ਹਰਨਾਮੀ ਨੇ ਜਦ ਨੂੰਹ ਨੂੰ ਕਿਹਾ, "ਧੀਏ ਪੰਜ ਵੱਜ ਗਏ ਨੇ ਟੀ.ਵੀ. ਫੇਰ
ਦੇਖ ਲਈ ਦਾਲ-ਭਾਜੀ ਦਾ ਆਹਰ ਕਰ ਲੈ ਕੁਲਵੰਤ ਖੇਤੋਂ ਆਉਣ ਵਾਲਾ ਏ"।
ਨੂੰਹ ਮੂੰਹ ਵਿੱਚ ਹੀ ਬੁੜ-ਬੁੜ ਕਰਦਿਆਂ ਬੋਲੀ, "ਪਤਾ ਨਹੀਂ ਏਸ ਬੁੱਢੀ
ਨੂੰ ਮੇਰੇ ਆਰਾਮ ਕਰਨ ਤੇ ਕੀ ਬਿਮਾਰੀ ਪੈਂਦੀ ਏ ਸਾਰਾ ਦਿਨ ਟੋਕਾ-ਟਾਕੀ ਘੱਟੋ-ਘੱਟ
ਚੁੱਪ ਕਰਕੇ…ਬੈਠ ਹੀ ਸਕਦੀ ਏ ਕੰਮ ਤਾਂ ਕੋਈ ਕਰਨਾ ਨਹੀਂ…ਭਲਾ ਅੱਜ ਕੋਈ ਪਹਿਲੀ ਵਾਰ
ਦਾਲ-ਭਾਜੀ ਬਣ ਰਹੀ ਏ…ਰੋਜ਼ ਹੀ ਬਣਦੀ ਏ ਮੇਰਾ ਕੰਮ ਮੈਂ ਹੀ ਕਰਨਾ ਏ…ਪਾਗਲ ਤਾਂ ਨਹੀਂ
ਆਪੇ ਕਰ ਲਊ"…ਫੇਰ ਬਾਹਰ ਆ ਕੇ ਰਸੋਈ ਵੱਲ ਜਾਂਦਿਆਂ ਕਿਹਾ… "ਮਾਂ ਜੀ ਤੁਸੀਂ
ਗੁਰੂਦੁਆਰੇ ਜਾ ਆਵੋ ਕਹਿੰਦੇ ਨੇ ਰੱਬ ਦੇ ਦਰ ਤੇ ਜਾਣ ਨਾਲ ਬੰਦ ਸਿੱਧਾ ਸੁਰਗ ਨੂੰ
ਜਾਂਦਾ ਏ…"।
ਹਰਨਾਮੀ ਜੋ ਨੂੰਹ ਦੇ ਸਭ ਬੋਲ ਸੁਣ ਚੁੱਕੀ ਸੀ ਹੌਕਾ ਭਰ ਕੇ ਬੋਲੀ,
"ਤੇਰਾ ਦੋਸ਼ ਨਈ ਧੀਏ … ਮੈਂ ਵੀ ਆਪਦੀ ਸੱਸ ਤੋਂ ਇਵੇਂ ਹੀ ਕੁੜਦੀ ਸੀ। ਇਹ ਤਾਂ ਮੇਰੇ
ਆਪਣੇ ਹੱਥੀਂ ਬੋਏ ਬੀਜ ਨੇ ਜੋ ਫਸਲ ਦੇ ਰੂਪ ਵਿੱਚ ਵੱਢ ਰਹੀ ਹਾਂ, ਸੁਰਗ ਤਾਂ ਧਰਤੀ ਤੇ
ਹੀ ਹੁੰਦੈ… ਬੱਸ ਵੇਲੇ ਸਿਰ ਦਿਖਦਾ ਹੀ ਨਈ… ਕਹਿ ਕੇ ਹਰਨਾਮੀ ਖੂੰਡੀ ਚੱਕ ਕੇ
ਗੁਰੁਦੁਆਰੇ ਵੱਲ ਤੁਰ ਪਈ।