ਦੀਵਾਲੀ ਤੇ ਸਾਡੀਆਂ ਰਹੁ-ਰੀਤਾਂ (ਲੇਖ )

ਨਿਰਮਲ ਸਤਪਾਲ    

Email: nirmal.1956@yahoo.com
Cell: +91 95010 44955
Address: ਨੂਰਪੁਰ ਬੇਟ
ਲੁਧਿਆਣਾ India
ਨਿਰਮਲ ਸਤਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਭਾਰਤ, ਜਿੱਥੇ ਹਰ ਪੱਖੋਂ ਖੁਸ਼ਹਾਲ ਹੈ ਉੱਥੇ ਧਾਰਮਿਕ ਪੱਖੋਂ ਤੇ ਸੱਭਿਆਚਾਰਕ ਤੌਰ ਤੇ ਵੀ ਇਹ ਬਹੁਤ ਅਮੀਰ ਹੈ।ਇੱਥੇ ਹਰ ਦਿਨ ਕੋਈ ਨਾ ਕੋਈ ਤਿਉਹਾਰ ਅਤੇ ਮੇਲੇ ਲਗਦੇ ਹੀ ਰਹਿੰਦੇ ਹਨ।ਇਹ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ, ਪਰ ਹਰ ਧਰਮ ਦੇ ਲੋਕ ਹਰ ਮੇਲੇ ਅਤੇ ਤਿਉਹਾਰ ਨੂੰ ਹੁੰਮ-ਹੁੰਮਾ ਕੇ ਅਤੇ ਰਲ-ਮਿਲ ਕੇ ਸਾਂਝੇ ਤੌਰ ਤੇ ਮਨਾਉਂਦੇ ਹਨ।
                  ਦੀਵਾਲੀ ਦਾ ਸਿੱਧਾ ਜਿਹਾ ਅਰਥ ਹੈ, ਰੋਸ਼ਨੀ ਦਾ ਤਿਉਹਾਰ।ਉਹ ਰੋਸ਼ਨੀ, ਜਿਸ ਨਾਲ ਅਸੀਂ ਆਪਣੇ ਘਰਾਂ ਨੂੰ ਹੀ ਨਹੀਂ ਸਗੋਂ ਆਪਣੇ ਦਿਲਾਂ ਨੂੰ ਵੀ ਰੋਸ਼ਨ ਕਰ ਸਕਦੇ ਹਾਂ।ਰਿਵਾਇਤੀ ਤੌਰ ਤੇ ਧੰਨ ਦੀ ਦੇਵੀ ਲਕਸ਼ਮੀ ਦੀ ਪੂਜਾ ਅਸੀਂ ਸਾਰੇ ਹੀ ਕਰਦੇ ਹਾਂ ਤੇ ਸਾਰੀ-ਸਾਰੀ ਰਾਤ ਘਰਾਂ ਦੇ ਦਰ ਖੁੱਲੇ ਰੱਖਦੇ ਹਾਂ ਕਿ ਕਿਤੇ ਲਕਸ਼ਮੀ ਮਾਂ ਦਰਵਾਜਾ ਬੰਦ ਦੇਖ ਅਗਾਂਹ ਨਾ ਲੰਘ ਜਾਵੇ।ਦੂਜੇ ਪਾਸੇ ਅਸਲ ਜ਼ਿੰਦਗੀ ਵਿੱਚ ਧੀ ਨੂੰ ਲਕਸ਼ਮੀ ਕਹਿੰਦੇ ਹਾਂ, ਪਰ ਇਹ ਲਕਸ਼ਮੀ ਜਦੋਂ ਘਰ ਵਿੱਚ ਜਨਮ ਲੈਂਦੀ ਹੈ ਤਾਂ ਮੱਥੇ ਤਿਉੜੀ ਪੈ ਜਾਂਦੀ ਹੈ।ਜੇ ਅਸੀਂ ਸੱਚ-ਮੁੱਚ ਚਾਹੁੰਦੇ ਹਾ ਕਿ ਲਕਸ਼ਮੀ ਮਾਂ ਸਾਡੇ ਤੇ ਦਿਆਲ ਰਹੇ ਤਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ।
                  ਆਮ ਤੌਰ ਤੇ ਦੀਵਾਲੀ ਵਾਲੇ ਦਿਨ ਅਸੀਂ ਦੋਸਤਾਂ-ਮਿੱਤਰਾਂ ਵਿੱਚ ਕੀਮਤੀ ਤੋਹਫਿਆਂ ਦਾ ਲੈਣ-ਦੇਣ ਕਰਦੇ ਹੋਏ ਕਿੰਨਾ ਹੀ ਪੈਸਾ ਅਜਾਂਈ ਗੁਆ ਦਿੰਦੇ ਹਾਂ, ਜੋ ਇਕ ਤਰ੍ਹਾਂ ਦੀ ਫਜੂਲ਼ ਖਰਚੀ ਹੀ ਹੁੰਦੀ ਹੈ।ਇਸਦੇ ਨਾਲ-ਨਾਲ ਅਸੀਂ ਦਿਨ ਢਲੇ ਜਿੱਥੇ ਆਪਣੇ ਘਰਾਂ ਨੂੰ ਦੀਵਿਆਂ, ਮੋਮ-ਬੱਤੀਆਂ ਤੇ ਬੱਲਵਾਂ ਦੀਆਂ ਲੜੀਆਂ ਦੇ ਨਾਲ ਘਰਾਂ ਨੂੰ ਰੋਸ਼ਨ ਕਰਦੇ ਹਾਂ ਉੱਥੇ ਪਟਾਖਿਆਂ ,ਆਤਿਸ਼-ਬਾਜੀਆਂ ਆਦਿ ਨਾਲ ਇਸ ਪਵਿੱਤਰ ਤਿਉਹਾਰ ਨੂੰ ਧੁੰਦਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ।ਇਸ ਸ਼ੁੱਭ ਦਿਨ ਤੇ ਅਸੀਂ ਆਪਣੇ ਦੋਸਤ-ਮਿੱਤਰਾਂ, ਰਿਸ਼ਤੇਦਾਰਾਂ ਆਦਿ ਨੂੰ ਬਹੁਤ ਹੀ ਕੀਮਤੀ ਤੋਹਫ਼ੇ ਭੇਟ ਕਰਦੇ ਹਾਂ।ਆਪਣੀਆਂ ਸ਼ੁੱਭ ਇਛਾਵਾਂ ਦਾ ਪ੍ਰਗਟਾਵਾ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਲੋਕ ਦਿਖਾਵੇ ਵਿੱਚ ਅਸੀਂ ਆਪਣੀ ਚਾਦਰ ਵਿੱਚ ਪੈਰ ਕੁੱਝ ਜਿਆਦਾ ਹੀ ਪਸਾਰ ਲੈਂਦੇ ਹਾਂ।ਜੋ ਬਹੁਤ ਮਾੜੀ ਗੱਲ ਹੈ।ਜਰੂਰੀ ਨਹੀਂ ਕਿ ਮਹਿੰਗੀਆਂ ਚੀਜਾਂ ਹੀ ਤੋਹਫ਼ੇ ਦੇ ਰੂਪ ਵਿੱਚ ਦੇਣੀਆਂ ਹੁੰਦੀਆਂ ਹਨ।ਜਿੱਥੇ ਪਿਆਰ-ਮੁਹੱਬਤ ਹੋਵੇ, ਉੱਥੇ ਦਿਖਾਵੇ ਦੀ ਤਾਂ ਲੋੜ ਹੀ ਨਹੀਂ ਹੁੰਦੀ।
                     ਅਸੀਂ ਸਾਰੇ ਹੀ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹਾਂ ਕਿ ਲਗਾਤਾਰ ਪ੍ਰਦੂਸ਼ਣ ਵਧਣ ਕਰਕੇ ਅੱਜ ਅਸੀਂ ਸਾਰੇ ਮੌਤ ਦੇ ਕਗਾਰ ਤੇ ਖੜੇ ਹਾਂ।ਜਿਸ ਰਫ਼ਤਾਰ ਨਾਲ ਵਾਤਾਵਰਣ ਪ੍ਰਦੁਸ਼ਿਤ ਹੋ ਰਿਹਾ ਹੈ, ਉਸੇ ਹੀ ਰਫ਼ਤਾਰ ਨਾਲ ਅਸੀਂ ਬਰਬਾਦੀ ਵੱਲ ਵੱਧ ਰਹੇ ਹਾਂ।ਜੇ ਅਸੀਂ ਇਸ ਧਰਤੀ ਉੱਤੇ ਮਨੁੱਖ ਦੀ ਹੋਂਦ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤ ਨਾਲ ਦੋਸਤੀ ਕਰਨੀ ਪਵੇਗੀ।ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਇਕ ਆਮ ਇਨਸਾਨ ਅੱਜ ਰੋਟੀ ਤੋਂ ਵੀ ਅਵਾਜ਼ਾਰ ਹੈ,ਪਰ ਲੋਕ ਦਿਖਾਵੇ ਕਰਕੇ ਅਸੀਂ ਆਪਣਾ ਝੁੱਗਾ ਆਪ ਹੀ ਚੌੜ ਕਰ ਰਹੇ ਹਾਂ।ਜੇ ਕਰਜ਼ਾ ਚੁੱਕ ਕੇ ਹੀ ਕੋਈ ਤਿਉਹਾਰ ਮਨਾਇਆ ਤਾਂ ਕੀ ਮਨਾਇਆ।ਜੇ ਇਕ ਦਿਨ ਦੇ ਤਿਉਹਾਰ ਬਦਲੇ ਅਗਲੇ ਦਿਨ ਦੀ ਰੋਟੀ ਦੇ ਹੀ ਲਾਲੇ ਪੈ ਜਾਣ ਤਾਂ ਲਾਹਨਤ ਹੈ, ਅਜਿਹੇ ਤਿਉਹਾਰਾਂ ਨਾਲੋਂ ਤਾਂ ਉਂਝ ਹੀ ਚੰਗੇ।ਬਦਲਦੇ ਸਮੇਂ ਦੇ ਨਾਲ-ਨਾਲ ਸਾਨੂੰ ਆਪਣੀਆਂ ਰਹੁ-ਰੀਤਾਂ ਵੀ ਬਦਲਣੀਆਂ ਪੈਣਗੀਆਂ।
                        ਕਿਸੇ ਵੀ ਤਿਉਹਾਰ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਕਾਰਨ ਜਾਂ ਸਾਡੀਆਂ ਭਾਵਨਾਵਾਂ ਲੁਕੀਆਂ ਹੁੰਦੀਆਂ ਹਨ, ਉਨ੍ਹਾਂ ਭਾਵਨਾਵਾਂ ਨੂੰ ਦੇਖਦੇ ਹੋਏ ਕਿਸੇ ਵੀ ਤਿਉਹਾਰ ਨੂੰ ਮਨਾਉਣ ਨਾਲ ਜੇ ਤੱਸਲੀ ਮਿਲਦੀ ਹੈ ਤਾਂ ਬਹੁਤ ਹੀ ਚੰਗੀ ਗੱਲ ਹੈ।ਜੇ ਅੱਜ ਅਸੀਂ ਆਪਣੇ-ਆਪ ਨੂੰ ਆਧੁਨਿਕ ਸਮਝਦੇ ਹਾਂ ਤਾਂ ਦਕਿਆ-ਨੂਸੀ ਵਿਚਾਰਾਂ ਤੋਂ ਤੋਬਾ ਕਰਨ ਦੀ ਲੋੜ ਹੈ।ਜਰੂਰੀ ਨਹੀਂ ਕਿ ਪਟਾਕਿਆਂ ਤੇ ਆਤਿਸ਼-ਬਾਜ਼ੀਆਂ ਆਦਿ ਨਾਲ ਹੀ ਇਸ ਤਿਉਹਾਰ ਨੂੰ ਮਨਾਇਆ ਜਾ ਸਕਦਾ ਹੈ ਜਾਂ ਕੀਮਤੀ ਤੋਹਫ਼ਿਆਂ ਨਾਲ ਹੀ ਵਧੀਆ ਦੀਵਾਲੀ ਬਣਦੀ ਹੈ।ਜ਼ਰਾ ਗੌਰ ਨਾਲ ਸੋਚੋ,ਵਧੀਆ ਸੁਨੇਹੇ ਦੇ ਕੇ ਜਾਂ ਇਕ ਫ਼ੋਨ ਰਾਹੀਂ ਵੀ ਕਿਸੇ ਵੀ ਤਿਉਹਾਰ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ਜਾ ਸਕਦੀਆਂ ਹਨ।ਅੱਜ ਦੇ ਤੇਜ਼-ਰਫ਼ਤਾਰੀ ਯੁਗ ਵਿੱਚ ਮਨੁੱਖ ਵੀ ਇਕ ਮਸ਼ੀਨ ਬਣ ਚੁੱਕਾ ਹੈ।ਸਾਡੇ ਕੋਲ ਆਰਾਮ ਨਾਲ ਬੈਠ ਕੇ ਕੁੱਝ ਵੀ ਕਰਨ ਜਾਂ ਸੋਚਣ ਦਾ ਸਮਾਂ ਨਹੀਂ।ਛੋਟੇ ਬੱਚੇ ਤੋਂ ਲੈ ਕੇ ਬਗੁਰਗ ਤੱਕ ਆਪੋ-ਧਾਪੀ ਦੀ ਜ਼ਿੰਦਗੀ ਬਸਰ ਕਰ ਰਹੇ ਹਨ।                 
                          ਸਮਾਂ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜਰ ਰਿਹਾ ਹੈ।ਅੱਜ ਅਸੀਂ ਬਾਰੂਦ ਦੇ ਢੇਰ ਤੇ ਬੈਠੇ ਮੌਤ ਦੇ ਸ਼ਿੰਕਜੇ ਵਿੱਚ ਜਕੜੇ ਹੋਏ ਹਾਂ।ਜੇ ਅਜੇ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਾਰੇ ਹੀ ਕੁਦਰਤ ਨਾਲ ਖਿਲਵਾੜ ਕਰਦੇ ਹੋਏ ਆਪ ਹੀ ਇਸ ਖਿਲਵਾੜ ਦਾ ਸ਼ਿਕਾਰ ਹੋ ਜਾਵਾਂਗੇ।ਖੁੰਝਿਆ ਵਕਤ ਹੱਥ ਨਹੀਂ ਆਉਂਦਾ।ਆਓ! ਕਸਮ ਖਾਈਏ ਕਿ ਅਸੀਂ ਕੁਦਰਤ ਨਾਲ ਦੋਸਤੀ ਕਰਾਂਗੇ।ਇਸ ਦਿਨ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਪਰ੍ਹੇ ਰਹਾਂਗੇ।ਬੰਬ ,ਪਟਾਖਿਆਂ ਆਦਿ ਤੇ ਹੋਣ ਵਾਲੇ ਖਰਚੇ ਨੂੰ ਬਚਾ ਕੇ ਗਰੀਬ-ਗੁਰਬਿਆਂ ਦੀ ਮਦਦ ਕਰਾਂਗੇ।ਸ਼ਰੀਰਿਕ ਤੌਰ ਤੋਂ ਅਪੰਗ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਾਂਗੇ।ਆਪਣੇ ਬਜੁਰਗਾਂ ਨੂੰ ਬਣਦਾ ਮਾਣ-ਸਨਮਾਨ ਦਿਆਂਗੇ।
                     ਉਸਾਰੂ ਸੋਚ ਨੂੰ ਅਪਣਾ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਵਿੱਚ ਬਣਦਾ ਯੋਗਦਾਨ ਪਾਵਾਂਗੇ ਤੇ ਕਿਸੇ ਦਾ ਦਿਲ ਨਹੀਂ ਦੁਖਾਵਾਂਗੇ।ਘਰ ਦੀ ਲਕਸ਼ਮੀ ਭਾਵ ਬੇਟੀਆਂ ਨੂੰ ਕੁੱਖ ਵਿੱਚ ਨਹੀਂ ਮਾਰਾਂਗੇ।ਹਰ ਰਿਸ਼ਤੇ ਦਾ ਮਾਣ-ਸਨਮਾਨ ਕਰਾਂਗੇ।ਨਸ਼ਿਆਂ ਜਹੀ ਨਾਮੁਰਾਦ ਬੀਮਾਰੀ ਤੋਂ ਦੂਰ ਰਹਾਂਗੇ।ਚੰਗੇ ਸਮਾਜ ਦੀ ਸਿਰਜਣਾ ਲਈ ਚੰਗੀਆਂ ਰਿਵਾਇਤਾਂ ਦੀ ਪਿੜ ਪਾਵਾਂਗੇ।ਆਪਣੇ ਢਿੱਡੋਂ-ਜਾਇਆਂ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਤੋਂ ਅਵੇਸਲੇ ਨਹੀਂ ਹੋਵਾਂਗੇ ਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੰਦੇ ਹੋਏ ਚੰਗੇ ਇਨਸਾਨ ਬਣਨ ਦੀ ਪੂਰੀ ਕੋਸ਼ਿਸ ਕਰਾਂਗੇ।ਹਰ ਇਕ ਨੂੰ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦਿਆਂਗੇ।ਕੁਦਰਤ ਦੇ ਵਸੀਲਿਆਂ ਦੀ ਰਾਖੀ ਕਰਾਂਗੇ।
                   ਆਉ! ਜ਼ਿੰਦਗੀ ਨੂੰ ਨਵੇਂ ਤੇ ਨਰੋਏ ਢੰਗ ਨਾਲ ਜਿਉਣ ਦੀ ਜਾਚ ਸਿੱਖੀਏ।ਦੀਵਾਲੀ ਵਰਗੇ ਪਵਿੱਤਰ ਤਿਉਹਾਰ ਨੂੰ ਜੂਏ ਦੀ ਭੇਂਟ ਨਾ ਚੜ੍ਹਾ ਕੇ , ਸ਼ਰਾਬ ਤੇ ਨਸ਼ਿਆਂ ਦਾ ਸੇਵਨ ਨਾ ਕਰਕੇ ਵਧੀਆ ਜੀਵਨ ਬਸਰ ਕਰਨ ਦੀ ਕਸਮ ਖਾਈਏ।ਇਸ ਦਿਨ ਤੇ ਕੀਤੀ ਜਾਣ ਵਾਲੀ ਫ਼ਜੂਲ-ਖਰਚੀ ਨੂੰ ਕਿਸੇ ਚੰਗੇ ਕੰਮ ਵਿੱਚ ਲਗਾਈਏ।ਜਰੂਰਤਮੰਦ ਅਤੇਅਪੰਗ ਬੱਚਿਆਂ ਨੂੰ ਅਪਣਾ ਕੇ ਮਾਨਵਤਾ ਪ੍ਰਤੀ ਆਪਣੇ ਫ਼ਰਜਾਂ ਪ੍ਰਤੀ ਚੇਤੰਨ ਹੋਈਏ।ਆਪਣੇ ਬਜੁਰਗਾਂ ਪ੍ਰਤੀ ਵਫ਼ਾਦਾਰੀਆਂ ਨਿਭਾਉਣ ਦੀ ਕਸਮ ਖਾਈਏ।ਆਪਣੇ ਬੱਚਿਆਂ ਨੂੰ ਭੱਵਿਖ ਦੇ ਚੰਗੇ ਵਾਰਸ ਬਣਨ ਦਾ ਰਾਹ ਦਿਖਾਈਏ।ਜ਼ਿੰਦਗੀ ਪ੍ਰਤੀ ਆਪਣੀ ਸੋਚ ਨੂੰ ਬਦਲਦੇ ਹੋਏ ,ਆਪਣੇ ਲਈ ਹੀ ਨਹੀਂ ਦੂਜਿਆਂ ਲਈ ਜਿਉਣਾ ਸਿੱਖੀਏ।