ਸਤਵਿੰਦਰ ਸਿੰਘ ਧਨੋਆ ਨਾਲ ਸਾਹਿਤਕ ਮਿਲਣੀ
(ਖ਼ਬਰਸਾਰ)
ਸ੍ਰੀ ਮੁਕਤਸਰ ਸਾਹਿਬ -- ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਵੱਲੋਂ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਪੰਜਾਬੀ ਦੇ ਨੌਜਵਾਨ ਸ਼ਾਇਰ ਐਡਵੋਕੇਟ ਸਤਵਿੰਦਰ ਸਿੰਘ ਧਨੋਆ ਕੋਟ ਫੱਤਾ ਨਾਲ ਸਾਹਿਤਕ ਮਿਲਣੀ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਪ੍ਰੋ. ਸ਼ਿੰਦਰ ਪਾਲ ਸਿੰਘ, ਕਾਮਰੇਡ ਮੱਖਣ ਸਿੰਘ, ਸਤਵਿੰਦਰ ਸਿੰਘ ਧਨੋਆ ਅਤੇ ਪ੍ਰਿੰ. ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸਾਹਿਤ ਸਭਾ ਵੱਲੋਂ ਸ਼ਾਇਰ ਧਨੋਆ ਨੂੰ ਖੂਬਸੂਰਤ ਕਲਮ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਸ੍ਰੀ ਸਤਵਿੰਦਰ ਸਿੰਘ ਧਨੋਆ ਨੇ ਕਿਹਾ ਕਿ ਉਹ 'ਕਲਾ, ਕਲਾ ਲਈ ਹੈ' ਵਿਚ ਵਿਸ਼ਵਾਸ਼ ਨਹੀਂ ਰਖਦੇ ਸਗੋਂ 'ਕਲਾ ਜੀਵਨ ਲਈ ਹੈ' ਦੇ ਸਿਧਾਂਤ ਦੇ ਪੈਰੋਕਾਰ ਹਨ। ਇਸ ਲਈ ਉਨ੍ਹਾਂ ਦੀ ਕਵਿਤਾ ਅਣਹੋਈ ਜ਼ਿੰਦਗੀ ਜੀਅ ਰਹੇ ਲੋਕਾਂ ਨੂੰ ਸਮਰਪਿਤ ਹੈ। ਇਸੇ ਦੌਰਾਨ ਸ੍ਰੀ ਧਨੋਆ ਦੀ ਕਵਿਤਾ ਬਾਰੇ ਗੱਲ ਕਰਦਿਆਂ ਪ੍ਰੋ. ਸ਼ਿੰਦਰ ਪਾਲ ਸਿੰਘ ਅਤੇ ਕਾਮਾਰੇਡ ਮੱਖਣ ਸਿੰਘ ਨੇ ਕਿਹਾ ਕਿ ਸ੍ਰੀ ਧਨੋਆ ਦੀ ਕਵਿਤਾ ਜਨ ਸੁਧਾਰ ਦੇ ਨੇੜੇ ਹੋਣ ਕਰਕੇ ਧਰਾਤਲੀ ਹਕੀਕਤਾਂ ਤੇ ਖਰੀ ਉਤਰਦੀ ਹੈ ਅਤੇ ਲੋਕ ਮਨਾਂ ਨੂੰ ਟੁੰਬਦੀ ਹੈ। ਅਜੋਕੇ ਸਮੇਂ ਵਿਚ ਅਜਿਹੀ ਕਵਿਤਾ ਲਿਖੇ ਜਾਣ ਦੀ ਸਖ਼ਤ ਲੋੜ ਮਹਿਸੂਸ ਹੁੰਦੀ ਹੈ। ਸ੍ਰੀ ਧਨੋਆ ਨੇ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਸਲਾਹਿਆ ਗਿਆ।
ਸਮਾਗਮ ਦੇ ਦੂਸਰੇ ਦੌਰ ਵਿਚ ਕਾਮਰੇਡ ਮੱਖਣ ਸਿੰਘ, ਅਮੋਲਕ ਸਿੰਘ ਮੁਕਤਸਰ, ਦਰਸ਼ਨ ਸਿੰਘ ਰਾਹੀ, ਗੁਰਮੀਤ ਸਿੰਘ ਮੀਤ। ਗੁਰਪ੍ਰੀਤ ਸਿੰਘ ਗੋਪੀ, ਚੌਧਰੀ ਅਮੀ ਚੰਦ, ਕੁਲਵੰਤ ਗਿੱਲ, ਦੀਪਕ ਤੇਜਾ, ਗੁਰਸੇਵਕ ਸਿੰਘ ਪ੍ਰੀਤ, ਗੁਰਜੰਟ ਸਿੰਘ ਧਿਗਾਣਾ, ਅਵਤਾਰ ਸਿੰਘ ਗੀਤਕਾਰ, ਬੂਟਾ ਸਿੰਘ ਵਾਕਫ਼, ਸਮਸ਼ੇਰ ਸਿੰਘ ਗਾਫ਼ਿਲ, ਪ੍ਰੋ. ਦਾਤਾਰ ਸਿੰਘ, ਧੀਰਜ ਕੁਮਾਰ, ਸੰਜੀਵ ਕੁਮਾਰ ਸੁੱਖੀ, ਪ੍ਰਿੰ. ਭਾਰਤ ਭੂਸ਼ਣ ਵਧਵਾ, ਪ੍ਰੋ. ਸ਼ਿੰਦਰ ਪਾਲ ਸਿੰਘ, ਤੀਰਥ ਸਿੰਘ ਕਮਲ, ਹਰਦਰਸ਼ਨ ਨੈਬੀ, ਹਰਦੀਪ ਸਿੰਘ, ਗੁਣਤਾਜ ਸਿੰਘ ਸਿੱਧੂ ਆਦਿ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਭਾ ਵੱਲੋਂ ਕਰਵਾਇਆ ਗਿਆ ਇਹ ਇਕ ਸਫ਼ਲ ਸਮਾਗਮ ਸੀ ਜਿਸ ਦੀਆਂ ਯਾਦਾਂ ਦੀ ਖੁਸ਼ਬੂ ਹਾਜ਼ਰੀਨ ਦੇ ਮਨਾਂ ਨੂੰ ਦੇਰ ਤੱਕ ਸਰਸ਼ਾਰ ਕਰਦੀ ਰਹੇਗੀ।