ਜ਼ਿੰਦਗੀ ਦੇ, ਸਫ਼ਰ ਤੇ ਚੱਲਦੇ,
ਕਈ ਸਟੇਸ਼ਨ ਛੱਡ ਆਏ ਹਾਂ।
ਵਾਟ ਔਖੀ, ਤੇ ਪੰਧ ਲੰਮੇਰਾ,
ਅੱਧਿਓਂ ਬਹੁਤਾ ਕੱਢ ਆਏ ਹਾਂ।
ਕੁਝ ਲੈਂਦੇ, ਕੁਝ ਦਿੰਦੇ ਹਰ ਥਾਂ
ਪ੍ਰੇਮ-ਪਨੀਰੀ ਗੱਡ ਆਏ ਹਾਂ।
ਵੱਖਵਾਦ ਦੇ, ਕਾਫ਼ਲਿਆਂ ਤੋਂ,
ਅਸੀਂ ਤਾਂ ਹੋ ਕੇ ਅੱਡ ਆਏ ਹਾਂ।
ਦੂਈ-ਦਵੈਤ ਦਾ ਅੱਕੜਾ ਸਾਰਾ,
ਆਪਣੇ ਹੱਥੀਂ ਵੱਢ ਆਏ ਹਾਂ।
ਬੋਅ-ਨਫ਼ਰਤ ਤੇ ਅੱਗ ਸਾੜੇ ਦੀ,
ਦੱਬ ਕੇ ਡੂੰਘੀ ਖੱਡ ਆਏ ਹਾਂ।
ਖੁਸ਼ੀਆਂ-ਖੇੜਿਆਂ ਦੀ ਪੰਡ ਚੁੱਕੀ,
ਅਸੀਂ ਵਜਾਉਂਦੇ ਢੱਡ ਆਏ ਹਾਂ।