਚ ਇਨ੍ਹਾਂ ਵਿਚੋਂ ਇਕ ਬੱਸ ਤਾਂ ਜਰੂਰ ਹੀ ਮਿਲ ਜਾਇਆ ਕਰਦੀ ਸੀ। ਅੱਜ ਤਾਂ ਹੱਦ ਹੀ ਹੋ ਗਈ। ਦੋਹਵਾਂ ਬੱਸਾਂ ਵਿੱਚੋਂ ਇਕ ਵੀ ਨਹੀਂ ਸੀ ਆ ਰਹੀ। ਮੈਂ ਬਹੁਤ ਬੋਰ ਹੋ ਰਿਹਾ ਸੀ।
ਮੇਰੀ ਬੋਰੀਅਤ ਸਿਰਫ ਬੱਸ ਹੀ ਨਾ ਮਿਲਣ ਕਰਕੇ ਨਹੀਂ ਸੀ ਬਲਕਿ ਇਕ ਵੱਡੇ ਅਤੇ ਕਦੀ ਕਦਾਈਂ ਮਿਲਣ ਵਾਲੇ ਬਹੁਤ ਹੀ ਮਜੇਦਾਰ ਮੌਕੇ ਦਾ ਸਮਾਂ ਘੱਟਦੇ ਜਾਣ ਕਾਰਨ ਵੀ ਸੀ।
ਮੈਨੂੰ ਰਜੌਰੀ ਗਾਰਡਨ ਬਾਂਦਰਾਂ ਵਾਲੀ ਖੂਹੀ ਦੇ ਬੱਸ ਅੱਡੇ ਉਤੇ ਸ਼ੀਲਾ ਕੌਲ ਨੇ ਪੋਣੇ ਬਾਰਾਂ ਵਜੇ ਉਡੀਕ ਕਰਨ ਲਈ ਕਿਹਾ ਸੀ। ਇਥੇ ਅਸੀਂ ਦੋਹਾਂ ਨੇ ਮਿਲਕੇ ਤੇਰ੍ਹਾਂ ਨੰਬਰ ਦੀ ਹੀ ਵਾਪਸੀ ਬਸ ਫੜਕੇ ਦਰਿਆ ਗੰਜ ਮੋਤੀ ਮਹੱਲ ਰੈਸਟੋਰੈਂਟ ਤੇ ਲੰਚ ਕਰਕੇ ਗੋਲਚਾ ਥੀਏਟਰ ਵਿਚ ਮੁਗਲੇ ਆਜ਼ਮ ਫਿਲਮ ਵੇਖ ਕੇ ਫਿਰ ਇੰਡੀਆ ਗੇਟ ਜਾਕੇ ਬੋਅਟਸ ਕਲੱਬ ਜਾਣਾ ਸੀ। ਉਥੇ ਅਸੀਂ ਬੋਅਟਸ ਕਲੱਬ ਦੇ ਲਾਨ ਦੇ ਹਰੇ ਭਰੇ ਅਤੇ ਕੂਲੇ ਘਾਹ ਉਤੇ ਕੋਲ ਕੋਲ ਬੈਠ ਕੇ ਬਹੁਤ ਹੀ ਗੱਲਾਂ ਕਰਨੀਆਂ ਸਨ। ਗਲਾਂ ਕਰਦੇ ਕਰਦੇ ਅਸੀਂ ਹੋਰ ਕੋਲ ਕੋਲ ਹੁੰਦੇ ਜਾਣਾ ਸੀ। ਫਿਰ ਮੈਂ ਸ਼ੀਲਾ ਕੌਲ ਦਾ ਹੱਥ ਫੜ ਲੈਣਾ ਸੀ। ਇਹ ਸ਼ੁਰੂਆਤ ਹੋਣੀ ਸੀ ਅਤੇ ਅਸੀਂ ਦੋਹਵਾਂ ਨੇ ਅੱਗੇ ਵਧਦੇ ਵਧਦੇ ਉਸ ਮੁਕਾਮ ਉਤੇ ਪਹੁੰਚ ਜਾਣਾ ਸੀ ਜਿਥੇ ਮੈਂ ਤਾਂ ਬੈਠਾ ਰਹਿੰਦਾ ਪਰ ਸ਼ੀਲਾ ਕੌਲ ਨੇ ਮੇਰੇ ਬੈਠੇ ਹੋਏ ਦੇ ਗੋਡੇ ਉਤੇ ਸਿਰ ਰੱਖ ਕੇ ਲੇਟ ਜਾਣਾ ਸੀ। ਫਿਰ ਮੈਂ ਆਪਣੇ ਹੱਥ ਨਾਲ ਉਹਦੀਆਂ ਗੱਲਾਂ ਬੜੀ ਹੀ ਨਾਜੁਕਤਾ ਨਾਲ ਥੱਪ ਥਪਾਉਣੀਆਂ ਸਨ।ਉਹਦੇ ਸਿਰ ਦੇ ਵਾਲਾਂ ਉਤੇ ਵੀ ਹੱਥ ਫੇਰਨੇ ਸਨ। ਇਸ ਸਮੇਂ ਤੱਕ ਬੋਅਟਸ ਕਲੱਬ ਦੇ ਘਾਹ ਦੇ ਲੰਮੇ ਚੋੜੇ ਲਾਨਾਂ ਵਿਚ ਸਜਾਵਟੀ ਖੰਭਿਆਂ ਉਤੇ ਲੱਗੀਆਂ ਲਾਈਟਾਂ ਆਪਣਾ ਚਾਨਣ ਬਿਖੇਰ ਕੇ ਉਥੇ ਫੈਲੇ ਹੋਏ ਹਨੇਰੇ ਨੂੰ ਉਥੇ ਕੱਢਣ ਦੇ ਸੰਘਰਸ਼ ਵਿਚ ਲਗ ਪੈਂਣੀਆਂ ਸਨ। ਪਰ ਇਹ ਲਾਈਟਾਂ ਉਹਨਾਂ ਥਾਵਾਂ ਉਤੇ ਬੁਰੀ ਤਰ੍ਹਾਂ ਹਾਰ ਜਾਂਦੀਆਂ ਜਿਥੇ ਸਾਡੇ ਵਰਗੇ ਚੋਰੀ ਕੀਤੇ ਪਿਆਰ ਦਾ ਆਨੰਦ ਮਾਨਣ ਲਈ ਪ੍ਰਛਾਵਿਆਂ ਦੀ ਓਟ ਵਿਚ ਆਪਣਾ ਡੇਰਾ ਜਮਾਉਂਦੇ ਸਨ। ਇਸ ਰੁਮਾਂਟਿਕ ਇਕਾਂਤ ਵਿਚ ਮੈਂ ਅਤੇ ਸ਼ੀਲਾ ਕੌਲ ਬਹੁਤ ਹੀ ਨਜ਼ਦੀਕੀਆਂ ਪ੍ਰਾਪਤ ਕਰ ਲੈਂਦੇ ਸੀ ।
ਅੱਜ ਮੇਰੀ ਤਿਆਰੀ ਵੀ ਆਮ ਨਾਲੋਂ ਕਿਤੇ ਵਧੀਆ ਸੀ। ਮੇਰੀ ਪੈਂਟ ਅਤੇ ਬੂਟ ਵੀ ਨਵੇਂ ਸਨ। ਮੇਰੀ ਪੱਗ ਦਾ ਉਨਾਭੀ ਰੰਗ ਮੇਰੀ ਪਰਸਨੈਲਟੀ ਨੂੰ ਚਮਕਾ ਦਿੰਦਾ ਸੀ। ਮੇਰੀ ਇੰਮਪੋਰਟਡ ਕਮੀਜ਼ ਮੇਰਾ ਆਤਮ ਵਿਸ਼ਵਾਸ ਵਧਾ ਕੇ ਮੈਨੂੰ ਰੁਸਤਮ ਬਣਾ ਰਹੀ ਸੀ। ਮੈਂ ਅੱਜ ਆਪਣੇ ਅਤੇ ਸ਼ੀਲਾ ਕੌਲ ਦੇ ਬੁਲ੍ਹਾਂ ਦੀ ਦੂਰੀ ਦੀ ਹੋਂਦ ਮਿਟਾ ਹੀ ਦੇਣੀ ਸੀ ਪਰ ਇਹ ਬੱਸ ਕਿਹੜੀ ਸਾਜਸ਼ ਤੇ ਉਤਾਰੂ ਸੀ ਜਿਹੜੀ ਪੰਦਰਾਂ ਮਿੰਟਾਂ ਦੇ ਥਾਂ ਅੱਧੇ ਘੰਟੇ ਵਿਚ ਵੀ ਨਹੀਂ ਸੀ ਆਈ। ਮੈਨੂੰ ਆਪਣੀ ਔਕਾਤ ਦਾ ਵੀ ਗਿਆਨ ਸੀ। ਇਥੋਂ ਰਜੋਰੀ ਗਾਰਡਨ ਤੱਕ ਥ੍ਰੀ ਵੀਲਰ ਇੱਕੀ ਰੁਪਏ ਅਤੇ ਟੈਕਸੀ ਪੰਤਾਲੀ ਰੁਪਇਆਂ ਦਾ ਮੀਟਰ ਵਖਾਉਂਦੀ ਹੈ। ਸਾਡਾ ਤਾਂ ਮੋਤੀ ਮਹੱਲ ਵਿਚ ਲੰਚ ਦਾ ਆਈਸ ਕਰੀਮ ਸਮੇਤ ਚਾਲੀ ਰੁਪਏ ਦਾ ਬਿਲ ਬਣਦਾ ਹੈ। ਇਕ ਅਠਿਆਨੀ ਦਾ ਟਿੱਪ ਦੇਣ ਨਾਲ ਵੇਟਰ ਮੁਸਕਾਨ ਨਾਲ ਸਲੂਟ ਮਾਰਦਾ ਹੈ। ਨਿਸ਼ਚੇ ਹੀ ਥ੍ਰੀ ਵੀਲਰ ਜਾਂ ਟੈਕਸੀ ਗੈਰ ਕਨੂੰਨੀ ਇਸ਼ਕ ਦੇ ਬਾਵਜੂਦ ਵੀ ਮੇਰੇ ਹੌਸਲੇ ਦੀ ਪਕੜ ਵਿਚ ਨਹੀਂ ਹੋ ਸਕਦੇ।
ਗੈਰ ਕਨੂੰਨੀ ਇਸ਼ਕ ਦਾ ਸ਼ਬਦ ਸ਼ੀਲਾ ਕੌਲ ਨੇ ਹੀ ਘੜਿਆ ਸੀ। ਉਸਦਾ ਕਹਿਣਾ ਸੀ ਕਿ ਸਾਡਾ ਇਸ਼ਕ ਤੋੜ ਤਾਂ ਚੜ੍ਹਨਾ ਨਹੀਂ ਹੈ ਕਿਉਂਕਿ ਉਹ ਤਲਾਕ ਸ਼ੁਦਾ ਕਸ਼ਮੀਰੀ ਪੰਡਤਾਣੀ ਹੈ ਅਤੇ ਮੈਂ ਇਕ ਕਵਾਰਾ ਪੰਜਾਬੀ ਜੱਟ। ਧਰਮ ਵੀ ਵੱਖੋ ਵਖਰੇ। ਵਿਆਹ ਤਾਂ ਸੰਭਵ ਨਹੀਂ ਹੈ ਇਸ ਲਈ ਇਹ ਇਸ਼ਕ ਗੈਰ ਕਨੂੰਨੀ ਹੈ। ਇਹ ਸ਼ੀਲਾ ਦਾ ਕਹਿਣਾ ਸੀ। ਮੈਂ ਉਹਨੂੰ ਸੁਝਾਇਆ ਸੀ ਕਿ ਆਪਾਂ ਆਪਣੇ ਇਸ਼ਕ ਨੂੰ ਗੈਰ ਕਨੂੰਨੀ ਕਹਿਣ ਦੀ ਬਜਾਏ ਪਾਰਟ ਟਾਈਮ ਇਸ਼ਕ ਆਖਿਆ ਕਰੀਏ ਤਾਂ ਉਸਨੇ ਦਲੀਲ ਦਿੱਤੀ ਸੀ ਕਿ ਗੈਰ ਕਨੂੰਨੀ ਇਸ਼ਕ ਕਰਨ ਨਾਲ ਇਕ ਬਹਾਦਰੀ ਦਾ ਅਹਿਸਾਸ ਹੁੰਦਾ ਹੈ ਪਰ ਪਾਰਟ ਟਾਈਮ ਇਸ਼ਕ ਕਰਨ ਨਾਲ ਇਕ ਦੋਸ਼ ਦੀ ਭਾਵਨਾ ਉਤਪੰਨ ਹੁੰਦੀ ਹੈ। ਇਸ ਲਈ ਅਸੀਂ ਗੈਰ-ਕਨੂੰਨੀ ਇਸ਼ਕ ਦਾ ਨਾਮ ਹੀ ਪ੍ਰਵਾਨ ਕਰ ਲਿਆ।
"ਪਰ ਅੱਜ ਕੀ ਹਸ਼ਰ ਹੋਵੇਗਾ ਸਾਡੇ ਗੈਰ ਕਾਨੂੰਨੀ ਇਸ਼ਕ ਦਾ?"
ਬੱਸ ਸਟੈਂਡ ਤੇ ਮੈਨੂੰ ਸੋਚਾਂ ਅਤੇ ਫਿਕਰ ਵਿੱਚ ਡੁੱਬੇ ਹੋਏ ਨੂੰ ਅਚਾਨਕ ਜਿਵੇਂ ਜਾਗ ਆਈ ਹੋਵੇ। ਬੱਸ ਦਾ ਤਾਂ ਕਿਤੇ ਨਾਮੋ ਨਿਸ਼ਾਨ ਨਹੀਂ ਸੀ। ਚਾਰ ਪੰਜ ਉਡੀਕਣ ਵਾਲੇ ਹੋਰ ਵੀ ਆ ਖੜੇ ਹੋਏ ਸਨ। ਮੈਨੂੰ ਫਿਕਰ ਲੱਗ ਗਿਆ ਕਿ ਜਦੋਂ ਬੱਸ ਆਵੇਗੀ ਤਾਂ ਉਹ ਪੂਰੀ ਤਰ੍ਹਾਂ ਭਰੀ ਹੋਵੇਗੀ। ਉਸ ਭੀੜ ਵਿਚ ਮੇਰੀ ਪੈਂਟ ਇੰਮਪੋਰਟਡ ਸ਼ਰਟ ਅਤੇ ਅੱਧਾਂ ਘੰਟਾ ਲਾ ਕੇ ਬੰਨੀ ਗਈ ਪੱਗ ਦਾ ਤਾਂ ਹੁਲੀਆ ਹੀ ਵਿਗੜ ਜਾਵੇਗਾ। ਇਸ ਖਤਰੇ ਨੇ ਵੀ ਮੈਨੂੰ ਥ੍ਰੀਵੀਲਰ ਲੇਕੇ ਜਾਣ ਦੀ ਪ੍ਰੇਰਨਾ ਨਾ ਦਿੱਤੀ ਕਿਉਂਕਿ ਇੱਕੀ ਰੁਪਇਆਂ ਦੇ ਖਰਚ ਦਾ ਖਤਰਾ ਇਸ ਨਾਲੋਂ ਵੱਧ ਸੀ। ਮੈਂ ਉਸ ਪਾਸੇ ਵਲ ਵੇਖਣਾ ਸ਼ੁਰੂ ਕਰ ਦਿੱਤਾ ਜਿਧਰੋਂ ਬੱਸ ਨੇ ਆਉਣਾ ਸੀ। ਉਪਰੋਂ ਬੱਸ ਤਾਂ ਨਾ ਦਿਸੀ ਪਰ ਇਕ ਕੋਨਟੈਸਾ ਕਾਰ ਜਿਥੇ ਮੈਂ ਦੂਜੇ ਉਡੀਕਣ ਵਾਲਿਆਂ ਨਾਲ ਖੜਾ ਸੀ ਆ ਕੇ ਰੁਕ ਗਈ। ਉਸ ਕਾਰ ਦੀ ਖਿੜਕੀ ਖੋਲ ਕੇ ਕਾਰ ਚਲਾaਣ ਵਾਲਾ ਬਾਹਰ ਨਿਕਲਿਆ ਅਤੇ ਸਿਧਾ ਮੇਰੇ ਕੋਲ ਆਕੇ ਮੈਨੂੰ ਆਪਣੀ ਜੱਫੀ ਵਿੱਚ ਘੁੱਟ ਲਿਆ।
ਇਹ ਸਭ ਕੁਝ ਅਚਾਨਕ ਹੀ ਹੋਇਆ ਸੀ। ਮੈਂ ਤਾਂ ਉਸ ਪਾਸੇ ਵੇਖ ਰਿਹਾ ਸੀ ਜਿਧਰੋਂ ਬੱਸ ਨੇ ਆਉਣਾ ਸੀ।
ਮੇਰਾ ਧਿਆਨ ਉਸ ਕਾਰ ਵਾਲੇ ਵਲ ਨਹੀਂ ਸੀ ਪਰ ਉਸ ਨੇ ਮੈਨੂੰ ਦੂਰੋਂ ਆਉਂਦੇ ਨੇ ਹੀ ਪਛਾਣ ਲਿਆ ਸੀ।
"ਉਏ ਧਰਮੂ!" ਤੂੰ ਇਥੇ? ਜੱਫੀ ਪਾਕੇ ਮੈਨੂੰ ਇਹ ਕਹਿਣ ਵਾਲਾ ਬੰਦਾ ਸੁਰਿੰਦਰ ਸੀ। ਉਹ ਮੈਨੂੰ ਲਗਭਗ ਸੋਲ੍ਹਾਂ ਸਾਲਾਂ ਬਾਅਦ ਅਚਾਨਕ ਹੀ ਮਿਲ ਗਿਆ ਸੀ।
"ਸੁਰਿੰਦਰ ਤੂੰ? ਤੂੰ ਤਾਂ ਪਛਾਣਿਆ ਹੀ ਨਹੀਂ ਜਾਂਦਾ?" ਇਸ ਅਚਾਨਕ ਮਿਲਣੀ ਤੇ ਮੈਂ ਕੇਵਲ ਇਹੋ ਹੀ ਬੋਲ ਸਕਿਆ। ਸੁਰਿੰਦਰ ਨੂੰ ਪਛਾਨਣਾ ਅਤੇ ਉਸ ਦੀ ਵਰਤਮਾਨ ਦਸ਼ਾ ਤੇ ਯਕੀਨ ਕਰਨਾ ਬੜਾ ਹੀ ਮੁਸ਼ਕਲ ਸੀ। ਇਹ ਉਹੋ ਹੀ ਸੁਰਿੰਦਰ ਸੀ ਜਿਸ ਕੋਲ ਬਾਈ ਸਾਈਕਲ ਵੀ ਨਹੀਂ ਸੀ। ਉਹ ਮੇਰਾ ਸਾਈਕਲ ਮੰਗ ਮੰਗ ਕੇ ਮੈਨੂੰ ਪ੍ਰੇਸ਼ਾਨ ਕਰ ਦਿੰਦਾ ਹੁੰਦਾ ਸੀ। ਉਹ ਤਾਂ ਕਈ ਵਾਰ ਕਿਸੇ ਖਾਸ ਮੋਕੇ ਲਈ ਮੇਰੀ ਪੈਂਟ ਤੇ ਕਮੀਜ ਵੀ ਮੰਗ ਕੇ ਲੈ ਜਾਂਦਾ ਹੁੰਦਾ ਸੀ। ਉਹ ਪਤਲਾ ਤੇ ਸੁਕੜੂ ਜਿਹਾ ਸੀ ਪਰ ਨਾਲ ਹੀ ਬੜਾ ਮਜੇਦਾਰ ਹੋਣ ਕਰਕੇ ਮੈਨੂੰ ਆਪਣੇ ਪਿਛੇ ਲਾ ਕੇ ਕਈ ਸ਼ਰਾਰਤਾਂ ਕਰਵਾਕੇ ਆਪਣੇ ਕਸੂਰ ਵਿਚ ਸਾਂਝ ਪੁਵਾ ਲੈਂਦਾ ਹੁੰਦਾ ਸੀ। ਅੱਜ ਇਹਦੇ ਕੋਲ ਮਹਿੰਗੀ ਕਾਰ, ਵਧੀਆ ਸਿਹਤ, ਅੰਦਰ ਵੜ੍ਹੀਆਂ ਗੱਲਾਂ ਦੇ ਥਾਂ ਬਾਹਰ ਨੂੰ ਨਿਕਲੀਆਂ ਗੱਲਾਂ, ਗੋਲ ਚਿਹਰਾ ਤੇ ਵਧੀਆ ਕੱਪੜੇ। ਮੈਨੂੰ ਕਈ ਸਵਾਲਾਂ ਨੇ ਘੇਰ ਲਿਆ।
"ਯਾਰ ਧਰਮੂ! ਮਜ਼ਾ ਈ ਆ ਗਿਆ। ਅੱਜ ਤੂੰ ਲੱਭ ਪਿਆ ਵਾਂ ਮੈਨੂੰ! ਤੂੰ ਏਥੇ ਕਿਸ ਤਰਾਂ" ਉਹਨੇ ਤਾਂ ਮੇਰੇ ਕੋਲੋਂ ਮੇਰਾ ਸਾਰਾ ਹੀ ਬਾਇਓ ਡੈਟਾ ਪੁਛ ਲਿਆ ਸੀ। ਮੈਂ ਵੀ ਉਸ ਕੋਲੋਂ ਉਸ ਬਾਰੇ ਸਭ ਕੁਝ ਜਾਨਣਾ ਚਾਹੁੰਦਾ ਸੀ। ਉਹਦੀ ਕਾਇਆ ਕਲਪ ਕਿਵੇਂ ਹੋਈ? ਉਹਦੇ ਮੂਹੋਂ ਆਪਣੇ ਆਪ ਨੂੰ ਧਰਮੂ ਕਹੇ ਜਾਣ ਤੇ ਮੈਨੂੰ ਆਪਣਾ ਵਿਦਿਆਰਥੀ ਜੀਵਨ ਤੇ ਜਵਾਨੀ ਦੀਆਂ ਸ਼ੁਰੂ ਦੀਆਂ ਖੁਰਾਫਾਤਾਂ ਆਪਣੇ ਸਾਹਮਣੇ ਮੂਰਤੀਮਾਨ ਹੁੰਦੀਆਂ ਲੱਗੀਆਂ।
"ਏਥੇ ਰਜੌਰੀ ਗਾਰਡਨ ਦੀ ਬੱਸ ਉਡੀਕਣ ਡਿਹਾ ਵਾਂ।" ਮੈਂ ਉਹਦੇ ਸਵਾਲ ਦਾ ਕੇਵਲ ਇੰਨਾ ਹੀ ਜਵਾਬ ਦੇ ਸਕਿਆ।
"ਧਰਮੂ" ਗੋਲੀ ਮਾਰ ਰਜੌਰੀ ਗਾਰਡਨ ਨੂੰ ਆ ਮੇਰੇ ਨਾਲ। ਆਪਾਂ ਕਿੰਨੇ ਸਾਲਾਂ ਪਿਛੋਂ ਮਿਲੇ ਆਂ। ਕੁਛ ਚਿਰ ਕੱਠੇ ਬਹਿ ਕੇ ਮੌਜਾਂ ਕਰੀਏ। ਗੱਲਾਂ ਮਾਰੀਏ। ਇਹ ਕਹਿੰਦਾ ਹੋਇਆ ਉਹ ਮੇਰਾ ਹੱਥ ਫੜਕੇ ਆਪਣੀ ਕਾਰ ਵਲ ਲੈ ਜਾਣ ਲਈ ਖਿੱਚਣ ਲੱਗਾ। ਮੈਂ ਸ਼ੀਲਾ ਕੌਲ ਬਾਰੇ ਸੋਚ ਕੇ ਸ਼ਸ਼ੋਪੰਜ ਵਿਚ ਪੈ ਗਿਆ।
"ਯਾਰ ਸੁਰਿੰਦਰ! ਜੀ ਤਾਂ ਮੇਰਾ ਵੀ ਏਹੋ ਈ ਕਰਦਾ ਵਾ ਪਰ ਇਕ ਮਸਲਾ ਆ।" ਮੇਰੇ ਮਨ ਨੇ ਕਈ ਕੁਝ ਸੋਚਿਆ। ਉਹਦੇ ਮੂਹੋਂ ਮੇਰਾ ਬਾਰ ਬਾਰ ਧਰਮੂ ਸੁਨਣ ਨੂੰ ਜੀਅ ਕਰਦਾ ਸੀ। ਇਥੇ ਦਿੱਲੀ ਵਿਚ ਮੈਂ ਧਰਮ ਪ੍ਰਤਾਪ ਸਿੰਘ ਤੋਂ ਡੀ.ਪੀ.ਸਿੰਘ ਬਣਾ ਦਿੱਤਾ ਗਿਆ ਸੀ। ਧਰਮੂ ਸੁਣ ਕੇ ਮੈਨੂੰ ਇਵੇਂ ਲਗਦਾ ਸੀ ਕਿ ਜਿਵੇਂ ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਦੋੜ ਰਿਹਾ ਹੋਵਾਂ ਤੇ ਪਿੰਡ ਦੀਆਂ ਸਾਰੀਆਂ ਹੀ ਚਾਚੀਆਂ ਤਾਈਆਂ ਭਾਬੀਆਂ ਤੇ ਦਾਦੀਆਂ ਮੇਰੇ ਤੇ "ਜੀਂਦਾ ਰਹੋ" ਅਸੀਸ ਦੀ ਵਰਖਾ ਕਰ ਰਹੀਆਂ ਹੋਣ।
"ਕੀ ਮਸਲਾ ਵਾ" ਸੁਰਿੰਦਰ ਨੇ ਪੁਛਿਆਂ ਤਾਂ ਮੈਂ ਉਹਨੂੰ ਸ਼ੀਲਾ ਕੌਲ ਵਾਲਾ ਸਾਰਾ ਹੀ ਕਿੱਸਾ ਬਿਆਨ ਕਰ ਦਿੱਤਾ।
"ਯਾਰ ਧਰਮੂ" ਏਹ ਕਾਹਦਾ ਮਸਲਾ ਆ? ਬਹਿ ਤੂ ਮੇਰੇ ਨਾਲ। ਆਪਾਂ ਚਲਦੇ ਆਂ ਰਜੌਰੀ ਗਾਰਡਨ। ਉਥੇ ਤੇਰੀ ਮਸ਼ੂਕਾ ਨੂੰ ਨਾਲ ਲੈਕੇ ਮੋਤੀ ਮਹੱਲ ਵਿੱਚ ਲੰਚ ਕਰਾਂਗੇ। ਅੱਜ ਦਾ ਲੰਚ ਮੇਰੇ ਵਲੋਂ ਹੋਵੇਗਾ। ਫਿਰ ਤੁਸੀਂ ਜਿਥੇ ਚਾਹੋ ਚਲੇ ਜਾਣਾ। ਮੈਂ ਤੁਹਾਨੂੰ ਛੱਡ ਅਊਂਗਾ। ਇਹ ਕਹਿ ਕੇ ਉਸ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਆਪਣੀ ਕਾਰ ਵਲ ਲੈ ਤੁਰਿਆ। ਐਨ ਇਸੇ ਹੀ ਵੇਲੇ ਉਸ ਬੱਸ ਸਟੈਂਡ ਤੇ ਬੱਸ ਆਕੇ ਰੁਕੀ। ਸੁਰਿੰਦਰ ਦੀ ਕਾਰ ਨੇ ਬੱਸ ਦੇ ਖੜੇ ਹੋਣ ਵਾਲਾ ਥਾਂ ਰੋਕਿਆ ਹੋਇਆ ਸੀ। ਇਸ ਲਈ ਬੱਸ ਦਾ ਡਰਾਈਵਰ ਹਾਰਨ ਵਜਾ ਰਿਹਾ ਸੀ।
"ਧਰਮੂ! ਛੇਤੀ ਕਰ।" ਉਹਨੇ ਸਟੀਆਰਿੰਗ ਵਾਲੀ ਸੀਟ ਤੇ ਬਹਿਕੇ ਮੇਰੇ ਪਾਸੇ ਵਾਲੀ ਖਿੜਕੀ ਖੋਲ੍ਹ ਕੇ ਆਖਿਆ। ਬੱਸ ਸਟੈਂਡ ਤੇ ਉਡੀਕਦੀਆਂ ਸਵਾਰੀਆਂ ਬੱਸ ਵੱਲ ਝਪਟੀਆਂ ਮੈਨੂੰ ਬੱਸ ਦੇ ਸ਼ੀਸ਼ਿਆਂ ਵਿੱਚੋਂ ਵੇਖ ਕੇ ਬੱਸ ਵਿਚਲੀ ਭੀੜ ਦਾ ਪਤਾ ਲੱਗ ਗਿਆ ਸੀ। ਇਸ ਭੀੜ ਕਾਰਨ ਜੋ ਹਾਲ ਮੇਰੀ ਪੱਗ ਇੰਮਪੋਰਟਡ ਕਮੀਜ ਅਤੇ ਪੈਂਟ ਦਾ ਹੋਣਾ ਸੀ। ਉਸ ਤੋਂ ਬਚਾਅ ਹੋ ਜਾਣ ਕਾਰਨ ਮੇਰੇ ਅਰਧ ਚੇਤਨ ਮਨ ਵਿਚ ਸੁਰਿੰਦਰ ਪ੍ਰਤੀ ਸ਼ੁਕਰਾਨਾ ਸੀ। ਸੁਰਿੰਦਰ ਨੇ ਛੇਤੀ ਛੇਤੀ ਕਾਰ ਤੋਰੀ ਤਾਂਹੀ ਬੱਸ ਡਰਾਈਵਰ ਨੇ ਹਾਰਨ ਦੇਣਾ ਬੰਦ ਕੀਤਾ।
"ਯਾਰ ਧਰਮੂ! ਤੇਰਾ ਵਿਆਹ? ਤੇਰੇ ਬਾਲ ਬੱਚੇ?
"ਵਾਹ ਉਏ ਸ਼ੁਦਾਈਆ! ਜੇ ਮੇਰਾ ਵਿਆਹ ਤੇ ਬਾਲ ਬੱਚੇ ਹੁੰਦੇ ਤਾਂ ਮੈਂ ਅੱਜ ਛੁੱਟੀ ਵਾਲੇ ਦਿਨ ਇਕ ਤਲਾਕ ਸ਼ੁਦਾ ਕਸ਼ਮੀਰਨ ਨਾਲ ਇਸ਼ਕ ਕਰਦਾ ਫਿਰਦਾ? ਤੇਰੇ ਨਾਲ ਜਾਣ ਤੋਂ ਇਨਕਾਰ ਕਰਨ ਵੇਲੇ ਮੈਂ ਤੈਨੂੰ ਕੀ ਦੱਸਿਆ ਸੀ? ਹੁਣ ਤੂੰ ਮੈਨੂੰ ਲੈਕੇ ਰਜੌਰੀ ਗਾਰਡਨ ਮੇਰੀ ਮਸ਼ੂਕਾ ਕੋਲ ਹੀ ਤਾਂ ਚਲਿਆ ਵਾਂ! ਕਿਹੜਾ ਸਵਾਲ ਪੁਛ ਲਿਆ ਤੂੰ" ਮੈਂ ਜਿਵੇਂ ਉਹਦੀ ਨਾਸਮਝੀ ਉਜਾਗਰ ਕੀਤੀ ਹੋਵੇ।
"ਉਹ ਸੌਰੀ!ਸੌਰੀ!! ਮੇਰੇ ਦਿਮਾਗ ਨੇ ਕੰਮ ਹੀ ਨਹੀਂ ਕੀਤਾ। ਪਰ ਫਿਰ ਵੀ ਤੂੰ ਹੈ ਤਾਂ ਮੇਰੇ ਹੀ ਹਾਣ ਦਾ। ਇਕਤੀ ਸਾਲ ਦਾ ਨਹੀਂ ਤਾਂ ਤੀਹਾਂ ਦਾ ਹੋਵੇਂਗਾ। ਆਪਾਂ ਦੋਹਵਾਂ ਨੇ ਇਕਠਿਆਂ ਹੀ ਸੁਠਿਆਲਾ ਕਾਲਜ ਤੋਂ ਬੀ.ਏ. ਕੀਤੀ ਸੀ। ਤੇਰੀ ਵਿਆਹ ਦੀ ਉਮਰ ਤਾਂ ਲੰਘਦੀ ਜਾਣ ਡਹੀ ਆ। ਤੂੰ ਵਿਆਹ ਕਿਉਂ ਨੀ ਕੀਤਾ।
"ਉਏ ਸੁਰਿੰਦਰ! ਆਪਾਂ ਦਿੱਲੀ ਆਕੇ ਨੌਕਰੀ ਕਰਕੇ ਵੀ ਪੇਂਡੂ ਹੀ ਰਹਿੰਦੇ ਆਂ। ਮੇਰਾ ਵਿਆਹ ਮੈਂ ਨਹੀਂ ਮੇਰੇ ਮਾਂ ਪਿਉ ਨੇ ਕਰਨਾ ਸੀ। ਉਹ ਵਿਚਾਰੇ ਕੀ ਕਰਨ? ਮੇਰੇ ਤੋਂ ਪਹਿਲਾਂ ਉਹਨਾਂ ਨੇ ਸੱਤ ਵਿਆਹ ਹੋਰ ਕਰਨੇ ਸੀ ਪੰਜ ਵਿਆਹ ਤਾਂ ਉਹਨਾਂ ਨੇ ਕਰ ਦਿੱਤੇ ਆ। ਦੋ ਰਹਿੰਦੇ ਆ। ਫਿਰ ਮੇਰਾ ਵੀ ਵਿਆਹ ਕਰ ਦੇਣਗੇ।"
"ਧਰਮੂ!! ਯਾਰ ਮੈਂ ਸਮਝਿਆ ਨਹੀਂ" ਮੈਨੂੰ ਸਪਸ਼ਟ ਕਰ।
"ਉਏ ਸੁਰਿੰਦਰ! ਮੇਰੀ ਮਾਂ ਹਰ ਸਵਾ ਸਾਲ ਵਿਚ ਇਕ ਧੀ ਦੀ ਮਾਂ ਬਣਦੀ ਰਹੀ ਸੀ। ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਮੇਰੀਆਂ ਸੱਤ ਭੈਣਾਂ ਜੰਮੀਆਂ। ਅਠਵਾਂ ਮੈਂ ਸੀ। ਪਹਿਲਾਂ ਸੱਤਾਂ ਭੈਣਾ ਦੇ ਵਿਆਹ ਹੋਣਗੇ ਤੇ ਫਿਰ ਮੇਰਾ ਵਿਆਹ ਹੋਊ। ਪੰਜ ਭੈਣਾਂ ਤਾਂ ਵਿਆਹੀਆਂ ਗਈਆਂ ਵਾਂ। ਉਹਨਾਂ ਨੇ ਬਾਲ ਬੱਚੇ ਪੈਦਾ ਕਰਕੇ ਮੈਨੂੰ ਮਾਮਾ ਵੀ ਬਣਾ ਦਿੱਤਾ ਆ ਪਰ ਕਿਉਂਕਿ ਅੱਜ ਕਲ ਫੈਮਲੀ ਪਲੈਨਿੰਗ ਦੇ ਸਾਧਨ ਪ੍ਰਚਲਤ ਆ ਇਸ ਲਈ ਮੇਰੀਆਂ ਭੈਣਾਂ ਮੈਨੂੰ ਸਿਰਫ ਦੋ ਨਿਆਣਿਆਂ ਦਾ ਹੀ ਮਾਮਾ ਬਣਾਉਂਦੀਆਂ ਨੇ। ਦੋ ਅਜੇ ਕਵਾਰੀਆਂ ਨੇ। ਉਹ ਵੀ ਤੁਰ ਜਾਣਗੀਆਂ। ਫਿਰ ਕਿਸੇ ਦੀ ਧੀ ਦੀ ਮੈਂ ਵੀ ਘੁੰਡ ਚੁਕਾਈ ਕਰ ਦਊਂਗਾ। ਮੇਰੀ ਨਾਨੀ ਮੇਰੀ ਮਾਂ ਨੂੰ ਕਹਿਦੀ ਸੀ ਤੇਰੀ ਭਾਗੀਂ ਰੱਬ ਨੇ ਸੱਤ ਘਰਾਂ ਵਿੱਚ ਨੂੰਹਾਂ ਦੇ ਕੇ ਫਿਰ ਤੇਰੇ ਘਰ ਨੂੰਹ ਆਉਣੀ ਲਿਖੀ ਆ। ਹੈ ਕਿ ਨਹੀਂ ਸੁਰਿੰਦਰ ਮਹਿੰਗਾ ਸੌਦਾ। ਲੋਕ ਇਹਨੂੰ ਭਾਗਾਂ ਦਾ ਲਿਖਿਆ ਕਹਿੰਦੇ ਆ। ਮੇਰਾ ਪਿਉ ਤਾਂ ਧੀਆਂ ਤੋਰਦਾ ਤੋਰਦਾ ਹੀ ਕਮਲਾ ਹੋ ਗਿਆ ਵਾ। ਮੈਨੂੰ ਵੀ ਆਪਣੀ ਅੱਧੀ ਤਨਖਾਹ ਘਰ ਘਲਾਉਣੀ ਪੈਂਦੀ ਆ। ਤਾਂ ਹੀ ਤਾਂ ਏਥੇ ਬੱਸ ਉਡੀਕਣ ਡਿਹਾ ਸੀ।ਭਾਵੇਂ ਮਸ਼ੂਕ ਨੂੰ ਮਿਲਣ ਜਾਣਾ ਸੀ।" ਮੈਂ ਆਪਣੀ ਵਿਥਿਆ ਸੁਰਿੰਦਰ ਨੂੰ ਸੁਣਾ ਦਿੱਤੀ। ਹੁਣ ਤੱਕ ਅਸੀਂ ਰਜੌਰੀ ਗਾਰਡਨ ਬਾਂਦਰਾਂ ਵਾਲੀ ਖੂਹੀ ਵਾਲੇ ਬੱਸ ਸਟੈਂਡ ਤੇ ਪਹੁੰਚ ਚੁੱਕੇ ਸੀ। ਏਥੇ ਹੀ ਸ਼ੀਲਾ ਕੌਲ ਨੇ ਆਕੇ ਮੈਨੂੰ ਮਿਲਣਾ ਸੀ। ਉਹਦੇ ਆਉਣ ਵਿਚ ਅਜੇ ਅੱਧਾ ਘੰਟਾ ਸੀ। ਜਦੋਂ ਵੀ ਅਸੀਂ ਮਿਲਣਾ ਹੁੰਦਾ ਹੈ, ਮੈਂ ਸਦਾ ਪਹਿਲਾਂ ਪਹੁੰਚ ਜਾਂਦਾ ਹਾਂ। ਸ਼ੀਲਾ ਨੂੰ ਕਦੇ ਵੀ ਮੇਰੀ ਉਡੀਕ ਨਹੀਂ ਕਰਨੀ ਪਈ। ਉਹ ਕਹਿੰਦੀ ਹੈ ਕਿ ਕੁੜੀਆਂ
ਤੋਂ ਉਡੀਕ ਨਹੀਂ ਕਰਵਾਉਣੀ ਚਾਹੀਦੀ। ਮੁੰਡੇ ਨੂੰ ਪਹਿਲਾਂ ਆਕੇ ਖੜ੍ਹੇ ਹੋਣਾ ਚਾਹੀਦਾ ਹੈ। ਮੈਨੂੰ ਇਸ ਉਤੋ ਕੋਈ ਇਤਰਾਜ ਨਹੀਂ ਸੀ ਪਰ ਉਹ ਅਠਾਈ ਸਾਲ ਦੀ ਤੇ ਮੈਂ ਤੀਹਾਂ ਤੋਂ ਉਪਰ। ਅਸੀਂ ਮੁੰਡੇ ਕੁੜੀਆਂ ਕਿਵੇਂ ਹੋਏ? ਇਸ ਦੇ ਜਵਾਬ ਵਿਚ ਉਹ ਕਹਿੰਦੀ ਹੈ ਕਿ ਰੁਮਾਂਸ ਕਰਨ ਵਾਲੇ ਸਦਾ ਹੀ ਮੁੰਡੇ ਕੁੜੀਆਂ ਹੀ ਹੁੰਦੇ ਹਨ। ਬਹੁਤ ਸਿਆਣੀ ਹੈ। ਮੇਰੇ ਨਾਲੋਂ ਤਾਂ ਵੱਧ ਸਿਆਣੀ ਹੈ। ਉਹਦੀ ਸਿਆਣਪ ਕਰਕੇ ਹੀ ਮੇਰਾ ਉਹਦੇ ਨਾਲ ਇਸ਼ਕ ਸ਼ੁਰੂ ਹੋਇਆ ਸੀ ਨਹੀਂ ਤਾਂ ਮੈਂ ਤਾਂ ਸੰਗਦੇ ਸੰਗਦੇ
ਨੇ ਉਹਦੇ ਸਾਹਮਣੇ ਨੀਵੀਂ ਹੀ ਪਾਈ ਰਖਣੀ ਸੀ।
ਸੁਰਿੰਦਰ ਨੇ ਬਾਂਦਰਾਂ ਵਾਲੀ ਖੁਹੀ ਦੇ ਬੱਸ ਅੱਡੇ ਤੇ ਇਕ ਪਾਸੇ ਕਾਰ ਲਾ ਕੇ ਖੜੀ ਕਰ ਦਿੱਤੀ। ਸ਼ੀਲਾ ਨੇ ਸਾਹਮਣੇ ਪਾਸਿਓਂ ਆਉਣਾ ਸੀ। ਮੈਂ ਉਹਨੂੰ ਦੂਰ ਤੋਂ ਹੀ ਆਉਂਦੀ ਨੂੰ ਵੇਖ ਸਕਦਾ ਸੀ। ਉਹਦੇ ਆਉਣ ਵਿੱਚ ਅਜੇ ਵੀ ਛੱਬੀ ਸਤਾਈ ਮਿੰਟ ਸੀ। ਉਹ ਦਿੱਤੇ ਟਾਈਮ ਤੋਂ ਕਦੇ ਵੀ ਕਵੇਲਾ ਨਹੀਂ ਸੀ ਕਰਦੀ। ਅਸੀਂ ਦੋਹਵੇਂ ਉਹਦੀ ਉਡੀਕ ਕਰਨ ਲੱਗ ਪਏ।
"ਯਾਰ ਸੁਰਿੰਦਰ!! ਤੂੰ ਮੇਰੇ ਕੋਲੋਂ ਤਾਂ ਸਭ ਕੁਛ ਪੁੱਛ ਲਿਆ ਪਰ ਆਪਣੇ ਬਾਰੇ ਕੁਛ ਦਸਿਆ ਈ ਨਹੀਂ। ਏਹ ਕਾਰ ਏਹ ਕੀਮਤੀ ਕੱਪੜੇ ਇਹ ਠਾਠ ਬਾਠ ਕਿਸ ਤਰ੍ਹਾਂ? ਵੇਖ ਏਹ ਤਾਂ ਮੈਨੂੰ ਪਤਾ ਵਾ ਭਈ ਤੈਨੂੰ ਥਰਡ ਡਿਵੀਜੀਨੀਏ ਬੀ.ਏ. ਟਾਈਪਿਸਟ ਦੀ ਗਜਟਡ ਅਫਸਰ ਦੀ ਪੋਸਟ ਤਾਂ ਮਿਲ ਨਹੀਂ ਸਕਦੀ ਫਿਰ ਦਸ ਤੂੰ ਕੀ ਕਰਦਾ ਏ? ਸਮਗਲਿੰਗ ਜਾਂ ਕੋਈ ਹੋਰ ਚੋਰ ਬਜਾਰੀ? ਮੈਂ ਸੁਰਿੰਦਰ ਨੂੰ ਕਾਲਜ ਵੇਲੇ ਵਾਲੀ ਬੇਝਿਜਕੀ ਵਿਚ ਪੁਛ ਲਿਆ ਤੇ ਉਹਨੇ ਵੀ ਬੜੀ ਸਪਸ਼ਟਤਾ ਨਾਲ ਦਸਣਾ ਸ਼ੁਰੂ ਕਰ ਦਿੱਤਾ।
"ਵੇਖ ਧਰਮੂ! ਤੇਰੀ ਗਲ ਬਿਲਕੁਲ ਠੀਕ ਆ। ਮੇਰੇ ਵਰਗੇ ਨੂੰ ਗਜਟਡ ਅਫਸਰੀ ਮਿਲਣ ਦਾ ਤਾਂ ਸਵਾਲ ਹੀ ਪੈਦਾ ਨੀ ਹੁੰਦਾ। ਪਰ ਜਿਨ੍ਹਾਂ ਨੇ ਕੁਛ ਚੰਗਾ ਨਾ ਬਣਨਾ ਹੋਵੇ ਰੱਬ ਉਨ੍ਹਾਂ ਨੂੰ ਵੀ ਕੁਛ ਨਾ ਕੁਛ ਚੰਗਾ ਦੇ ਹੀ ਦਿੰਦਾ ਆ। ਇਹੋ ਹੀ ਹੋਇਆ ਸੀ ਮੇਰੇ ਨਾਲ। ਮੈਨੂੰ ਗਜਟਡ ਅਫਸਰੀ ਤਾਂ ਨਹੀਂ ਮਿਲੀ ਪਰ ਮੈਨੂੰ ਗਜ਼ਟਡ ਅਫਸਰਨੀ ਕਲਾਸ ਵਨ ਮਿਲ ਗਈ ਆ।" ਸੁਰਿੰਦਰ ਚੁੱਪ ਹੋ ਕੇ ਮੇਰੇ ਵਲ ਵੇਖਣ ਲਗ ਪਿਆ। ਮੈਨੂੰ ਉਸਦਾ ਕਿਹਾ ਇਕ ਬੁਝਾਰਤ ਵਾਂਗ ਲੱਗਾ।
"ਕੀ ਮਤਲਬ? ਕਿਹੜੀ ਮਿਲ ਗਈ ਗਜ਼ਟਡ ਅਫਸਰਨੀ? ਮੈਂ ਉਤਸੁਕਤਾ ਨਾਲ ਪੁਛਿਆ "ਵੇਖ ਧਰਮੂ" ਗਲ ਪਿਛੇ ਤੋਂ ਸ਼ੁਰੂ ਕਰਨੀ ਪਵੇਗੀ। ਜਦੋਂ ਆਪਾਂ ਪਹਿਲੇ ਸਾਲ ਵਿਚ ਸਠਿਆਲੇ ਪੜ੍ਹਦੇ ਸੀ। ਮੈਂ ਵੀ ਤੇਰੇ ਨਾਲ ਹੀ ਬੀ.ਏ ਕਰਕੇ ਬਾਬੇ ਬਕਾਲੇ ਤੋਂ ਟਾਈਪ ਸਿੱਖਣ ਲਗ ਪਿਆ ਸੀ। ਆਪਾਂ ਦੋਹਾਂ ਨੂੰ ਨੌਕਰੀਆਂ ਮਿਲ ਗਈਆਂ ਮੈਂ ਐਲ.ਡੀ.ਸੀ ਚੁਣਿਆ ਗਿਆ ਅਤੇ ਇਥੇ ਦਿੱਲੀ ਆ ਗਿਆ। ਤੇਰਾ ਮੈਨੂੰ ਕੋਈ ਪਤਾ ਨਹੀਂ ਸੀ। ਆਪਣੇ ਨਾਲ ਇਕ ਸੁੱਚਾ ਸਿੰਘ ਦਲਿਤ ਦੀ ਕੁੜੀ ਪੜ੍ਹਦੀ ਹੁੰਦੀ ਸੀ ਜਿਸਨੂੰ ਸਾਰੇ ਮੁੰਡੇ ਵੱਧ ਘੱਟ ਬੋਲਦੇ ਸੀ। ਉਹਦਾ ਰੰਗ ਚੰਗਾ ਕਾਲਾ ਸੀ ਅਤੇ ਉਹ ਸਰੀਰ ਤੋਂ ਕਮਜ਼ੋਰ ਤੇ ਸੁੱਕੀ ਸੜੀ ਜਹੀ ਸੀ। ਉਸ ਵਿਚ ਮੁਟਿਆਰਾਂ ਵਾਲਾ ਕੁਛ ਵੀ ਨਹੀਂ ਸੀ। ਉਹਦੀ ਛਾਤੀ ਸਪਾਟ ਤੇ ਪਿਛਾ ਜਿਵੇਂ ਹੋਏ ਹੀ ਨਾ। ਉਹਦੇ ਕਾਲੇ ਰੰਗ ਕਰਕੇ ਆਪਾਂ ਸਾਰਿਆਂ ਨੇ ਉਹਦਾ ਨਾਂ ਕਾਲੀ ਮਾਤਾ ਕਾਲੋ ਮਾਈ ਜਾਂ ਕਲੂਟੀ ਪਾਇਆ ਹੋਇਆ ਸੀ। ਉਹ ਆਪਣੇ ਸਿਰ ਦੇ ਵਾਲਾਂ ਉਤੇ ਸਰੋਂ ਦਾ ਤੇਲ ਬਹੁਤਾ ਹੀ ਲਾਉਂਦੀ ਸੀ ਤੇ ਆਪਣੇ ਸਰਪੰਚ ਦਾ ਮੁੰਡਾ ਜਗੀਰਾ ਉਹਨੂੰ ਸਰੋ ਦੇ ਤੇਲ ਦੀ ਘਾਣੀ ਕਹਿੰਦਾ ਹੁੰਦਾ ਸੀ।
ਮੈਨੂੰ ਕੁਝ ਯਾਦ ਆ ਗਿਆ ਸੀ। ਉਹ ਕੁੜੀ ਪੂਰੇ ਚਾਰ ਸਾਲ ਸਾਡੀ ਜਮਾਤਣ ਰਹੀ ਸੀ ਕਿਸੇ ਵੀ ਜਮਾਤੀ ਮੁੰਡੇ ਨੇ ਉਸ ਨੂੰ ਕੁੜੀ ਹੀ ਨਹੀਂ ਸੀ ਸਮਝਿਆ ਬੱਸ ਕਾਲੀ ਮਾਤਾ ਕਾਲੋ ਦੇਵੀ ਜਾਂ ਕਈ ਹੋਰ ਨਾਵਾਂ ਨਾਲ ਹੀ ਉਹਦਾ ਜਿਕਰ ਕੀਤਾ ਜਾਂਦਾ। ਉਹਦਾ ਜਿਕਰ ਇਮਤਿਹਾਨਾਂ ਦੇ ਨਤੀਜਿਆਂ ਤੋਂ ਬਾਅਦ ਅਤੇ ਕਲਾਸ ਟੈਸਟ ਦੇ ਪਰਚੇ ਨੰਬਰ ਲੱਗਣ ਤੋਂ ਬਾਅਦ ਵਧੇਰੇ ਹੁੰਦਾ ਸੀ। ਇਸਦਾ ਕਾਰਨ ਇਹ ਸੀ ਕਿ ਉਹ ਸਦਾ ਹੀ ਸਾਰੇ ਹੀ ਵਿਸ਼ਿਆਂ ਵਿਚ ਪਹਿਲੇ ਨੰਬਰ ਉਤੇ ਆਇਆ ਕਰਦੀ ਸੀ। ਮੁੰਡੇ ਤਾਂ ਉਹਨੂੰ ਕਾਲੋ ਆਖ ਕੇ ਹੀ ਆਪਣੀ ਹੀਣ ਭਾਵਨਾ ਉਤੇ ਮਲੱਮ ਲਾ ਲੈਂਦੇ ਪਰ ਜਮਾਤਣ ਕੁੜੀਆਂ ਤਾਂ ਸੜਬਲ ਕੇ ਕੋਲਾ ਹੋ ਜਾਂਦੀਆਂ। ਉਹ ਉਹਦੇ ਸਸਤੇ ਕੱਪੜੇ ਤੋਂ ਬੇਮੇਚ ਸੀਤੇ ਗਏ ਪਹਿਰਾਵੇ ਬਾਰੇ ਕਈ ਗੱਲਾਂ ਕਰਕੇ ਆਪਣੇ ਨੰਬਰ ਘਟ ਆਉਣ ਕਾਰਨ ਈਰਖਾ ਅਤੇ ਸਾੜੇ ਦੀ ਹਵਾੜ ਕੱਢਦੀਆਂ ਸਨ। ਇਸ ਸਭ ਬਾਰੇ ਕਾਲੋ ਜਿਸਦਾ ਅਸਲੀ ਨਾਂ ਦਲੀਪ ਕੌਰ ਸੀ ਨੂੰ ਪੂਰਾ ਪਤਾ ਸੀ ਪਰ ਉਸ ਨੇ ਇਹ ਸਭ ਕੁਝ ਸਦਾ ਹੀ ਅਣਡਿਠ ਕਰਕੇ ਪ੍ਰਵਾਨ ਹੀ ਕੀਤਾ ਸੀ। ਉਹ ਦੂਜੀਆਂ ਵਿਦਿਆਰਥਣਾਂ ਵਾਂਗ ਹਰ ਰੋਜ ਸੂਟ ਬਦਲ ਕੇ ਨਹੀਂ ਸੀ ਆਉਂਦੀ। ਉਹ ਆਪਣਾ ਇਕ ਸੂਟ ਸੋਮਵਾਰ ਤੋਂ ਲੈਕੇ ਸ਼ਨੀਚਰ ਵਾਰ ਤੱਕ ਪਹਿਨਿਆ ਕਰਦੀ ਸੀ। ਉਹਦਾ ਇਹ ਸੂਟ ਸੂਤੀ ਕਪੜੇ ਦਾ ਹੁੰਦਾ ਸੀ ਅਤੇ ਕਦੇ ਵੀ ਇਸਤਰੀ ਨਹੀਂ ਸੀ ਹੋਇਆ ਹੁੰਦਾ। ਉਸਨੇ ਕਦੇ ਵੀ ਆਪਣੀ ਸਰੀਰਕ ਦਿੱਖ ਨੂੰ ਸਜਾਉਣ ਦਾ ਯਤਨ ਨਹੀਂ ਸੀ ਕੀਤਾ ਹੁੰਦਾ। ਸੋ ਸਪਸ਼ਟ ਸੀ ਕਿ ਉਸਦੀ ਸਾਰੀ ਹੀ ਊਰਜਾ ਪੜ੍ਹਾਈ ਲਿਖਾਈ ਤੇ ਹੀ ਲਗਦੀ ਸੀ ਜਿਸ ਕਰਕੇ ਕੀਮਤੀ ਸੂਟ ਤੇ ਕਾਸਮੈਟਿਕਸ ਦੀ ਵਰਤੋਂ ਕਰਨ ਵਾਲੀਆਂ ਗੋਰੀਆਂ ਚਿੱਟੀਆਂ ਵਿਦਿਆਰਥਣਾਂ ਉਸ ਤੋਂ ਬਹੁਤ ਨੀਵੇਂ ਥਾਂ ਤੇ ਰਹਿੰਦੀਆਂ ਸਨ।
"ਹਾਂ ਠੀਕ ਆ, ਮੈਨੂੰ ਕਾਲੀ ਮਾਈ ਬਾਰੇ ਸਭ ਕੁਛ ਯਾਦ ਆ ਗਿਆ ਵਾ ਪਰ ਤੂੰ ਉਹਦੀ ਗਲ ਕਿਉਂ ਕੀਤੀ ਆ? ਮੈਂ ਸੁਰਿੰਦਰ ਨੂੰ ਪੁਛਿਆ, "ਉਸੇ ਦੀਆਂ ਤਾਂ ਸਾਰੀਆਂ ਗਲਾਂ ਵਾਂ। ਉਹੋ ਹੀ ਤਾਂ ਅੱਜ ਕਲ ਮੇਰੀ ਕਿਸਮਤ ਦਾ ਚਮਕਦਾ ਸਿਤਾਰਾ ਬਣੀ ਹੋਈ ਆ।" ਸੁਰਿੰਦਰ ਬੜੇ ਭੇਦ ਭਰੇ ਅੰਦਾਜ ਵਿਚ ਚਮਕਦੀਆਂ ਅੱਖਾਂ ਨਾਲ ਬੋਲਿਆ।ਮੇਰੀ ਸਭ ਕੁਝ ਜਾਨਣ ਦੀ ਇਛਾ ਆਖਰੀ ਹੱਦ ਤੱਕ ਪਹੁੰਚ ਚੁੱਕੀ ਸੀ।
"ਯਾਰ ਪੂਰੀ ਗਲ ਦੱਸ!"
"ਸੁਣ ਫਿਰ ਧਰਮੂ! ਗਲ ਇਹ ਬਣੀ ਕਿ ਆਪਾਂ ਤਾਂ ਬੀ.ਏ. ਕਰਕੇ ਟਾਈਪ ਸਿੱਖ ਕੇ ਲਗ ਗਏ ਕਲਰਕ ਪਰ ਉਹ ਕਾਲੀ ਮਾਈ ਐਮ.ਏ.ਵੀ ਕਰ ਗਈ{ ਉਹ ਯੂਨੀਵਰਸਿਟੀ ਦੀ ਟਾਪਰ ਸੀ। ਉਹਨੂੰ ਵਜੀਫਾ ਤਾਂ ਮਿਲਦਾ ਹੀ ਸੀ ਨਾਲ ਹੀ ਯੂਨੀਵਰਸਿਟੀ ਚੌਂ ਫਸਟ ਆਉਣ ਕਰਕੇ ਅੰਮ੍ਰਿਤਸਰ ਦੇ ਸਾਰੇ ਹੀ ਕਾਲਜ ਉਹਨੂੰ ਆਪੋ ਆਪਣੇ ਕਾਲਜਾਂ ਵਿਚ ਦਾਖਲ ਕਰਨ ਲਈ ਉਹਨਾਂ ਦੇ ਘਰ ਗੇੜੇ ਕੱਢਦੇ ਸਨ। ਉਹ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋ ਗਈ ਤੇ ਫਿਰ ਉਹਨੇ ਯੂਨੀਵਰਸਿਟੀ ਚੋਂ ਟਾਪ ਕੀਤਾ। ਉਹਨੂੰ ਉਸੇ ਹੀ ਕਾਲਜ ਵਿਚ ਟੈਂਪਰੇਰੀ ਲੈਕਚਰਾਰ ਦੀ ਨੌਕਰੀ ਦੇ ਦਿੱਤੀ ਗਈ। ਉਸ ਨੇ ਪੀ.ਐਚ.ਡੀ. ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਸੇ ਹੀ ਦੌਰਾਨ ਉਹਦੇ ਪਿਤਾ ਦੀ ਵੀ ਮੌਤ ਹੋ ਗਈ। ਵਿਚਾਰੀ ਨੂੰ ਸਦਮਾ ਬਰਦਾਸ਼ਤ ਤਾਂ ਕਰਨਾ ਪਿਆ ਪਰ ਉਹਨੇ ਆਪਣਾ ਖੋਜ ਕਾਰਜ ਜਾਰੀ ਰੱਖਿਆ ਅਤੇ ਡਾਕਟਰੇਟ ਹਾਸਲ ਕਰਕੇ ਪਰਮਾਨੈਂਟ ਲੈਕਚਰਾਰ ਬਣ ਗਈ। ਫਿਰ ਉਸ ਨੇ ਆਈ.ਏ.ਐਸ ਦਾ ਟੈਸਟ ਪਹਿਲੀ ਹੀ ਅਟੈਂਪਟ ਵਿੱਚ ਪਾਸ ਕਰ ਲਿਆ ਤੇ ਉਹਦੀ ਨਿਯੁਕਤੀ ਦਿੱਲੀ ਲੋਕ ਭਲਾਈ ਵਿਭਾਗ ਵਿਚ ਹੋ ਗਈ। ਮੈਂ ਵੀ ਇਸੇ ਹੀ ਮਹਿਕਮੇ ਵਿਚ ਯੂ.ਡੀ.ਸੀ. ਤੋਂ ਰੀਵਰਟ ਹੋਕੇ ਐਲ.ਡੀ.ਸੀ ਕਰ ਦਿੱਤਾ ਗਿਆ ਸੀ। ਦੋ ਸਾਲ ਤੱਕ ਤਾਂ ਮੈਨੂੰ ਉਹਦੇ ਬਾਰੇ ਪਤਾ ਹੀ ਨਾ ਲੱਗਾ ਕਿ ਇਹ ਉਹੋ ਹੀ ਕਾਲੋ ਮਾਈ ਹੈ। ਇਹ ਮੈਨੂੰ ਪਤਾ ਸੀ ਕਿ ਕੋਈ ਬੜੇ ਸਖਤ ਸੁਭਾਅ ਅਤੇ ਡਿਸਿਪਲਨ ਕਾਇਮ ਰੱਖਣ ਵਾਲੀ ਡਾਇਰੈਕਟਰ ਦਲੀਪ ਕੌਰ ਠਾਠੀ ਆਈ ਹੈ, ਜਿਸ ਤੋਂ ਸਾਰਾ ਹੀ ਸਟਾਫ ਥਰ-ਥਰ ਕੰਬਦਾ ਸੀ। ਮੈਂ ਤਾਂ ਸੋਚ ਹੀ ਨਹੀਂ ਸੀ ਸਕਦਾ ਕਿ ਉਸਨੇ ਆਪਣੇ ਪਿੰਡ ਠੱਠੀਆਂ ਤੋਂ ਹੀ ਆਪਣੀ ਗੋਤ ਜਾਂ ਸਰ ਨੇਮ ਠੱਠੀ ਰੱਖ ਲਿਆ ਹੈ। ਠੱਠੀ ਅੰਗਰੇਜੀ ਵਿਚ ਠਾਠੀ ਪਇਆ ਜਾਂਦਾ ਹੈ, ਇਸ ਲਈ ਸਾਡੇ ਦਫਤਰ ਵਿਚ ਉਸ ਨੂੰ ਮੈਡਮ ਠਾਠੀ ਹੀ ਕਿਹਾ ਜਾਂਦਾ ਸੀ। ਸੁਰਿੰਦਰ ਬੋਲਦਾ ਹੋਇਆ ਸਾਹ ਲੈਣ ਲਈ ਰੁਕਿਆ ਤਾਂ ਮੈਂ ਆਪਣੇ ਮਨ ਵਿਚ ਬੇਸ਼ੁਮਾਰ ਪੈਦਾ ਹੋ ਚੁੱਕੇ ਸਵਾਲਾਂ ਦੀ ਝੜੀ ਉਹਦੇ ਉਤੇ ਲਾਉਣ ਲਈ ਕਾਹਲਾ ਸੀ ਪਰ ਮੈਂ ਕੁਝ ਪੁਛਦਾ ਇਸ ਤੋਂ ਪਹਿਲਾਂ ਹੀ ਸੁਰਿੰਦਰ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ।
"ਧਰਮੂ! ਇਕ ਦਿਨ ਮੈਂ ਆਪਣੇ ਟੇਬਲ ਤੇ ਬੈਠਾ ਇਕ ਫਾਈਲ ਵੇਖ ਝੂਰ ਰਿਹਾ ਸੀ।ਇਹ ਫਾਈਲ ਮੈਨੂੰ ਮੇਰੇ ਸੀਨੀਅਰ ਨੇ ਝੱਟ ਪੱਟ ਨਿਪਟਾਉਣ ਦਾ ਨੋਟ ਲਾਕੇ ਮਾਰਕ ਕੀਤੀ ਸੀ। ਮੇਰੇ ਰੀਵਰਟ ਹੋਣ ਤੋਂ ਪਹਿਲਾਂ ਇਹੋ ਹੀ ਸੀਨੀਅਰ ਮੇਰਾ ਜੁਨੀਅਰ ਸੀ। ਜਿੰਦਗੀ ਵਿਚ ਝੂਰਨਾ ਲਿਖਿਆ ਗਿਆ ਸੀ। ਮੈਂ ਫਾਈਲ ਨਿਪਟਾ ਕੇ ਹੱਟਿਆ ਹੀ ਸੀ ਕਿ ਚਪੜਾਸੀ ਮੈਡਮ ਠਾਠੀ ਦਾ ਨੋਟ ਲੈਕੇ ਆਇਆ ਜਿਸ ਵਿੱਚ ਮੈਨੂੰ ਉਹਨਾਂ ਦੇ ਦਫਤਰ ਵਿਚ ਪੇਸ਼ ਹੋਣ ਦਾ ਹੁਕਮ ਸੀ।ਮੈਨੂੰ ਫਿਕਰ ਲੱਗ ਗਿਆ।ਮੈਂ ਜਦੋਂ ਤੋਂ ਨੌਕਰੀ ਕਰ ਰਿਹਾ ਸੀ ਕਦੇ ਵੀ ਇੰਨੇ ਵੱਡੇ ਅਫਸਰ ਦੇ ਸਾਹਮਣੇ ਪੇਸ਼ ਨਹੀਂ ਸੀ ਹੋਇਆ। ਜਾਣਾ ਤਾਂ ਪੈਣਾ ਹੀ ਸੀ। ਕੰਬਦੀਆਂ ਲੱਤਾਂ ਨਾਲ ਉਹਦੇ ਕਮਰੇ ਦੇ ਦਰਵਾਜੇ ਵਿਚ ਖੜੇ ਹੋਕੇ ਅੰਦਰ ਆਉਣ ਦੀ ਆਗਿਆ ਮੰਗੀ ਤੇ ਉਹਦੇ "ਯੈਸ" ਕਹਿਣ ਤੇ ਉਥੇ ਖੜੀ ਸਟੈਨੋ ਦੇ ਨਾਲ ਜਾ ਖੜਾ ਹੋਇਆ। ਮੈਡਮ ਠਾਠੀ ਦਾ ਧਿਆਨ ਹੇਠ ਵਲ ਸੀ ਉਹ ਮੇਜ ਤੇ ਸਟੈਨੋ ਵਲੋਂ ਰੱਖਿਆ ਗਿਆ ਕਾਗਜ਼ ਪੜ੍ਹ ਰਹੀ ਸੀ ਤੇ ਅਖੀਰ ਉਸ ਨੇ ਓ.ਕੇ ਆਖ ਕੇ ਆਪਣੇ ਦਸਖਤ ਕਰ ਦਿੱਤੇ। ਸਟੈਨੋ ਆਗਿਆ ਲੈਕੇ ਬਾਹਰ ਚਲੀ ਗਈ।
"ਮੈਡਮ! ਮੇਰੇ ਲਈ ਕੀ ਹੁਕਮ ਹੈ।" ਮੈ ਡਰਦੇ ਹੋਏ ਨੇ ਘਬਰਾਟ ਵਿਚ ਪੁਛਿਆ ਉਹਦਾ ਸ਼ਾਨੋ ਸ਼ੌਕਤ ਵਾਲਾ ਦਫਤਰ ਵੱਡਾ ਮੇਜ, ਕੀਮਤੀ ਪਹਿਰਾਵਾ, ਆਤਮ ਵਿਸ਼ਵਾਸ ਨਾਲ ਭਰਪੂਰ ਚਿਹਰਾ ਤੇ ਅੱਖਾਂ ਜਿਵੇਂ ਸਾਰੀ ਦੁਨੀਆਂ ਦੀ ਚਮਕ, ਉਨ੍ਹਾਂ ਵਿਚ ਹੀ ਆ ਗਈ ਹੋਵੇ। ਮੈਂ ਬੋਲਣ ਲੱਗੇ ਨੇ ਉਸਦੇ ਚਿਹਰੇ ਵਲ ਵੇਖਿਆ ਤਾਂ ਸੀ ਪਰ ਉਹਦੇ ਜਲਾਲ ਅੱਗੇ ਮੇਰਾ ਸਿਰ ਆਪਣੇ ਆਪ ਹੀ ਨੀਵਾਂ ਹੋ ਗਿਆ ਸੀ।
"ਸੁਰਿੰਦਰ ਕੁਮਾਰ ਕੋਹਲੀ! ਮੈਂ ਤੇਰੀ ਅਪੀਲ ਕਨਸਿਡਰ ਕੀਤੀ ਹੈ ਜਿਹੜੀ ਤੂੰ ਰੀਵਰਟ ਕੀਤੇ ਜਾਣ ਤੇ ਕੀਤੀ ਸੀ। ਭਾਵੇਂ ਤੇਰੇ ਕੰਮ ਵਿਚ ਕੋਈ ਵਿਸ਼ੇਸ਼ ਸੁਧਾਰ ਤਾਂ ਨਹੀਂ ਹੈ ਪਰ ਫਿਰ ਵੀ ਰਹਿਮ ਕਰਕੇ ਮੈਂ ਤੈਨੂੰ ਫਿਰ ਪਹਿਲੀ ਹੀ ਪੋਸਟ ਤੇ ਬਹਾਲ ਕਰਦੀ ਹਾਂ। ਇਹ ਬਹਾਲੀ ਰੀਵਰਟ ਕੀਤੇ ਜਾਣ ਦੀ ਤਾਰੀਖ ਤੋਂ ਹੀ ਹੋਏਗੀ। ਤੇਰੀ ਤਨਖਾਹ ਦਾ ਫਰਕ ਤੇ ਨਵੇਂ ਗਰੇਡ ਦੀ ਬਕਾਇਆ ਨੌ ਹਜਾਰ ਤਿੰਨ ਸੌ ਇਕਤਾਲੀ ਰੁਪਏ ਵੀਹ ਪੈਸੇ ਦਾ ਭੁਗਤਾਨ ਤੈਨੂੰ ਇਸ ਮਹੀਨੇ ਦੀ ਤਨਖਾਹ ਨਾਲ ਕਰ ਦਿੰਤਾ ਜਾਏਗਾ।" ਇਹ ਗਲ ਉਸ ਨੇ ਅੰਗਰੇਜੀ ਵਿਚ ਕੀਤੀ ਸੀ। ਉਸ ਦੇ ਬੋਲਣ ਦਾ ਸਲੀਕਾ ਤੇ ਸ਼ਾਨ ਸ਼ਹਿਜਾਦੀਆਂ ਵਰਗੀ ਸੀ। ਉਹਦੇ ਬੋਲੇ ਲਫਜ਼ਾਂ ਦੇ ਅਰਥ ਨੇ ਤਾਂ ਮੇਰੀ ਜਿੰਦਗੀ ਹੀ ਬਦਲ ਦੇਣੀ ਸੀ। ਮੇਰੇ ਪਿਉ ਮੇਰੀ ਭੈਣ ਦੇ ਵਿਆਹ ਲਈ ਪੰਜ ਹਜਾਰ ਰੁਪਏ ਦੀ ਮੰਗ ਲਈ ਮੈਨੂੰ ਹਰ ਦੂਜੇ ਚੋਥੇ ਦਿਨ ਪੋਸਟ ਕਾਰਡ ਲਿਖਦਾ ਰਹਿੰਦਾ ਸੀ। ਮੈਂ ਪੰਜ ਹਜਾਰ ਕਿਥੋਂ ਘਲਾਉਂਦਾ? ਅੱਧੀ ਤਨਖਾਹ ਤਾਂ ਮੈਂ ਹਰ ਮਹੀਨੇ ਪਿੰਡ ਆਪਣੇ ਪਿਉ ਨੂੰ ਮਨੀ ਆਰਡਰ ਕਰਵਾ ਹੀ ਦਿੰਦਾ ਸੀ। ਬਾਕੀ ਨਾਲ ਦਿੱਲੀ ਦੀ ਮਹਿੰਗਾਈ ਵਿੱਚ ਮਸਾਂ ਹੀ ਮੇਰਾ ਗੁਜਾਰਾ ਹੁੰਦਾ ਸੀ। ਕਦੇ ਚੱਜ ਦਾ ਕੱਪੜਾ ਨਹੀਂ ਸੀ ਪਾਕੇ ਵੇਖਿਆ। ਹੁਣ ਅਚਾਨਕ ਨੌ ਹਜਾਰ ਤੋਂ ਵੱਧ ਮਿਲਣ ਤੇ ਬਹਾਲੀ ਨਾਲ ਦੋ ਸੌ ਸੱਠ ਰੁਪਏ ਤਨਖਾਹ ਵੱਧਣ ਸੁਣ ਕੇ ਮੈਂ ਤਾਂ ਖੁਸ਼ੀ ਨਾਲ ਕਮਲਾ ਹੀ ਹੋ ਗਿਆ ਸੀ। ਮੇਰੇ ਸਾਰੇ ਸੰਕਟ ਦੂਰ ਹੋ ਗਏ ਸਨ। ਮੇਰੀ ਭੈਣ ਦਾ ਵਿਆਹ ਹੋ ਜਾਣਾ ਸੀ। ਧਰਮੂ! ਮੈਂ ਤਾਂ ਬਹੁਤ ਹੀ ਭਾਵੁਕ ਹੋ ਗਿਆ ਸੀ। ਪਤਾ ਨਹੀਂ ਕਿਥੋਂ ਮੇਰੇ ਵਿਚ ਇੰਨੀ ਫੁਰਤੀ ਆ ਗਈ ਸੀ। ਮੇਰੇ ਹੱਥ ਜੁੜ ਗਏ। ਮੈਂ ਮੈਡਮ ਦੇ ਮੇਜ ਦੇ ਸੱਜੇ ਪਾਸੇ ਦੀ ਹੋ ਕੇ ਉਹਦੇ ਪੈਰ ਫੜ ਲਏ ਤੇ ਉਹਦੇ ਪੈਰਾਂ ਉਤੇ ਸਿਰ ਰੱਖ ਦਿੱਤਾ। ਮੇਰੀਆਂ ਅੱਖਾਂ ਵਿਚੋਂ ਅਥਰੂ ਵੀ ਵਗ ਰਹੇ ਸਨ। ਮੇਰੇ ਅਥਰੂ ਵੀ ਮੈਡਮ ਦੇ ਸੈਂਡਲ ਵਾਲੇ ਪੈਰਾਂ ਤੇ ਡਿੱਗੇ।"
"ਸਟਾਪ ਇਟ! ਸ਼ਟਾਪ ਇਟ!! ਉਠੋ! ਉਠੋ!! ਆਪਣੀ ਸੀਟ ਤੇ ਜਾਕੇ ਆਪਣੇ ਕੰਮ ਲਗ ਜਾਉ। ਮੈਡਮ ਨੇ ਸ਼ਾਨਪਤੀ ਅੰਗਰੇਜੀ ਵਿਚ ਕਿਹਾ ਤੇ ਮੈਂ ਉਹਦੇ ਪੈਰ ਛੱਡ ਕੇ ਜੁੜੇ ਹੋਏ ਹੱਥਾਂ ਨਾਲ ਉਹਦੇ ਦਫਤਰ ਚੋਂ ਬਾਹਰ ਆ ਗਿਆ। ਅਥਰੂਆਂ ਕਾਰਨ ਮੇਰੀਆਂ ਅੱਖਾਂ ਦੀ ਨਜ਼ਰ ਧੁੰਧਲੀ ਸੀ। ਇਸ ਧੁੰਧਲੀ ਨਜ਼ਰ ਚੋ ਮੈਨੂੰ ਮੈਡਮ ਕਿਸੇ ਦਇਆ ਦੇ ਫਰਿਸ਼ਤੇ ਵਾਂਗ ਨਜ਼ਰ ਆਈ।"
"ਧਰਮੂ! ਮੇਰੇ ਮੈਡਮ ਦੇ ਪੇਸ਼ ਹੋਣ ਸਮੇਂ ਜਿਹੜੇ ਕਾਗਜ ਉਤੇ ਮੈਡਮ ਨੇ ਦਸਤਖਤ ਕੀਤੇ ਸਨ ਉਹ ਕਾਗਜ ਮੇਰੀ ਬਹਾਲੀ ਦੇ ਹੁਕਮ ਵਾਲਾ ਹੀ ਸੀ। ਮੇਰੇ ਵਾਪਸ ਆਉਣ ਤੱਕ ਇਸ ਖਬਰ ਤੋਂ ਸਾਰਾ ਹੀ ਸਟਾਫ ਜਾਣੂੰ ਹੋ ਚੁੱਕਾ ਸੀ ਅਤੇ ਕੰਮ ਦੇ ਸਮੇਂ ਦੇ ਬਾਵਜੂਦ ਸਾਰੇ ਹੀ ਮੈਨੂੰ ਵਧਾਈ ਦੇਣ ਆ ਗਏ। ਇਸ ਹੁਕਮ ਨਾਲ ਮੈਂ ਛੋਟੇ ਤੋਂ ਵੱਡਾ ਕਈਆਂ ਦੇ ਬਰਾਬਰ ਅਤੇ ਕਈਆਂ ਤੋਂ ਉਪਰ ਹੋ ਗਿਆ ਸੀ। ਮੇਰੀ ਬਦਲੀ ਨਹੀਂ ਸੀ ਕੀਤੀ ਗਈ ਮੈਂ ਉਸੇ ਹੀ ਦਫਤਰ ਵਿੱਚ ਰਹਿਣਾ ਸੀ।"
"ਯਾਰ ਸੁਰਿੰਦਰ! ਤੂੰ ਕਹਿੰਦਾ ਵਾਂ ਭਈ ਉਹ ਮੈਡਮ ਕਾਲੀ ਮਾਈ ਉਥੇ ਬੜੇ ਚਿਰ ਤੋਂ ਆਕੇ ਲੱਗੀ ਸੀ ਤੇ ਤੂੰ ਪਛਾਣੀ ਨਾ?" ਮੇਰੀ ਉਤਸੁਕ ਹੈਰਾਨੀ ਨੇ ਸਵਾਲ ਪੁੱਛ ਹੀ ਲਿਆ।
"ਪਛਾਣਦਾ ਕਿਦਾਂ? ਪਹਿਲਾਂ ਤਾਂ ਇਕ ਐਲ.ਡੀ.ਸੀ ਦਾ ਇੰਨੇ ਵੱਡੇ ਅਫਸਰ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ। ਦੂਜਾ ਉਹਦਾ ਦਫਤਰ ਤਿੰਨ ਗੈਲਰੀਆਂ ਤੋਂ ਵੀ ਅੱਗੇ ਸੀ। ਜਦੋਂ ਉਹ ਆਉਂਦੀ ਤਾਂ ਦੋ ਚਪੜਾਸੀ ਉਹਦੇ ਅੱਗੇ ਭੱਜੇ ਜਾਂਦੇ ਤੇ ਇਕ ਪੀ.ਏ. ਪਿਛੇ ਪਿਛੇ ਉਹਦਾ ਬਰੀਫ ਕੇਸ ਚੁੱਕੀ ਆਉਂਦਾ। ਉਹ ਹਾਕਮਾਨਾ ਆਵਾਜ਼ ਵਿੱਚ ਕੀਮਤੀ ਸਾੜੀ ਪਾਈ ਸੈਂਡਲ ਦੀ ਟਿੱਪਟਿਪ ਕਰਦੀ ਇਵੇਂ ਤੁਰਦੀ ਜਿਵੇਂ ਪ੍ਰਧਾਨ ਮੰਤਰੀ ਹੋਵੇ। ਮੇਰੀ ਤਾਂ ਕਦੇ ਹਿੰਮਤ ਹੀ ਨਹੀਂ ਪਈ ਉਦੇ ਵਲ ਝਾਕਣ ਦੀ ਯਾਰ ਧਰਮੂ!!"
"ਯਾਰ ਸੁਰਿੰਦਰ ਉਹਦਾ ਗੂੜਾ ਕਾਲਾ ਰੰਗ ਸੁਕੜੂ ਸਰੀਰ ਤੇਲ ਨਾਲ ਥੋਪੇ ਸਿਰ ਦੇ ਵਾਲ ਉਹ ਤਾਂ ਲੱਖਾਂ ਚੋਂ ਪਛਾਣੀ ਜਾਵੇ।"ਮੈਨੂੰ ਸੁਰਿੰਦਰ ਦੀ ਗਲ ਤੇ ਯਕੀਨ ਨਹੀਂ ਸੀ ਆਇਆ।
"ਰਹਿਣ ਦੇ ਧਰਮੂ ਉਹ ਗੱਲਾਂ ਸੁਠਿਆਲੇ ਕਾਲਜ ਵਾਲੀਆਂ। ਉਹ ਨਾਂ ਤੇ ਕਾਲੀ ਆ ਤੇ ਨਾ ਹੀ ਪਤਲੀ ਸੁਕੜੀ ਉਹਦੇ ਸਾਹਮਣੇ ਤਾਂ ਆਪਾਂ ਕਾਲੇ ਕਲੂਟੇ ਲਗੀਏ। ਉਹਦੇ ਸਿਰ ਦੇ ਵਾਲਾਂ ਦਾ ਜੁੜਾ!! ਸ਼ੈਂਪੂ ਤੇ ਕੰਡੀਸ਼ਨਰ ਨਾਲ ਹੋਏ ਬਰੀਕ ਅਤੇ ਰੇਸ਼ਮੀ ਵਾਲ ਤਾਂ ਕਿਸੇ ਹੀਰੋਇਨ ਦੇ ਵੀ ਨਾ ਹੋਣ। ਕੀਮਤੀ ਸਾੜੀ ਚਿਹਰੇ ਤੇ ਜਲਾਲ ਬਸ ਕੀ ਦੱਸਾਂ…"
ਸੁਰਿੰਦਰ ਚੁੱਪ ਹੋ ਗਿਆ।
"ਉਹ ਤੇਰੇ ਕਾਬੂ ਕਿਦਾਂ ਆ ਗਈ?" ਮੈਂ ਪੁਛ ਲਿਆ
"ਨਹੀਂ ਉਏ ਧਰਮੂ!! ਉਹ ਮੇਰੇ ਕਾਬੂ ਨਹੀਂ ਆਈ ਉਹਨੇ ਮੈਨੂੰ ਪੁਚਕਾਰ ਕੇ ਮੇਰੇ ਗਲ ਪਟਾ ਪਾ ਲਿਆ ਵਾ।"
"ਵਾਹ ਉਏ ਸੁਰਿੰਦਰ! ਤੂੰ ਤਾਂ ਕਾਲਜ ਵਿਚ ਬੜਾ ਹੀਰੋ ਸੀ। ਅੱਜ ਤੂੰ ਉਸ ਕਾਲੋ ਮਾਈ ਦਾ ਪਟੇ ਵਾਲਾ ਕਤੂਰਾ ਬਣਨਾ ਮਨਜੂਰ ਕਰ ਲਿਆ?
"ਮੈਂ ਤਾਂ ਇਹ ਲੱਖ ਵਾਰ ਮਨਜੂਰ ਕਰ ਲਵਾਂ। ਇਸ ਨਾਲ ਹੀ ਮੇਰੀਆਂ ਦੋਹਵੇਂ ਭੈਣਾਂ ਵਿਆਹੀਆਂ ਗਈਆਂ ਤੇ ਮੈਨੂੰ ਵੀ ਢੰਗ ਦੀ ਜਿੰਦਗੀ ਨਸੀਬ ਹੋਈ ਆ। ਯਾਦ ਕਰ ਆਪਣੇ ਕਾਲਜ ਦੇ ਦਿਨ। ਇਕ ਸਾਲ ਵਿਚ ਇਕ ਪੈਂਟ ਮਿਲਦੀ ਸੀ। ਦਰਜੀ ਦੀ ਸਵਾਈ ਦਾ ਵੀ ਹੁਦਾਰ ਕਰੀਦਾ ਸੀ ਤੇ ਉਹ ਦਰਜੀ ਰਾਹ ਰੋਕ ਰੋਕ ਕੇ ਸਵਾਈ ਦੇ ਪੈਸੇ ਮੰਗਦਾ ਹੁੰਦਾ ਸੀ। ਤੇ ਆਹ ਅੱਜ ਮੌਜ ਇਹ ਕੀਮਤੀ ਕੱਪੜੇ ਇਹ ਕਾਰ ਤੇ ਆਹ ਜੇਬ ਵਿਚ ਨੋਟਾਂ ਨਾਲ ਭਰਿਆ ਬਟੂਆ।ਅਮੀਰਾਂ ਦੇ ਕੁੱਤੇ ਵੀ ਬਿਸਕੁਟ ਖਾਂਦੇ ਆ। ਮੈਨੂੰ ਕੋਈ ਇਤਰਾਜ਼ ਨਹੀਂ ਤੇਰੀ ਕਾਲੋ ਮਾਈ ਦਾ ਪਾਲਤੂ ਕਤੂਰਾ ਬਣਨ ਤੇ।
"ਮੇਰੀ ਕਾਲੋ ਮਾਈ ਕਿਉਂ? ਹੁਣ ਤੇ ਉਹ ਤੇਰੀ ਆ ਸੁਰਿੰਦਰ।"
"ਤੂੰ ਕਿਹਾ ਵਾ ਕਾਲੋ ਮਾਈ। ਮੇਰੀ ਲਈ ਤਾਂ ਉਹ ਦੇਵੀ ਆ। ਖੂਬਸੂਰਤ ਪਿਆਰੀ ਤੇ ਮੇਰੀ ਮਾਲਕ…।"
ਸੁਰਿੰਦਰ ਦੇ ਕਥਨ ਵਿਚ ਸ਼ੁਕਰਾਨੇ ਦੀ ਝਲਕ ਸੀ।
"ਯਾਰ ਸੁਰਿੰਦਰ ਤੂੰ ਇਹ ਦੱਸ ਇਹ ਸਭ ਕੁਝ ਹੋਇਆ ਕਿਦਾਂ?"
"ਵੇਖ ਯਾਰ ਜਦੋਂ ਉਹਨੇ ਮੈਨੂੰ ਰੀਵਰਟ ਤੋਂ ਬਹਾਲ ਕੀਤਾ ਸੀ, ਉਦੋ ਤੋਂ ਦੋ ਢਾਈ ਮਹੀਨੇ ਬਾਅਦ ਵੀ ਮੈਂ ਉਹਨੂੰ ਪਛਾਣ ਨੀ ਸਕਿਆ। ਜੇ ਪਛਾਣ ਵੀ ਲੈਂਦਾ ਤਾਂ ਇੰਨੀ ਨਹੀਂ। ਅਫਸਰ ਨਾਲ ਗਲ ਤਾਂ ਨਹੀਂ ਕੀਤੀ ਜਾ ਸਕਦੀ, ਬੱਸ ਸਲਾਮ ਹੀ ਹੋ ਸਕਦੀ ਸੀ। ਕਦੇ ਸਲਾਮ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਇਕ ਦਿਨ ਫਿਰ ਮੈਨੂੰ ਉਹਦਾ ਬੁਲਾਵਾ ਪੇਸ਼ ਹੋਣ ਲਈ ਆਇਆ। ਇਸ ਵਾਰੀ ਮੈਂ ਡਰਿਆ ਤਾਂ ਨਾ ਪਰ ਸੁਚੇਤ ਹੋਕੇ ਉਹਦੇ ਦਰਵਾਜੇ ਤੇ ਜਾਕੇ ਅੰਦਰ ਆਉਣ ਦੀ ਆਗਿਆ ਮੰਗੀ। ਉਸ ਨੇ "ਕੰਮ ਇਨ" ਕਿਹਾ ਤੇ ਮੈਂ ਉਹਦੇ ਮੇਜ ਦੇ ਇਕ ਪਾਸੇ ਜਾਕੇ ਖੜ੍ਹਾ ਹੋ ਗਿਆ ਉਸ ਨੇ ਮੇਰੇ ਵੱਲ ਵੇਖਿਆ ਤੇ ਮੈਂ ਕੰਬ ਉਠਿਆ ਕਿ ਖਵਰੇ ਕੀ ਹੋਣ ਵਾਲਾ ਹੈ। "ਸਿਟ ਡਾਊਨ" ਉਸ ਨੇ ਕਿਹਾ ਪਰ ਕੰਨਾਂ ਤੋਂ ਸੁਣੀ ਗਈ ਗਲ ਦਾ ਮੈਨੂੰ ਯਕੀਨ ਹੀ ਨਾ ਆਇਆ। ਮੈਂ ਖੜਾ ਹੀ ਰਿਹਾ। ਮੈਨੂੰ ਫਿਰ ਉਹੀ ਅਵਾਜ ਸੁਣੀ" ਮਿਸਟਰ ਸੁਰਿੰਦਰ ਸਿਟ ਡਾਊਨ"
"ਯਾਰ ਧਰਮੂ! ਮੈਂ ਬਹਿ ਤਾਂ ਗਿਆ ਪਰ ਮੈਨੂੰ ਲੱਗੇ ਜਿਦਾਂ ਮੈਂ ਸੂਲਾਂ ਦੀ ਸੇਜ ਤੇ ਬਹਿ ਗਿਆ ਹੋਵਾਂ। ਇਕ ਗਰੀਬ ਕਲਰਕ ਲਈ ਸੈਕਟਰੀ ਲੈਵਲ ਦੇ ਅਫਸਰ ਦੇ ਸਾਹਮਣੇ ਕੁਰਸੀ ਤੇ ਬਹਿਣਾ ਤਾਂ ਬਕਰੀ ਦਾ ਸ਼ੇਰ ਦੇ ਸਾਹਮਣੇ ਬੈਠਣ ਵਾਂਗ ਈ ਹੁੰਦਾ ਆ। ਖੈਰ ਮੈਂ ਬਹਿ ਤਾਂ ਗਿਆ ਪਰ ਨੀਵੀਂ ਪਾਈ ਰੱਖੀ। ਬੋਲਣਾ ਤਾਂ ਮੈਂ ਕੀ ਸੀ?"
"ਸੁਰਿੰਦਰ! ਹੁਣ ਸੁਠਿਆਲੇ ਕਾਲਜ ਦਾ ਕੀ ਹਾਲ ਹੈ", ਧਰਮੇ ਯਾਰ ਜਦੋਂ ਉਹਦੀ ਗਲ ਪੰਜਾਬੀ ਵਿਚ ਮੈਨੂੰ ਸੁਣੀ ਤਾਂ ਮੈਂ ਦੰਗ ਰਹਿ ਗਿਆ। ਮੈਂ ਉਹਦੇ ਵੱਲ ਵੇਖਿਆ। ਇਉਂ ਜਰੂਰ ਲੱਗੇ ਕਿ ਜਿਦਾਂ ਕਿਤੇ ਵੇਖਿਆ ਹੋਵੇ ਪਰ ਕੁਝ ਸਮਝ ਨਾ ਆਵੇ। ਮੈਂ ਉਠ ਕੇ ਖੜਾ ਹੋ ਗਿਆ।
"ਤੁਸੀਂ ਸੁਠਿਆਲਾ ਕਾਲਜ ਕਿਹਾ," ਮੈਂ ਕੇਵਲ ਇਹੋ ਹੀ ਪੁਛ ਸਕਿਆ।
"ਹਾਂ! ਉਸ ਨੇ ਮੁਸਕਰਾ ਕੇ ਕਿਹਾ"
"ਤੁਸੀਂ? ਸੁਠਿਆਲਾ ਕਾਲਜ?" ਮੇਰੇ ਲਫਜ਼ ਲੜਖੜਾ ਰਹੇ ਸਨ।
"ਹਾਂ ਸੁਰਿੰਦਰ ਜੀ, ਉਸ ਕਾਲਜ ਵਿਚ ਮੈਂ ਤੁਹਾਡੀ ਕਲਾਸ ਫੈਲੋ ਸੀ। ਤੁਹਾਡੀ ਕਲਾਸ ਦੀ ਕਾਲੋ ਮਾਈ।" ਇਹ ਆਖ ਕੇ ਉਹ ਚੁੱਪ ਹੋ ਗਈ ਅਤੇ ਉਹਦੇ ਬੁਲ੍ਹਾਂ ਦੀ ਮੁਸਕਰਾਹਟ ਨੇ ਜਿਵੇਂ ਮੇਰੇ ਮੂੰਹ ਉਤੇ ਕਈ ਹਜਾਰ ਚਪੇੜਾਂ ਮਾਰ ਦਿੱਤੀਆਂ ਹੋਣ। ਜਿਸ ਕੁੜੀ ਦੇ ਅਸੀਂ ਕੋਲ ਲਗਣ ਨੂੰ ਵੀ ਤਿਆਰ ਨਹੀਂ ਸੀ ਜਿਸ ਪ੍ਰਤੀ ਸਾਡੀ ਨਾਪਸੰਦਗੀ ਨਫਰਤ ਦੀ ਹੱਦ ਤੱਕ ਗਈ ਹੋਈ ਸੀ ਉਸ ਦੀ ਮਿਹਰਬਾਨੀ ਮੇਰੀ ਭੈਣ ਦੇ ਵਿਆਹ ਤੇ ਮੇਰੀ ਨੌਕਰੀ ਚੰਗੀ ਕਰਨ ਦਾ ਕਾਰਨ ਬਣਿਆ ਸੀ। ਜਿਹਨੂੰ ਅਸੀਂ ਕਦੇ ਹੱਥ ਲੱਗਣ ਤੇ ਆਪਣੇ ਹੱਥ ਧੋਣ ਦੀ ਜਰੂਰਤ ਸਮਝਦੇ ਉਹਦੇ ਹੀ ਪੈਰਾਂ ਤੇ ਮੈਂ ਸਿਰ ਰੱਖਿਆ ਸੀ।" ਸੁਰਿੰਦਰ ਬੋਲਦਾ ਬੋਲਦਾ ਹੋਰ ਭਾਵੁਕ ਹੋ ਗਿਆ।
"ਯਾਰ ਤੂੰ ਸਾਰਾ ਵੇਰਵਾ ਦੱਸ। ਤੇਰਾ ਕਿਦਾਂ ਦਾਅ ਲੱਗਾ?"
ਨਹੀਂ ਸਮਝੇ! ਦਾਅ ਨਹੀਂ ਲੱਗਾ। ਮੈਂ ਤਾਂ ਆਪ ਹੀ ਆਪਣੇ ਗਲ ਵਿਚ ਪਟਾ ਪਵਾ ਕੇ ਖੁਸ਼ ਹਾਂ। ਉਹ ਔਰਤ ਸੀ ਤੇ ਮੈਂ ਮਰਦ। ਅਸੀਂ ਇੱਕ ਦੂਜੇ ਦੀ ਜਰੂਰਤ।ਵਿਆਹ ਕੋਈ ਰੀਤਾਂ ਰਸਮਾਂ ਦੀ ਪੂਰਤੀ ਨਹੀਂ ਹੁੰਦਾ ਇਸ ਤੋਂ ਬਗੈਰ ਵੀ ਔਰਤ ਅਤੇ ਮਰਦ ਇਕ ਦੂਜੇ ਨੂੰ ਪ੍ਰਵਾਨਿਤ ਅਤੇ ਇਕੱਠੇ ਹੋਕੇ ਵਿਆਹ ਤੋਂ ਵੱਧ ਖੁੱਸ਼ ਰਹਿ ਸਕਦੇ ਹਨ। ਉਹਦਾ ਕੋਈ ਅੱਗਾ ਪਿੱਛਾ ਨਹੀਂ। ਮਾਂ ਉਹਦੀ ਪਹਿਲਾਂ ਹੀ ਮਰੀ ਹੋਈ ਸੀ। ਜਦੋਂ ਉਹ ਅੰਮ੍ਰਿਤਸਰ ਨੌਕਰੀ ਕਰਦੀ ਸੀ ਤਾਂ ਉਦੋਂ ਪਿਉ ਵੀ ਮਰ ਗਿਆ ਸੀ। ਉਹ ਆਪਣੇ ਪਿਛੋਕੜ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੀ ਸੀ। ਉਹਦੇ ਸਾਕਾਂ ਨੇ ਉਹਦੇ ਨਾਲ ਫਾਇਦਾ ਲੈਣ ਲਈ ਨੇੜਤਾ ਬਣਾਉਣੀ ਚਾਹੀ। ਪਰ ਉਹਨੇ ਇਹੀ ਕਹਿ ਕੇ ਸਾਰੇ ਹੀ ਭਜਾ ਦਿੱਤੇ ਕਿ ਤੁਸੀਂ ਉਹੋ ਹੀ ਜੇ ਜਿਹੜੇ ਮੇਰੇ ਪਿਉ ਨੂੰ ਦੁਖੀ ਕਰਦੇ ਸੀ ਤੇ ਉਹ ਤੁਹਾਥੋਂ ਦੁਖੀ ਹੋ ਕੇ ਠੱਠੀ ਪਿੰਡ ਛੱਡ ਕੇ ਸੁਠਿਆਲੇ ਆਕੇ ਦਿਹਾੜੀ ਦੱਪਾ ਕਰਨ ਲੱਗ ਪਿਆ ਤੇ ਤੁਸੀਂ ਉਹਦੀ ਸੇਪ ਸੰਭਾਲ ਲਈ ਸੀ। ਅੱਜ ਕਿਹੜੇ ਮੂੰਹ ਨਾਲ ਮੇਰੇ ਕੋਲ ਆਉਂਦੇ ਜੇ। ਇਸ ਤਰ੍ਹਾਂ ਉਹਦਾ ਐਸ.ਸੀ. ਪਿਛੋਕੜ ਤਾਂ ਛੁੱਟ ਗਿਆ। ਉਹਨੂੰ ਦਲਿਤ ਸਮਝ ਕੇ ਕੋਈ ਬਰਾਬਰ ਦਾ ਅਫਸਰ ਉਹਦੇ ਨਾਲ ਵਿਆਹ ਕਰਨ ਲਈ ਅੱਗੇ ਨਾ ਆਇਆ। ਉਹ ਹੈ ਤਾਂ ਸੀ ਇਕੱਲੀ ਜਵਾਨ ਔਰਤ ਭਾਵੇਂ ਵੱਡੀ ਅਫਸਰ ਤਾਂ ਕੀ ਹੋਇਆ? ਹਰ ਔਰਤ ਨੂੰ ਮਰਦ ਤੇ ਹਰ ਮਰਦ ਨੂੰ ਔਰਤ ਦੀ ਲੋੜ ਹੁੰਦੀ ਆ। ਜਿਹੜੇ ਇਸ ਗਲ ਤੋਂ ਇੰਨਕਾਰ ਕਰਦੇ ਆ, ਉਹ ਅਸਲੀ ਝੂਠੇ ਹੁੰਦੇ ਆ। ਸਾਡੀ ਪਛਾਣ ਦਾ ਭੇਦ ਖੁਲ ਗਿਆ ਸੀ। ਅਸੀਂ ਔਰਤ ਤੇ ਮਰਦ ਤਾਂ ਹੈ ਹੀ ਸੀ। ਇਕ ਦੂਜੇ ਦੀ ਲੋੜ ਬਣ ਗਏ। ਪਤੀ ਪਤਨੀ ਅਸੀਂ ਬਣਨਾ ਨਹੀਂ ਹੈ। ਇਕੱਠੇ ਰਹਿੰਦੇ ਆ। ਉਸ ਨੇ ਮੇਰੀ ਨੌਕਰੀ ਛੁਡਾ ਕੇ ਮੈਨੂੰ ਇਕ ਪ੍ਰਾਈਵੇਟ ਕੰਪਨੀ ਵਿਚ ਮਨੇਜਰ ਲਵਾ ਦਿੱਤਾ ਆ। ਬੱਸ ਇਵੇਂ ਗੱਡੀ ਬੜੀ ਸੁਹਣੀ ਚਲ ਰਹੀ ਆ। ਅਸੀਂ ਉਥੇ ਉਹਦੀ ਕਾਰ ਵਿੱਚ ਸ਼ੀਲਾ ਕੌਲ ਦੀ ਉਡੀਕ ਵਿਚ ਬੈਠੇ ਸੀ। ਪਤਾ ਹੀ ਨਾ ਲੱਗਾ ਕਿ ਕਿਹੜਾ ਵੇਲੇ
ਇੰਨਾ ਟਾਈਮ ਲੰਘ ਗਿਆ। ਮੇਰੀ ਨਜ਼ਰ ਕਾਰ ਦੇ ਸ਼ੀਸ਼ੇ ਵਿਚੋਂ ਸਾਮਣੇ ਪਈ। ਥੋੜੀ ਹੀ ਦੂਰ ਸ਼ੀਲਾ ਤੇਜ ਤੇਜ ਤੁਰਦੀ ਆ ਰਹੀ ਸੀ। ਉਹ ਪੰਦਰਾਂ ਕੁ ਮਿੰਟ ਲੇਟ ਹੋ ਗਈ ਸੀ। ਤਾਂਹੀ ਤਾਂ ਕਾਹਲੀ ਕਾਹਲੀ ਤੁਰ ਰਹੀ ਸੀ। ਮੈਂ ਉਹਨੂੰ ਵੇਖ ਕੇ ਕਾਰ ਚੋਂ ਨਿਕਲ ਕੇ ਬਾਹਰ ਖੜਾ ਹੋ ਗਿਆ। ਉਹ ਮੈਨੂੰ ਵੇਖ ਕੇ ਮੁਸਕਰਾਈ। ਸੁਰਿੰਦਰ ਵੀ ਕਾਰ ਚੋਂ ਬਾਹਰ ਆ ਗਿਆ ਸੀ। ਮੈਂ ਦੋਹਾਂ ਦੀ ਜਾਣ ਪਹਿਚਾਣ ਕਰਵਾਈ। ਸੁਰਿੰਦਰ ਨੇ ਸ਼ੀਲਾ ਨੂੰ ਪਿਛਲੀ ਸੀਟ ਤੇ ਬਿਠਾ ਕੇ ਮੈਨੂੰ ਵੀ ਉਹਦੇ ਨਾਲ ਬੈਠਣ ਲਈ ਕਿਹਾ।ਪਰ ਮੈਂ ਸੁਰਿੰਦਰ ਨਾਲ ਹੀ ਅਗਲੀ ਸੀਟ ਤੇ ਬੈਠ ਗਿਆ। ਕਾਰ ਚਲੀ ਤੇ ਅਸੀਂ ਕਈ ਚੌਂਕ ਚੁਰਾਹੇ ਪਾਰ ਕਰਦੇ ਹੋਏ ਮੋਤੀ ਮਹੱਲ ਰੈਸਟੋਰੈਂਟ ਦਰਿਆ ਗੰਜ ਪਹੁੰਚ ਗਏ।
ਮੋਤੀ ਮਹੱਲ ਚੋਂ ਲੰਚ ਤੋਂ ਬਾਅਦ ਸੁਰਿੰਦਰ ਜਾ ਚੁੱਕਾ ਸੀ। ਮੈਂ ਤੇ ਸ਼ੀਲਾ ਉਥੋਂ ਪੈਦਲ ਚਲਦੇ ਹੋਏ ਗੋਲਚਾ ਥੀਏਟਰ ਪਹੁੰਚ ਗਏ। ਇਸ ਫਿਲਮ ਨੂੰ ਲੱਗਿਆਂ ਕਈ ਹਫਤੇ ਹੋ ਗਏ ਸਨ ਇਸ ਲਈ ਟਿਕਟ ਬਹੁਤ ਹੀ ਸੌਖੀ ਮਿਲ ਗਈ। ਇਹ ਫਿਲਮ ਮੁਗਲੇ ਆਜ਼ਮ ਸ਼ੀਲਾ ਆਪਣੀ ਸਹੇਲੀ ਨਾਲ ਵੇਖ ਚੁੱਕੀ ਸੀ ਪਰ ਇਸ ਫਿਲਮ ਦੇ ਮਸ਼ਹੂਰ ਗੀਤ "ਜਬ ਪਿਆਰ ਕੀਆ ਤੋਂ ਡਰਨਾ ਕਿਆ" ਨੂੰ ਸ਼ੀਲਾ ਅਕਸਰ ਗੁਣਗੁਣਾਉਂਦੀ ਰਹਿੰਦੀ ਸੀ। ਇਸ ਤੋਂ ਛੁੱਟ ਮੈਂ ਸ਼ੀਲਾ ਨੂੰ ਇਸ ਫਿਲਮ ਦੀ ਨਾਇਕਾ ਮਧੂਬਾਲਾ ਵਰਗੀ ਖੂਬਸੂਰਤ ਕਹਿੰਦਾ ਹੁੰਦਾ ਸੀ। ਸ਼ੀਲਾ ਬਹੁਤ ਗੋਰੀ ਅਤੇ ਖੂਬਸੂਰਤ ਤਾਂ ਸੀ ਪਰ ਉਹ ਮਧੂਬਾਲਾ ਦੇ ਨੇੜੇ ਤੇੜੇ ਵੀ ਨਹੀਂ ਸੀ। ਉਸਦੀ ਵਧਦੀ ਉਮਰ ਕਾਰਨ ਮੋਟਾਪੇ ਵਲ ਜਾ ਰਿਹਾ ਸਰੀਰ ਵਿਸ਼ੇਸ਼ ਕਰਕੇ ਭਰਵੀਂਆਂ ਛਾਤੀਆਂ ਅਤੇ ਪਿੱਠ ਉਹਨੂੰ ਮਧੂਬਾਲਾ ਵਰਗੀ ਨਾਰੀ ਤੋਂ ਦੂਰ ਹੀ ਰਖਦੇ ਸਨ। ਇਸ ਤੋਂ ਚੰਗੀ ਤਰ੍ਹਾਂ ਬਾਖਬਰ ਹੋਣ ਦੇ ਬਾਵਜੂਦ ਉਹਨੂੰ ਮਧੂਬਾਲਾ ਤੋਂ ਸੁਹਣੀ ਹੀ ਦਸਿਆ ਕਰਦਾ ਸੀ। ਇਸ ਫਿਲਮ ਵਿਚ ਬਹੁਤ ਹੀ ਖੂਬਸੂਰਤ ਫਿਲਮੀ ਹੀਰੋਇਨ ਮਧੂਬਾਲਾ ਆਪਣੇ ਇਸ਼ਕ ਵਿਚ ਕੁਰਬਾਨ ਹੋਕੇ ਨੀਹਾਂ ਵਿਚ ਚਿਣਵਾ ਦਿੱਤੀ ਜਾਂਦੀ ਹੈ। ਸ਼ੀਲਾ ਨੇ ਇਹੋ ਹੀ ਭਾਵ ਮੈਨੂੰ ਜਿਤਾਉਣ ਵਾਸਤੇ ਉਸ ਨਾਲ ਇਹ ਫਿਲਮ ਵੇਖਣ ਲਈ ਜੋਰ ਦਿੱਤਾ ਸੀ। ਹਾਲ ਵਿਚ ਦਾਖਲ ਹੋਣ ਸਮੇਂ ਸ਼ੀਲਾ ਨੂੰ ਪੂਰਾ ਯਕੀਨ ਸੀ। ਉਹ ਮਧੂਬਾਲਾ ਵਰਗੀ ਖੂਬਸੂਰਤ ਹੈ ਅਤੇ ਉਸ ਤੋਂ ਵੀ ਵੱਧ ਕੇ ਇਸ਼ਕ ਵਿਚ ਜਿਸ ਨੂੰ ਉਹ "ਗੈਰ ਕਾਨੂੰਨੀ" ਇਸ਼ਕ ਆਖ ਕੇ ਆਪਣੇ ਆਪ ਨੂੰ ਬਾਗੀਆਂ ਵਿਚ ਸ਼ਾਮਲ ਕਰ ਲੈਂਦੀ ਸੀ ਹਰ ਤਰ੍ਹਾਂ ਕੁਰਬਾਨ ਕਰਨ ਲਈ ਤਿਆਰ ਸੀ। ਉਹ ਮੇਰੀ ਹਰ ਇਕ ਇਛਾ ਪੂਰਤੀ ਲਈ ਸਦਾ ਤਿਆਰ ਰਹੇਗੀ। ਪਰ ਜਦੋਂ ਵੀ ਮੈਂ ਉਹਦੇ ਨਾਲ ਕੋਈ ਖੁਲ੍ਹ ਲੈਣ ਲਈ ਅੱਗੇ ਵਧਿਆ ਤਾਂ ਉਸ ਨੇ ਮੈਨੂੰ ਰੋਕ ਦਿੱਤਾ ਸੀ ਇਹ ਆਖ ਕੇ ਕਿ ਇਹ ਗੈਰ ਇਖਲਾਕੀ ਹੈ। ਮੈਂ ਉਸ ਵਲੋਂ ਗੈਰ ਕਨੂੰਨੀ ਅਤੇ ਗੈਰ ਇਖਲਾਕੀ ਦੇ ਫਰਕ ਨਾਲ ਭਾਵੇਂ ਸਹਿਮਤ ਤਾਂ ਨਹੀਂ ਹੋ ਸਕਿਆ ਪਰ ਮੈਂ ਉਸ ਨੂੰ ਖੁਸ਼ ਕਰਨ ਲਈ ਉਹਦੀਆਂ ਪ੍ਰੀਭਾਸ਼ਾਵਾਂ ਦੀ ਤਾਰੀਫ ਇਸ ਲਈ ਕਰਦਾ ਰਹਿੰਦਾ ਹਾਂ ।
ਫਿਲਮ ਸ਼ੁਰੂ ਹੋਈ। ਮਧੂਬਾਲਾ ਦੀ ਖੂਬਸੂਰਤੀ ਅਤੇ ਅਦਾਵਾਂ ਅਤੇ ਅੰਦਾਜ਼ ਗਜ਼ਬ ਢਾਹ ਰਹੇ ਸਨ। ਸਤਾਈ ਸਾਲ ਦੀ ਉਮਰ ਅਤੇ ਤਰੇਹਠ ਕਿਲੋ ਭਾਰ ਵਾਲੀ ਤਲਾਕਸ਼ਦਾ ਸ਼ੀਲਾ ਮੇਰੇ ਨਾਲ ਦੀ ਸੀਟ ਤੇ ਬੈਠੀ ਮੇਰੇ ਵਲ ਉਲਰਦੀ ਜਾਂਦੀ ਅਤੇ ਆਪਣਾ ਮੋਢਾ ਮੇਰੇ ਖੱਬੇ ਡੋਲੇ ਤੇ ਟਿਕਾ ਕੇ ਦਬਾਅ ਵਧਾ ਦਿੰਦੀ। ਮੈਂ ਜਵਾਬ ਵਿਚ ਉਹਦੇ ਵਲ ਝੁਕਦਾ ਤੇ ਉਹਦੀ ਕਮਰ ਦਵਾਲੇ ਆਪਣੀ ਬਾਂਹ ਵਲਾਅ ਦਿੰਦਾ। ਉਹਨੇ ਆਪਣੇ ਦੋਹਵੇਂ ਹੱਥ ਮੇਰੇ ਗੋਡਿਆਂ ਉਤੇ ਰੱਖ ਦਿੱਤੇ ਸਨ ਪਰ ਉਹਦਾ ਮਨ ਪਰਦੇ ਉੱਤੇ ਨੱਚ ਰਹੀ ਮਧੂਬਾਲਾ ਵਾਂਗ ਨੱਚਦਾ ਹੋਇਆ ਗੌਂ ਰਿਹਾ ਸੀ। "ਜਬ ਪਿਆਰ ਕੀਆ ਤੋਂ ਡਰਨਾ ਕਿਆ"
ਸ਼ੀਲਾ ਤਾਂ ਫਿਲਮ ਦੇ ਤਿੰਨ ਘੰਟਿਆਂ ਦੌਰਾਨ ਮਧੂਬਾਲਾ ਬਣ ਕੇ ਮੈਨੂੰ ਹੀ ਦਲੀਪ ਕੁਮਾਰ ਸਮਝਦੀ ਰਹੀ ਸੀ ਪਰ ਮੇਰਾ ਧਿਆਨ ਫਿਲਮ ਵਿਚ ਨਹੀਂ। ਮੇਰਾ ਧਿਆਨ ਤਾਂ ਸੁਰਿੰਦਰ ਅਤੇ ਕਾਲੋ ਮਾਈ ਜਿਹੜੀ ਹੁਣ ਦਲੀਪ ਕੌਰ ਠੱਠੀ ਬਣ ਚੁੱਕੀ ਸੀ ਅਤੇ ਉਹਦੇ ਦਫਤਰ ਦੇ ਬਾਹਰ ਲੱਗੀ ਹੋਈ ਨੇਮ ਪਲੇਟ ਉਤੇ ਉਹਦਾ ਨਾਂ ਡੀ.ਕੇ. ਠੱਠੀ ਆਈ.ਏ.ਐਸ. ਲਿਖਿਆ ਹੋਇਆ ਸੀ। ਲੋਕ ਉਸ ਨੂੰ ਮਿਸਿਜ਼ ਠਾਠੀ ਕਹਿੰਦੇ ਸਨ ਕਿਉਂਕਿ ਅੰਗਰੇਜੀ ਵਿਚ ਇਹੋ ਹੀ ਉਚਾਰਨ ਪ੍ਰਚਲਤ ਹੋ ਗਿਆ ਸੀ। ਸੁਰਿੰਦਰ ਦੇ ਦੱਸਣ ਅਨੁਸਾਰ ਉਹ ਕਾਲੋ ਮਾਈ ਹੁਣ ਅਸਲ ਵਿਚ ਹੀ ਠਾਠੀ ਸੀ। ਪੂਰੇ ਠਾਠ ਕਰ ਰਹੀ ਸੀ। ਉਸ ਨੇ ਤਾਂ ਇਕ ਬੰਦੇ ਨੂੰ "ਰਖੇਲ" ਵੀ ਬਣਾ ਰੱਖਿਆ ਸੀ। ਸੁਰਿੰਦਰ ਉਹਦਾ ਰਖੇਲ ਹੀ ਤਾਂ ਸੀ। ਰਖੇਲਾਂ ਤਾਂ ਰਈਸ ਅਮੀਰ ਬੰਦੇ ਰਖਦੇ ਸਨ। ਉਹ ਤਾਂ ਜਨਾਨੀਆਂ ਹੁੰਦੀਆਂ ਸਨ ਪਰ ਸੁਰਿੰਦਰ ਤਾਂ ਬੰਦਾ ਹੈ। ਉਹਨੂੰ ਕੀ ਆਖਿਆ ਜਾਵੇ? ਰਖੇਲਾ? ਕੁਝ ਵੀ ਕਹਿ ਲਈਏ ਉਹ ਜੋ ਵੀ ਹੈ ਬਹੁਤ ਖੁਸ਼ ਹੈ, ਬਿਲਕੁਲ ਉਹ ਕਤੂਰੇ ਵਾਂਗ ਜਿਹੜਾ ਗਲੀਆਂ ਵਿਚ ਭੁੱਖਾ ਭਾਣਾ ਤੁਰਿਆ ਫਿਰਦਾ ਹੋਏ ਅਤੇ ਅਚਾਨਕ ਹੀ ਕੋਈ ਉਸਨੂੰ ਚੁੱਕ ਕੇ ਆਪਣੀ ਗੋਦੀ ਵਿਚ ਲੈ ਲਵੇ। ਉਹਦੀ ਕੰਡ ਉਤੇ ਪਿਆਰ ਨਾਲ ਹੱਥ ਫੇਰੇ ਅਤੇ ਫਿਰ ਉਹਨੂੰ ਬਹੁਤ ਹੀ ਸਵਾਦੀ ਚੀਜਾਂ ਖਵਾਏ ਅਤੇ ਸਦਾ ਲਈ ਆਪਣੇ ਕੋਲ ਰੱਖ ਲਵੇ। ਨਾ ਤਾਂ ਕਤੂਰੇ ਦਾ ਜੀਅ ਜਾਣ ਨੂੰ ਕਰੇ ਅਤੇ ਨਾ ਹੀ ਰੱਖਣ ਵਾਲੇ ਦਾ ਜੀ ਉਹਨੂੰ ਕੱਢਣ ਨੂੰ ਕਰੇ। ਮੈਨੂੰ ਲੱਗਾ ਕਿ ਕਾਲੋ ਮਾਈ ਅਤੇ ਸੁਰਿੰਦਰ ਵਿਚਕਾਰ ਇਹੋ ਜਿਹਾ ਹੀ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਦੋਹਾਂ ਨੂੰ ਹੀ ਪੂਰੀ ਤਰ੍ਹਾਂ ਪ੍ਰਵਾਨ ਅਤੇ ਉਹਨਾਂ ਦੀ ਖੁਸ਼ੀ ਦਾ ਕਾਰਜ ਸੀ ਪਰ ਮੇਰੇ ਅਤੇ ਸ਼ੀਲਾ ਵਿਚ ਕਿਹੜਾ ਰਿਸ਼ਤਾ ਸੀ। ਗੈਰ ਕਨੂੰਨੀ ਇਸ਼ਕ? ਇਸ ਤੋਂ ਪ੍ਰਾਪਤੀ ਕੀ ਸੀ? ਮੈਂ ਭਾਵੇਂ ਫਿਲਮ ਵੇਖਣ ਦੌਰਾਨ ਸ਼ੀਲਾ ਦੇ ਕਿਸੇ ਨਾ ਕਿਸੇ ਅੰਗ ਤੇ ਆਪਣਾ ਹੱਥ ਫੇਰ ਦਿੰਦਾ ਸੀ। ਹਲਕੀ ਜਹੀ ਚੂੰਢੀ ਵੱਢ ਦਿੰਦਾ ਸੀ ਤਾਂ ਕਿ ਉਹਨੀ ਮੇਰੀ ਹਾਜਰੀ ਅਤੇ ਉਸ ਵਿਚ ਮੇਰੀ ਆਸ਼ਕਾਨਾ ਰੁੱਚੀ ਦਾ ਅਹਿਸਾਸ ਰਹੇ ਪਰ ਸੋਚ ਮੇਰੀ ਕਿਤੇ ਹੋਰ ਹੀ ਸੀ।
ਕਾਲੋ ਮਾਈ ਉਰਫ ਦੀਪੋ ਦਾ ਪਿਉ ਪਿੰਡ ਠੱਠੀ ਵਿਚ ਆਮ ਹਰੀਜਨਾਂ ਵਾਂਗ ਜਿਮੀਦਾਰਾਂ ਦੇ ਸੇਪ ਕਰਦਾ ਸੀ। ਛੇ ਸੱਤ ਘਰਾਂ ਦਾ ਗੋਹਾ ਕੂੜਾ ਉਹਦੇ ਘਰ ਵਾਲੀ ਜਿਸਦਾ ਨਾਂ ਦਾਤੋ ਸੀ ਕਰਿਆ ਕਰਦੀ ਸੀ। ਦੀਪੋ ਉਰਫ ਕਾਲੋ ਮਾਈ ਦਾ ਪਿਉਂ ਜੱਟਾਂ ਦੇ ਖੇਤਾਂ ਵਿਚ ਕੰਮ ਕਰਕੇ ਥੋੜਾ ਬਹੁਤ ਕਮਾ ਲੈਂਦਾ। ਉਹਨਾਂ ਦਾ ਘਰ ਇਕ ਹੀ ਕੱਚੇ ਕੋਠੇ ਵਾਲਾ ਸੀ।
ਉਹਨਾਂ ਇਕ ਬਕਰੀ ਵੀ ਰੱਖੀ ਹੋਈ ਸੀ ਜਿਸ ਦੀ ਸਾਂਭ ਸੰਭਾਲ ਦੀਪੋ ਉਰਫ ਕਾਲੋ ਮਾਈ ਨੂੰ ਹੀ ਕਰਨੀ ਪੈਂਦੀ ਸੀ। ਦੀਪੋ ਦੀ ਮਾਂ ਨੂੰ ਆਪਣੀ ਧੀ ਨੂੰ ਪੜਾਉਣ ਦੀ ਬਹੁਤ ਹੀ ਤਮੰਨਾ ਸੀ। ਦੀਪੋ ਪਿੰਡ ਵਿਚੋਂ ਜਦੋਂ ਪ੍ਰਾਇਮਰੀ ਕਰਕੇ ਦੋ ਮੀਲ ਦੂਰ ਸੁਠਿਆਲੇ ਦੇ ਹਾਈ ਸਕੂਲ ਵਿਚ ਦਾਖਲ ਕਰਾ ਦਿੱਤੀ ਗਈ। ਹਰੀਜਨ ਹੋਣ ਕਰਕੇ ਉਹਦੀ ਫੀਸ ਮਾਫ ਸੀ। ਬਹੁਤ ਹੀ ਹੁਸ਼ਿਆਰ ਹੋਣ ਕਰਕੇ ਵਜੀਫਾ ਵੀ ਮਿਲਦਾ ਸੀ।ਉਹ ਤੁਰਕੇ ਹੀ ਸਕੂਲ ਜਾਂਦੀ ਜਦਕਿ ਉਹਦੇ ਪਿੰਡ ਠੱਠੀ ਦੇ ਦੂਜੇ ਮੁੰਡੇ ਕੁੜੀਆਂ ਸਾਈਕਲਾਂ ਉਤੇ ਉਹਦੇ ਕੋਲੋਂ ਦੀ ਸ਼ੂਂਅ ਕਰਕੇ ਉਹਨੂੰ ਹਿਕਾਰਤ ਦੀ ਨਜਰ ਨਾਲ ਵੇਖਕੇ ਬਗੈਰ ਬੁਲਾਇਆਂ ਲੰਘ ਜਾਂਦੇ। ਉਹਦੇ ਪੈਰੀਂ ਚਮੜੇ ਦੀ ਦੇਸੀ ਜੁੱਤੀ ਹੁੰਦੀ ਸੀ। ਉਹਦੀ ਜੁੱਤੀ ਨੂੰ ਵੀ ਉਹਦੇ ਸਿਰ ਦੇ ਵਾਲਾਂ ਵਾਂਗ ਹੀ ਸਰੋਂ ਦਾ ਤੇਲ ਲੱਗਾ ਹੁੰਦਾ ਸੀ। ਤਾਂ ਕਿ ਸਖਤ ਧੌੜੀ ਨਰਮ ਹੋ ਜਾਵੇ। ਤੇਲ ਲੱਗੀ ਜੁੱਤੀ ਉਤੇ ਕੱਚੇ ਰਾਹ ਦਾ ਘੱਟਾ ਜਮ ਜਾਂਦਾ। ਤੇਜ ਤੇਜ ਤੁਰਨ ਨਾਲ ਉਹਦੀ ਸਲਵਾਰ ਦੇ ਪਹੁੰਚੇ ਵੀ ਘੱਟੇ ਨਾਲ ਲੱਥ ਪੱਥ ਹੋ ਜਾਂਦੇ। ਉਹਨੂੰ ਇਸ ਸਭ ਦੀ ਕੋਈ ਪ੍ਰਵਾਹ ਨਹੀਂ ਸੀ।
ਜਦੋਂ ਦੀਪੋ ਉਰਫ ਕਾਲੋ ਮਾਈ ਦੀ ਮਾਂ ਮਲੇਰੀਆ ਬੁਖਾਰ ਵਿਗੜ ਕੇ ਟਾਈਫਾਈਡ ਨਾਲ ਮਰ ਗਈ ਤਾਂ ਇਵੇਂ ਲਗਦਾ ਸੀ ਕਿ ਜਿਵੇਂ ਦੀਪੋ ਨੂੰ ਬਹੁਤੀ ਹੈਰਾਨੀ ਨਾ ਹੋਈ ਹੋਵੇ। ਉਹਨੂੰ ਆਪਣੇ ਵਿਹੜੇ ਦਾ ਇਹ ਇਕ ਆਮ ਜਿਹਾ ਹੀ ਵਰਤਾਰਾ ਲੱਗਾ ਸੀ। ਉਹਦੀ ਇਕ ਤਾਈ ਅਤੇ ਉਹਦੇ ਵਿਹੜੇ ਵਿਚਲੀਆਂ ਚਾਰ ਪੰਜ ਹੋਰ ਅੱਧਖੜ ਜਨਾਨੀਆਂ ਕੁਝ ਦਿਨ ਬਿਮਾਰ ਰਹਿਣ ਨਾਲ ਮਰ ਚੁੱਕੀਆਂ ਸਨ। ਇਲਾਜ ਦੇ ਨਾਂ ਤੇ ਉਹ ਕੁਝ ਝਾੜਾ ਤਵੀਤ ਅਤੇ ਸੌਂਫ ਜਵੈਣ ਦਾ ਹੀ ਸਹਾਰਾ ਲੈਂਦੇ ਸਨ। ਸੁੱਚਾ ਸਿੰਘ ਨੂੰ ਦੀਪੋ ਦੀ ਮਾਂ ਦੀ ਮੌਤ ਦਾ ਦੁੱਖ ਉਸ ਵਕਤ ਹੋਇਆ ਜਦੋਂ ਉਹਨਾਂ ਘਰਾਂ ਨੇ ਉਹਦੇ ਕੋਲੋਂ ਗੋਹੇ ਕੂੜੇ ਦਾ ਕੰਮ ਕਰਵਾਉਣ ਤੋਂ ਨਾਂਹ ਕਰਵਾ ਦਿੱਤੀ। ਉਹਨਾਂ ਜੱਟ ਘਰਾਂ ਦਾ ਕਹਿਣਾ ਸੀ ਕਿ ਗੋਹੇ ਕੁੜੇ ਦੀ ਸੇਪ ਤਾਂ ਜਨਾਨੀਆਂ ਹੀ ਕਰਦੀਆਂ ਹਨ। ਬੰਦੇ ਕੋਲੋਂ ਇਹ ਕੰਮ ਨਹੀਂ ਕਰਵਾਉਣਾ। ਅਸਲ ਵਿਚ ਇਸ ਦੇ ਪਿਛੇ ਉਹਦੇ ਸਰੀਕੇ ਵਾਲਿਆਂ ਦੀ ਹੀ ਨਿੰਦਿਆਂ ਚੁਗਲੀ ਤੇ ਸਾਜਸ਼ ਸੀ। ਇਕ ਤਾਂ ਉਹ ਦੀਪੋ ਦੀ ਪੜ੍ਹਨ ਤੋਂ ਈਰਖਾ ਕਰਕੇ ਸਨ ਤੇ ਦੂਸਰਾ ਉਹ ਆਪ ਇਹ ਕੰਮ ਸੰਭਾਲਨਾ ਚਾਹੁੰਦੇ ਸਨ। ਉਹਨਾਂ ਦੀ ਸਾਜ਼ਸ਼ ਅਤੇ ਨਿੰਦਿਆ ਚੁਗਲੀ ਸਫਲ ਹੋਈ। ਸੁੱਚਾ ਸਿੰਘ ਨੂੰ ਗੋਹਾ ਸੁੱਟਣ ਦਾ ਕੰਮ ਨਾ ਮਿਲ ਸਕਿਆ ਉਹ ਆਪਣੀ ਬਕਰੀ ਵੇਚ ਕੇ ਅਤੇ ਕੱਚੇ ਕੋਠੇ ਨੂੰ ਜਿੰਦਾ ਲਾਕੇ ਆਪਣੀ ਧੀ ਦੀਪੋ ਨੂੰ ਨਾਲ ਲੈ ਕੇ ਸੁਠਿਆਲੇ ਆ ਕੇ ਦਿਹਾੜੀ ਕਰਨ ਲੱਗ ਪਿਆ। ਇਥੇ ਆਕੇ ਪਿਉ ਧੀ ਦੋਹਵੇਂ ਹੀ ਸੋਖੇ ਹੋ ਗਏ। ਇਕਤਾਂ ਦੀਪੋ ਨੂੰ ਬੱਕਰੀ ਨਹੀਂ ਸੀ ਸੰਭਾਲਣੀ ਪੈਂਦੀ ਤੇ ਦੂਸਰਾ ਇਥੇ ਪਾਣੀ ਦੀ ਬੜੀ ਮੌਜ ਸੀ। ਠੱਠੀ ਪਿੰਡ ਵਿਚ ਤਾਂ ਦੀਪੋ ਨੂੰ ਹਲਟੀ ਤੋਂ ਜਾਕੇ ਦੋ ਘੜੇ ਪਾਣੀ ਲਿਆਉਣਾ ਪੈਂਦਾ ਸੀ ਪਰ ਇਥੇ ਤਾਂ ਉਸ ਖੁਲੇ ਅਹਾਤੇ ਵਿਚ ਹੀ ਨਲਕਾ ਸੀ ਜਿਸ ਵਿਚ ਇਕ ਕੋਠੜੀ ਵਿਚ ਉਹ ਆਪਣੇ ਪਿਉ ਨਾਲ ਰਹਿੰਦੀ ਸੀ। ਇਹ ਕੋਠੜੀ ਉਹਦੇ ਪਿਉ ਨੂੰ ਹਰਬੰਤ ਸਿੰਘ ਘਈ ਨੇ ਮੁਫਤ ਹੀ ਰਹਿਣ ਲਈ ਦਿੱਤੀ ਸੀ।ਪਰ ਸ਼ਰਤ ਇਹ ਸੀ ਕਿ ਉਸ ਖਾਲੀ ਪਏ ਅਹਾਤੇ ਦੀ ਝਾੜੂ ਬੁਹਾਰੀ ਉਹਨਾਂ ਨੂੰ ਕਰਨੀ ਪਵੇਗੀ। ਇਹ ਕੰਮ ਦੀਪੋ ਕਰ ਦਿੰਦੀ ਹੁੰਦੀ ਸੀ। ਪੱਕੇ ਫਰਸ਼ ਵਾਲੀ ਇਸ ਕੋਠੜੀ ਵਿਚ ਇਕ ਬਾਰੀ ਅਤੇ ਇਕ ਰੋਸ਼ਨਦਾਨ ਦੇ ਨਾਲ ਦਰਵਾਜਿਆਂ ਤੋਂ ਬਗੈਰ ਇਕ ਅਲਮਾਰੀ ਵੀ ਸੀ। ਇਸ ਖਾਨਿਆਂ ਵਾਲੀ ਅਲਮਾਰੀ ਵਿਚ ਉਹ ਆਪਣੀਆਂ ਕਿਤਬਾਂ ਰੱਖ ਲੈਂਦੀ ਹੁੰਦੀ ਸੀ। ਉਹ ਮਜ੍ਹਬੀ ਸਨ। ਇਸ ਲਈ ਉਹਨਾਂ ਦੀ ਗੋਤ ਜਾਂ ਸਰਨੇਮ ਕੀ ਹੋਵੇ? ਇਸ ਦਾ ਮਸਲਾ ਕਾਲੋ ਮਾਈ ਨੇ ਆਪਣੇ ਨਾਂ ਅੱਗੇ ਪਿੰਡ ਦਾ ਨਾਂ ਹੀ ਲਗਾ ਲਿਆ ਸੀ। ਇਹ ਉਸ ਮੌਕੇ ਦੇ ਮੁੱਖਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਤੋਂ ਸੁਝਿਆ ਸੀ। ਉਹਦੀ ਗੋਤ ਹੈ ਤਾਂ ਢਿੱਲੋਂ ਸੀ ਪਰ ਉਹ ਸਰਨੇਮ ਦੇ ਥਾਂ ਪਿੰਡ ਦਾ ਨਾਂ ਕੈਰੋਂ ਲਾਉਂਦਾ ਸੀ। ਇਕ ਵਾਰ ਪ੍ਰਤਾਪ ਸਿੰਘ ਕੈਰੋਂ ਦੀਪੋ ਦੇ ਕਾਲਜ ਇਨਾਮ ਵੰਡਣ ਆਇਆ ਸੀ ਅਤੇ ਸਾਰੇ ਹੀ ਵਿਸ਼ਿਆਂ ਚੋਂ ਫਸਟ ਆਉਣ ਤੇ ਦੀਪੋ ਨੇ ਵੀ ਉਹਨਾਂ ਦੇ ਹੱਥੋਂ ਹੀ ਇਨਾਮ ਲਿਆ ਸੀ। ਉਦੋਂ ਤੋਂ ਹੀ ਉਸ ਨੇ ਆਪਣੇ ਨਾਂ ਨਾਲ ਪਿੰਡ ਦਾ ਨਾਂ ਠੱਠੀ ਜੋੜ ਲਿਆ ਸੀ ਪਰ ਅੰਗਰੇਜੀ ਵਿਚ ਇਹ ਠੱਠੀ ਤੋਂ ਠਾਠੀ ਬਣ ਗਿਆ ਸੀ। ਕਾਲੋ ਮਾਈ ਵੀ ਦਲੀਪ ਕੌਰ ਠੱਠੀ ਤੋਂ ਡੀ.ਕੇ. ਠਾਠੀ, ਆਈ.ਏ.ਐਸ ਬਣ ਗਈ ਸੀ। ਇਸ ਤਰ੍ਹਾਂ ਚੰਗਾ ਹੀ ਹੋਇਆ ਕਿ ਉਹਦੇ ਨਾਂ ਨਾਲੋਂ ਉਸ ਪਿੰਡ ਦਾ ਸੰਬਧ ਟੁੱਟ ਗਿਆ ਜਿਥੇ ਉਹਦਾ ਅਪਮਾਨ ਹੁੰਦਾ ਸੀ ਅਤੇ ਉਹਦੇ ਆਪਣੇ ਹੀ ਸਰੀਕੇ ਨੇ ਉਹਦੇ ਪਿਉ ਦਾ ਧੰਧਾ ਖੋਹ ਲਿਆ ਸੀ।
ਹੁਣ ਉਹਦੇ ਪੂਰੇ ਠਾਠ ਹਨ ਅਤੇ ਠਾਠੀ ਨਾਂ ਜਾਂ ਸਰਨਾਮ ਉਹਦੇ ਲਈ ਪੂਰੀ ਤਰ੍ਹਾਂ ਉਚਿਤ ਹੀ ਤਾਂ ਹੈ।
ਕਿਦਾਂ ਆਇਆ ਹੋਵੇਗਾ ਉਹਦੇ ਵਿਚ ਪ੍ਰੀਵਰਤਨ? ਸੁਰਿੰਦਰ ਤਾਂ ਕਹਿੰਦਾ ਸੀ ਕਿ ਹੁਣ ਉਹਦਾ ਰੰਗ ਕਾਲਾ ਨਹੀਂ ਹੈ। ਉਹ ਖੂਬਸੂਰਤ ਹੈ। ਉਹਦੇ ਨੈਣ ਨਕਸ਼ ਤਿੱਖੇ ਹਨ। ਉਹਦੇ ਵਿਚ ਅੰਤਾਂ ਦਾ ਆਤਮ ਵਿਸ਼ਵਾਸ ਅਤੇ ਸ਼ਾਨ ਹੈ। ਉਹਨੂੰ ਸਰਕਾਰੀ ਕੋਠੀ, ਕਾਰ ਅਤੇ ਡਰਾਈਵਰ ਮਿਲਿਆ ਹੋਇਆ ਹੈ। ਡਰਾਈਵਰ ਕਾਰ ਰੋਕ ਕੇ ਖਿੜਕੀ ਖੋਲਦਾ ਹੈ ਤਾਂ ਉਹ ਕਾਰ ਚੋਂ ਬਾਹਰ ਨਿਕਲਦੀ ਹੈ। ਇਸੇ ਹੀ ਤਰ੍ਹਾਂ ਪਹਿਲਾ ਡਰਾਈਵਰ ਕਾਰ ਦੀ ਖਿੜਕੀ ਖੋਲ੍ਹ ਕੇ ਉਹਨੂੰ ਬਿਠਾਉਂਦਾ ਹੈ।
ਚਪੜਾਸੀ ਉਹਦਾ ਬਰੀਫਕੇਸ ਰੱਖਦਾ ਹੈ ਤਾਂ ਹੀ ਆਗਿਆ ਲੈਕੇ ਡਰਾਈਵਰ ਕਾਰ ਚਲਾਉਂਦਾ ਹੈ। ਇਹ ਉਹੋ ਹੀ ਕਾਲੋ ਮਾਈ ਹੈ?
ਹਾਲ ਵਿਚ ਫਿਲਮ ਚਲਦੀ ਰਹੀ। ਸ਼ੀਲਾ ਆਪਣੇ ਆਪ ਨੂੰ ਮਧੂਬਾਲਾ ਸਮਝ ਕੇ ਪਰਦੇ ਉਤੇ ਚਲ ਰਹੀਆਂ ਤਸਵੀਰਾਂ ਵਿਚ ਖੋਹੀ ਰਹੀ। ਮੈਂ ਉਹਨੂੰ ਆਪਣੀ ਹਾਜਰੀ ਦਾ ਅਹਿਸਾਸ ਕਰਵਾਉਂਦੇ ਰਹਿਣ ਲਈ ਉਹਦਾ ਮੋਢਾ ਆਪਣੇ ਮੋਢੇ ਨਾਲ ਲੱਗਾ ਰਹਿਣ ਲਈ ਉਹਦੇ ਵਾਲ ਥਕ ਜਾਣ ਦੇ ਬਾਵਜੂਦ ਝੁਕਾਈ ਰੱਖਿਆ ਪਰ ਸੋਚ ਮੇਰੀ ਕਾਲੋ ਮਾਈ ਉਰਫ ਦੀਪੋ ਉਰਫ ਡੀ.ਕੇ. ਠਾਠੀ ਉਤੇ ਹੀ ਟਿਕੀ ਰਹੀ।
ਉਹ ਬਦਸੂਰਤ ਲੜਕੀ ਸੁਹਣੀ ਕਿਵੇਂ ਬਣ ਗਈ? ਮੇਰੇ ਸਾਹਮਣੇ ਇਕ ਤਕੜਾ ਸੁਆਲ ਸੀ। ਘਟੋ ਘਟ ਰੰਗ ਤਾਂ ਗੋਰਾ ਨਹੀਂ ਹੋ ਸਕਦਾ। ਮੈਂਨੂੰ ਸੁੰਦਰਤਾ ਦੀ ਸਮੱਗਰੀ ਦੇ ਕਈ ਇਸ਼ਤਿਹਾਰ ਯਾਦ ਆ ਗਏ। ਇਹ ਵੀ ਖਿਆਲ ਆਇਆ ਕਿ ਕਾਲੋ ਮਾਈ ਕਪੜੇ ਧੋਣ ਵਾਲੇ ਸਾਬਣ ਨਾਲ ਕੰਧ ਕੋਲ ਮੰਜਾ ਖੜਾ ਕਰਕੇ ਪਾਣੀ ਦੀ ਕੇਵਲ ਇਕ ਬਾਲਟੀ ਨਾਲ ਹੀ ਨਹਾਉਂਦੀ ਹੋਵੇਗੀ। ਨਾ ਉਹਨੂੰ ਫਲ ਨਸੀਬ ਹੋਏ ਸਨ ਅਤੇ ਨਾਹੀ ਦੁੱਧ ਦਾ ਗਲਾਸ। ਜਦੋਂ ਉਹ ਅਮੀਰ ਹੋਈ ਹੋਵੇਗੀ ਤਾਂ ਸਭ ਤੋਂ ਪਹਿਲਾਂ ਉਹਨੇ ਆਪਣੀ ਖੁਰਾਕ ਵਿਚ ਦੁੱਧ, ਫਲ ਅੰਡੇ ਆਦਿ ਸ਼ਾਮਲ ਕੀਤੇ ਹੋਣਗੇ। ਫਿਰ ਉਸ ਨੇ ਵਧੀਆ ਕਪੜੇ ਤੋਂ ਫੈਸ਼ਨਦਾਰ ਸੂਟ ਸਵਾਏ ਹੋਣਗੇ। ਸਰੋ ਦੇ ਤੇਲ ਦੇ ਥਾਂ ਵਧੀਆ ਵਧੀਆ ਕਰੀਮਾਂ ਅਤੇ ਲੋਸ਼ਨ ਵਰਤੇ ਹੋਣਗੇ। ਚੰਗੀ ਖੁਰਾਕ ਨਾਲ ਉਹਦਾ ਸੁਕੜਾ ਸਰੀਰ ਭਰ ਕੇ ਸਡੌਲ ਬਣ ਗਿਆ ਹੋਵੇਗਾ। ਉਹਦੀਆਂ ਛਾਤੀਆਂ ਅਤੇ ਪਿੱਠ ਦੇ ਉਭਾਰ ਵੀ ਵਿਕਸਤ ਹੋ ਗਏ ਹੋਣਗੇ। ਮੈਨੂੰ ਯਾਦ ਆਇਆ ਮੇਰੀ ਇਕ ਕਜਨ ਮਾਮੇ ਦੀ ਧੀ ਨੇ ਦੱਸਿਆ ਸੀ ਕਿ ਉਹ ਬਿਮਾਰ ਰਹੀ ਸੀ, ਉਹਦਾ ਭਾਰ ਸੱਤਰ ਕਿਲੋ ਤੋਂ ਘੱਟ ਕੇ ਪੰਜਾਹ ਕਿਲੋ ਰਹਿ ਗਿਆ ਸੀ। ਖਲੜੀ ਢਿੱਲੇ ਪੈਣ ਨਾਲ ਉਹਦਾ ਰੰਗ ਕਾਲਾ ਹੋ ਗਿਆ ਸੀ। ਕਾਲੋ ਮਾਈ ਨਾਲ ਵੀ ਤਾਂ ਇਸ ਤੋਂ ਉਲਟ ਹੋਇਆ ਹੋਵੇਗਾ। ਜਦੋਂ ਇਹਦਾ ਭਾਰ ਵੀਹ ਕਿਲੋ ਵਧਿਆ ਹੋਵੇਗਾ ਤਾਂ ਇਹਦੀ ਖਲੜੀ ਕੱਸੀ ਗਈ ਹੋਵੇਗੀ। ਸਾਰੇ ਵੱਟ ਨਿਕਲ ਗਏ ਹੋਣਗੇ। ਉਹ ਗੋਰੀ ਹੋ ਗਈ ਹੋਵੇਗੀ। ਨਾਲ ਵਧੀਆ ਸਿਹਤ ਕਾਸਮੈਟਿਕਸ ਆਦਿ ਦਾ ਪ੍ਰਯੋਗ ਬਣ ਠਣ ਕੇ ਰਹਿਣਾ। ਉਹ ਜਰੂਰ ਹੀ ਖੂਬਸੂਰਤ ਹੋ ਗਈ ਹੋਵੇਗੀ ।ਇਕ ਨੀਗਰੋ ਕਾਲਾ ਗਾਇਕ ਹਾਲੀਵੁਡ ਵਿਚ ਪਲਾਸਟਿਕ ਸਰਜਰੀ ਕਰਵਾ ਕੇ ਗੋਰਾ ਹੋ ਗਿਆ ਸੀ। ਇਹ ਕਾਲੋਮਾਈ ਵੀ ਜਰੂਰ ਗੋਰੀ ਹੋ ਗਈ ਹੋਵੇਗੀ।
ਫਿਲਮ ਖਤਮ ਹੋਈ। ਅਸੀਂ ਉਠੇ। ਫਿਲਮ ਵਿੱਚ ਅਕਬਰ ਨੇ ਅਨਾਰਕਲੀ ਨੂੰ ਨੀਹਾਂ ਵਿਚ ਚੁਣਵਾਉਣ ਦਾ ਹੁਕਮ ਸੁਣਾ ਦਿੱਤਾ ਸੀ। ਇਸ ਤਰ੍ਹਾਂ ਇਸ਼ਕ ਤੋਂ ਕੁਰਬਾਨ ਹੋਣ ਦਾ ਅਹਿਸਾਸ ਸ਼ੀਲਾ ਦੇ ਮਨ ਵਿੱਚ ਸੀ। ਉਹ ਮੈਨੂੰ ਸਲੀਮ ਅਤੇ ਆਪਣੇ ਆਪ ਨੂੰ ਅਨਾਰਕਲੀ ਸਮਝਦੀ ਹੋਈ ਮੇਰੇ ਨਾਲ ਬੱਸ ਸਟੈਂਡ ਵਲ ਤੁਰੀ ਜਾ ਰਹੀ ਸੀ। ਪੌਣੇ ਸੱਤ ਵਜੇ ਸਾਨੂੰ ਇੰਡੀਆ ਗੇਟ ਦੀ ਬੱਸ ਮਿਲੀ। ਅਸੀਂ ਥੋੜਾ ਜਿਹਾ ਤੁਰਕੇ ਬੋਅਟਸ ਕਲੱਬ ਦੇ ਨਾਲ ਦੇ ਉਸੇ ਹੀ ਖੂੰਜੇ ਵਿਚ ਜਾ ਬੈਠੇ ਜਿਥੇ
ਜਾਮਣ ਦਾ ਇਕ ਦਰੱਖਤ ਬਿਜਲੀ ਦੀਆਂ ਰੋਸ਼ਨੀਆਂ ਵਿਚ ਰੁਕਾਵਟ ਪਾਉਂਦਾ ਹੈ। ਇਸ ਤਰ੍ਹਾਂ ਹੋਣ ਵਾਲੇ ਹਨੇਰੇ ਵਿੱਚ ਸਾਨੂੰ ਏਕਾਂਤ ਅਤੇ ਕਈ ਕੁਝ ਕਰਨ ਦੀ ਖੁਲ ਮਿਲ ਜਾਂਦੀ ਹੈ।
"ਬੋਲ ਮੇਰੀ ਮਧੂਬਾਲਾ" ਮੈਂ ਸ਼ੀਲਾ ਦੇ ਦੋਹਵੇਂ ਮੋਢੇ ਫੜ੍ਹ ਕੇ, ਆਪਣੇ ਸਾਹਮਣੇ ਬੈਠੀ ਹੋਈ ਨੂੰ ਕਿਹਾ।
"ਦੱਸ ਕੀ ਬੋਲਾਂ" ਉਸ ਉਤੇ ਵੀ ਪੂਰੀ ਮਸਤੀ ਸੀ।
"ਬਸ ਹਾਂ ਬੋਲਦੇ"
"ਕਾਹਦੀ ਹਾਂ?" ਉਹ ਇਤਰਾ ਕੇ ਬੋਲੀ
"ਬੱਸ ਇਸਦੀ" ਮੈਂ ਉਹ ਨੂੰ ਖਿੱਚ ਕੇ ਆਪਣੇ ਨਾਲ ਚਿਪਕਾ ਲਿਆ ਸੀ ।
"ਮੇਰੇ ਵਲੋਂ ਤਾਂ ਸਦਾ ਹੀ ਹਾਂ ਸੀ। ਤੂੰ ਕਦੇ ਪੁਛਿਆ ਹੀ ਨਾ" ਉਹ ਜਿਵੇਂ ਨਸ਼ੇ ਵਿਚ ਬੋਲੀ ਸੀ ।
"ਸ਼ੀਲਾ ਅੱਜ ਤੋਂ ਆਪਣਾ ਗੈਰ ਕਨੂੰਨੀ ਇਸ਼ਕ ਬੰਦ ਪਰ ਕਨੂੰਨੀ ਇਸ਼ਕ ਸ਼ੁਰੂ। ਅੱਜ ਰਾਤ ਤੂੰ ਰਜੌਰੀ ਗਾਰਡਨ ਨਹੀਂ ਜਾਵੇਂਗੀ ਤੂੰ ਮੇਰੇ ਨਾਲ ਪਹਾੜ ਗੰਜ ਜਾਵੇਂਗੀ। ਅੱਜ ਤੋਂ ਹਰ ਰਾਤ ਤੂੰ ਅਤੇ ਮੈਂ ਇਕ ਕਮਰੇ ਵਕਤ ਬਿਤਾਇਆ ਕਰਾਂਗੇ।"
"ਓਹ ਮੇਰੇ ਧਰਮੂ!" ਸ਼ੀਲਾ ਨੇ ਕਿਹਾ ਤੇ ਉਹ ਮੇਰੇ ਨਾਲ ਲਿਪਟ ਗਈ। ਪਰ ਮੇਰੇ ਮਨ ਦੀ ਸੋਚ ਸੁਰਿੰਦਰ ਅਤੇ ਕਾਲੋ ਮਾਈ ਤੱਕ ਜਾ ਪਹੁੰਚੀ ਸੀ। ਕਾਲੋ ਮਾਈ ਡੀ.ਕੇ ਠਾਠੀ ਬਣਕੇ ਬੜੀ ਸਮਰਥ ਹੋ ਗਈ ਸੀ। ਉਸ ਨੇ ਆਪਣੀ ਸਮਰਥਾ ਨਾਲ ਸੁਰਿੰਦਰ ਨੂੰ ਆਪਣਾ ਪਾਲਤੂ ਪ੍ਰੇਮੀ ਬਣਾ ਲਿਆ ਸੀ। ਇਹ ਸਮਰਥਾ ਅਹੁਦੇ ਤੇ ਪੈਸੇ ਦਾ ਚਮਤਕਾਰ ਅਤੇ ਗਰੀਬੀ ਦਾ ਸਮਰਪਣ ਸੀ। ਮੈਨੂੰ ਇਸ ਵਿੱਚ ਗਲਤ ਜਾਂ ਗੈਰ ਕਨੂੰਨੀ ਕੁਝ ਵੀ ਨਹੀਂ ਸੀ ਲੱਗਾ ਪਰ ਇਕ ਵਿਚਾਰ ਆਉਦਾ ਕਿ ਜਦੋਂ ਸੁਰਿੰਦਰ ਅਤੇ ਡੀ.ਕੇ. ਠਾਠੀ ਇਕ ਹੁੰਦੇ ਹੋਣਗੇ ਤਾਂ ਕਿ ਡੀ.ਕੇ.ਠਾਠੀ ਆਪਣੇ ਮਨ ਵਿੱਚ ਕਹਿੰਦੀ ਹੋਵੇਗੀ ਤੂੰ ਹੀ ਆ ਨਾ ਜਿਹੜਾ ਮੈਨੂੰ ਕਾਲੋ ਮਾਈ ਸਮਝਦਾ ਸੀ ਪਰ ਅੱਜ ਮੇਰਾ ਖਿਡੌਣਾ ਬਣਿਆ ਹੋਇਆ ਹੈ। ਅਚਾਨਕ ਮੈਂਂ ਸ਼ੀਲਾ ਦੀਆਂ ਬਾਹਵਾਂ ਆਪਣੇ ਦੁਆਲੇ ਹੋਰ ਕੱਸੀਆਂ ਗਈਆਂ ਮਹਿਸੂਸ ਕੀਤੀਆਂ ਅਤੇ ਮੈਨੂੰ ਖਿਆਲ ਆਇਆ ਕਿ ਮੈਂ ਦੂਜਿਆਂ ਦੇ ਸਵਰਗ ਵਿੱਚ ਝਾਤੀਆਂ ਮਾਰ ਕੇ ਆਪਣੇ ਸਵਰਗ ਤੋਂ ਵਿਹੂਫਣਾ ਕਿਉਂ ਹੋ ਰਿਹਾ ਹਾਂ। ਮੈਂ ਵੀ ਸ਼ੀਲਾ ਦੁਆਲੇ ਆਪਣੀਆਂ ਬਾਹਵਾਂ ਹੋਰ ਕਸ ਦਿੱਤੀਆਂ ।