ਸਾਹਿਤ ਸੁਰ ਸੰਗਮ ਸਭਾ ਵੱਲੋਂ ਸਾਹਿਤਕ ਸਮਾਗਮ
(ਖ਼ਬਰਸਾਰ)
ਇਟਲੀ -- ਇਟਲੀ ਦੇ ਆਰੇਸੋ ਜ਼ਿਲਾ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ (ਰਜਿ) ਇਟਲੀ ਵੱਲੋਂ ਕਰਵਾਏ ਗਏ ਚੌਥੇ ਸਲਾਨਾ ਸਾਹਿਤਕ ਸਮਾਗਮ ਵਿੱਚ ਜਿੱਥੇ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸ਼ਾਇਰਾਂ, ਲੇਖਕਾਂ ਅਤੇ ਬੁੱਧੀਜੀਵੀ ਲੋਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਉੱਥੇ ਇਸ ਸਮਾਗਮ ਵਿੱਚ ਸਥਾਨਕ ਲੋਕ ਵੀ ਵੱਡੀ ਗਿਣਤੀ ਵਿੱਚ ਪੁੱਜੇ। ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਦਿਲਬਾਗ ਖਹਿਰਾ ਅਤੇ ਕੁਲਵਿੰਦਰ ਸੁੰਨੜ ਨੇ ਸਾਂਝੇ ਤੌਰ 'ਤੇ ਕੀਤੀ। ਜਿਸ ਤੋਂ ਬਾਅਦ ਸਾਹਿਤ ਸੁਰ ਸੰਗਮ ਸਭਾ ਦੇ ਸਰਪ੍ਰਸਤ ਸ੍ਰ ਰਵੇਲ ਸਿੰਘ ਨੇ ਸਭਾ ਦੀਆਂ ਗਤੀਵਿਧੀਆਂ ਅਤੇ ਸਰਗਰਮੀਆਂ ਬਾਰੇ ਇੱਕ ਪਰਚਾ ਪੜਿਆ। ਉਪਰੰਤ ਪਾਕਿਸਤਾਨੀ ਸ਼ਾਇਰ ਸਲੀਮ ਮਨਚਲਾ ਨੇ ਇੱਕ ਹਾਸਰਸ ਕਵਿਤਾ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ ਅਤੇ ਮਾਹੌਲ ਖੁਸ਼ਗਵਾਰ ਬਣਾਇਆ। ਇਸ ਤੋਂ ਬਾਅਦ ਮਲਕੀਅਤ ਸਿੰਘ ਧਾਲੀਵਾਲ ਨੇ ਦੋ ਰਚਨਾਵਾਂ ਨਾਲ ਸਾਂਝ ਪਾਈ ਅਤੇ ਸਾਹਿਤ ਸੁਰ ਸੰਗਮ ਸਭਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸਦੇ ਬਾਅਦ ਇੰਗਲੈਂਡ ਵਾਸੀ ਪੰਜਾਬੀ ਲੇਖਕ ਪ੍ਰਕਾਸ਼ ਸੋਹਲ ਸਰੋਤਿਆਂ ਦੇ ਰੂਬਰੂ ਹੋਏ। ਜਿਹਨਾਂ ਨੇ ਕੁਝ ਗਜ਼ਲਾਂ ਦੁਆਰਾ ਸਭ ਦਾ ਦਿਲ ਮੋਹਿਆ। ਇਸਦੇ ਨਾਲ ਹੀ ਪ੍ਰਕਾਸ਼ ਸੋਹਲ ਦੀ ਨਵੀਂ ਕਿਤਾਬ 'ਮੇਰੀਆਂ…ਮੇਰੇ ਨਾਲ ਗੱਲਾਂ' ਵੀ ਲੋਕ ਅਰਪਣ ਕੀਤੀ ਗਈ । ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਰੱੱਖੇ ਅਤੇ ਇੱਕ ਕਵਿਤਾ ' ਆਉ ਗੱਲ ਕਰੀਏ ਪੰਜਾਬੀ ਦੀ, ਬੋਲੀ ਠੇਠ ਨਵਾਬੀ ਦੀ' ਸਰੋਤਿਆਂ ਨਾਲ ਸਾਂਝੀ ਕੀਤੀ। ਇਸਦੇ ਬਾਅਦ ਸਭਾ ਦੇ ਉਪ ਪ੍ਰਧਾਨ ਰਾਣਾ ਅਠੌਲਾ ਨੇ ਆਡੀA ਐਲਬਮ 'ਸੁਨੇਹਾ' ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ ਸਾਹਿਤ ਸੁਰ ਸੰਗਮ ਸਭਾ ਦੇ ਕਵੀਆਂ ਦੁਆਰਾ ਵੀ ਸ਼ਾਇਰੋ ਸ਼ਾਇਰੀ ਦਾ ਦੌਰ ਬਰਾਬਰ ਚੱਲ ਰਿਹਾ ਸੀ। ਜਿਸ ਵਿੱਚ ਵੱਖ ਕਵੀ ਜਿਨ੍ਹਾਂ ਵਿੱਚ ਸੁਖਰਾਜ ਬਰਾੜ, ਰੁਪਿੰਦਰ ਹੁੰਦਲ, ਗਿੰਦੂ ਲੱਧੜ, ਭੰਮਰਾ ਮਾਹਿਲਪੁਰੀ, ਮਨਦੀਪ ਰਜ਼ਾਬਾਦੀਆ, ਸੁਨੀਲ ਮਖਸੂਸਪੁਰੀ, ਬਿੰਦੂ ਹਠੂਰ, ਹਰਦੀਪ ਕੰਗ, ਪੀ੍ਰਤ ਲਿਖਾਰੀ, ਬਿੰਦਾ ਭੰਡਾਲ, ਤਾਰੀ ਚੱਠਾ ਆਦਿ ਨੇ ਵੱਖੋ ਵੱਖ ਰੰਗ ਦੀ ਸ਼ਾਇਰੀ ਨਾਲ ਸਭ ਦਾ ਮਨ ਮੋਹਿਆ। ਇਸੇ ਸਮੇਂ ਵਿੱਚ ਸਾਹਿਤ ਸੁਰ ਸੰਗਮ ਸਭਾ ਵੱਲੋਂ ਜੱਸੀ ਬਨਵੈਤ ਨੂੰ ਇਟਲੀ ਵਿੱਚ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸਦੇ ਬਾਅਦ ਸਾਹਿਤ ਸੁਰ ਸੰਗਮ ਸਭਾ ਵੱਲੋਂ ਪੰਜਾਬੀ ਗਾਇਕੀ ਵਿੱਚ ਨਵੀਂ ਪੈੜ ਪਾਉਂਦੇ ਹੋਏ ਆਪਣੀ ਪਲੇਠੀ ਐਲਬਮ "ਸੁਨੇਹਾ" ਲੋਕ ਅਰਪਣ ਕੀਤੀ ਗਈ। ਇਹ ਐਲਬਮ ਲੋਕ ਅਰਪਣ ਕਰਨ ਤੋਂ ਪਹਿਲਾਂ ਇਸ ਦੇ ਸਭ ਗੀਤਾਂ ਦੀ ਪ੍ਰੋਮੋ ਦਿਖਾਈ ਗਈ। ਐਲਬਮ ਲੋਕ ਅਰਪਣ ਕਰਨ ਤੋਂ ਬਾਅਦ ਆਏ ਹੋਏ ਸਭ ਸਾਹਿਤ ਪ੍ਰੇਮੀਆਂ ਵਿੱਚ ਸੁਨੇਹਾ ਐਲਬਮ ਦੀਆਂ ਸੀਡੀ ਵੰਡੀਆਂ ਗਈਆਂ। ਇਸ ਸਮੇਂ ਕੁਝ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਿਹਨਾਂ ਵਿੱਚ ਸੁਰਜੀਤ ਸਿੰਘ ਜੀਤ ਦੀ ਗਜ਼ਲ ਸੰਗ੍ਰਹਿ 'ਸਾਰੰਗਪਾਣੀ, ਨਰਿੰਦਰ ਸਿੰਘ ਕਪੂਰ ਦੀ ਨਵੀਂ ਕਿਤਾਬ 'ਬੁਨਿਆਦਾਂ' ਰੂਬਰੂ ਕੀਤੀ ਗਈ। ਸੁਖਵਿੰਦਰ ਅੰਿਮ੍ਰਤ ਦੀ 'ਚਿੜੀਆਂ', ਬਲਦੇਵ ਸਿੰਘ ਦਾ ਨਾਵਲ 'ਅਫਲਾਤੂ' ਵੀ ਰੂਬਰੂ ਕੀਤੇ ਗਏ। ਸਮਾਗਮ ਦੇ ਅਖੀਰ ਵਿੱਚ ਅਮਨ ਸੋਹੀ, ਪੰਕਜ ਕੁਮਾਰ, ਕੁਲਵਿੰਦਰ ਸੁੰਨਰ, ਜੇ ਬੱਬੂ, ਅਤੇ ਸਲੀਮ ਮਨਚਲਾ ਨੇ ਸ਼ਾਨਦਾਰ ਗਾਇਕੀ ਨਾਲ ਸਭ ਦਾ ਮਨੋਰੰਜਨ ਕੀਤਾ ਅਤੇ ਵਾਹ ਵਾਹ ਖੱਟੀ। ਇਸ ਸਮੇਂ ਸ਼ਹੀਦ ਭਗਤ ਸਿੰਘ ਸਭਾ ਰੋਮ ਤੋਂ ਕੁਲਵਿੰਦਰ ਸਿੰਘ ਅਟਵਾਲ, ਹਰਕੀਤ ਸਿੰਘ ਮਾਧੋਝੰਡਾ, ਟੇਕ ਚੰਦ ਜਗਤਪੁਰੀ, ਸਵਰਨਜੀਤ ਸਿੰਘ ਘੋਤੜਾ, ਸੁਖਜੀਤ ਸਿੰਘ ਉੱਪਲ, ਕੁਲਦੀਪ ਸਿੰਘ ਚਾਹਲ, ਗੁਰਬਖਸ਼ ਸਿੰਘ ਸੋਹਲ, ਸੰਦੀਪ ਸਿੰਘ ਬੱਲ, ਸਿੰæਗਾਰਾ ਸਿੰਘ, ਦਰਸ਼ਨ ਹਠੂਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਅਖੀਰ ਵਿੱਚ ਆਏ ਹੋਏ ਸਭ ਸਰੋਤਿਆਂ ਦਾ ਅਤੇ ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਲਿਆਂ ਦਾ ਰਾਜੂ ਹਠੂਰੀਆ ਵੱਲੋਂ ਧੰਨਵਾਦ ਕੀਤਾ ਗਿਆ।