ਕੌਣ ਏ ਕਸੂਰਵਾਰ? (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਹੁਤ ਹੀ ਪੁਰਾਨੇ ਸਮੇ ਦੀ ਗੱਲ ਹੈ ਕਿ ਹਿੰਦੁਸਤਾਨ ਵਿੱਚ ਇੱਕ ਰਾਜਾ ਰਹਿੰਦਾ ਸੀ। ਉਹ ਰਾਜਾ ਇਸ ਗੱਲ ਕਰਕੇ ਮਸੰਹੂਰ ਸੀ ਕਿ ਉਹ ਅਪਰਾਧੀਆਂ ਦੇ ਫੇਸਲੇ ਬਹੁਤ ਜਲਦੀ ਕਰਦਾ ਸੀ। ਉਹ ਬਿਨਾ ਸੋਚੇ ਸਮਝੇ ਹੀ ਫੈਸਲਾ ਕਰ ਦੇਂਦਾ।
ਇੱਕ ਦਿਨ ਇੱਕ ਗਰੀਬ ਫਰਿਆਦੀ ਉਸਦੇ ਦਰਬਾਰ ਵਿੱਚ ਆਪਣੀ ਫਰਿਆਦ ਲੈਕੇ ਆਇਆ। ਰਾਜੇ ਦੇ ਪੁਛੱਣ ਤੇ ਉਸਨੇ ਕਿਹਾ ਕਿ,
"ਸਰਕਾਰ ਮੇਰੇ ਗਵਾਂਢੀ ਦੀ ਕੰਧ ਡਿੱਗਣ ਨਾਲ ਮੇਰੀ ਬੱਕਰੀ ਮਰ ਗਈ ਏ। ਮੇਰੇ ਬੱਚੇ ਦੁੱਧ ਤੋਂ ਬਿਨਾ ਮਰ ਜਾਣਗੇ।"
ਰਾਜੇ ਨੇ ਉਸੇ ਵਕਤ ਗਵਾਂਢੀ ਨੂੰ ਬੁਲਾਇਆ ਤੇ ਉਸਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ।
ਗੁਵਾਂਢੀ ਨ ਆਪਣੇ ਹੱਕ ਵਿੱਚ ਕਿਹਾ,
"ਸਰਕਾਰ, ਕਸੂਰ ਮੇਰਾ ਨਹੀਂ। ਕਸੂਰ ਤਾਂ ਉਸ ਕੰਧ ਬਣਾਨ ਵਾਲੇ ਦਾ ਹੈ ਜਿਸਨੇ ਉਹ ਕੰਧ ਠੀਕ ਨਹੀਂ ਸੀ ਬਨਾਈ। ਮੈ ਤਾਂ ਗਰੀਬ ਐਵੇਂ ਹੀ ਮਾਰਿਆ ਜਾਵਾਂਗਾ। ਮਿਹਰਬਾਨੀ ਕਰਕੇ ਕੰਧ ਬਨਾਉਣ ਵਾਲੇ ਨੂੰ ਬੁਲਾਉ ਤੇ ਪੁਛੋ ਕਿ ਉਸਨੇ ਕੰਧ ਖਰਾਬ ਕਿਉਂ ਬਨਾਈ ਸੀ।
ਕੰਧ ਬਨਾਉਣ ਵਾਲੇ ਨੂੰ ਬੁਲਾਇਆ ਗਿਆ। ਉਸਨੇ ਹੱਥ ਜੋੜ ਕਿ ਮਿੰਨਤ ਕੀਤੀ ਕਿ,
"ਮਹਾਰਾਜ ਕਸੂਰ ਮੇਰਾ ਨਹੀਂ। ਕਸੂਰ ਉਸ ਮਿਸਤਰੀ ਦਾ ਏ ਜਿਸਨੇ ਪਾਣੀ ਮਿਲਾਇਆ ਸੀ।"
ਮਿਸਤਰੀ ਨੇ ਕਿਹਾ,
"ਸਰਕਾਰ, ਕਸੂਰ ਮੇਰੇ ਮਦਦ ਕਰਨ ਵਾਲੇ ਸਾਥੀ ਦਾ ਏ ਜਿਸਨੇ ਸੀਮੈਂਟ ਵਿੱਚ ਜ਼ਿਆਦਾ ਪਾਣੀ ਪਾਇਆ ਸੀ।"
ਸਾਥੀ ਨੂੰ ਬੁਲਾਇਆ ਗਿਆ,
"ਸਰਕਾਰ ਕਸੂਰ ਮੇਰਾ ਨਹੀਂ, ਬਲਕਿ ਉਸ ਮੋਟੇ ਆਦਮੀ ਦਾ ਏ ਜਿਹੜਾ ਉਥੋਂ ਗੁਜ਼ਰ ਰਿਹਾ ਸੀ। ਉਸਨੂੰ ਦੇਖਕੇ ਮੈ ਐਨਾ ਡਰ ਗਿਆ ਸੀ ਕਿ ਮੇਰਾ ਹੱਥ ਕੰਬਣ ਲੱਗਾ ਤੇ ਮੇਰੇ ਕੋਲੋਂ ਜ਼ਰੂਰਤ ਨਾਲੋਂ ਜ਼ਿਆਦਾ ਪਾਣੀ ਸੀਮੈਂਟ ਵਿੱਚ ਪੈ ਗਿਆ ਸੀ।"
ਮੌਤ ਦੀ ਸਜ਼ਾ ਪਹਿਲਾਂ ਗੁਵਾਂਢੀ ਨੂੰ ਹੋਈ, ਫਿਰ ਕੰਧ ਬਨਾਉਣ ਵਾਲੇ ਨੂੰ, ਉਸਤੋਂ ਬਾਅਦ ਮਿਸਤਰੀ ਨੂੰ ਫਿਰ ਮਦਦ ਕਰਨ ਵਾਲੇ ਨੂੰ ਤੇ ਫਿਰ ਮੋਟੇ ਆਦਮੀ ਨੂੰ। ਗੱਲ ਕੀ ਕੰਧ ਡਿੱਗਣ ਦਾ ਕਸੂਰ ਅਗਾਂਹ ਹੀ ਅਗਾਂਹ ਹੋਰਨਾ ਤੇ ਪੈਂਦਾ ਗਿਆ। ਕੋਈ ਵੀ ਕਸੂਰਵਾਰ ਨਹੀਂ ਸੀ ਬਣਨਾ ਚਾਹੁੰਦਾ।
ਮੋਟੇ ਆਦਮੀ ਨੂੰ ਲੱਭਣ ਲਈ ਆਦਮੀ ਚਾਰੋਂ ਤਰਫ਼ ਭੇਜੇ ਗਏ, ਪਰ ਮੋਟਾ ਆਦਮੀ ਨਹੀਂ ਮਿਲਿਆ। ਸੰਹਿਰ ਵਿੱਚ ਅਪਰਾਧ ਹੋਇਆ ਸੀ, ਇਸ ਲਈ ਕਿਸੇ ਨਾ ਕਿਸੇ ਨੂੰ ਤਾਂ ਮੌਤ ਦੀ ਸਜ਼ਾ ਮਿਲਣੀ ਹੀ ਸੀ। ਰਾਜੇ ਨੇ ਹੁਕਮ ਦਿੱਤਾ ਕਿ ਰਾਜ ਵਿਚੋਂ ਸਭ ਤੋਂ ਮੋਟੇ ਆਦਮੀ ਨੂੰ ਲੱਭਕੇ ਲਿਆਉਂਦਾ ਜਾਵੇ। ਫਿਰ ਕੀ ਸੀ, ਰਾਜੇ ਦੇ ਕਹਿਣ ਤੇ ਸਭ ਤੋਂ ਮੋਟੇ ਆਦਮੀ ਨੂੰ ਲੱਭਣ ਲਈ ਚਾਰੋਂ ਪਾਸੇ ਆਦਮੀ ਭੇਜੇ ਗਏ। ਆਖਿਰ ਇੱਕ ਬਹੁਤ ਮੋਟਾ ਆਦਮੀ ਲੱਭ ਲਿਆਉਦਾ ਗਿਆ। ਜਦੋਂ ਉਸਨੂੰ ਫਾਂਸੀ ਦੇਣ ਲਈ ਉਸਦੇ ਗਲੇ ਵਿੱਚ ਫੰਧਾ ਪਾਇਆ ਗਿਆ ਤਾਂ ਮੋਟਾ ਹੋਣ ਕਰਕੇ ਸੂਲੀ ਦਾ ਫੰਧਾ ਉਸਦੇ ਗਲੇ ਵਿੱਚ ਪੂਰਾ ਨਹੀਂ ਸੀ  ਆ ਰਿਹਾ। ਰਾਜੇ ਦੇ ਇਨਸਾਫ ਮੁਤਾਬਿਕ ਕਿਸੇ ਨਾ ਕਿਸੇ ਨੂੰ ਤਾਂ ਫਾਂਸੀ ਹੋਣੀ ਹੀ ਸੀ। ਰਾਜੇ ਨੇ ਹੁਕਮ ਦਿੱਤਾ ਕਿ ਕਿਸੇ ਪਤਲੇ ਆਦਮੀ ਨੂੰ ਬੁਲਾਕੇ ਫਾਂਸੀ ਦੇ ਦਿਉ।
ਪਤਲੇ ਆਦਮੀ ਦੀ ਭਾਲ ਸੁੰਰੂ ਹੋ ਗਈ। ਬਹੁਤ ਸਾਰੇ ਪਤਲੇ ਆਦਮੀਆਂ ਦੀਆਂ ਰਾਜੇ ਦੇ ਦਰਬਾਰ ਵਿੱਚ ਕਤਾਰਾਂ ਲੱਗ ਗਈਆਂ। ਹਰ ਪਤਲਾ ਆਦਮੀ ਫਾਂਸੀ ਚੜ੍ਹਣਾ ਚਾਹੁੰਦਾ ਸੀ। ਰਾਜੇ ਦੇ ਪੁੱਛਣ ਤੇ ਖਬਰ ਮਿਲੀ ਕਿ ਅੱਜ ਗਰੌਹਾਂ ਦੇ ਮੁਤਾਬਕ ਬਹੁਤ ਹੀ ਵਧੀਆ ਦਿਨ ਏ। ਜਿਹੜਾ ਵੀ ਅੱਜ ਦੇ ਦਿਨ ਮਰੇਗਾ ਉਹ ਸਿੱਧਾ ਬਹਿਸੰਤ ਨੂੰ ਜਾਵੇਗਾ। ਇਹ ਸੁਣਦਿਆਂ ਹੀ ਰਾਜਾ ਸਾਹਿਬ ਸੂਲੀ ਤੇ ਚੜ੍ਹ ਗਏ।