ਅੱਜ ਡਾਕਟਰ ਖੁਸ਼ਵੰਤ ਦਾ ਵਿਆਹ ਸੀ ਪਰ ਫਿਰ ਵੀ ਉਹ ਆਪਣੇ ਕਲਿਨਿਕ ਵਿੱਚ ਵਿਆਹ ਦੇ ਜੋੜੇ ਵਿੱਚ ਸਜੀ ਬੈਠੀ ਇੱਕ ਮਰੀਜ਼ ਦੀ ਰੀਪੋਰਟ ਪੜ੍ਹ ਰਹੀ ਸੀ ਕਿ ਅਚਾਨਕ ਉਸ ਨੂੰ ਬਾਹਰੋਂ ਛਿੰਦੋ ਦੀ ਆਵਾਜ਼ ਸੁਣਾਈ ਦਿੱਤੀ, "ਡਾਕਟਰ ਦੀਦੀ! ਡਾਕਟਰ ਦੀਦੀ! ਜਲਦੀ ਆਉ।"
ਛਿੰਦੋ ਦੀ ਅਵਾਜ਼ ਸੁਣਕੇ ਉਹ ਚੌਂਕ ਗਈ। ਉਠਕੇ ਕਮਰੇ 'ਚੋਂ ਬਾਹਰ ਆਈ ਤਾਂ ਕੀ ਦੇਖਦੀ ਹੈ ਕਿ ਛਿੰਦੋ, ਉਨਾਂ੍ਹ ਦੇ ਕੰਮ ਕਰਨ ਵਾਲੀ, ਸਾਹੋ ਸਾਹੀ ਹੋਈ ਤੇ ਰੋਂਦੀ ਹੋਈ ਕਹਿ ਰਹੀ ਸੀ, "ਦੀਦੀ, ਜਲਦੀ ਚਲੋ, ਕਹਿਰ ਹੋ ਗਿਆ ਏ?" "ਕੁਝ ਦਸੇਂਗੀ ਵੀ ਕਿ ਰੌਲਾ ਹੀ ਪਾਈ ਜਾਏਂਗੀ?"
"ਜਲਦੀ ਚਲੋ, ਟੈਮ ਨਾ ਖਰਾਬ ਕਰੋ।"
ਡਾਕਟਰ ਖੁਸਵੰਤ ਡਰ ਗਈ, ਸ਼ਾਇਦ ਘਰ 'ਚ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਸੀ। ਪਰ ਪੁੱਛਣ ਤੇ ਵੀ ਛਿੰਦੋ ਕੁਝ ਨਹੀਂ ਸੀ ਦੱਸ ਰਹੀ।
ਖੁਸ਼ਵੰਤ ਨੂੰ ਸਾਰੇ ਡਾਕਟਰ ਦੀਦੀ ਹੀ ਕਹਿੰਦੇ ਸਨ। ਉਸਦਾ ਨਾਉਂ ਤਾਂ ਮਾਂ ਬਾਪ ਨੇ ਬੜੇ ਪਿਆਰ ਨਾਲ ਖ਼ੁਸ਼ਵੰਤ ਰਖਿਆ ਸੀ। ਬਚਪਨ ਵਿੱਚ ਉਹ ਖੁਸ਼ੀ ਕਹਿਕੇ ਬੁਲਾਈ ਜਾਂਦੀ ਸੀ ਪਰ ਜਦ ਤੋਂ ਉਸ ਨੇ ਅੰਮਰਿਤਸਰ ਤੋਂ ਐਮæਡੀæ ਦੀ ਡਿਗਰੀ ਹਾਸਲ ਕੀਤੀ ਸੀ ਉਦੋਂ ਤੋਂ ਹੀ ਸਾਰੇ ਜਾਨਣ ਵਾਲੇ, ਕੀ ਵੱਡੇ ਤੇ ਕੀ ਛੋਟੇ ਉਸਨੂੰ ਡਾਕਟਰ ਦੀਦੀ ਬਲਾਉਣ ਲੱਗ ਪਏ।
ਡਾਕਟਰ ਦੀਦੀ ਇਸੇ ਮਹੱਲੇ ਦੀ ਹੀ ਜੰਮ ਪਲ ਸੀ। ਜਿਹੜੇ ਲੋਕ ਇਸ ਨੂੰ ਪੁੱਤ ਬੱਚਾ ਜਾਂ ਭੈਣ ਜੀ ਕਹਿੰਦੇ ਸਨ, ਡਾਕਟਰ ਬਣਨ ਤੋਂ ਬਾਅਦ ਉਹ ਆਪਣੇ ਗੁਣਾਂ ਕਰਕੇ ਸਭ ਦੀ ਡਾæ ਦੀਦੀ ਬਣ ਗਈ ਸੀ। ਉਚੀ, ਲੰਮੀ, ਖੁਸ਼ ਮਿਜਾਜ਼, ਚਿੱਟੇ ਕੁੜਤੇ ਪਾਜਾਮੀ ਵਿੱਚ ਉਹ ਬਹੁਤ ਫੱਬਦੀ ਸੀ। ਉਸਦੇ ਬੋਲਾਂ ਵਿੱਚ ਐਸੀ ਮਿਠਾਸ ਸੀ ਕਿ ਉਸਦੇ ਮੂੰਹ ਵਿਚੋਂ ਨਿਕਲੇ ਪੋਲੇ ਪੋਲੇ ਬੋਲ ਲੋਕਾਂ ਦੇ ਦਿਲਾਂ ਵਿੱਚ ਇਸ ਤਰਾਂ ਉਤਰ ਜਾਂਦੇ ਕਿ ਬਾਹਰ ਨਿਕਲਣ ਦਾ ਹੀਆਂ ਹੀ ਨਹੀਂ ਸੀ ਕਰਦੇ। ਬਹੁਤ ਸਾਰੇ ਮਰੀਜ਼ ਤਾਂ ਉਸ ਨਾਲ ਗੱਲਾਂ ਕਰਦੇ ਕਰਦੇ ਹੀ ਠੀਕ ਹੋ ਜਾਂਦੇ ਸਨ। ਸਾਰੇ ਉਸਦੀ ਇਜ਼ਤ ਕਰਦੇ ਸੀ। ਕਰਦੇ ਵੀ ਕਿਉਂ ਨਾ, ਜਦੋਂ ਵੀ ਕੋਈ ਬਿਮਾਰ ਹੋ ਜਾਂਦਾ ਤਾਂ ਉਹ ਮਰੀਜ਼ ਨੂੰ ਅਕਸਰ ਉਨਾ੍ਹ ਦੇ ਘਰ ਦੇਖਣ ਵੀ ਚਲੀ ਜਾਂਦੀ।
ਡਾਕਟਰ ਬਣਨ ਤੋਂ ਬਾਅਦ ਉਸਦੇ ਪਾਪਾ ਨੇ ਉਸ ਨੂੰ ਉਸੇ ਸ਼ਹਿਰ ਵਿੱਚ ਘਰ ਦੇ ਪਿਛਲੇ ਪਾਸੇ ਇੱਕ ਕਲਿਨਿਕ ਖੋਲ੍ਹ ਦਿੱਤਾ। ਲ਼ੋਕ ਬੜੇ ਖੁਸ਼ ਸਨ ਕਿ ਉਨਾਂ੍ਹ ਨੂੰ ਕਿਸੇ ਵੱਡੇ ਸ਼ਹਿਰ ਵਿੱਚ ਕਿਸੇ ਹੋਰ ਡਾਕਟਰ ਕੋਲ ਨਹੀਂ ਜਾਣਾ ਪਵੇਗਾ।
ਜਾਨ ਹਾਪਕਿਨਜ਼æ ਹਾਸਪਿਟਲ, ਨੀਊਯਾਰਕ ਵਿੱਚ ਕੈਂਸਰ ਰੀਸਰਚ ਦੀ ਡਾਕਟਰਾਂ ਦੀ ਇੱਕ ਕਾਨਫਰੰਸ ਹੋ ਰਹੀ ਸੀ। ਅੰਮ੍ਰਿਤਿਸਰ ਤੋਂ ਡਾਕਟਰ ਖ਼ੁਸ਼ਵੰਤ ਨੂੰ ਇਸ ਕਾਨਫਰੰਸ ਤੇ ਜਾਣ ਲਈ ਖਾਸ ਸੱਦਾ ਪੱਤਰ ਮਿਲਿਆ। ਉਹ ਬਹੁਤ ਖੁਸ਼ ਸੀ ਕਿ ਉਹ ਵੀ ਅਮਰੀਕਾ ਦੇ ਇੱਕ ਵੱਡੇ ਤੇ ਉੱਘੇ ਹਸਪਤਾਲ ਜਾਏਗੀ। ਵੈਸੇ ਵੀ ਉਹ ਕੈਂਸਰ ਰੀਸਰਚ ਵਿੱਚ ਖਾਸ ਦਿਲਚਸਪੀ ਰਖਦੀ ਸੀ। ਉਸਦਾ ਆਪਣੇ ਮਰੀਜ਼ਾਂ ਨੂੰ ਛੱਡਕੇ ਜਾਣ ਨੂੰ ਦਿਲ ਤਾਂ ਨਹੀਂ ਸੀ ਕਰਦਾ ਪਰ ਉਸਦੇ ਪਾਪਾ ਨੇ ਕਿਹਾ, "ਬੇਟਾ, ਐਸੇ ਮੌਕੇ ਰੋਜ਼ ਰੋਜ਼ ਨਹੀਂ ਮਿਲਦੇ। ਤੂੰ ਕਲਿਨਿਕ ਦਾ ਫਿਕਰ ਨਾ ਕਰ। ਅਸੀਂ ਕਿਸੇ ਹੋਰ ਡਾਕਟਰ ਨੂੰ ਬੁਲਾ ਲਵਾਂਗੇ। ਬੇਟਾ ਜੀ, ਥੋੜ੍ਹੇ ਦਿਨਾਂ ਦੀ ਹੀ ਤਾਂ ਗੱਲ ਹੈ।"
"ਠੀਕ ਏ ਪਾਪਾ ਜੀ, ਮੈ ਜਾਵਾਂਗੀ।"
"ਸ਼ਾਬਾਸ਼ ਬੇਟਾ, ਮੈ ਮੈਡੀਕਲ ਕਾਲਜ ਤੋਂ ਹੀ ਕਿਸੇ ਡਾਕਟਰ ਦਾ ਇੰਤਜ਼ਾਮ ਕਰਵਾਉਂਦਾ ਹਾਂ। ਤੁਸੀਂ ਆਪਣੀ ਜਾਣ ਦੀ ਤਿਆਰੀ ਕਰੋ।" ਕਲਿਨਿਕ ਵਿੱਚ ਇੱਕ ਟੈਂਪਰੇਰੀ ਡਾਕਟਰ ਦਾ ਇੰਤਜਾਮ ਵੀ ਹੋ ਗਿਆ। ਖੁਸ਼ਵੰਤ ਬੇਫਿਕਰੀ ਨਾਲ ਅਮੈਰਿਕਾ ਕਨਵੈਨਸ਼ਨ ਵਿੱਚ ਹਿੱਸਾ ਲੈਣ ਚਲੀ ਗਈ।
ਰੌਚੈਸਟਰ ਪਹੁੰਚ ਕੇ ਉਹ ਦੂਸਰੇ ਅਮੈਰਿਕਨ ਡਾਕਟਰਾਂ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਉਹ ਹਰ ਵਕਤ ਦੂਸਰੇ ਡਾਕਟਰਾਂ ਕੋਲੋਂ ਨਵੇਂ ਤਜਰਬੇ ਅਤੇ ਨਵੀਆਂ ਰੀਸਰਚਾਂ ਦੇ ਬਾਰੇ ਪੁਛਦੀ ਰਹਿੰਦੀ। ਇੱਕ ਦਿਨ ਕਨਵੈਨਸ਼ਨ ਵਿੱਚ ਹੀ ਇੱਕ ਹਿੰਦੁਸਤਾਨੀ ਡਾਕਟਰ ਸੂਰਤ ਸਿੰਘ ਨਾਲ ਉਸਦੀ ਮੁਲਾਕਾਤ ਹੋ ਗਈ। ਕੋਈ ਛੇ ਫੁੱਟ ਉਚੇ ਲੰਬੇ ਡਾਕਟਰ ਸੂਰਤ ਸਿੰਘ ਦੇ ਸਿਰ ਤੇ ਹਲਕੇ ਹਰੇ ਰੰਗ ਦੀ ਪਗੜੀ ਬੜੀ ਸੱਜ ਰੱਹੀ ਸੀ। ਦਾੜ੍ਹੀ ਵੀ ਬੜੇ ਸਲੀਕੇ ਨਾਲ ਬਨ੍ਹੀਂ ਹੋਈ ਸੀ। ਖੁਸ਼ੀ ਨੂੰ ਬਹੁਤ ਚੰਗਾ ਲੱਗਿਆ ਕਿ ਅਮੈਰਿਕਾ ਵਿੱਚ ਰਹਿ ਕੇ ਵੀ ਉਸ ਨੇ ਸਿੱਖੀ ਬਾਣਾ ਕਾਇਮ ਰੱਖਿਆ ਹੋਇਆ ਸੀ। ਉਹ ਆਪਸ ਵਿੱਚ ਕਾਫੀ ਮਿਲਣ ਗਿਲਣ ਲੱਗ ਪਏ। ਦੋਨੋ ਹੀ ਇੱਕ ਦੂਸਰੇ ਨੂੰ ਮਿਲ ਕੇ ਬੇਹੱਦ ਖੁਸ਼ ਹੁੰਦੇ।
ਡਾਕਟਰ ਸੂਰਤ ਸਿੰਘ ਪਿੱਛੋ ਅਮ੍ਰਿਤਸਰ ਦਾ ਰਹਿਣ ਵਾਲਾ ਸੀ। ਹਿੰਦੁਸਤਾਨ ਤੋਂ ਮੈਡੀਕਲ ਦੀ ਡਿਗਰੀ ਹਾਸਲ ਕਰ ਕੇ ਉਹ ਨੀਊਯੌਰਕ, ਅਮੈਰਿਕਾ ਹੋਰ ਸਟੱਡੀ ਕਰਣ ਲਈ ਆਇਆ ਹੋਇਆ ਸੀ। ਉਸਦਾ ਪਰਵਾਰ, ਮਾਂ, ਦੋ ਛੋਟੇ ਭਰਾ ਤੇ ਇੱਕ ਭੈਣ ਅਮ੍ਰਿਤਸਰ ਹੀ ਰਹਿੰਦੇ ਸਨ ਪਰ ਸੂਰਤ ਸਿੰਘ ਅਮੈਰਿਕਾ ਤੋਂ ਬਰੇਨ ਸਰਜਨ ਦੀ ਸਪੈਸ਼ਲ ਵਿਦਿਆ ਹਾਸਲ ਕਰਨ ਤੋਂ ਬਾਅਦ ਉਹ ਨੀਯੌਰਕ ਹੀ ਸੈਟਲ ਹੋ ਗਿਆ। ਉਹ ਇੱਕ ਵਧੀਆ ਡਾਕਟਰ ਸੀ। ਉਸਦਾ ਨਾਉਂ ਮੈਡੀਕਲ ਜਨਤਾ ਵਿੱਚ ਬਹੁਤ ਜਾਣਿਆ ਜਾਣ ਲੱਗਾ। ਥੋੜ੍ਹੇ ਸਮੇਂ ਬਾਅਦ ਉਸਦੇ ਮਾਂ ਬਾਪ ਅਤੇ ਭੈਣ ਭਰਾ ਵੀ ਅਮੈਰਿਕਾ ਆ ਕੇ ਵਸ ਗਏ। ਉਸ ਦੇ ਮਾਂ ਬਾਪ ਬਹੁਤਾ ਵਕਤ ਆਪਣੇ ਪਿੰਡ ਹੀ ਕੱਟਦੇ ਤੇ ਆਪਣੀਆਂ ਜ਼ਮੀਨਾਂ ਦੀ ਦੇਖ ਭਾਲ ਕਰਾਉਂਦੇ।
ਸੂਰਤ ਦੇ ਪਿਤਾ ਜੀ ਉਸ ਦਾ ਵਿਆਹ ਕਿਸੇ ਹਿੰਦੁਸਤਾਨੀ ਡਾਕਟਰ ਲੜਕੀ ਨਾਲ ਕਰਨਾ ਚਾਹੁੰਦੇ ਸਨ। ਉਸਨੂੰ ਹਰ ਵੇਲੇ ਫਿਕਰ ਰਹਿੰਦਾ ਕਿ ਕਿਤੇ ਕੋਈ ਗੋਰੀ ਕੁੜੀ ਨਾ ਉਸ ਨੂੰ ਦਬੋਚ ਲਏ।
ਇੱਕ ਦਿਨ ਸੂਰਤ ਸਿੰਘ ਡਾæ ਖੁਸ਼ੀ ਨੂੰ ਆਪਣੀ ਕਾਰ ਵਿੱਚ ਨੀਊਯੌਰਕ ਦਿਖਾਉਣ ਵੀ ਲੈ ਗਿਆ। ਨੀਊਯੌਰਕ ਦੀ ਚਕਾ ਚੌਂਦ ਦੇਖ ਕੇ ਉਹ ਬਹੁਤ ਖੁਸ਼ ਹੋਈ। ਅਗਲੇ ਦਿਨ ਉਹ ਖੁਸ਼ੀ ਨੂੰ ਆਪਣੇ ਘਰ ਲੈ ਗਿਆ। ਉਸਦੇ ਮੰਮੀ ਡੈਡੀ ਉਸ ਨੂੰ ਮਿਲ ਕੇ ਅਤਿਅੰਤ ਖੁਸ਼ ਹੋਏ।
ਡਾਕਟਰ ਖੁਸ਼ੀ ਦਾ ਅਪਣੇ ਲੜਕੇ ਨਾਲ ਮਿਲਣਾ ਜੁਲਣਾ ਉਨਾਂ ਨੂੰ ਚੰਗਾ ਲੱਗਦਾ ਸੀ। ਉਹ ਸੋਚਦੇ ਕਿ ਜੇ ਇਨਾਂ੍ਹ ਦੋਨਾਂ ਦਾ ਰਿਸ਼ਤਾ ਹੋ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ। ਇਕ ਦਿਨ ਪਿਤਾ ਜੀ ਨੇ ਸੂਰਤ ਸਿੰਘ ਕੋਲੋਂ ਪੁੱਛ ਹੀ ਲਿਆ। ਡਾਕਟਰ ਦਾ ਕਹਿਣਾ ਸੀ ਕਿ ਲੜਕੀ ਉਸਨੂੰ ਬਹੁਤ ਹੀ ਪਸੰਦ ਹੈ ਪਰ ਹਾਲੇ ਉਹ ਵਿਆਹ ਦੀ ਗੱਲ ਡਾਕਟਰ ਖੁਸ਼ੀ ਨਾਲ ਨਹੀਂ ਸੀ ਛੇੜਣਾ ਚਾਹੁੰਦਾ। ਪਿਤਾ ਜੀ ਨੇ ਸੋਚਿਆ ਕੋਈ ਗੱਲ ਨਹੀਂ। ਦੇਸ ਜਾ ਕੇ ਉਹ ਆਪ ਉਸ ਦੇ ਮਾਤਾ ਪਿਤਾ ਨਾਲ ਮਿਲ ਕੇ ਗੱਲ ਅੱਗੇ ਚਲਾਏਗਾ।
ਡਾਕਟਰ ਖੁਸ਼ੀ ਤਿੰਨ ਹਫਤਿਆਂ ਬਾਅਦ ਦੇਸ ਨੂੰ ਜਾਣ ਲੱਗੀ ਤਾਂ ਡਾਕਟਰ ਸੂਰਤ ਦਾ ਸਾਰਾ ਪਰਵਾਰ ਉਸ ਨੂੰ ਨਿਊਯੌਰਕ ਏਅਰ ਪੋਰਟ ਤੇ ਛੱਡਣ ਆਇਆ। ਡਾਕਟਰ ਖੁਸ਼ਵੰਤ ਬਹੁਤ ਖੁਸ਼ ਸੀ ਕਿ ਡਾਕਟਰ ਸੂਰਤ ਦਾ ਪਰਵਾਰ ਵੀ ਉਸ ਨੂੰ ਮਿਲ ਕੇ ਖੁਸ਼ ਸੀ।
ਵਾਪਸ ਆ ਕੇ ਡਾਕਟਰ ਖੁਸ਼ੀ ਨੇ ਆਪਣਾ ਹਸਪਤਾਲ ਦਾ ਕੰਮ ਸੰਭਾਲ ਲਿਆ। ਸ਼æਹਿਰ ਦੇ ਲੋਕ ਖੁਸ਼ ਸਨ ਕਿ ਉਨਾਂ੍ਹ ਦੀ ਡਾਕਟਰ ਦੀਦੀ ਵਾਪਸ ਆ ਗਈ ਸੀ। ਡਾਕਟਰ ਦੀਦੀ ਅਤੇ ਡਾਕਟਰ ਸੂਰਤ ਦੀ ਟੈਲੀਫੋਨ ਅਤੇ ਚੈਟ ਲਾਈਨ ਤੇ ਆਮ ਗੱਲ ਬਾਤ ਹੁੰਦੀ ਰਹਿੰਦੀ ਸੀ। ਇਸ ਤਰਾਂ ਉਨਾ੍ਹ ਦੋਨਾਂ ਦਾ ਪਿਆਰ ਹੋਰ ਵੀ ਵੱਧਣ ਲੱਗਾ। ਕਣਕਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਕਰਕੇ ਡਾæ ਸੂਰਤ ਸਿੰਘ ਦੇ ਮਾਤਾ ਪਿਤਾ ਦੇਸ ਵਾਪਸ ਆ ਗਏ। ਆਉਣ ਤੋਂ ਕੁਝ ਦਿਨਾਂ ਬਾਅਦ ਉਹ ਖੁਸ਼ੀ ਦੇ ਘਰ ਉਸ ਦੇ ਮਾਤਾ ਪਿਤਾ ਨੂੰ ਮਿਲਣ ਆ ਗਏ। ਗੱਲਾਂ ਬਾਤਾਂ ਵਿੱਚ ਖੁਸ਼ੀ ਦੇ ਰਿਸ਼ਤੇ ਦੀ ਗੱਲ ਚੱਲ ਪਈ। ਦੋਨਾਂ ਪਾਸਿਆਂ ਨੇ ਬੜੀ ਖੁਸ਼ੀ ਨਾਲ ਇਹ ਰਿਸ਼ਤਾ ਮੰਜ਼ੂਰ ਕਰ ਲਿਆ। ਜਦੋਂ ਖੁਸ਼ੀ ਨੂੰ ਪੁੱਛਿਆ ਤਾਂ ਉਸ ਨੇ ਸ਼ਰਮਾ ਕੇ ਕਿਹਾ, "ਜਿਵੇਂ ਮੇਰੇ ਮੰਮੀ ਪਾਪਾ ਕਹਿਣਗੇ ਮੈਨੂੰ ਮੰਜ਼ੂਰ ਹੈ।"
ਉਧਰ ਡਾਕਟਰ ਸੂਰਤ ਸਿੰਘ ਨਾਲ ਗੱਲ ਬਾਤ ਹੋਈ ਤਾਂ ਉਹ ਵੀ ਇਸ ਰਿਸ਼ਤੇ ਤੇ ਖੁਸ਼ ਸੀ। ਵਿਸਾਖੀ ਤੋਂ ਬਾਅਦ ਦੋਨਾਂ ਦੇ ਵਿਆਹ ਦੀ ਤਾਰੀਕ ਪੱਕੀ ਹੋ ਗਈ। ਦੋਨੋਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਚਾਰ ਪੰਜ ਮਹੀਨੇ ਤਾਂ ਝੱਟ ਹੀ ਨਿਕਲ ਜਾਣੇ ਸਨ।
ਅਪਰੈਲ ਦਾ ਵਿਆਹ ਤਹਿ ਹੋ ਗਿਆ ਸੀ। ਡਾਕਟਰ ਸੂਰਤ ਵੀ ਅਪਰੈਲ ਦੇ ਪਹਿਲੇ ਹਫਤੇ ਹੀ ਪਹੁੰਚ ਗਿਆ। ਵਿਆਹ ਤੋਂ ਪਹਿਲਾਂ ਉਹ ਦੋਨੋਂ ਆਪਸ ਵਿੱਚ ਕਈ ਵਾਰੀ ਮਿਲੇ। ਇਕ ਦਿਨ ਖੁਸ਼ੀ ਨੂੰ ਡਾਕਟਰ ਸੂਰਤ ਕੁਝ ਉਦਾਸ ਲੱਗ ਰਿਹਾ ਸੀ। ਖੁਸ਼ੀ ਨੇ ਪੁੱਛ ਹੀ ਲਿਆ, "ਕਿਉਂ ਸਰਕਾਰ, ਹਜੂæਰ ਦੇ ਤੌਰ ਕੂਝ ਬਦਲੇ ਬਦਲੇ ਨਜ਼ਰ ਆ ਰਹੇ ਹਨ। ਕਿਤੇ ਕੋਈ ਹੋਰ ਦੇਸੀ ਅਪੱਸਰਾ ਤਾਂ ਨਹੀਂ ਪਸੰਦ ਆ ਗਈ?"
"ਨਹੀਂ ਖੁਸ਼ੀ, ਐਸੀ ਕੋਈ ਗੱਲ ਨਹੀਂ। ਮੇਰੇ ਡੈਡੀ ਕੁਝ ਅਨੋਖੀਆਂ ਗੱਲਾਂ ਕਰ ਰਹਿੰਦੇ ਹਨ। ਸਮਝ ਨਹੀਂ ਆ ਰਹੀ ਕਿ ਕੀ ਕਰਾਂ!"
"ਥੋਡੇ ਡੈਡੀ ਕੀ ਕਹਿੰਦੇ ਹਨ? ਮੈਨੂੰ ਦਸੋ, ਸ਼ਾਇਦ ਮੈਂ ਕੁਝ ਮਦਦ ਕਰ ਸਕਾਂ।" " ਕੁਝ ਅਜੀਬ ਜਿਹੀਆਂ ਗੱਲਾਂ ਕਰਦੇ ਹਨ। ਕਈ ਵਾਰੀ ਮੈਨੂੰ ਵਿਆਹ ਦੀ ਕਾਰਗੁਜ਼ਾਰੀ 'ਚ ਦਖਲ ਨਾ ਦੇਣ ਦੀ ਹਦਾਇਤ ਕਰਦੇ ਹਨ।"
" ਠੀਕ ਹੈ, ਸੂਰਤ ਜੀ। ਉਹ ਆਪਣੇ ਪੁੱਤਰ ਦਾ ਵਿਆਹ ਕਰ ਕੇ ਆਪਣੀਆਂ ਖੁਸ਼ੀਆਂ ਹਾਸਲ ਕਰਨਾ ਚਾਹੁੰਦੇ ਹਨ। ਕਰਨ ਦਿA, ਜੇ ਮਾਂ ਬਾਪ ਕਰਨਾ ਚਾਹੁੰਦੇ ਹਨ। ਆਪਾਂ ਦੋਨੋ ਚੁਪ ਹੀ ਰਹੀਏ।"
"ਚਲੋ ਠੀਕ ਹੈ।"
ਬਾਰਾਤੀ ਆ ਕੇ ਚਾਹ ਪਾਣੀ ਪੀਣ ਤੋਂ ਬਾਅਦ, ਪੰਡਾਲ ਵਿੱਚ ਆ ਕੇ ਬੈਠ ਗਏ। ਮੇਲ਼ ਅਤੇ ਬਾਰਾਤੀ ਰੰਗ ਬਿਰੰਗੇ ਕਪੜਿਆਂ ਵਿੱਚ ਸਜੇ ਮਾਹੌਲ ਨੂੰ ਹੋਰ ਵੀ ਸੁੰਦਰ ਬਣਾ ਰਹੇ ਸਨ। ਡਾਕਟਰ ਸੂਰਤ ਵੀ ਆਪਣੀ ਖੁਸ਼ੀ ਨੂੰ ਮਿਲਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਅਚਾਨਕ ਸੂਰਤ ਦੇ ਡੈਡੀ ਖੁਸ਼ੀ ਦੇ ਪਾਪਾ ਦੀ ਬਾਂਹ ਫੜ ਕੇ ਇੱਕ ਕਮਰੇ ਵਿੱਚ ਜਾਂਦੇ ਨਜ਼ਰ ਆਏ। ਥੋੜੀ੍ਹ ਦੇਰ ਬਾਅਦ ਛਿੰਦੋ ਘਬਰਾਈ ਹੋਈ ਘਰ ਦੇ ਪਿਛਲੇ ਪਾਸੇ ਖੁਸ਼ੀ ਦੇ ਕਲਿਨਿਕ ਵੱਲ ਜਾਂਦੀ ਹੋਈ ਦਿਖਾਈ ਦਿੱਤੀ। ਸ਼ਾਇਦ ਉਸਨੇ ਕੁਝ ਅਣਹੋਣੀ ਗੱਲ ਬਾਤ ਸੁਣ ਲਈ ਸੀ ਕਿ ਉਹ ਸੁਣ ਕੇ ਘਬਰਾ ਗਈ ਸੀ। ਕਿਸੇ ਨੇ ਵੀ ਉਸ ਵੱਲ ਤਵੱਜੋ ਨਹੀਂ ਦਿੱਤੀ। ਅਨੰਦ ਕਾਰਜ ਦੀ ਰਸਮ ਦਾ ਵਕਤ ਹੋ ਰਿਹਾ ਸੀ। ਰਾਗੀ ਸ਼ਬਦ ਤੇ ਸ਼ਬਦ ਪੜੀ੍ਹ ਜਾ ਰਹੇ ਸਨ। ਉਧਰ ਕਮਰੇ ਵਿੱਚ ਡਾਕਟਰ ਸੂਰਤ ਦੇ ਡੈਡੀ ਖੁਸ਼ੀ ਦੇ ਪਾਪਾ ਨੂੰ ਕਹਿ ਰਹੇ ਸਨ, "ਸਰਦਾਰ ਜੀ , ਮੈਂ ਆਪਣੇ ਪੁੱਤਰ ਨੂੰ ਡਾਕਟਰ ਬਣਾਇਆ, ਅਮੈਰਿਕਾ ਪੜ੍ਹਣ ਲਈ ਭੇਜਿਆ। ਮੈਂ ਆਪਣਾ ਸਭ ਕੁਝ ਵੇਚ ਕੇ ਆਪਣੇ ਪੁੱਤਰ ਦੀ ਪੜ੍ਹਾਈ Ḕਤੇ ਲਾ ਦਿੱਤਾ। ਕਮਜ਼ਕਮ ਪੰਜਾਹ ਲੱਖ ਰੁਪੱਈਆ ਦਹੇਜ ਵਿੱਚ ਥੋਡਾ ਦੇਣਾ ਤਾਂ ਬਣਦਾ ਹੀ ਹੈ।"
"ਭਾਈ ਸਾਹਿਬ, ਪਹਿਲਾਂ ਤਾਂ ਤੁਸਾਂ ਐਸੀ ਕੋਈ ਗੱਲ ਨਹੀ ਸੀ ਕੀਤੀ। ਇਸ ਤੋਂ ਇਲਾਵਾ ਮੈਂ ਵੀ ਤਾਂ ਆਪਣੀ ਲੜਕੀ ਨੂੰ ਡਾਕਟਰ ਬਣਾਇਆ ਹੈ ਤੇ ਹੱਦ ਤੋਂ ਜ਼ਿਆਦਾ ਪੈਸਾ ਖਰਚ ਕੀਤਾ ਹੈ।"
"ਠੀਕ ਹੈ ਸਰਦਾਰ ਜੀ, ਤੁਸੀਂ ਖਰਚ ਕਰ ਕੇ ਆਪਣੀ ਬੇਟੀ ਨੂੰ ਚੰਗਾ ਵਰ ਲਭਣ ਲਈ ਪੜ੍ਹਾ ਲਿਖਾ ਕੇ ਤਿਆਰ ਕੀਤਾ। ਇਹ ਤਾਂ ਧੀ ਦੇ ਬਾਪ ਹੋਣ ਦੇ ਨਾਤੇ ਤੁਸਾਂ ਕਰਨਾ ਹੀ ਸੀ। ਕਿਸੇ Ḕਤੇ ਕੋਈ ਅਹਿਸਾਨ ਨਹੀਂ ਕੀਤਾ। ਪੈਸੇ ਕੱਢੋ ਨਹੀਂ ਤਾਂ…"
ਖੁਸੀ ਦੇ ਪਾਪਾ ਨੇ ਫਿਰ ਤਰਲਾ ਕੀਤਾ, " ਦੇਖੋ ਭਾਈ ਸਾਹਿਬ, ਕੀ ਇੱਕ ਧੀ ਦਾ ਬਾਪ ਹੋਣਾ ਕੋਈ ਜੁਰਮ ਹੈ? ਦੋਨੋਂ ਬੱਚੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਦੋਨਾਂ ਨੇ ਆਪਣੀ ਰਜ਼ਾਮੰਦੀ ਨਾਲ ਹੀ ਇਹ ਵਿਆਹ ਤੈਅ ਕੀਤਾ ਸੀ। ਬੱਚਿਆਂ ਦਾ ਦਿਲ ਟੁੱਟ ਜਾਏਗਾ।"
ਡਾæ ਸੂਰਤ ਦੇ ਡੈਡੀ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ, ਝੱਟ ਦੇਣੀ ਕਹਿ ਦਿੱਤਾ, "ਇਹ ਪਿਆਰ ਵਿਆਰ ਸਮੇਂ ਨਾਲ ਆਪੇ ਰੁਖ਼ ਬਦਲ ਲੈਂਦਾ ਹੈ। ਉਸਦਾ ਫਿਕਰ ਨਾ ਕਰੋ ਵਰਨਾ ਮੈਂ ਬਾਰਾਤ ਵਾਪਸ ਲੈ ਜਾਵਾਂਗਾ।"
ਸਰਦਾਰਾਂ ਦੀਆਂ ਗੱਲਾਂ ਛਿੰਦੋ ਦੇ ਕੰਨਾਂ ਵਿੱਚ ਪੈਣ ਦੀ ਦੇਰ ਸੀ ਕਿ ਉਹ ਦੌੜ ਕੇ ਆਪਣੀ ਡਾਕਟਰ ਦੀਦੀ, ਜਿਹੜੀ ਕਿ ਵਿਆਹ ਵਾਲਾ ਜੋੜਾ ਪਾਈ ਘਰ ਦੇ ਪਿਛਲੇ ਦਰਵਾਜ਼ੇ 'ਚੋਂ ਨਿਕਲ ਕੇ ਆਪਣੇ ਕਲਿਨਿਕ ਵਿੱਚ ਇੱਕ ਮਰੀਜ਼ ਦੀ ਰੀਪੋਰਟ ਪੜ੍ਹਣ ਚਲੀ ਗਈ ਸੀ। ਆਪਣੇ ਘਰ ਜਾਣ ਹੀ ਲੱਗੀ ਸੀ ਕਿ ਘਬਰਾਈ ਹੋਈ ਛਿੰਦੋ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਪਈ। ਡਾਕਟਰ ਦੀਦੀ ਸਭ ਕੁਝ ਛੱਡ ਕੇ ਛਿੰਦੋਂ ਨਾਲ ਭੱਜ ਉਠੀ। ਉਹ ਪਿਛਲੇ ਦਰਵਾਜ਼ੇ ਤੋਂ ਜਦੋਂ ਅੰਦਰ ਜਾਣ ਲਗੀਆਂ ਤਾਂ ਦੋਹਾਂ ਕੁੜਮਾਂ ਦੀ ਆਪਸ ਦੀ ਬਹਿਸ ਉਸ ਦੇ ਕੰਨਾ ਵਿੱਚ ਪੈ ਗਈ।। ਖੁਸ਼ੀ ਦੇ ਪਾਪਾ ਅਪਣੀ ਗੁਲਾਬੀ ਪਗੜੀ ਹੱਥ ਵਿੱਚ ਫੜੀ ਕਹਿ ਰਹੇ ਸੀ, "ਮੈਂ ਜਲਦੀ ਹੀ ਕੁਝ ਪੈਸਿਆਂ ਦਾ ਇੰਤਜ਼ਾਮ ਕਰ ਲਵਾਂਗਾ। ਇੱਕ ਵਾਰੀ ਵਿਆਹ ਹੋ ਜਾਣ ਦਿਉ, ਮੇਰੀ ਇਜ਼ਤ ਦਾ ਸਵਾਲ ਹੈ, ਸਰਦਾਰ ਸਾਹਿਬ, ਬਾਕੀ ਪੈਸੇ ਮਂੈ ਥੋਡੇ ਅਮੈਰਿਕਾ ਜਾਣ ਤੋਂ ਪਹਿਲਾਂ ਪਹੁੰਚਾ ਦਿਆਂਗਾ।"
ਖੁਸ਼ੀ ਨੇ ਪੈਸਿਆਂ ਦੀ ਗੱਲ ਸੁਣਦਿਆਂ ਹੀ ਪਹਿਲਾਂ ਤਾਂ ਪੁਲੀਸ ਨੂ ਫੋਨ ਕੀਤਾ, ਫਿਰ ਅੰਦਰ ਜਾ ਕੇ ਅਪਣੇ ਬਾਪ ਦੀ ਪਗੜੀ ਉਸ ਦੇ ਸਿਰ ਤੇ ਰੱਖੀ ਤੇ ਕਹਿਣ ਲੱਗੀ, "ਪਾਪਾ, ਇਨ੍ਹਾਂ ਭੁੱਖਿਆਂ ਦੀ ਭੁੱਖ ਇਕ ਵਾਰੀ ਦੇਣ ਨਾਲ ਨਹੀਂ ਮਿਟਣੀ। ਜੇ ਇਨ੍ਹਾਂ ਨੂੰ ਆਪਣੇ ਪੁੱਤਰ ਦੀ ਕਮਾਈ ਤੇ ਰੱਜ ਨਹੀਂ ਆਉਂਦਾ ਤਾਂ ਇਹ ਦਹੇਜ ਦੇ ਪੈਸਿਆਂ ਨਾਲ ਨਹੀਂ ਰੱਜਣਗੇ। ਇਹੋ ਜਿਹੇ ਭੁੱਖੇ ਦਰਿੰਦੇ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਇਨਾਂ ਦੀ ਭੁੱਖ ਕਦੀ ਨਹੀਂ ਮਿਟਦੀ।"
"ਨਹੀਂ, ਬੇਟਾ। æਲੋਕ ਕੀ ਕਹਿਣਗੇ? ਇਹ ਰਿਸ਼ਤਾ ਟੁੱਟਣ ਨਹੀਂ ਦੇਣਾ, ਚਾਹੇ ਮੇਰੀ ਜਾਣ ਚਲੀ ਜਾਏ।"
"ਨਹੀ ਪਾਪਾ। ਚਲੋ ਬਾਹਰ ਤੇ ਹੌਂਸਲੇ ਨਾਲ ਸਭ ਨੂੰ ਦੱਸੋ ਕਿ ਇਹ ਭੁੱਖੇ ਭੇੜੀਏ ਅਮੈਰਿਕਾ ਤੋਂ ਪੁੱਤਰ ਦਾ ਸੌਦਾ ਕਰਨ ਆਏ ਹਨ…ਸ਼ਾਇਦ ਕੋਈ ਹੋਰ ਜ਼ਿਆਦਾ ਬੋਲੀ ਦੇ ਦੇਵੇ...।" ਡਾਕਟਰ ਖੁਸ਼ੀ ਦੀ ਗੱਲ ਬਾਤ ਵਿੱਚੇ ਰਹਿ ਗਈ ਜਦੋਂ ਪੁਲੀਸ ਦੇ ਆਦਮੀ ਅੰਦਰ ਪਹੁੰਚ ਗਏ। ਉਨਾਂ੍ਹ ਵੀ ਇਹ ਗੱਲਾਂ ਬਾਤਾਂ ਸੁਣ ਲਈਆਂ ਸਨ। ਪੁਲੀਸ ਨੂੰ ਦੇਖ ਕੇ ਕੁਝ ਹੋਰ ਘਰ ਦੇ ਆਦਮੀ ਵੀ ਅੰਦਰ ਪਹੁੰਚ ਗਏ। ਹੋਰ ਤਾਂ ਹੋਰ ਮੀਡੀਆ ਵਾਲੇ ਵੀ ਉੱਥੇ ਹੀ ਸਨ। ਰੱਜ ਕੇ ਤਸਵੀਰਾਂ ਖਿੱਚੀਆ ਗਈਆਂ। ਦੋ ਚਹੁੰ ਆਦਮੀਆਂ ਨੇ ਸੂਰਤ ਦੇ ਪਿਉ ਅਤੇ ਸੂਰਤ ਨੂੰ ਵੀ ਘਸੁੰਨ ਕੱਢ ਮਾਰੇ। ਦੋਨਾਂ ਦੀਆਂ ਪੱਗਾਂ ਉਤਰ ਗਈਆਂ, ਸਿਰ ਦੇ ਜੂੜੇ ਵੀ ਖੁੱਲ੍ਹ ਗਏ। ਇੱਕ ਬਜੁਰਗ ਕਹਿ ਰਿਹਾ ਸੀ, "ਵਿਆਹ ਵਾਲਾ ਮੁੰਡਾ ਤਾਂ ਬਰੇਨ ਸਰਜਨ ਦੱਸੀਦਾ ਏ! ਲੱਗਦਾ ਉਸਦਾ ਦਿਮਾਗ ਅਮੈਰਿਕਾ ਹੀ ਰਹਿ ਗਿਆ। ਇਹ ਇਲਾਜ ਕੀ ਕਰੂ ਜੇ ਇਹ ਪਿਉ ਦਾ ਦਿਮਾਗ ਨਹੀਂ ਠੀਕ ਕਰ ਸਕਿਆ।" ਜਿੰਨੇ ਮੂੰਹ ਓਨੀਆਂ ਗੱਲਾਂ।
ਹਿੰਦੁਸਤਾਨ ਟਾਈਮਜ਼ ਦੇ ਮੀਡੀਆਂ ਨੇ ਸੂਰਤ ਅਤੇ ਉਸਦੇ ਡੈਡੀ ਦੇ ਖੁੱਲ੍ਹੇ ਵਾਲਾਂ ਤੇ ਦੋਨਾਂ ਦੀਆਂ ਪਗੜੀਆਂ ਜਮੀਨ ਤੇ ਖਿਲਰੀਆਂ ਅਤੇ ਹੱਥਾਂ ਵਿੱਚ ਹੱਥਕੜੀਆਂ ਲੱਗੇ ਪਿਉ ਪੁੱਤਾਂ ਦੀਆਂ ਕਈ ਤਸਵੀਰਾਂ ਖਿੱਚੀਆਂ। ਪੁਲੀਸ ਨੇ ਉਨ੍ਹਾਂ ਦੇ ਪਾਸਪੋਰਟ ਉਸੇ ਵੇਲੇ ਆਪਣੇ ਕਬਜ਼ੇ ਵਿੱਚ ਲੈ ਲਏ। ਅਗਲੇ ਦਿਨ ਪਿਉ ਪੁੱਤਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਸ ਦੇ ਕਈ ਨੀਊਜ਼ ਪੇਪਰਾਂ ਵਿੱਚ ਛੱਪੀਆਂ। ਜੋ ਵੀ ਪੜ੍ਹਦਾ ਪਿਉ ਪੁਤਾਂ ਨੂੰ ਦੁਰ ਦੁਰ ਕਰਦਾ ਤੇ ਕਹਿੰਦਾ,"ਦਹੇਜ ਲੈਣਾ ਅਤੇ ਦੇਣਾ ਦੇਸ ਵਿੱਚ ਮਨਾਂ੍ਹ ਹੈ। ਜੋ ਮੂੰਹ ਫਾੜ ਕੇ ਮੰਗਦਾ ਹੈ ਉਨਾਂ੍ਹ ਦਾ ਇਹੀ ਹਾਲ ਹੋਣਾ ਚਾਹੀਦਾ ਹੈ।"
"ਦੇਖੋ ਜੀ, ਪਿਉ ਨੇ ਆਪਣੇ ਅਮਰੀਕਨ ਡਾਕਟਰ ਪੁੱਤਰ ਦੀ 50 ਲੱਖ ਰੁਪਏ ਕੀਮਤ ਲਗਾਈ ਏ।"
"ਦੇਖੋ ਦੋਸਤੋ, ਸਾਡੀ ਡਾਕਟਰ ਦੀਦੀ ਨਾਲ ਇਹ ਵਰਤਾਉ ਸਾਡੀ ਬਰਦਾਸ਼ਾਤ ਦੀ ਹੱਦ ਤੋਂ ਬਾਹਰ ਹੈ। ਦਿਲ ਕਰਦਾ ਏ ਦੋਨਾਂ ਦੀ ਬੋਟੀ ਬੋਟੀ ਕਰ ਦਿਆਂ। ਸਾਲੇ ਕਿਤੋਂ ਦੇ।"
"ਸਰਕਾਰ ਕੀ ਕਰੇ ਜੇ ਲੋਕਾਂ ਨੂੰ ਮੂੰਹ ਫਾੜ ਕੇ ਦਹੇਜ ਮੰਗਦਿਆਂ ਸ਼ਰਮ ਨਹੀਂ ਆਉਂਦੀ।"
"ਪੈਸੇ ਦੀ ਭੁੱਖ ਤਾਂ ਇਨਸਾਨ ਦੀ ਵਧਦੀ ਹੀ ਜਾਂਦੀ ਹੈ। ਕਮਜ਼ਕਮ ਇਨਾਂ੍ਹ ਪਿਉ ਪੁੱਤਾਂ ਨੂੰ ਪੰਜਾਹ ਪੰਜਾਹ ਲੱਖ ਰੁਪਈਆ ਤਾਂ ਜਰਮਾਨਾ ਲੱਗਣਾ ਹੀ ਚਾਹੀਦਾ ਹੈ।"
ਪਿਉ ਪੁੱਤ ਨੂੰ ਤਾਂ ਪੁਲੀਸ ਲੈ ਗਈ ਤੇ ਆਂਢੀ ਗੁਆਂਢੀ ਪਿਉ ਪੁੱਤਾਂ ਨੂੰ ਗੰਦੀਆਂ ਮੰਦੀਆਂ ਗਾਲਾਂ ਕੱਢਦੇ ਬਿਨਾ ਕੁਛ ਖਾਧੇ ਆਪੋ ਆਪਣੇ ਘਰਾਂ ਨੂੰ ਮੁੜ ਗਏ