ਪਰਉਪਕਾਰੀ ਕਾਰਜ ਹੈ ਕਲਮ ਨੂੰ ਸਨਮਾਨਿਤ ਕਰਨਾ
(ਲੇਖ )
ਸਮਾਜ ਵੱਲੋਂ 'ਮਾਣ-ਸਨਮਾਨ' ਦਾ ਮਿਲਣਾ, ਭਾਵ ਸਨਮਾਨ ਪ੍ਰਾਪਤ ਕਰਨ ਵਾਲੇ ਅਤੇ ਸਨਮਾਨ ਦੇਣ ਵਾਲੇ, ਦੋਹਾਂ ਦੀ 'ਇੱਜ਼ਤ-ਮਾਣ' ਨੂੰ ਚਾਰ-ਚੰਨ ਲੱਗ ਜਾਂਦੇ ਨੇ, ਵਧਾਈ ਦੇ ਪਾਤਰ ਬਣਦੇ ਨੇ। ਜਿੱਥੇ ਸਨਮਾਨ ਪ੍ਰਾਪਤ ਕਰਨ ਵਾਲੇ ਦੇ ਕਾਰਜਾਂ ਨੂੰ ਸਮਾਜ ਵੱਲੋਂ ਸਵੀਕਾਰਿਆਂ, ਸਤਿਕਾਰਿਆਂ ਜਾਂਦਾ ਹੈ, ਉੱਥੇ ਹੀ ਇਹ ਸਨਮਾਨ ਦੇਣ ਵਾਲੇ ਦੀ ਦਰਿਆ-ਦਿਲੀ ਨੂੰ ਪ੍ਰਗਾਉਂਦਾ ਹੈ। ਹੋਰ ਤਾਂ ਹੋਰ, ਸਮਾਜ ਦੀ ਬਿਹਤਰੀ ਲਈ ਹੋਰ ਕਾਰਜ ਕਰਨ ਲਈ ਦੋਹਾਂ ਨੂੰ ਉਤਸ਼ਾਹਿਤ ਕਰਦਾ ਹੈ। ਸਨਮਾਨ ਤਾਂ ਸਨਮਾਨ ਹੀ ਹੁੰਦਾ ਹੈ, ਭਾਵੇਂ ਉਸ ਵਿਚ 'ਕੱਲੀ ਕਲਮ ਹੀ ਸ਼ਾਮਿਲ ਕਿਉਂ ਨਾ ਹੋਵੇ।
ਮਾਣ-ਸਨਮਾਨ ਦਾ ਮਿਲਣਾ ਸਭ ਨੂੰ ਚੰਗਾ ਲੱਗਦਾ ਹੈ। ਪਰ, ਇਸ ਪਿੱਛੇ ਜੋ ਰਾਜਨੀਤੀ ਖੇਡੀ ਜਾਂਦੀ ਹੈ, ਉਸ ਤੋਂ ਕੌਣ ਨਹੀਂ ਜਾਣੂੰ। ਲੇਕਿਨ ਉਹ ਸੰਸਥਾ ਵਧਾਈ ਦਾ ਪਾਤਰ ਹੁੰਦੀ ਹੈ, ਜੋ ਰਾਜਨੀਤੀ ਤੋਂ ਉਪਰ ਉਠ ਕੇ ਸਹੀ ਫੈਸਲੇ ਲੈਂਦੀ ਹੈ। ਬਿਨਾਂ ਕਿਸੇ ਭੇਦ-ਭਾਵ ਦੇ, ਯੋਗ ਵਿਧੀ ਰਾਹੀਂ ਉਨ੍ਹਾਂ ਵਿਅਕਤੀਆਂ ਦੀ ਚੋਣ ਕਰਦੀ ਹੈ ਜੋ ਸਹੀ ਹੱਕ ਰੱਖਦੇ ਹੋਣ ਕਿਉਂਕਿ ਦਿੱਤਾ ਗਿਆ ਸਨਮਾਨ 'ਕੱਲੇ ਉਸ ਵਿਅਕਤੀ ਦਾ ਹੀ ਨਹੀਂ, ਸਗੋਂ ਸਮਾਜ ਵੀ ਸਨਮਾਨਿਤ ਹੁੰਦਾ ਹੈ। ਇਸ ਲਈ ਲੇਖਕਾਂ, ਸਮਾਜ ਸੇਵੀਆਂ ਨੂੰ ਸਨਮਾਨਿਤ ਕਰਨਾ, ਗਿਆਨ-ਰੂਪੀ ਰਸਤਾ ਦਿਖਾਉਣਾ, ਚੰਗੀ ਰੀਤ ਹੈ। ਇਹੋ ਜਿਹੀ ਹੌਸਲਾ ਹਫਜਾਈ ਸਦਕੇ ਹੀ ਉਹ ਸ਼ਖਸ ਜੀਵਨ ਦੀਆਂ ਪੌੜ੍ਹੀਆਂ ਚੜ੍ਹਦੇ ਹੋਏ ਕਿਤੇ ਦੇ ਕਿਤੇ ਪਹੁੰਚ ਜਾਂਦੇ ਨੇ, ਬੁਲੰਦੀਆਂ ਨੂੰ ਛੂੰਹਦੇ ਨੇ।
ਲਿਖਣਾ ਰੱਬੀ ਗੁਣ ਹੈ। ਇਹ 'ਸੋਲਾਂ ਕਲਾਵਾਂ' ਵਿੱਚੋਂ ਇਕ ਹੈ। ਜਿਸ 'ਤੇ ਪਰਮਾਤਮਾ ਦੀ ਅੱਪਰ-ਅਪਾਰ ਬਖ਼ਸ਼ਿਸ਼ ਹੁੰਦੀ ਹੈ, ਮੇਹਰ ਹੁੰਦੀ ਹੈ, ਉਸ ਦੇ ਮਨ-ਮਸਤਕ ਅੰਦਰ ਆਪ-ਮੁਹਾਰੇ ਹੀ ਨਵੇਂ-ਨਵੇਂ ਵਿਚਾਰ, ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਨੇ, ਜੋ ਨਿੱਗਰ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾaੁਂਦੇ ਨੇ। ਇਸ ਗੱਲ ਤੋਂ ਸਾਰੇ ਹੀ ਭਲੀ-ਭਾਂਤ ਜਾਣੂੰ ਹਨ ਕਿ ਸਾਧਨਾ ਤੋਂ ਬਿਨਾਂ ਲਿਖਾਰੀ ਨਹੀਂ ਬਣਦਾ। ਉਹ ਤਾਂ ਰੱਬ ਦੇ ਭਗਤਾਂ ਵਿਚ ਗਿਣੇ ਜਾਂਦੇ ਨੇ।
ਜਿਨ੍ਹਾਂ ਦੇ ਨਾਂ 'ਤੇ ਸਨਮਾਨ ਰੱਖੇ ਜਾਂਦੇ ਨੇ, ਉਹ ਕਿੰਨੇ ਹੀ ਭਾਗਸ਼ਾਲੀ ਹੋਣਗੇ! ਜਿਹਨਾਂ ਦੇ ਜੀਵਨ ਤੋਂ ਅੱਜ ਵੀ ਸਮਾਜ ਸੇਧ ਲੈ ਰਿਹਾ ਹੈ, ਉਹਨਾਂ ਦੁਆਰਾ ਪਾਏ ਹੋਏ ਪੂਰਨਿਆਂ 'ਤੇ ਚੱਲ ਰਿਹਾ ਹੈ। ਚੰਗੇ ਬਣਨਾ ਔਖਾ ਕਾਰਜ ਹੈ, ਪਰ ਅਸੰਭਵ ਨਹੀਂ। ਹਰੇਕ ਮਨੁੱਖ ਵਿਚ ਐਨੀਆਂ ਸ਼ਕਤੀਆਂ ਹਨ, ਉਹ ਜਿਸ ਸ਼ਕਤੀ ਨੂੰ ਵੀ ਜਗਾਉਣਾ ਚਾਹੇ, ਜਗਾ ਸਕਦਾ ਹੈ; ਪਰ ਇਸ ਦੇ ਲਈ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ।
ਆਪਣੇ ਬਜ਼ੁਰਗਾਂ ਦੇ ਨਾਂ 'ਤੇ ਮਾਣ-ਸਨਮਾਣ ਦੇਣਾ, ਭਾਵ ਬਜ਼ੁਰਗਾਂ ਨੂੰ ਪੂਜਣਾ ਹੈ। ਉਹ ਬੱਚੇ ਵਡਭਾਗੇ ਹਨ, ਜਿਨ੍ਹਾਂ ਦੇ ਬਜ਼ੁਰਗਾਂ ਦੇ ਨਾਵਾਂ 'ਤੇ ਮਾਣ-ਸਨਮਾਨ ਦਿੱਤੇ ਜਾਂਦੇ ਨੇ। ਬਜ਼ੁਰਗਾਂ ਦੀ ਸੇਵਾ ਸਭ ਤੋਂ ਵੱਡੀ ਹੈ, ਭਾਵ ਰੱਬ ਪੂਜਣ ਦੇ ਬਰਾਬਰ ਹੈ।
ਅੱਜ ਦੇ ਦੌਰ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਹੈ। ਉਹ ਤਾਂ ਬਿਰਧ ਆਸ਼ਰਮ 'ਚ ਆਸਰਾ ਲੈ ਰਹੇ ਨੇ। ਪਰ, ਉਹ ਬਜ਼ੁਰਗ ਬੜੇ ਹੀ ਭਾਗਸ਼ਾਲੀ ਹਨ, ਜਿਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ, ਉਨ੍ਹਾਂ ਦੇ ਸੁਹਿਰਦ ਬੱਚੇ, ਉਨ੍ਹਾਂ ਦੁਆਰਾ ਪਾਏ ਹੋਏ ਪੂਰਨਿਆਂ 'ਤੇ ਚਲਦੇ ਨੇ, ਰਹਿੰਦੇ ਕਾਰਜਾਂ ਨੂੰ ਪੂਰਾ ਕਰਦੇ ਨੇ, ਸਮਾਜ ਨੂੰ ਸੇਧ ਦਿੰਦੇ ਨੇ। ਉਨ੍ਹਾਂ ਦੀ ਯਾਦ ਨੂੰ ਸਦੀਵੀਂ ਬਣਾਉਂਦਿਆਂ ਹੋਇਆਂ ਉਨ੍ਹਾਂ ਦੇ ਨਾਂ 'ਤੇ ਮਾਣ-ਸਨਮਾਨ ਸ਼ੁਰੂ ਕੀਤੇ ਜਾਂਦੇ ਨੇ।
ਸਾਹਿਤ ਦੀ ਸਿਰਜਨਾ ਕਰਨਾ ਪਰਉਪਕਾਰੀ ਕਾਰਜ ਹੈ, ਪਰ ਲੇਖਕ ਦੀ ਕਲਮ ਦਾ ਮਾਣ-ਸਤਿਕਾਰ ਕਰਨਾ ਕਿਸੇ ਵੀ ਪੱਖੋਂ ਪਰਉਪਕਾਰ ਤੋਂ ਘੱਟ ਨਹੀਂ ਹੈ। ਲੇਖਕ ਆਪਣੇ ਪੱਲਿਓਂ ਪੈਸੇ ਖ਼ਰਚ ਕੇ ਸਾਹਿਤ ਛਪਵਾਉਂਦੇ ਹਨ, ਲੋਕਾਈ ਦਾ ਭਲਾ ਕਰਦੇ ਹਨ। ਇਸ ਲਈ ਸਮਾਜ, ਸਰਕਾਰ ਦਾ ਕਰਤੱਵ ਬਣਦਾ ਹੈ ਕਿ ਉਹ ਲੇਖਕਾਂ ਦੀ ਕਲਮ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰੇ, ਸਨਮਾਨਿਤ ਕਰੇ ਤਾਂ ਜੋ ਲਿਖਾਰੀ ਪੂਰੀ ਤਨ-ਦੇਹੀ ਨਾਲ ਸਮਾਜ ਦੀ ਸੇਵਾ ਕਰ ਸਕਣ। ਗੁਰਬਾਣੀ ਵਿੱਚ ਸੁਭਾਇਮਾਣ ਹੈ: ਧਨੁ ਲਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥