ਰਬ ਨਾਂ ਅਜ ਤਕ ਕਿਸੇ ਵੀ ਡਿਠਾ
ਨਾਂ ਹੀ ਕਿਸੇ ਦਿਖਾਇਆ
ਆਪਣੀ ਆਪਣੀ ਸੋਚੀਂ ਸਭ ਨੇ
ਉਸ ਦਾ ਰੂਪ ਬਣਾਇਆ
ਕੋਈ ਕਹੇ ਉਹ ਕਾਲਾ ਸ਼ਾਮ ਹੈ
ਕੋਈ ਕਹੇ ਉਹ ਗੋਰਾ
ਕੋਈ ਕਹੇ ਉਹ ਬਹੁਤ ਸਿਆਣਾ
ਕੋਈ ਕਹੇ ਉਹ ਭੋਲਾ
ਕੋਈ ਕਹੇ ਉਹ ਕੇਸਾ ਧਾਰੀ
ਕੋਈ ਕਹੇ ਉਹ ਗੰਜਾ
ਕੋਈ ਕਹੇ ਉਹ ਸਜਿਆ ਵਜਿਆ
ਕੋਈ ਕਹੇ ਉਹ ਨੰਗਾ
ਮੈਂ ਕੋਈ ਝੂਠ ਬੋਲਿਆ
ਕੋਈ ਨਾਂ
ਮੈਂ ਕੋਈ ਕੁਫਰ ਤੋਲਿਆ
ਕੋਈ ਨਾਂ
ਕੋਈ ਕਹੇ ਉਹ ਪਰਬਤੀਂ ਰਹਿੰਦਾ
ਕੋਈ ਕਹੇ ਸ਼ਿਵਦੁਆਲੇ
ਕਿਸੇ ਲਈ ਉਹ ਵਿਚ ਮਸੀਤੀਂ
ਕੋਈ ਗੁਰਦਵਾਰੇ ਭਾਲੇ
ਕੋਈ ਮੰਦਰੀਂ ਟਲ ਵਜਾ ਕੇ
ਸੁਤੇ ਨੂੰ ਜਗਾਵੇ
ਕੋਈ ਉਚੀ ਮਾਰਕੇ ਵਾਜਾਂ
ਰੁਸੇ ਨੂੰ ਮਨਾਵੇ
ਖੜਤਾਲਾਂ ਅਤੇ ਟਲੀਆਂ ਨਾਲ
ਕੋਈ ਉਸ ਦਾ ਦਿਲ ਪਰਚਾਵੇ
ਇਨੇ ਟੰਟੇ ਕਰਦਿਆਂ ਕਰਦਿਆਂ
ਫੇਰ ਵੀ ਹਥ ਨਾ ਅਵੇ
ਮੈਂ ਕੋਈ ਝੂੁਠ ਬੋਲਿਆ
ਕੋਈ ਨਾਂ
ਠੇਕੇਦਾਰ ਜੋ ਰਬ ਦਾ ਬਣ ਜਾਏ
ਉਹੀ ਐਸ਼ ਉਡਾਂਉਂਦਾ
ਝੂਠ ਬੋਲਣ ਦਾ ਪ੍ਰਮਿਟ ਲੈ ਕੇ
ਫੋਕਾ ਰੋਹਬ ਜਮਾਂਉਂਦਾ
ਕਿਸੇ ਨੇ ਉਸ ਗਲ ਤਾਗਾ ਪਾ ਕੇ
ਉਸ ਨੂੰ ਕਾਬੂ ਕੀਤਾ
ਕਿਸੇ ਨੇ ਉਸਦੀ ਸੁਨੱਤ ਕਰਕੇ
ਵਸ ਆਪਣੇ ਕੀਤਾ
ਕਿਸੇ ਨੇ ਉਸ ਦੇ ਕੇਸ ਵਧਾ ਕੇ
ਏਡੇ ਪਾਏ ਪਲੇਚੇ
ਕੋਈ ਦਾਰੂ ਦਾ ਘੁਟ ਵਿਖਾ ਕੇ
ਲੈ ਵੜਿਆ ਏ ਠੇਕੇ
ਮੈਂ ਕੋਈ ਝੂਠ ਬੋਲਿਆ
ਕੌਈ ਨਾਂ………
ਮਾੜਾ ਉਸਤੋਂ ਬਹੁਤਾ ਡਰਦਾ
ਤਕੜਾ ਡਰੇ ਨਾਂ ਭੋਰਾ
ਮਾੜੇ ਦਾ ਮਥਾ ਘਸ ਜਾਂਦਾ
ਤਕੜਾ ਹੋਏ ਨਾਂ ਦੋਹਰਾ
ਮਾੜਾ ਗਲ ਵਿਚ ਪਲਾ ਪਾਕੇ
ਭੁਲਾਂ ਪਿਆ ਬਖਸ਼ਾਵੇ
ਤਕੜਾ ਲੈ ਲਡੂਆਂ ਦੀ ਥਾਲੀ
ਉਸਨੂ ਭੋਗ ਲਗਾਵੇ
ਲਗਦਾ ਰਬ ਤਕੜੇ ਤੋਂ ਡਰਦਾ
ਤੇ ਮਾੜੇ ਨੂੰ ਡਰਾਵੇ
ਤਕੜਾ ਸਦਾ ਹੀ ਜੋਰ ਕਰੇਂਦਾ
ਮਾੜਾ ਠੇਡੇ ਖਾਵੇ
ਮੈਂ ਕੋਈ ਝੂਠ ਬੋਲਿਆ
ਕੋਈ ਨਾਂ……..
ਏਡੀ ਤਾਣੀ ਉਲਝ ਗਈ ਘੱਗ
ਕੌੋਣ ਜਾਣੇ ਰਬ ਕਿਹੜਾ
ਉਸ ਦੇ ਪਾਸ ਹੈ ਕਿਡੀ ਤਾਕਤ
ਕਿਡਾ ਉਸਦਾ ਵਿਹੜਾ
ਧਰਮ ਦੇ ਠੇਕੇਦਾਰਾਂ ਨੇ ਹੀ
ਪਾਇਆ ਸਾਰਾ ਬਖੇੜਾ
ਰਬ ਦੇ ਨਾਂ ਤੇ ਖੂੁਨ ਖਰਾਬੇ
ਨਿਤ ਹੀੇ ਝੰਜਾ ਝੇੜਾ
ਮੈਂ ਕੋਈ ਝੂਠ ਬੋਲਿਆ
…ਕੋਈ ਨਾ…………
ਇਕ ਵੇਰ ਜੇ ਜੇਰਾ ਕਰਕੇ
ਆ ਜਾਂਏਂ ਤੂੰ ਰਬਾ
ਖਾਣ ਪੀਣ ਦਾ ਫਿਕਰ ਕਰੀਂ ਨਾਂ
ਪੀਚਾਂ ਦਾ ਮਿਲ ਜਾਊ ਮੁਰੱਬਾ
ਠੇਕੇਦਾਰਾਂ ਨੂੰ ਡੁਗਡੁਗੀ ਦੇ ਕੇ
ਠੂਠਾ ਹਥ ਫੜਾਈਏ
ਧਰਮ ਦੇ ਨਾਂ ਫਸਾਦ ਜੋ ਹੁੰਦੇ
ਉਸ ਦੀ ਕਲਾ ਮੁਕਾਈਏ
ਭਲਮਣਸਊ ਨਾਲ ਸਮਝਾ ਲਈਂ
ਜੇ ਤੇਰੀ ਗਲ ਚਲੇ
ਅਮਨ ਅਮਾਨ ਜਾਂ ਜਗ ਤੇ ਹੋਇਆ
ਹੋ ਜਾਊ ਤੇਰੀ ਬਲੇ ਬਲੇ
ਖੁਸਦੀ ਤਾਕਤ ਦਾ ਦੁਖ ਏਨਾ
ਝਲ ਨਾਂ ਹੁੰਦਾ ਰਬਾ
ਸੰਗ ਠੇਕੇਦਾਰਾਂ ਦਾ ਛਡ ਕੇ
ਹੋਣਾ ਪੈਣਾ ਤੈਨੂੰ ਕਬਾ
ਰਬਾ ਈ ਓ ਉਹ ਮੇਰਿਆ ਰਬਾ
ਮੈਂ ਕੋਈ ਝੂਠ ਬੋਲਿਆ
ਕੋਈ ਨਾ