ਮਾਰਚ 1993 ਦੇ ਪਹਿਲੇ ਹਫਤੇ ਫੀਰੋਜਪੁਰ ਤੋਂ ਸ਼ਹੀਦ ਉਧਮ ਸਿੰਘ ਭਗਤ ਸਿੰਘ ਮੈਮੋਰੀਅਨ ਫਾਊਡੇਸ਼ਨ ਪੰਜਾਬ ਦੇ ਪ੍ਰਧਾਨ ਹਰਪਾਲ ਸਿੰਘ ਭੁਲਰ ਦਾ ਪੱਤਰ ਆਇਆ ਕਿ ਅਸੀਂ ਫੀਰੋਜ਼ਪੁਰ ਵਿਖੇ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਸਭਿਆਚਾਰਕ ਲੋਕ ਮੇਲਾ ਕਰਵਾ ਰਹੇ ਹਾਂ ਜਿਸ ਵਿਚ ਕਈ ਪੰਜਾਬੀ ਫਿਲਮੀ ਅਦਾਕਾਰ ਤੇ ਰੇਡੀਓ ਟੀ. ਵੀ. ਦੇ ਕਲਾਕਾਰ ਭਾਗ ਲੈ ਰਹੇ ਹਨ। ਤੁਹਾਨੂੰ 'ਬੈਸਟ ਪ੍ਰੈਸ ਰੀਪੋਰਟਰ ਪੁਰਸਕਾਰ' ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਤੁਸੀਂ ਪਰਿਵਾਰ ਸਮੇਤ ਸ਼ਹੀਦ ਭਗਤ ਸਿੰਘ ਸਟੇਡਿਅਮ ਵਿਖੇ ਪੁਜ ਕੇ ਸਾਡੀ ਬੇਨਤੀ ਪਰਵਾਨ ਕਰਨੀ। 19 ਮਾਰਚ ਨੂੰ ਕੁਝ ਪੰਜਾਬੀ ਅਖਬਾਰਾਂ ਵਿਚ ਸਭਿਆਚਾਰਕ ਮੇਲੇ ਬਾਰੇ ਸਪਲੀਮੈਂਟ ਛਪੇ ਤਾਂ ਮੈ ਭੁਲਰ ਸਾਹਿਬ ਨੂੰ ਫੋਨ ਕਰਕੇ ਪੁਛਿਆ ਕਿ ਮੇਲੇ ਦਾ ਕੀ ਪ੍ਰਰੋਗਰਾਮ ਹੈ ਤਾਂ ਉਨ੍ਹਾਂ ਦਸਿਆ ਕਿ 20 ਮਾਰਚ ਨੂੰ ਨਾਮਵਰ ਫਿਲਮ ਅਭਿਨੇਤਾ ਸੁਨੀਲ ਦੱਤ ਨੇ ਸਮਾਗਮ ਦੀ ਪ੍ਰਧਾਨਗੀ ਕਰਨੀ ਹੈ ਅਤੇ ਐਤਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਬਲਰਾਮ ਜਾਖੜ ਨੇ, ਤੁਸੀਂ ਜਦੋਂ ਮਰਜ਼ੀ ਹੈ ਆ ਜਾਓ। ਕੁਦਰਤੀ ਉਸੇ ਸਮੇਂ ਅੰਮ੍ਰਿਤਸਰ ਤੋਂ ਹੀ ਮੇਰੇ ਸਾਥੀ ਪੱਤਰਕਾਰ ਹਰਪ੍ਰੀਤ ਸਿੰਘ (ਹੁਣ ਕੈਨੇਡਾ) ਦਾ ਫੋਨ ਆਇਆ ਕਿ ਫੀਰੋਜ਼ਪੁਰ ਅਭਿਆਚਾਰਕ ਮੇਲਾ ਹੋ ਰਿਹਾ ਹੈ, ਵੇਖ ਕੇ ਆਈਏ। ਸੋ ਅਸੀਂ ਪਹਿਲੇ ਵੀ ਦਿਨ ਦਾ ਪ੍ਰੋਗਰਾਮ ਦੇਖਣ ਦਾ ਮਨ ਬਣਾ ਲਿਆ।
ਸਵੇਰੇ ਦਸ ਕੁ ਦਸ ਵਜੇ ਫੀਰੋਜ਼ਪੁਰ ਸਟੇਡੀਅਮ ਵਿਖੇ ਪੁਜੇ ਤਾਂ ਪਤਾ ਲਗਾ ਕਿ ਸਨੀਲ ਦੱਤ ਹੁਣੇ ਹੀ ਹੁਸੈਨੀਵਾਲਾ ਤੱਕ "ਸ਼ਾਂਤੀ ਮਾਰਚ" ਕਰਨ ਗਏ ਹਨ। ਅਸੀਂ ਆਪਣੀ ਕਾਰ ਦਾ ਮੂੰਹ ਉਧਰ ਮੋੜ ਲਿਆ ਅਤੇ ਸ਼ਹਿਰ ਤੋਂ ਬਾਹਰ ਨਿਕਲਦਿਆਂ ਹੀ ਉਹਨਾਂ ਨਾਲ ਜਾ ਮਿਲੇ। ਰਸਤੇ ਵਿਚ ਹਰ ਥਾਂ, ਜਿਥੇ ਵੀ ਕੋਈ ਪਿੰਡ ਸੀ, ਲੋਕ ਦੋਨੋ ਪਾਸੇ ਹਿੰਦੀ ਫਿਲਮਾਂ ਦੇ ਇਸ ਹੀਰੋ ਨੂੰ ਵੇਖਣ ਲਈ ਬੇਤਾਬੀ ਨਾਲ ਖੜੇ ਸਨ। ਲਗਭਗ ਹਰ ਥਾਂ ਸ੍ਰੀ ਦੱਤ ਨੇ ਰੁਕ ਕੇ ਉਹਨਾਂ ਨਾਲ ਹੱਥ ਮਿਲਾਉਦੇ ਰਹੇ। ਹਾਲ ਚਾਲ ਪੁਛਦੇ ਰਹੇ।
'ਸ਼ਾਂਤੀ ਮਾਰਚ' ਵਿਚ ਉਹਨਾਂ ਨਾਲ ਵਧੇਰੇ ਕਰਕੇ ਅਨੇਕਾਂ ਹੀ ਸਕਟੂਰਾਂ, ਮੋਟਰ ਸਾਈਕਲਾਂ ਅਤੇ ਜੀਪਾਂ ਤੇ ਨੌਜਵਾਨ ਹੀ ਸਨ, ਜੋ ਵਧੇਰੇ ਕਰਕੇ ਸ੍ਰੀ ਦੱਤ ਨਾਲ ਫੋਟੋਆਂ ਖਿੱਚਵਾਉਣ ਤੇ ਸਫ਼ਰ ਕਰਨ ਲਈ ਵਧੇਰੇ ਉਤਸੁਕ ਸਨ। ਹਸੈਨੀਵਾਲਾ ਵਿਖੇ ਪਹੁੰਚ ਕੇ ਉਹਨਾਂ ਨੇ ਸ਼ਹੀਦ ਭਗਤ ਸਿੰਘ, ਰਾਜ ਗੁਰੁ ਅਤੇ ਸਖਦੇਵ ਦੀ ਸਮਾਧੀ 'ਤੇ ਫੁਲ ਮਾਲਾਵਾਂ ਚੜ੍ਹਾਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਫਿਰ 'ਪੰਜਾਬ ਮਾਤਾ' ਦੀ ਸਮਾਧੀ 'ਤੇ ਵੀ ਅਕੀਦਤ ਪੇਸ਼ ਕਰਨ ਗਏ।
ਇਥੋਂ ਵਿਹਲਿਆਂ ਹੋ ਕੇ ਉਹ ਭਾਰਤ-ਪਾਕਿ ਸਰਹਦ ਉਤੇ ਚੈਕ ਪੋਸਟ ਵੇਖਣ ਗਏ, ਜਿਥੇ ਬੀ. ਐਸ. ਐਫ ਅਤੇ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਸਾਂਝੇ ਤੌਰ ਤੇ ਸਲੂਟ ਮਾਰ ਕੇ ਸਵਾਗਤ ਕੀਤਾ। ਉਨ੍ਹਾਂ ਦੋਨਾਂ ਪਾਸਿਆਂ ਦੇ ਜਵਾਨਾਂ ਨੂੰ ਫਲਾਂ ਦੀਆਂ ਟੋਕਰੀਆਂ ਭੇਟ ਕੀਤੀਆ। ਪਾਕਿਸਤਾਨੀ ਰੇਂਜਰ ਦੇ ਅਫਸਰ ਨੂੰ ਪੁਛਿਆ ਕਿ ਉਹ ਕਿਹੜੇ ਇਲਾਕੇ ਦਾ ਰਹਿਣ ਵਾਲਾ ਹੈ, ਜਦੋਂ ਉਸ ਨੇ ਦਸਿਆ ਕਿ ਜਿਹਲਮ ਨਾਲ ਸਬੰਧ ਰਖਦਾ ਹੈ ਤਾਂ ਸੁਨੀਲ ਦੱਤ ਨੇ ਉਸ ਨੂੰ ਗਲਵੱਕੜੀ ਪਾ ਲਈ ਅਤੇ ਕਿਹ,ਾ "ਮੈਂ ਵੀ ਜਿਹਲਮ ਦਾ ਜੰਮਪਾਲ ਹਾਂ। ਆਪਾਂ ਦੋਵੇਂ ਭਰਾ ਹਾਂ। ਆਪਾਂ ਲੜਣਾ ਨਹੀਂ, ਮਿਲਕੇ ਰਹਿਣਾ ਹੈ।" ਪਾਕਿਸਤਾਨੀ ਅਫਸਰ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਵਾਪਸੀ ਸਮੇਂ ਸੜਕ ਦੇ ਦੋਨੇਂ ਪਾਸੇ ਖੜੇ ਲੋਕਾਂ ਦੀ ਗਿਣਤੀ ਕਿਤੇ ਵੱਧ ਸੀ, ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਇਸ ਫਿਲਮੀ ਹੀਰੋ, ਜੋ ਹੁਣ ਇਹ ਸਿਆਸੀ ਨੇਤਾ ਵੀ ਬਣ ਚੁਕਾ ਸੀ ਅਤੇ ਲੋਕ ਸਭਾ ਦਾ ਮੈਂਬਰ ਸੀ, ਨੂੰ ਨੇੜਿਓ ਵੇਖਣ ਲਈ ਬੇਤਾਬ ਸਨ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵੀ ਸੁਨੀਲ ਦੱਤ ਤੇ ਹੋਰ ਫਿਲਮੀ ਹਸਤੀਆਂ ਨੂੰ ਵੇਖਣ ਤੇ ਸੁਣਨ ਲਈ ਲੋਕਾਂ ਵਿਸ਼ੇਸ ਕਰਕੇ ਨੌਜਵਾਨਾਂ ਦਾ ਹੜ੍ਹ ਆ ਚੁੱਕਾ ਸੀ, ਤੇ ਸਭ ਪਾਸੇ ਭੀੜ ਭੜੱਕਾ ਸੀ। ਪੰਜਾਬੀ ਫਿਲਮਾਂ ਦੇ ਹਾਸ ਰਸ ਕਲਾਕਾਰ ਮਿਹਰ ਮਿੱਤਲ, ਯੋਗੇਸ਼ ਛਾਬੜਾ, ਕੁਲਦੀਪ ਮਾਣਕ, ਜਰਨਲ ਗਿਲ, ਸੁਖਵੰਤ ਸੁਖੀ, ਗੁਰਮੀਤ ਗੀਤਾ ਆਦਿ ਕਲਾਕਾਰਾਂ ਨੇ ਆਪਣੀ ਆਪਣੀ ਕਲਾ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।
ਇਸ ਮੌਕੇ ਤੇ ਬੇਲਦਿਆਂ ਸ੍ਰੀ ਦੱਤ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਆ ਕੇ ਬੜੀ ਖੁਸੀ ਹੁੰਦੀ ਹੈ, ਇa ਜਾਪਦਾ ਹੈ ਕਿ ਆਪਣੇ ਘਰ ਆ ਗਿਆ ਹਾਂ। ਮੈਨੂੰ ਇਸ ਗਲ ਦਾ ਫਖਰ ਹੈ ਕਿ ਮੈਂ ਇਕ ਪੰਜਾਬੀ ਮਾਂ ਦੀ ਕੁੱਖ ਚੋਂ ਜਨਮ ਲਿਆ ਹੈ। ਉਹਨਾਂ ਨੇ ਜਸਦੇਵ ਸਿੰਘ ਜਸੋਵਾਲ, ਕੁਲਦੀਪ ਮਾਣਕ, ਹਰਪ੍ਰੀਤ ਸਿੰਘ ਅਤੇ ਮੈਨੂੰ ਆਪਣੇ ਆਪਣੇ ਖੇਤਰਾਂ ਵਿਚ ਯੋਗਦਾਨ ਪਾਉਣ ਲਈ ਸਨਮਾਣਿਤ ਵੀ ਕੀਤਾ।
ਇਸ ਪਿਛੋਂ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਅਤੇ ਰਾਤੀਂ ਸ੍ਰੀ ਸਤਪਾਲ ਬਾਗੀ ਪੱਤਰਕਾਰ ਦੇ ਘਰ ਖਾਣੇ ਤੇ ਬਹੁਤ ਹੀ ਖੁਲ੍ਹੀਆਂ ਗਲਾਂ ਕਰਨ ਦਾ ਮੌਕਾ ਲਗਾ। ਉਹ ਸਿਆਸਤ ਵਿਚ ਰਹਿੰਦਿਆਂ ਵੀ ਸਿਆਸਤ ਤੋਂ ਅਭਿੱਜ ਸਨ ਅਤੇ ਪੰਜਾਬ ਤੋਂ ਦੂਰ ਹੁੰਦਿਆਂ ਵੀ ਪੰਜਾਬ ਦੇ ਨੇੜੇ ਸਨ। ਪੰਜਾਬ ਵਿਚ ਪਹਿਲਾਂ ਵਾਲੀ ਸ਼ਾਂਤੀ, ਦੇਸ਼ ਭਗਤੀ ਤੇ ਖੁਸ਼ਹਾਲੀ ਵੇਖਣ ਦੇ ਬੜੇ ਹੀ ਚਾਹਵਾਨਦਿਖਾਈ ਦਿਤੇ। ਗਲਬਾਤ ਦੇ ਮੁਖ ਅੰਸ਼ ਇਸ ਤਰ੍ਹਾਂ ਹਨ:-
ਸਵਾਲ: - ਤੁਸੀਂ 1987 ਵਿਚ ਪੰਜਾਬ ਵਿਚ "ਸ਼ਾਂਤੀ ਮਾਰਚ" ਕਰਨ ਆਏ ਸੀ ਅਤੇ ਅਜ 20 ਮਾਰਚ 1993 ਨੂੰ ਵੀ "ਅਮਨ ਮਾਰਚ" ਕੀਤਾ ਹੈ। ਦੋਨਾਂ ਵਿਚ ਕੀ ਫਰਕ ਹੈ?
ਦੱਤ – ਬਹੁਤ ਫਰਕ ਹੈ। ਉਸ ਸਮੇਂ ਵੀ ਭਾਵੇਂ ਮੈਨੂੰ ਵੇਖਣ ਲਈ ਹਜ਼ਾਰਾਂ ਹੀ ਲੋਕ ਸੜਕਾਂ ਤੇ ਆਏ ਸਨ, ਪਰ ਮਾਹੌਲ ਬੜਾ ਹੀ ਦਹਿਸ਼ਤ ਭਰਿਆ ਸੀ। ਪੰਜਾਬੀਆਂ ਦੇ ਚਿਹਰਿਆਂ ਤੋਂ ਮੁਸਕਰਾਹਟ ਗਾਇਬ ਸੀ।ਹੁਣ ਮਾਹੌਲ ਬੜਾ ਸੁਹਣਾ ਹੈ ਅਤੇ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੈ।ਅਜ ਵਾਲੇ ਸਭਿਆਚਾਰਕ ਮੇਲੇ ਦੀ ਕਾਮਯਾਬੀ ਖੁਸ਼ਗਵਾਹ ਮਾਹੌਲ ਦਾ ਸਬੂਤ ਹੈ।
ਸਵਾਲ: ਕੀ ਤੁਹਾਡੇ ਖਿਆਲ ਵਿਚ ਪੰਜਾਬ ਸਮਸਿਆ ਕੇਵਲ ਅਮਨ ਤੇ ਕਾਨੂਨ ਦੀ ਹੀ ਸਮਸਿਆ ਹੈ, ਜਿਵੇਂ ਕਿ ਮੁਖ ਮੰਤਰੀ ਬੇਅੰਤ ਸਿੰਘ ਕਹਿ ਰਹੇ ਹਨ ਜਾ ਇਸ ਦੇ ਆਰਥਿਕ, ਸਭਿਆਚਾਰਕ, ਧਾਰਮਿਕ ਅਤੇ ਸਿਆਸੀ ਪਹਿਲੂ ਵੀ ਹਨ?
ਦੱਤ:- ਪੰਜਾਬ ਮੱਸਲੇ ਨੂੰ ਸਾਰੇ ਪਹਿਲੂਆਂ ਤੋਂ ਵੇਖਿਆ ਜਾਣਾ ਚਾਹੀਦਾ ਹੈ। ਲਾਅ ਐਂਡ ਆਰਡਰ ਮਸੱਲਾ ਤਾਂ ਉਦੋਂ ਬਣਦਾ ਹੈ ਜਦੋਂ ਕੁਝ ਲੋਕੀਂ ਕਾਨੂੰਨ ਨੂੰ ਆਪਣੇ ਹੱਥ ਲੈ ਕੇ ਅਮਨ ਕਾਨੂੰਨ ਭੰਗ ਕਰਨ। ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਿੱਜੀ ਅਤੇ ਆਪਣੀ ਪਾਰਟੀ ਦੇ ਹਿੱਤਾਂ ਤੋਂ ਉਪਰ ਉਠ ਕੇ ਨੌਜਵਾਨਾਂ ਨੂੰ ਸਹੀ ਸੇਧ ਦੇਣ। ਨੌਜਵਾਨ ਨੂੰ ਆਪਣੇ ਵਿਰਸੇ ਨਾਲ ਜੋੜਣ ਅਤੇ ਇਤਿਹਾਸ ਨੂੰ ਤੋੜੇ ਮਰੋੜੇ ਬਿਨਾਂ ਦਸਣ। ਪਿਛਲੇ ਦਸ ਸਾਲਾ ਵਿਚ ਪੰਜਾਬ ਦਾ ਕੇਵਲ ਮਾਲੀ ਜਾ ਸਨਅਤੀ ਤੌਰ ਤੇ ਹੀ ਨੁਕਸਾਨ ਨਹੀਂ ਹੋਇਆ, ਸਗੋਂ ਹਰ ਖੇਤਰ ਵਿਚ ਹੋਇਆ ਹੈ। ਸਭ ਤੋਂ ਬਹੁਤਾ ਨੁਕਸਾਨ ਨੌਜਵਾਨਾਂ ਦਾ ਹੋਇਆ ਹੈ।
ਸਵਾਲ: ਕੀ ਤੁਹਾਡਾ ਖਿਆਲ ਅਨੁਸਾਰ ਪੰਜਾਬ ਵਿਚ ਸ਼ਾਂਤੀ ਉਪਰੋਂ ਵੇਖਣ ਨੂੰ ਹੀ ਹੈ ਜਾਂ ਵਾਕਈ ਹੋ ਗਈ ਹੈ?
ਦੱਤ: ਮਾਹੌਲ ਤੋਂ ਜਾਪਦਾ ਹੈ ਕਿ ਲਗਭਗ ਸ਼ਾਂਤੀ ਹੋ ਗਈ ਹੈ। ਅਖ਼ਬਾਰੀ ਰੀਪੋਰਟਾਂ ਅਨੁਸਾਰ ਪੰਚਾਇਤ ਚੋਣਾਂ ਸਮੇਂ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਭਾਰੀ ਤਾਦਾਦ ਵਿਚ ਵੋਟਾਂ ਪਾਈਆਂ। ਪਹਿਲਾਂ ਕੋਈ ਸਨਅਤਕਾਰ ਪੰਜਾਬ ਵਿਚ ਆਉਣ ਤੋਂ ਘਬਰਾਉਂਦਾ ਸੀ। ਮੈਂ ਪਿਛੇ ਜਿਹੇ ਸ੍ਰੀ ਬੇਅੰਤ ਸਿੰਘ ਵਲੋਂ ਬੁਲਾਈ ਗਈ ਐਨ. ਆਰ. ਆਈ. ਦੀ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਮੂਲ ਦੇ ਅਨੇਕਾਂ ਹੀ ਸਨਅਤਕਾਰ ਪੰਜਾਬ ਵਿਚ ਸਨਅਤਾ ਲਗਾਉਣ ਨੂੰ ਤਿਆਰ ਸਨ। ਇਹ ਸਭਿਅਚਾਰਕ ਮੇਲੇ ਸੁੱਧਰੇ ਹੋਏ ਹਾਲਾਤ ਦੀ ਪ੍ਰਤੱਖ ਨਿਸ਼ਾਨੀ ਹਨ।
ਸਵਾਲ: ਪੰਜਾਬ ਵਿਚ ਜੇ ਖਾੜਕੂਆਂ ਦੀ ਦਹਿਸ਼ਤ ਖਤਮ ਹੋਈ ਹੈ ਤਾਂ ਪੁਲਿਸ ਦੀ ਦਹਿਸ਼ਤ ਹੋ ਗਈ ਹੈ। ਇਸ ਬਾਰੇ ਕੀ ਕਹੋਗੇ?
ਦੱਤ: ਇਸ ਬਾਰੇ ਮੈਨੂੰ ਬਹੁਤਾ ਪਤਾ ਨਹੀਂ, ਪਰ ਪੁਲਿਸ ਨੂੰ ਅਮਨ ਪਸੰਦ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਲੋਕਾਂ ਦੀ ਸੇਵਾ ਲਈ ਆਪਣੇ ਆਪ ਨੂੰ ਢਾਲ੍ਹਣਾ ਚਾਹੀਦਾ ਹੈ। ਦਿਤੇ ਗਏ ਵਧੇਰੇ ਅਖਤਿਆਰਾਂ ਦੀ ਦੁਰਵਰਤੋਂ ਹੋ ਜਾਂਦੀ ਹੈ। ਅਜੇਹਾ ਨਹੀਂ ਹੋਣਾ ਚਾਹੀਦਾ। ਪੁਲਿਸ ਲੋਕਾਂ ਦੀ ਸੇਵਾ ਅਤੇ ਉਹਨਾਂ ਦੀ ਜਾਨ ਮਾਨ ਦੀ ਸੁਰੱਖਸ਼ਾ ਲਈ ਹੈ।
ਸਵਾਲ: ਪੰਜਾਬ ਮਸਲਾ ਕਿਵੇਂ ਹੱਲ ਹੋਵੇ?
ਦੱਤ: ਸਭ ਤੋਂ ਪਹਿਲਾਂ ਤਾਂ ਪੰਜਾਬੀਆਂ ਦੇ ਜ਼ਖਮੀ ਹਿਰਦਿਆਂ 'ਤੇ ਮਲਮ੍ਹ ਲਗਾਉਣ ਦੀ ਲੋੜ ਹੈ। ਪੰਜਾਬੀਆਂ ਦੀ ਅਣਖ ਬਹਾਲ ਹੋਣੀ ਚਾਹੀਦੀ ਹੈ। ਇਹੋ ਹੀ ਅਸਲ ਵਿਚ "ਹੱਲ" ਹੈ। ਪੰਜਾਬੀ ਬੜੇ ਹੀ ਬਹਾਦਰ ਹਨ, ਉਹਨਾਂ ਪਾਸ ਹੁਨਰ ਹੈ, ਟੇਲੰਟ ਹੈ, ਉਹ ਮਿਹਨਤੀ ਹਨ। ਮੈਨੂੰ ਯਾਦ ਹੈ ਦੇਸ਼-ਵੰਡ ਸਮੇਂ ਲੱਖਾਂ ਹੀ ਪੰਜਾਬੀ ਉਧਰੋਂ ਉਜੜ ਕੇ ਆਏ, ਪਰ ਉਹ ਆਪਣੀ ਮਿਹਨਤ ਨਾਲ ਮੁੜ ਆਪਣੇ ਪੈਰ੍ਹਾਂ 'ਤੇ ਖੜੇ ਹੋਏ। ਕਿਸੇ ਇਕ ਵੀ ਪੰਜਾਬੀ ਨੇ ਭੀਖ ਨਹੀਂ ਮੰਗੀ। ਪੰਜਾਬੀ ਰੋਟੀ ਤਾਂ ਖਾ ਹੀ ਰਹੇ ਹਨ। "ਹੀਲੰਗ ਟੱਚ" ਦੀ ਲੋੜ ਹੈ। ਮੈਨੂੰ ਪਤਾ ਹੈ ਕਿ ਮੈਡਮ ਇੰਦਰਾ ਗਾਂਧੀ ਅਪਰੇਸ਼ਨ ਬਲਿਊ ਸਟਾਰ ਪਿਛੋਂ "ਹੀਲੰਗ ਹੱਚ" ਦੇਣਾ ਚਾਹੁੰਦੇ ਸਨ। ਉਹ ਸਿੱਖਾਂ ਦੀ ਬੜੀ ਹੀ ਕਦਰ ਕਰਦੇ ਸਨ ਅਤੇ ਸਿੱਖਾਂ ਵਲੋਂ ਆਜ਼ਾਦੀ ਦੇ ਸੰਘਰਸ਼ ਦੌਰਾਨ ਪਾਏ ਗਏ ਮਹਾਨ ਯੋਗਦਾਨ, ਪਿਛੋਂ ਵੀ ਸੁਰਖਿਆ,ਦੇਸ਼ ਦੇ ਸਰਬ-ਪੱਖੀ ਵਿਕਾਸ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਦੀ ਬੜੀ ਕ੧ਦਰ ਕਰਦੇ ਸਨ।
ਸਵਾਲ: ਫਿਲਮੀ ਜਗਤ ਵਿਚ ਪੰਜਾਬੀ ਛਾਏ ਹੋਏ ਹਨ, ਪਰ ਕੋਈ ਚੰਗੀ ਫਿਲ਼ਮ ਕਿਓਂ ਨਹੀਂ ਬਣਦੀ?
ਦੱਤ: ਫਿਲਮੀ ਗੀਤਾਂ ਤੇ ਸੰਗੀਤ ਵਿਚ ਪੰਜਾਬੀ ਰੰਗਤ ਦਿਖਾਈ ਦਿੰਦੀ ਹੈ, ਕਈ ਫਿਲ਼ਮਾਂ ਵਿਚ ਪੰਜਾਬੀ ਸਭਿਆਂਚਾਰ ਦਾ ਵੀ ਝਲਕਾਰਾ ਮਿਲਦਾ ਹੈ, ਕਲ ਨੂੰ ਕੋਈ ਚੰਗੀ ਪੰਜਾਬੀ ਫਿਲਮ ਵੀ ਬਣ ਸਕਦੀ ਹੈ।