ਇੰਟਰਨੈੱਟ ਇੱਕ ਨਕਲੀ ਦੁਨੀਆ (ਲੇਖ )

ਪਰਵਿੰਦਰ ਜੀਤ ਸਿੰਘ   

Email: scapepunjab@gmail.com
Cell: +91 98720 07176
Address: 833 ਸੀ-ਅਦਰਸ਼ ਨਗਰ,
ਫਗਵਾੜਾ India
ਪਰਵਿੰਦਰ ਜੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਅਸੀਂ ਆਪਣੇ ਰੁਝੇਵਿਆ ਵਿੱਚ ਇਨ੍ਹਾਂ ਖੁੰਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਆਪ ਲਈ ਹੀ ਸਮਾਂ ਨਹੀ ਰਿਹਾ। ਪਰ ਫੇਰ ਵੀ ਅੱਜ ਦਾ ਹਰ ਇਕ ਵਰਗ, ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੰਟਰਨੈੱਟ ਦੇ ਨਾਲ ਜੁੜਿਆ ਅਤੇ ਉਸ ਦੀ ਵਰਤੋਂ ਨੂੰ ਕਿਸੇ ਵੀ ਹੋਰ ਕੰਮ ਤੋਂ ਵੱਧ ਸਮਾਂ ਅਤੇ ਧਿਆਨ ਦਿੰਦਾ ਹੈ। ਬਚੇ, ਨੌਜਵਾਨ ਅਤੇ ਕੁੱਝ ਸਿਆਣੇ ਲੋਕ ਵੀ ਇੰਟਰਨੈੱਟ ਦੀ ਵਰਤੋਂ ਆਪਣੇ ਮੋਬਾਈਲ ਫੋਨ, ਟੈਬ ਅਤੇ ਕੰਪਿਊਟਰ ਰਾਂਹੀ ਕਰਦੇ ਹਨ। ਇਸ ਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਇੰਟਰਨੈੱਟ ਗਿਆਨ ਦਾ ਉਹ ਸਰੋਤ ਹੈ ਜਿਸ ਦਾ ਕੋਈ ਅੰਤ ਨਹੀ ਕਿਸੇ ਵਿਸ਼ੇ, ਵਿਅਕਤੀ ਜਾਂ ਖੋਜ ਦਾ ਕੰਮ ਕਰਨਾ ਹੋਵੇ ਤਾਂ ਮਿੰਟੋ ਮਿੰਟ ਵਿੱਚ ਹੋ ਜਾਂਦਾ ਹੈ। ਇੰਟਰਨੈੱਟ ਦੇ ਦੁਆਰਾ ਟਿਕਟ ਰਾਖਵਾਕਰਨ, ਬਿੱਲ ਅਦਾਇਗੀ, ਆਨ-ਲਾਈਨ ਪਰੀਖਿਆ ਆਦਿ ਕੰਮ ਬਹੁਤ ਸੌਖਾ ਹੋ ਗਿਆ ਹੈ। ਇੰਟਰਨੈੱਟ ਦੇ ਨਾਲ ਅਸੀਂ ਆਪਣੇ ਸੰਦੇਸ਼ ਦੂਰ ਰਹਿੰਦੇ ਦੋਸਤਾ ਅਤੇ ਰਿਸ਼ਤੇਦਾਰਾ ਨਾਲ ਅੱਖ  ਝੱਪਕਦੇ ਹੀ ਭੇਜ ਸਕਦੇ ਹਾਂ।  ਪਰ ਕੀ ਅੱਜ ਦੀ ਪੀੜ੍ਹੀ ਇਸ ਦਾ ਗਿਆਨਮਈ ਢੰਗ ਨਾਲ ਵਰਤੋਂ ਕਰ ਰਹੀ ਹੈ? ਆਓ ਵੇਖੀਏ ਕਿਵੇਂ ਅੱਜ ਦੀ ਪੀੜ੍ਹੀ ਨੇ ਇਸ ਨੂੰ ਇੱਕ ਨਕਲੀ ਦੁਨੀਆ ਬਣਾ ਲਿਆ ਹੈ।
ਅੱਜ ਦਾ ਹਰ ਇੱਕ ਮਨੁੱਖ  ਗਿਆਨ ਦਾ ਇਨ੍ਹਾਂ ਵੱਡਾ ਭੰਡਾਰ ਹੱਥ ਵਿਚ ਚੁੱਕੀ ਫਿਰਦਾ ਹੈ ਪਰ ਇਸ ਦੀ ਸਹੀ ਵਰਤੋਂ ਕਰਨ ਦੀ ਜਗ੍ਹਾਂ ਇਸ ਦੀ ਦੁਰਵਰਤੋਂ ਕਈ ਗੁਣਾ ਜਿਆਦਾ ਕਰਦਾ ਹੈ। ਬਹੁੱਤ ਲੋਕ ਇੰਟਰਨੈੱਟ ਨੂੰ ਵਾਟਸਐਪ, ਫੇਸਬੂੱਕ ਜਾਂ ਹੋਰ ਗੱਪ-ਸ਼ੱਪ ਲਈ ਹੀ ਵਰਤਦੇ ਹਨ। ਇਨ੍ਹਾਂ ਸਾਧਨਾ ਨੇ ਮਨੁੱਖ ਨੂੰ ਦੂਜਿਆ ਦੇ ਕਰੀਬ ਤੇ ਲੈ ਆਂਦਾ ਹੈ ਪਰ ਆਪਣਿਆ ਤੋਂ ਬਹੁਤ ਦੂਰ ਲੈ ਗਿਆ ਹੈ। ਜਿਥੇ ਪਹਿਲਾ ਬੱਚੇ ਆਪਣੇ ਮਾਪਿਆ ਨਾਲ ਬੈਠ ਕਿ ਵਿਚਾਰ ਵਟਾਂਦਰਾ ਜਾਂ ਦੁੱਖ ਸੁੱਖ ਵਿੱਚ ਇਕ ਦੂਜੇ ਦਾ ਸਾਥ ਦਿੰਦੇ ਸਨ ਉਹ ਬਚੇ ਹੁਣ ਹਰ ਗੱਲ ਸੋਸ਼ਲ ਨੈਟਵਰਕਿੰਗ (ਫੇਸਬੂੱਕ, ਵਾਟਸਐਪ) ਰਾਂਹੀ ਇਕਾਂਤ ਵਿੱਚ ਸਭ ਨਾਲ ਸਾਂਝੀ ਕਰਦੇ ਹਨ। ਇਸ ਦਾ ਇੱਕ ਬੁਰਾ ਪ੍ਰਭਾਵ ਇਹ ਵੀ ਪਿਆ ਹੈ ਕਿ ਉਨ੍ਹਾਂ ਨੇ ਇੰਟਰਨੈੱਟ ਨੂੰ ਹੀ ਆਪਣੀ ਅਸਲ਼ੀ ਦੁਨੀਆ ਬਣਾ ਲਿਆ ਹੈ ਅਤੇ ਇਕਾਂਤ ਨੂੰ ਹੀ ਆਪਣਾ ਜੀਵਨ ਬਣਾ ਲਿਆ ਹੈ। 
ਬੱਚੇ ਅੱਜ ਕਲ ਇੰਟਰਨੈੱਟ ਦੇ ਰਾਂਹੀ ਨਵੇ ਅਣਜਾਣ ਲੋਕਾਂ ਨੂੰ ਆਪਣਾ ਦੋਸਤ ਬਣਾਉਂਦੇ ਹਨ। ਉਨ੍ਹਾਂ ਦੋਸਤਾ ਵਿਚੋ ਹੀ ਆਪਣੇ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਾਲ ਆਪਣੇ ਦੁੱਖ-ਸੁੱਖ ਇੱਥੋ ਤੱਕ ਕਿ ਘਰ ਦੀ ਸੁਰੱਖਿਆ ਵੀ ਉਨ੍ਹਾਂ ਲੋਕਾ ਦੇ ਹੱਥ ਦੇ ਦਿੰਦੇ ਹਨ ਜਿਸ ਨਾਲ ਹਾਲ ਦੀ ਘੜੀ ਵਿੱਚ ਜੁਰਮ ਵਿੱਚ ਵਾਧਾ ਹੋਇਆ ਹੈ। ਅੱਜ ਦੇ ਨੌਜਵਾਨ ਜਾਂ ਬੱਚੇ ਇੰਟਰਨੈਟ ਉੱਪਰ ਹੀ ਬਿਨ੍ਹਾਂ ਇਕ ਦੁਜੇ ਨੂੰ ਵੇਖਿਆ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਬਾਅਦ ਵਿੱਚ ਅਸਲੀਅਤ ਪਤਾ ਲਗਣ ਤੇ ਖੁਦਕੁਸ਼ੀ ਤੱਕ ਕਰਦੇ ਹਨ। ਇਨ੍ਹਾਂ ਸਮਾਜਿਕ ਵੈਬਸਾਈਟ ਜਾਂ ਐਪ ਜੋ ਸਮਾਜ ਨੂੰ ਜੋੜਨ ਲਈ ਬਣੇ ਸੀ ਉਨ੍ਹਾਂ ਨੇ ਹੀ ਸਾਨੂੰ ਝੂੱਠੇ ਸਮਾਜ ਨਾਲ ਜੋੜ ਕਿ ਅਸਲ ਰਿਸ਼ਤੇ ਤਾਰ-ਤਾਰ ਕਰ ਦਿੱਤੇ ਹਨ।
ਇਹ ਸਿਲਸਿਲਾ ਇਥੇ ਹੀ ਨਹੀ ਰੁਕਦਾ ਚੈਟਿੰਗ ਨੂੰ ਛੱਡ ਵੀ ਦਿਤਾ ਜਾਵੇ ਤਾਂ ਕਈ ਹੋਰ ਪ੍ਰਯੋਜਨਾ ਵਿੱਚ ਇਸ ਦੀ ਗਲਤ ਵਰਤੋਂ ਹੋ ਰਹੀ ਹੈ। ਜਿਵੇਂ ਪਹਿਲਾ ਅਸੀ ਖੋ-ਖੋ, ਕਬੱਡੀ ਆਦਿ ਪਦਾਰਥਕ ਅਤੇ ਸਮਾਜਿਕ  ਖੇਡਾ ਖੇਡਦੇ ਸੀ ਉੱਥੇ ਹੀ ਹੁਣ ਬੱਚੇ ਇੰਟਰਨੈਟ ਰਾਂਹੀ ਖੇਡਾ ਖੇਡਦੇ ਹਨ। ਇਨ੍ਹਾਂ ਵਿੱਚੋ ਕੁੱਝ ‘ਕੁ ਖੇਡਾ ਦਿਮਾਗੀ ਕਸਰਤ ਲਈ ਲਾਹੇਵੰਦ ਹੁੰਦੀਆ ਹਨ ਪਰ ਇਨ੍ਹਾਂ ਖੇਡਾ ਵਿਚ ਕੋਈ ਸਰੀਰਕ ਕਸਰਤ ਨਹੀ ਹੁੰਦੀ ਹੈ। ਇੰਟਰਨੈੱਟ ਉੱਪਰ ਬਹੁਤ ਖੇਡਾ ਨਸ਼ੇ ਵਰਗੀਆ ਹਨ ਜਿਨ੍ਹਾਂ ਵਿੱਚ ਬੰਦਾ ਆਪਣਾ ਘਰ-ਬਾਰ ਪਰਿਵਾਰ ਸਭ ਗੁਆ ਬੈਠਦਾ ਹੈ। ਇਨ੍ਹਾਂ ਖੇਡਾ ਵਿੱਚ ਅਸਲੀ ਧਨ ਦੀ ਜਗ੍ਹਾਂ ਤੁਹਾਨੂੰ ਨਕਲੀ ਧਨ ਮਿਲਦਾ ਹੈ ਜਿਸ ਨਾਲ ਖੇਡ ਉੱਪਰ ਕੀਤੀ ਨਕਲੀ ਪਦਾਰਥਾ ਦੀ ਖਰੀਦ ਫਰੋਖਤ ਨੂੰ ਬੰਦਾ ਅਸਲੀ ਮੰਨਕੇ ਆਪਣਾ ਸਭ ਕੁੱਝ ਦਾਅ ਤੇ ਲਾ ਦਿੰਦਾ ਹੈ ਅਤੇ ਖੇਡ ਦੇ ਅੰਤ ਵਿੱਚ ਸਾਨੂੰ ਕੁੱਝ ਵੀ ਨਹੀ ਮਿਲਦਾ। ਵਿਦੇਸ਼ਾ ਵਿੱਚ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਬੱਚੇ ਜਾਂ ਨੌਜਵਾਨ ਇਨ੍ਹਾਂ ਖੇਡਾ ਵਿੱਚ ਇੰਨੇ ਡੁੱਬ ਚੁਕੇ ਹਨ ਕਿ ਕਈਆ ਨੇ ਖੇਡ ਦੇ ਅੰਤ ਵਿੱਚ ਜਾਂ ਫੇਰ  ਖੇਡ ਵਿੱਚ ਜੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉੱਹ ਖੁਦਕੁਸ਼ੀ ਤੱਕ ਕਰ ਲੈਂਦੇ ਹਨ।  ਜੇਕਰ ਇਹ ਖੇਡਾ ਸਾਡੀਆ ਪੁਰਾਣੀਆ ਖੇਡਾ ਵਾਂਗ ਸਾਨੂੰ ਇੱਕ ਧਾਗੇ ਵਿੱਚ ਅਤੇ ਜਿਤ ਹਾਰ ਨੂੰ ਸਹਿਣਾ ਨਹੀ ਸਿਖਾਉਂਦੀਆਂ ਤਾਂ ਇਸ ਤਰ੍ਹਾਂ ਦੀਆਂ ਖੇਡਾ ਦਾ ਕੀ ਫਾਇਦਾ। ਇਨ੍ਹਾਂ ਖੇਡਾ ਦੇ ਪ੍ਰਭਾਵ ਕਾਰਨ ਬਚੇ ਦਿਮਾਗੀ ਤੌਰ ‘ਤੇ ਭਾਵੇਂ ਥੋੜੇ ਤੰਦਰੁਸਤ ਹੋ ਗਏ ਹਨ ਪਰ ਸਰੀਰਕ ਤੋਰ ਤੇ ਬਹੁਤ ਕਮਜ਼ੋਰ ਹੋ ਗਏ ਹਨ ।
ਇੰਟਰਨੈੱਟ ਦਾ ਇੱਕ ਹੋਰ ਬਹੁਤ ਵੱਡਾ ਬੁਰਾ ਪੱਖ ਹੈ ਅਸ਼ਲੀਲ ਅਤੇ  ਘਟੀਆ ਕਿਸਮ ਦੀ ਸਮਗਰੀ। ਇਹ ਸਮਗਰੀ ਬਹੁਤ ਵੈੱਬਸਾਈਟਾ ‘ਤੇ ਆਮ ਵੇਖਣ ਨੂੰ ਮਿਲਦੀ ਹੈ। ਬਚੇ ਤੋਂ ਲੈ ਕਿ ਨੌਜਵਾਨ ਵਾਟਸਐਪ, ਫੇਸਬੂੱਕ ਅਤੇ ਹੋਰ ਇਸ ਤਰ੍ਹਾਂ ਦੀਆ ਲੱਚਰ ਵੈੱਬਸਾਈਟਾ ਦਾ ਆਪਸੀ ਅਦਾਨ-ਪ੍ਰਦਾਨ ਕਰਦੇ ਹਨ। ਜਿਸ ਨਾਲ ਨਵੀ ਪੀੜ੍ਹੀ ਚੰਗੇ ਸਾਹਿਤ ਵਲ ਧਿਆਨ ਨਾ ਦੇ ਕਰਕੇ ਇਨ੍ਹਾਂ ਮਾਨਸਿਕ ਰੋਗੀ ਬਣਾਉਣ ਵਾਲੀ ਸਮਗਰੀ ਵੱਲ ਜਿਆਦਾ ਆਕਰਸ਼ਿਤ ਹੁੰਦੀ ਹੈ। ਇਸ ਤਰ੍ਹਾਂ ਦੀ ਸਮਗਰੀ ਸਮਾਜਿਕ ਨਾ ਹੋਣ ਕਾਰਨ ਨਵੀ ਪੀੜੀ ਇਕਾਂਤ ਵਿੱਚ ਰਹਿਣ ਅਤੇ ਪਰਿਵਾਰਕ ਮੈਂਬਰਾ ਨਾਲ ਦੂਰੀ ਬਣਾਉਣ ਲਗ ਪਈ ਹੈ। ਇਸ ਸਮਗਰੀ ਤੇ ਉਮਰ ਦੀ ਪਾਬੰਧੀ ਬਸ ਲੋਕ ਦਿਖਾਵੇ ਲਈ ਹੀ ਹੁੰਦੀ ਹੈ। ਹਰ ਉੱਮਰ, ਵਰਗ ਦਾ ਇੰਟਰਨੈੱਟ ਵਰਤੋਂਕਾਰ ਇਸ ਨੂੰ ਬਹੁਤ ਅਸਾਨੀ ਨਾਲ ਵੇਖ ਸਕਦਾ ਹੈ। ਜਿਸ ਨੇ ਕਈ ਹੋਰ ਅਤੇ ਬਹੁਤ ਬੁਰੇ ਅਪਰਾਧਾ ਨੂੰ ਜਨਮ ਵੀ ਦਿੱਤਾ ਹੈ।
ਇੰਟਰਨੈੱਟ ਦੀ ਸਹੀ ਵਰਤੋਂ ਹੋਣੀ ਬਹੁਤ ਜ਼ਰੁਰੀ ਹੈ। ਇਸ ਨੂੰ ਸਕੂਲ, ਕਾਲਜਾ ਦੇ ਵਿਦਿਆਰਥੀਆ ਵਿੱਚ ਇਸ ਦੀ ਸਹੀ ਵਰਤੋਂ ਬਾਰੇ ਦੱਸਣਾ ਬਹੁਤ ਜ਼ਰੁਰੀ ਹੈ। ਜੇਕਰ ਅਸੀਂ ਇਸ ਗਿਆਨਮਈ ਇੰਟਰਨੈੱਟ ਨੂੰ ਇਕ ਚੰਗੇ ਅਧਿਆਪਕ ਵਜੋਂ ਵਰਤਦੇ ਰਹਾਂਗੇ ਤਾਂ ਅਸੀ ਇਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਪਰ ਜੇ ਅਸੀ ਇਸ ਦੀ ਵਰਤੋਂ ਫਾਲਤੂ ਦੇ ਕੰਮਾ ਵਿੱਚ ਕਰਦੇ ਰਹਾਂਗੇ ਤਾਂ ਅਸੀ ਆਪਣਾ ਬਹੁਮੁੱਲਾ ਸਮਾਂ ਅਤੇ ਧਨ ਗਵਾ ਬੈਠਾਂਗੇ। ਅਸਲ ਜਿੰਦਗੀ ਉਹ ਹੀ ਹੈ ਜਿਸ ਵਿੱਚ ਅਸੀ ਚਲਦੇ-ਫਿਰਦੇ, ਹਸਦੇ-ਖੇਡਦੇ ਹਾਂ ਜੋ ਇੰਟਰਨੈੱਟ ਦੀ ਦੁਨੀਆ ਤੋਂ ਬਹੁਤ ਦੂਰ ਹੈ। ਇਹ ਇੰਟਰਨੈੱਟ ਦੁਨੀਆ ਉਦੋਂ ਤੱਕ ਹੀ ਸਹੀ ਹੈ ਜਦੋ ਤੱਕ ਇਸ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕੀਤੀ ਜਾਵੇ।