ਸਿਰਜਣਧਾਰਾ ਵੱਲੋਂ ਸਨਮਾਨ ਸਮਾਰੋਹ (ਖ਼ਬਰਸਾਰ)


ਲੁਧਿਆਣਾ --  "ਲੇਖਕਾਂ ਨੂੰ ਸਨਮਾਨਿਤ ਕਰਨਾ ਪਰਉਪਕਾਰੀ ਕਾਰਜ ਹੈ। ਅਸੀਂ ਵੀ ਲੇਖਕਾਂ, ਬੁੱਧੀਜੀਵੀਆਂ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਵਿਆਖਿਆ ਵੱਖ-ਵੱਖ ਭਾਸ਼ਾਵਾਂ ਵਿਚ ਕੀਤੀ ਜਾਵੇ", ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਡਾ. ਜੇ ਪੀ ਸਿੰਘ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਕਰਵਾਏ ਗਏ 'ਦਰਸ਼ਨ ਸਿੰਘ ਦਰਸ਼ਨ ਯਾਦਗਾਰੀ' ਸਨਮਾਨ ਸਮਾਗਮ ਦੌਰਾਨ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸੇਖਾ, ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ ਅਨੂਪ ਸਿੰਘ ਅਤੇ ਉਘੇ ਗ਼ਜ਼ਲਕਾਰ ਦਰਸ਼ਨ ਸਿੰਘ ਦਰਸ਼ਨ ਦਾ ਬੇਟਾ ਸ. ਕੜਾਕਾ ਸਿੰਘ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਉਸਤਾਦ ਗ਼ਜ਼ਲਕਾਰ ਸੁਲੱਖਣ ਸਰਹੱਦੀ ਨੂੰ ਦਰਸ਼ਨ ਸਿੰਘ ਦਰਸ਼ਨ ਯਾਦਗਾਰੀ ਪੁਰਸਕਾਰ, ਜਦਕਿ ਮੁਕੇਸ਼ ਆਲਮ, ਦਲਵੀਰ ਸਿੰਘ ਲੁਧਿਆਣਵੀ ਅਤੇ ਮੈਡਮ ਗੁਰਚਰਨ ਕੌਰ ਕੋਚਰ ਨੂੰ 'ਸਾਹਿਤ ਸੇਵਾ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ।  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਐਡਮਨਿਸਟਰੇਟਰ ਸ. ਗੁਰਮੀਤ ਸਿੰਘ ਨੇ ਮੰਚ ਸੰਭਾਲਦਿਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਸਾਹਿਤਕ ਸਫ਼ਰ ਬਾਰੇ ਭਰਪੂਰ ਚਾਨਣਾ ਪਾਇਆ। 
ਸ. ਔਜਲਾ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਸਿਰਜਣਧਾਰਾ ਪਿਛਲੇ ੨੬-੨੭ ਸਾਲਾਂ ਤੋਂ ਬਿਨਾ ਕਿਸੇ ਭੇਦ-ਭਾਵ ਦੇ ਲੇਖਕਾਂ ਦਾ ਸਨਮਾਨ ਕਰਦੀ ਆ ਰਹੀ ਹੈ।  
ਪ੍ਰੋ: ਗਿੱਲ ਨੇ ਕਿਹਾ ਕਿ ਲਿਖਾਰੀ ਤਾਂ ਬੜੇ ਆਏ ਨੇ, ਬੜੇ ਆਉਣਗੇ, ਪਰ ਸਰਹੱਦੀ ਜਿਹਾ ਕੋਈ ਨਹੀਂ ਹੋਣਾ, ਜੋ ਸਹਿਜੇ ਸਹਿਜੇ ਆਪਣੀ ਮੰਜ਼ਿਲ 'ਤੇ ਪਹੁੰਚੇ ਨੇ।
ਡਾ. ਅਨੂਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿਰਜਣਧਾਰਾ ਵੱਲੋਂ ਸਨਮਾਨਿਤ ਸ਼ਖ਼ਸੀਅਤਾਂ ਦੀ ਜੋ ਚੋਣ ਕੀਤੀ ਗਈ ਹੈ, ਕਾਬਿਲ-ਏ-ਤਾਰੀਫ ਹੈ। 


ਇਸ ਮੌਕੇ 'ਤੇ ਪ੍ਰਿੰ: ਇੰਦਰਜੀਤਪਾਲ ਕੌਰ ਭਿੰਡਰ ਨੇ ਸਨਮਾਨ ਪੱਤਰ ਪੜ੍ਹੇ ਅਤੇ ਸਨਮਾਨਿਤ ਸ਼ਖ਼ਸੀਅਤਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕਰਦਿਆਂ ਸਿਰਜਣਧਾਰਾ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ। ਕਵੀ ਦਰਬਾਰ ਵਿਚ ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਰਵਿੰਦਰ ਦੀਵਾਨਾ, ਪ੍ਰੀਤ ਪੰਧੇਰ, ਰਜਿੰਦਰ ਸ਼ਰਮਾ, ਸੰਪੂਰਨ ਸਿੰਘ ਸੰਪੂਰਨ, ਦਲੀਪ ਅਵਧ, ਇੰਜ ਸੁਰਜਨ ਸਿੰਘ ਆਦਿ ਨੇ ਭਾਗ ਲਿਆ।  ਪ੍ਰਿੰ: ਪ੍ਰੇਮ ਸਿੰਘ ਬਜਾਜ, ਸ. ਜਗੀਰ ਸਿੰਘ, ਇੰਜ: ਅਜੀਤ ਅਰੋੜਾ,ਹਰੀ ਕ੍ਰਿਸ਼ਨ ਮਾਇਰ,  ਰਘੁਬੀਰ ਸਿੰਘ ਸੰਧੂ, ਗੁਰਨਾਮ ਸਿੰਘ ਗੁਰਨਾਮ ਦੀ ਧਰਮ ਪਤਨੀ ਅਮਰਜੀਤ ਕੌਰ, ਭੁਪਿੰਦਰ ਸਿੰਘ, ਜਸਬੀਰ ਕੌਰ, ਬਲਬੀਰ ਕੌਰ, ਦਲਬੀਰ ਕੌਰ, ਚੈਂਚਲ ਸਿੰਘ, ਹਰਜੀਤ ਸਿੰਘ ਆਦਿ ਨੇ ਆਪਣੇ ਕੀਮਤੀ ਸਮਾਂ ਚੋਂ ਸਮਾਂ ਕੱਢ ਕੇ ਇਸ ਸਮਾਗਮ ਦੀ ਸ਼ਾਨੋ-ਸ਼ੌਕਤ ਨੂੰ ਚਾਰ ਚੰਨ ਲਗਾਏ।    

--------------------------------

ਸਿਰਜਣਧਾਰਾ ਵੱਲੋਂ ਸਨਮਾਨ ਸਮਾਰੋਹ 


ਲੁਧਿਆਣਾ  --  "ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹਰੇਕ ਸ਼ਖ਼ਸ ਦਾ ਫ਼ਰਜ਼ ਬਣਦਾ ਹੈ ਕਿਉਂਕਿ ਇਹ ਲੇਖਕ ਹੀ ਹਨ ਜੋ ਸਮੇਂ ਸਮੇਂ 'ਤੇ ਸਮਾਜ ਨੂੰ ਸੇਧ ਦੇ ਕੇ ਬਹੁਮੁੱਲਾ ਕਾਰਜ ਕਰਦੇ ਹਨ। ਅਸੀਂ ਵੀ ਲੇਖਕਾਂ ਨੂੰ ਉਤਸ਼ਾਹਿਤ ਕਰਦੇ ਰਹਾਂਗੇ", ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਹਿਤਕ  ਸੰਸਥਾ ਸਿਰਜਣਧਾਰਾ ਵੱਲੋਂ ਕਰਵਾਏ ਗਏ ਸਲਾਨਾ ਸਮਾਰੋਹ, ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ, ਜਿਸ ਵਿਚ ਉਘੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਸ. ਗੁਰਚਰਨ ਸਿੰਘ ਸੇਕ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਐਡਮਨਿਸਟਰੇਟਰ ਸ. ਗੁਰਮੀਤ ਸਿੰਘ, ਸ੍ਰ. ਤੇਗ ਬਹਾਦਰ ਸਿੰਘ ਤੇਗ ਅਤੇ ਇੰਜ: ਅਜੀਤ ਸਿੰਘ ਅਰੋੜਾ ਨੇ ਸ਼ਿਰਕਤ ਕੀਤੀ। ਮੈਡਮ ਗੁਰਚਰਨ ਕੌਰ ਕੋਚਰ ਨੇ ਮੰਚ ਸੰਭਾਲਦਿਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਸਾਹਿਤਕ ਸਫ਼ਰ ਬਾਰੇ ਭਰਪੂਰ ਚਾਨਣਾ ਪਾਇਆ। ਸਭਾ ਦੇ ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਸਨਮਾਨ 'ਕੱਲਾ ਉਸ ਵਿਅਕਤੀ ਦਾ ਹੀ ਨਹੀਂ ਹੁੰਦਾ, ਸਗੋਂ ਸਮਾਜ ਵੀ ਸਨਮਾਨਿਤ ਹੁੰਦਾ ਹੈ, ਇਸ ਕਰਕੇ ਬਿਨਾਂ ਕਿਸੇ ਭੇਦ-ਭਾਵ ਦੇ, ਯੋਗ ਵਿਧੀ ਰਾਹੀਂ ਉਸ ਵਿਅਕਤੀ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਹੀ ਹੱਕ ਰੱਖਦਾ ਹੋਵੇ। 
ਡਾ. ਕੁਲਵਿੰਦਰ ਕੌਰ ਮਿਨਹਾਸ ਨੂੰ ਬੇਬੇ ਚਰਨ ਕੌਰ ਖ਼ਾਲਸਾ ਯਾਦਗਾਰੀ ਪੁਰਸਕਾਰ ਅਤੇ ਸ. ਗੁਰਚਰਨ ਸਿੰਘ ਸੇਕ ਨੂੰ ਭਾਈ ਕ੍ਰਿਪਾਲ ਸਿੰਘ ਖ਼ਾਲਸਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ. ਹਰਦੇਵ ਸਿੰਘ ਕਲਸੀ ਨੇ ਬੇਬੇ ਚਰਨ ਕੌਰ ਖ਼ਾਲਸਾ ਅਤੇ ਭਾਈ ਕ੍ਰਿਪਾਲ ਸਿੰਘ ਖ਼ਾਲਸਾ ਦੇ ਜੀਵਨ ਬਾਰੇ ਚਾਨਣਾ ਪਾਇਆ। ਪਿੰ: ਇੰਦਰਜੀਤਪਾਲ ਕੌਰ ਭਿੰਡਰ ਅਤੇ ਮੀਤ ਪ੍ਰਧਾਨ ਰਵਿੰਦਰ ਦੀਵਾਨਾ ਨੇ ਸਾਈਟੇਸ਼ਨ ਪੜ੍ਹੇ।  
ਸ. ਕਰਮਜੀਤ ਸਿੰਘ ਔਜਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਲੇਖਕਾਂ ਨੂੰ ਉਤਸ਼ਾਹਿਤ ਕਰਨ ਨਾਲ ਹੀ ਇਹ ਲੇਖਕ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਣਗੇ।  ਇਸ ਪੱਖੋਂ ਬੜੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਇਸ ਕਾਰਨ ਹੀ ਸਿਰਜਣਧਾਰਾ ਵੱਲੋਂ ਸਮੇਂ ਸਮੇਂ 'ਤੇ ਹੱਕਦਾਰ ਲੇਖਕਾਂ ਦਾ ਪਿਛਲੇ ੨੬ ਸਾਲਾਂ ਤੋਂ ਸਨਮਾਨ ਕੀਤਾ ਜਾਂਦਾ ਰਿਹਾ ਹੈ ਤੇ ਅੱਗੋਂ ਵੀ ਇਹ ਸਿਲਸਿਲਾ ਚਲਦਾ ਰਹੇਗਾ।  
ਇਸ ਮੌਕੇ 'ਤੇ ਸਿਰਜਣਧਾਰਾ ਵੱਲੋਂ ਸੰਤ ਸੀਚੇਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋ: ਬਲਵਿੰਦਰਪਾਲ ਸਿੰਘ, ਸਰਬਜੀਤ ਵਿਰਦੀ, ਸੰਪੂਰਨ ਸਿੰਘ ਸੰਨਮ, ਪ੍ਰੀਤਮ ਪੰਧੇਰ, ਇੰਜ: ਸੁਰਜਨ ਸਿੰਘ, ਜਸਵੰਤ ਸਿੰਘ ਆਦਿ ਹਾਜ਼ਿਰ ਸਨ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਸਭ ਦਾ ਧਨਵਾਦ ਕਰਦਿਆਂ ਹੋਇਆਂ ਕਿਹਾ ਕਿ ਤੁਹਾਡੀ ਆਮਦ ਸਦਕਾ ਹੀ ਅੱਜ ਸਮਾਗਮ ਸਫਲਤਾਪੂਰਵਿਕ ਸਿਰੇ ਚੜ੍ਹਿਆ। 


ਦਲਵੀਰ ਸਿੰਘ ਲੁਧਿਆਣਵੀ 
ਮੀਤ ਪ੍ਰਧਾਨ