ਧਾਤ ਦੀ ਇਬਾਰਤ ਲਿਖਣ ਵਾਲਾ (ਲੇਖ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਬਾੜ ਦੀ ਇਬਾਦਤ ਕਰਕੇ ਉਸਨੁੰ ਪੂਜਣਯੋਗ ਬਣਾਉਣਾ ਹਰਮਿੰਦਰ ਦੀ ਕਲਾ ਹੈ। ਸੱਚੇ ਦਿਲ ਨਾਲ ਕੀਤੀ ਮਿਹਨਤ ਇਨਸਾਨ ਨੂੰ ਪ੍ਰਮਾਤਮਾ ਦੇ ਨੇੜੇ ਲੈ ਜਾਂਦੀ ਹੈ। ਇਹ ਦੁਨੀਆਂ ਵੀ ਕੁਦਰਤ ਦੀ ਇੱਕ ਬੇ-ਮਿਸਾਲ ਕਲਾ ਦਾ ਨਮੂਨਾ ਹੈ। ਕਲਾ ਨੂੰ ਪਿਆਰ ਕਰਨਾ ਹੀ ਪ੍ਰਮਾਤਮਾ ਨੂੰ ਪਾਉਣ ਦਾ ਸਭ ਤੋਂ ਸੌਖਾ ਰਾਹ ਹੈ। ਉਸ ਮਾਲਕ ਦੀ ਪੈਦਾ ਕੀਤੀ ਹਰ ਵਸਤੂ ਨੂੰ ਪਿਆਰ ਕਰੋ। ਉਸ ਵਿੱਚੋਂ ਹੀ ਪ੍ਰਮਾਤਮਾ ਨਜਰ ਆਉਂਦਾ ਹੈ। ਬਸ਼ਰਤੇ ਤੁਹਾਡੀ ਅੱਖ ਵੇਖਣ ਵਾਲੀ ਚਾਹੀਦੀ ਹੈ। 

ਹਰਮਿੰਦਰ ਬੋਪਾਰਾਏ
 ਪਿਤਾ ਸ. ਅਜੀਤ ਸਿੰਘ ਬੋਪਾਰਾਏ ਅਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੇ ਘਰੇ 5 ਦਸਬੰਰ 1980 ਨੂੰ ਪਿੰਡ ਘੁਡਾਣੀ ਕਲਾਂ (ਲੁਧਿਆਣਾ) ਵਿਖੇ ਹਰਮਿੰਦਰ ਨੇ ਪਹਿਲੀ ਕਿਲਕਾਰੀ ਮਾਰੀ। ਪਿੰਡ ਦੀਆਂ ਗਲੀਆਂ ਵਿੱਚ ਦੋਸਤਾਂ-ਮਿਤਰਾਂ ਨਾਲ ਖੇਡਦਾ-ਖੇਡਦਾ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਮੰਡੀ ਗੋਬਿੰਦਗੜ੍ਹ ਜੀ.ਪੀ.ਸੀ ਕਾਲਜ ਵਿੱਚ ਜਾ ਦਾਖਲ ਹੋਇਆ। ਇਸੇ ਕਾਲਜ ਵਿਚ ਇਸ ਅੰਦਰ ਛੁਪੇ ਕਲਾਕਾਰ ਨੇ ਪਹਿਲੀ ਅੰਗੜਾਈ ਲਈ ਅਤੇ ਲਗਾਤਾਰ 3 ਸਾਲ ਕਲੇ ਮਾਡਲਿੰਗ ਜੋਨਲ ਕੰਪੀਟੀਸ਼ਨ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਫਿਰ 2002 ਵਿਚ ਪੰਜਾਬੀ ਯੂਨੀਵਿਰਸਟੀ ਪਟਿਆਲਾ ਤੋਂ ਇੰਟਰਜੋਨਲ ਮੁਕਾਬਲੇ ਵਿੱਚੋ ਵੀ ਗੋਲਡ ਮੈਡਲ ਜਿੱਤਿਆ। 
 ਕਲਾ ਦੀ ਚਿੰਗਾਰੀ ਭਾਂਬੜ ਬਣਦੀ ਜਾ ਰਹੀ ਸੀ। ਮਨ ਪੜ੍ਹਾਈ ਵਿੱਚ ਨਹੀ ਲੱਗਿਆ। ਕਲਾ ਦੀ ਮੁਹਾਰਤ ਹਾਸਲ ਕਰਨ ਲਈ ਚੰਡੀਗੜ੍ਹ ਕਾਲਜ ਆਫ ਆਰਟ ਵਿੱਚ ਦਾਖਲਾ ਲੈਣ ਚਲਿਆ ਗਿਆ। ਮੁਢਲੇ ਟੈਸਟਾਂ ਵਿੱਚ ਉਹਨਾਂ ਦੀਆਂ ਪਾਰਖੂ ਅੱਖਾਂ  ਇਸ ਦੇ ਅੰਦਰ ਦੇ ਕਲਾਕਾਰ ਨੂੰ ਪਹਿਚਾਣ ਨਾ ਸਕੀਆਂ। ਨਿਰਾਸ਼ ਹੋ ਕੇ ਵਾਪਿਸ ਆ ਗਿਆ ਅਤੇ ਉਸ ਦਿਨ ਤੋਂ ਹੀ ਕੁੱਝ ਕਰਨ ਦੀ ਠਾਣ ਲਈ ਅਤੇ ਲੁਧਿਆਣਾ ਵਿਖੇ 2 ਸਾਲ ਦਾ ਮੂਰਤੀਕਲਾ ਦਾ ਡਿਪਲੋਮਾ ਕਰਨ ਲੱਗਿਆ। ਇਸ ਸਮੇਂ ਦੌਰਾਨ ਐਮ.ਸੀਲ, ਪੀ.ਓ.ਪੀ, ਫਾਈਬਰ ਗਲਾਸ, ਸੀਮਿੰਟ, ਲੱਕੜ ਅਤੇ ਕਲੇ ਨਾਲ ਖੇਡਣ ਲੱਗਿਆ। ਇਸੇ ਖੇਡ ਵਿੱਚ ਕੁੱਝ ਕਲਾ-ਕ੍ਰਿਤੀਆਂ ਨੇ ਜਨਮ ਲਿਆ ਅਤੇ 2005 ਵਿੱਚ ਕਈ ਕਲਾਕਾਰਾਂ ਦੀ ਮਿਹਨਤ ਨਾਲ ਇੱਕ ਗਰੁੱਪ ਨੁਮਾਇਸ਼ ਵੈਲਕਮ ਪੈਲਸ ਦਾ ਸਿੰਗਾਰ ਬਣੀ।
 2007 ਵਿੱਚ ਪਹਿਲੀ ਵਾਰ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਅੰਮ੍ਰਿਤਸਰ ਵੱਲੋਂ ਇਸ ਦੇ ਬਣਾਏ ਹੋਏ ਸਕਪਚਰ ਦੀ ਚੋਣ ਹੋਈ। ਹੌਸਲਾ ਵਧਿਆ ਮਿਹਨਤ ਰੰਗ ਲਿਆਉਣ ਲੱਗੀ ਅਤੇ ਹੋਰ ਮਿਹਨਤ ਦੀ ਪ੍ਰੇਰਣਾ ਮਿਲਣ ਲੱਗੀ। ਇਸ ਪ੍ਰੇਰਣਾ ਵਿੱਚੋਂ ਹੋਰ ਨਵੀਆਂ ਕਲਾ-ਕ੍ਰਿਤਾਂ ਪੈਦਾ ਹੋਈਆਂ। 
 ਸਾਰੀਆਂ ਕਲਾ-ਕ੍ਰਿਤਾਂ ਨੂੰ ਇੱਕਠੀਆਂ ਕਰਕੇ 2009 ਵਿੱਚ ਐਟਮੌਸਫੀਅਰ ਆਰਟ ਗੈਲਰੀ ਲੁਧਿਆਣਾ ਵਿਖੇ ਕਲਾ ਪ੍ਰੇਮੀਆਂ ਦੀ ਕਚਿਹਰੀ ਵਿੱਚ ਪੇਸ਼ ਹੋਇਆ। ਇੱਥੇ ਹਰਮਿੰਦਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕਲਾ-ਕ੍ਰਿਤਾਂ ਵਿੱਚੋਂ ਕਲਾ ਪ੍ਰੇਮੀਆਂ ਨੇ ਇਸ ਦੀ ਵੱਖਰੀ ਸੋਚ ਨੂੰ ਬਹੁਤ ਪਸੰਦ ਕੀਤਾ। ਇਸਦੀ ਵੱਖਰੀ ਸੋਚ ਦੀ ਸ਼ੁਰੂਆਤ ਘਰ ਵਿੱਚ ਲਟਕ ਰਹੀਆਂ ਦੁੱਧ ਵਾਲੀਆਂ ਢੋਲੀਆਂ ਜਦੋਂ ਕਬਾੜ ਵਿੱਚ ਵੇਚਣ ਲੱਗੇ ਤਾਂ ਕਲਾ ਦੀ ਪਾਰਖੂ ਅੱਖ ਨੇ ਉਹਨਾਂ ਨੂੰ ਇੱਕ ਨਵਾਂ ਰੂਪ ਦੇ ਕੇ ਨੱਚਦੀਆਂ ਕੁੜੀਆਂ ਬਣਾ ਕੇ ਪੇਸ਼ ਕੀਤਾ। ਇਹੋ ਸੋਚ ਕਲਾ ਪ੍ਰੇਮੀਆਂ ਨੂੰ ਸਭ ਤੋਂ ਜਿਆਦਾ ਪਸੰਦ ਆਈ ਅਤੇ ਹਰਮਿੰਦਰ ਕਬਾੜੀਆਂ ਦੇ ਰਾਹ ਤੁਰ ਪਿਆ। ਹਰ ਕਬਾੜ ਵਿੱਚੋਂ ਉਸਨੂੰ ਨਵੀਂ ਕਲਾ ਨਜਰ ਆਉਣ ਲੱਗੀ ਅਤੇ ਆਟੋ ਪਾਰਟਸ ਸਕਪਚਰ ਦਾ ਦੀਵਾਨਾ ਹੋ ਗਿਆ। 
 2010 ਵਿੱਚ ਪਿੱਤਲ ਦੀਆਂ ਦੋ ਕੜਾਹੀਆਂ ਨੂੰ ਖੂਬਸੂਰਤ ਅੰਦਾਜ ਵਿੱਚ ਜੋੜਕੇ ਉਹਨਾਂ ਦੇ ਉਪੱਰ ਗੜਵੀਆਂ ਲਾ ਕੇ ਮਾਂ ਅਤੇ ਧੀ ਦੇ ਗਹਿਰੇ ਸਬੰਧ ਨੂੰ ਪੇਸ਼ ਕਰਨ ਦਾ ਯਤਨ ਕੀਤਾ। ਲਲਿਤ ਕਲਾ ਪੰਜਾਬ ਵੱਲੋਂ ਉਸ ਕਲਾ-ਕ੍ਰਿਤੀ ਨੂੰ ਆਪਣੀ ਪ੍ਰਦਰਸ਼ਨੀ ਦਾ ਹਿੱਸਾ ਬਣਾਕੇ ਮਾਣ ਬਖਸ਼ਿਆ ਅਤੇ ਕਲਾ ਪ੍ਰੇਮੀਆਂ ਨੇ ਵੀ ਬਹੁਤ ਪਿਆਰ ਦਿੱਤਾ। 2011 ਵਿੱਚ ਕਾਰ ਦੀ ਸਲੰਸਰ ਢੋਲਕੀ ਅਤੇ ਸਾਈਕਲ ਦੀ ਕਾਠੀ ਨੂੰ ਜੋੜਕੇ ਇੱਕ ਕੁੱਤੇ ਦਾ ਸਕਪਚਰ ਬਣਾ ਕੇ ਪੰਜਾਬ ਲਲਿਤ ਕਲਾ ਵੱਲੋਂ ਐਪਰੀਸ਼ੀਏਟ ਸਰਟੀਫਿਕੇਟ ਹਾਸਲ ਕੀਤਾ। 2012 ਵਿੱਚ ਮੈਟਲ ਆਟੋਪਾਰਟਸ ਦੇ ਗਣੇਸ਼ ਜੀ ਨੂੰ ਲਲਿਤ ਕਲਾ ਵੱਲੋਂ ਐਵਾਰਡ ਮਿਲਿਆ। ਇਸੇ ਸਾਲ ਵਿੱਚ ਹੀ ਦਿੱਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਐਚ.ਐਮ.ਵੀ ਦੇ ਲੋਗੋ ਗਰਾਮੋਫੋਨ ਅੱਗੇ ਕੁੱਤੇ ਨੂੰ ਆਪਣੇ ਅੰਦਾਜ ਵਿੱਚ ਪੇਸ਼ ਕਰਕੇ ਬੈਸਟ ਆਰਟ ਵਰਕ ਦਾ ਐਵਾਰਡ ਜਿੱਤਿਆ। ਇਸੇ ਲੜੀ ਵਿੱਚ ਆਲ ਇੰਡੀਆਂ ਫਾਈਨ ਆਰਟ ਐਂਡ ਕਰਾਫਟ ਸੁਸਾਇਟੀ ਵੱਲੋਂ 4600 ਐਂਟਰੀਆਂ ਵਿੱਚੋਂ ਸਿਲੈਕਟ ਹੋਏ 100 ਸਕਪਚਰ ਆਰਟ ਵਰਕ ਵਿਚੋਂ  "ਆਰਟ ਆਈਕਨ ਐਵਾਰਡ" ਮਿਲਣ ਦਾ ਮਾਣ ਪ੍ਰਾਪਤ ਹੋਇਆ। 
 ਉਸਦੀਆਂ ਕਲਾ-ਕ੍ਰਿਤਾਂ ਵਿੱਚ ਮੋਰ, ਸ਼ਰਤਮੁਰਗ, ਕਛੂਏ, ਮੱਛੀ, ਮਹਾਤਮਾ ਬੁੱਧ, ਡਾਂਸ ਕਰਦੀਆਂ ਲੜਕੀਆਂ, ਫਿਲਮ ਦੀ ਸੂਟਿੰਗ ਕਰਦੀ ਲੜਕੀ ਅਤੇ ਹੋਰ ਬਹੁਤ ਕੁੱਝ ਸ਼ਾਮਿਲ ਹੋ ਗਿਆ। ਆਪਣੀ ਹਰ ਕਲਾ-ਕ੍ਰਿਤ ਨੂੰ ਸੀਨੇ ਨਾਲ ਲਾ ਕੇ ਘੁਡਾਣੀ ਕਲਾਂ ਤੋਂ ਸੁਰੂ ਹੋ ਕੇ ਪੂਰੇ ਦੇਸ਼ ਵਿੱਚ 40 ਦੇ ਕਰੀਬ ਗਰੁੱਪ ਸੋਅ ਕਰ ਚੁੱਕੇ ਹਨ। ਪ੍ਰਾਮਾਤਮਾ ਦੀ ਉਸ ਉਪੱਰ ਇੰਨੀ ਰਹਿਮਤ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਕਲਾਕਾਰ ਪੂਰੀ ਦੁਨੀਆਂ ਦੇ ਦਿਲ ਵਿੱਚ ਵਸ ਜਾਵੇਗਾ ਅਤੇ ਇਸਦੇ ਦਸਤਖ਼ਤ ਆਟੋਗ੍ਰਾਫ ਬਣ ਜਾਣਗੇ। 
 ਇਹਨਾਂ ਸਾਰੇ ਮਾਣ-ਸਨਮਾਨਾਂ ਦੇ ਪਿੱਛੇ ਉਸਦੇ ਮਾਤਾ ਪਿਤਾ ਅਤੇ ਜੀਵਨ ਸਾਥੀ ਹਰਪ੍ਰੀਤ ਬੋਪਾਰਾਏ ਦਾ ਵੱਡਾ ਸਹਿਯੋਗ ਹੈ। ਉਸਦੇ ਪਰਿਵਾਰ ਦੀ ਫੁਲਵਾੜੀ ਵਿੱਚ ਦੋ ਨੰਨ੍ਹੇ ਫੁੱਲ ਬੇਟੀ ਗੁਰਮੀਨ ਅਤੇ ਬੇਟਾ ਗੁਰਸ਼ਾਨ ਵੀ ਉਸਦੇ ਨਾਲ ਲੱਗਕੇ ਉਸਦੀ ਮਦਦ ਕਰਦੇ ਹੋਏ ਆਪਣੇ ਨੰਨ੍ਹੇ ਕਲਾਕਾਰ ਹੋਣ ਦਾ ਸਬੂਤ ਦਿੰਦੇ ਹਨ। 

ਹਰਮਿੰਦਰ ਬੋਪਾਰਾਏ ਦੀਆਂ ਕਲਾ-ਕ੍ਰਿਤਾਂ
 ਅਨੇਕਾਂ ਹੀ ਕਲਾ ਪ੍ਰੇਮੀ ਉਸ ਦੀਆ ਬਣਾਈਆਂ ਕਲਾ-ਕ੍ਰਿ੍ਰਤਾਂ ਨੂੰ ਸਿਜਦਾ ਕਰਨ ਉਸਦੇ ਘਰ ਵਿਖੇ ਪਹੁੰਚਦੇ ਰਹਿੰਦੇ ਹਨ। ਉਹਨਾਂ ਕਲਾ ਪ੍ਰੇਮੀਆਂ ਨੂੰ ਖਿੜੇ ਮੱਥੇ ਮਿਲਣਾ ਅਤੇ ਆਪਣੇ ਧੰਨਭਾਗ ਸਮਝਣਾ ਉਸਦੇ ਪਰਿਵਾਰ ਦਾ ਸੁਭਾਓ ਹੈ। ਇਹਨਾਂ ਕਦਰਦਾਨਾਂ ਦਾ ਪਿਆਰ ਅਤੇ ਹੌਸਲਾ ਉਸਨੂੰ ਅੱਗੇ ਵਧਣ ਲਈ ਪ੍ਰੇਰਦਾ ਹੈ। 
 ਉਸਦੀਆਂ ਕਲਾ-ਕ੍ਰਿਤਾਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਜਿਸ ਕਬਾੜ ਨੂੰ ਅਸੀ ਬੇਕਾਰ ਸਮਝਕੇ ਸੁੱਟ ਦਿੰਦੇ ਹਾਂ ਉਸੇ ਕਬਾੜ ਨੂੰ ਉਹ ਕਿੰਨੇ ਸਲੀਕੇ ਨਾਲ ਜੋੜਕੇ ਉਸ ਵਿੱਚ ਨਵੀ ਜਾਨ ਪਾ ਕੇ ਪੂਜਣਯੋਗ ਬਣਾ ਦਿੰਦਾ ਹੈ। ਉਸ ਦੀ ਹਰ ਕਲਾ-ਕ੍ਰਿਤੀ ਕੋਈ ਨਾ ਕੋਈ ਸੰਦੇਸ਼ ਜਰੂਰ ਦਿੰਦੀ ਹੈ। ਉਸਨੂੰ ਆਟੋਪਾਰਟਸ ਸਕਰੈਪ ਕੋਲ ਖੜਾ ਕਰ ਦਿਓ ਉਹ ਆਪਣੀ ਕਲਾ ਤੇ ਵਾਹਿਗੁਰੂ ਦੀ ਮੇਹਰ ਸਦਕਾ ਤੁਹਾਨੂੰ ਕੁੱਝ ਨਾ ਕੁੱਝ ਉਸੇ ਵਕਤ ਹੀ ਬਣਾ ਕੇ ਵਿਖਾ ਸਕਦਾ ਹੈ। ਉਸਦੀ ਹਰ ਕ੍ਰਿਤੀ ਬਹੁਤ ਸਿੰਪਲ ਸਕਪਚਰ ਹੁੰਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਮਨ ਨੂੰ ਮੋਹ ਲੈਣ ਦੀ ਸਮਰੱਥਾ ਰੱਖਦੀ ਹੈ। 
 ਉਸਦੀ ਕਲਾ ਦਾ ਇੱਕ ਨਮੂਨਾ ਜੋ ਮੇਰੇ ਦਿਲ ਨੂੰ ਬਹੁਤ ਹੀ ਜਿਆਦਾ ਛੂਹ ਗਿਆ। ਉਸਨੇ ਇੱਕ ਇਨਸਾਨ ਨੂੰ ਜਾਨਵਰਾਂ ਦੀ ਤਰ੍ਹਾਂ ਪੈਸੇ ਲਈ ਦੌੜਦੇ ਹੋਏ ਆਪਣੇ ਸਰੀਰ ਨੂੰ ਹੱਡੀਆਂ ਦਾ ਪਿੰਜਰ ਬਣਾ ਲਿਆ। ਉਸਨੇ ਬਲਦ ਦੇ ਮੂੰਹ ਉਪੱਰ ਇਨਸਾਨ ਦਾ ਮੂੰਹ ਲਾਇਆ ਅਤੇ ਇੱਕ ਗੱਡੇ ਨੂੰ ਖਿੱਚ ਰਿਹਾ ਹੈ। ਉਸ ਵਿੱਚ ਰੁਪਏ-ਪੈਸੇ ਰੱਖੇ ਹੋਏ ਹਨ। ਕੰਨ ਉਸਦੇ ਲਾਏ ਨਹੀ ਕਿਉਂਕਿ ਇਨਸਾਨ ਕਿਸੇ ਦੀ ਬਿਨਾਂ ਸੁਣੇ ਪੈਸੇ ਲਈ ਦੌੜ-ਦੌੜ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲੈਂਦਾ ਹੈ। ਉਸਦੀ ਇਹ ਕਲਾ-ਕ੍ਰਿਤ ਬਹੁਤ ਹੀ ਗੰਭੀਰ ਸਿੱਖਿਆ ਦਿੰਦੀ ਹੈ। 
 ਮਿੱਟੀ ਨਾਲ ਜੁੜਿਆ ਹੋਇਆ ਕਲਾਕਾਰ ਸੋਚਦਾ ਹੈ ਕਿ ਮੈਂ ਜਿੰਨਾਂ ਵੀ ਵੱਧ ਤੋਂ ਵੱਧ ਸਕਰੈਪ ਨੂੰ ਵਰਤਕੇ ਉਸਨੂੰ ਭੱਠੀ ਵਿੱਚ ਢਲਣ ਤੋਂ ਬਚਾ ਸਕਾਂ ਤਾਂ ਚੰਗਾ ਹੈ ਕਿਉਂਕਿ ਉਸ ਲਈ ਬਲਣ ਵਾਲੇ ਪਦਾਰਥ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਅਤੇ ਕਲਾ ਪ੍ਰੇਮੀਆਂ ਲਈ ਇੱਕ ਸਕਰੈਪ ਸਕਪਚਰ ਮਿਊਜ਼ੀਅਮ ਬਣਾਉਣ ਦਾ ਸੁਪਨਾ ਹੈ। ਪ੍ਰਮਾਤਮਾ ਉਸਦੇ ਸੁਪਨਿਆਂ ਨੂੰ ਸਾਕਾਰ ਕਰੇ।