ਪੰਜਾਬੀ ਭਾਸ਼ਾ ਨੂੰ ਸਮਰਪਤ ਸ਼ਾਮ ਵਿਚ ਗੰਭੀਰ ਵਿਚਾਰ ਵਟਾਂਦਰਾ (ਖ਼ਬਰਸਾਰ)


ਡੈਲਟਾ -- ਹਰ ਮਹੀਨੇ ਦੇ ਤੀਜੇ ਮੰਗਲਵਾਰ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਮਨਾਈ ਜਾਂਦੀ ਸਾਹਿਤਕ ਸ਼ਾਮ, ੧੮ ਨਵੰਬਰ ਨੂੰ ਪੰਜਾਬੀ ਭਾਸ਼ਾ ਦੇ ਦੋ ਨਾਮਵਰ ਵਿਦਵਾਨਾਂ, ਡਾ. ਸਾਧੂ ਸਿੰਘ ਅਤੇ ਡਾ. ਰਘਬੀਰ ਸਿੰਘ ਸਿਰਜਣਾ ਸੰਗ ਮਨਾਈ ਗਈ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਆਏ ਸਰੋਤਿਆਂ ਦਾ ਸੁਆਗਤ ਕਰਦਿਆਂ ਅੱਜ ਦੀ ਸ਼ਾਹਿਤਕ ਸ਼ਾਮ ਨੂੰ ਵਿਲੱਖਣ ਢੰਗ ਨਾਲ ਮਨਾਉਣ ਬਾਰੇ ਗੱਲ ਕੀਤੀ ਅਤੇ ਦੋਹਾਂ ਵਿਦਵਾਨਾਂ ਦਾ ਲਾਇਬ੍ਰੇਰੀ ਦੇ ਪ੍ਰਬੰਧਕਾਂ ਵੱਲੋਂ ਭੇਜਿਆ ਸੱਦਾ ਪਰਵਾਣ ਕਰਨ ਲਈ ਧੰਨਵਾਦ ਕੀਤਾ। ਉਸ ਤੋਂ ਮਗਰੋਂ ਜਰਨੈਲ ਸਿੰਘ ਸੇਖਾ ਨੇ ਬਿਨਾਂ ਕਿਸੇ ਭੂਮਿਕਾ ਬੰਨ੍ਹਣ ਦੇ ਡਾ. ਸਾਧੂ ਸਿੰਘ ਅਤੇ ਡਾ. ਰਘਬੀਰ ਸਿੰਘ ਸਿਰਜਣਾ ਨੂੰ ਸਟੇਜ 'ਤੇ ਸ਼ਸੋਭਤ ਹੋਣ ਦੀ ਬੇਨਤੀ ਕੀਤੀ।
  ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਡਾ. ਸਾਧੂ ਸਿੰਘ ਨੇ ਡਾ. ਰਘਬੀਰ ਸਿੰਘ ਦੀ ਮਾਨਵਵਾਦੀ ਸੋਚ ਅਤੇ ਉਹਨਾਂ ਦੇ ਸ੍ਰਿੜ ਤੇ ਹੌਸਲੇ ਦੀ ਗੱਲ ਕਰਦਿਆਂ ਦੱਸਿਆ ਕਿ ਪ੍ਰੀਤਲੜੀ ਤੋਂ ਬਾਅਦ ਸਿਰਜਣਾ ਹੀ ਇਕੋ ਇਕ ਸਾਹਿਤਕ ਮੈਗਜ਼ੀਨ ਹੈ ਜਿਹੜਾ ਸੰਨ ੧੯੬੫ ਤੋਂ, ਬਿਨਾਂ ਕੋਈ ਬਾਹਰੀ ਵਸੀਲੇ ਜੁਟਾਏ, ਲਗਾਤਾਰ ਪਾਠਕਾਂ ਦੇ ਹੱਥਾਂ ਵਿਚ ਪੁਜਦਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਡਾ. ਰਘਬੀਰ ਸਿੰਘ ਨੂੰੱ ਕਿਹਾ ਕਿ ਉਹ ਇਸ ਮੈਗਜ਼ੀਨ ਨੂੰ ਚਲਦਾ ਰੱਖਣ ਲਈ ਘਾਲੀਆਂ ਘਾਲਣਾਵਾਂ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ।
 
ਡਾ. ਰਘਬੀਰ ਸਿੰਘ ਨੇ ਆਪਣੀ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਏ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਸੱਠਵਿਆਂ ਤਕ ਪ੍ਰਗਤੀਵਾਦੀ ਸਾਹਿਤ ਦਾ ਹੀ ਬੋਲ ਬਾਲਾ ਸੀ ਪਰ ਉਸ ਤੋਂ ਮਗਰੋਂ ਪ੍ਰਯੋਗਵਾਦੀ ਜਾਂ ਪ੍ਰਯੋਗਸ਼ੀਲ ਸਾਹਿਤ ਦਾ ਬੜਾ ਪ੍ਰਚਾਰ ਹੋਣ ਲੱਗਾ। ਇਸ ਪ੍ਰਯੋਗਸ਼ੀਲ ਵਿਚਾਰਧਾਰਾ ਦੇ ਵਿਰੋਧ ਵਿਚ ਹੀ ਕੁਝ ਮਿੱਤਰ ਪਿਆਰਿਆਂ ਨੇ ੨੦, ੨੦ ਰੁਪਏ ਇਕੱਠੇ ਕਰ ਕੇ ਪਰਚਾ ਚਾਲੂ ਕਰਨ ਦੀ ਵਿਉਂਤ ਬਣਾਈ ਸੀ। ਜਦੋਂ ੩੦੦/- ਰੁਪਏ ਇਕੱਠੇ ਹੋ ਗਏ ਤਾਂ ਤ੍ਰੈਮਾਸਕ ਸਿਰਜਣਾ ਦਾ ਪਹਿਲਾ ਅੰਕ ੧੯੬੫ ਵਿਚ ਕੱਢਿਆ ਗਿਆ। ਤਿੰਨ ਅੰਕ ਕੱਢਣ ਮਗਰੋਂ ਸਾਰੀ ਜ਼ਿੰਮੇਵਾਰੀ ਡਾ. ਰਘਬੀਰ ਸਿੰਘ ਉਪਰ ਆ ਗਈ। ਕਿਸੇ ਕਿਸਮ ਦਾ ਮੈਗਜ਼ੀਨ ਕੱਢਣ ਲਈ ਕੋਈ ਵਿਚਾਰਧਾਰਕ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਸਿਰਜਣਾ ਇਕ ਵਿਚਾਰਧਾਰਾ ਨੂੰ ਮੁਖ ਰੱਖਕੇ ਕੱਢਿਆ ਗਿਆ ਸੀ ਇਸ ਲਈ ਦੋ ਰੁਪਏ ਤੋਂ ਪੰਜ ਰੁਪਏ ਪ੍ਰਤੀ ਸੈਂਕੜਾ ਤਕ ਵਿਆਜੂ ਪੈਸੇ ਲੈ ਕੇ ਪਰਚੇ ਨੂੰ ਚਾਲੂ ਰੱਖਿਆ ਗਿਆ। ਪਹਿਲਾਂ ਸੌ ਅੰਕ ਕੱਢਣ ਦਾ ਟੀਚਾ ਰੱਖਿਆ ਸੀ। ਸੌਵੇਂ ਅੰਕ 'ਤੇ ਜਸ਼ਨ ਵੀ ਮਨਾਏ ਗਏ ਸਨ। ਹੁਣ ਤਾਂ ਸਿਰਜਣਾ ਨੇ ਪੌਣੇ ਦੋ ਸੌ ਅੰਕਾਂ ਤਕ ਦਾ ਸਫਰ ਤਹਿ ਕਰ ਲਿਆ ਹੈ।
 ਡਾ. ਸਿਰਜਣਾ ਨੇ ਅੱਗੇ ਕਿਹਾ ਕਿ ਵਿਚਾਰਧਾਰਕ ਪੱਖੋਂ ਆਪਣੇ ਅਸੂਲਾਂ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਦਿੱਤਾ। ਪਰ ਵਿਰੋਧੀ ਵਿਚਾਰਾਂ ਦੀ ਵੀ ਕਦਰ ਕੀਤੀ ਅਤੇ ਉਹਨਾਂ ਨੂੰ ਸਿਰਜਣਾ ਵਿਚ ਥਾਂ ਦਿੱਤੀ। ਕਿਸੇ ਇਕ ਵਿਸ਼ੇ ਨੂੰ ਲੈ ਕੇ ਬਹਿਸਾਂ ਹੁੰਦੀਆਂ ਸਨ ਤੇ ਵਿਚਾਰ ਚਰਚਾ ਚਲਦੀ ਰਹਿੰਦੀ ਸੀ। ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਕੁਲਵੰਤ ਸਿੰਘ ਵਿਰਕ ਆਦਿ ਦੀਆਂ ਬਹਿਸਾਂ ਛਪਦੀਆਂ ਰਹੀਆਂ। ਮੈਟਰ ਪੱਖੋਂ ਕਦੀ ਸਮਝੌਤਾ ਨਹੀਂ ਕੀਤਾ। ਨਵੇਂ ਲੇਖਕਾਂ ਦੀ ਚੰਗੀ ਲਿਖਤ ਨੂੰ ਸਦਾ ਪਹਿਲ ਦੇ ਅਧਾਰ 'ਤੇ ਥਾਂ ਦਿੱਤੀ। ਅੱਜ ਦੇ ਬਹੁਤੇ ਸ਼ਥਾਪਤ ਲੇਖਕਾਂ ਦੀ ਪ੍ਿਰਤਭਾ ਨੂੰ ਭਾਂਪਦਿਆਂ ਪਹਿਲਾਂ ਸਿਰਜਣਾ ਵਿਚ ਛਾਪਿਆ। ਹੁਣ ਵੀ ਬਿਨਾਂ ਕਿਸੇ ਭਿੰਨ ਭੇਦ ਦੇ ਚੰਗੀ ਲਿਖਤ ਨੂੰ ਪਹਿਲ ਦਿੱਤੀ ਜਾਂਦੀ ਹੈ। 
  ਸਮਾਂ ਬੀਤਣ ਨਾਲ ਉਤਸਾਹ ਵੀ ਘਟਦਾ ਰਹਿੰਦਾ ਹੈ ਤੇ ਸੋਚ ਵਿਚ ਵੀ ਤਬਦੀਲੀ ਆਉਂਦੀ ਹੈ। ਪ੍ਰਗਤੀਸ਼ੀਲਤਾ ਤੇ ਪ੍ਰਯੋਗਸ਼ੀਲਤਾ ਪ੍ਰਤੀ ਵਿਰੋਧ ਹੌਲ਼ੀ ਹੌਲ਼ੀ ਘਟਦਾ ਗਿਆ। ਸਾਹਿਤ ਤੇ ਸਭਿਆਚਾਰ ਵਿਚ ਤਬਦੀਲੀ ਆਉਂਦੀ ਹੈ ਤੇ ਆਉਂਦੀ ਵੀ ਰਹਿਣੀ ਚਾਹੀਦੀ ਹੈ। ਹਰ ਸਮੇਂ ਬੜਾ ਕੁਝ ਵਾਪਰਦਾ ਰਹਿੰਦਾ ਹੈ, ਵਾਪਰ ਵੀ ਰਿਹਾ ਹੈ। ਇਸ ਬਾਰੇ ਗੱਲ ਚਲਦੀ ਰਹਿਣੀ ਚਾਹੀਦੀ ਹੈ ਅਤੇ ਇਹ ਜੋ ਕੁਝ ਵਾਪਰ ਰਿਹਾ ਹ,ੈ ਲਿਖਤਾਂ ਦਾ ਹਿੱਸਾ ਵੀ ਬਣਨਾ ਚਾਹੀਦਾ ਹੈ।
  ਡਾ. ਸਾਧੂ ਸਿੰਘ ਨੇ ਵਿਰਸੇ, ਵਿਰeਸਤ ਤੇ ਸਭਿਆਚਾਰ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਆਪਣੇ ਰਿਸੇ, ਵਿਰਾਸਤ ਅਤੇ ਸਭਿਆਚਾਰ ਬਾਰੇ ਭਰਮ ਵਿਚ ਹਨ। ਇਸ ਪੱਖੋਂ ਪ੍ਰਗਤੀਵਾਦੀ ਵੀ ਭੁਲੇਖੇ ਵਿਚ ਹਨ। ਉਹ ਅਚੇਤ ਰੂਪ ਵਿਚ ਸਰਮਾਏਦਾਰੀ ਦਾ ਖੰਡਣ ਕਰਦੇ ਹੋਏ ਜਾਗੀਰਦਾਰੀ ਕਦਰਾਂ ਕੀਮਤਾਂ ਦਾ ਸਮਰਥਨ ਕਰ ਜਾਂਦੇ ਹਨ। ਵਿਕਾਸ ਸਮੇਂ ਸਮੇਂ ਦੀ ਧੁਰੀ ਹੈ। ਵਿਕਾਸ ਦੇ ਨਾਲ ਸਮਾਜ ਵਿਚ ਤਬਦੀਲੀ ਆਉਣੀ ਹੀ ਹੁੰਦੀ ਹੈ। ਵਿਕਾਸ ਨਾਲ ਵਿਰਾਸਤ ਤੇ ਸਭਿਆਚਾਰ ਵਿਚ ਤਬਦੀਲੀ ਵੀ ਆਉਣੀ ਹੈ। ਤਬਦੀਲੀ ਆਉਣੀ ਚੰਗੀ ਗੱਲ ਹੈ। ਜ਼ੁਬਾਨ ਨੂੰ ਧਰਮ ਨਾਲ ਜੋੜਨਾ ਬੇਵਕੂਫੀ ਹੈ। ਕਿਸੇ ਇਕ ਖਿੱਤੇ ਦੀ ਇਕ ਜ਼ੁਬਾਨ ਹੁੰਦੀ ਹੈ ਜਿਸ ਵਿਚ ਕਈ ਧਰਮਾਂ ਦੇ ਲੋਕ ਵਸਦੇ ਹੁੰਦੇ ਹਨ। ਮਧ ਕਾਲ ਤੋਂ ਹੀ ਪੰਜਾਬੀ ਸਾਹਿਤ ਨੂੰ ਸੂਫੀਆਂ ਤੇ ਕਿੱਸਾਕਾਰਾਂ ਨੇ ਜਿਉਂਦਾ ਰੱਖਿਆ ਹੈ। ਸਾਹਿਤ ਦਾ ਮਾਨਵਵਾਦੀ ਰੂਪ ਹੋਣਾ ਜ਼ਰੂਰੀ ਹੈ। ਅੱਜ ਕੱਲ੍ਹ ਲੋਕਾਂ ਨੂੰ ਸਿਧਾਂਤ ਨਾਲੋਂ ਧੜਾ ਪਿਆਰਾ ਹੋ ਗਿਆ। ਮਾਨਸਿਕ ਤੌਰ 'ਤੇ ਮਨੁੱਖ ਸਵਾਰਥੀ ਹੋ ਗਿਆ ਹੈ। ਪ੍ਰਗਤੀਵਾਦੀ ਸੰਸਥਾਵਾਂ ਵਿਚ ਟੁੱਟ ਭੱਜ ਪੈਦਾ ਹੋਣ ਨਾਲ ਇੰਤਸ਼ਾਰ ਪੈਦਾ ਹੋਇਆ ਹੈ। ਜਿਨ੍ਹਾਂ ਨੇ ਧੁਰਾ ਬਣ ਕੇ ਲੋਕਾਈ ਨੂੰ ਆਪਣੇ ਨਾਲ ਲਾਉਣਾ ਸੀ ਜੇ ਉਹਨਾਂ ਵਿਚ ਹੀ ਇੰਤਸ਼ਾਰ ਪੈਦਾ ਹੋ ਜਾਵੇ  ਤਾਂ ਹੋਰ ਕਿਸੇ ਤੋਂ ਕੀ ਆਸ ਰੱਖ ਸਕਦੀ ਹੈ। ਮਨੁਖੀ ਮਸਲਿਆਂ ਦਾ ਵਿਸ਼ਲੇਸ਼ਣ ਕਰ ਕੇ ਮਸਲਿਆਂ ਦਾ ਹੱਲ ਲੱਭਿਆ ਜਾ ਸਕਦਾ ਹੈ। 
  ਸਵਾਲ ਜਵਾਬ ਕਰ ਕੇ ਵਿਚਾਰ ਚਰਚਾ ਨੂੰ ਭਖਾਈ ਰੱਖਣ ਵਾਲੇ ਵਿਦਵਾਨ ਸਰੋਤੇ ਸਨ, ਹਰਜੀਤ ਦੌਧਰਆ, ਡਾ. ਗੁਰਬਾਜ ਸਿੰਘ ਬਰਾੜ, ਪ੍ਰੋ. ਹਰਿੰਦਰਜੀਤ ਸਿੰਘ ਸੰਧੂ, ਪ੍ਰੋ. ਜਗਦੀਪ ਸਿੰਘ ਬਰਾੜ, ਸਾਧੂ ਬਿਨਿੰਗ, ਅਮਰੀਕ ਪਲਾਹੀ, ਕੁਲਦੀਪ ਸਿੰਘ ਬਾਸੀ, ਇੰਦਰਜੀਤ ਸਿੰਘ ਧਾਮੀ, ਰਾਜਵੰਤ ਸਿੰਘ ਬਾਗੜੀ, ਮਲਕ ਹੁਕਮ ਚੰਦ ਮਲਹੋਤਰਾ, ਕ੍ਰਿਸ਼ਨ ਭਨੋਟ, ਗਿਆਨੀ ਕੁਲਵੰਤ ਸਿੰਘ ਸਰਾ, ਰਣਧੀਰ ਸਿੰਘ ਢਿੱਲੋਂ ਤੇ ਕਈ ਹੋਰ।
   ਸਵਾਲਾਂ ਜਵਾਬਾਂ ਦੇ ਖਾਤਮੇ 'ਤੇ ਸੰਚਾਲਕ, ਮੋਹਨ ਗਿੱਲ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਲਈ ਆਏ ਸਮੂਹ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਸੂਚਨਾ ਦਿੱਤੀ ਕਿ ਅਗਲੇ ਮਹੀਨੇ ਇਸੇ ਲਾਇਬ੍ਰੇਰੀ ਵਿਚ ਹੋਣ ਵਾਲੀ ਸਾਹਿਤਕ ਇਕੱਤ੍ਰਤਾ, ੨੦ ਦਸੰਬਰ ਨੂੰ ੨ ਵਜੇ ਤੋਂ ੪ ਵਜੇ ਤਕ ਕਵੀ ਦਰਬਾਰ ਦੇ ਰੂਪ ਵਿਚ ਹੋਵੇਗੀ, ਜਿਸ ਵਿਚ ਕੋਈ ਵੀ ਸ਼ਾਇਰ ਆਪਣਾ ਕਲਾਮ ਪੇਸ਼ ਕਰ ਸਕਦਾ ਹੈ। ਉਸ ਪ੍ਰੋਗਰਾਮ ਦੀ ਟੈਲੀਕਾਸਟ ਹੋਣ ਵਾਸਤੇ ਵੀਡੀਉਗਰਾਫੀ ਵੀ ਕੀਤੀ ਜਾਵੇਗੀ। ਸਭ ਨੂੰ ਉਸ ਕਵੀ ਦਰਬਾਰ ਵਿਚ ਆਉਣ ਦਾ ਖੁੱਲ੍ਹਾ ਸੱਦਾ ਹੈ।
  ਅੰਤ ਵਿਚ ਦੋਹਾਂ ਵਿਦਵਾਨ ਬੁਲਾਰਿਆਂ ਨੂੰ ਲਾਇਬ੍ਰੇਰੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।