ਤਾਮਿਲ ਗ੍ਰੰਥ 'ਤਿਰੂਕਰਲ' ਦਾ ਪੰਜਾਬੀ ਅਨੁਵਾਦ ਲੋਕ ਅਰਪਣ (ਖ਼ਬਰਸਾਰ)


ਲੁਧਿਆਣਾ -- ਤਾਮਿਲ ਤੋਂ ਪੰਜਾਬੀ ਭਾਸ਼ਾ 'ਚ ਅਨੁਵਾਦ ਹੋਏ ਗੰ੍ਰਥ 'ਤਿਰੂਕਰਲ' ਨੂੰ ਇੱਥੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਕਰਵਾਏ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਤਾਮਿਲ ਤੇ ਪੰਜਾਬੀ ਭਾਸ਼ਾ ਦੀ ਸਾਂਝ ਬਾਰੇ ਇਕ ਸੰਵਾਦ ਵੀ ਹੋਇਆ | ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਡਾ: ਅਜਾਇਬ ਸਿੰਘ ਬਰਾੜ ਪਹੰੁਚੇ | ਇਸ ਮੌਕੇ ਸੰਬੋਧਨ ਕਰਦਿਆਂ ਅਕਾਡਮੀ ਦੇ ਪ੍ਰਧਾਨ ਡਾ: ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਜ਼ੁਬਾਨਾਂ ਦੀ ਸਾਂਝ ਦੀ ਕੜੀ ਵਿਚ ਇਕ ਇਤਿਹਾਸਕ ਕਦਮ ਹੈ | ਸੈਂਟਰਲ ਇੰਸਟੀਚਿਊਟ ਆਫ਼ ਤਾਮਿਲ ਦੇ ਰਜਿਸਟਰਾਰ ਡਾ: ਵੀ ਜੀ ਭੂਮਾ ਨੇ ਕਿਹਾ ਕਿ ਮੈਂ ਤਾਮਿਲ ਦਾ ਸੰਦੇਸ਼ ਲੈ ਕੇ ਤੁਹਾਡੇ ਕੋਲ ਆਈ ਹਾਂ ਅਤੇ ਪੰਜਾਬੀ ਸੱਭਿਆਚਾਰ ਦੇ ਨਿੱਘ ਦਾ ਸੁਨੇਹਾ ਲੈ ਕੇ ਵਾਪਸ ਜਾਵਾਂਗੀ | ਇਸ ਗ੍ਰੰਥ ਦਾ ਪੰਜਾਬੀ ਦੇ ਅਨੁਵਾਦ ਕਰਨ ਵਾਲੇ ਡਾ: ਤਰਲੋਚਨ ਸਿੰਘ ਬੇਦੀ ਨੇ ਕਿਹਾ ਕਿ ਇਹ ਗੰ੍ਰਥ ਪਿਆਰ, ਪਵਿੱਤਰਤਾ ਅਤੇ ਸਰਬੱਤ ਦੇ ਭਲੇ ਵਾਲੇ ਧਰਮ ਦਾ ਸੁਨੇਹਾ ਦਿੰਦਾ ਹੈ | ਸੈਂਟਰਲ ਇੰਸਟੀਚਿਊਟ ਆਫ਼ ਤਾਮਿਲ ਕਲਾਸਿਕ ਦੇ ਰਜਿਸਟਰਾਰ ਡਾ: ਮੁਥੂਵੇਲੂ ਨੇ ਤਾਮਿਲ ਤੇ ਹੋਰ ਭਾਸ਼ਾਵਾਂ ਦੀ ਸਾਂਝ ਦਾ ਉਦਮ ਕਰਨ ਤੇ ਸ੍ਰੀ ਬੇਦੀ ਅਤੇ ਸਾਹਿਤ ਅਕਾਡਮੀ ਦਾ ਧੰਨਵਾਦ ਕੀਤਾ | ਤਾਮਿਲ ਕਵੀ ਇਜ਼ਇਲਵੇਂਦਨ ਨੇ ਆਪਣੀਆਂ ਤਾਮਿਲ ਰਚਨਾਵਾਂ ਪੇਸ਼ ਕੀਤੀਆਂ | ਵਿਸ਼ੇਸ਼ ਮਹਿਮਾਨ ਵਜੋਂ ਪਹੰੁਚੇ ਸ੍ਰੀ ਸੰਜੀਵ ਕਾਲੜਾ ਨੇ ਕਿਹਾ ਕਿ ਇਹ ਗ੍ਰੰਥ ਸਾਨੂੰ ਬਹੁਤ ਸਾਰੀਆਂ ਜੀਵਨ ਜੁਗਤਾਂ ਦੱਸਦਾ ਹੈ | ਡਾ: ਬਰਾੜ ਨੇ ਕਿਹਾ ਕਿ ਹੋਰ ਭਾਸ਼ਾਵਾਂ ਨਾਲ ਨੇੜਤਾ ਤੇ ਸਮਝ ਸਾਨੂੰ ਪੰਜਾਬੀ ਭਾਸ਼ਾ ਨੂੰ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਏਗੀ | ਇਸ ਸਮਾਗਮ ਵਿਚ ਪ੍ਰੋ: ਨਿਰੰਜਣ ਤਸਨੀਮ, ਮਿੱਤਰ ਸੈਨ ਮੀਤ, ਪ੍ਰੇਮ ਸਿੰਘ ਬਜਾਜ, ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਸੀ ਮਾਰਕੰਡਾ, ਡਾ: ਗੁਲਜ਼ਾਰ ਪੰਧੇਰ, ਇੰਦਰਜੀਤ ਕੌਰ ਭਿੰਡਰ, ਦਲਬੀਰ ਲੁਧਿਆਣਵੀਂ, ਗੁਰਇਕਬਾਲ ਸਿੰਘ, ਭਗਵਾਨ ਢਿੱਲੋਂ, ਪ੍ਰਗਟ ਸਿੰਘ ਗਰੇਵਾਲ, ਜਨਮੇਜਾ ਜੌਹਲ, ਮਨਜਿੰਦਰ ਧਨੋਆ, ਪ੍ਰੀਤਮ ਸਿੰਘ ਪੰਧੇਰ, ਕਾਨਾ ਸਿੰਘ, ਰਵਿੰਦਰ ਦੀਵਾਨਾ, ਰਵਿੰਦਰ ਭੱਠਲ, ਹਰੀ ਕ੍ਰਿਸ਼ਨ ਮਾਇਰ, ਕੁਲਵਿੰਦਰ ਕੌਰ ਮਿਨਹਾਸ, ਅਜੀਤ ਪਿਆਸਾ, ਵਰਗਿਸ ਸਲਾਮਤ, ਜਗਮੋਹਣ ਸਿੰਘ ਨਾਮਧਾਰੀ, ਦੀਪ ਦਿਲਬਰ ਅਤੇ ਸੁਰਿੰਦਰ ਸਿੰਘ ਨਿਮਾਣਾ ਆਦਿ ਵੀ ਹਾਜ਼ਰ ਸਨ |