ਜ਼ਿੰਦਗੀ ਦਾ ਚਿਹਰਾ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੋਪਾਲ ਅਤੇ ਨੀਲਮ ਦੀ ਸਾਦੀ ਨੂੰ ਪੰਜ ਸਾਲ ਹੋ ਚੁੱਕੇ ਸਨ। ਪਤਾ ਹੀ ਨਾ ਲੱਗਾ ਕਿ ਪੰਜ ਸਾਲ ਕਿੱਦਾਂ ਲੰਘ ਗਏ ਜਿਵੇਂ ਪੰਜ ਸਾਲ ਨਾਲ ਹੋ ਕੇ ਪੰਜ ਮਹੀਨੇ ਹੀ ਹੋਣ। ਜਦ ਨੀਲਮ ਗੋਪਾਲ ਦੀ ਜਿੰਦਗੀ ਵਿੱਚ ਆਈ ਸੀ ਉਸ ਵੇਲੇ ਗੋਪਾਲ ਕਾਫੀ ਟੁੱਟਿਆ ਹੋਇਆ ਸੀ। ਜਿੰਦਗੀ ਜਿਵੇਂ ਬੋਝ ਬਣ ਗਈ ਹੋਵੇ। ਗੋਪਲਾ ਕੋਲ ਦੁਨੀਆ ਦੇ ਸਾਰੇ ਐਸ਼ੋ ਆਰਾਮ ਹੋਣ ਦੇ ਬਾਵਜੂਦ ਮਾਨਸਿਕ ਸਕੂਨ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ। ਹਰ ਵੇਲੇ ਉਦਾਸ ਰਹਿਣਾ। ਗੋਪਾਲ ਦਾ ਪਿਉ ਇਹ ਸਭ ਕੁੱਝ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸਦਾ ਜਵਾਨ ਜਹਾਨ ਹੱਸਦਾ-ਖੇਡਦਾ ਪੁੱਤ ਜਿੰਦਗੀ ਤੋਂ ਮੂੰਹ ਮੋੜ ਕੇ ਬੈਠਾ ਹੋਵੇ, ਇਹ ਗੋਪਾਲ ਦੇ ਪਿਉ ਲਈ ਬਰਦਾਸ਼ਤ ਕਰਨ ਦੇ ਬਾਹਰ ਸੀ। ਜਿੰਦਗੀ ਵਿੱਚ ਘਟਨਾਵਾਂ ਦੁਰਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਨੇ, ਜਿੰਦਗੀ ਕਦੇ ਰੁਕਦੀ ਨਹੀਂ ਆਪਣੀ ਚਾਲੇ ਚਲਦੀ ਰਹਿੰਦੀ ਹੈ।
ਗੋਪਾਲ ਦਾ ਪਿਤਾ ਇੱਕ ਫੌਜੀ ਹੈ, ਜਿੰਦਗੀ ਦੇ ਕਈ ਰੰਗ ਵੇਖੇ ਉਸਨੇ, ਉਹ ਜਿੰਦਗੀ ਨੂੰ ਲੜਾਈ ਸਮਝਦਾ ਸੀ। ਇਹ ਲੜਾਈ ਉਹ ਲੜਾਈ ਹੈ ਜੋ ਇਨਸਾਨ ਨੂੰ ਜਿਊਂਦੇ ਰਹਿਣ ਲਈ ਲੜਨੀ ਪੈਂਦੀ ਹੈ। ਇਹ ਲੜਾਈ ਫੌਜੀ ਮੋਰਚੇ ਨਾਲੋਂ ਵੀ ਵੱਡੀ ਹੁੰਦੀ ਹੈ। ਗੋਪਾਲ ਨੂੰ ਮੁੜ ਨੀਲਮ ਨਾਲ ਵਿਆਹ ਕਰਨ ਲਈ ਵੀ ਪਿਤਾ ਨੇ ਹੀ ਸਮਝਾਇਆ ਸੀ। ਗੋਪਾਲ ਤਾਂ ਮੁੜ ਵਿਆਹ ਕਰਨਾ ਹੀ ਨਹੀਂ ਚਾਹੁੰਦਾ ਸੀ। ਇਹ ਗੋਪਾਲ ਦੇ ਪਿਤਾ ਦੀ ਹਿੰਮਤ ਸੀ, ਜੋ ਜਿਸ ਨੇ ਗੋਪਾਲ ਦੀ ਸੋਚ ਬਦਲ ਦਿੱਤੀ ਸੀ। ਇਹ ਜਿੱਤ ਗੋਪਾਲ ਦੇ ਪਿਤਾ ਵਾਸਤੇ ਸੱਭ ਤੋਂ ਵੱਡੀ ਜਿੱਤ ਸੀ। ਕਿਸੇ ਦੇ ਦਿਲੋ-ਦਿਮਾਗ ਤੇ ਜਿੱਤ ਪ੍ਰਾਪਤ ਕਰਨੀ ਇਨਸਾਨ ਦੀ ਅਕਲ ਮੰਦੀ ਦਾ ਸਬੂਤ ਹੁੰਦਾ ਹੈ। ਜ਼ੋਰ ਜਬਰਦਸਤੀ ਨਾਲ ਕੰਮ ਕਰਵਾਉਣ ਨਾਲ ਲਾਭ ਹੋਣ ਦੀ ਥਾਂ ਨੁਕਸਾਨ ਹੁੰਦਾ ਹੈ।ਗੋਪਾਲ ਦੇ ਪਿਤਾ ਦੀ ਉਸਾਰੂ ਸੋਚ, ਉਸਦੀ ਸੱਚੀ ਲਗਨ ਰਿਸ਼ਿਤਿਆਂ ਦੀ ਕਦਰ ਹੀ ਤਾਂ ਸੀ।
ਗੋਪਾਲ ਦੋ ਭਰਾ ਹਨ। ਇੱਕ ਅਮਰੀਕਾ ਵਿੱਚ ਪੱਕਾ ਸੈਟਲ ਹੈ ਅਤੇ ਬਹੁੱਤ ਘੱਟ ਇੰਡੀਆ ਆਉਂਦਾ ਹੈ ਅਤੇ ਪੈਸੇ ਵਗੈਰਾ ਭੇਜਦਾ ਰਹਿੰਦਾ ਹੈ। ਪੇਸੈ ਦੀ ਕਮੀ ਨਾ ਤਾਂ ਗੋਪਾਲ ਕੋਲ ਸੀ ਅਤੇ ਨਾ ਹੀ ਉਸਦੇ ਪਿਤਾ ਕੋਲ। ਗੋਪਾਲ ਦਾ ਪਿਤਾ ਫੌਜ ਵਿੱਚ ਸੇਵਾ ਮੁਕਤ ਅਫ਼ਸਰ ਹੈ।
ਹਾਲੀ ਗੋਪਾਲ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਉਸ ਨੂੰ ਇੱਕ ਬਹੁੱਤ ਹੀ ਵਧੀਆ ਅਤੇ ਚੰਗੀ ਨੌਕਰੀ ਮਿਲ ਗਈ। ਫਿਰ ਮਾਂ-ਪਿਉ ਨੇ ਗੋਪਾਲ ਦਾ ਵਿਆਹ ਕਰ ਦਿੱਤਾ। ਲੜਕੀ ਸੁੰਦਰ, ਪੜ੍ਹੀ ਲਿਖੀ, ਸਭ ਗੁਣਾਂ ਨਾਲ ਭਰਪੂਰ ਸੀ। ਲੜਕੀ ਦੇ ਦੋ ਭਰਾ ਅਤੇ ਦੋਵੇਂ ਹੀ ਆਪੋ-ਆਪਣਾ ਕਾਰੋਬਾਰ ਕਰਦੇ ਸਨ 'ਤੇ ਪਿਉ ਦਾ ਵੱਖਰਾ ਕਾਰੋਬਾਰ ਸੀ। ਗੋਪਾਲ ਦੀ ਘਰ ਵਾਲੀ ਦਾ ਨਾਮ ਸੀ ਸੁਨੀਤਾ। ਗੋਪਾਲ ਅਕਸਰ ਸੁਨੀਤਾ ਨੂੰ ਇਹ ਲਫ਼ਜ਼ ਕਹਿੰਦਾ: "ਸੁਨੀਤਾ ਡਾਰਲਿੰਗ ਮੇਰੀ ਕਿਸਮਤ ਤਾਂ ਰੱਬ ਨੇ ਸੋਨੇ ਦੀ ਕਲਮ ਨਾਲ ਲਿਖੀ ਹੈ। ਹਰ ਪਲ ਨਵੀਂ ਖੁਸ਼ੀ। ਇੱਕ ਤਾਂ ਘਰੇਲੂ ਵਾਤਾਵਰਨ ਬਹੁੱਤ ਚੰਗਾ, ਦੂਜਾ ਤੇਰਾ ਜਾਦੂ ਮੂੰਹ ਚੜ੍ਹ ਕੇ ਬੋਲ ਰਿਹਾ ਹੈ। ਮੈਂ ਤੇਰੇ ਤੋਂ ਬਗ਼ੈਰ ਇੱਕ ਪਲ ਨਹੀਂ ਰਹਿ ਸਕਦਾ, ਆਪਣੇ ਵਿਆਹ ਨੂੰ ਸਾਲ ਹੋ ਚੱਲਿਆ ਹੈ ਅਤੇ ਕਲ ਦੀ ਗੱਲ ਲਗਦੀ ਹੈ। ਕਈ ਲੋਕ ਤਾਂ ਕਿਸਮਤ ਦੇ ਮਾਰੇ ਹੁੰਦੇ ਹਨ। ਨਾ ਉਹਨਾਂ ਨੂੰ ਮਾਂ-ਪਿਉ ਚੰਗੇ ਮਿਲਦੇ ਹਨ ਅਤੇ ਨਾ ਹੀ ਜੀਵਣ ਸਾਥੀ। ਮੈਨੂੰ ਤਾਂ ਸੱਭ ਕੁੱਝ ਚੰਗਾ ਮਿਲਿਆ ਹੈ। ਸੱਚ-ਮੁੱਚ ਹੀ ਮੈਂ ਜਿੰਦਗੀ ਵਿੱਚ ਬਹੁੱਤ ਖੁਸ਼ੀਆਂ ਹਾਸਲ ਕੀਤੀਆਂ ਹਨ। ਹੁਣ ਤਾਂ ਮੇਰੀ ਇਹੋ ਇੱਛਾ ਹੈ ਕਿ ਦੋ ਦੇ ਤਿੰਨ ਹੋ ਜਾਈਏ।
ਜਦੋਂ ਇਹ ਲਫਜ਼ ਗੋਪਾਲ ਕੋਲੋਂ ਸੁਨੀਤਾ ਨੇ ਸੁਣੇ ਤਾਂ ਉਸਦਾ ਚਿਹਰਾ ਸ਼ਰਮ ਅਤੇ ਖੁਸ਼ੀ ਨਾਲ ਲਾਲ ਹੋ ਗਿਆ। ਸ਼ਰਮਾਉਂਦੀ ਹੋਈ ਸੁਨੀਤਾ ਹੋਰ ਵੀ ਖੂਬਸੂਰਤ ਲੱਗ ਰਹੀ ਸੀ। "ਤੁਸੀਂ ਤਾਂ ਐਵੇਂ ਹੀ ਮੇਰੀ ਤਾਰੀਫ਼ ਕਰਦੇ ਰਹਿੰਦੇ ਹੋ, ਮੇਰੇ ਵਿੱਚ ਅਜਿਹਾ ਕਿਹੜਾ ਗੁਣ ਹੈ ਜੋ ਤੁਸੀਂ ਦਿਨ ਰਾਤ ਮੇਰੀ ਤਾਰੀਫ਼ ਕਰਦੇ ਨਹੀਂ ਥੱਕਦੇ। ਖੁਸ਼ਕਿਸਮਤ ਤਾਂ ਮੈਂ ਹਾਂ ਜੋ ਮੈਨੂੰ ਇੰਨਾਂ ਚੰਗਾ ਪਤੀ, ਘਰ ਬਾਹਰ, ਮਾਂ-ਪਿਉ ਵਰਗੇ ਸੱਸ ਸਹੁਰਾ, ਧੀਆਂ ਵਾਂਗ ਪਿਆਰ ਮਿਲ ਰਿਹਾ ਹੈ ਉਹਨਾਂ ਦਾ, ਮੈਂ ਵਾਅਦਾ ਕਰਦੀ ਹਾਂ ਜਿੰਦਗੀ ਵਿੱਚ ਸਭ ਸੁਖ ਤੁਹਾਨੂੰ ਦੇਵਾਂਗੀ।
ਗੋਪਾਲ ਅਤੇ ਸੁਨੀਤਾ ਦੋ ਜਿਸਮ ਇੱਕ ਜਾਨ ਸਨ, ਸੁਨੀਤਾ ਨੂੰ ਮਾੜੀ ਮੋਟੀ ਵੀ ਤਕਲੀਫ ਹੁੰਦੀ ਤਾਂ ਗੋਪਾਲ ਦੀ ਜਾਨ ਨਿਕਲ ਜਾਂਦੀ ਸੀ। ਮਿੰਟ ਮਿੰਟ ਬਾਅਦ ਡਾਕਟਰ ਨੂੰ ਫ਼ੋਨ ਕਰਦਾ। ਇੱਕ ਦਿਨ ਸੁਨੀਤਾ ਨੂੰ ਬੁਖਾਰ ਹੋ ਗਿਆ ਤਾਂ ਗੋਪਾਲ ਦੀ ਹਾਲਤ ਵੀ ਖ਼ਰਾਬ ਹੋ ਗਈ, ਗੋਪਾਲ ਕਾਫੀ ਬੇ-ਚੈਨ ਹੋ ਗਿਆ। ਸੁਨੀਤਾ ਗੋਪਾਲ ਦੀ ਇਹ ਹਾਲਤ ਵੇਖ ਕੇ ਕਹਿਣ ਲੱਗੀ, "ਮਾੜਾ ਜਿਹਾ ਬੁਖਾਰ ਹੈ, ਆਪਣੇ ਆਪ ਠੀਕ ਹੋ ਜਾਵੇਗਾ, ਕੁੱਝ ਮੌਸਮ ਬਦਲਣ ਕਰਕੇ ਹੁੰਦਾ ਹੈ, ਫਿਕਰ ਕਰਨ ਵਾਲੀ ਕੋਈ ਗੱਲ ਨਹੀਂ।"
"ਨਹੀਂ, ਸੁਨੀਤਾ ਡਾਰਲਿੰਗ, ਅਗਰ ਬਿਮਾਰੀ ਵੱਲ ਧਿਆਨ ਕਰੀਏ ਤਾਂ ਬਿਮਾਰੀ ਵੱਧ ਜਾਂਦੀ ਹੈ। ਇਹ ਸੁੰਦਰ ਚਿਹਰਾ ਹੱਸਣ-ਖੇਡਣ ਵਾਸਤੇ ਹੈ, ਬਿਮਾਰ ਹੋਣ ਵਾਸਤੇ ਨਹੀਂ। ਦੇਖ ਬਿਮਾਰੀ ਨੇ ਤੇਰਾ ਕੀ ਹਾਲ ਕਰ ਦਿੱਤਾ ਹੈ। ਮੈਂ ਹੁਣੇ ਡਾਕਟਰ ਨੂੰ ਲੈ ਕੇ ਆਉਂਦਾ ਹਾਂ, ਟੈਲੀਫੋਨ ਤੇ ਮੈਨੂੰ ਵਿਸ਼ਵਾਸ ਨਹੀਂ, ਉਹ ਆਵੇ ਕਿ ਨਾ ਆਵੇ।"
ਪਰ ਜੀ, ਬਾਹਰ ਤਾ ਬਰਸਾਤ ਬੜੇ ਜ਼ੋਰ ਨਾਲ ਹੋ ਰਹੀ ਹੈ। ਤੁਸੀਂ ਮੈਨੂੰ ਠੀਕ ਕਰਦੇ-ਕਰਦੇ ਖੁਦ ਬਿਮਾਰ ਹੋ ਜਾਉਗੇ ਤਾਂ ਫਿਰ ਕੀ ਕਰਾਂਗੇ? ਵੈਸੇ ਤਾਂ ਮੈਂ ਠੀਕ ਹਾਂ, ਬਹੁੱਤ ਜ਼ਰੂਰੀ ਹੈ ਤਾਂ ਸਵੇਰੇ ਚਲੇ ਜਾਣਾ। "ਨਹੀਂ-ਨਹੀਂ ਮੂਰਖ ਨਾ ਹੋਵੇ ਤਾਂ, ਮੈਨੂੰ ਕੀ ਹੋ ਚੱਲਿਆ ਹੈ, ਮੈਂ ਨੌਜਵਾਨ ਹਾਂ ਕੋਈ ਬੁੱਢਾ ਨਹੀਂ।"
ਡਾਕਟਰ ਸਾਹਬ ਆ ਗਏ, ਗੋਪਾਲ ਜਜ਼ਬਾਤੀ ਹੁੰਦਾ ਡਾਕਟਰ ਸਾਹਬ ਨੂੰ ਕਹਿਣ ਲੱਗਾ, "ਡਾਕਟਰ ਸਾਹਿਬ ਮੇਰੀ ਸੁਨੀਤਾ ਤਾਂ ਠੀਕ ਹੋ ਜਾਵੇਗੀ? ਜੇ ਇਸਨੂੰ ਕੁੱਝ ਹੋ ਗਿਆ ਤਾਂ ਜਿਉਂਦਾ ਮੈਂ ਵੀ ਨਹੀਂ ਰਹਿਣਾ। ਇਸਦੇ ਬਿਨ੍ਹਾਂ ਮੇਰੀ ਕਾਹਦੀ ਜਿੰਦਗੀ? ਪਲੀਜ਼ ਡਾਕਟਰ ਸਾਹਿਬ ਕੁੱਝ ਕਰੋ, ਤੁਸੀਂ ਤਾਂ ਸਾਡੇ ਫੇਮਿਲੀ ਡਾਕਟਰ ਹੋ।" ਹੌਂਸਲਾ ਰੱਖੌ ਮਿਸਟਰ ਗੋਪਾਲ, ਤੁਸੀ ਤਾਂ ਐਵੇਂ ਹੀ ਹੋਂਸਲਾ ਛੱਡੀ ਬੈਠੇ ਜੇ, ਇਹੋ ਜਿਹੀ ਕੋਈ ਗੱਲ ਨਹੀਂ। ਸੁਨੀਤਾ ਨੂੰ ਬੁਖਾਰ ਹੈ, ਦਵਾਈ ਦੇ ਦਿੱਤੀ ਹੈ। ਸਵੇਰ ਤੱਕ ਸੁਨੀਤਾ ਜੀ ਠੀਕ ਹੋ ਜਾਣਗੇ, ਹੌਂਸਲਾ ਰੱਖੋ। ਡਾਕਟਰ ਨੇ ਕਿਹਾ।
ਸੁਨੀਤਾ ਬੋਲੀ, "ਡਾਕਟਰ ਸਾਹਿਬ, ਤੁਸੀਂ ਇਹਨਾਂ ਨੂੰ ਸਮਝਾਉ! ਮੈਨੂੰ ਕੁੱਝ ਨਹੀਂ ਹੋਇਆ, ਮੈਂ ਬਿਲਕੁਲ ਠੀਕ-ਠਾਕ ਹਾਂ, ਬੱਸ ਮਾਮੂਲੀ ਬੁਖਾਰ ਹੀ ਤਾਂ ਸੀ, ਅੱਧੀ ਰਾਤ ਤੁਹਾਨੂੰ ਵੀ ਤੰਗ ਕੀਤਾ। 'ਸੁਨੀਤਾ ਜੀ ਤੁਸੀਂ ਬਹੁੱਤ ਖੁਸ਼-ਕਿਸਮਤ ਹੋ, ਜੋ ਤੁਹਾਨੂੰ ਗੋਪਾਲ ਵਰਗੇ ਪਤੀ ਮਿਲੇ ਹਨ, ਤੁਸੀਂ ਜ਼ਰੂਰ ਪਿਛਲੇ ਜਨਮ ਵਿੱਚ ਮੋਤੀ ਦਾਨ ਕੀਤੇ ਹੋਣਗੇ।' ਡਾਕਟਰ ਨੇ ਕਿਹਾ।
ਸੱਚ ਹੀ ਤਾਂ ਹੈ ਡਾਕਟਰ ਸਾਹਿਬ, ਮੈਂ ਬਹੁੱਤ ਖੁਸ਼-ਕਿਸਮਤ ਹਾਂ, ਇਹ ਮੇਰਾ ਹੱਦ ਤੋਂ ਵੱਧ ਖਿਆਲ ਰੱਖਦੇ ਹਨ। ਥੋੜੀ ਜਿਹੀ ਬਿਮਾਰੀ ਤੇ ਹੀ ਬੱਸ ਪਿੱਛੇ ਹੀ ਪੈ ਜਾਂਦੇ ਹਨ। ਮੈਂ ਇਹਨਾਂ ਦੀ ਸੇਵਾ ਕਰਨੀ ਹੈ ਉਲਟਾ ਇਹ ਮੇਰੀ ਸੇਵਾ ਕਰਦੇ ਹਨ। "ਬੱਸ ਬੱਸ ਚੁੱਪ ਹੋ ਜਾ ਬਹੁੱਤਾ ਬੋਲਣ ਨਾਲ ਸਿਹਤ ਖਰਾਬ ਹੁੰਦੀ ਹੈ, ਗੋਪਾਲ ਬੋਲਿਆ।
"ਡਾਕਟਰ ਸਾਹਿਬ ਤਾਂ ਕਹਿ ਰਹੇ ਹਨ ਮੈਂ ਬਿਲਕੁਲ ਠੀਕ ਹਾਂ, ਤੁਸੀਂ ਐਵੇਂ ਹੀ ਮੇਰੇ ਹੱਡਾਂ ਵਿੱਚ ਆਲਸ ਪਾ ਰਹੇ ਹੋ, ਧੱਕੇ ਨਾਲ ਬਿਮਾਰ ਬਣਾ ਰਹੇ ਹੋ, ਸੁਨੀਤਾ ਬੋਲੀ।"
ਅੱਛਾ ਗੋਪਾਲ ਜੀ, ਸੁਨੀਤਾ ਜੀ ਠੀਕ ਹਨ, ਹੁਣ ਸਵੇਰ ਹੋ ਚੱਲੀ ਹੈ, ਮੈਂ ਚੱਲਦਾ ਹਾਂ। ਡਾਕਟਰ ਨੇ ਕਿਹਾ।
ਗੋਪਾਲ ਦੇ ਮਾਂ-ਬਾਪ ਵੀ ਬੜੇ ਖੁਸ਼ ਸਨ। ਇੱਕ ਤਾਂ ਮੁੰਡਾ ਨੇਕ ਸੀ, ਦੂਜਾ ਉਸਦੀ ਪਤਨੀ ਵੀ ਬਹੁੱਤ ਨੇਕ ਔਰਤ। ਜਿੰਦਗੀ ਆਪਣੀ ਚਾਲੇ ਚਲਦੀ ਗਈ। ਸੁਨੀਤਾ ਨੂੰ ਗੋਪਾਲ ਬਹੁੱਤ ਪਿਆਰ ਦੇ ਰਿਹਾ ਸੀ ਅਤੇ ਸੁਨੀਤਾ ਦੇ ਪਿਆਰ ਅਤੇ ਮਾਂ ਬਾਪ ਦੇ ਆਸ਼ੀਰਵਾਦ ਸਦਕਾ ਗੋਪਾਲ ਦਿਨ ਦੁਗੁਣੀ ਰਾਤ ਚੋਗੁਣੀ ਤਰੱਕੀ ਕਰ ਰਿਹਾ ਸੀ।
ਸਮਾਂ ਬਹੁੱਤ ਬਲਵਾਨ ਹੁੰਦਾ ਹੈ, ਇਨਸਾਨ ਨਹੀਂ ਸਮਾਂ ਹੀ ਸਿਕੰਦਰ ਹੁੰਦਾ ਹੈ। ਇਨਸਾਨ ਤਾਂ ਸਿਰਫ ਕੱਠ-ਪੁਤਲੀ ਹੈ ਅਤੇ ਉਸਦੀ ਡੋਰ ਉਸ ਰੱਬ ਦੇ ਹੱਥ ਵਿੱਚ।  ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਸੁਨੀਤਾ ਦੇ ਦਿਮਾਗ ਵਿੱਚ ਰਸੌਲੀ ਸੀ ਜੋ ਡਾਕਟਰ ਦੀ ਡੂੰਘੀ ਜਾਂਚ ਅਤੇ ਕੋਸ਼ਿਸ਼ ਦੇ ਬਾਅਦ ਪਤਾ ਲੱਗਾ। ਸੁਨੀਤਾ ਦੀ ਹਾਲਤ ਦਿਨੋ ਦਿਨ ਵਿਗੜ ਰਹੀ ਸੀ। ਸੁਨੀਤਾ ਦੀ ਇਹ ਹਾਲਤ ਵੇਖ ਕੇ ਗੋਪਾਲ ਦੀ ਤਾਂ ਜਾਨ ਹੀ ਨਿਕਲ ਰਹੀ ਸੀ। ਸਾਰੇ ਦਾ ਸਾਰਾ ਟੱਬਰ ਬੱਸ ਪਾਗਲਾਂ ਦੀ ਤਰ੍ਹਾਂ ਸੁਨੀਤਾ ਦੇ ਮਗਰ ਸੀ। ਡਾਕਟਰ ਆਪੋ-ਆਪਣੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ, ਪਰ ਸਫਲਤਾ ਕਿਸੇ ਵੀ ਪਾਸਿਉਂ ਨਜ਼ਰ ਨਹੀਂ ਆ ਰਹੀ ਸੀ। ਪ੍ਰਮਾਤਮਾ ਅੱਗੇ, ਮੰਦਰ, ਮਸਜਿਦ, ਗਿਰਜਾ ਘਰਾਂ ਵਿੱਚ ਬੇਨਤੀਆਂ ਕੀਤੀਆਂ ਗਈਆਂ। ਸੁਨੀਤਾ ਅਕਸਰ ਇਹ ਲਫਜ਼ ਕਹਿੰਦੀ ਸੀ, "ਮੰਮੀ ਜੀ, ਮੈਂ ਤੁਹਾਡੀ ਸੇਵਾ ਕਰਨੀ ਸੀ, ਕਿੰਨੀ ਬਦਕਿਸਮਤ ਹਾਂ ਮੈਂ ਕਿ ਉਸੀਂ ਮੇਰੀ ਸੇਵਾ ਕਰ ਰਹੇ ਹੋ, ਰੱਬ ਪਤਾ ਨਹੀਂ ਕਿਉਂ ਮੇਰਾ ਵੈਰੀ ਬਣ ਗਿਆ ਹੈ?" ਇਹ ਲਫਜ਼ ਕਹਿ ਕੇ ਸੁਨੀਤਾ ਉੱਚੀ-ਉੱਚੀ ਰੋ ਪਈ।
"ਨਹੀਂ ਨਹੀਂ, ਬੇਟਾ ਸੁੱਖ ਦੁੱਖ ਆਪਣੇ ਵੱਸ ਨਹੀਂ ਹੁੰਦਾ। ਸੱਭ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ, ਤੂੰ ਕਿਉਂ ਰੋਈ ਜਾ ਰਹੀ ਹੈ? ਤੂੰ ਬਿਲਕੁਲ ਠੀਕ ਹੋ ਜਾਵੇਂਗੀ। ਐਵੇਂ ਦਿਲ ਛੋਟਾ ਨਹੀਂ ਕਰੀਦਾ, ਸੁੱਖ-ਦੁੱਖ ਤਾਂ ਸਰੀਰ ਦੇ ਨਾਲ ਹੈ। ਤੂੰ ਸਾਡੀ ਲਾਡਲੀ ਧੀ ਹੈਂ, ਦਿਮਾਗ ਉੱਪਰ ਬੋਝ ਕਿਉਂ ਪਾ ਰਹੀ ਹੈਂ? ਅਸੀਂ ਜੋ ਬੈਠੇ ਹਾਂ, ਰੱਬ ਭਲੀ ਕਰੇਗਾ।"
"ਮੰਮੀ ਜੀ ਮੇਰੀ ਇਸ ਬਿਮਾਰੀ ਨੇ, ਇਨ੍ਹਾਂ ਦੀ ਖ਼ੁਸ਼ੀ ਨੂੰ ਗ੍ਰਹਿਣ ਲਾ ਦਿੱਤਾ ਹੈ। ਹੱਸਣਾ ਤਾਂ ਇਹ ਜਿਵੇਂ ਭੁੱਲ ਹੀ ਗਏ ਹੋਣ, ਨਾ ਖਾਣ-ਪੀਣ ਦੀ ਚਿੰਤਾ, ਨਾ ਆਰਾਮ ਦਾ ਫ਼ਿਕਰ, ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਹੈ।"
"ਬੇਟੀ ਤੂੰ ਦਿਮਾਗ ਤੇ ਇੰਨ੍ਹਾਂ ਬੋਝ ਨਾ ਰੱਖ, ਗੋਪਾਲ ਨੂੰ ਤੇਰੇ ਨਾਲ ਬਹੁੱਤ ਪਿਆਰ ਹੈ। ਤੇਰੇ ਤੋਂ ਬਗੈਰ ਘੜੀ ਨਹੀਂ ਕੱਟ ਸਕਦਾ। ਅੱਛਾ ਹੁਣ ਬਹੁਤੀਆਂ ਗੱਲਾਂ ਨਾ ਕਰ ਅਤੇ ਦਿਮਾਗ ਤੇ ਬੋਝ ਨਾ ਪਾ, ਡਾਕਟਰ ਸਾਹਿਬ ਨੇ ਬੋਲਣ ਅਤੇ ਦਿਮਾਗ ਤੇ ਬੋਝ ਪਾਉਣ ਤੋਂ ਮਨ੍ਹਾਂ ਕੀਤਾ ਹੈ।" ਸੁਨੀਤਾ ਦੀ ਭੁਬ ਨਿਕਲ ਗਈ ਅਤੇ ਮੋਟੇ-ਮੋਟੇ ਹੰਝੂ ਸੁਟਦੀ ਬੋਲੀ, "ਮੰਮੀ ਜੀ, ਜੇ ਮੈਂ ਮਰ ਗਈ ਤਾਂ ਇਹਨਾਂ ਦਾ ਕੀ ਹੋਵੇਗਾ……? ਇਹ ਤਾਂ ਹੁਣੇ ਹੀ ਹੌਂਸਲਾ ਛੱਡੀ ਬੈਠੇ ਹਨ..।"
'ਚੁੱਪ-ਚੁੱਪ ਬੇਟਾ ਐਵੀਂ ਉਲਟਾ-ਪੁਲਟਾ ਨਹੀਂ ਬੋਲੀਦਾ, ਗੱਲ ਕਰਨ ਲੱਗੇ ਸੋਚੀ ਦਾ ਹੈ, ਜਿਹੜੀ ਗੱਲ ਕਿਸੇ ਨੂੰ ਤਕਲੀਫ ਦੇਵੇ ਉਹ ਨਹੀਂ ਕਰੀਦੀ।'
ਅੰਤ ਸੁਨੀਤਾ ਸਭ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਇਸ ਦੁਨੀਆਂ ਨੂੰ ਅਲਵੀਦਾ ਕਹਿ ਗਈ।
ਸੁਨੀਤਾ ਦੀ ਮੌਤ ਨਾਲ ਪੂਰੇ ਪਰਵਾਰ ਦੀ ਦੁਨੀਆਂ ਉੱਜੜ ਗਈ। ਜਿੰਦਗੀ ਬੱਸ ਰੁਕ ਗਈ। ਗੋਪਾਲ ਦੀ ਹਾਲਤ ਬੜੀ ਤਰਸਯੋਗ ਹੋ ਗਈ। ਬੱਚਿਆਂ ਦੀ ਤਰ੍ਹਾਂ ਚੀਕਾਂ ਮਾਰਦਾ। ਮਰਨ ਵਾਲੀ ਤਾਂ ਮਰ ਗਈ, ਸੱਭ ਨੂੰ ਗੋਪਾਲ ਦਾ ਫ਼ਿਕਰ ਪੈ ਗਿਆ।  ਗੋਪਾਲ ਦੀ ਹਾਲਤ ਤਾਂ ਦੇਵਦਾਸ ਵਾਲੀ ਬਣ ਗਈ, ਨਾ ਦਿਨ ਦਾ ਪਤਾ ਨਾ ਰਾਤ ਦੀ ਖ਼ਬਰ। ਯਾਰਾਂ ਦੋਸਤਾਂ ਅਤੇ ਦਫ਼ਤਰ ਦੇ ਸੀਨੀਅਰ ਅਫਸਰਾਂ ਨੇ ਬੜਾ ਸਮਝਾਇਆ। ਪਿਉ ਚਾਹੇ ਬੇਹੱਦ ਪ੍ਰੇਸ਼ਾਨ ਸੀ, ਫਿਰ ਵੀ ਉਨੇ ਆਪਣਾ ਹੌਂਸਲਾ ਨਾ ਛੱਡਿਆ, ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਉਸਨੇ ਗੋਪਾਲ ਵੱਲ ਆਪਣਾ ਸਾਰੇ ਦਾ ਸਾਰਾ ਧਿਆਨ ਦੇ ਦਿੱਤਾ। ਪਿਉ ਦੀ ਅਣਥੱਕ ਮਿਹਨਤ ਸਦਕਾ ਗੋਪਾਲ ਕੁਝ ਸੰਭਲ ਗਿਆ, ਦਫਤਰ ਤਾਂ ਜਾਣ ਲੱਗ ਪਿਆ, ਪਰ ਉਦਾਸੀ ਉਸਦੇ ਚਿਹਰੇ 'ਤੇ ਹਰ ਵਖਤ ਦਿਖਾਈ ਦਿੰਦੀ। ਹਰ ਸਮੇਂ ਖ਼ੁਸ਼ ਰਹਿਣ ਵਾਲਾ ਗੋਪਾਲ ਗਮ ਦੀ ਦੁਨੀਆਂ ਵਿੱਚ ਖੋਹ ਗਿਆ। ਹਾਲਤ ਇਸ ਤਰ੍ਹਾਂ ਖੁਸ਼ੀ ਉਸਨੇ ਜਿਵੇਂ ਕਦੀ ਵੇਖੀ ਨਾ ਹੋਵੇ। ਅਗਰ ਕੋਈ ਗੱਲ ਕਰਦਾ ਤਾਂ ਬੱਸ ਹੂੰ, ਹਾਂ ਵਿੱਚ ਜੁਆਬ ਦੇ ਛੱਡਦਾ, ਆਪਣੇ ਕੋਲੋਂ ਕੋਈ ਗੱਲ ਨਾ ਕਰਦਾ। ਗੋਪਾਲ ਨੇ ਆਪਣੇ ਆਪ ਨੂੰ ਕੰਮ ਵਿੱਚ ਮਗਨ ਕਰ ਲਿਆ ਸੀ। ਕੋਈ ਸਮਾਂ ਸੀ ਕਿ ਗੋਪਾਲ ਘਰੋਂ ਬਾਹਰ ਜਾਣ ਤੋਂ ਡਰਦਾ ਸੀ ਅਤੇ ਹੁਣ ਉਹ ਅਕਸਰ ਬਾਹਰ ਹੀ ਰਹਿੰਦਾ। ਸਾਲ ਤੋਂ ਉੱਪਰ ਸਮਾਂ ਬਤੀਤ ਹੋ ਗਿਆ। ਗੋਪਾਲ ਦੇ ਮਾਂ ਬਾਪ ਨੂੰ ਚੈਨ ਕਿੱਥੇ? ਅੁਹ ਖਾਮੋਸ਼ ਕਿਵੇਂ ਬੈਠ ਸਕਦੇ ਸਨ? ਗੋਪਾਲ ਦੇ ਪਿਤਾ ਅਕਸਰ ਗੋਪਾਲ ਦੀ ਮਾਂ ਨੂੰ ਕਹਿੰਦੇ, "ਗੋਪਾਲ ਦੀ ਮਾਂ ਵੇਖਦੀ ਪਈ ਹੈਂ ਗੋਪਾਲ ਦੀ ਹਾਲਤ, ਮੈਨੂੰ ਤਾਂ ਗੋਪਾਲ ਦੀ ਹਾਲਤ ਵੇਖ ਕੇ ਬੜਾ ਦੁੱਖ ਹੁੰਦਾ ਹੈ, ਰੰਗ ਕਿਵੇਂ ਪੀਲਾ ਪੈ ਗਿਆ ਹੈ। ਇਹ ਹਾਲਤ ਤਾਂ ਗੋਪਾਲ ਵਾਸਤੇ ਖ਼ਤਰਨਾਕ ਹੈ।
"ਮੈਂ ਮਾਂ ਹਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨ ਨੂੰ ਚੈਨ ਨਹੀਂ ਆਉਂਦਾ। ਘਰੋਂ ਤੁਰਨ ਲੱਗਿਆਂ ਦੀ ਪਿੱਠ ਦੇਖਦੀ ਹਾਂ ਤਾਂ ਜਦ ਤੱਕ ਬਾਹਰ ਰਹਿੰਦਾ ਹੈ, ਉਸਦਾ ਮੂੰਹ ਵੇਖਣ ਨੂੰ ਮਨ ਤਰਸ ਜਾਂਦਾ ਹੈ। ਮੈਨੂੰ ਦਿਨ-ਰਾਤ ਇਹੋ ਹੀ ਫ਼ਿਕਰ ਰਹਿੰਦਾ ਹੈ ਕਿ ਅਗਰ ਮੇਰੇ ਪੁੱਤ ਨੂੰ ਕੁੱਝ ਹੋ ਗਿਆ ਤਾਂ ਮੈਂ ਜਿਉਂਦੇ ਜੀਅ ਮਰ ਜਾਣਾ ਹੈ….।"
"ਐਵੇਂ ਦਿਲ ਵਿੱਚ ਮਾੜੇ ਖਿਆਲ ਨਹੀਂ ਆਉਣ ਦੇਈਦੇ, ਬੰਦੇ ਨੂੰ ਹੌਂਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਮੁਸੀਬਤਾਂ ਬੰਦੇ ਨੂੰ ਮਜਬੂਤ ਕਰਦੀਆਂ ਹਨ, ਇਹ ਵਿਖਾ ਦਿੰਦੀਆਂ ਹਨ ਬੰਦਾ ਕਿੰਨੇ ਪਾਣੀ ਵਿੱਚ ਹੈ। ਅਗਰ ਤੂੰ ਇਸ ਤਰ੍ਹਾਂ ਸੋਚੇਂਗੀ ਤਾਂ ਗੋਪਾਲ ਕੀ ਕਰੇਗਾ, ਗੋਪਾਲ ਨੂੰ ਸੰਭਾਲਣ ਲਈ ਬਹੁੱਤ ਹੀ ਪਿਆਰ ਅਤੇ ਸਿਆਣਪ ਦੀ ਲੋੜ ਹੈ। ਉਹ ਸੱਭ ਤੂੰ ਅਤੇ ਮੈਂ ਹੀ ਕਰ ਸਕਦੇ ਹਾਂ, ਸਾਨੂੰ ਦੋਵਾਂ ਨੂੰ ਹੌਂਸਲੇ ਤੋਂ ਕੰਮ ਲੈਣਾ ਪਵੇਗਾ। ਨਾਲੇ ਦੁਨੀਆ ਵਿੱਚ ਇਹੋ ਜਿਹੀ ਕੋਈ ਮੁਸੀਬਤ ਨਹੀਂ ਜਿਸਦਾ ਕੋਈ ਹੱਲ ਨਾ ਹੋਵੇ।"
"ਇੱਕ ਗੱਲ ਹੈ ਗੋਪਾਲ ਦੇ ਭਾਪਾ ਜੀ, ਜੇ ਗੋਪਾਲ ਮੰਨ ਜਾਵੇ ਤਾਂ।ਪਰ ਉਹ ਗੱਲ ਮੰਨ ਲਵੇ ਇਹ ਉਮੀਦ ਬਹੁੱਤ ਘੱਟ ਹੈ। ਫਿਰ ਵੀ ਉਸੀਂ ਗੱਲ ਕਰ ਕੇ ਵੇਖ ਲੈਣਾ, ਤੁਹਾਡੀ ਕੋਈ ਗੱਲ ਮੋੜਦਾ ਨਹੀਂ ਅਤੇ ਤੁਹਾਨੂੰ ਤਰੀਕਾ ਵੀ ਬਹੁੱਤ ਆਉਂਦਾ ਹੈ। ਗੋਪਾਲ ਦੀ ਮਾਂ ਨੇ ਕਿਹਾ।"
"ਗੱਲ ਤਾਂ ਦੱਸ ਗੋਪਾਲ ਦੀ ਮਾਂ, ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ? ਗੱਲ ਪਤਾ ਲੱਗੇ ਤਾਂ ਕੋਈ ਨਾ ਕੋਈ ਤਰੀਕਾ ਨਿਕਲ ਜਾਵੇਗਾ।"
"ਗੱਲ ਤਾਂ ਇਹ ਹੈ ਅਸੀਂ ਮੁੜ ਗੋਪਾਲ ਦਾ ਵਿਆਹ ਕਰ ਦੇਈਏ…।"
"ਗੱਲ ਤਾਂ ਤੇਰੀ ਬਿਲਕੁਲ ਠੀਕ ਹੈ, ਤੇਰੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਇਹ ਗੱਲ ਮੇਰੇ ਦਿਮਾਗ ਵਿੱਚ ਵੀ ਪਹਿਲੇ ਆਈ ਸੀ। ਗੋਪਾਲ ਦੇ ਜ਼ਖਮ ਤਾਂ ਬਹੁੱਤ ਡੂੰਘੇ ਹਨ। ਸੁਨੀਤਾ ਤਾਂ ਧੀ ਸੀ ਸਾਡੀ। ਨਾਲੇ ਮਰ ਗਿਆਂ ਨਾਲ ਮਰ ਤਾਂ ਹੁੰਦਾ ਨਹੀਂ। ਜਿਉਂਦੇ ਰਹਿਣ ਵਾਸਤੇ ਇਨਸਾਨ ਨੂੰ ਇਨਸਾਨ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ।"
"ਕੋਈ ਕੁੜੀ ਵਗੈਰਾ ਤੁਹਾਡੇ ਦਿਮਾਗ ਵਿੱਚ ਹੈ, ਗੋਪਾਲ ਦੇ ਭਾਪਾ ਜੀ….?"
"ਆਪਣੇ ਵਕੀਲ ਸਾਹਿਬ ਹੈ ਨਾ, ਉਹਨਾਂ ਦੀ ਛੋਟੀ ਬੇਟੀ ਨੀਲਮ ਗੋਪਾਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ, ਤੈਨੂੰ ਵੀ ਕਾਫੀ ਵਾਰ ਮਿਲ ਚੁੱਕੀ ਹੈ, ਉਸਦੇ ਬਾਰੇ ਕੀ ਖਿਆਲ ਹੈ?"
"ਹੈ ਤਾਂ ਸੁੱਖ ਨਾਲ ਕੁੜੀ ਚੰਗੀ, ਰੱਜ ਕੇ ਸੋਹਣੀ, ਵਕੀਲ ਸਾਹਿਬ ਮੰਨ ਜਾਣਗੇ। ਆਪਣੇ ਗੋਪਾਲ ਬਾਰੇ ਉਹਨਾਂ ਨੂੰ ਪਤਾ ਹੈ, ਫਿਰ ਕੁੜੀ ਹਾਲੇ ਕੁਆਰੀ ਹੈ, ਮੈਨੂੰ ਨਹੀਂ ਉਮੀਦ ਕੇ ਉਹ ਰਾਜੀ ਹੋ ਜਾਣਗੇ। ਚਾਹੇ ਸਾਡਾ ਪੁੱਤ ਲੱਖ ਚੰਗਾ ਹੈ, ਪਰ ਪਹਿਲਾਂ ਉਸਦਾ ਵਿਆਹ ਹੋ ਚੁੱਕਾ ਹੈ, ਪਤਨੀ ਪੂਰੀ ਹੋ ਚੁੱਕੀ ਹੈ।"
ਇਹੋ ਜਿਹੀ ਕੋਈ ਗੱਲ ਨਹੀਂ, ਗੋਪਾਲ ਦੀ ਮੰਮੀ। ਉਹ ਸਾਡੇ ਗੋਪਾਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹ ਇਹੋ ਜਿਹੀਆਂ ਗੱਲਾਂ ਤੇ ਭਰੋਸਾ ਨਹੀਂ ਕਰਦੇ। ਉਹ ਤਾਂ ਗੋਪਾਲ ਦਾ ਰਿਸ਼ਤਾ ਆਪਣੀ ਵੱਡੀ ਬੇਟੀ ਆਸ਼ਾ ਨਾਲ ਕਰਨਾ ਚਾਹੁੰਦੇ ਸਨ, ਪਰ ਸੰਯੋਗ ਸੁਨੀਤਾ ਨਾਲ ਸੀ, ਉਹ ਲੇਟ ਹੋ ਗਏ ਅਤੇ ਸੁਨੀਤਾ ਨਾਲ ਗੋਪਾਲ ਦਾ ਵਿਆਹ ਹੋ ਗਿਆ। ਇਹ ਸੰਜੋਗ ਹੈ…….।"
"ਤੁਸੀਂ ਕੋਈ ਗੱਲ ਵੀ ਕੀਤੀ ਹੈ, ਉਹਨਾਂ ਨਾਲ? ਕਿ ਆਪਣੇ ਦਿਲੋਂ ਹੀ ਰਿਸ਼ਤਾ ਪੱਕਾ ਕਰੀ ਬੈਠੇ ਹੋ? ਪਹਿਲੇ ਹਾਲਤ ਕੁੱਝ ਹੋਰ ਸਨ ਅਤੇ ਹੁਣ ਹਾਲਤ ਕੁਝ ਹੋਰ ਨੇ।"
"ਇਹੋ ਜਿਹੀ ਕੋਈ ਗੱਲ ਨਹੀਂ। ਅਸਲ ਵਿੱਚ ਉਹ ਬਹੁੱਤ ਡਰੇ ਹੋਏ ਹਨ। ਉਹਨਾਂ ਦੀ ਵੱਡੀ ਬੇਟੀ ਆਸ਼ਾ ਸਹੁਰਿਆਂ ਨੇ ਮਾਰ ਦਿੱਤੀ ਸੀ। ਕਾਰਣ ਉਹ ਬੰਦੇ ਬੜੇ ਲਾਲਚੀ ਸਨ, ਘੱਟ ਤਾਂ ਵਕੀਲ ਸਾਹਿਬ ਨੇ ਵੀ ਨਹੀਂ ਕੀਤੀ ਸੀ। ਤੈਨੂੰ ਪਤਾ ਤਾਂ ਹੈ ਇਸ ਸਭ ਬਾਰੇ। ਨੀਲਮ ਦੇ ਰਿਸ਼ਤੇ ਦੀ ਗੱਲ ਵਕੀਲ ਸਾਹਿਬ ਨੇ ਆਪ ਮੇਰੇ ਨਾਲ ਕੀਤੀ ਸੀ। ਪਹਿਲਾਂ ਪਹਿਲਾਂ ਤਾਂ ਆਪ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ ਸੀ। ਵਕੀਲ ਸਾਹਿਬ ਨੇ ਕਿਹਾ, ਮੈਂ ਮੁੰਡੇ ਨੂੰ ਵੇਖਿਆ ਹੈ, ਹੋਣਹਾਰ ਕਾਬਲ ਹੈ, ਨੀਲਮ ਦੇ ਹਾਣ ਮੇਲ ਦਾ ਹੈ। ਭਗਵਾਨ ਨਾ ਕਰੇ ਅਗਰ ਨੀਲਮ ਨੂੰ ਆਸ਼ਾ ਵਰਗੇ ਸਹੁਰੇ ਮਿਲ ਗਏ ਤਾਂ ਮੈਂ ਜਿਉਂਦੇ ਜੀਅ ਮਰ ਜਾਵਾਂਗਾ। ਬੇਗਾਨੇ ਬੰਦੇ ਉੱਪਰ ਵਿਸ਼ਵਾਸ਼ ਕਰਨ ਨੂੰ ਦਿਲ ਨਹੀਂ ਕਰਦਾ……।"
"ਗੱਲ ਤਾਂ ਚੰਗੀ ਹੈ, ਗੋਪਾਲ ਨੂੰ ਤੁਸੀਂ ਰਾਜ਼ੀ ਕਰ ਲਉ, ਉਸਨੂੰ ਰਾਜ਼ੀ ਕਰਨਾ ਬਹੁੱਤ ਔਖਾ ਹੈ। ਚਾਹੇ ਜਿਸ ਤਰ੍ਹਾਂ ਮਰਜ਼ੀ ਕਰੋ, ਆਖਰ ਗੋਪਾਲ ਦੀ ਜਿੰਦਗੀ ਦਾ ਸੁਆਲ ਹੈ, ਗੋਪਾਲ ਦੇ ਭਾਪਾ ਜੀ।"
"ਗੱਲ ਤਾਂ ਤੇਰੀ ਠੀਕ ਹੈ। ਕੰਮ ਔਖਾ ਹੈ ਜਾਂ ਸੌਖਾ, ਮੁੰਡੇ ਨੂੰ ਰਾਜ਼ੀ ਤਾਂ ਕਰਨਾ ਹੀ ਹੈ।
ਗੋਪਾਲ ਦਾ ਪਿਤਾ ਅਕਸਰ ਗੋਪਾਲ ਨਾਲ ਗੱਲ ਕਰਦਾ। ਗੋਪਾਲ ਪਿਤਾ ਨਾਲ ਸੁਆਲ-ਜੁਆਬ ਨਾ ਕਰਦਾ ਬੱਸ ਹੂੰ ਹਾਂ ਵਿੱਚ ਵਿੱਚ ਜੁਆਬ ਦੇ ਦਿੰਦਾ। ਗੋਪਾਲ ਦੇ ਮਾਤਾ-ਪਿਤਾ ਬੜੇ ਤਰੀਕੇ ਨਾਲ ਗੱਲ ਕਰਦੇ। ਉਹਨਾਂ ਨੂੰ ਸੱਭ ਪਤਾ ਸੀ ਕਿ ਗੋਪਾਲ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਗੋਪਾਲ ਦੇ ਪਿਤਾ ਦੀ ਅਕਸਰ ਵਕੀਲ ਸਾਹਿਬ ਨਾਲ ਮੁਲਾਕਤਾ ਹੁੰਦੀ ਰਹਿੰਦੀ। ਇੱਕ ਦਿਨ ਗੋਪਾਲ ਦੇ ਮਾਤਾ-ਪਿਤਾ ਅਤੇ ਵਕੀਲ ਸਾਹਿਬ ਬੈਠੇ।
ਫਿਰ ਕੀ ਸਲਾਹ ਕੀਤੀ ਭਾਈ ਸਾਹਿਬ ਗੋਪਾਲ ਅਤੇ ਨੀਲਮ ਬਾਰੇ?
"ਭਰਾ ਜੀ ਗੋਪਾਲ ਦੇ ਪਿਤਾ ਜੀ ਨੇ ਗੋਪਾਲ ਨਾਲ ਗੱਲ ਕੀਤੀ ਸੀ ਪਰ ਗੋਪਾਲ ਵਿਆਹ ਤੋਂ ਦੂਰ ਭੱਜ ਰਿਹਾ ਹੈ……।"
ਨਹੀਂ ਭਾਈ ਸਾਹਿਬ ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਨੂੰ ਤਾਂ ਪਤਾ ਹੈ ਕਿ ਗੋਪਾਲ ਦੇ ਕਿੰਨੀ ਵੱਡੀ ਸੱਟ ਵੱਜੀ ਹੈ। ਜਦ ਵੀ ਕਦੇ ਵਿਆਹ ਦੀ ਗੱਲ ਕਰਦੇ ਹੋ ਤਾਂ ਗੋਪਾਲ ਦੇ ਜ਼ਖਮ ਹਰੇ ਹੋ ਜਾਂਦੇ ਹਨ……।"
ਮੈਂ ਵੀ ਤੁਹਾਡੀ ਗੱਲ ਨੂੰ ਸਮਝਦਾ ਹਾਂ, ਫਿਰ ਵੀ ਜਿੰਦਗੀ ਇਸ ਤਰ੍ਹਾਂ ਬਤੀਤ ਨਹੀਂ ਕੀਤੀ ਜਾ ਸਕਦੀ। ਮੈਂ ਸੋਚਿਆ ਕਿ ਗੋਪਾਲ ਅਤੇ ਨੀਲਮ ਵਿਆਹੇ ਜਾਣ, ਪਰ ਮੈਨੂੰ ਕੰਮ ਮੁਸ਼ਕਲ ਲੱਗਦਾ ਹੈ।
"ਵਕੀਲ ਸਾਹਿਬ ਇਹੋ ਜਿਹੀ ਕੋਈ ਗੱਲ ਨਹੀਂ, ਗੋਪਾਲ ਮੰਨ ਜਾਵੇਗਾ। ਬਾਕੀ ਗੋਪਾਲ ਬਾਰੇ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਤਾਂ ਵਕੀਲ ਹੋ, ਦਿਲ ਕਿਉਂ ਛੱਡਦੇ ਹੋ। ਸੱਭ ਠੀਕ ਹੋ ਜਾਵੇਗਾ, ਬੱਸ ਹੌਂਸਲਾ ਰੱਖੋ।"
ਗੋਪਾਲ ਦੇ ਪਿਤਾ ਜੀ ਨੇ ਇਹ ਗੱਲ ਗੋਪਾਲ ਨਾਲ ਕੀਤੀ। ਵਕੀਲ ਸਾਹਿਬ ਨੇ ਇਸ ਬਾਰੇ ਆਪਣੀ ਬੇਟੀ ਨੀਲਮ ਨਾਲ ਵੀ ਗੱਲ ਕੀਤੀ ਸੀ। ਨੀਲਮ ਗੋਪਾਲ ਨੂੰ ਪਸੰਦ ਕਰਦੀ ਸੀ। ਉਸਦਾ ਦਿਲ ਗੋਪਾਲ ਨਾਲ ਸ਼ਾਦੀ ਕਰਨ ਨੂੰ ਰਾਜ਼ੀ ਸੀ। ਇਸ ਬਾਰੇ ਵਕੀਲ ਸਾਹਿਬ ਨੇ ਗੋਪਾਲ ਦੇ ਪਿਤਾ ਨਾਲ ਵੀ ਗੱਲ ਕਰ ਲਈ ਸੀ। ਤਾਂ ਹੀ ਤਾਂ ਗੋਪਾਲ ਦਾ ਪਿਤਾ ਗੋਪਾਲ ਉੱਪਰ ਨੀਲਮ ਨਾਲ ਵਿਆਹ ਕਰਨ ਦਾ ਜ਼ੋਰ ਪਾ ਰਿਹਾ ਸੀ।
"ਦੇਖ ਬੇਟਾ ਗੋਪਾਲ, ਮੈਂ ਅਤੇ ਤੇਰੀ ਮਾਂ ਨੇ ਸਦਾ ਬੈਠੇ ਨਹੀਂ ਰਹਿਣਾ। ਅਸੀਂ ਬੁੱਢੇ ਹੋ ਚੁੱਕੇ ਹਾਂ। ਸਾਡੀ ਸੇਵਾ ਕਰਨ ਵਾਲਾ ਕੋਈ ਨਹੀਂ, ਤੇਰੀ ਮਾਂ ਕੋਲੋਂ ਘਰ ਦਾ ਸਾਰਾ ਕੰਮ ਨਹੀਂ ਹੁੰਦਾ ਅਤੇ ਉਸਦੀ ਸਿਹਤ ਵੀ ਜੁਆਬ ਦੇ ਰਹੀ ਹੈ। ਕੁੱਝ ਸਾਡਾ ਵੀ ਖਿਆਲ ਕਰ ਗੋਪਾਲ ਪੁੱਤਰ……।" ਭਾਪਾ ਜੀ ਇਹੋ ਜਿਹੀ ਕਿਹੜੀ ਗੱਲ ਹੈ, ਘਰ ਵਿੱਚ ਨੌਕਰ ਰੱਖ ਲਉ ਕੰਮ ਕਰਨ ਵਾਸਤੇ। ਮੰਮੀ ਜੀ ਨੂੰ ਤਕਲੀਫ ਕਰਨ ਦੀ ਕੀ ਜ਼ਰੂਰਤ ਹੈ। ਮੇਰੀ ਤਾਂ ਇਹੋ ਕੋਸ਼ਿਸ਼ ਹੈ ਕਿ ਮੇਰੇ ਮਾਂ-ਬਾਪ ਖ਼ੁਸ਼ ਰਹਿਣ, ਦਫ਼ਤਰੀ ਕੰਮ ਕਰਕੇ ਉਹਾਨੂੰ ਸਮਾਂ ਨਹੀਂ ਦੇ ਸਕਦਾ, ਗੋਪਾਲ ਬੋਲਿਆ।
"ਬੇਟਾ ਗੋਪਾਲ, ਮੈਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੈ, ਤੂੰ ਤਾਂ ਸਾਡਾ ਦੋਵਾਂ ਦਾ ਹੀ ਬੜਾ ਖਿਆਲ ਰੱਖਦਾ ਹੈਂ। ਨਾਲੇ ਫਿਰ ਨੌਕਰਾਂ ਤੇ ਭਰੋਸਾ ਤਾਂ ਨਹੀਂ ਕੀਤਾ ਜਾ ਸਕਦਾ। ਘਰ ਦਾ ਕੰਮ ਤਾਂ ਚੰਗੀ ਤਰ੍ਹਾਂ ਘਰ ਦੇ ਬੰਦੇ ਹੀ ਕਰ ਸਕਦੇ ਹਨ। ਗੋਪਾਲ ਤੇਰੀ ਮੰਮੀ ਦਾ ਇਹ ਮਤਲਬ ਬਿਲਕੁਲ ਨਹੀਂ ਸੀ ਕਿ ਤੂੰ ਸਾਡੀ ਸੇਵਾ ਨਹੀਂ ਕਰਦਾ। ਉਸਦਾ ਮਤਲਬ ਇਹ ਸੀ ਕਿ ਘਰ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਆਉਣ। ਨੂੰਹਾਂ-ਧੀਆਂ ਨਾਲ ਘਰ ਚੰਗਾ ਲੱਗਦਾ ਹੈ, ਪੋਤਰੇ-ਪੋਤਰੀਆਂ ਨਾਲ ਘਰ ਵਿੱਚ ਰੌਣਕ ਲੱਗਦੀ ਹੈ।"
"ਭਾਪਾ ਜੀ ਤੁਸੀਂ ਮੇਰੇ ਜ਼ਖਮਾਂ ਨੂੰ ਕਿਉਂ ਛੇੜਦੇ ਹੋ? ਮੈਂ ਇੱਕ ਵਾਰ ਕਹਿ ਦਿੱਤਾ ਕਿ ਮੈਂ ਵਿਆਹ ਨਹੀਂ ਕਰਵਾਉਣਾ। ਸੁਨੀਤਾ ਤੋਂ ਛੁੱਟ ਕਿਸੇ ਹੋਰ ਦਾ ਖਿਆਲ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ।" ਬੇਟਾ, ਸੁਨੀਤਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਮਰ ਗਇਆਂ ਨਾਲ ਮਰ ਨਹੀਂ ਹੁੰਦਾ। ਤੂੰ  ਇਸ ਤਰ੍ਹਾਂ ਕਿਵੇਂ ਜਿੰਦਗੀ ਬਤੀਤ ਕਰੇਂਗਾ। ਬੱਸ-ਬੱਸ।" ਗੋਪਾਲ ਦੇ ਪਿਤਾ ਨੇ ਕਿਹਾ।"
ਇਹ ਲਫ਼ਜ਼ ਸੁਣ ਕੇ ਗੋਪਾਲ ਮੂੰਹ ਵੱਟ ਕੇ ਚਲਿਆ ਗਿਆ। ਗੋਪਾਲ ਦੇ ਮਾਤਾ-ਪਿਤਾ ਨੇ ਕੁੱਝ ਹੋਰ ਕਹਿਣਾ ਠੀਕ ਨਾ ਸਮਝਿਆ। ਉਸ ਵਖ਼ਤ ਤਾਂ ਗੱਲ ਟੱਲ ਗਈ। ਗੋਪਾਲ ਦੇ ਮਾਤਾ-ਪਿਤਾ ਨੇ ਕੋਸ਼ਿਸ਼ ਜਾਰੀ ਰੱਖੀ। ਵਿੱਚ-ਵਿੱਚ ਵਕੀਲ ਸਾਹਿਬ ਵੀ ਆ ਕੇ ਮਿਲਦੇ ਰਹੇ ਅਤੇ ਚੰਗੇ-ਚੰਗੇ ਸੁਝਾਅ ਦਿੰਦੇ ਰਹੇ। ਅੱਜ ਕੁੱਝ ਦਿਨਾਂ ਬਾਅਦ ਫਿਰ ਸਾਰੇ ਇਕੱਠੇ ਬੈਠੇ, ਅਤੇ ਫਿਰ ਗੱਲ ਚੱਲ ਪਈ। "ਦੇਖ ਬੇਟਾ ਗੋਪਾਲ, ਅਸੀਂ ਅੱਜ ਨਹੀਂ ਤਾਂ ਕੱਲ੍ਹ ਇਸ ਦੁਨੀਆ ਤੋਂ ਤੁਰ ਜਾਣਾ ਹੈ। ਜਦ ਅਸੀਂ ਨਾ ਹੋਵਾਂਗੇ, ਫਿਰ ਤੇਰੀ ਦੇਖ ਭਾਲ ਕੌਣ ਕਰੇਗਾ? ਇਹ ਤਾਂ ਇੱਕ ਸੱਚਾਈ ਹੈ ਕਿ ਇੱਕ ਨਾ ਇੱਕ ਦਿਨ ਅਸੀਂ ਇਸ ਦੁਨੀਆ ਤੋਂ ਕੂਚ ਕਰ ਜਾਣਾ ਹੈ……।"
"ਗੋਪਾਲ ਤੇਰੇ ਭਾਪਾ ਜੀ ਠੀਕ ਕਹਿ ਰਹੇ ਹਨ। ਸਾਡਾ ਕੀ ਭਰੋਸਾ ਬੁੱਢੇ-ਠੇਰ੍ਹਿਆਂ ਦਾ, ਅੱਜ ਨਹੀਂ ਤਾਂ ਕੱਲ੍ਹ। ਤੇਰੀ ਇਹ ਹਾਲਤ ਸਾਨੂੰ ਮਰ ਕੇ ਵੀ ਸ਼ਾਂਤੀ ਨਹੀਂ ਲੈਣ ਦੇਵੇਗੀ। ਜਵਾਨੀ ਵੇਲੇ ਤਾਂ ਬੰਦਾ ਕੱਟ ਲੈਂਦਾ, ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਬੁਢਾਪੇ ਵਿੱਚ ਇਕੱਲਾਪਨ ਕੱਟਣਾ ਬਹੁੱਤ ਮੁਸ਼ਕਲ ਹੁੰਦਾ ਹੈ। ਆਪਣਾ ਬੱਚੇ, ਪਰਵਾਰ ਹੋਵੇ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ।"
"ਤੇਰੀ ਮੰਮੀ ਦੀ ਗੱਲ ਧਿਆਨ ਦੇਣ ਵਾਲੀ ਹੈ ਪੁੱਤ ਸਾਡੀ ਵੀ ਇੱਛਾ ਹੈ ਕਿ ਸਾਡੇ ਵੀ ਪੁੱਤ-ਪੋਤਰੇ ਹੋਣ। ਚਾਹੇ ਵੱਡਾ ਹੈ, ਉਹ ਤਾਂ ਦੂਰ ਅਮਰੀਕਾ ਰਹਿੰਦਾ ਹੈ। ਬਾਹਰ ਉਸਦਾ ਬਾਲ-ਪਰਵਾਰ ਰਹਿੰਦਾ ਹੈ। ਨਾ ਉਸਨੂੰ ਸਾਡੀ ਪ੍ਰਵਾਹ ਅਤੇ ਨਾ ਅਸੀਂ ਉਸਦੀ ਪ੍ਰਵਾਹ ਕਰਦੇ ਹਾਂ। ਜਿੰਦਗੀ ਵਿੱਚ ਘਟਨਾਵਾਂ-ਦੁਰਘਟਾਨਾਵਾਂ ਤਾਂ ਹੁੰਦੀਆਂ ਰਹਿੰਦੀਆਂ ਹਨ। ਹੋਇਆ ਤੇਰੇ ਨਾਲ ਬਹੁੱਤ ਮਾੜਾ। ਸੱਚ ਮੁੱਚ ਇਹ ਭੁੱਲਣ ਵਾਲਾ ਨਹੀਂ, ਸੁਨੀਤਾ ਸਿਰਫ ਤੇਰੀ ਹੀ ਨਹੀਂ, ਉਹ ਸਾਡੀ ਵੀ ਧੀ ਸੀ। ਸਾਨੂੰ ਤੇਰੇ ਨਾਲੋਂ ਜਿਆਦਾ ਦੁੱਖ ਹੈ ਉਸ ਦਾ, ਫਿਰ ਵੀ ਅਸੀਂ ਜਿੰਦਗੀ ਤਾਂ ਨਹੀਂ ਰੋਕ ਸਕਦੇ।"
ਮੰਮੀ ਭਾਪਾ ਜੀ,  ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣੀਆਂ ਹਨ, ਤੁਸੀਂ ਮੇਰਾ ਭਲਾ ਹੀ ਚਾਹੁੰਦੇ ਹੋ, ਪਰ ਤੁਸੀਂ ਮੇਰਾ ਵਿਆਹ ਕਿਸ ਨਾਲ ਕਰਨਾ ਚਾਹੁੰਦੇ ਹੋ? ਸਾਰੀਆਂ ਕੁੜੀਆਂ ਸੁਨੀਤਾ ਵਰਗੀਆਂ ਨਹੀਂ ਹੁੰਦੀਆਂ।"
ਜਿਉਂਦਾ ਰਹੇ ਮੇਰਾ ਪੁੱਤ, ਇਸ ਸੱਭ ਦੀ ਜਿੰਮੇਵਾਰੀ ਸਾਡੀ ਹੈ। ਕੁੜੀ ਸੋਹਣੀ ਸੁਨੱਖੀ ਅਤੇ ਸਮਝਦਾਰ। ਉਸਦੇ ਬਾਪ ਨੂੰ ਵੀ ਮਿਲ ਚੁੱਕੇ ਹਾਂ।
"ਕਿਹੜੀ ਕੁੜੀ ਹੈ? ਮੰਮੀ ਜੀ। ਗੋਪਾਲ ਨੇ ਹੈਰਾਨ ਹੋ ਕੇ ਪੁੱਛਿਆ।"
"ਤੇਰੀ ਮੰਮੀ ਵਕੀਲ ਸਾਹਿਬ ਦੀ ਛੋਟੀ ਬੇਟੀ ਨੀਲਮ ਬਾਰੇ ਗੱਲ ਕਰਦੀ ਹੈ……।" ਗੋਪਾਲ ਦਾ ਪਿਤਾ ਬੋਲਿਆ।
"ਤੁਹਾਨੂੰ ਪਤਾ ਹੈ, ਨੀਲਮ ਅਜੇ ਕੁਆਰੀ, ਚੰਗੇ ਖਾਨਦਾਨ ਦੀ ਪੜ੍ਹੀ ਲਿਖੀ ਕੁੜੀ ਹੈ। ਉਸਦੇ ਮਾਂ-ਬਾਪ ਅਤੇ ਉਹ ਖੁਦ ਮੇਰੇ ਵਰਗੇ ਬੰਦੇ ਨਾਲ ਉਸਦਾ ਵਿਆਹ ਕਰਨ ਲਈ ਕਿਵੇਂ ਮੰਨ ਜਾਣਗੇ।" ਕਿਉਂ ਨਹੀਂ ਸਾਡੇ ਪੁੱਤ ਵਿੱਚ ਕਿਹੜੀ ਘਾਟ ਹੈ, ਸੁੱਖ ਨਾਲ ਸੱਭ ਗੁਣ ਤਾਂ ਉਸ ਵਿੱਚ ਹੈ…।"
ਮੰਮੀ ਜੀ ਆਪਣਾ ਪੁੱਤ ਵੀ ਕਦੇ ਕਿਸੇ ਨੂੰ ਮਾੜਾ ਲੱਗਿਆ ਹੈ।, ਪਰ ਸੱਚਾਈ ਤਾਂ ਸੱਚਾਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮੈਂ ਸਾਦੀ-ਸ਼ੁਦਾ ਹਾਂ, ਜਿਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
"ਬੇਟਾ ਗੋਪਾਲ ਐਸੀ ਕੋਈ ਗੱਲ ਨਹੀਂ। ਤੇਰੇ ਵਿਆਹ ਦੀ ਗੱਲ ਖੁਦ ਨੀਲਮ ਦੇ ਡੈਡੀ ਨੇ ਆਪ ਤੋਰੀ ਸੀ, ਉਹ ਇਸ ਰਿਸ਼ਤੇ ਨੂੰ ਖੁਸ਼ੀ ਖੁਸ਼ੀ ਕਰਨਾ ਚਾਹੁੰਦੇ ਹਨ। ਉਹਨਾਂ ਦੀ ਵੱਡੀ ਬੇਟੀ ਦੀ ਮੌਤ ਲਾਲਚੀ ਸਹੁਰਿਆਂ ਦੇ ਹੱਥੋਂ ਹੋਈ ਸੀ। ਉਹ ਦੂਜੀ ਕੁੜੀ ਬਾਰੇ ਰਿਸਕ ਨਹੀਂ ਲਣਾ ਚਾਹੁੰਦੇ। ਸਾਡੇ ਪਰਵਾਰ ਅਤੇ ਤੈਨੂੰ ਚੰਗੀ ਤਰ੍ਹਾਂ ਜਾਣਦੇ ਹਨ।"
"ਡੈਡੀ ਜੀ ਨੀਲਮ ਰਜ਼ਾਮੰਦ ਹੈ ਕਿ ਆਪਣੇ ਕੋਲੋਂ ਹੀ ਸਾਰੀ ਗੱਲ ਪੱਕੀ ਕਰੀ ਬੈਠੇ ਹੋ। ਉਸਦੀ ਪੂਰੀ ਜਿੰਦਗੀ ਦਾ ਸਵਾਲ ਹੈ। ਜ਼ੋਰ ਜੋਬਰਦਸਤੀ ਕਾਰਣ ਅਤੇ ਮਜਬੂਰੀ ਵਿੱਚ ਕੀਤੀ ਸ਼ਾਦੀ ਮੁਸੀਬਤ ਬਣ ਜਾਂਦੀ ਹੈ।"
ਐਵੇਂ ਫ਼ਜ਼ੂਲ ਫਿਕਰ ਨਾ ਕਰ, ਗੱਲ ਤੇਰੀ ਸਿਆਣੀ ਹੈ, ਪਰ ਨੀਲਮ ਇਸ ਵਿਆਹ ਨੂੰ ਖੁਸ਼ੀ-ਖੁਸ਼ੀ ਕਰਨਾ ਚਾਹੁੰਦੀ ਹੈ। ਉਸਦੀ ਇਸੇ ਵਿੱਚ ਹੀ ਰਜ਼ਾਮੰਦੀ ਹੈ। ਗੋਪਾਲ ਦੇ ਪਿਤ ਨੇ ਕਿਹਾ। ਪਰ ਡੈਡੀ ਜੀ ਜੋ ਵੀ ਹੈ, ਮੈਂ ਇੱਕ ਵਾਰ ਨੀਲਮ ਨੂੰ ਮਿਲਣਾ ਚਾਹੁੰਦਾ ਹਾਂ। ਉਸਦਾ ਫ਼ੈਂਸਲਾ ਮੈਂ ਉਸਦੇ ਮੂੰਹੋ ਸੁਨਣਾ ਚਾਹੁੰਦਾ ਹਾਂ, ਬਾਕੀ ਜੋ ਹੋਵੇਗਾ ਦੇਖਿਆ ਜਾਵੇਗਾ।"
"ਠੀਕ ਹੈ ਬੇਟਾ ਤੇਰੀ ਮਰਜ਼ੀ। ਸਾਨੂੰ ਤਾਂ ਇਸ ਗੱਲ ਦੀ ਬਹੁੱਤ ਖ਼ੁਸ਼ੀ ਹੈ ਕਿ ਸਾਡਾ ਬੇਟਾ ਸ਼ਾਦੀ ਲਈ ਰਜ਼ਾਮੰਦ ਹੋ ਗਿਆ। ਸਾਨੂੰ ਤੇਰੇ ਤੋਂ ਇਹੋ ਉਮੀਦ ਸੀ ਬਾਕੀ ਵਕੀਲ ਸਾਹਿਬ ਨਾਲ ਗੱਲ ਕਰ ਲਵਾਂਗੇ।"
"ਤੁਸੀਂ ਬਿਲਕੁਲ ਦੇਰ ਨਾ ਕਰੋ, ਬੱਸ ਛੇਤੀ-ਛੇਤੀ ਵਕੀਲ ਸਾਹਿਬ ਨਾਲ ਗੱਲ ਕਰੋ। ਮਸਾਂ-ਮਸਾਂ ਮੇਰਾ ਪੁੱਤ ਰਾਜ਼ੀ ਹੋਇਆ ਹੈ ਕਿਤੇ ਫਿਰ ਇਰਾਦਾ ਨਾ ਬਦਲ ਲਵੇ, ਗੋਪਾਲ ਦੀ ਮਾਂ ਬੋਲੀ।"
"ਇਹੋ ਜਿਹੀ ਕੋਈ ਗੱਲ ਨਹੀਂ, ਸਾਡਾ ਗੋਪਾਲ ਮੂਰਖ ਨਹੀਂ ਹੈ, ਸਮਝਦਾਰ ਹ,ੈ ਸਾਰੀ ਗੱਲ ਸਮਝਦਾ ਹੈ।"
"ਮੰਮੀ ਜੀ ਮੈਂ ਤੁਹਾਡੀ ਬੇ-ਇਜ਼ਤੀ ਕਰਵਾ ਸਕਦਾ ਹਾਂ? ਇਹੋ ਜਿਹੀ ਕੋਈ ਗੱਲ ਨਹੀਂ ਪੁੱਤ, ਮੈਂ ਤਾਂ ਮਜ਼ਾਕ ਕਰਦੀ ਸਾਂ। ਮੈਨੂੰ ਪਤਾ ਮੇਰਾ ਪੁੱਤ ਕਿਹੋ ਜਿਹਾ ਹੈ, ਢਿਡੋਂ ਜੰਮਿਆ ਹੈ ਆਖਰ। ਮੈਂ ਤੇਰੀ ਮਾਂ ਹਾਂ ਮੈਂ ਤਾਂ ਤੇਰਾ ਦਿਲ ਦੂਸਰੇ ਪਾਸੇ ਲਗਾ ਰਹੀ ਸੀ, ਮੇਰੇ ਪੁੱਤ ਨੇ ਬਹੁੱਤ ਦੁੱਖ ਵੇਖੇ ਹਨ…..।"
"ਮਾਂ-ਬਾਲ ਦਾ ਪਿਆਰ ਦੇਖ ਕੇ ਗੋਪਾਲ ਦਾ ਗਲਾ ਭਰ ਆਇਆ, ਉਸਦੀ ਭੁੱਬ ਨਿਕਲ ਗਈ। ਗੋਪਾਲ ਭਾਵੇਂ ਇੱਕ ਕਾਬਲ ਅਫ਼ਸਰ ਸੀ, ਪਰ ਮਾਂ-ਪਿਉੁ ਵਾਸਤੇ ਤਾਂ ਬੱਚਾ ਹੀ ਸੀ।"
"ਨਾ ਮੇਰਾ ਲਾਲ ਐਵੀਂ ਦਿਲ ਛੋਟਾ ਨਹੀਂ ਕਰੀਦਾ। ਤੇਰੇ ਲਈ ਤਾਂ ਜਾਨ ਵੀ ਹਾਜ਼ਰ ਹੈ। ਮਾਪੇ ਧੀਆਂ-ਪੁੱਤਰਾਂ ਵਾਸਤੇ ਬਹੁੱਤ ਕੁੱਝ ਕਰਦੇ ਹਨ। ਤੂੰ ਤਾਂ ਸਾਡਾ ਆਸਰਾ ਹੈਂ, ਤੂੰ ਦਿਲ ਛੋਟਾ ਨਾ ਕਰਿਆ ਕਰ।"
ਤੇਰੀ ਮਾਂ ਠੀਕ ਕਹਿੰਦੀ ਹੈ ਗੋਪਾਲ, ਅਸੀਂ ਤੇਰੇ ਨਾਲ ਹਾਂ। ਤੂੰ ਅੇਵੈਂ ਦਿਲ ਛੋਟਾ ਨਾ ਕਰ। ਤੇਰੇ ਆਸਰੇ ਤਾਂ ਅਸੀਂ ਤੁਰੇ ਫਿਰਦੇ ਹਾਂ। ਤੂੰ ਸਾਡੀ ਆਸ ਉਮੀਦ ਹੈਂ। ਜਜ਼ਬਾਤੀ ਹੁੰਦਾ ਗੋਪਾਲ ਦਾ ਪਿਤਾ ਇਹ ਲਫ਼ਜ਼ ਕਹਿ ਰਿਹਾ ਸੀ ਕਿ ਉਸਦਾ ਵੀ ਮਨ ਭਰ ਆਇਆ।
ਕੁੱਝ ਦਿਨਾਂ ਮਗਰੋਂ ਗੋਪਾਲ ਦਾ ਪਿਤਾ ਵਕੀਲ ਸਾਹਿਬ ਨੂੰ ਮਿਲਿਆ।
"ਵਕੀਲ ਸਾਹਿਬ, ਗੋਪਾਲ ਸ਼ਾਦੀ ਲਈ ਰਜ਼ਾਮੰਦ ਹੋ ਗਿਆ ਹੈ……।"
"ਅੱਛਾ! ੀeਹ ਤਾਂ ਬੜੀ ਖੁਸ਼ੀ ਦੀ ਗੱਲ ਹੈ………।"
"ਪਰ ਇੱਕ ਗੱਲ ਹੈ ਵਕੀਲ ਸਾਹਿਬ…………।"
"ਉਹ ਕਿਹੜੀ ਗੱਲ………………?"
"ਗੱਲ ਤਾਂ ਕੋਈ ਖ਼ਾਸ ਨਹੀਂ, ਗੋਪਾਲ ਕਹਿੰਦਾ ਹੈ, ਇੱਕ ਵਾਰ ਉਸਨੇ ਨੀਲਮ ਨੂੰ ਮਿਲਣਾ ਹੈ। ਉਹ ਨੀਲਮ ਦਾ ਫ਼ੈਂਸਲਾ ਨੀਲਮ ਦੀ ਜ਼ੁਬਾਨੀ ਸੁਨਣਾ ਚਾਹੁੰਦਾ ਹੈ।"
"ਇਹ ਤਾਂ ਬੜੀ ਸਿਆਣੀ ਗੱਲ ਹੈ ਗੋਪਾਲ ਬੇਟੇ ਦੀ। ਜਿੰਦਗੀ ਤਾਂ ਉਹਨਾਂ ਆਪਸ ਵਿੱਚ ਬਤੀਤ ਕਰਨੀ ਹੈ। ਅੱਛਾ ਦੱਸੋ, ਕਦੋਂ ਮਿਲਣਾ ਚਾਹੁੰਦਾ ਹੈ ਗੋਪਾਲ, ਨੀਲਮ ਨੂੰ।"
"ਮੇਰੇ ਖਿਆਲ ਨਾਲ ਕਲ੍ਹ ਠੀਕ ਰਹੇਗਾ।"
ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਕੱਲ੍ਹ ਗੋਪਾਲ ਨੂੰ ਭੇਜ ਦੇਣਾ ਨਾਲੇ ਪਹਿਲੀ ਵਾਰ ਥੋੜ੍ਹਾ ਮਿਲਣਾ ਉਹਨਾਂ ਨੇ, ਪਹਿਲਾਂ ਵੀ ਤਾਂ ਮਿਲ ਚੁੱਕੇ ਹਨ।"
"ਅੱਛਾ ਵਕੀਲ ਸਾਹਿਬ, ਮੈਂ ਚੱਲਦਾ ਹਾਂ………।" ਇਹ ਲਫਜ਼ ਕਹਿ ਕੇ ਗੋਪਾਲ ਦਾ ਪਿਤਾ ਚੱਲਿਆ ਗਿਆ। ਅਗਲੇ ਦਿਨ ਗੋਪਾਲ ਨੂੰ ਮਿਲਿਆ।
"ਦੇਖ ਨੀਲਮ ਮੈਂ ਤੇਰੇ ਨਾਲ ਕੋਈ ਲੰਬੀ ਚੌੜੀ ਗੱਲ ਨਹੀਂ ਕਰਨੀ, ਕਿਉਂਕਿ ਿਪਹਿਲੇ ਹੀ ਤੂੰ ਮੈਨੂੰ ਜਾਣਦੀ ਹੈਂ, ਫਿਰ ਵੀ ਮੈਂ ਪੁੱਛਣਾ ਚਾਹੁੰਦਾ ਹਾਂ….।"
"ਕੀ ਪੁੱਛਣਾ ਚਾਹੁੰਦੇ ਹੋ? ਤੁਸੀਂ ਜੋ ਵੀ ਪੁੱਛਣਾ ਹੈ, ਪੁੱਛ ਲਉ।" ਦੇਖ ਨੀਲਮ ਤੂੰ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਦੀ ਹੈਂ। ਤੂੰ ਮੇਰੇ ਨਾਲ ਵਿਆਹ ਕਿਸੇ ਮਜਬੂਰੀ ਨਾਲ ਤਾਂ ਨਹੀਂ ਕਰਨਾ ਚਾਹੁੰਦੀ? ਅਗਰ ਇਹੋ ਜਿਹੀ ਕੋਈ ਗੱਲ ਹੈ ਤਾਂ ਬਹੁੱਤ ਮਾੜੀ ਗੱਲ ਹੈ। ਮੇਰੀ ਜਿੰਦਗੀ ਤਾਂ ਠੀਕ-ਠਾਕ ਚੱਲ ਰਹੀ ਹੈ। ਤੇਰੀ ਜਿੰਦਗੀ ਬਰਬਾਦ ਕਰਨ ਦਾ ਮੈਨੂੰ ਕੋਈ ਹੱਕ ਨਹੀਂ ਹੈ…..।"
"ਇਹੋ ਜਿਹੀ ਕੋਈ ਗੱਲ, ਇਸ ਗੱਲ ਵਿੱਚ ਮੈਂ ਵੀ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਵਿਆਹ ਬਾਰੇ ਡੈਡੀ ਜੀ ਨਾਲ ਨੂੰ ਮੈਂ ਸਲਾਹ ਦਿੱਤੀ ਸੀ। ਗੱਲ ਤਾਂ ਡੈਡੀ ਜੀ ਨੇ ਹੀ ਕਰਨੀ ਸੀ।"
"ਤੇਰੀ ਸਲਾਹ ਕੀ ਹੈ? ਮੇਰੇ ਨਾਲ ਵਿਆਹ ਤਰਸ ਖਾ ਕੇ ਤਾਂ ਨਹੀਂ ਕਰ ਰਹੀ।  ਤਰਸ, ਰਹਿਮ ਕੋਈ ਚੰਗੀ ਗੱਲ ਨਹੀਂ ਹੁੰਦੀ।"
"ਮੈਂ ਤੁਹਾਨੂੰ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ, ਤੁਹਾਨੂੰ ਮੈਂ ਪਹਿਲਾਂ ਵੀ ਚੰਗੀ ਤਰ੍ਹਾਂ ਜਾਣਦੀ ਹਾਂ। ਜੋ ਕੁੱਝ ਤੁਹਾਡੇ ਨਾਲ ਹੋਇਆ, ਉਸ ਵਿੱਚ ਤੁਹਾਡਾ ਕੀ ਕਸੂਰ? ਇਹ ਸੱਭ ਭਗਵਾਨ ਦੇ ਹੱਥ ਵਿੱਚ ਹੈ। ਮੈਂ ਨਾ ਤਰਸ ਕਰਨ ਅਤੇ ਨਾ ਹੀ ਤਰਸ ਲੈਣ ਦੇ ਹੱਕ ਵਿੱਚ ਹਾਂ। ਨਾ ਮੈਂ ਖ਼ੁਦ ਵਿਚਾਰੀ ਬਣਨ ਵਿੱਚ ਭਰੋਸਾ ਰੱਖਦੀ ਹਾਂ। ਵੱਡੀ ਦੀਦੀ ਬਾਰੇ ਤੁਹਾਨੂੰ ਪਤਾ ਹੈ, ਕਿਵੇਂ ਲਾਲਚੀ ਸਹੁਰਿਆਂ ਨੇ ਉਸ ਨੂੰ ਮਾਰ ਦਿੱਤਾ ਸੀ। ਤੁਸੀਂ ਨਾਲੇ ਸਾਡੀ ਜਾਣ-ਪਹਿਚਾਣ ਵਾਲੇ ਹੋ। ਅਗਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ।"
"ਮੈਨੂੰ ਭਲਾ ਕੀ ਇਤਰਜ਼ ਹੋ ਸਕਦਾ ਹੈ? ਮੈਂ ਵੀ ਇਸ ਰਿਸਤੇ ਨੂੰ ਸਵਿਕਾਰ ਕਰਦਾ ਹਾਂ। ਐਸੇ ਵਿੱਚ ਹੀ ਸਭ ਦਾ ਭਲਾ ਹੈ। ਮੈਂ ਤੈਨੂੰ ਜਿੰਦਗੀ ਵਿੱਚ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।"
"ਮੈਨੂੰ ਸਭ ਪਤਾ ਹੈ, ਸੁਨੀਤਾ ਦੀਦੀ ਨੂੰ ਚੰਗੀ ਤਰ੍ਹਾਂ ਮਿਲ ਚੁੱਕੀ ਹਾਂ। ਸੁਨੀਤਾ ਦੀਦੀ ਦੀ ਥਾਂ ਤਾਂ ਨਹੀਂ ਲੈ ਸਕਦੀ। ਫਿਰ ਵੀ ਤੁਹਾਨੂੰ ਸੱਭ ਸੁੱਖ ਦੇਣ ਦਾ ਵਾਅਦਾ ਕਰਦੀ ਹਾਂ।"
"ਗੋਪਾਲ ਅਤੇ ਨੀਲਮ ਦਾ ਵਿਆਹ ਹੋ ਗਿਆ। ਨੀਲਮ ਨੇ ਗੋਪਾਲ ਦੀ ਜਿੰਦਗੀ ਵਿੱਚ ਸੁਨੀਤਾ ਦੀ ਕਮੀ ਪੂਰੀ ਕਰ ਦਿੱਤੀ।"