ਧੰਨ ਗੁਰੂ ਨਾਨਕ (ਗੀਤ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਧੰਨ ਗੁਰੂ ਨਾਨਕ ਤੇਰੀ, ਧੰਨ ਵਡਿਆਈ ਏ।
ਅੱਜ ਤੈਂਨੂੰ ਵਾਜਾਂ ਮਾਰੇ, ਸਾਰੀ ਲੋਕਾਈ ਏ।

ਏਕ ਓਂਕਾਰ ਵਾਲਾ, ਸਬਕ ਤੈਂ ਪੜ੍ਹਾਇਆ ਏ।
ਕਰਨਾ ਹੈ ਸੱਚਾ ਸੌਦਾ, ਅਸਾਂ ਨੂੰ ਸਿਖਾਇਆ ਏ।
ਚਾਰੇ ਪਾਸੇ ਰੱਬ ਦੀ ਤੂੰ, ਹੋਂਦ ਵਿਖਾਈ ਏ
ਧੰਨ........

ਜੱਗ ਉੱਤੇ ਮੱਸਿਆ ਦੀ, ਰਾਤ ਕਾਲੀ ਛਾਈ ਸੀ।
ਕੂੜ੍ਹ ਵਾਲੀ ਮੈਲ ਸਾਡੇ , ਦਿਲਾਂ ਉੱਤੇ ਆਈ ਸੀ।
ਪੁੰਨਿਆਂ ਦੇ ਚੰਨਾਂ ਤੂੰ ਤਾਂ, ਕੀਤੀ ਰੁਸ਼ਨਾਈ ਏ
ਧੰਨ.........

ਕੌਡੇ ਜਿਹੇ ਰਾਖਸ਼, ਮੁਰੀਦ ਤੇਰੇ ਹੋ ਗਏ।
ਠਗਾਂ ਕੀਤੇ ਸਜਦੇ ਜਾਂ, ਦੀਦ ਤੇਰੇ ਹੋ ਗਏ।
ਤਪਦੀ ਲੋਕਾਈ ਨੂੰ ਤੂੰ, ਠੰਢ ਵਰਤਾਈ ਏ
ਧੰਨ.........

ਜਾਤ ਪਾਤ ਵਾਲਾ ਭੇਦ, ਜੱਗ 'ਚੋਂ ਮਿਟਾਇਆ ਏ।
ਭਰਮਾਂ 'ਚੋਂ ਕੱਢ ਸੱਚਾ, ਰਸਤਾ ਦਿਖਾਇਆ ਏ।
ਜੋਗੀਆਂ ਤੇ ਸਿੱਧਾਂ ਸੰਗ, ਗੋਸ਼ਟਿ ਰਚਾਈ ਏ
ਧੰਨ.........

ਬਾਣੀ ਵਾਲੇ ਬਾਣ ਤੇਰੇ, ਜੱਗ ਨੂੰ ਝੁਕਾਇਆ ਸੀ।
ਬਾਬਰ ਜਿਹੇ ਜਾਬਰਾਂ ਵੀ, ਸੀਸ ਨਿਵਾਇਆ ਸੀ।
ਔਰਤ ਦੇ ਹੱਕ 'ਚ, ਅਵਾਜ਼ ਤੂੰ ਉਠਾਈ ਏ
ਧੰਨ.........

ਸੱਜਣਾ ਜਿਹੇ ਠੱਗ ਅੱੱਜ, ਲੁੱਟ ਪਏ ਮਚਾਉਂਦੇ ਨੇ।
ਭਾਗੋਆਂ ਦੇ ਟੋਲੇ ਅੱਜ, ਮਹਿਫਲਾਂ ਸਜਾਉਂਦੇ ਨੇ।
ਲਾਲੋਆਂ ਦੀ 'ਦੀਸ਼' ਏਥੇ, ਨਹੀਉਂ ਸੁਣਵਾਈ ਏ
ਧੰਨ.........