ਖੁੱਲੇ ਵਿਹੜੇ ਵਾਲੇ , ਵੱਡੇ ਜਿਹੇ ਮਕਾਨ ਦੇ ਵਰਾਂਡੇ 'ਚ , ਚੌੜੇ ਪਾਵਿਆਂ ਵਾਲੇ ਮੰਜੇ 'ਤੇ ਬੈਠਾ ਕਰਮੂ, ਸੁੱਕੇ ਬੁੱਲਾਂ ਨਾਲ ਹੁੱਕਾ ਗੁੜਗੂੜਾ ਰਿਹਾ ਸੀ। ਬਜੁਰਗ ਦੇਹੀ, ਕਣਕ ਭਿੰਨਾ ਰੰਗ, ਪਿਚਕਿਆ ਅਤੇ ਝੂਰੜੀਆਂ ਭਰਿਆ ਚਿਹਰਾ, ਉਸਦੀ ਮਿਹਨਤਕਸ਼ੀ ਦਾ ਸਬੂਤ ਦੇ ਰਿਹਾ ਸੀ। ਮੰਜੇ 'ਤੇ ਵਿਛੀ ਪੁਰਾਣੀ ਮੈਲੀ-ਕੁਚੈਲੀ ਤਲਾਈ, ਉਸ ਵਾਂਗ ਆਪਣੀ ਉਮਰ ਹੰਢਾ ਚੁਕੀ ਸੀ। ਬਹੁਰੰਗੀ ਟਾਕੀਆਂ ਵਾਲਾ ਖੇਸ ਜੋ aਸਦੀ ਸਵਰਗੀਯ ਪਤਨੀ ਬੰਤੀ ਦੇ ਦਾਜ ਦਾ ਸੀ। ਉਸਨੂੰ ਚੜਦੇ ਮੱਘਰ ਮਹੀਨੇ ਦੀਆਂ ਵਰ ਰਹੀਆਂ ਕਣੀਆਂ ਦੀ ਝੜੀ ਵਿਚ ਗੋਡਿਆਂ ਤਾਂਈਂ ਨਿੱਘ ਦੇ ਰਿਹਾ ਸੀ।
ਹਵਾ ਦਾ ਇਕ ਤੇਜ਼ ਬੁੱਲਾ, ਵਰਾਂਡੇ ਨੂੰ ਚੀਰਦਾ, ਕਰਮੂ ਨਾਲ ਟਕਰਾਉਂਦਾ ਹੋਇਆ, ਪੁਰੇ ਕਮਰੇ 'ਚ ਫੈਲ ਗਿਆ...ਕਰਮੂ ਨੇ ਖੇਸ ਆਪਣੇ ਦੁਆਲੇ ਹੋਰ ਕੱਸਿਆ... ਕਿੱਲੀ ਉਤੇ ਟੰਗੀ ਛਤਰੀ ਅਤੇ ਖੂੰਡੀ ਉਸਦੇ ਇਕਲਾਪੇ ਦੀਆਂ ਸਾਥਣਾਂ ਜੋ ਉਸਦਾ ਮਾਸਟਰ ਪੁੱਤ ਦੇ ਗਿਆ ਸੀ ਅਤੇ ਪਰਿਵਾਰ ਸਮੇਤ ਸ਼ਹਿਰ ਜਾ ਵੱਸਿਆ ਸੀ.....ਹਿਲ ਰਹੀਆਂ ਸਨ, ਜਿਵੇਂ ਉਸਦੇ ਇੱਕਲ ਨੂੰ ਵੰਡਾ ਰਹੀਆਂ ਹੋਣ.....ਗਲ ਪਹਿਨਿਆਂ ਫੌਜੀਰੰਗਾ ਕੁੜਤਾ ਤੇ ਸਵੈਟਰ ਉਸ ਲਈ ਫੌਜੀ ਪੁੱਤ ਛੱਡ ਗਿਆ ਸੀ ਜੋ ਫੌਜਣ ਨੂੰ ਲੈ ਕੇ ਪੋਸਟਿੰਗ ਵਾਲੀ ਥਾਂ ਚਲਾ ਗਿਆ ਸੀ.....ਅੰਦਰ ਧੱਸੀਆਂ ਅੱਖਾਂ 'ਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ, ਉਸਦੀ ਨਰਸ ਧੀ....ਬੰਤੀ ਦੀ ਲਾਡਲ਼ੀ ਨੇ ਭੇਜੀ ਸੀ, ਜੋ ਵਿਆਹ ਕਰਵਾ ਪਰਦੇਸ ਚਲੀ ਗਈ ਸੀ।
ਕਰਮੂ ਜਿੰਦਗੀ ਦੀ ਜੰਗ ਜਿੱਤ ਕੇ ਵੀ ਹਾਰੇ ਹੋਏ ਸਿਪਾਹੀ ਵਾਂਗ ਬੈਠਾ, ਹੁੱਕੇ 'ਤੇ ਆਪਣੇ ਸੂਟਿਆਂ ਦਾ ਹਮਲਾ ਕਰਦਾ ਜਾ ਰਿਹਾ ਸੀ। ਜਿਂਓ ਜਿਂਓ ਹਮਲਾ ਤੇਜ਼ ਹੁੰਦਾ ਜਾਂਦਾ, ਉਸਦੀ ਸੋਚ ਦੇ ਘੋੜੇ ਤੇਜ਼ ਹੁੰਦੇ ਜਾ ਰਹੇ ਸਨ....ਯਾਦਾਂ ਦੀ ਦੁਨੀਆਂ 'ਚੋ ਘੁੰਮਾਉਂਦਿਆਂ ਇਹਨਾਂ ਘੋੜਿਆਂ ਨੇ ਉਸਨੂੰ ਆਪਣੇ ਵਿਹੜੇ ਲਿਆ ਖੜਾ ਕੀਤਾ......ਬੇਬਸੀ ਵਿਅਕਤੀ ਨੂੰ ਕਮਜ਼ੋਰ ਅਤੇ ਨਕਾਰਾ ਬਣਾਉਂਦੀ ਹੈ, ਪਰ ਨਾਲ ਹੀ ਉਸਦੀ ਸੋਚ ਨੂੰ ਡੂੰਘਾ ਅਤੇ ਤੁਲਨਾਤਮਕ ਬਣਾਉਂਦੀ ਹੈ......ਕਰਮੂ ਦਾ ਧਿਆਨ ਜ਼ਿੰਦਗੀ ਰੂੱਪੀ ਤੱਕੜ ਦੇ ਸੁੱਖ-ਦੁੱਖ ਦੇ ਦੋਹਾਂ ਪਲੜਿਆਂ 'ਤੇ ਜਾ ਟਿਕਿਆ......ਉਸਨੂੰ ਦੁੱਖ ਦਾ ਪਲੜਾ ਭਾਰੀ ਤੇ ਜ਼ਮੀਨ ਨੂੰ ਛੁਹੰਦਾ ਦਿੱਖਿਆ ਅਤੇ ਸੁੱਖ ਦਾ ਪਲੜਾ ਖਾਲੀ ਤੇ ਅਸਮਾਨ ਨੂੰ.........
ਹੁੱਕੇ ਦੀ ਗੁੜਗੂੜਾਹਟ ਉਸਨੂ ਪੋਤੇ-ਪੋਤੀਆਂ ਦਾ ਰੌਲਾ ਲਗਦਾ....ਉਸਨੂੰ ਇਸੇ ਨਾਲ ਮੋਹ ਸੀ....ਸੋਚਦਾ..ਪੋਤੇ-ਪੋਤੀਆਂ ਨੂੰ ਉਂਗਲੀ ਲਾਉਂਦਾ, ਲਾਡ ਲਡਾਉਂਦਾ, ਪਿੰਡ 'ਚ ਘੁਮਾaੁਂਦਾ, ਬਾਤਾਂ ਸੁਣਾਉਂਦਾ ਅਤੇ ਮਨ ਦੀਆਂ ਸਧਰਾਂ ਪੂਰੀਆਂ ਕਰਦਾ ਜੋ ਉਸਨੇ ਆਪਣੀ ਬੰਤੀ ਨਾਲ ਮਿਥੀਆਂ ਸਨ...ਪਰ ਉਸਦੀਆਂ ਸੱਧਰਾਂ ਹੁੱਕੇ ਦੀ ਟੋਪੀ 'ਚ ਧੁਖਦੇ ਗੋਹਿਆਂ ਵਾਂਗ... ਛਾਤੀ ਅੰਦਰ ਹੀ ਧੁਖ ਕੇ ਸੁਆਹ ਹੋ ਗਈਆਂ।
ਹੁੱਕੇ ਦੀ ਗੁੜਗੁੜ ਕੁੱਝ ਮੱਠੀ ਹੋਈ....ਕਰਮੂ ਦੀ ਝਾਤ ਸੂੰਝੇ ਵਿਹੜੇ 'ਚ ਫੈਲੀ, ਇਕ ਮਿੰਨੀ ਜਿਹੀ ਮੁਸਕਾਨ ਉਸਦੇ ਸੁੱਕੇ ਬੁਲਾਂ ਨੱਚੀ....ਅਤੀਤ 'ਚੋ ਕੁੱਝ ਚਿਹਰੇ ਨਜ਼ਰ ਆਏ, ਜੋ ਉਸ ਦੇ ਆਪਣੇ ਜੀਆਂ ਦੇ ਸਨ... ਤੇ ਕਰਮੂ ਇਹਨਾਂ ਚਿਹਰਿਆਂ 'ਚ ਇਕਾਇਕ ਗੁਆਚ ਗਿਆ...................
"ਕੀ ਹੋਇਆ ਪੁੱਤਰ? ਬੜਾ ਅੱਖੀਆਂ ਫਿਹੰਦਾ ਆ ਰਿਹੈਂ , ਸਕੂਲੋਂ!"
ਕਰਮੂ ਨੇ ਛੋਟੇ ਨੂੰ ਬਾਹੋਂ ਫੜਦਿਆਂ ਕਿਹਾ।
"ਵੀਰੇ ਨੇ ਮੈਨੂੰ ਮਾਰਿਆ ਏ! "
ਛੋਟੇ ਨੇ ਬਸਤਾ ਮੰਜੀ 'ਤੇ ਵਗਾਹ ਮਾਰਿਆ।
ਹਲਾ! ਆ ਲੈਣ ਦੇ ਵੀਰੇ ਨੂੰ.....ਪੁੱਛਦਾ ਏਂ। ਕਿਉਂ ਮਾਰਿਆ ਮੇਰੇ ਪੁੱਤਰ ਨੂੰ? "ਵੱਡਾ ਵੀਰਾ ਬਣਿਆਂ ਫਿਰਦੈ" ਕਰਮੂ ਨੇ ਹਮਦਰਦੀ ਪ੍ਰਗਟਾਈ।
......ਨਿੱਕੀ ਭੈਣ ਦਾ ਹੱਥ ਫੜੀਂ ਵੀਰਾ ਅਜੇ ਘਰ ਦੀ ਦਹਿਲੀਜ਼ ਲੰਘਿਆਂ ਹੀ ਸੀ ਕਿ ਮੋਢੇ ਨਾਲ ਖੜੋਤੇ ਛੋਟੇ ਨੇ ਕਰਮੂ ਨੂੰ ਹੁੱਝਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ.......
"ਆ ਗਿਆ ਈ, ਪੁੱਛ ਇਹਨੂੰ" ਛੋਟਾ ਵੀਰੇ ਵੱਲ ਘੂਰ ਰਿਹਾ ਸੀ।
ਪੁੱਛ ਵੀ.......
"ਹਾਂ ਭਈ ਵੀਰ ਜੀ! ਤੁਸੀ ਛੋਟੇ ਨੂੰ ਕਿਓੁਂ ਮਾਰਿਆ , ਕਰਮੂ ਨੇ ਮੁਸਕਰਾਉਂਦੀਆਂ ਪੁੱਛਿਆ
"ਪਿਤਾ ਜੀ ! ਇਹ ਆਪਣੀ ਕੁਲ/ੀ ਖਾ ਕੇ ਤੇ ਲਾਡੋ ਦੀ ਕੁਲ/ੀ ਖੋਂਹਦਾ ਸੀ 'ਤੇ ਮੈਂ ਫਿਰ......
ਕਰਮੂ ਦੀ ਨਜ਼ਰ ਛੋਟੇ ਵੱਲ ਘੁੰਮੀ , ਉਸ ਦੀਆਂ ਨਜ਼ਰਾਂ 'ਤੇ ਸਿਰ ਦੋਵੇਂ ਝੁੱਕ ਗਏ। ਕਰਮੂ ਦਾ ਨੱਪਿਆ ਹਾਸਾ ਠਹਾਕੇ ਨਾਲ ਨਿਕਲਿਆ।
......ਹੁੱਕੇ ਦੀ ਨਲੀ ਕੱਸੀ ਕਰਮ ਦੇ ਮੂੰਹ 'ਤੇ ਹਾਸਾ ਫਿਰ ਚਮਕ ਆਇਆ.....ਮੂੰ ਲਾਲ ਹੁੰਦਾ ਗਿਆ ਫਿਰ ਉਸਦੇ ਕੰਨੀ ਇਕ ਤਿੱਖੀ 'ਵਾਜ ਟੱਕਰਾਈ......
"ਜਾਓ! ਬੱਚਿਆਂ ਨੂੰ ਵੇਖੋ , ਅਜੇ ਤੱਕ ਖੇਤਾਂ 'ਚੋਂ ਆਏ ਹੀ ਨਹੀ, ਸੂਰਜ ਸਿਰ ਤੋਂ ਲੰਘ ਚੱਲਿਆ , ਉਹਨਾਂ ਨੂੰ ਭੁੱਖ ਵੀ ਲੱਗੀ ਹੋਣੀ ਏ...." ਆੱਟਾ ਗੁੰਨਦੀ ਬੰਤੀ ਨੇ ਅਵਾਜ਼ ਦਿੱਤੀ।
"ਆਉਂਦੇ ਹੀ ਹੋਣੇ, ਥੋੜਾ ਜਿਹਾ ਖੇਤ ਤਾਂ ਗੁੱਡਣ ਵਾਲਾ ਰਿਹ ਗਿਆ ਸੀ"। ਮੰਜੀ ਦੀ ਪੈਂਦ ਕੱਸਦਿਆਂ ਕਰਮੂ ਨੇ ਉੱਤਰ ਦਿੱਤਾ।
"ਆਹ ਫੜ ਲੈ, ਕਰ ਲੈ ਕਾਬੂ, ਆ ਗਏ ਤੇਰੇ ਲਾਡਲੇ"।
ਮਟਮੈਲੇ ਹੋਏ ਕੱਪੜੇ, ਤਿੰਨੋ ਭੈਣ ਭਰਾ, ਲਾਡੋ ਦੇ ਹੱਥ 'ਚ ਕਿਤਾਬਾਂ, ਉਹ ਵੀਰੇ ਕੋਲ ਪੜਦੀ ਸੀ....ਹਸਦੇ ਆ ਰਹੇ ਸਨ।
"ਅੰਮਾਂ ਅੰਮਾਂ! ਵੀਰੇ ਨੇ ਮੇਰੀ ਕਿਤਾਬ ਪਾੜ ਦਿੱਤੀ"। ਮਾਂ ਵੱਲ ਭੱਜਦਿਆਂ ਵੀਰੇ ਨੂੰ ਛੇੜਿਆ।
"ਠਹਿਰ ਜਾ ਤੇਰੀ ਤੇਰੀ ਗੁਤੜੀ ਘਮਾਂਉਨਾ, ਪਾੜੀ ਆਪ ਨਾਂ ਮੇਰਾ"। ਵੀਰਾ ਲਾਡੋ ਪਿੱਛੇ ਭੱਜਿਆ।
ਵਿਹੜੇ 'ਚ ਭਗਦੜ ਜਿਹੀ ਮੱਚ ਗਈ। ਲਾਡੋ ਅੱਗੇ ਅੱਗੇ ਤੇ ਵੀਰਾ ਪਿੱਛੇ ਪਿੱਛੇ........ਕਰਮੂ ਦੇ ਬੁਲ ਹੁਣ ਹੁੱਕਾ ਭੁਲ ਕੇ ਹਾਸੇ ਦੀਆਂ ਫੁਹਾਰੀਆਂ ਛੱਡ ਰਹੇ ਸਨ ਤੇ ਅੱਖਾਂ ਸਾਉਣ ਦੀ ਝੜੀ......ਤਿੰਨੋ ਭੈਣ ਭਰਾ ਸ਼ਰਾਰਤਾਂ ਕਰਦੇ, ਹਸਦੇ ਖੇਡਦੇ, ਮਾਂ ਨੂੰ ਸਤਾਉਂਦੇ, ਕਦੇ ਕਰਮੂ ਨੂੰ ਪਿਆਰ ਵੰਡਦੇ, ਵੀਰਾ ਤੇ ਛੋਟਾ ਸਕੂਲੋਂ ਆ ਕੇ ਕਰਮੂ ਨਾਲ ਖੇਤਾਂ 'ਚ' ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ। ਮਾਸਟਰ ਹਮੇਸ਼ਾ ਪੜਾਈ ਲਿਖਾਈ, ਵੱਡੀਆਂ -ਵੱਡੀਆਂ ਸਰਕਾਰਾਂ ਤੇ ਜਥੇਬੰਦੀਆਂ ਦੀਆਂ ਗੱਲਾਂ ਕਰਦਾ, ਜੋ ਕਰਮੂ ਨੂੰ ਘੱਟ ਹੀ ਸੱਮਝ ਆਉਂਦੀਆਂ। ਫੌਜੀ ਹਮੇਸ਼ਾ ਖੇਤਾਂ 'ਚ' ਕੰਮ ਕਰਦਾ ਹੋਇਆ ਜ਼ੋਰ-ਜ਼ੋਰ ਨਾਲ ਦੇਸ਼ ਭਗਤੀ ਦੇ ਗੀਤ ਗਾਉਂਦਾ ਤੇ ਮਰਨ-ਮਰਾਉਣ ਦੀਆਂ ਦਿਲ ਹਲਾਉ ਗੱਲਾਂ ਕਰਦਾ।
ਤਿੰਨੋ ਭੈਣ ਭਰਾ ਮਾਪੇ ਰੂਪੀ ਰੁੱਖ ਦੀ ਛਾਂ ਮਾਣਦੇ 'ਤੇ ਉਹਨਾਂ ਦੇ ਪਿਆਰ ਦੀ ਬੁੱਕਲ ਦਾ ਨਿੱਘ ਲੈਂਦੇ। ਜਵਾਨ ਹੋਏ, ਵਿਆਹੇ ਗਏ ਤੇ ਕਿਦਰੇ ਜਾ ਵੱਸੇ। ਇਸ ਬੁਢੇ ਰੁੱਖ ਨੂੰ ਦੇਖਣਾ ਤਾਂ ਕਿਦਰੇ ਰਿਹਾ, ਉਸ ਕੋਲੋਂ ਲੰਘਣਾਂ ਵੀ ਭੁੱਲ ਗਏ.....ਜਿਸਦੀ ਛਾਂ ਹੇਠਾਂ ਠੰਡਕ ਮਹਸੂਸਦੇ ਅੱਜ ਉਸਨੂੰ ਛਾਂ ਕਰਨ ਦੀ ਥਾਂ ਉਸਦੀ ਕੱਛੇ ਛਤਰੀ ਮਰਵਾ ਦਿੱਤੀ ,ਜਿਸ ਉਂਗਲੀ ਦੇ ਸਹਾਰੇ ਚਲਣਾ ਸਿੱਖਿਆ ਅੱਜ ਉਸਦਾ ਸਹਾਰਾ ਬਣਨ ਦੀ ਥਾਂ ਉਸਦੇ ਹੱਥ ਖੂੰਡੀ ਥਮਾ ਦਿੱਤੀ , ਉਸਦੀਆਂ ਨਜ਼ਰਾਂ ਬਣ ਉਸਦੇ ਸਾਕਾਰ ਸੁਪਨਿਆ ਨੂੰ ਹਕੀਕੀ ਨਜ਼ਾਰਾ ਵਿਖਾਉਣ ਦੀ ਥਾਂ ਉਸਨੂੰ ਮੋਟੇ ਸ਼ੀਸ਼ਿਆਂ ਦੀ ਐਨਕ ਲਗਵਾ ਦਿੱਤੀ 'ਤੇ ਪਿਆਰ ਦੀ ਬੁੱਕਲ ਦੀ ਥਾਂ ਉਸਨੂੰ ਜੁਦਾਈ ਦੇ ਮਹਿਲ 'ਚ ਬੈਠਾ ਦਿੱਤਾ.......ਵਿਆਜ਼ ਤਾਂ ਕਿਦਰੇ ਉਸਦਾ ਮੂਲ ਵੀ ਡੁੱਬ ਗਿਆ.........
ਮੱਠੇ ਹੋਏ ਹੁੱਕੇ ਨੇ ਕਰਮੂ ਦਾ ਧਿਆਨ ਆਪਣੇ ਵੱਲ ਖਿੱਚਿਆ,"ਯਾਰਾ! ਹਕੀਕਤ 'ਚ ਆ".....ਹੁਣ ਵਿਹੜਾ ਸੁੰਝਾ ਸੀ.....ਅਕਸਰ ਸੁੰਝੇ ਵਿਹੜੇ 'ਚ ਉਸਦੀਆਂ ਯਾਦਾਂ ਰੇਗਿਸਤਾਨੀ ਮ੍ਰਿਗਤਰਿਸ਼ਨਾ ਵਾਂਗ ਇੱਥੇ ਹੀ ਸਮਾ ਜਾਦੀਆਂ।
ਚਲ ਚਿੱਤਰਾਂ ਵਾਂਗ ਇਹ ਦ੍ਰਿਸ਼ ਕਰਮੂ ਦੀਆਂ ਨਜ਼ਰਾਂ 'ਚੋ ਲੰਘਦੇ ਗਏ, ਕੁੱਝ ਅਵਾਜਾਂ ਅਜੇ ਵੀ ਉਸਦੇ ਕੰਨਾਂ 'ਚ ਗੂੰਜ ਰਹੀਆਂ ਸਨ। ਕਰਮੂ ਬਾਪੂ ਦੇ ਤਿੰਨ ਬਾਂਦਰਾਂ ਵਾਂਗ, ਕਦੇ ਮੁੰਹ ਅੱਗੇ ਹੱਥ ਟਿਕਾਉਂਦਾ, ਕਦੇ ਕੰਨਾਂ 'ਚ ਉਂਗਲ਼ੀਆਂ ਧੱਕਦਾ 'ਤੇ ਕਦੇ ਅੱਖਾਂ ਅੱਗੇ ਚੱਪੇ ........... ਸੋਚਦਾ... ਮੁੰਹ 'ਚੋ ਕਿਦਰੇ ਭੁੱਬ ਨਾ ਨਿਕਲੇ, ਕੰਨਾਂ 'ਚ ਅਵਾਜਾਂ ਨਾ ਸੁਣਾਂ 'ਤੇ ਉਹ ਚਿਹਰੇ ਨਜ਼ਰਾਂ 'ਚੋ ਹਟ ਜਾਣ......ਪਰ ਜਜ਼ਬਾਤ ਦੇ ਰੌਅਂ 'ਚ ਵਹਿੰਦੇ ਅਥਰੂਆਂ ਦੇ ਦਰਿਆ ਨੂੰ ਕੌਣ ਰੋਕ ਸਕਿਆ! ਕਰਮੂ ਵੀ ਉਸ ਦਰਿਆ ਨੁੰ ਬੰਨ ਨਾ ਲਾ ਸਕਿਆ..........ਗੋਡਿਆਂ 'ਤੇ ਪਿਆਂ ਟਾਕੀਆਂ ਵਾਲਾ ਖੇਸ ਅਥਰੂਆਂ ਨਾਲ ਭਿੱਜ ਗਿਆ, ਉਸਦੀ ਨਿਗਾਹ ਭਿੱਜੇ ਖੇਸ 'ਤੇ ਜਾ ਰੁੱਕੀ ......ਬੰਤੀ ਦਾ ਹਸਦਾ ਚਿਹਰਾ ਖੇਸ ਵਿਚੋਂ ਬਾਂਹਾਂ ਫੈਲਾਈ, ਪਿਆਰਦਾ ਦੁਲਾਰਦਾ ਉਸਨੂੰ ਆਪਣੇ ਕੋਲ ਸੱਦ ਰਿਹਾ ਸੀ......ਕਰਮੂ ਨੇ ਖੇਸ ਜੱਫੀ 'ਚ ਭਰ ਛਾਤੀ ਨਾਲ ਲਾ ਲਿਆ, ਉਸਦੀਆਂ ਭੁੱਬਾਂ ਨਿਕਲ ਗਈਆਂ....ਸੁੰਝਾ ਵਿਹੜਾ ਕਰਮੂ ਦੀਆਂ ਦਿਲਚੀਰਵੀਆਂ ਵਿਲਕਣੀਆਂ ਨਾਲ ਗੂੰਜ ਉੱਠਿਆ....ਗੂੰਜ ਮੱਠੀ ਹੁੰਦੀ ਹੋਈ ਬੰਦ ਹੋ ਗਈ 'ਤੇ ਹੁੱਕੇ ਦੀ ਅੱਗ ਵੀ ਧੁਖਣੋਂ ਬੰਦ ਹੋ ਗਈ........