ਮਾਈ ਲਾਈਫ਼ ਮਾਈ ਵੇਅ (ਕਹਾਣੀ)

ਗੁਰਮੀਤ ਪਨਾਗ   

Email: jangpanag@hotmail.com
Address:
Ontario Canada
ਗੁਰਮੀਤ ਪਨਾਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਜ਼ਿਆਦਾਤਰ ਘਰ ਇਕੱਲੀ ਹੀ ਹੁੰਦੀ। ਜਦੋਂ ਵੀਕਐਂਡ ਆ ਜਾਂਦਾ ਤਾਂ ਬੱਚਿਆਂ ਦੇ ਅਪਣੇ ਦੋਸਤਾਂ ਨਾਲ ਰੁਝਾਨ ਤੇ ਅਰਵਿੰਦ ਦਾ ਘਰ ਹੋਣਾ ਨਾ ਹੋਣਾ ਇੱਕ ਬਰਾਬਰ। ਉਹਦਾ ਘੰਟਿਆਂ ਬੱਧੀ ਕੰਪਿਊਟਰ ਤੇ ਬੈਠੇ ਰਹਿਣਾ ਜਾਂ ਦੋਸਤਾਂ ਨਾਲ ਫ਼ੋਨ ਤੇ ਝੱਖ ਮਾਰੀ ਜਾਣਾ। ਸ਼ਾਮੀਂ ਅਪਣੀ ਡਰਿੰਕ ਲੈ ਕੇ ਟੀ ਵੀ ਤੇ ਚਲ ਰਹੀ ਸਿਆਸਤ 'ਚ ਖੁਭ ਜਾਣਾ ਜਾਂ ਫੇਰ ਅਚਾਨਕ ਹੀ ਉਪਰੋਂ ਤਿਆਰ ਹੋ ਕੇ ਹੇਠਾਂ ਉੱਤਰ ਆਉਣਾ, ‚ਮੈਂ ਆਇਆ ਦੋ ਕੁ ਘੰਟੇ ਤੱਕ‛ ਕਹਿ ਉਹਦੇ ਦੋ ਘੰਟੇ ਅੱਧੀ ਰਾਤ ਤੋਂ ਬਾਅਦ ਹੀ ਪੂਰੇ ਹੁੰਦੇ।
ਅੱਜ ਵੀ ਉਹ ਅਪਣੇ ਘਰ ਦੀ ਉਪਰਲੀ ਮੰਜ਼ਿਲ 'ਚ ਬਣੇ ਸਟੋਰ ਰੂਮ 'ਚ ਪਏ ਨਿੱਕ ਸੁੱਕ ਦੇ ਬਕਸਿਆਂ ਨੂੰ ਫੋਲਣ ਲੱਗ ਪਈ। ਮਨ ਨੂੰ ਕਿਸੇ ਪਾਸੇ ਤਾਂ ਲਾਉਣਾ ਹੀ ਹੋਇਆ ਨਾਲੇ ਕਿਹੜਾ ਕਿਸੇ ਹੋਰ ਨੇ ਕਰਾ ਦੇਣਾ ਸੀ ਨਾਲ ਲੱਗ ਕੇ। ਹਾਂ, ਬੇਲੋੜਾ ਸਮਾਨ ਇਸ ਕਮਰੇ 'ਚ ਸੁੱਟਣਾ ਜ਼ਰੂਰ ਯਾਦ ਰਹਿ ਜਾਂਦਾ ਸੀ ਸਭ ਨੂੰ।
ਸ਼ਨੀਵਾਰ ਦੀ ਰਾਤ, ਉਹ ਘਰ ਇਕੱਲੀ ਹੀ। ਬੇਟਾ ਸਾਵਨ ਜੋ ਸਤਾਰਾਂ ਕੁ ਵਰ੍ਹੇ ਦਾ ਹੈ, ਅਪਣੇ ਦੋਸਤਾਂ ਨਾਲ 'ਕੈਂਪਿੰਗ' ਤੇ ਗਿਆ ਹੋਇਆ ਹੈ। ਪੰਦਰਾਂ ਸਾਲ ਦੀ ਰੋਸ਼ਨੀ ਅਪਣੀ ਸਹੇਲੀ ਦੇ ਘਰ 'ਪ੍ਰੌਜੈਕਟ' ਤੇ ਕੰਮ ਕਰਨ ਗਈ ਹੈ।
‚ਕਮ ਔਨ, ਵੀਕਐਂਡ ਐ ਮੌਮ‛, ਕਹਿੰਦਿਆਂ ਕੱਲ੍ਹ ਸਾਵਨ ਨੇ ਅਪਣੀ ਲੰਮੀ ਝੋਲੀ ਵਾਲੀ ਢਿਲਕਦੀ ਜਿਹੀ ਜੀਨਜ਼ ਨੂੰ ਉੱਪਰ ਨੂੰ ਖਿੱਚਿਆ ਤੇ ਦਰਵਾਜ਼ੇ ਤੋਂ ਬਾਹਰ ਹੋ ਗਿਆ।
ਪਵਲੀਨ ਨੂੰ ਅਪਣਾ ਸਮਾਂ ਯਾਦ ਆਇਆ। ਉਹ ਤਾਂ ਤੀਜੀ ਕਲਾਸ 'ਚ ਹੀ ਸੀ ਜਦੋਂ ਕਨੇਡਾ ਆ ਗਈ ਸੀ। ਮਾਂ ਬਾਪ ਨੇ ਦੋਹਾਂ ਭੈਣਾਂ ਨੂੰ ਅਪਣੀਆਂ ਦੇਸੀ ਕਦਰਾਂ ਕੀਮਤਾਂ ਨਾਲ ਹੀ ਪਾਲਿਆ ਸੀ। ਉਹਨਾਂ ਦੇ ਵਾਲ ਜ਼ੋਰ ਨਾਲ ਕੱਸੀ ਗੁੱਤ 'ਚ ਸਮੇਟੇ ਹੁੰਦੇ। ਕਪੜੇ ਥੋੜ੍ਹੇ ਖੁੱਲ੍ਹੇ ਜਿਹੇ, ਸਾਰਾ ਸਰੀਰ ਢੱਕਣ ਵਾਲੇ ਪਾਏ ਹੁੰਦੇ ਤੇ ਮੇਕ-ਅੱਪ ਦਾ ਤਾਂ ਉਹ ਨਾਂ ਵੀ ਨਹੀਂ ਸਨ ਲੈ ਸਕਦੀਆਂ ਮਾਂ ਸਾਹਮਣੇ। ਕਲਾਸ ਦੇ ਬੱਚੇ ਉਹਨਾਂ ਨੂੰ 'ਕੇਵਮੈਨ' ਤੇ 'ਬਰਾਊਨੀ', ਹੋਰ ਪਤਾ ਨਹੀਂ ਕੀ ਕੀ ਨਾਵਾਂ ਨਾਲ ਨਿਵਾਜਦੇ। ਗੋਰੇ ਬੱਚਿਆਂ ਵਾਂਗ ਨਾ ਵਿਚਰਨ ਕਰਕੇ ਉਹਨਾਂ ਦੀ ਕਿਸੇ ਨਾਲ ਦੋਸਤੀ ਦੀ ਸਾਂਝ ਵੀ ਨਾ ਪੈ ਸਕੀ। ਇੱਕ ਫ਼ਾਸਲਾ ਹਮੇਸ਼ਾਂ ਹੀ ਬਣਿਆ ਰਿਹਾ। ਯੂਨੀਵਰਸਿਟੀ ਪਹੁੰਚ ਕੇ ਹੀ ਉਨ੍ਹਾਂ ਨੇ ਖੁਲ੍ਹ ਖੇਡ ਦਾ ਅਨੁਭਵ ਕੀਤਾ।
ਕਿੰਗਸਟਨ, ਬੱਸ ਐਥੋਂ ਹੀ ਉਹਨੇ ਯੂਨੀਵਰਸਿਟੀ ਖ਼ਤਮ ਕੀਤੀ ਤੇ ਉਥੇ ਦੀ ਹੀ ਹੋ ਕੇ ਰਹਿ ਗਈ। ਯੂਨੀਵਰਸਿਟੀ 'ਚ ਨਾਲ ਪੜ੍ਹਦੀਆਂ ਹੁਣ ਵੀ ਕਿੰਨੀਆਂ ਹੀ ਕੁੜੀਆਂ ਉਹਨੂੰ ਜਿੱਮ ਜਾਂ ਬੱਚਿਆਂ ਦੇ ਸਕੂਲ 'ਚ ਮਿਲ ਪੈਂਦੀਆਂ। ਉਹਨਾਂ ਨਾਲ ਬਿਤਾਏ ਉਹ ਦਿਨ ਜਦੋਂ ਵੀਕਐਂਡ ਤੇ ਡਾਂਸ ਕਲੱਬ ਜਾਣਾ, ਮੁੰਡਿਆਂ ਨੂੰ ਮਿਲਣਾ, ਇੱਕ ਅੱਧ ਡਰਿੰਕ ਲੈਣੀ ਤੇ ਸਵੇਰ ਦੇ ਦੋ ਵਜੇ ਤੱਕ ਡਾਂਸ ਫਲੋਰ ਤੋਂ ਨਾ ਹਟਣਾ ਜਾਂ ਫੇਰ ਇੱਕ ਅੱਧੀ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ - ਇਹਨੂੰ ਆਖਦੀਆਂ ਸੀ ‚ਚਿੱਲ ਕਰਨਾ‛। ਪਰ ਹੈਰਾਨੀ ਦੀ ਗੱਲ ਹੈ ਕਿ ਸਾਰੀਆਂ ਦੀਆਂ ਸਾਰੀਆਂ ਬੜੀ ਆਮ ਜਿਹੀ ਜ਼ਿੰਦਗੀ ਸਵੀਕਾਰ ਕਰ ਬੈਠ ਗਈਆਂ। ਪਹਿਲਾਂ ਉਹਦਾ ਵਿਆਹ ਹੋਇਆ, ਫੇਰ ਜਸਮੀਨ, ਕੇਟੀ, ਸੋਨਾæææ। ਕਈ ਤਾਂ ਪਾਰਟ ਟਾਈਮ ਜੌਬ ਕਰਦੀਆਂ ਉਹਦੇ ਵਾਂਗ, ਕਈਆਂ ਨੇ ਸਾਲ ਦੀ ਛੁੱਟੀ ਲਈ ਹੋਈ ਸੀ ਕੰਮ ਤੋਂ। ਸਾਰੀਆਂ ਘਰ ਗ੍ਰਹਿਸਥੀ 'ਚ ਗਲਤਾਨ। ਬੱਸ, ਵੀਕਐਂਡ ਤੇ ਕਦੇ ਕਦੇ ਇੱਕ ਦੂਜੇ ਦੇ ਘਰ ਜਾ ਆਉਂਦੀਆਂ। ਗੱਲ-ਬਾਤ ਵੀ ਬੱਸ ਕਦੇ ਨਵੇਂ ਪਕਵਾਨਾਂ ਬਾਰੇ ਜਾਂ ਫੇਰ ਸਕੂਲ ਤੇ ਬੱਚਿਆਂ ਬਾਰੇ। ਹੋਰ ਕੁਝ ਤਾਂ ਲੱਗਦਾ ਸੀ ਜਿੱਦਾਂ ਹੋ ਹੀ ਨਾ ਰਿਹਾ ਹੋਵੇ ਉਹਨਾਂ ਦੀ ਜ਼ਿੰਦਗੀ 'ਚ।
ਅੱਜ ਤੋਂ ਦੋ ਕੁ ਮਹੀਨੇ ਪਹਿਲਾਂ ਜੇ ਕੋਈ ਪਵਲੀਨ ਨੂੰ ਪੁੱਛ ਲੈਂਦਾ, ‚ਤੂੰ ਖੁਸ਼ ਹੈਂ?‛ ਤਾਂ ਉਹਦਾ ਜੁਆਬ ਪੱਕਾ ‚ਹਾਂ‛ 'ਚ ਹੀ ਹੁੰਦਾ। ਹਫ਼ਤੇ 'ਚ ਤਿੰਨ ਦਿਨ ਤਾਂ ਉਹਨੇ ਕੰਮ ਕਰਨਾ ਹੁੰਦੈ ਯੂਥ ਵੈਲਫੇਅਰ ਵਿੰਗ 'ਚ। ਚਾਹੇ ਉਹ ਗੱਲ ਤਾਂ ਨਹੀਂ ਬਣ ਸਕੀ ਜਿਸ ਦੇ ਸੁਪਨੇ ਉਸ ਨੇ ਉਹਨਾਂ ਦਿਨਾਂ 'ਚ ਲਏ ਸਨ ਕਿ ਉਸ ਨੂੰ ਪੜ੍ਹਾਈ ਤੋਂ ਬਾਅਦ ਸਿੱਧੀ ਡਾਇਰੈਕਟਰ ਦੀ ਜੌਬ ਹੀ ਮਿਲ ਜਾਵੇਗੀ ਪਰ ਠੀਕ ਹੈ ਇਹ ਵੀ, ਘਰ ਤੇ ਬੱਚਿਆਂ ਦੀ ਸਾਂਭ ਸੰਭਾਲ ਫੇਰ ਕੌਣ ਕਰਦਾ? ਅਰਵਿੰਦ ਹੀ ਬਥੇਰੈ ਅਪਣੇ ਕੈਰੀਅਰ ਵੱਲ ਧਿਆਨ ਦੇਣ ਲਈ। ਚੰਗੀ ਚੱਲ ਰਹੀ ਸੀ ਉਹਦੀ ਆਰਕੀਟੈਕਟ ਫ਼ਰਮ।
ਦੀਵਾਲੀ ਦੀ ਪਾਰਟੀ ਦਾ ਸਮਾਂ ਨੇੜੇ ਆ ਰਿਹਾ ਹੈ। ਸਾਰੇ ਤੋਹਫ਼ੇ ਖਰੀਦ ਤੇ ਪੈਕ ਕਰ ਉਹ ਪਰ੍ਹੇ ਕਰ ਚੁੱਕੀ ਹੈ। ਫ਼ਰਿੱਜ ਨੱਕੋ ਨੱਕ ਭਰ ਚੁੱਕੀ ਹੈ ਖਾਣ ਪੀਣ ਦੇ ਸਮਾਨ ਨਾਲ। ਟੇਬਲ ਮੋਮਬੱਤੀਆਂ, ਨੈਪਕਿਨਾਂ ਤੇ ਸੈਂਟਰਪੀਸ ਨਾਲ ਸਜਾਇਆ ਪਿਐ। ਪੂਜਾ ਰੂਮ ਵੀ ਤਿਆਰ ਹੈ ਪਰ 'ਉਹ ਅੰਦਰੋਂ ਕੋਈ ਹਰਸ਼-ਉੱਲਾਸ ਕਿਉਂ ਨਹੀਂ ਮਹਿਸੂਸ ਕਰ ਰਹੀ?' ਸਟੋਰ ਰੂਮ ਦੇ ਸਮਾਨ 'ਚ ਹੱਥ ਮਾਰਦੀ ਉਹ ਸੋਚਦੀ ਹੈ। ਛੱਤ ਤੇ ਪੈ ਰਹੇ ਮੀਂਹ ਦੀ ਤਰ੍ਹਾਂ ਹੀ ਉਹਦੀਆਂ ਅੱਖਾਂ ਨੇ ਵੀ ਝੜੀ ਲਾ ਦਿੱਤੀ ਹੈ।
'ਚਾਹ ਦਾ ਕੱਪ ਬਣਾ ਕੇ ਬੈਠ ਜਾਂਦੀ ਆਂ ਥੋੜ੍ਹੀ ਦੇਰæææ ਜਾਂ ਫੇਰ ਵਾਈਨ ਦਾ ਗਿਲਾਸ ਨਾ ਲੈ ਲਵਾਂ? ਪਰ ਵਾਈਨ ਲੈ ਤਾਂ ਹਮੇਸ਼ਾਂ ਅਰਵਿੰਦ ਨਾਲ ਹੀ ਬੈਠੀਦਾ ਸੀæææ'
ਇੱਕ ਬਕਸੇ ਤੇ ਉਹਦੀ ਨਿਗਾਹ ਪਈ ਜਿਹੜਾ ਹੁਣ ਤੱਕ ਤਾਂ ਕਦੋਂ ਦਾ ਸ਼ਾਇਦ ਰੁਲ਼ ਖੁਲ਼ ਜਾਂਦਾ ਪਰ ਤਿੰਨ ਘਰ ਬਦਲੇ, ਇਹ ਨਾਲ ਹੀ ਰਿਹਾ। ਇਹ ਸੀ ਉਹਦੀਆਂ ਸਕੂਲ ਦੀਆਂ ਯਾਦਾਂ ਦੀ ਪਟਾਰੀ - ਟਰਾਂਟੋ ਤੋਂ ਹਾਈ ਸਕੂਲ ਕਰਕੇ ਉਹ ਕਿੰਗਸਟਨ ਯੂਨੀਵਰਸਿਟੀ ਆ ਗਈ ਸੀ ਪੜ੍ਹਣ ਤੇ ਟਰਾਂਟੋ ਸਾਰੀਆਂ ਸਹੇਲੀਆਂ, ਜਿਹਨਾਂ ਦੀਆਂ ਖਾæਹਿਸ਼ਾਂ ਤੇ ਸੁਪਨੇ ਉਸ ਵੇਲੇ ਅਸਮਾਨ ਨੂੰ ਛੂੰਹਦੇ ਸਨ, ਉਨ੍ਹਾਂ ਨਾਲ ਰਾਬਤਾ ਟੁੱਟ ਗਿਆ ਸੀ ਉਸ ਦਾ ਪਰ ਹੁਣ ਇਸ ਗੱਲ ਨੂੰ ਹੋ ਵੀ ਤਾਂ ਬਾਈ ਕੁ ਸਾਲ ਗਏ ਸਨ।
ਕੋਈ ਵੀ ਤਾਂ ਨ੍ਹੀ ਸੀ ਆਈ ਉਸ ਦੀ ਯੂਨੀਵਰਸਿਟੀ - ਸਾਰੀਆਂ ਵੱਖੋ ਵੱਖਰੇ ਸ਼ਹਿਰਾਂ 'ਚ ਜਾ ਚੁੱਕੀਆਂ ਸਨ ਪੜ੍ਹਣ। ਸਕੂਲ ਦੇ ਆਖ਼ਰੀ ਦਿਨਾਂ 'ਚ ਤਾਂ ਬੜੇ ਫ਼ੋਨ ਨੰਬਰ ਤੇ ਐਡਰੈੱਸ ਇੱਕ ਦੂਜੇ ਨੂੰ ਦਿੱਤੇ ਤੇ ਲਏ, ਕਸਮਾਂ ਖਾਧੀਆਂ ਸੰਪਰਕ 'ਚ ਰਹਿਣ ਦੀਆਂ ਪਰ ਯੂਨੀਵਰਸਿਟੀ ਦੇ ਖੁਲ੍ਹੇ ਮਾਹੌਲ, ਇਮਤਿਹਾਨ ਤੇ ਨਵੀਆਂ ਦੋਸਤੀਆਂ 'ਚ ਸਾਰਾ ਕੁਝ ਅੱਕਫੰਬੜੀ ਦੇ ਫੰਬਿਆਂ ਵਾਂਗ ਉੱਡ ਪੁੱਡ ਗਿਆ।
ਹੁਣ ਫ਼ੋਟੋਆਂ ਦੇਖਦੀ ਪਵਲੀਨ ਨੂੰ ਕਿੰਨੀਆਂ ਦੇ ਤਾਂ ਨਾਂ ਵੀ ਚੇਤੇ ਨਹੀਂ ਸੀ ਆ ਰਹੇ। ਉਹਨੂੰ ਆਹ ਗੁਲਾਬੀ ਰੰਗ ਦੀ ਸ਼ਰਟ ਪਾਈ ਤੇ ਬੌਬ-ਕੱਟ ਵਾਲਾਂ ਵਾਲੀ ਬਾਰੇ ਜਾਣਨ ਦੀ ਕਾਫ਼ੀ ਉਤਸੁਕਤਾ ਹੋਈ ਜਿਹੜੀ ਕਹਿੰਦੀ ਹੁੰਦੀ ਸੀ, ‚ਕੁਝ ਵੀ ਅਸੰਭਵ ਨਹੀਂ, ਸਾਡਾ ਸੁਨਹਿਰੀ ਭਵਿੱਖ ਸਾਡੇ ਮੂਹਰੇ ਖੜਾ ਸਾਡੀ ਇੰਤਜ਼ਾਰ ਕਰ ਰਿਹਾ ਹੈ‛। ਹੂੰæææ ਕੀ ਹੁੰਦੇ ਨੇ ਉਸ ਉਮਰ ਦੇ ਸੁਪਨੇ ਵੀæææ ਉਹ ਸਟੋਰ ਰੂਮ 'ਚ ਬੈਠੀ,ਹਲਕੇ ਜਿਹੇ ਮੁੜ੍ਹਕੇ ਨਾਲ ਭਿੱਜੀ ਸੋਚ ਰਹੀ ਸੀ। ਉਹਦੇ ਅਪਣੇ ਸੁਪਨੇ ਕਿਹੜਾ ਹੋਏ ਨੇ ਸਾਕਾਰæææ ਸੋਚਿਆ ਸੀ ਕੇਂਦਰੀ ਸਰਕਾਰ ਵੱਲੋਂ ਚਲਾਏ ਜਾ ਰਹੇ ਯੂਥ ਵੈਲਫ਼ੇਅਰ ਸੋਸਾਇਟੀਆਂ 'ਚੋਂ ਇੱਕ ਤੇ ਉਸ ਦਾ ਸਿੱਕਾ ਚੱਲੇਗਾ। ਕੰਮ ਦੇ ਸਿਲਸਿਲੇ 'ਚ ਦੁਨੀਆਂ ਦੇ ਹਰ ਕੋਨੇ 'ਚ ਜਾਣਾ, ਸੰਸਾਰ ਦੀ ਨੌਜੁਆਨ ਪੀੜ੍ਹੀ ਦੇ ਇੱਕ ਦੂਜੇ ਨਾਲ ਤਾਲਮੇਲ ਦੇ ਨਵੇਂ ਰਸਤੇ ਲੱਭਣੇ, ਪਿਛੜੇ ਦੇਸ਼ਾਂ 'ਚ ਇਹੋ ਜਿਹੀਆਂ ਸੋਸਾਇਟੀਆਂ ਸਥਾਪਿਤ ਕਰਨੀਆਂ - ਕਿੰਨਾ ਜੋਸ਼ ਸੀ ਉਸ 'ਚ ਅਪਣੇ ਸੁਪਨੇ ਵੱਲ ਵਧਣ ਦਾ - ਉਸ ਦੇ ਬੁਲ੍ਹਾਂ ਤੇ ਇੱਕ ਫਿੱਕੀ ਜਿਹੀ ਮੁਸਕਾਣ ਆਈ।
ਪਰ ਹੁਣ ਉਹ ਇੱਕ ਆਮ ਜਿਹੀ ਵਰਕਰ ਹੈ ਉਸ ਆਫ਼ਿਸ 'ਚ, ਕਿਸੇ ਫ਼ੈਸਲੇ 'ਚ ਉਸ ਦਾ ਹੱਥ ਨਹੀਂ ਹੁੰਦਾ। ਉਪਰੋਂ ਇਸ ਆਰਕੀਟੈਕਟ ਨਾਲ ਵਿਆਹæææ ਹੂੰ! ਕਿੰਨੀ ਨੀਰਸਤਾ ਤੇ ਅਕੇਵਾਂ ਜਿਹਾ ਹੈ ਜ਼ਿੰਦਗੀ 'ਚæææ ਚਲੋ, ਪੈਸਾ ਹੈ, ਇਸ ਕਰਕੇ ਇੱਕ ਪੂਰਤੀ ਤਾਂ ਹੋਈ ਕਿ ਐਸ਼ੋ-ਆਰਾਮ ਤੇ ਸੋਸ਼ਲ ਸਟੇਟੱਸ ਤਾਂ ਮਿਲ ਹੀ ਗਿਆ।
ਊਣਤਾ ਜਿਹੀ ਦੇ ਅਹਿਸਾਸ ਨੇ ਉਸ ਨੂੰ ਉਪਰੋਂ ਲਿਆ ਘਰ 'ਚ ਬਣਾਏ ਅਰਵਿੰਦ ਦੇ ਆਫ਼ਿਸ 'ਚ ਖੜਾ ਕਰ ਦਿੱਤਾ। ਕੰਪਿਊਟਰ ਖੋਲ੍ਹ ਉਸ ਨੇ 'ਹਿੱਲਫ਼ੀਲਡ ਹਾਈ ਸਕੂਲ ਰੀਯੂਨੀਅਨ' ਗੁਗਲ ਕੀਤਾ। ਦੇਖਣਾ ਚਾਹੁੰਦੀ ਸੀ ਕਿ ਹਾਈ ਸਕੂਲ 'ਚ ਉਸ ਦੇ ਸਹਿਪਾਠੀ ਅਪਣੀ ਜ਼ਿੰਦਗੀ ਦੇ ਕਿਹੜੇ ਮੁਕਾæਮ ਤੇ ਪਹੁੰਚੇ। ਅਚਾਨਕ ਹੀ ਸੋਚ ਫੇਰ ਆਪੇ ਤੇ ਕੇਂਦਰਿਤ ਹੋਈ, 'ਪਵਲੀਨ - ਸ਼ਾਦੀਸ਼ੁਦਾ, ਦੋ ਬੱਚੇ, ਕਿੰਗਸਟਨ ਰਹਿੰਦੀ, ਪਾਰਟ ਟਾਈਮ ਜੌਬ ਕਰਦੀæææ' ਉਹਦਾ ਮਨ ਕਾਹਲਾ ਪੈ ਗਿਆ। ਕੀ ਇਹੀ ਐ ਬੱਸ ਮੇਰੀ ਜ਼ਿੰਦਗੀ ਦਾ ਬਿਓਰਾ? ਬਕਵਾਸ਼ææ ਅਰਥਹੀਣ ਜਿਵੇਂ ਹਾਈ ਸਕੂਲ ਦੇ ਰਿਪੋਰਟ ਕਾਰਡ ਤੇ ਵੀ ਟੀਚਰ ਦੀ ਟਿੱਪਣੀ ਸੀ ‚ਨੌਟ ਫੁੱਲਫ਼ਿਲਿੰਗ ਹਰ ਟਰੂ ਪੋਟੈਂਸ਼ੀਅਲ਼ææ ਕੁੱਡ ਡੂ ਬੈਟਰ‛ ਸੱਚੀ ਹੋ ਗਈ ਟੀਚਰ ਦੀ ਰਾਇ ਜੋ ਕਿੰਨੀ ਦੇਰ ਪਹਿਲਾਂ ਬਣ ਚੁੱਕੀ ਸੀ। ਇਹਦੇ ਨਾਲੋਂ ਤਾਂ ਮੈਂ ਦੋ ਚਾਰ ਬੱਚੇ ਹੋਰ ਜੰਮ ਲੈਂਦੀ। ਕਹਿਣ ਜੋਗੀ ਤਾਂ ਹੋ ਜਾਂਦੀ ਕਿ ਇਹ ਹੈ ਮੇਰੀ ਪ੍ਰਾਪਤੀ। ਘਰ ਤਾਂ ਬੈਠਣਾ ਹੀ ਸੀ।
ਹੁਣ ਫ਼ੇਸਬੁੱਕ ਤੇ ਜਾ ਉਹ ਸਿਰਫ਼ ਇੱਕ ਕੁੜੀ ਨੂੰ ਲੱਭਣਾ ਚਾਹੁੰਦੀ ਸੀ। ਹਾਂ, ਉਹ ਸੀ ਸੋਨੀਆ ਗਰੇਵਾਲ। ਜੇ ਲੱਭ ਵੀ ਪਈ ਤੇ ਉਸ ਨੇ ਫਰੈਂਡਸ਼ਿੱਪ ਰਿਕੁਐਸਟ ਨੂੰ ਅਣਗੌਲਿਆ ਜਿਹਾ ਕਰਤਾ ਤਾਂ ਬੜੀ ਬੇਇਜ਼ਤੀ ਵਾਲੀ ਗੱਲ ਹੋਊ। ਸਕੂਲ 'ਚ ਵੀ ਉਹਨੇ ਕਾਫ਼ੀ ਦੇਰ ਬਾਅਦ ਉਹਦੇ ਨਾਲ ਗੱਲ-ਬਾਤ ਸ਼ੁਰੂ ਕੀਤੀ ਸੀ। ਲਗਭਗ ਸਾਰੀ ਕਲਾਸ ਦੀ ਇਹੀ ਰਾਇ ਸੀ ਕਿ ਪਵਲੀਨ ‚ਕੂਲ‛ ਨਹੀਂ, ਬੋਰਿੰਗ ਹੈ। ਪਰ ਸੋਨੀਆਂ ਤਾਂ ਸਵੈ-ਵਿਸ਼ਵਾਸ ਦੀ ਜਿਊਂਦੀ ਜਾਗਦੀ ਤਸਵੀਰ ਸੀ। ਮੁੰਡਿਆਂ ਨਾਲ ਮੁਕਾਬਲੇ, ਟੀਚਰਾਂ ਨਾਲ ਬਹਿਸ ਤੇ ਸਕੂਲ
ਦੀ ਵਰਦੀ 'ਚ ਵੀ ਮਾਡਲ ਵਰਗੀ ਦਿੱਖ - ਉਹਦੇ ਮਾਂ ਬਾਪ ਵੀ ਉਹਦੇ ਵਰਗੇ ਹੀ ਮਾਡਰਨ - ਉਹਦੇ ਤਾਂ ਡੈਡ ਨੇ ਇਹ ਵੀ ਕਹਿ ਦਿੱਤਾ ਸੀ ਕਿ ਸਕੂਲ ਤੋਂ ਬਾਅਦ 'ਵਰਲਡ ਟੂਰ' ਤੇ ਜਾ ਕੇ ਆ ਤੇ ਅਗਲੇ ਸਾਲ ਯੂਨੀਵਰਸਿਟੀ ਚਲੀ ਜਾਵੀਂ। ਪਵਲੀਨ ਨੂੰ ਇਹ ਸੁਣ ਧੱਕਾ ਜਿਹਾ ਲੱਗਾ ਸੀ। ਉਸ ਨੂੰ ਲੱਗਾ ਜਿਵੇਂ ਉਹ ਇਸ ਬੁਝਾਰਤ ਜਿਹੀ ਸਹੇਲੀ ਨੂੰ ਮੁੜ ਕਦੇ ਨਹੀਂ ਮਿਲ ਸਕੇਗੀ। ਟੂਰ ਤੇ ਜਾ ਕੇ ਤਾਂ ਉਹ ਦੁਨੀਆਂ ਦੀ ਭੀੜ 'ਚ ਹੀ ਸਮਾ ਜਾਵੇਗੀ। ਉਸ ਨੇ ਬਥੇਰਾ ਹੌਂਸਲਾ ਦਿੱਤਾ ਕਿ ਮੈਂ ਫ਼ੋਨ ਕਰਦੀ ਰਹਾਂਗੀ, ਕਦੇ ਕਦੇ ਚਿੱਠੀ ਵੀ ਲਿਖਾਂਗੀ ਵਗੈਰਾ ਵਗੈਰਾæææ ਪਰ ਕੁਝ ਵੀ ਨਾ ਹੋਇਆ। ਕਦੇ ਕਦੇ ਉਹ ਸੋਚਦੀ ਕਿ ਜੇ ਉਹਦੇ 'ਚ ਥੋੜ੍ਹਾ ਜਿਹਾ ਆਤਮ-ਵਿਸ਼ਵਾਸ ਆਇਆ ਤਾਂ ਇਹ ਉਹਦੀ ਦੇਣ ਹੈ। ਉਹਨੇ ਵੀ ਬਾਗ਼ੀ ਜਿਹਾ ਬਣ ਕੇ ਦੇਖ ਲਿਆ ਸੀ ਹਾਈ ਸਕੂਲ 'ਚ ਇੱਕ ਵਾਰ ਜਦੋਂ ਸੋਨੀਆਂ ਉਹਨੂੰ ਤਿੰਨ ਪੀਰੀਅਡ ਮਿੱਸ ਕਰਵਾ ਕੇ ਮੁੰਡਿਆਂ ਦੀ ਹਾਕੀ ਦੀ ਗੇਮ ਦੇਖਣ ਲੈ ਗਈ ਸੀ ਤੇ ਉਹਦੇ ਪਰਸ 'ਚ ਵੌਡਕਾ ਦਾ ਪਿੰਟ ਵੀ ਸੀ। ਕਿਵੇਂ ਉਹਨੇ ਸੰਤਰੇ ਦੇ ਜੂਸ ਦੇ ਦੋ ਛੋਟੇ ਡੱਬੇ ਖਰੀਦ ਉਹਨਾਂ 'ਚ ਥੋੜ੍ਹੀ ਥੋੜ੍ਹੀ ਪਾ ਕੇ ਇੱਕ ਡੱਬਾ ਉਹਨੂੰ ਫੜਾ ਦਿੱਤਾ ਸੀ। ਕਿਵੇਂ ਉਹ ਸਿਰ ਘੁੰਮਦੇ 'ਚ ਹੀ ਵਾਪਸ ਸਕੂਲ ਵੀ ਪਹੁੰਚ ਗਈਆਂ ਸਨ।
ਉਹਨਾਂ ਨੇ ਅਪਣੇ ਭਵਿੱਖ, ਅਪਣੇ ਜੀਵਨ, ਕਿਸੇ ਨਾਲੇ ਹੋਏ ਪਿਆਰ, ਦੁਨੀਆਂ ਨੂੰ ਬਦਲਣ ਦੇ ਫਲਸਫ਼ੇ, ਵਾਤਾਵਰਣ ਨੂੰ ਬਚਾਉਣ ਦੇ ਉਪਰਾਲੇ ਤੇ ਅਪਣੇ ਕੈਰੀਅਰ ਦੀਆਂ ਕਿੰਨੀਆਂ ਗੱਲਾਂ ਕੀਤੀਆਂ ਸਨ। ਕਿੰਨਾ ਜੋਸ਼ ਸੀ ਉਦੋਂ - ਪਰ ਹੁਣ ਤਾਂ ਕਿੰਨੀ ਹਾਸੋਹੀਣੀ ਜਿਹੀ ਗੱਲ ਲੱਗਦੀ ਹੈæææ
ਉਹਨੇ ਕਿੰਨਾ ਯਾਦ ਕੀਤਾ ਸੋਨੀਆਂ ਨੂੰ ਇਹਨਾਂ ਸਾਲਾਂ 'ਚ। ਉਹ ਜੇ ਚਾਹੁੰਦੀ ਤਾਂ ਪਵਲੀਨ ਦੇ ਮਾਂ ਬਾਪ ਦੇ ਘਰ ਫ਼ੋਨ ਕਰ ਸਕਦੀ ਸੀ। ਸੁਨੇਹਾ ਤਾਂ ਮਿਲ ਹੀ ਜਾਣਾ ਸੀ - ਉਹ ਤਾਂ ਇਉਂ ਮਨਫ਼ੀ ਹੋ ਗਈ ਉਸ ਦੀ ਜ਼ਿੰਦਗੀ 'ਚੋਂ ਜਿਵੇਂ ਅੰਬਰੋਂ ਟੁੱਟਿਆ ਤਾਰਾæææ
ਤਿੰਨ ਗਿਲਾਸ ਵਾਈਨ ਦੇ ਖ਼ਤਮ ਕਰ ਚੁੱਕੀ ਸੀ ਉਹ। ਪਹਿਲਾਂ ਤਾਂ ਉਹਨੇ ਦੱਸ ਗਿਆਰਾਂ ਹਾਈ ਸਕੂਲ ਸਹੇਲੀਆਂ ਦੇ ਨਾਵਾਂ ਦੀ ਲਿਸਟ ਬਣਾਈ। ਇੱਕ ਇੱਕ ਨੂੰ ਫ਼ੇਸ-ਬੁੱਕ ਤੇ ਲੱਭਣ ਲੱਗੀ - ਇੱਕ ਇੱਕ ਨਾਂ ਤੇ ਅਣਗਿਣਤ ਉਸ ਨਾਂ ਦੇ ਪ੍ਰੋਫ਼ਾਈਲ ਸਾਹਮਣੇ ਆਉਣ ਲੱਗੇ। ਉਹਨਾਂ ਸਾਰਿਆਂ ਦੀਆਂ ਫ਼ੋਟੋਆਂ ਨੂੰ ਧਿਆਨ ਨਾਲ ਪਰਖ ਕੇ ਉਹ ਅੱਧੇ ਪੌਣੇ ਘੰਟੇ 'ਚ ਅਪਣੀਆਂ ਕਾਫ਼ੀ ਸਹੇਲੀਆਂ ਲੱਭਣ 'ਚ ਕਾਮਯਾਬ ਹੋ ਗਈ। ਉਹ ਤਾਂ ਡਾਕਟਰ, ਵਕੀਲ ਜਾਂ ਅਕਾਊਂਟੈਂਟ ਬਣ ਚੁੱਕੀਆਂ ਸਨ। ਬੱਚਿਆਂ ਵਾਲੀਆਂ, ਕਈ ਤਾਂ ਨੇੜੇ ਤੇੜੇ ਹੀ ਰਹਿੰਦੀਆਂ ਤੇ ਕਈ ਇੰਗਲੈਂਡ, ਅਸਟ੍ਰੇਲੀਆ, ਫਰਾਂਸ ਜਾਂ ਅਮਰੀਕਾ 'ਚ ਜਾ ਵੱਸੀਆਂ। ਉਹਨਾਂ ਸਾਰੀਆਂ ਦੀ ਫ਼ੇਸ ਬੁੱਕ ਵਾਲ ਨੂੰ ਉਹਨੇ ਧਿਆਨ ਨਾਲ ਪੜ੍ਹਿਆ। ਉਨ੍ਹਾਂ ਦੀ ਫਰੈਂਡ ਲਿਸਟ 'ਚ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿੱਥੇæææ ਸੋਨੀਆਂ ਗਰੇਵਾਲਾਂ 'ਚ ਆਖਰ ਉਹਦੀ ਸੋਨੀਆਂ ਲੱਭ ਹੀ ਪਈ। ਉਹਦਾ ਗੱਚ ਭਰ ਆਇਆ ਤੇ ਅੱਖਾਂ 'ਚ ਭਰੇ ਅੱਥਰੂਆਂ ਕਰਕੇ ਉਹ ਉਹਦੀਆਂ ਫੋਟੋਆਂ ਵੀ ਚੰਗੀ ਤਰ੍ਹਾਂ ਨਾ ਦੇਖ ਸਕੀ।
ਅਪਣੇ ਨੋਟਸ ਵਾਲੇ ਟੈਬ ਹੇਠਾਂ ਸੋਨੀਆਂ ਨੇ ਲਿਖ ਪਾਇਆ ਸੀ - ਹੈਲੋ ਫਰੌਮ ਨੀਸ (ਫਰਾਂਸ)। ਮੈਂ ਹਾਈ ਸਕੂਲ ਤੋਂ ਬਾਅਦ ਵਰਲਡ ਟੂਅਰ ਤੇ ਕਾਹਦਾ ਗਈ ਕਿ ਮੁੜ ਮੈਂ ਕਿਤੇ ਵੀ ਟਿਕ ਕੇ ਨਹੀਂ ਬੈਠ ਸਕੀ। ਅਪਣੀ ਪੜ੍ਹਾਈ ਵੀ ਦੁਨੀਆਂ ਦੇਖਦੇ ਦੇਖਦੇ ਹੀ ਖ਼ਤਮ ਕੀਤੀ ਹੈ। ਮੈਂ ਡੌਕੂਮੈਂਟਰੀ ਮੇਕਰ ਹਾਂ। ਨਾ ਕੋਈ ਜੀਵਨ ਸਾਥੀ, ਨਾ ਬੱਚਾ ਪਰ ਹੁਣ ਮੈਂ ਕਨੇਡਾ ਜਾਣਾ ਲੋਚਦੀ ਹਾਂ, ਘਰ ਯਾਦ ਆ ਰਿਹਾ ਹੈ। ਜੇ ਮੇਰਾ ਕੋਈ ਸਕੂਲ ਦਾ ਸਾਥੀ ਇਹ ਪੜ੍ਹੇ ਤਾਂ ਘੱਟੋ ਘੱਟ 'ਹੈਲੋ' ਜ਼ਰੂਰ ਲਿਖ ਭੇਜੇæææ ਤੇ ਜੇ ਕਿਸੇ ਨੂੰ ਪਵਲੀਨ ਔਜਲਾ ਦਾ ਕੋਈ ਅਤਾ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੇ।
ਪਵਲੀਨ ਔਜਲਾ! ਉਹਨੇ ਤਾਂ ਮੁੱਦਤਾਂ ਤੋਂ ਕਦੇ ਸੋਚਿਆ ਵੀ ਨਹੀਂ ਸੀæææ ਉਹਦਾ ਪਹਿਲਾ ਨਾਂ ਜੋ ਕਿੰਨੇ ਸਾਲ ਉਹਦੇ ਨਾਲ ਰਿਹਾ। ਹਾਂ, ਪਵਲੀਨ ਔਜਲਾ ਜ਼ਰੂਰ ਜੁਆਬ ਦੇਵੇਗੀ - ਸ਼ਾਇਦ ਇਹ ਇੱਕ ਮੌਕਾ ਹੀ ਹੋਵੇ ਦੁਬਾਰਾ ਦੋਸਤੀ ਦੇ ਆਗਾਜ਼ ਦਾ। ਪਰ ਕੀ ਪਤੈ ਉਹਨੇ ਐਵੇਂ ਹੀ ਲਿਖ ਦਿੱਤਾ ਤੇ ਉਸ ਨੂੰ ਯਾਦ ਵੀ ਨਾ ਹੋਵੇ ਹੁਣæææ ਤੇ ਮੈਂ? ਕੀ ਉਹਦੇ ਨਾਲ ਗੁੱਸੇ ਨਹੀਂ ਸੀ ਨਾ ਸੰਪਰਕ ਰੱਖਣ ਲਈ? ਕੀ ਭੁੱਲ ਸਕਾਂਗੀ ਮੈਂ ਉਹਦੀ ਅਣਗਹਿਲੀ? ਉਹਨੂੰ ਦੋ ਕੁ ਘੰਟੇ ਲੱਗ ਗਏ ਇਹਨਾਂ ਸੋਚਾਂ ਨਾਲ ਘੁਲਦਿਆਂ। ਫੇਰ ਕਿਤੇ ਜਾ ਕੇ ਉਹਨੇ ਮੈਸੇਜ-ਬਾਕਸ 'ਚ ਲਿਖਣਾ ਸ਼ੁਰੂ ਕੀਤਾ।
ਡੀਅਰ ਸੋਨੀਆਂ,
ਦੇਖ ਲੈ, ਫੇਸਬੁੱਕ ਤੇ ਤੈਨੂੰ ਲੱਭ ਈ ਲਿਆ। ਖ਼ੁਸ਼ੀ ਵੀ ਹੋਈ ਪੜ੍ਹ ਕੇ ਕਿ ਤੈਨੂੰ ਵੀ ਮੇਰੀ ਤਲਾਸ਼ ਸੀ। ਪਰ ਤੂੰ ਕਦੇ ਕੋਸ਼ਿਸ਼ ਈ ਨ੍ਹੀ ਕੀਤੀ। ਕਿੰਨੀ ਮਜ਼ੇਦਾਰ ਗੱਲ ਹੈ ਕਿ ਤੂੰ ਸਾਰੀ ਦੁਨੀਆਂ ਗਾਹ ਮਾਰੀ ਹੈ ਅਪਣੇ ਕੈਰੀਅਰ 'ਚ ਵਿਚਰਦਿਆਂ - ਮੇਰੇ ਵਰਗੇ ਬੋਰਿੰਗ
ਇਨਸਾਨ ਨਾਲ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ ਨਾ ਦੁਬਾਰਾ ਸੰਪਰਕ ਕਰਕੇæææ ਮੈਂ ਕਿੰਗਸਟਨ ਰਹਿੰਦੀ ਹਾਂ। ਆਰਕੀਟੈਕਟ ਅਰਵਿੰਦ ਮੇਰਾ ਪਤੀ ਹੈ। ਦੋ ਬੱਚੇ ਨੇ ਸਾਵਨ ਸਤਾਰਾਂ ਦਾ ਤੇ ਰੋਸ਼ਨੀ ਪੰਦਰਾਂ ਦੀ। ਸਾਵਨ ਅਪਣੇ ਬਾਪ ਦੀ ਤਰ੍ਹਾਂ ਹੀ ਹੈ ਦੇਖਣ ਨੂੰ ਪਤਲਾ ਲੰਮਾ ਤੇ ਉਦਾਂ ਹੀ ਖੇਡਾਂ 'ਚ ਰੁਚੀ ਰੱਖਦਾ ਹੈ। ਸ਼ਾਇਦ ਕੈਰੀਅਰ ਵੀ ਬਾਪ ਵਾਲਾ ਹੀ ਅਪਣਾਏ। ਮੈਂ ਉਸ ਤੇ ਕਦੇ ਵੀ ਥੋਪਾਂਗੀ ਨਹੀਂ ਕਿ ਉਸ ਨੂੰ ਕੀ ਬਣਨਾ ਚਾਹੀਦੈ।
ਰੋਸ਼ਨੀ ਪੰਦਰਾਂ ਸਾਲ ਦੀ, ਇਕੋ ਗਾਣੇ ਨੂੰ ਪੰਜਾਹ ਵਾਰ ਸੁਣਨਾ, ਕਪੜਿਆਂ ਦੀ ਸ਼ੌਪਿੰਗ, ਮੇਕ-ਅੱਪ ਤੇ ਸਹੇਲੀਆਂ ਨਾਲ ਵੀਕਐਂਡ ਦੀਆਂ ਪਲੈਨਾਂ ਬਣਾਉਣੀਆਂ ਪਰ ਇੱਕ ਸਮਝਦਾਰ ਤੇ ਸਾਊ ਬੱਚੀ।
ਮੈਂ ਤਾਂ ਬਸ ਤਿੰਨ ਕੁ ਦਿਨ ਕੰਮ ਤੇ ਜਾਂਦੀ ਆਂ। ਬੱਚਿਆਂ ਤੇ ਘਰ ਨੂੰ ਠੀਕ ਤਰ੍ਹਾਂ ਚਲਾਉਣ ਲਈ ਜ਼ਰੂਰੀ ਸੀ ਕਿ ਮੈਂ ਅਪਣੇ ਕੈਰੀਅਰ ਨੂੰ ਬਹੁਤੀ ਤਰਜੀਹ ਨਾ ਦੇਵਾਂ। ਬਾਕੀ ਪਾਰਟੀਆਂ ਸ਼ਾਰਟੀਆਂ ਹੁੰਦੀਆਂ ਰਹਿੰਦੀਆਂ ਨੇ ਘਰ, ਇਸੇ ਬਹਾਨੇ ਦੋਸਤਾਂ ਨੂੰ ਮਿਲਦੇ ਰਹੀਦੈ। ਬੱਸ, ਆਮ ਜਿਹੀ ਜ਼ਿੰਦਗੀ ਜਿਵੇਂ ਦੀ ਹੁੰਦੀ ਐ ਉਹ ਹੈ ਮੇਰੀ। ਮੰਮੀ ਡੈਡੀ ਕਿੱਦਾਂ ਨੇ? ਮੇਰੇ ਤਾਂ ਹਾਲੇ ਉਸੇ ਘਰ 'ਚ ਰਹਿ ਰਹੇ ਨੇ ਪਰ ਰਿਟਾਇਰ ਹੋ ਚੁੱਕੇ ਨੇ। ਚਲੋ, ਲਿਖੀਂ ਵਾਪਸ ਕਿ ਕਿਵੇਂ ਚੱਲ ਰਹੀ ਹੈ। ਸੱਚੀਂ ਬਹੁਤ ਅੱਛਾ ਲੱਗਾ ਤੈਨੂੰ ਲੱਭ ਕੇ। ਕਿੰਨਾ ਯਾਦ ਕੀਤਾ ਮੈਂ ਤੈਨੂੰ ਐਨੇ ਸਾਲਾਂ 'ਚ!
ਪਿਆਰ,
ਪਵਲੀਨ ਔਜਲਾ।
ਉਹਨੇ ਬਾਰ ਬਾਰ ਪੜ੍ਹਿਆ ਅਪਣਾ ਲਿਖਿਆ। ਕਿਤੇ ਮਿੰਨਤਾਂ ਤਰਲੇ ਜਿਹੇ ਤਾਂ ਨ੍ਹੀ ਲੱਗਦੇ ਉਹਦੇ ਦੋਸਤੀ ਲਈ ਇਹ? ਬੱਚਿਆਂ ਬਾਰੇ ਕਿਤੇ ਬਹੁਤਾ ਤਾਂ ਨ੍ਹੀਂ ਗੁਣਗਾਣ ਕਰਤਾ? ਔਜਲਾæææ ਇਹ ਲਿਖਣਾ ਜ਼ਰੂਰੀ ਸੀ?
ਉਹਨੇ ‚ਐਂਟਰ‛ ਪਰੈੱਸ ਕਰ ਹੀ ਦਿੱਤਾ। ਹੁਣ ਜਦੋਂ ਉਹ ਫੇਸ-ਬੁੱਕ ਤੇ ਆਊ ਉਦੋਂ ਹੀ ਦੇਖੂ ਤੇ ਜਵਾਬ ਦਿਊæææ ਧਿਆਨ ਫੇਰ ਵਾਈਨ ਦੀ ਬੋਤਲ ਵੱਲ ਗਿਆ। ਡਿਨਰ ਲਈ ਬਾਹਰੋਂ ਮੰਗਾਇਆ ਪੀਜ਼ਾ ਵੀ ਮਾਈਕਰੋਵੇਵ 'ਚ ਗਰਮ ਹੋਣ ਲਈ ਰੱਖ ਦਿੱਤਾ।
ਵਾਪਸ ਆ ਸਕਰੀਨ ਤੇ ਨਜ਼ਰ ਮਾਰੀ। ਜਵਾਬ ਤਾਂ ਆ ਚੁੱਕਾ ਸੀæææ
ਪਵਲੀਨ!
ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਮੈਨੂੰ ਇਹ ਲਿਖਿਆ ਹੈ! ਮੈਂ ਬਹੁਤ ਸ਼ਰਮਿੰਦਾ ਹਾਂ ਕਿ ਮੈਂ ਕੋਈ ਕੋਸ਼ਿਸ਼ ਨਹੀਂ ਕੀਤੀ ਸੰਪਰਕ 'ਚ ਰਹਿਣ ਦੀ। ਆਂਟੀ ਅੰਕਲ ਨੂੰ ਚਿੱਠੀ ਲਿਖਣਾ? ਮੇਰੇ ਤਾਂ ਕਦੇ ਦਿਮਾਗ 'ਚ ਹੀ ਨ੍ਹੀ ਆਇਆæææ ਪਰ ਮੈਂ ਤੈਨੂੰ ਬਹੁਤ ਯਾਦ ਕੀਤਾæææ ਮੇਰੇ ਮਾਂ-ਬਾਪ ਤਾਂ ਅੱਜਕਲ੍ਹ ਬਹਾਮਾਜ਼ 'ਚ ਸੈੱਟ ਹੋ ਗਏ ਨੇ ਤੇ ਜਮੇਕਾ ਵੀ ਕੌਟੇਜ ਲੈ ਰੱਖੀ ਹੈ। ਹਾਂ, ਨੀਸ! ਮੈਨੂੰ ਦੁਨੀਆਂ ਦਾ ਕੋਈ ਸ਼ਾਂਤ ਜਿਹਾ ਕੋਨਾ ਚਾਹੀਦਾ ਸੀ ਥੋੜ੍ਹੀ ਦੇਰ ਲਈ। ਮੈਂ ਅਫ਼ਗਾਨਿਸਤਾਨ, ਇਰਾਨ, ਸੋਮਾਲੀਆ ਵਰਗੇ ਝੱਖੜ ਝੁੱਲੇ ਮੁਲਕਾਂ 'ਚ ਵੀ ਕੰਮ ਕੀਤਾ - ਬੜੀ ਚੁਣੌਤੀ ਸੀ ਤੇ ਮੈਨੂੰ ਵਧੀਆ ਵੀ ਲੱਗਾ ਪਰ ਹੁਣ ਮਨ ਕੁਝ ਦੇਰ ਲਈ ਆਰਾਮ ਭਾਲਦਾ ਸੀ। ਇਹ ਨੀਸ, ਧਰਤੀ ਤੇ ਸਵੱਰਗ, ਨੀਲੇ ਸ਼ਾਂਤ ਪਾਣੀ ਨਾਲ ਘਿਰਿਆ ਫਰੈਂਚ ਰਿਵਿਐਰਾ, ਜਿੱਥੇ ਹਰੇਕ ਸ਼ਾਮ ਤੁਸੀਂ ਬੀਚ ਤੇ ਬੈਠ, ਪਾਣੀ 'ਚ ਅਪਣੀ ਮੋਟਰਬੋਟ ਲਿਜਾ, ਡੂੰਘੀ ਚੁੱਭੀ ਲਗਾ ਜਾਂ ਫੇਰ ਇੱਕ ਡਰਿੰਕ ਲੈ ਬੈਠ ਸੂਰਜ ਨੂੰ ਅਸਤ ਹੁੰਦੇ ਵੇਖ ਗੁਜ਼ਾਰ ਸਕਦੇ ਹੋ। ਸਾਰਾ ਕੁਝ ਐਨਾ ਕੁ ਰਹੱਸਮਈ ਤੇ ਅਦਭੁੱਤ ਹੈ ਕਿ ਮੈਂ ਤਾਂ ਅਪਣੇ ਆਪ ਨੂੰ ਵੀ ਭੁੱਲ ਚੁੱਕੀ ਹਾਂ ਐਥੇ ਆ ਕੇ। ਕੁਝ ਵੀ ਤਾਂ ਤੰਗ ਨਹੀਂ ਕਰਦਾ, ਨਾ ਕਿਸੇ ਦਾ ਕੁਝ ਕੀਤਾ, ਨਾ ਕਿਹਾ, ਕੋਈ ਵੀ ਪਿਛਲਾ ਜ਼ਖ਼ਮæææ
ਦੋਸਤਾਂ ਦਾ ਸਰਕਲ ਵੀ ਹੈ ਪਵਲੀਨ ਐਥੇ, ਤੈਨੂੰ ਪਤਾ ਹੀ ਹੈ ਮੇਰੇ ਦੋਸਤ ਤਾਂ ਸ਼ੁਰੂ ਤੋਂ ਹੀ ਮੇਰੀ ਜ਼ਿੰਦਗੀ ਦਾ ਵੱਡਾ ਹਿੱਸਾ ਰਹੇ ਨੇ। ਤੇਰੇ ਪਰਿਵਾਰ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਕਿੰਨੇ ਸਾਲਾਂ ਤੋਂ ਤੁਸੀਂ ਸਾਰੇ ਇਕੱਠੇ ਇੱਕੋ ਛੱਤ ਥੱਲੇ ਰਹਿੰਦੇ, ਇੱਕ ਦੂਜੇ ਦਾ ਦੁਖ ਸੁਖ ਜਾਣਦੇ - ਮੈਂ ਤਾਂ ਇਸ ਅਹਿਸਾਸ ਤੋਂ ਸੱਖਣੀ ਹਾਂ। ਕਈ ਵਾਰ ਅਪਣੀ ਹੋਂਦ ਇੱਕ ਦਰੱਖਤੋਂ ਟੁੱਟੇ ਪੱਤੇ ਵਾਂਗ ਵਰਗੀ ਲੱਗਦੀ ਹੈ ਕਿ ਹਵਾ ਜਿੱਧਰ ਨੂੰ ਮਰਜ਼ੀ ਉਡਾ ਕੇ ਲੈ ਜਾਵੇ। ਸੋਚਦੀ ਹਾਂ ਇਹ ਕਿੰਨੀ ਕੁ ਚਿਰ ਚੱਲੇਗਾ ਅਪਣੀਆਂ ਸ਼ਰਤਾਂ ਤੇ ਜ਼ਿੰਦਗੀ ਇਉਂ ਬਸਰ
ਕਰਨਾæææ ਪਰ ਘਰ ਗ੍ਰਹਿਸਥੀ ਲਈ ਤਾਂ ਹੁਣ ਮੇਰੀ ਉਮਰ ਨਿਕਲ ਚੱਕੀ ਹੈ। ਹੁਣ ਤਾਂ ਆਉਣ ਵਾਲੇ ਸਮੇਂ 'ਚ ਲੱਗਦੈ ਇਕੱਲਤਾ ਤੇ ਬੇਚੈਨੀ ਹੀ ਸਾਥ ਨਿਭਾਉਣਗੀਆਂæææ ਇੱਕ ਬੱਚਾ ਪਾਲਣ ਨੂੰ ਦਿਲ ਕਰਦੈ। ਸ਼ਾਇਦ ਜ਼ਿੰਦਗੀ ਨੂੰ ਜੀਣ ਦੀ ਵਜ੍ਹਾ ਮਿਲ ਜਾਵੇæææ
ਹੁਣ ਤੱਕ ਮੈਂ ਜਿਵੇਂ ਚਾਹਿਆ, ਜੋ ਚਾਹਿਆ, ਮੈਨੂੰ ਮਿਲਿਆ। ਤੈਨੂੰ ਯਾਦ ਐ ਜਦੋਂ ਆਪਾਂ ਕਲਾਸਾਂ ਮਿੱਸ ਕਰਕੇ ਹਾਕੀ ਦੀ ਗੇਮ ਦੇਖਣ ਗਈਆਂ ਸੀ? ਹਾ ਹਾ ਹਾæææ ਬੱਸ ਉਹੀ ਖ਼ਤਰਿਆਂ ਨਾਲ ਖੇਲਣ ਦੀ ਭਾਵਨਾ ਸਾਰੀ ਉਮਰ ਹੀ ਨਾਲ ਰਹੀ ਤੇ ਬਹੁਤ ਨਾਮਣਾ ਖੱਟਿਆ ਅਪਣੇ ਕੰਮ ਰਾਹੀਂæææ ਕਈ ਵਾਰ ਇਸ਼ਕ ਵੀ ਹੋਇਆ ਪਰ ਮੇਰੀ ਬੇਚੈਨ ਰੂਹ ਹਮੇਸ਼ਾਂ ਹੀ ਅਪਣੇ ਹੀ ਰਸਤਿਆਂ ਤੇ ਤੁਰਨ ਲਈ ਅੱਥਰੀ ਰਹਿੰਦੀæææ ਪਰ ਹੁਣ ਅਸੀਂ ਅਧਖੜ ਉਮਰ ਵੱਲ ਵਧ ਰਹੀਆਂ ਹਾਂ। ਹੁਣ ਜ਼ਿੰਦਗੀ ਨੇ ਅਪਣੀਆਂ ਲੋੜਾਂ ਬਦਲ ਲਈਆਂ ਹਨæææ ਪਤਾ ਨ੍ਹੀ ਇਹੀ ਇੱਕ ਸਦਮਾ ਹੈ ਜੋ ਮਨ ਨੂੰ ਹਾਲੇ ਗਵਾਰਾ ਨਹੀਂ ਹੋ ਰਿਹਾæææ
ਓ ਮਾਈ ਗੌਡæææ ਆਪਾਂ ਅਧਖੜ ਹੋਣ ਲੱਗੀਆਂ ਤੇ ਇਕ ਦੂਜੇ ਨੂੰ ਹਾਈ ਸਕੂਲ ਤੋਂ ਬਾਅਦ ਦੇਖਿਆ ਵੀ ਨਹੀਂæææ ਕਿੰਨੀ ਅਜੀਬ ਜਿਹੀ ਗੱਲ ਐ, ਹੈ ਨਾ?
ਮੈਂ ਇਸੇ ਮੈਸੇਜ-ਬਾਕਸ 'ਚ ਅਪਣੀ ਫੋਟੋ ਭੇਜ ਰਹੀ ਹਾਂæææ ਦੇਖ ਮੈਂ ਕਿੱਦਾਂ ਦੀ ਦਿਸਦੀ ਹਾਂ ਹੁਣ। ਤੂੰ ਵੀ ਭੇਜੀਂ ਮੈਨੂੰæææ
ਤੇਰੀ ਅਪਣੀ,
ਸੋਨੀਆਂ
ਪਵਲੀਨ ਨੇ ਸੋਨੀਆਂ ਨੂੰ ਜੁਆਬ 'ਚ ਲਿਖਣਾ ਸ਼ੁਰੂ ਕੀਤਾ ਪਰ ਕੁਝ ਲਿਖ ਨਾ ਸਕੀæææ ਕਿਵੇਂ ਅਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ ਸੀ ਉਸ ਨੇ ਤਾਂ। ਦੋ ਦਹਾਕਿਆਂ ਤੋਂ ਉਪਰ ਦੀ ਜੁਦਾਈ ਸੀ ਉਹਨਾਂ ਦੀ, ਕਿੰਨਾ ਕੁਝ ਸੀ ਜ਼ਿੰਦਗੀ 'ਚ ਉੱਪਰ ਹੇਠਾਂ ਹੋਇਆ ਇਸ ਸਮੇਂ ਦੌਰਾਨ। ਕਿੰਨੇ ਦੁਖ ਸੁਖ ਉਹ ਵੰਡ ਸਕਦੀਆਂ ਸੀ। ਸਹਾਰਾ ਬਣ ਸਕਦੀਆਂ ਸੀ ਇੱਕ ਦੂਜੇ ਦਾ ਭੈਣਾਂ ਵਾਂਗ। ਉਹਨੂੰ ਦਿਲ ਡੁੱਬਦਾ ਜਿਹਾ ਮਹਿਸੂਸ ਹੋਇਆ।
ਡੀਅਰ ਸੋਨੀਆਂ,
ਮੇਰਾ ਹੌਂਸਲਾ ਜਿਹਾ ਹੀ ਨਹੀਂ ਪਿਆ ਕਿ ਮੈਂ ਠੀਕ ਠੀਕ ਲਿਖ ਸਕਾਂ ਜੋ ਵੀ ਮੇਰੀ ਜ਼ਿੰਦਗੀ 'ਚ ਹੋ ਰਿਹਾ ਹੈ।
ਅਰਵਿੰਦ ਮੈਨੂੰ ਛੱਡ ਕੇ ਜਾ ਚੁੱਕਾ ਹੈ। ਹਾਂ, ਤੂੰ ਠੀਕ ਹੀ ਪੜ੍ਹਿਆ ਹੈ। ਅਠਾਰਾਂ ਸਾਲਾਂ ਤੋਂ ਬਾਅਦ ਦੋ ਕੁ ਮਹੀਨੇ ਪਹਿਲਾਂ ਇੱਕ ਰਾਤ ਮੈਨੂੰ ਕਹਿੰਦਾ, ‚ਸਾਡੇ ਰਿਸ਼ਤੇ 'ਚ ਕੋਈ 'ਚਿੰਗਾਰੀ' ਨਹੀਂ ਰਹੀ ਤੇ ਉਹ ਕਿਸੇ ਹੋਰ ਨਾਲ 'ਅੱਗ' ਵਰਗੇ ਰਿਸ਼ਤੇ 'ਚ ਪੈਰ ਧਰ ਚੁੱਕਾ ਹੈ। ਦੀਵਾਲੀ ਤੋਂ ਪਹਿਲਾਂ ਜਦੋਂ ਲੋਕੀਂ ਅਪਣੇ ਪਰਿਵਾਰ ਲਈ ਤੇ ਦੋਸਤਾਂ ਲਈ ਸ਼ੁੱਭਕਾਮਨਾਵਾਂ ਭੇਜਦੇ ਨਹੀਂ ਥੱਕਦੇ, ਉਹਨੇ ਆਪ ਹੀ ਅਠਾਰਾਂ ਸਾਲਾਂ ਦੇ ਬਣਾਏ ਆਸ਼ਿਆਨੇ ਨੂੰ ਤੋੜ ਸੁੱਟਿਆ।
ਮੈਂ ਤਾਂ ਉਸ ਰਾਤ ਤੋਂ ਹੀ ਇੱਕ ਗਹਿਰੇ ਸਦਮੇ 'ਚ ਹਾਂ। ਮੈਂ ਅਪਣੇ ਆਪ ਨੂੰ ਸਵਾਲ ਕਰਦੀ ਹਾਂ - ਕਿਹਨੇ ਦਿੱਤਾ ਉਹਨੂੰ ਇਹ ਹੱਕ ਕਿ ਉਹ ਜਦ ਮਰਜ਼ੀ ਸਭ ਕੁਝ ਛੱਡ ਛੁਡਾ ਕੇ ਇੰਨੀ ਆਸਾਨੀ ਨਾਲ ਬਾਹਰ ਹੋ ਜਾਏ? ਕੀ ਮੈਨੂੰ ਉਹਨੇ ਪੁੱਛਿਆ ਕਿ ਮੈਂ ਕਿਵੇਂ ਮਹਿਸੂਸ ਕਰਦੀ ਹਾਂ? ਗ੍ਰਹਿਸਥੀ 'ਚ ਹਮੇਸ਼ਾਂ ਹੀ ਉੱਲਾਸ ਤੇ ਹਾਸੇ ਭਰੇ ਰਹਿਣ, ਇਹ ਜ਼ਰੂਰੀ ਤਾਂ ਨਹੀਂæææ ਮੈਂ ਕਿੱਧਰ ਜਾਵਾਂ? ਜਾ ਸਕਦੀ ਹਾਂ ਮੈਂ? ਅਠਾਰਾਂ ਸਾਲਾਂ ਤੋਂ ਉਹ ਬਾਹਰ ਤੇ ਮੈਂ ਘਰ - ਅਸੀਂ ਅਪਣਾ ਅਪਣਾ ਕੰਮ, ਫ਼ਰਜ਼ ਨਿਭਾਉਂਦੇ, ਦੋ ਬੱਚੇ ਜਿਹੜੇ ਹੱਦ ਦਰਜੇ ਦੇ ਆਪਹੁਦਰੇ, ਨਾਸ਼ੁਕਰੇ ਤੇ ਆਲਸੀ ਨਿਕਲੇ, ਉਹਨਾਂ ਨੂੰ ਪਾਲਿਆ। ਸਾਡੀ ਹੀ ਮੈਰਿਜ ਤੇ ਆ ਕੇ ਸਲੀਬ ਕਿਉਂ ਡਿੱਗੀ? ਠੀਕ ਐ, ਸ਼ਾਇਦ ਮੈਂ ਇੱਕ ਚੁਲਬੁਲੀ ਜਿਹੀ ਔਰਤ ਨਹੀਂ, ਪਰ ਘਰ ਨੂੰ ਸੁਚੱਜੇ ਢੰਗ ਨਾਲ ਚਲਾਉਣਾ, ਬੱਚਿਆਂ ਦੇ ਹੋਮਵਰਕ ਤੋਂ ਲੈ ਕੇ ਬਾਹਰੀ ਰੁਚੀਆਂ ਜਿਵੇਂ ਬਾਸਕਿਟ ਬਾਲ, ਸਵਿੰਮਿੰਗ, ਡਾਂਸ ਤੇ ਲੈ ਕੇ ਜਾਣਾ। ਚੰਗਾ ਤੇ ਤਾਜ਼ਾ ਖਾਣਾ ਦੇਣਾæææ ਹੋਰ ਕੀ ਕਰ ਸਕਦੀ ਸੀ ਮੈਂ ਇਸ ਤੋਂ ਵਧ ਕੇ? ਮੈਂ ਅਪਣਾ ਆਪ ਪਿੱਛੇ ਰੱਖ ਸਭ ਲਈ ਕੀਤਾæææ ਕੀ ਇਹੀ ਹੈ ਮੇਰਾ ਦੋਸ਼?
ਆਪ ਕਿੰਨੀ ਆਸਾਨੀ ਨਾਲ ਈਸ਼ਾ ਦੇ ਨਾਲ ਤੁਰ ਗਿਆæææ ਦੋਹਾਂ ਨੇ ਫਲੈਟ ਵੀ ਲੈ ਲਿਆ ਤੇ ਰੋਮਾਂਟਿਕ ਡਿਨਰ ਵੀ ਰੋਜ਼ ਹੁੰਦੇ ਨੇ। ਕਹਿੰਦਾ ਤਜਰਬਾ ਜਿਹਾ ਹੈ ਜੋ ਕਰ ਰਿਹਾਂ ਕਿ ਅਸੀਂ ਕਿੰਨੇ ਕੁ ਇੱਕ ਦੂਜੇ ਨੂੰ ਸਮਝ ਸਕਦੇ ਹਾਂ - ਜਦੋਂ ਕਿ ਮੈਂ ਐਥੇ ਬੈਠੀ ਹਾਲੇ ਵੀ
ਢੇਰਾਂ ਦੇ ਢੇਰ ਬੱਚਿਆਂ ਦੇ ਕਪੜੇ ਧੋਂਦੀ, ਸੁਕਾਉਂਦੀ, ਤਹਿਆਂ ਮਾਰਦੀ ਥੱਕ ਜਾਂਦੀ ਹਾਂ। ਉਪਰੋਂ ਘਰ ਦੀਆਂ ਸਾਫ਼ ਸਫ਼ਾਈਆਂ ਤੇ ਬੱਚਿਆਂ ਨੂੰ ਸਕੂਲ ਲਿਜਾਣਾ ਤੇ ਲਿਆਉਣਾ।
ਜੇ ਦੋ ਮਹੀਨੇ ਪਹਿਲਾਂ ਮੈਨੂੰ ਕਿਸੇ ਨੇ ਪੁੱਛਿਆ ਹੁੰਦਾ ‚ਡੂ ਯੂ ਲਵ ਯੂਅਰ ਹਸਬੈਂਡ?‛ ਮੇਰਾ ਜੁਆਬ ਹੁੰਦਾ ‚ਹਾਂ‛। ਹੁਣ, ਮੈਂ ਨਫ਼ਰਤ ਕਰਦੀ ਹਾਂ ਉਹਨੂੰæææ ਜਿਹੜੀ ਉਹਨੇ ਮੇਰੇ ਨਾਲ ਕੀਤੀ ਐ, ਦੁਸ਼ਮਨ ਵੀ ਨਹੀਂ ਕਰਦਾ।
ਮੇਰਾ ਉਹੀ ਕੋਹਲੂ ਦੇ ਬੈਲ ਵਾਲਾ ਹਾਲ - ਤੇ ਜਨਾਬ ਨੂੰ ਇਸ਼ਕ ਹੋ ਗਿਐæææ ਬੇਵਸ ਹੈ ਉਹ ਕਿਸੇ ਦੇ ਪਿਆਰ 'ਚ। ਕਈ ਵਾਰ ਸੋਚਦੀ ਹਾਂ ਕਿ ਮੇਰੇ ਐਨੇ ਗੁੱਸੇ ਦਾ ਕਾਰਨ ਇਹ ਵੀ ਹੈ ਕਿ ਕਿੰਨਾ ਆਪਾ ਵਾਰਿਆ - ਉਹਦੇ ਲਈ, ਬੱਚਿਆਂ ਲਈ ਤੇ ਇਸ ਘਰ ਲਈæææ ਅਪਣਾ ਕੈਰੀਅਰ ਦਾ ਪਛਤਾਵਾ ਮੈਨੂੰ ਸਭ ਤੋਂ ਜ਼ਿਆਦਾ ਹੈ। ਮਾਂ ਬਾਪ ਨੂੰ ਵੀ ਨਿਰਾਸ਼ ਕੀਤਾ। ਉਹਨਾਂ ਨੂੰ ਕਿੰਨੀਆਂ ਉਮੀਦਾਂ ਸੀ ਮੇਰੇ ਤੋਂ। ਯੂਨੀਵਰਸਿਟੀ ਕਰਕੇ ਵੀ ਕੁਝ ਨਾ ਬਣਨਾæææ ਕਿੰਨੀ ਕੁ ਵੱਡੀ ਹਾਰ ਹੋ ਸਕਦੀ ਹੈ? ਕੋਈ ਮੈਥੋਂ ਪੁੱਛੇ।
ਪਤਾ ਨਹੀਂ ਇਹ ਸਭ ਮੈਂ ਤੈਨੂੰ ਕਿਉਂ ਦੱਸਣਾ ਚਾਹੁੰਦੀ ਹਾਂæææ ਸ਼ਾਇਦ ਕੋਈ ਹੋਰ ਹੈ ਵੀ ਨਹੀਂ ਜਿਹਦੇ ਨਾਲ ਮੈਂ ਦੁਖ ਫੋਲ ਸਕਾਂæææ ਤੇ ਤੂੰ ਇੰਨੀ ਦੂਰ ਬੈਠੀ ਕਿਹੜਾ ਮੇਰਾ 'ਬੋਰਿੰਗ' ਚਿਹਰਾ ਦੇਖ ਸਕਦੀ ਹੈਂæææਹਾ ਹਾæææ ਖ਼ੈਰ, ਹੁਣ ਤੈਨੂੰ ਅਹਿਸਾਸ ਹੋ ਰਿਹਾ ਹੋਣੈ ਕਿ ਘਰ, ਬੱਚੇ, ਇਹ ਕੁਝ ਐਡੀ ਵੱਡੀ ਚੀਜ਼ ਨਹੀਂ ਹੁੰਦੀ ਕਿ ਜੇ ਨਾ ਮਿਲੇ ਤਾਂ ਇਨਸਾਨ ਅਧੂਰਾ ਰਹਿ ਜਾਵੇæææ ਮੇਰਾ ਮਤਲਬ, ਜਦੋਂ ਮੈਂ ਤੇਰੀ ਜ਼ਿੰਦਗੀ ਬਾਰੇ ਸੋਚਦੀ ਹਾਂ ਤਾਂ ਮੇਰੇ ਅੰਦਰ ਖ਼ਲਾਅ ਜਿਹਾ ਭਰ ਜਾਂਦਾ ਹੈæææ ਕਾਸ਼! ਮੈਂ ਵੀ ਇਹ ਸਭ ਹਾਸਲ ਕਰ ਸਕਦੀæææ ਮੈਂ ਅਪਣੇ ਲਈ ਜੀ ਸਕਦੀ।
ਲਵ,
ਪਵਲੀਨ
ਐਂਟਰ ਦੱਬ ਕੇ ਉਹਨੇ ਅਪਣਾ ਮੈਸੇਜ ਭੇਜਿਆ ਤੇ ਸੋਨੀਆਂ ਵੱਲੋਂ ਭੇਜੀ ਫੋਟੋ ਤੇ ਕਲਿੱਕ ਕੀਤਾ। ਫੋਟੋ ਵੱਡੇ ਆਕਾਰ ਦੀ ਹੋ ਕੇ ਸਕਰੀਨ ਦੇ ਮੱਧ 'ਚ ਫੈਲ ਗਈ। ਓ ਗੌਡ, ਉਹ ਹਾਲੇ ਵੀ ਪਤਲੀ, ਉਹਦਾ ਚਿਹਰਾ ਲਿਸ਼ ਲਿਸ਼ ਕਰਦਾ, ਨਿੱਕਰ ਤੇ ਬਿਨਾਂ ਬਾਹਾਂ ਦੀ ਸ਼ਰਟ ਉਪਰੋਂ ਟੋਪੀ ਲਈ ਉਹ ਬਾਲੜੀ ਜਿਹੀ ਲੱਗੀ ਤੇ ਪਵਲੀਨ ਨੂੰ ਲੱਗਾ ਜਿਵੇਂ ਉਹ ਆਪ ਉਸ ਦੀ ਮਾਸੀ ਦੀ ਉਮਰ ਦੀ ਹੋਵੇ। ਸੋਨੀਆਂ ਦੀਆਂ ਅੱਖਾਂ ਦੀ ਚਮਕ ਤੇ ਬੁੱਲ੍ਹਾਂ ਤੇ ਮੁਸਕਰਾਹਟ ਉਦਾਂ ਹੀ ਬੁਲੰਦ ਸੀ ਜਿਵੇਂ ਹਾਈ ਸਕੂਲ 'ਚ ਹੁੰਦੀ ਸੀ। ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਉਹਦਾ ਕੁਝ ਨਹੀਂ ਸੀ ਵਿਗਾੜ ਸਕਿਆ।
ਪਵਲੀਨ ਨੇ ਵੀ ਫੈਮਿਲੀ ਐਲਬਮ ਕੱਢੀ ਤੇ ਲੱਭਣ ਲੱਗੀ ਕਿ ਕਿਹੜੀ ਫੋਟੋ ਭੇਜੀ ਜਾਵੇ। ਉਹਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਮੈਕਸੀਕੋ ਬੀਤੀਆਂ ਸੀ - ਉਥੋਂ ਦੀਆਂ ਫੋਟੋਆਂ, ਬੱਚੇ ਮੂੰਹ ਟੇਢਾ ਮੇਢਾ ਕਰ ਲੈਂਦੇ ਜਦੋਂ ਵੀ ਉਹ ਕਲਿੱਕ ਕਰਦੀ। ਅਰਵਿੰਦ ਪਿਛਵਾੜੇ 'ਚ ਬੈਠਾ ਅਪਣੇ ਅਖ਼ਬਾਰ 'ਚ ਹੀ ਮਸਤ।
ਉਸ ਨੇ ਹੀ ਤਾਂ ਕੈਮਰਾ, ਬੈਟਰੀ, ਰੀਲ੍ਹਾਂ, ਸਭ ਨਾਲ ਚੁੱਕਿਆ ਪਰ Aਹਦੀ ਤਾਂ ਇੱਕ ਵੀ ਫੋਟੋ ਨਹੀਂ - ਉਹ ਕਲਿੱਕ ਕਰਨ ਵਾਲੀ ਜੋ ਸੀ। ਕਿਸੇ ਨੇ ਵੀ ਇੱਕ ਵਾਰ ਇਹ ਨਾ ਕਿਹਾ ਕਿ ਹੁਣ ਤੁਸੀਂ ਵੀ ਆ ਜਾਓ ਮੂਹਰੇ ਕੈਮਰੇ ਦੇ। ਦੋ ਸੌ ਦੇ ਕਰੀਬ ਫੋਟੋਆਂ ਉਸ ਟੂਰ ਦੀਆਂ ਤੇ ਫਾਰਮ ਹਾਊਸ ਜਿਹੜਾ ਉਹਨਾਂ ਉਥੇ ਕਿਰਾਏ ਤੇ ਲਿਆ ਸੀ। ਦੂਜਾ ਡੱਬਾ ਫੋਲਿਆ। ਇਹ ਬੱਚਿਆਂ ਦੇ ਨਾਲ ਜਪਾਨ ਟਰਿੱਪ ਦੀਆਂ ਸਨ। ਮਿਲ ਗਈ! ਮਿਲ ਗਈ ਇੱਕ ਫੋਟੋ ਜਿਸ 'ਚ ਉਹ ਮਿੰਨੀ ਸਕੱਰਟ ਪਾ ਖੜੀ ਹੈ ਟੋਕੀਓ ਦੇ ਇੱਕ ਸ਼ਾਪਿੰਗ ਸੈਂਟਰ 'ਚ। ਚਲੋ, ਬੱਚਿਆਂ ਦੇ ਜਨਮ ਤੋਂ ਬਾਅਦ ਛਾਤੀ ਅਤੇ ਪੇਟ ਤੇ ਪਏ ਨਿਸ਼ਾਨ ਤਾਂ ਨ੍ਹੀ ਦਿਸਦੇ। ਹਾਂ, ਇਹ ਠੀਕ ਹੈ ਫੋਟੋ, ਇਹੀ ਭੇਜਦੀ ਹਾਂ। ਇੱਕ ਨਜ਼ਰ ਫੇਰ ਸੋਨੀਆਂ ਦੀ ਫੋਟੋ ਤੇ ਮਾਰੀ ਤਾਂ ਉਹਨੂੰ ਰੋਣਾ ਆ ਗਿਆ, ‚ਭਲਾ ਮੇਰਾ ਤੇ ਸੋਨੀਆਂ ਦਾ ਕੀ ਮੇਲ? ਸੋਨੀਆਂ, ਜਿਹਨੇ ਸਾਰੀ ਦੁਨੀਆਂ ਗਾਹ ਮਾਰੀ ਹੈ ਤੇ ਮੈਂ? ਮੈਂæææ ਘਰ ਜੰਜਾਲ 'ਚ ਉਲਝੀ ਦੁਖੀ ਆਤਮਾ।
ਸੋਨੀਆਂ ਦਾ ਮੈਸੇਜ ਫੇਰ ਆ ਗਿਆ, ‚ਓ ਮਾਈ ਗੌਡ, ਪੜ੍ਹ ਲਿਆ ਮੈਂ ਸਭ ਕੁਝ। ਦਿਸ ਇਜ਼ ਹੌਰੀਬਲ਼ææ ਆਰ ਯੂ ਓ ਕੇ?‛
‚ਆਈ ਐਮ ਨੌਟ ਸੋæਅਰ‛
‚ਆਈ ਮੀਨ, ਕੀ ਕਰਨੈ ਹੁਣ ਅੱਗੇ, ਕੀ ਸੋਚਿਐ?‛
‚ਕੁਝ ਨ੍ਹੀ ਸੁੱਝ ਰਿਹਾæææ ਵੱਟ ਡੂ ਯੂ ਥਿੰਕ?‛
ਕੁਝ ਮਿੰਟ ਤਾਂ ‚ਸੋਨੀਆਂ ਟਾਈਪਿੰਗ‛ ਚੈਟ ਬਾਕਸ 'ਚ ਆਉਂਦਾ ਰਿਹਾ ਤੇ ਫੇਰ ਆਇਆæææ
‚ਪਵਲੀਨ,
ਥੋੜ੍ਹੀ ਦੇਰ ਲਈ ਤੂੰ ਵੀ ਬੰਧਨਾਂ ਤੋਂ ਮੁਕਤ ਹੋ ਕੇ ਦੇਖ, ਘਰ ਦਾ ਸਾਰਾ ਭਾਰ ਤੇਰੇ ਸਿਰ ਪਾ ਉਹ ਆਪ ਰੰਗਰਲੀਆਂ ਮਨਾਉਣ ਨਿਕਲ ਤੁਰਿਐ। ਛੱਡ ਦੇ ਕੁਝ ਦਿਨ ਸਾਰੇ ਸਿਆਪੇ ਸਾਫ਼ ਸਫ਼ਾਈਆਂ, ਨਿਆਣਿਆਂ ਦੇ ਕੰਮ, ਬਿਊਟੀ ਪਾਰਲਰ ਜਾ ਕੇ ਅਪਣੀ ਸਾਰੀ ਗਰੂਮਿੰਗ ਕਰਾ, ਦੋਸਤਾਂ ਨਾਲ ਬਾਹਰ ਜਾ, ਸ਼ੌਪਿੰਗ ਕਰ। ਕਰ ਥੋੜ੍ਹਾ ਜਿਹਾ ਖਰਚਾ ਸਾਲੇ ਦਾ ਜਿਹਨੇ ਮੋਟਾ ਜਿਹਾ ਬੈਂਕ ਬੈਲੇਂਸ ਜੁਆਇੰਟ ਅਕਾਊਂਟ 'ਚ ਰੱਖਿਆ ਹੋਣੈ।
ਬੱਚਿਆਂ ਦੀ ਜ਼ਿੰਮੇਵਾਰੀ ਤੇਰੀ 'ਕੱਲੀ ਦੀ ਕਿਓਂ? ਉਹਦੇ ਕੋਲ ਜਾ ਕੇ ਕਿਉਂ ਨਹੀਂ ਰਹਿ ਸਕਦੇ? ਕੁਝ ਦਿਨ 'ਕੱਲੇ ਵੀ ਤਾਂ ਰਹਿ ਸਕਦੇ ਨੇ, ਵੱਡੇ ਹੋ ਗਏ ਨੇ ਹੁਣ। ਉਹਨਾਂ ਨੂੰ ਥੋੜ੍ਹੀ ਜਿਹੀ ਆਜ਼ਾਦੀ ਵੀ ਚਾਹੀਦੀ ਹੈ ਅਪਣੀ। ਅਸੀਂ ਸਾਰਾ ਦਿਨ ਉਹਨਾਂ ਨੂੰ ਹਥੇਲੀ ਦੇ ਫੋੜੇ ਵਾਂਗ ਚੁੱਕੀ ਫਿਰੀ ਜਾਂਦੇ ਹਾਂ। ਮੈਨੂੰ ਤਾਂ ਬਹੁਤ ਚੰਗਾ ਲੱਗਦਾ ਸੀ ਜਦ ਮੇਰੇ ਮਾਂ-ਬਾਪ ਮੈਨੂੰ ਖੁਲ੍ਹ ਦਿੰਦੇ ਸੀ ਉਸ ਉਮਰ 'ਚ।
ਹਾਂ, ਜੋ ਗੱਲ ਸਭ ਤੋਂ ਜ਼ਰੂਰੀ ਕਹਿਣਾ ਚਾਹੁੰਦੀ ਸੀ ਉਹ ਇਹ ਕਿ ਮੇਰੇ ਕੋਲ ਆ ਜਾ। ਸੱਤ ਕੁ ਘੰਟੇ ਦੀ ਫਲਾਈਟ ਐ ਕੈਨੇਡਾ ਤੋਂ। ਇਕੱਲੀ ਆਈਂ। ਜਿੰਨਾ ਚਿਰ ਮਰਜ਼ੀ ਰਹੀਂ, ਫੇਰ ਸੋਚਾਂਗੇ ਕੀ ਕਰਨੈ ਅੱਗੇ। ਆਪਾਂ ਨਵੇਂ ਸਿਰੇ ਤੋਂ ਇੱਕ ਦੂਜੇ ਨੂੰ ਜਾਣਨਾ ਹੈ, ਸਮਝਣਾ ਹੈ। ਹੁਣੇ ਜੁਆਬ ਦੇਣ ਦੀ ਕੋਈ ਲੋੜ ਨਹੀਂ, ਸੌਂ ਜਾ ਹੁਣ। ਕਨੇਡਾ 'ਚ ਤਾਂ ਪਹਿਲਾਂ ਹੀ ਕਾਫ਼ੀ ਰਾਤ ਬੀਤ ਗਈ ਐ, ਕਿ ਨਹੀਂ? ਸਵੇਰੇ ਉੱਠੇਂ ਤਾਂ ਦੱਸੀਂ ਕਿ ਕੀ ਸੋਚਿਆ।
ਪਰ ਹੌਸਲਾ ਨਹੀਂ ਹਾਰਨਾ, ਅਪਣਾ ਸਕੂਨ ਨ੍ਹੀ ਗੁਆਉਣਾ, ਕੋਈ ਵੀ ਐਨਾ ਅਹਿਮ ਨ੍ਹੀ ਹੁੰਦਾ ਜਿਹਦੇ ਲਈ ਅਪਣਾ ਆਪ ਰੋਲ਼ ਦਿੱਤਾ ਜਾਵੇ।
ਪਿਆਰ,
ਸੋਨੀਆਂ
ਰਾਤ ਦੇ ਦੋ ਵੱਜ ਚੁੱਕੇ ਸਨ ਜਦੋਂ ਉਸ ਨੇ ਕੰਪਿਊਟਰ ਬੰਦ ਕੀਤਾ। ਸਾਵਨ ਦੇ ਕਮਰੇ 'ਚੋਂ ਆਉਂਦੀ ਸੰਗੀਤ ਦੀ ਆਵਾਜ਼ ‚ਆਈ ਵਾਨਾ ਬ੍ਰੇਕ ਫ਼ਰੀ‛ ਤੋਂ ਪਤਾ ਲੱਗਾ ਕਿ ਉਹ ਵਾਪਸ ਆ ਗਿਆ ਹੈ। ਉਹਦਾ ਦਰਵਾਜ਼ਾ ਖੜਕਾ ਉਹਨੂੰ ਸੌਣ ਲਈ ਕਿਹਾ।
ਸੋਮਵਾਰ ਦੀ ਸਵੇਰ!
‚ਉੱਠੋ ਬੱਚਿਓ, ਜਾ ਕੇ ਅਪਣਾ ਨਾਸ਼ਤਾ ਵਗੈਰਾ ਦੇਖੋ ਕੀ ਖਾਣੈæææ ਮੈਂ ਅੱਜ ਵਿਅਸਤ ਆਂ ਕੁਝ, ਮੈਥੋਂ ਨ੍ਹੀ ਬਣਨਾ‛ ਉਹਨੇ ਦੋਹਾਂ ਬੱਚਿਆਂ ਦੇ ਕਮਰਿਆਂ 'ਚ ਜਾ ਉੱਪਰ ਲਈਆਂ ਚਾਦਰਾਂ ਨੂੰ ਹਲਕਾ ਜਿਹਾ ਖਿੱਚਦੇ ਹੋਏ ਕਿਹਾ। ਉਹ ਰਸੋਈ 'ਚ ਜਾ ਹੱਥ ਪੱਲਾ ਜਿਹਾ ਮਾਰਦੇ ਅਪਣਾ ਸੀਰੀਅਲ ਖਾ, ਨੌਂ ਵੱਜਣ 'ਚ ਵੀਹ ਕੁ ਮਿੰਟ ਰਹਿੰਦੇ ਘਰੋਂ ਨਿਕਲ ਗਏ। ਉਹ ਆਪ ਬੈੱਡਰੂਮ 'ਚ ਜਾ ਅਰਵਿੰਦ ਦਾ ਸਾਰਾ ਸਮਾਨ ਅਲਮਾਰੀਆਂ 'ਚੋਂ ਕੱਢ ਢੇਰ ਲਾਉਣ ਲੱਗੀ ਹੋਈ ਸੀ, ‚ਹਾਓ ਮੱਚ ਸਟੱਫ਼ ਡਿੱਡ ਹੀ ਫੱæææਗ ਹੈਵ? ਉਹ 'ਐੱਫ਼' ਸ਼ਬਦ ਕਦੋਂ ਕੁ ਤੋਂ ਵਰਤਣ ਲੱਗ ਪਈ ਸੀ? ਅਪਣਾ ਵੀ ਫਾਲਤੂ ਦਾ ਸਮਾਨ ਉਹਨੇ ਬਾਹਰ ਕੱਢ ਬਕਸਿਆਂ 'ਚ ਪਾ ਕੇ 'ਗੁੱਡਵਿੱਲ ਸਟੋਰ' ਵਾਲਿਆਂ ਨੂੰ ਫ਼ੋਨ ਕਰ ਦਿੱਤਾ ਕਿ ਆ ਕੇ ਲੈ ਜਾਣ। ਅੱਧਾ ਦਿਨ ਤਾਂ ਉਹਦਾ ਖਰਾਬ ਹੋਇਆ ਇਸ ਦੁਕੰਮਣ 'ਚ ਪਰ ਮਨ ਤੋਂ ਕਾਫ਼ੀ ਭਾਰ ਹਲਕਾ ਹੋਇਆ। ਉਹਨੇ ਅਪਣੇ ਫ਼ਾਲਤੂ ਨਕਲੀ ਗਹਿਣੇ, ਸਵੈਟਰ, ਟੀ ਸ਼ਰਟਾਂ, ਅੰਗੀਆਂ, ਨਾਈਟ ਸੂਟ ਸਭ ਬਕਸਿਆਂ 'ਚ ਸੁੱਟ ਦਿੱਤੇ। ਹੁਣ ਜਾ ਕੇ ਸਾਹ ਆਇਆ ਜਦ ਸਾਰੇ ਦਰਾਜ਼ ਖਾਲੀ ਹੋਏ। ਗਿਆਰਾਂ ਗੱਤੇ ਦੇ ਵੱਡੇ ਬਕਸੇ ਉਸ ਦੇ ਸਮਾਨ ਦੇ ਤੇ ਪੰਦਰਾਂ ਅਰਵਿੰਦ ਦੇ ਸਮਾਨ ਦੇ ਭਰੇ। ਕਮਰੇ 'ਚ ਬੱਸ ਜ਼ਰੂਰਤ ਦਾ ਹੀ ਕਪੜਾ ਲੀੜਾ ਤੇ ਸਮਾਨ ਬਚਿਆ ਸੀ। ਹੁਣ ਤਾਂ ਜੇ ਮੈਂ ਕਿਤੇ ਜਾਣਾ ਵੀ
ਹੋਵੇ ਤਾਂ ਛੇਤੀ ਪੈਕਿੰਗ ਕਰ ਸਕਦੀ ਹਾਂ। ਸਭ ਸਾਹਮਣੇ ਪਿਆ ਨਜ਼ਰ ਆ ਰਿਹਾ ਹੈ। ਜਾਣਾ? ਪਰ ਜਾਣਾ ਕਿੱਥੇ ਐ ਮੈਂ? ਮੈਂ ਵਿਚਾਰੇ ਸਾਵਨ ਤੇ ਰੋਸ਼ਨੀ ਨੂੰ ਛੱਡ ਫਰਾਂਸ ਨੂੰ ਤਾਂ ਨਹੀਂ ਨਾ ਦੌੜ ਸਕਦੀæææ
ਦੁਪਹਿਰ ਵੇਲੇ ਜਦੋਂ ਚੈਰਿਟੀ ਦਾ ਟਰੱਕ ਬਕਸੇ ਚੁੱਕਣ ਆਇਆ ਤਾਂ ਉਹ ਰਸੋਈ ਵਿਚਲਾ ਫਾਲਤੂ ਸਮਾਨ ਕੱਢ 'ਚ ਲੱਗੀ ਹੋਈ ਸੀ। ਹਾਲੇ ਤਾਂ ਇੱਕ ਵੈਨ ਹੋਰ ਭਰਨੀ ਸੀ ਸਮਾਨ ਦੀ ਚੈਰਿਟੀ ਲਈ, ਬੱਚਿਆਂ ਦੇ ਕਪੜੇ, ਸਟੋਰ ਰੂਮ ਦਾ ਕਬਾੜ, ਪੁਰਾਣੀਆਂ ਚਾਦਰਾਂ, ਤੌਲੀਏ, ਹਾਏ ਰੱਬਾ! ਕਿਉਂ ਐਨਾ ਚਿਰ ਮੈਂ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ 'ਚ ਲੱਗੀ ਰਹੀ? ਕਿਉਂਕਿ ਮੈਂ ਇੱਕ ਔਰਤ ਹਾਂ ਘਰ ਨੂੰ ਸਮੇਟਣ ਵਾਲੀ, ਜੋੜਣ ਵਾਲੀ, ਸਾਂਭਣ ਵਾਲੀ ਪਰ ਬੱਸ ਹੋਰ ਨ੍ਹੀ ਹੋਣਾ ਮੈਥੋਂæææ ਘਰ ਤਾਂ ਵਿਕਣਾ ਹੀ ਹੈ ਹੁਣ। ਕਾਨੂੰਨ ਦੇ ਤਹਿਤ ਜਦੋਂ ਮਰਦ ਔਰਤ ਦਾ ਤਲਾਕ ਹੋ ਜਾਂਦਾ ਹੈ ਤਾਂ ਘਰ ਦੀ ਵਿਕਰੀ ਦਾ ਪੈਸਾ ਵੀ ਅੱਧਾ ਅੱਧਾ ਹੋ ਜਾਂਦਾ ਹੈ। ਮੈਂ ਲੱਖ ਕੋਸ਼ਿਸ਼ ਕਰਾਂ ਤਾਂ ਵੀ ਇਹ ਤਾਂ ਹੋਣਾ ਹੀ ਹੈ।
ਚਾਰ ਵਜੇ ਬੱਚੇ ਸਕੂਲੋਂ ਆਏ। ਅਪਣੀ ਬ੍ਰੈੱਡ ਤੇ ਜੈਮ ਲਾ ਕੇ ਖਾ ਤੇ ਦੁੱਧ ਪੀ ਕੇ ਫੇਰ ਦੋਸਤਾਂ ਵੱਲ ਨਿਕਲ ਗਏ। ਮੂਹਰਲੇ ਦਰਵਾਜ਼ੇ ਤੱਕ ਬਕਸਿਆਂ ਨਾਲ ਭਰੇ ਘਰ 'ਚ ਆਉਣ ਤੋਂ ਜਾਣ ਤੱਕ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਕੁਝ ਨਹੀਂ ਪੁੱਛਿਆ।
ਅਰਵਿੰਦ ਦੀਆਂ ਕੀਮਤੀ ਚੀਜ਼ਾਂ ਦਾ ਇੱਕ ਬਕਸਾ ਉਸ ਨੇ ਅਲੱਗ ਰੱਖ ਲਿਆ ਸੀ ਤੇ ਉਸ ਦੇ ਮੁਬਾਇਲ ਤੇ ਫ਼ੋਨ ਕਰਕੇ ਮੈਸੇਜ ਛੱਡ ਦਿੱਤਾ ਕਿ ਆ ਕੇ ਲੈ ਜਾਵੇ। ਕੋਈ ਜੁਆਬ ਨਹੀਂ ਆਇਆ। ਐਤਕੀਂ ਉਹਨੂੰ ਪਹਿਲੀ ਵਾਰ ਇਸ ਗੱਲ ਦਾ ਕੋਈ ਬਹੁਤਾ ਦੁਖ ਨਹੀਂ ਲੱਗਾ ਕਿ ਉਸ ਨੇ ਜੁਆਬ ਨਹੀਂ ਦਿੱਤਾ। ਪਿਛਲੀਆਂ ਦੋ ਰਾਤਾਂ ਤੋਂ ਅਰਵਿੰਦ ਨੂੰ ਯਾਦ ਕਰਕੇ ਰੋਈ ਵੀ ਨਹੀਂ, ‚ਵਾਕਿਆ ਈ ਕੋਈ ਬਦਲਾਅ ਆ ਰਿਹੈ ਮੇਰੇ 'ਚ‛, ਉਹਨੇ ਮਹਿਸੂਸ ਕੀਤਾ।
ਅਗਲੀ ਸ਼ਾਮ ਉਹ ਪੰਜ ਸੱਤ ਰਸਾਲੇ ਖਰੀਦ ਕੇ ਲਿਆਈ ਤੇ ਅਪਣੀ ਕਰੋਨਾ ਬੀਅਰ ਗਿਲਾਸ 'ਚ ਪਾ ਕੇ ਉਹ ਬੈਠੀ ਤੇ ਵਰਕੇ ਫੋਲਣੇ ਸ਼ੁਰੂ ਕਰ ਦਿੱਤੇ। ਸਾਵਨ ਰਾਤ ਦੇ ਦੱਸ ਵਜੇ ਆਇਆ ਤੇ ਰੋਸ਼ਨੀ ਉਸ ਤੋਂ ਵੀ ਲੇਟ ਤਾਂ ਪਹਿਲੀ ਵਾਰ ਉਹਨੇ ਉਹਨਾਂ ਦੀ ਕਲਾਸ ਨਹੀਂ ਲਗਾਈ, ‚ਓ ਕੇ ਗੁੱਡ ਨਾਈਟ‛ ਕਹਿ ਉਹਨਾਂ ਨੂੰ ਅਪਣੇ ਕਮਰਿਆਂ 'ਚ ਜਾਣ ਦਿੱਤਾ।
ਬੱਚਿਆਂ ਦੀ ਦੇਖ ਰੇਖ ਪ੍ਰਤੀ ਉਸ ਦਾ ਨਜ਼ਰੀਆ ਬਦਲ ਚੁੱਕਾ ਸੀ। ਹੁਣ ਉਹ ਹਮੇਸ਼ਾਂ ਉਹਨਾਂ ਦੇ ਆਲੇ ਦੁਆਲੇ ਮੰਡਰਾਉਣ ਵਾਲੀ ਮਾਂ ਨਹੀਂ ਸੀ ਰਹੀ ਤੇ ਉਹਨੂੰ ਆਪ ਨੂੰ ਵੀ ਚੰਗਾ ਲੱਗ ਰਿਹਾ ਸੀ ਇਹ ਫ਼ਾਸਲਾ ਨਿਰਧਾਰਿਤ ਕਰਕੇ।
ਰੋਸ਼ਨੀ ਦੀ ਪੌੜੀਆਂ 'ਚ ਸੁੱਟੀ ਜੈਕਟ ਦੀ ਜੇਬ ਉਸ ਨੇ ਫੇਰ ਵੀ ਫੋਲੀ ਕਿ ਕੋਈ ਡਰੱਗ਼ææ ਜਾਂ ਐਸੀ ਵੈਸੀ ਚੀਜ਼ ਜਿਸ ਤੋਂ ਪਤਾ ਲੱਗਾ ਕਿ ਬਾਹਰ ਕੀ ਕਰਦੇ ਨੇ ਇਹ ਜਾ ਕੇ। ਪਰਫਿਊਮ ਦੀ ਨਿੱਕੀ ਜਿਹੀ ਸ਼ੀਸ਼ੀ ਮਿਲੀ ਜੋ ਉਸ ਨੇ ਵਾਪਸ ਜੇਬ 'ਚ ਪਾ ਜੈਕਟ ਉਥੇ ਹੀ ਰੱਖ ਦਿੱਤੀ।
ਘਰ 'ਚ ਸਾਰੇ ਪਾਸੇ ਸੁਗੰਧਿਤ ਮੋਮਬੱਤੀਆਂ ਬਾਲ ਉਹ ਅਰਵਿੰਦ ਦੇ ਜਾਣ ਦੀ ਸੱਚਾਈ ਦਾ ਉਤਸਵ ਮਨਾਉਣਾ ਚਾਹੁੰਦੀ ਸੀ। ਅਰਵਿੰਦ ਨੂੰ ਸੁਗੰਧਿਤ ਮੋਮਬੱਤੀਆਂ ਨਾਲ ਛਿੱਕਾਂ ਆਉਂਦੀਆਂ ਸਨ, ਤਾਂ ਕਰਕੇ ਉਹ ਕਦੇ ਵੀ ਘਰ 'ਚ ਚਾਹ ਕੇ ਵੀ ਇਹ ਮੋਮਬੱਤੀਆਂ ਨਾ ਬਾਲ ਸਕੀ। ਹੋਰ ਪਤਾ ਨਹੀਂ ਕੀ ਕੀ ਜੋ ਉਹਨੂੰ ਚੰਗਾ ਨਹੀਂ ਸੀ ਲੱਗਦਾ, ਉਹਨੇ ਕਰਨਾ ਛੱਡ ਦਿੱਤਾ। ‚ਉਹਨੂੰ ਕੀ ਚੰਗਾ ਲੱਗਦੈ‛ ਹੀ ਜਿੰੰਦਗੀ ਨੂੰ ਜੀਣ ਦਾ ਉਦੇਸ਼ ਬਣ ਗਿਆ ਸੀ। ਚਲੋ ਛੱਡੋ ਹੁਣ, ‚ਮੈਂ ਤਾਂ ਹਾਲੇ ਚਾਲੀ ਕੁ ਸਾਲ ਦੀ ਹਾਂ‛ ਸੱਠ ਦੀ ਤਾਂ ਨ੍ਹੀ ਨਾ ਹੋ ਗਈ‛ ਉਹਨੇ ਉੱਚੀ ਬੋਲ ਕੇ ਅਪਣੇ ਆਪ ਨੂੰ ਕਹਿ ਕੇ ਦੇਖਿਆ। ਅਗਲੇ ਵੀਹ ਕੁ ਸਾਲ 'ਚ ਕੀ ਕਰਨਾ ਹੈ? ਹਫ਼ਤੇ 'ਚ ਤਿੰਨ ਦਿਨ ਕੰਮ ਜਦ ਤੱਕ ਰਿਟਾਇਰ ਨਾ ਹੋ ਜਾਵਾਂæææ ਜਾਂ ਫੇਰ ਘਰ ਨਾਲ ਬੰਨ੍ਹੀ ਬੈਠੀ ਰਹਾਂ ਜਦ ਤੱਕ ਬੱਚੇ ਅਪਣੇ ਅਪਣੇ ਘਰਾਂ 'ਚ ਨਹੀਂ ਚਲੇ ਜਾਂਦੇæææ ਫੇਰ ਨਾਨੀ ਦਾਦੀ ਬਣਕੇ ਉਹਨਾਂ ਦੇ ਬੱਚੇ ਪਾਲਣ 'ਚ ਲੱਗੀ ਰਹਾਂæææ
ਉਹਨੂੰ ਅਪਣੇ ਆਪ ਤੇ ਤਰਸ ਜਿਹਾ ਵੀ ਆਇਆ ਕਿ ਕਦੇ ਸੋਚਿਆ ਨਹੀਂ ਸੀ ਕਿ ਇਉਂ ਵੀ ਸੋਚਣਾ ਪਵੇਗਾ। ਜ਼ਿੰਦਗੀ ਬੱਸ ਅਪਣੀ ਚਾਲੇ ਸੋਹਣੀ ਚੱਲੀ ਜਾ ਰਹੀ ਸੀ। ਇਹ ਤਾਂ ਅਰਵਿੰਦ ਨੇ ਹੀ ਉਥਲ ਪੁਥਲ ਕਰਨ 'ਚ ਪਹਿਲ ਕੀਤੀ। ਪਰ ਕੋਈ ਨ੍ਹੀ, ਜੇ ਉਹਨੇ ਅਪਣਾ ਰਸਤਾ ਅਲੱਗ ਕਰ ਲਿਐ ਤਾਂ ਮੈਨੂੰ ਵੀ ਕਿਹੜੀ ਲੋੜ ਐ ਅੱਖਾਂ ਬੰਦ ਕਰ ਤੁਰਨ ਦੀ? ਮੈਂ ਵੀ ਤਾਂ ਅਪਣਾ ਰਸਤਾ ਚੁਣ ਸਕਦੀ ਹਾਂ। ਨਾ ਮੈਨੂੰ ਘਰ ਦੀ ਖ਼ਾਹਿਸ਼ ਨਾ ਬੱਚਿਆਂ ਦੀ ਲੋੜ ਨਾ ਸੜੇ ਜਿਹੇ ਜੌਬ ਦੀ ਖਿੱਚ ਨਾ ਇਸ ਹਫ਼ਤੇ 'ਚ ਇੱਕ ਵਾਰ ਡਿਨਰ ਤੇ ਆਉਣ
ਵਾਲਾ ਦੋਸਤਾਂ ਦਾ ਦਾਇਰਾ ਚਾਹੀਦੈ ਜਿਹੜੇ ਅੱਗੇ ਪਿੱਛੇ ਫ਼ੋਨ ਵੀ ਨਹੀਂ ਕਰਦੇ - ਪਤਾ ਨਹੀਂ ਤਾਂ ਇਹ ਬੀਅਰ ਦਾ ਅਸਰ ਸੀ ਕਿ ਉਸ ਦੇ ਦਿਮਾਗ 'ਚ ਆਏ ਇਹ ਖਿਆਲ ਬੜੇ ਠੋਸ ਲੱਗ ਰਹੇ ਸਨ ਉਸ ਦੇ ਮਨ ਨੂੰ।
ਦੀਵਾਲੀ ਤੋਂ ਦੋ ਕੁ ਦਿਨ ਪਹਿਲਾਂ ਬੱਚੇ ਅਪਣੇ ਦੋਸਤਾਂ ਨਾਲ ਪਿਛਵਾੜੇ 'ਚ ਪਾਰਟੀ ਕਰ ਰਹੇ ਸਨ। ਰਸੋਈ ਦੀ ਤਾਕੀ 'ਚੋਂ ਉਹਨੇ ਸਾਵਨ ਨੂੰ ਕਹਿੰਦੇ ਸੁਣਿਆ, ‚ਹਰੇਕ ਸਾਲ ਦੀ ਤਰ੍ਹਾਂ ਐਤਕੀਂ ਫੇਰ ਉਹੀ ਕੁਝ ਹੋਣੈ ਦੀਵਾਲੀ ਦੀ ਰਾਤ ਨੂੰ, ਢੇਰ ਸਾਰਾ ਖਾਣਾ ਮੌਮ ਨੇ ਬਣਾ ਲੈਣੈ। ਨਾਨੀ ਮਾਂ ਤੇ ਸਾਰਾ ਪਰਿਵਾਰ ਤੇ ਉਪਰੋਂ ਦਾਦੀ ਮਾਂ ਤੇ ਨਾਲ ਸਾਰੇ ਆਂਟੀਆਂ ਅੰਕਲ - ਬਲੱਡੀ ਦੇਸੀ ਕਰਾਊਡ‛।
‚ਦੇਸੀ ਆਂਟੀ ਅੰਕਲ ਜਾਣ ਵੇਲੇ ਕਹਿਣਗੇ ਸਾਨੂੰ ‚ਯੂ ਕਮ ਹਾਊਸ ਮਾਈ‛ ਤੇ ਜੇ ਕਦੇ ਚਲੇ ਜਾਓ ਤਾਂ ਕਹਿਣਗੇ ‚ਬੱਚਿਆਂ ਦੇ ਕਮਰੇ 'ਚ ਜਾਓ, ਗੱਪਾਂ ਮਾਰੋ‛ ਸੁੱਕੀ ਜਿਹੀ ਕੁੜੀ ਬੋਲੀ ਜਿਹਨੇ ਭਰਵੱਟੇ 'ਚ ਮੁੰਦਰੀ ਪਾਈ ਹੋਈ ਸੀ।
‚ਕਈ ਅੰਕਲ ਤਾਂ ਅਪਣਾ ਹੱਥ ਇਉਂ ਘੁਮਾ ਕੇ ਜਿਵੇਂ ਲਾਈਟ ਬੱਲਬ ਕੱਸਣਾ ਹੋਵੇ, ਕਹਿਣਗੇ ‚ਹੁਣ ਸਵਾਲ ਇਹ ਉੱਠਦੈæææ‛ ਰੋਸ਼ਨੀ ਪੂਰੇ ਨਾਟਕੀ ਅੰਦਾਜ਼ ਨਾਲ ਬਿਆਨ ਕਰ ਰਹੀ ਸੀ।
‚ਹਮੇਸ਼ਾਂ ਇੰਡੀਆ ਦੀਆਂ ਈ ਗੱਲਾਂ ਕਰਦੇ ਰਹਿਣਗੇ ਜਦੋਂ ਇਕੱਠੇ ਹੋਣਗੇ। ਨਾ ਕੋਈ ਐਥੋਂ ਦੀ ਪਾਲਿਟਿਕਸ ਦਾ ਪਤੈ ਇਹਨਾਂ ਨੂੰ ਤੇ ਨਾ ਹੀ ਵਲੰਟੀਅਰ ਕੰਮ ਕਰਦੇ ਨੇ ਕਦੇ, ਬੱਸ ਜਾਬ ਦੇ ਡਾਲਰ ਜਾਂ ਇੰਡੀਆ ਦੀਆਂ ਗੱਲਾਂ ਆਉਂਦੀਆਂ ਨੇ‛ ਇਹ ਹੋਰ ਲੰਮੇ ਜਿਹੇ ਵਾਲਾਂ ਵਾਲਾ ਬੋਲਿਆ, ‚ਮੇਰੇ ਡੈਡ ਹਮੇਸ਼ਾਂ ਕਹਿਣਗੇ, ‚ਅਸੀਂ ਚਾਰ ਸ਼ਰਟਾਂ 'ਚ ਹੀ ਸਾਰਾ ਸਾਲ ਕੱਢ ਦਿੰਦੇ ਸੀ। ਮੈਂ ਕਿਹਾ ਚਲੋ ਇੰਡੀਆ ਚੱਲੀਏ ਤੇ ਉਥੇ ਜਾ ਕੇ ਰਹੀਏ। ਅਸੀਂ ਵੀ ਚਾਰ ਸ਼ਰਟਾਂ 'ਚ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਫੇਰ ਸ਼ੱਟਅੱਪ ਹੋਏ‛।
ਸਾਰੇ ਬੜਾ ਹੱਸੇ।
ਰੋਸ਼ਨੀ ਦੀ ਸਹੇਲੀ ਅਮਨਦੀਪ ਜੋ ਅਮੈਂਡਾ ਕਹਾਉਂਦੀ ਸੀ, ਉਹ ਨੱਕ ਜਿਹਾ ਚੜ੍ਹਾ ਕੇ ਬੋਲੀ, ‚ਦੇਖਦੇ ਬਹੁਤ ਨੇ ਬਹੁਤ ਇੰਡੀਅਨ ਅੰਕਲ, ਸਟੇਅਰ ਕਰੀ ਜਾਂਦੇ ਨੇ, ਇਟਸ ਨੌਟ ਪੁਲਾਈਟ‛।
‚ਕੀ ਪਤੈ, ਐਤਕੀਂ ਪਾਰਟੀ ਵਧੀਆ ਹੋਵੇ। ਨਹੀਂ ਤਾਂ ਮੌਮ ਤੇ ਡੈਡ ਦੀ ਬਹਿਸ ਹੋਣੀ ਹੀ ਹੁੰਦੀ ਐ ਹਰੇਕ ਪਾਰਟੀ 'ਚ‛ ਇਹ ਸਾਵਨ ਦੀ ਆਵਾਜ਼ ਸੀ।
‚ਤੇ ਡੈਡ ਲਈ ਗਰਲ ਫਰੈਂਡ ਨਾਲ ਮੂਵ ਹੋਣਾ ਜ਼ਰੂਰੀ ਸੀ? ਐਨੀ ਸ਼ਰਮ ਆਉਂਦੀ ਐ ਕਿਸੇ ਦੋਸਤ ਨੂੰ ਦੱਸਦੇ ਵੀ ਕਿ ਵੀਹ ਕੁ ਸਾਲ ਦੀ ਐ ਓਹ, ਈਸ਼ਾ‛ ਰੋਸ਼ਨੀ ਦੀ ਗੱਲ ਤੇ ਮਾਂ ਨੂੰ ਫਿੱਕਾ ਜਿਹਾ ਹਾਸਾ ਵੀ ਆਇਆ।
ਪਲ ਕੁ ਰੁਕ ਕੇ ਰੋਸ਼ਨੀ ਫੇਰ ਬੋਲੀ, ‚ਮੈਂ ਨ੍ਹੀ ਬਰਦਾਸ਼ਤ ਕਰ ਸਕਦੀ ਇਹ ਬੋਰਿੰਗ ਪਾਰਟੀ। ਮੈਨੂੰ ਤਾਂ ਮੇਰੀ ਸਹੇਲੀ ਜੈਨੀਫਰ ਨੇ ਬੁਲਾਇਐ ਅਪਣੀ ਪੂਲ ਪਾਰਟੀ ਤੇ। ਹੁਣ ਬੱਸ ਮੌਮ ਜਾਣ ਦੇ ਦੇਵੇ‛।
‚ਪਤੈ ਕੀ, ਇਹਦਾ ਦੂਜਾ ਪਾਸਾ ਦੇਖ! ਹੁਣ ਦੋਹਾਂ ਤੋਂ ਦੀਵਾਲੀ ਤੇ ਕ੍ਰਿਸਮਸ ਦੀਆਂ ਗਿਫ਼ਟਾਂ ਮਿਲਿਆ ਕਰਨਗੀਆਂ, ਡਬਲ ਗਿਫ਼ਟਸ, ਜਸਟ ਇਮੈਜਿਨ‛ ਸਾਵਨ ਨੇ ਇਹ ਕਹਿ ਕੇ ਇੱਕ ਬਾਂਦਰ ਟਪੂਸੀ ਜਿਹੀ ਮਾਰੀ।
‚ਐਵੇਂ ਊਲ ਜਲੂਲ ਜਿਹੀਆਂ ਗਿਫ਼ਟਾਂ ਹੁੰਦੀਐਂ ਇਹਨਾਂ ਦੀਆਂ- ਪੈਸੇ ਹੀ ਦੇ ਦਿਆ ਕਰਨ‛ ਜਦੋਂ ਰੋਸ਼ਨੀ ਨੇ ਇਹ ਕਿਹਾ ਤਾਂ ਮਾਂ ਨੂੰ ਯਾਦ ਆਇਆ ਕਿ ਜਿੰਨੀ ਮਰਜ਼ੀ ਮਹਿੰਗੀ ਡਰੈੱਸ ਉਹਨੂੰ ਲੈ ਕੇ ਦਿੱਤੀ, ਉਹਦੇ ਨੱਕ ਥੱਲੇ ਨ੍ਹੀ ਸੀ ਆਈ।
ਅਗਲੇ ਦਿਨ ਜਦੋਂ ਉਹ ਸਕੂਲ ਜਾਣ ਲੱਗੇ ਤਾਂ ਬਾਹਰ ਘਾਹ ਤੇ 'ਫੌਰ ਸੇਲ' ਦੀ ਤਖ਼ਤੀ ਦੇਖ ਉਹਨਾਂ ਦੇ ਹੋਸ਼ ਉੱਡ ਗਏ। ਮਾਂ ਗੈਰਾਜ 'ਚੋਂ ਹਾਲੇ ਵੀ ਨਿੱਕਾ ਮੋਟਾ ਸਮਾਨ ਬਾਹਰ ਕੱਢਣ ਲਈ ਜੁਟੀ ਪਈ ਸੀ। ਨਵੀਂ ਦੋ ਸੀਟਾਂ ਵਾਲੀ ਸਪੋਰਟਸ ਕਾਰ ਵੀ ਲਸ਼ਲਸ਼ ਕਰਦੀ ਕੋਲ ਹੀ ਖੜੀ ਸੀ। ਸੱਨ-ਰੂਫ਼ ਹੇਠਾਂ ਕੀਤੀ ਹੋਈ ਸੀ ਉਸ ਨੇ।
‚ਮੌਮ‛ ਕਹਿ ਜਦੋਂ ਸਾਵਨ ਨੇ ਗਹੁ ਨਾਲ ਵੇਖਿਆ ਤਾਂ ਮਾਂ ਦੇ ਭੂਰੇ ਰੰਗੇ ਛੋਟੇ ਕੱਟ ਦੇ ਵਾਲ, ਮਿੰਨੀ ਸਕੱਰਟ, ਗੋਡਿਆਂ ਤੱਕ ਬੂਟ ਤੇ ਮੇਕਅੱਪ ਦੇਖ ਕੇ ਉਹ ਕੁਝ ਦੇਰ ਲਈ ਸੋਚੀਂ ਪੈ ਗਿਆ ਕਿ ਉਹਨੇ ਮੌਮ ਕਿਸ ਨੂੰ ਕਹਿ ਦਿੱਤਾ।
‚ਹਾਂ ਜੀ, ਕਿੱਦਾਂ ਲੱਗਾ?‛
‚ਕੀ, ਤੁਹਾਡੀ ਕਾਰ?‛ ਸਾਵਨ ਨੇ ਮੂੰਹ ਜਿਹਾ ਬਣਾ ਕੇ ਪੁੱਛਿਆ।
‚ਤੁਹਾਡੇ ਵਾਲ, ਹੈ ਨਾ‛ ਰੋਸ਼ਨੀ ਨੇ ਚਾਪਲੂਸੀ ਜਿਹੀ ਕੀਤੀ।
‚ਸਭ ਕੁਝ‛ ਮਾਂ ਬੋਲੀ।
ਪੁੱਤ ਖੜਾ ਸੋਚੀਂ ਪੈ ਗਿਆ ਕਿ ਇਸ ਕਾਰ 'ਚ ਸਾਰੇ ਜਣੇ ਕਿਵੇਂ ਬੈਠਾਂਗੇ। ਪਰ ਜਦ ਬਾਪ ਨੇ ਛੇ ਕੁ ਮਹੀਨੇ ਪਹਿਲਾਂ ਡੀਲਰ ਦੇ ਇਹੀ ਕਾਰ ਪੁੱਤ ਨੂੰ ਦਿਖਾਈ ਸੀ ਤਾਂ ਉਦੋਂ ਤਾਂ ਨ੍ਹੀ ਇਹ ਸੋਚਿਆ ਹੋਣਾ ਉਹਨੇ। ਉਦੋਂ ਤਾਂ ਮਗਰ ਹੀ ਪੈ ਗਿਆ ਸੀ ਕਿ ਲੈ ਕੇ ਦਿਓ।
‚ਮਰਸਿਡੀਜ਼ ਵੇਚ ਤੀ?‛
‚ਹਾਂ‛
‚ਡੈਡੀ ਨੂੰ ਇਤਰਾਜ਼ ਨ੍ਹੀ ਹੋਊ?‛
‚ਮੇਰੀ ਜਾਣੇ ਜੁੱਤੀ‛ ਕਹਿੰਦੀ ਨੇ ਸਮਾਨ ਕਾਰ 'ਚ ਪਾਉਣਾ ਸ਼ੁਰੂ ਕਰ ਦਿੱਤਾ। ਦੋਹਾਂ 'ਚੋਂ ਕਿਸੇ ਨੇ ਅੱਗੇ ਹੋ ਕੇ ਉਸ ਤੋਂ ਬੈਗ ਫੜਣ 'ਚ ਮਦਦ ਨਾ ਕੀਤੀ। ਕਾਰ ਸਮਾਨ ਦੀ ਭਰ ਉਹ ਅਪਣੀ ਸਹੇਲੀ ਦੇ ਘਰ ਛੱਡ ਆਈ।
ਸਕੂਲੋਂ ਬਾਅਦ ਜਦੋਂ ਘਰ ਆਏ ਤਾਂ ਉਹਨੇ ਆਵਾਜ਼ ਮਾਰ ਉਹਨਾਂ ਨੂੰ ਕਿਚਨ ਟੇਬਲ ਤੇ ਬਿਠਾਇਆ ਤਾਂ ਕਿ ਉਹਨਾਂ ਨਾਲ ਗੱਲ ਕਰ ਸਕੇ। ਛੋਟੇ ਵਾਲਾਂ ਨਾਲ ਪੰਜ ਸਾਲ ਤਾਂ ਓਦਾਂ ਹੀ ਛੋਟੀ ਲੱਗਣ ਲੱਗੀ ਅਪਣੀ ਉਮਰ ਤੋਂ, ਉਪਰੋਂ ਲਾਲ ਲਿਪਸਟਿਕ ਤੇ ਐਨ ਫ਼ਿੱਟ ਕਪੜੇ, ਉਹ ਵੀ ਮਹਿੰਗੇ ਡਿਜ਼ਾਈਨਰ ਦੇ। ਰੋਸ਼ਨੀ ਨੇ ਜਦੋਂ ਹੈਂਡ ਬੈਗ ਤੇ ਝਾਤੀ ਮਾਰੀ ਤਾਂ ਬਰੈਂਡ ਦੇਖ ਕੇ ਮਨ ਹੀ ਮਨ ਖੁਸ਼ ਹੋਈ ਕਿ ਐਤਕੀਂ ਗਿਫ਼ਟਾਂ ਸ਼ਾਇਦ ਹੋਰ ਵੀ ਕੀਮਤੀ ਮਿਲਣ।
‚ਸੋ, ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ, ਉਹ ਇਹ ਐ ਕਿ ਮੈਂ ਦੀਵਾਲੀ ਦੀ ਪਾਰਟੀ ਰੱਦ ਕਰ ਦਿੱਤੀ ਐ। ਮੇਰਾ ਮਤਲਬ ਅਪਣੇ ਘਰ ਰਾਤ ਦਾ ਖਾਣਾ ਨਹੀਂ ਹੋਵੇਗਾ। ਮੈਂ ਤੁਹਾਡੀ ਹਰਲੀਨ ਮਾਸੀ ਤੇ ਜੀਵਨ ਚਾਚੀ ਨੂੰ ਪੁੱਛਿਆ ਤਾਂ ਉਹ ਕਹਿੰਦੀਆਂ - ਅਸੀਂ ਕਰਾਂਗੇ ਮਿਲ ਕੇ। ਤੁਸੀਂ ਡੈਡ ਵੱਲ ਜਾ ਰਹੇ ਹੋ ਦੀਵਾਲੀ ਦੀ ਰਾਤ ਤੇ ਮੈਨੂੰ ਥੋੜ੍ਹਾ ਇਕੱਲਾਪਨ ਤੇ ਸ਼ਾਂਤੀ ਚਾਹੀਦੀ ਹੈ ਤਾਂ ਕਰਕੇ ਮੈਂ ਘਰ ਹੀ ਰਹਾਂਗੀ, ਕਿਉਂਕਿ ਮੈਂ ਥੱਕ ਅੱਕ ਚੁੱਕੀ ਹਾਂ ਹਰੇਕ ਸਾਲ ਸੌ ਤਰ੍ਹਾਂ ਦੇ ਪਕਵਾਨ ਬਣਾਉਂਦੀ, ਪਾਰਟੀਆਂ ਕਰਦੀ‛ ਕਹਿ ਉਹ ਕੁਰਸੀ ਤੋਂ ਉੱਠੀ ਤੇ ਰਸੋਈ ਦੇ ਦਰਾਜ਼ 'ਚੋਂ ਦੋ ਲਿਫ਼ਾਫ਼ੇ ਕੱਢ ਉਹਨਾਂ ਨੂੰ ਫੜਾਉਂਦੀ ਬੋਲੀ, ‚ਮੈਂ ਤੁਹਾਡੀਆਂ ਗਿਫ਼ਟਾਂ ਮੋੜ ਆਈ ਆਂ ਸਟੋਰਾਂ ਨੂੰ। ਤੁਸੀਂ ਵੈਸੇ ਵੀ ਕਦੇ ਪਸੰਦ ਨ੍ਹੀ ਕੀਤੀਆਂ ਮੇਰੀਆਂ ਲਿਆਂਦੀਆਂ ਤਾਂ ਕਰਕੇ ਆਹ ਫੜੋ ਅਪਣੇ ਅਪਣੇ ਪੈਸੇ। ਆਪੇ ਲੈ ਲਿਓ ਜੋ ਲੈਣੈ‛।
‚ਥੈਂਕਸ‛ ਦੋਹਾਂ ਨੇ ਹੌਲੀ ਜਿਹੀ ਲਿਫ਼ਾਫ਼ਾ ਫੜਦਿਆਂ ਕਿਹਾ।
‚ਅੱਛਾ, ਦੂਜੀ ਗੱਲ! ਮੈਂ ਘਰ ਵੇਚ ਰਹੀ ਹਾਂ। ਇੱਕ ਬੈੱਡਰੂਮ ਦਾ ਫ਼ਲੈਟ ਖਰੀਦਾਂਗੀ। ਉਹਦੇ 'ਚ ਮੇਰੇ ਨਾਲ ਰਹਿਣੈ ਤਾਂ ਤੁਹਾਡੀ ਮਰਜ਼ੀ ਨਹੀਂ ਤਾਂ ਡੈਡ ਕੋਲ ਜਾਓ। ਹੋ ਸਕਦੈ ਉਹ ਤੁਹਾਨੂੰ ਵੱਡਾ ਘਰ, ਜਿਹੋ ਜਿਹੇ 'ਚ ਤੁਸੀਂ ਰਹਿਣ ਦੇ ਆਦੀ ਹੋ, ਲੈ ਕੇ ਦੇ ਦੇਵੇ‛।
‚ਆਖਰੀ ਗੱਲ ਇਹ ਹੈ ਕਿ ਮੈਂ ਛੁੱਟੀਆਂ ਜਾ ਰਹੀ ਹਾਂ। ਮੇਰੀ ਹਾਈ ਸਕੂਲ ਦੀ ਸਹੇਲੀ ਫਰਾਂਸ ਰਹਿੰਦੀ ਹੈ ਤੇ ਉਹਦੇ ਕੋਲ ਦੋ ਕੁ ਮਹੀਨੇ ਲਗਾ ਕੇ ਆਵਾਂਗੀ‛।
ਜਿਵੇਂ ਕਿ ਉਹਨੂੰ ਪਹਿਲਾਂ ਹੀ ਪਤਾ ਸੀ, ਦੋਹਾਂ ਬੱਚਿਆਂ ਨੇ ਅੱਖਾਂ ਅੱਡ ਇੱਕ ਦੂਜੇ ਵੱਲ ਦੇਖਿਆ। ਜ਼ਰੂਰ ਸੋਚ ਰਹੇ ਹੋਣਗੇ ਕਿ ਕਿਵੇਂ ਗੁਜ਼ਾਰਾ ਹੋਊ ਸਾਡੀ ਇਸ ਕੁੱਕ, ਸਫ਼ਾਈਆਂ ਵਾਲੀ, ਡਰਾਈਵਰ, ਕੇਅਰਟੇਕਰ ਤੇ ਨਿੱਜੀ ਬੈਂਕਰ ਤੋਂ ਬਿਨਾਂ?
‚ਤੁਹਾਡੇ ਡੈਡ ਨੂੰ ਵਾਪਸ ਘਰ ਆਉਣਾ ਪਵੇਗਾ ਤਾਂ ਕਿ ਸਾਰੀਆਂ ਜਿੰਮੇਵਾਰੀਆਂ ਜੋ ਮੇਰੇ ਸਿਰ ਤੇ ਸੀ, ਇੱਕ ਵਾਰ ਲੈ ਕੇ ਦੇਖੇ ਤੇ ਨਾਲੇ ਘਰ ਦੀ ਸੇਲ ਦਾ ਕੰਮ ਵੀ ਉਹਦੇ ਸਿਰ ਤੇ ਛੱਡ ਕੇ ਜਾ ਰਹੀ ਹਾਂ‛।
ਬੱਚੇ ਤਾਂ ਇਹ ਸੁਣ ਜਿਹੜੇ ਹੈਰਾਨ ਹੋਏ ਸੋ ਹੋਏ ਪਰ ਡੈਡ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ।
ਹਾਂ, ਉਹ ਬਿਨਾਂ ਫ਼ੋਨ ਕੀਤੇ ਹੀ ਉਹਦੇ ਫ਼ਲੈਟ ਤੇ ਜਾ ਧਮਕੀ। ਦਰਵਾਜ਼ਾ ਖੋਲ੍ਹਦਿਆਂ ਹੀ ਅਰਵਿੰਦ ਦੁਚਿੱਤੀ ਜਿਹੀ 'ਚ ਪੈ ਗਿਆ। ਅੰਦਰ ਆਉਣ ਨੂੰ ਨਾ ਕਹਿ ਸਕਿਆ। ਈਸ਼ਾ ਅੰਦਰ ਹੀ ਸੀ। ਉਹ ਆਪ ਹੀ ਦਹਿਲੀਜ਼ ਪਾਰ ਕਰ ਕੇ ਅੰਦਰ ਜਾ ਖੜੀ ਹੋਈ, ‚ਹੂੰ, ਮੈਨੂੰ ਤਾਂ ਜਿਵੇਂ ਪਤਾ ਹੀ ਨਹੀਂ ਹੁੰਦਾ ਕਿ ਕੀ ਹੋ ਰਿਹੈ‛ ਕਹਿ ਜਦੋਂ ਉਸ ਨੇ ਈਸ਼ਾ ਦੇ ਮੂੰਹ ਵੱਲ ਦੇਖਿਆ ਤਾਂ ਉਹਦਾ ਚੋਰਾਂ ਵਰਗਾ ਚਿਹਰਾ ਦੇਖ ਉਸ ਨੂੰ ਅੰਦਰੋਂ ਅੰਦਰ ਬੜੀ ਤਸੱਲੀ ਹੋਈ। ਉਪਰੋਂ ਇੱਕ ਹੋਰ ਬੰਬ ਸੁੱਟ ਦਿੱਤਾ ਉਹਨੇ ਇਹ ਕਹਿ, ‚ਰੋਸ਼ਨੀ ਤੇ ਸਾਵਨ ਤੁਹਾਡੇ ਕੋਲ ਹੋਣਗੇ ਦੀਵਾਲੀ ਦੇ ਦਿਨਾਂ 'ਚ। ਮੈਂ ਤਾਂ ਛੁੱਟੀਆਂ ਤੇ ਜਾ ਰਹੀ ਹਾਂ। ਹਾਂ ਸੱਚ, ਘਰ ਵੀ ਸੇਲ ਤੇ ਲਾ ਦਿੱਤਾ ਹੈ‛।
ਜਿਉਂ ਹੀ ਉਹ ਇਹ ਕਹਿ ਬਾਹਰ ਨੂੰ ਜਾਣ ਲੱਗੀ ਤਾਂ ਅਰਵਿੰਦ ਉਹਦੇ ਪਿੱਛੇ ਬੁੜਬੁੜਾਉਂਦਾ ਆਇਆ ‚ਤੂੰ ਐਨੀ ਗ਼ੈਰ ਜ਼ਿੰਮੇਵਾਰ ਕਿਵੇਂ ਹੋ ਸਕਦੀ ਹੈਂæææ ਦਿਮਾਗ ਤੇ ਹੈ ਤੇਰਾ ਟਿਕਾਣੇ?‛
‚ਗ਼ੈਰ ਜ਼ਿੰਮੇਵਾਰ?‛ ਕਹਿ ਉਹ ਪਿੱਛੇ ਮੁੜ ਉਸ ਵੱਲ ਦੇਖ ਹੱਸੀ। "ਜਦ ਸਾਨੂੰ ਛੱਡ ਤੁਰ ਗਿਆ ਸੀ ਤਾਂ ਤੂੰ ਤਾਂ ਇੱਕ ਮਿੰਟ ਲਈ ਵੀ ਨਾ ਸੋਚਿਆ ਕਿ ਜ਼ਿੰਮੇਵਾਰੀ ਕਿਹੜੀ ਬਲਾ ਦਾ ਨਾਂ ਹੁੰਦੈ‛।
‚ਫ਼ææ ਯੂ ਅਰਵਿੰਦ। ਤੂੰ ਸੋਚਿਆ ਮੈਂ ਸਾਰੀ ਉਮਰ ਬੈਠੀ ਰਹੂੰਗੀ ਤੇਰੀ ਤੋੜ ਭੱਜ ਕੀਤੀ ਨੂੰ ਸਮੇਟਣ ਲਈæææ ਆਈ ਸੇæææ ਫ਼ææ ਯੂ‛।
‚ਬਾਂਦਰੀ ਵਰਗੀ ਲੱਗਦੀ ਐ ਆਹ ਨਵੇਂ ਹੁਲੀਏ 'ਚ। ਵਾਲਾਂ ਦਾ ਦੇਖ ਕੀ ਜਲੂਸ ਕੱਢਿਐ‛ ਅਰਵਿੰਦ ਨੂੰ ਹੋਰ ਕੁਝ ਨਾ ਸੁਝਿਆ।
‚ਘੱਟੋ ਘੱਟ ਮੇਰੇ ਸਿਰ ਤੇ ਵਾਲ ਹੈ ਤਾਂ ਸਹੀ‛
ਉਹ ਅਪਣੀ ਨਵੀਂ ਕਾਰ 'ਚ ਰਸਤੇ 'ਚ ਵੀ ਹੱਸਦੀ ਹੋਈ ਆ ਰਹੀ ਸੀ ਉਸ ਨੂੰ ਖਰੀਆਂ ਖਰੀਆਂ ਸੁਣਾ ਕੇ। ਲੇਡੀ ਗਾਗਾ ਦਾ 'ਬੌਰਨ ਦਿਸ ਵੇ' ਗਾਣਾ ਕਾਫ਼ੀ ਉੱਚੀ ਆਵਾਜ਼ 'ਚ ਚੱਲ ਰਿਹਾ ਸੀ। ਪਿਛਲੇ ਹਫ਼ਤੇ ਹੀ ਉਹ ਡਿਜ਼ਾਈਨਰ ਕਪੜੇ, ਜੁੱਤੀਆਂ, ਹੈਂਡ ਬੈਗ, ਪਰਫਿਊਮ, ਫਰਾਂਸ ਦੀ ਟਿਕਟ ਤੇ ਕਾਰ ਸਮੇਤ ਅੱਸੀ ਹਜ਼ਾਰ ਡਾਲਰ ਅਪਣੇ ਆਪ ਤੇ ਖਰਚ ਚੁੱਕੀ ਸੀ ਤੇ ਅਰਵਿੰਦ ਨੂੰ ਜਦੋਂ ਕ੍ਰੈਡਿਟ ਕਾਰਡ ਦਾ ਬਿੱਲ ਆਏਗਾ ਤਾਂæææ ਉਹ ਸੋਚ ਕੇ ਹੀ ਗਦ ਗਦ ਹੋ ਗਈ। ਪਰ ਫੇਰ ਉਸ ਘਰ ਦੀ ਸੇਲ ਬਾਰੇ ਸੋਚਿਆ ‚ਨਹੀਂ ਨਹੀਂ, ਉਹ ਇਹ ਪੈਸਾ ਅਪਣੇ ਹਿੱਸੇ ਦੇ ਪੈਸਿਆਂ 'ਚੋਂ ਉਸ ਨੂੰ ਵਾਪਸ ਕਰ ਦੇਵੇਗੀ।
ਘਰ ਪਹੁੰਚ ਉਹਨੇ ਬੱਚਿਆਂ ਨੂੰ ਬਾਹਰੋਂ ਲਿਆਂਦੀ ਸੱਬ ਖਾਂਦੇ ਦੇਖਿਆ ਤਾਂ ਬਿਨਾਂ ਕਿਸੇ ਗ਼ਲਾਨੀ ਦੇ ਕਹਿ ਮਾਰਿਆ, ‚ਅੱਜ ਅਪਣੇ ਰਾਤ ਦੇ ਖਾਣੇ ਦਾ ਵੀ ਕੁਝ ਕਰ ਲਿਓ, ਮੈਂ ਤਾਂ ਅਪਣੀਆਂ ਸਹੇਲੀਆਂ ਨਾਲ ਬਾਹਰ ਜਾਣਾ ਹੈ। ਲੇਟ ਆਵਾਂਗੀ‛।