ਬਰੈਂਪਟਨ -- ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮਾਸਿਕ ਮੀਟਿੰਗ 25 ਅਕਤੂਬਰ, 2014 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਵਿਕ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਨੇ ਮਸ਼ਹੂਰ ਗੀਤਕਾਰ ਮੱਖਣ ਬਰਾੜ, ਕੈਲਗਰੀ ਤੋਂ ਆਏ ਜਾਣੇ ਮਾਣੇ ਕਵੀ ਹਰਕੰਵਲਜੀਤ ਸਾਹਿਲ ਅਤੇ ਇੰਡੀਆ ਤੋਂ ਆਏ ਸੰਗੀਤ, ਨਾਟਕ ਅਕੈਡਮੀ ਵੱਲੋਂ ਸਨਮਾਨਿਤ ਪਰਵੇਸ਼ ਸੇਠੀ ਦੇ ਮੀਟੰਗ ਵਿੱਚ ਸ਼ਾਮਿਲ ਹੋਣ ਬਾਰੇ ਦੱਸਦਿਆਂ ਸਭ ਨੂੰ ਜੀ ਆਇਆਂ ਕਿਹਾ। ਕੰਪਿਊਟਰ ਧਨੰਤਰ ਵਜੋਂ ਜਾਣੇ ਜਾਂਦੇ ਕ੍ਰਿਪਾਲ ਸਿੰਘ ਪੰਨੂੰ ਨੂੰ ਪ੍ਰਧਾਨਗੀ ਦਾ ਅਹੁਦਾ ਨਿਭਾਉਣ ਲਈ ਸੱਦਾ ਦਿੱਤਾ।
ਗੁਰਦਿਆਲ ਸਿੰਘ ਬੱਲ ਦੇ ਨੌਜਵਾਨ ਬੇਟੇ ਦੇ ਸੰਸਾਰ ਤੋਂ ਚਲੇ ਜਾਣ ਦੀ ਦੁਖਦਾਈ ਖ਼ਬਰ ਬਾਰੇ ਕੁਲਵਿੰਦਰ ਖਹਿਰਾ ਨੇ ਜਾਣਕਾਰੀ ਦਿੱਤੀ ਅਤੇ ਸ਼ਰਧਾਂਜਲੀ ਵਜੋਂ ਸਾਰਿਆਂ ਨੇ ਦੋ ਮਿੰਟਾਂ ਲਈ ਚੁੱਪ ਖੜੇ ਰਹਿ ਕੇ ਸ਼ੋਕ ਪ੍ਰਗਟ ਕੀਤਾ।
ਪ੍ਰੋਗ੍ਰਾਮ ਦੀ ਸ਼ੁਰੂਆਤ ਕਵਿਤਾ ਦੇ ਦੌਰ ਦੀ ਸੂਰੂਆਤ ਜਰਨੈਲ ਸਿੰਘ ਬੁੱਟਰ ਦੀ ਕਵਿਤਾ ਨਾਲ ਹੋਈ। ਮਕਸੂਦ ਚੌਧਰੀ ਨੇ ਆਪਣੀ ਕਵਿਤਾ 'ਇਹ ਜਿੰਦੜ ਅਣਮੋਲ ਵੇ ਸੱਜਣਾ' ਬੋਲੀ। ਗਿਆਨ ਸਿੰਘ ਨੇ ਕੈਨੇਡਾ ਵਿੱਚ ਬਜ਼ੁਰਗਾਂ ਦੇ ਜੀਵਨ ਹੰਢਾਉਣ ਦੀ ਗੱਲ ਕਰਦਿਆਂ ਕਵਿਤਾ ਕਹੀ - ਜੀਵਨ ਦੇ ਵੈਰਾਨੇ ਅੰਦਰ ਕੀ ਕੀ ਦੁਖੜੇ ਜਰਦੇ ਬਾਬੇ, ਯਾਦ ਵਤਨ ਨੂੰ ਕਰਦੇ ਬਾਬੇ।
ਹੁਣ ਵਾਰੀ ਆਈ 'ਆਪਣਾ ਪੰਜਾਬ ਹੋਵੇ' ਗੀਤ ਦੇ ਮਸ਼ਹੂਰ ਗੀਤਕਾਰ ਮੱਖਣ ਬਰਾੜ ਦੀ ਜਿਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਕਿਤਾਬ ਵਿੱਚ 101 ਸ਼ੇਅਰ ਹਨ ਅਤੇ ਇਹ ਕਿਤਾਬ 3700 ਦੀ ਗਿਣਤੀ ਵਿੱਚ ਵਿਕ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲਿਖਣ ਦਾ ਕੀ ਫ਼ਾਇਦਾ ਜੇ ਲਿਖਤ ਨੇ ਕਿਸੇ ਨੂੰ ਟੁੰਬਿਆ ਹੀ ਨਹੀਂ। ਉਨ੍ਹਾਂ ਆਪਣੇ ਕੁਝ ਗੀਤਾਂ ਜਿਵੇਂ - ਆਪਣਾ ਪੰਜਾਬ ਹੋਵੇ, ਕਰੀਂ ਕਿਤੇ ਮੇਲ ਰੱਬਾ ਬਾਰੇ ਗੱਲ-ਬਾਤ ਕੀਤੀ ਅਤੇ ਇੱਕ ਨਵਾਂ ਗੀਤ ਦਿਨ-ਬ-ਦਿਨ ਔਰਤਾਂ ਦੇ ਪਹਿਰਾਵੇ ਵਿੱਚ ਘਟ ਰਹੇ ਕਪੜਿਆਂ ਬਾਰੇ ਬੋਲਿਆ।

ਹਰਕੰਵਲਜੀਤ ਸਾਹਿਲ ਬਾਰੇ ਉਂਕਾਰਪ੍ਰੀਤ ਨੇ ਸਾਹਿਲ ਦੇ ਕਾਵਿ ਸੰਗ੍ਰਹਿ 'ਜੋ ਕਿਛੁ ਕਹਿਣਾ' ਬਾਰੇ ਪੇਪਰ ਪੜ੍ਹਿਆ। ਉਨ੍ਹਾਂ ਇਸ ਪੁਸਤਕ ਨੂੰ ਰੂਹੀ ਛੋਹ ਦੇ ਬੋਲ ਦੱਸਿਆ। ਉਨ੍ਹਾਂ ਕਿਹਾ ਕਿ ਕਵੀ ਲਈ ਕਹਿਣ ਤੋਂ ਪਹਿਲਾਂ ਸੁਣਨਾ, ਮੰਨਣਾ ਅਤੇ ਮੰਨੇ ਭਾਵ ਗ੍ਰਹਿਣ ਕਰਨਾ ਜ਼ਰੂਰੀ ਹੈ। ਇਸ ਉਪਰੰਤ 'ਮੰਨੇ' ਹੋਏ ਨੇ ਕੀ ਕੁਛ ਕਹਿਣਾ? ਅਤੇ ਕੀ ਕੁਛ ਕਹਿਆ ਦਾ ਸੁਮੇਲ ਹੈ - ਸਾਹਿਲ ਦੀ ਸ਼ਾਇਰੀ 'ਜੋ ਕਿਛੁ ਕਹਿਣਾ'। ਕਿਸੇ ਸ਼ਾਇਰ ਦੇ ਕਹੇ ਤੱਕ ਪੁੱਜਣ ਲਈ ਜ਼ਰੂਰੀ ਹੁੰਦੈ ਜਾਣਨਾ ਕਿ ਸ਼ਾਇਰ ਸੁਣਦਾ ਕੀ ਹੈ? ਮੰਨਦਾ ਕੀ ਹੈ? ਪਰ ਇਸ ਤੋਂ ਵੀ ਪਹਿਲਾਂ ਲਾਜ਼ਮੀ ਹੁੰਦਾ ਹੈ ਕਿ ਪਤਾ ਹੋਵੇ 'ਸ਼ਾਇਰ' ਵਿਚਰ ਕਿੱਥੇ ਰਿਹਾ ਹੈ? - ਧਰਤੀ 'ਤੇ, ਅੰਬਰੀਂ ਜਾਂ ਪਾਤਾਲੀਂ? ਕਿਉਂਕਿ ਹਰ ਇੱਕ ਤਲ ਦੀਆਂ ਪਿੱਠਵਰਤੀ ਅਤੇ ਮੁੱਖਵਰਤੀ ਆਵਾਜ਼ਾਂ ਅਪਣੀਆਂ ਖ਼ਾਸ ਹੁੰਦੀਆਂ ਅਤੇ ਇਨ੍ਹਾਂ ਵੱਖ ਵੱਖ ਤਲਾਂ 'ਤੇ ਵਿਚਰਦਿਆਂ ਸੁਣਨ, ਮੰਨਣ ਅਤੇ ਗ੍ਰਹਿਣ ਕਰਨ ਦੇ ਅਪਣੇ ਆਯਾਮ ਹੁੰਦੇ ਹਨ। ਸਾਹਿਲ ਦੀ ਕਵਿਤਾ -
ਮੈਂ ਉਸ ਨੂੰ ਰੂਹ ਵਾਂਗ ਮਿਲਿਆ... ਉਹ ਜਿਸਮ ਵਾਂਗ਼...
ਹੁਣ ਕੋਸ਼ਿਸ਼ ਕਰਦਾਂ, ਜਿਸਮ ਹੀ ਬਣ ਵਿਚਰਾਂ...
ਫਿਰ ਡਰਦਾਂ, ਕਿਤੇ ਕੋਈ ਰੂਹ ਨਾ ਮਿਲ ਪਏ...
ਸਾਹਿਲ ਦੀ ਸ਼ਾਇਰੀ ਦ੍ਰਿਸ਼ ਅਤੇ ਅੱਖ, ਦੋਹਾਂ 'ਚੋਂ ਜਿਸਮ ਅਤੇ ਰੂਹ ਸਿਆਣਦੀ ਹੈ। ਜੇ ਸਭ ਕੁਝ ਦਿਸਦਾ ਕੁਦਰਤ ਦੇ ਲਿਖੇ ਅੱਖਰ ਹਨ ਤਾਂ ਸਾਹਿਲ ਇਨ੍ਹਾਂ ਅੱਖਰਾਂ ਦੇ ਜਿਸਮ ਅਤੇ ਰੂਹਾਂ ਨੂੰ ਪਾਠਕ ਸਾਹਮਣੇ ਰੂਹ ਨਾਲ ਜੁੜਨ ਦਾ ਮਾਡਲ ਪੇਸ਼ ਕਰਦਾ ਹੈ ਅਤੇ ਇਸ ਖ਼ੁਦ ਦੀ ਕੁਸ਼ੀ ਵਿੱਚੋਂ ਨਿਰੋਲ ਰੂਹੀ-ਕਵਿਤਾ ਜਨਮਦੀ ਹੈ -
ਮੈਂ ਲਾਸ਼ ਹੋਏ ਤੋਂ
ਪਾਸਾ ਪਰਤ ਲੰਘ ਜਾਂਦੇ ਸਭ
ਕਵਿਤਾ ਆ ਜਾਂਦੀ ਕੋਲ,
ਮੈਂ ਉੱਠ ਕੇ ਤੁਰ ਪੈਂਦਾਂ...
'ਰੂਹ ਦੀ ਛੋਹ' ਵਾਲੀ ਇੱਕ ਹੋਰ ਕਵਿਤਾ - ਰੁੱਖ ਹੇਠੋਂ ਲੰਘਦਿਆਂ
ਅੱਧ ਪੀਲੇ ਪਏ,
ਪੱਤਿਆਂ ਵਾਲੀਆਂ ਟਾਹਣੀਆਂ ਹਿੱਲੀਆਂ
ਮਾਂ ਦਾ ਹੱਥ! ਦੁਆ ਮੇਰੇ ਚਿਹਰੇ ਤੇ ਫੈਲ ਗਈ
ਜਿਉਣ ਜੋਗਾ ਹੋ ਗਿਆ।
ਰੁੱਖ ਦੀਆਂ ਪੀਲੇ ਪੱਤਿਆਂ ਵਾਲੀਆਂ ਟਹਿਣੀਆਂ ਦਾ ਮਾਂ ਦੇ ਹੱਥ ਬਣਨਾ ਰੂਹੀ ਛੋਹ ਤੋਂ ਬਿਨਾਂ ਸੰਭਵ ਨਹੀਂ ਸੀ।
ਹਰਕੰਵਲਜੀਤ ਸਾਹਿਲ ਨੇ ਵੀ ਆਪਣੀਆਂ ਕੁਝ ਕਵਿਤਾਵਾਂ ਸਾਂਝੀਆਂ ਕੀਤੀਆਂ, ਕੁਝ ਸ਼ਬਦ ਆਪਣੇ ਬਾਰੇ ਕਹੇ ਅਤੇ ਫਿਰ ਉਨ੍ਹਾਂ ਦੀ ਕਿਤਾਬ 'ਜੋ ਕਿਛੁ ਕਹਿਣਾ' ਰਿਲੀਜ਼ ਕੀਤੀ ਗਈ।
ਜਤਿੰਦਰ ਰੰਧਾਵਾ ਨੇ ਆਪਣੀ ਕਵਿਤਾ 'ਇੱਕ ਸੁਆਲ' ਵਿੱਚ ਬੱਚੀ ਦੇ ਜਨਮ ਅਤੇ ਧੀ ਦੇ ਵਿੱਧ-ਮਾਤਾ ਵੱਲੋਂ ਲੇਖਾਂ ਵਾਲੀ ਸੋਚ 'ਤੇ ਕੁਝ ਸੁਆਲ ਉਠਾਏ। ਸੁੱਚਾ ਸਿੰਘ ਮਾਂਗਟ ਨੇ ਇੰਡੀਆ ਵਿੱਚ ਬਣਾਈ ਅਕਾਲ ਸੇਵਾ ਸੁਸਾਇਟੀ ਜਿਸ ਵਿੱਚ ਬੇ-ਘਰ ਹੋਏ ਬਜ਼ੁਰਗਾਂ, ਯਤੀਮ ਬੱਿਚਆਂ ਨੂੰ ਸਹਾਰਾ ਦਿੱਤੇ ਜਾਣ ਬਾਰੇ ਦੱਸਿਆ। ਗੁਰਦਾਸ ਮਿਨਹਾਸ ਨੇ ਕਵਿਤਾ 'ਆਹਿਸਤਾ ਚੱਲ ਜ਼ਿੰਦਗੀ' ਸਾਂਝੀ ਕੀਤੀ।
ਚਾਹ ਪਾਣੀ ਦੀ ਬ੍ਰੇਕ ਤੋਂ ਬਾਅਦ ਜੁੜਣ 'ਤੇ ਇੰਡੀਆ ਤੋਂ ਆਏ ਜਾਣੇ ਪਛਾਣੇ ਅਦਾਕਾਰ ਪਰਵੇਸ਼ ਸੇਠੀ ਦਾ ਸੁਆਗਤ ਕਰਦਿਆਂ ਬ੍ਰਜਿੰਦਰ ਗੁਲਾਟੀ ਨੇ ਦੱਸਿਆ ਕਿ ਨਾਹਰ ਔਜਲਾ ਦੇ ਨਾਟਕ 'ਸੁਪਰ ਵੀਜ਼ਾ' ਵਕਤ ਉਸ ਨੇ ਪਰਵੇਸ਼ ਸੇਠੀ ਨੂੰ ਤਕਰੀਬਨ 35 ਸਾਲ ਬਾਅਦ ਦੇਖਿਆ ਅਤੇ ਇਹ ਵੀ ਕਿ ਚਾਲੀ ਸਾਲ ਪਹਿਲਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਕੀਤੇ ਨਾਟਕਾਂ ਵਕਤ ਪਰਵੇਸ਼ ਨਾਲ ਸਾਥ ਰਿਹਾ ਸੀ। ਪਰਵੇਸ਼ ਸੇਠੀ ਨੇ 7 ਸਾਲ ਦੀ ਉਮਰ ਵਿੱਚ ਪਹਿਲਾ ਨਾਟਕ ਲਿਖ ਕੇ ਡਾਇਰੈਕਟ ਕੀਤਾ ਅਤੇ ਮੇਕ-ਅੱਪ ਦੇ ਖੇਤਰ ਵਿੱਚ ਵੀ ਪੈਰ ਧਰ ਲਿਆ ਸੀ। ਉਹ ਬੱਚਾ ਛੱਲੀਆਂ ਦੇ ਵਾਲਾਂ ਨੂੰ ਰੰਗ ਕੇ ਮੁੱਛਾਂ ਬਣਾ ਲੈਂਦਾ ਸੀ। ਪਹਿਲਾ ਇਨਾਮ ਇੱਕ ਕਾਪੀ-ਪੈਨਸਿਲ ਦਾ ਮਿਲਿਆ ਸੀ ਜਦ ਕਿ ਹੁਣ ਤੱਕ ਸੈਂਕੜੇ ਨਾਟਕਾਂ ਵਿੱਚ ਆਪਣੇ ਜੌਹਰ ਦਿਖਾ ਕੇ ਖ਼ੂਬ ਸਾਰੇ ਇਨਾਮ ਹਾਸਿਲ ਕਰ ਚੁੱਕੇ ਹਨ।
ਪਰਵੇਸ਼ ਸੇਠੀ ਨੇ ਤਕਰੀਬਨ 16 ਫਿਲਮਾਂ ਜਿਵੇਂ 'ਭਾਗ ਮਿਲਖਾ ਭਾਗ', 'ਜਬ ਵੀ ਮੈੱਟ', 'ਦੱਸ ਕਹਾਣੀਆਂ', 'ਮੌਸਮ', 'ਸ਼ਹੀਦ-ਏ-ਆਜ਼ਮ' ਅਤੇ ਵੀਹ ਕੁ ਟੀ ਵੀ ਸੀਰੀਅਲਜ਼ ਵਿੱਚ ਅਦਾਕਾਰੀ ਨਿਭਾਈ ਹੈ। ਨੌਂ ਨਾਟਕ ਡਾਇਰੈਕਟ ਕੀਤੇ ਹਨ ਅਤੇ ਕੁਝ ਨਾਟਕਾਂ ਦੀ ਸਕਰਿਪਟ ਵੀ ਲਿਖੀ ਹੈ। ਸੰਤ ਸਿੰਘ ਸੇਖੋਂ ਦਾ ਨਾਟਕ 'ਬੰਦਾ ਬਹਾਦਰ' ਵੀ ਖੇਡਿਆ ਸੀ।
ਪਰਵੇਸ਼ ਸੇਠੀ ਨੇ ਬਲਰਾਜ ਸਾਹਨੀ ਅਵਾਰਡ, ਚੰਡੀਗੜ੍ਹ ਅਤੇ ਹਰਿਆਣਾ ਸਰਕਾਰ ਵੱਕੋਂ ਅਵਾਰਡ ਅਤੇ ਇੰਡੀਆ ਹੀ ਨਹੀਂ, ਟੋਰੌਂਟੋ ਵਿੱਚ ਵੀ ਕੁਝ ਸੰਸਥਾਵਾਂ ਵੱਲੋਂ ਲਾਈਫ਼-ਟਾਈਮ ਐਚੀਵਮੈਂਟ ਅਵਾਰਡ ਹਾਸਿਲ ਕੀਤੇ ਹਨ। ਇੰਡੀਆ ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ 2012 ਵਿੱਚ ਪਰਵੇਸ਼ ਨੂੰ ਇੰਡੀਅਨ ਥੀਏਟਰ ਵਿੱਚ ਯੋਗਦਾਨ ਪਾਉਣ ਲਈ ਅਵਾਰਡ, ਪ੍ਰੈਜ਼ੀਡੈਂਟ ਦੇ ਹੱਥੋਂ ਮਿਲਿਆ।
ਬਾਅਦ ਵਿੱਚ ਪਰਵੇਸ਼ ਸੇਠੀ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1943 ਵਿੱਚ ਗੁਜਰਾਂਵਾਲਾ ਵਿੱਚ ਹੋਇਆ। ਚੰਡੀਗੜ੍ਹ ਰਹਿੰਦਿਆਂ ਬਲਵੰਤ ਗਾਰਗੀ ਨਾਲ ਨਾਟਕਾਂ ਵੇਲੇ ਸਾਥ ਰਿਹਾ। ਨੈਸ਼ਨਲ ਸਕੂਲ ਔਫ਼ ਡਰਾਮਾ ਵਿੱਚੋਂ ਮੇਕ-ਅੱਪ ਲਈ ਗੁਰੂ ਮਿਲ ਗਏ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਅਦਾਕਾਰਾਂ ਨੂੰ ਅਤੇ ਮੇਕ-ਅੱਪ ਲਈ ਪੈਸੇ ਦੇਣ ਦਾ ਰਿਵਾਜ ਨਹੀਂ ਸੀ, ਇਸ ਦੀ ਸ਼ੁਰੂਆਤ ਚੰਡੀਗੜ੍ਹ ਵਿੱਚ ਬਲਵੰਤ ਗਾਰਗੀ ਨੇ ਕੀਤੀ ਜਦ ਕਿ ਹੁਣ ਤਾਂ ਕਈ ਲੋਕ ਅਦਾਕਾਰੀ ਤੋਂ ਹੀ ਰੋਜ਼ੀ ਕਮਾ ਲੈਂਦੇ ਹਨ।
ਨਾਹਰ ਸਿੰਘ ਔਜਲਾ ਨੇ ਵੀ ਪਰਵੇਸ਼ ਸੇਠੀ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ 3-4 ਮਹੀਨਿਆਂ ਤੋਂ ਪਰਵੇਸ਼ ਉਨ੍ਹਾਂ ਦੇ ਨਾਟਕਾਂ ਨਾਲ ਜੁੜੇ ਰਹੇ ਹਨ। 'ਕੋਰਟ ਮਾਰਸ਼ਲ' ਨਾਟਕ ਦੇ 400 ਸ਼ੋਅ ਹੋਏ ਜਿਨ੍ਹਾਂ ਵਿੱਚੋਂ 398 ਵਿੱਚ ਪਰਵੇਸ਼ ਮੁੱਖ ਅਦਾਕਾਰ ਸਨ। ਇੰਨੇ ਹਲੀਮ ਹਨ ਕਿ ਸੁਲਝੇ ਹੋਏ ਅਦਾਕਾਰ ਹੋਣ ਦੇ ਬਾਵਜੂਦ ਡਾਇਰੈਕਟਰ ਦੇ ਕਹੇ ਮੁਤਾਬਕ ਹੀ ਅਦਾਕਾਰੀ ਨਿਭਾਉਂਦੇ ਹਨ, ਆਪਣੀ ਨਹੀਂ ਮਾਰਦੇ। ਔਜਲਾ ਜੀ ਨਾਲ 8 ਨੁੱਕੜ ਨਾਟਕਾਂ ਵਿੱਚ ਹਿੱਸਾ ਲੈ ਚੁੱਕੇ ਹਨ।
ਪ੍ਰਿੰਸੀਪਲ ਸਰਵਣ ਸਿੰਘ ਨੇ ਕਿਤਾਬਾਂ ਬਾਰੇ ਸਹਿਜ ਗੱਲਾਂ ਕੀਤੀਆਂ। ਕਲਾ ਅਤੇ ਸਾਹਿਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਕਲਾ ਦਾ ਉਦੇਸ਼ ਕੀ ਹੈ? ਕੀ ਸਵੈ-ਪ੍ਰਗਟਾਵਾ ਹੀ ਹੈ ਜਾਂ ਰਚਨਾ ਨਾਲ ਸਮਾਜ ਦਾ ਕੋਈ ਭਲਾ ਕਰਨ ਦੀ ਗੱਲ ਕੀਤੀ ਗਈ ਹੈ? ਅੱਜਕਲ੍ਹ ਸਵੈ-ਪ੍ਰਗਟਾਵੇ ਤੋਂ ਬਿਨਾਂ ਕੁਝ ਨਹੀਂ ਲੱਭ ਰਿਹਾ।
ਕ੍ਰਿਪਾਲ ਸਿੰਘ ਪੰਨੂੰ ਨੇ ਪ੍ਰਧਾਨਗੀ ਭਾਸ਼ਨ ਦਿੱਤਾ ਅਤੇ ਮੀਟਿੰਗ ਬਰਖ਼ਾਸਤ ਹੋਈ। ਇਸ ਮੀਟਿੰਗ ਵਿੱਚ ਬੁਲਾਰਿਆਂ ਤੋਂ ਇਲਾਵਾ ਕੁਲਵਿੰਦਰ ਖਹਿਰਾ, ਸੁੱਚਾ ਸਿੰਘ ਮਾਂਗਟ, ਅਮਰਜੀਤ ਮਿਨਹਾਸ, ਲਛਮਣ ਸਿੰਘ ਗਾਖਲ, ਪ੍ਰਤੀਕ ਸਿੰਘ, ਮਨਮੋਹਨ ਗੁਲਾਟੀ, ਗੁਰਦਿਆਲ ਸਿੰਘ ਬੱਲ, ਬਲਦੇਵ ਦੂਹੜੇ, ਬਲਰਾਜ ਚੀਮਾ, ਸੁਖਿੰਦਰ ਸਿੰਘ, ਕੁਲਵੰਤ ਸਿੰਘ ਅਤੇ ਵਿਕਰਮ ਮੱਲ੍ਹੀ ਵੀ ਸ਼ਾਮਿਲ ਹੋਏ।
ਬ੍ਰਜਿੰਦਰ ਗੁਲਾਟੀ