ਜਿੰਦ ਇੱਕਲੀ ਰਾਤ ਦਾ ਵੇਲਾ
ਡਰ ਡਰ ਕੇ ਹੀ ਰਹਿਣਾ ।...
ਕਰ ਦਰਵਾਜ਼ੇ ਬੰਦ ਮੈਂ ਬੈਠੀ
ਸਾਂਭ ਕੇ ਤੰਨ ਦਾ ਗਹਿਣਾ ।
ਆਸ ਪਰਾਈ ਉਡ ਨਾਂ ਜਾਵੇ
ਵਿੱਚ ਪਿੰਜਰੇ ਦੇ ਪਾਵਾਂ ।
ਹੰਝੂਆ ਦਾ ਮੈਂ ਚੋਗਾ ਦੇਵਾਂ
ਵੱਡੀ ਕਰਦੀ ਜਾਵਾਂ ।
ਵਿੱਚ ਗਵਾਂਢੇ ਖੜਕਾ ਹੋਇਆ
ਕੌਣ ਪਰਾਉਣਾ ਆਇਆ ।
ਮੇਰਾ ਵੀ ਮੰਨ ਰੱਖਨ ਦੇ ਲਈ
ਹਵਾ ਨੇ ਭਿੱਤ ਖੜਕਾਇਆ ।
ਸਿਖਰ ਦੁਪਹਿਰੇ ਛਾਂ ਲੱਭਣ ਲਈ
ਘਰੋਂ ਬਾਹਰ ਮੈਂ ਟੁਰ ਪਈ ।
ਰਾਹ ਦੀ ਮਿੱਟੀ ਸਿਰ ਮੂੰਹ ਪੈ ਗਈ
ਛਡ ਰਾਹ ਨੂੰ ਮੁੜ ਗਈ ।
ਜਿਸ ਤਾਰੇ ਵੱਲ ਗਗਨੀ ਤੱਕਿਆ
ਉਹੀ ਸੜ ਕੇ ਮੋਇਆ ।
ਹਰ ਬਿਰਹਨ ਦੇ ਭਾਗ ਨੇ ਕਾਲੇ
ਉਹੀ ਮੇਰੇ ਨਾਲ ਹੋਇਆ ।
ਦਿੰਨ ਦਾ ਚਾਨਣ ਪਿੰਡੇ ਚੁੱਬੇ
ਕਿਉਂ ਸੂਰਜ ਨੂੰ ਕੋੱਸਾਂ ।
ਆਪਣੇ ਲੇਖ ਮੈਂ ਆਪੇ ਲਿਖ ਕੇ
ਆਪਣੇ ਲਈ ਪਰੋਸਾਂ ।
ਝੋਲੀ ਮੇਰੀ ਛੇਦ ਨੇ ਲੱਖਾਂ
ਕੀ ਮੰਗਾਂ ਕੀ ਸਾਂਭਾਂ ।
ਕਿਹੜੇ ਵੇਲੇ ਕੀ ਗਵਾਚਾ
ਕਿਸ ਨੂੰ ਦੇਵਾਂ ਉਲਾਂਭਾ ।