ਬਾਲ ਪ੍ਰੀਤ ਰਸਾਲੇ ਦਾ ਗਿਆਰਵਾਂ ਅੰਕ ਲੋਕ ਅਰਪਣ
(ਖ਼ਬਰਸਾਰ)
ਪਟਿਆਲਾ -- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ, ਵਧੀਕ ਕਮਿਸ਼ਨਰ ਸ਼੍ਰੀ ਮੋਹਿੰਦਰਪਾਲ, ਸਹਾਇਕ ਕਮਿਸ਼ਨਰ ਸ਼੍ਰੀ ਅਵਿਕੇਸ਼ ਗੁਪਤਾ ਵੱਲੋਂ ਸਾਂਝੇ ਤੌਰ 'ਤੇ ਬੱਚਿਆਂ ਲਈ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਰਸਾਲੇ 'ਬਾਲ ਪ੍ਰੀਤ' ਦਾ ਗਿਆਰਵਾਂ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਦੱਸਿਆ ਕਿ ਬੱਚਿਆਂ ਵਿੱਚ ਚੰਗੀਆਂ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪੈਦਾ ਰਕਨ ਅਤੇ ਉਨ੍ਹਾਂ ਵਿੱਚ ਖੁਦ ਲਿਖਣ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਇਹ ਰਸਾਲਾ ਆਪਣੇ ਉਦੇਸ਼ ਵਿੱਚ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੋ-ਮਾਸਿਕ ਰਸਾਲੇ ਪ੍ਰਤੀ ਨਾ ਕੇਵਲ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਬੱਚੇ ਤੇ ਅਧਿਆਪਕ ਉਤਸ਼ਾਹਿਤ ਹਨ ਬਲਕਿ ਕੁਝ ਹੋਰ ਜ਼ਿਲਿਆਂ ਵਿੱਚ ਵੀ ਇਸ ਨੂੰ ਭਾਰੀ ਸ਼ਲਾਘਾ ਮਿਲੀ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਸਕੂਲਾਂ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਰਸਾਲੇ ਬਾਰੇ ਪੂਰੀ ਜਾਣਕਾਰੀ ਦੇਣ ਅਤੇ ਬੱਚਿਆਂ ਨੂੰ ਇਸ ਰਚਨਾਤਮਿਕ ਕਾਰਜ ਕਰਨ ਲਈ ਉਤਸ਼ਾਹਿਤ ਵੀ ਕਰਨ ਤਾਂ ਜੋ ਬੱਚਿਆਂ ਦੇ ਗਿਆਨ ਵਿੱਚ ਚਹੁਪੱਖੀ ਵਾਧਾ ਹੋ ਸਕੇ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਰਸਾਲੇ ਦੇ ਆਨਰੇਰੀ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ, ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਰਨੈਲ ਸਿੰਘ ਕਾਲੇਕੇ, ਮਿਸ ਸ਼ਾਇਨਾ ਕਪੂਰ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਵਧੀਕ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਪਟਿਆਲਾ ਵਿਖੇ ਬਾਲ ਪ੍ਰੀਤ ਰਸਾਲੇ ਦਾ ਗਿਆਰਵਾਂ ਅੰਕ ਲੋਕ ਅਰਪਣ ਕਰਦੇ ਹੋਏ। ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਡਾ. ਦਰਸ਼ਨ ਸਿੰਘ ਆਸ਼ਟ, ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਰਨੈਲ ਸਿੰਘ ਕਾਲੇਕੇ ਵੀ ਹਨ।